ਕੇ.ਐਲ. ਗਰਗ
ਕਹਾਣੀ ਸੰਗ੍ਰਹਿ ‘ਰੂਹ ਦੀ ਕੋਈ ਜੂਹ ਨਹੀਂ ਹੁੰਦੀ’ (ਸੰਪਾਦਕ: ਅੰਜਨਾ ਸ਼ਿਵਦੀਪ/ਅਨੇਮਨ ਸਿੰਘ; ਕੀਮਤ: 450 ਰੁਪਏ; ਸੀਗਲ ਕ੍ਰੀਏਟਿਵ ਬੁਕਸ, ਪਟਿਆਲਾ) ਵਿਚ ਸ਼ਾਮਲ ਕੁੱਲ 26 ਕਹਾਣੀਆਂ ਸਮਲਿੰਗੀ ਰਿਸ਼ਤਿਆਂ ਬਾਰੇ ਹਨ। ਮਰਦ ਦਾ ਮਰਦ ਨਾਲ ਤੇ ਔਰਤ ਦਾ ਔਰਤ ਨਾਲ ਲੈਂਗਿਕ ਰਿਸ਼ਤਾ ਜਦੋਂ ਪਨਪਦਾ ਹੈ ਤਾਂ ਸਾਡੇ ਸਮਾਜ ਵਿਚ, ਸਾਡੇ ਆਲੇ-ਦੁਆਲੇ ਹਿੱਲ-ਜੁਲ ਹੋਣ ਲੱਗਦੀ ਹੈ। ਮਨੋਵਿਗਿਆਨੀਆਂ ਜਾਂ ਸਰੀਰਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰ ਔਰਤ ਤੇ ਮਰਦ ਵਿਚ ਦੋਵੇਂ ਲਿੰਗ ਹੀ ਹੁੰਦੇ ਹਨ। ਜਦੋਂ ਇਹ ਲਿੰਗ ਸੰਤੁਲਨ ਵਿਚ ਹੋਣ ਤਾਂ ਮਰਦ, ਮਰਦ ਰਹਿੰਦਾ ਹੈ ਤੇ ਔਰਤ, ਔਰਤ ਰਹਿੰਦੀ ਹੈ। ਪਰ ਜਦੋਂ ਕਿਸੇ ਵੀ ਤੱਤ ਦਾ ਕੋਈ ਅੰਸ਼ ਵੱਧ-ਘੱਟ ਹੋ ਜਾਵੇ ਤਾਂ ਮਰਦ ਜਨਾਨੜਾ ਬਣ ਜਾਂਦਾ ਹੈ ਤੇ ਔਰਤ ਬੰਦਿਆਂ ਵਰਗੀ। ਸਾਡੇ ਧਾਰਮਿਕ ਅਦਾਰੇ ਇਨ੍ਹਾਂ ਰਿਸ਼ਤਿਆਂ ਨੂੰ ਮਾਨਤਾ ਨਹੀਂ ਦਿੰਦੇ।
ਮੀਡੀਆ, ਅਖ਼ਬਾਰਾਂ, ਸੰਸਥਾਵਾਂ ਇਸ ’ਤੇ ਲਗਾਤਾਰ ਬਹਿਸ ਕਰ ਰਹੀਆਂ ਹਨ। ਸਮਲਿੰਗੀ ਆਪਣੀ ਆਵਾਜ਼ ਚੁੱਕ ਰਹੇ ਹਨ ਤੇ ਸੈਕਸ ਦੀ ਆਜ਼ਾਦੀ ਤੇ ਚੋਣ ਦੀ ਮੰਗ ਦਿਨੋਂ-ਦਿਨ ਵਧ ਰਹੀ ਹੈ। ਇਸ ਕਿਤਾਬ ਦੇ ਦੋਵੇਂ ਸੰਪਾਦਕ ਵੀ ਇਨ੍ਹਾਂ ਰਿਸ਼ਤਿਆਂ ਨੂੰ ਕਲੰਕ ਨਹੀਂ ਸਮਝਦੇ, ਇਸ ਨੂੰ ਸਰੀਰ ਤੋਂ ਉਪਰਲੀ ਕਿਸੇ ਰੂਹ ਦੀ ਚੀਜ਼ ਸਵੀਕਾਰ ਕਰਦੇ ਹਨ। ਇਹ ਸਾਰੀਆਂ ਕਹਾਣੀਆਂ ਇਨ੍ਹਾਂ ਰਿਸ਼ਤਿਆਂ ਨੂੰ ਜਾਇਜ਼ ਜਾਂ ਨਾਜਾਇਜ਼ ਨਹੀਂ ਮੰਨਦੀਆਂ। ਉਨ੍ਹਾਂ ਦਾ ਸਰੋਕਾਰ ਤਾਂ ਉਹ ਦਰਸਾਉਂਦਾ ਹੈ ਜੋ ਸਮਾਜ ਵਿਚ ਵਾਪਰ ਰਿਹਾ ਹੈ। ਸਮਾਜ ਦਾ ਵਰਤਮਾਨ ਉਲੀਕਣਾ ਹੀ ਇਨ੍ਹਾਂ ਕਹਾਣੀਆਂ ਦਾ ਮੰਤਵ ਹੈ।
ਨਿਕੀਤਾ ਆਜ਼ਾਦ ਨੇ ਤਾਂ ਆਪਣੇ ਥੀਸਿਸ ਵਿਚ ਇਸ ਨੂੰ ਕੁਦਰਤੀ ਵਰਤਾਰਾ ਕਿਹਾ ਹੈ ਤੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਸ੍ਰਿਸ਼ਟੀ ਦੇ ਕੁਝ ਪਸ਼ੂ ਤੇ ਜਾਨਵਰ ਵੀ ਸਮਲਿੰਗੀ ਵਰਤਾਰੇ ’ਚ ਰੁੱਝੇ ਦਿਖਾਈ ਦਿੰਦੇ ਹਨ। ਪੈਂਗੁਇਨ ਦੀ ਮਿਸਾਲ ਇਸ ਦੀ ਜਿਉਂਦੀ ਜਾਗਦੀ ਉਦਾਹਰਣ ਹੈ।
ਇਨ੍ਹਾਂ ਕਹਾਣੀਆਂ ਵਿਚ ਵੱਖਰੀ-ਵੱਖਰੀ ਭਾਹ ਵਾਲੀਆਂ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਕੁਝ ਕਹਾਣੀਆਂ ਵਿਚ ਇਨ੍ਹਾਂ ਰਿਸ਼ਤਿਆਂ ਪ੍ਰਤੀ ਤ੍ਰਿਸਕਾਰ ਤੇ ਘ੍ਰਿਣਾ ਦਾ ਦਿਖਾਲਾ ਕੀਤਾ ਨਜ਼ਰ ਆਉਂਦਾ ਹੈ। ਪੁਰਾਣੇ ਸਮਾਜ ਦੇ ਲੋਕ ਇਨ੍ਹਾਂ ਰਿਸ਼ਤਿਆਂ ਨੂੰ ਪੁੱਠੇ ਕੰਮ ਜਾਂ ਪਾਪ ਦੀ ਗੰਢੜੀ ਤੱਕ ਕਹਿਣੋਂ ਵੀ ਗੁਰੇਜ਼ ਨਹੀਂ ਕਰਦੇ।
ਅੰਜਨਾ ਸ਼ਿਵਦੀਪ ਦੀ ਕਹਾਣੀ ‘ਪੁੱਠ ਪੈਰੀਆਂ’ ਦੀ ਦਾਦੀ ਦੀ ਇਨ੍ਹਾਂ ਰਿਸ਼ਤਿਆਂ ਪ੍ਰਤੀ ਖਿਝ ਜੱਗ ਜ਼ਾਹਰ ਹੈ। ਸਵਾਮੀ ਸਰਵਮੀਤ ਦੀ ਕਹਾਣੀ ‘ਜਨਾਨੜਾ’ ਦਾ ਪੁੱਤ ਪ੍ਰਸ਼ਾਂਤ ਆਪਣੇ ਪਿਉ ਦੇਵੀ ਲਾਲ ਦੇ ਗੇਅ ਹੋਣ ’ਤੇ ਖਿਝਦਾ ਦਿਖਾਈ ਦਿੰਦਾ ਹੈ। ਕੁਲਬੀਰ ਬਡੇਸਰੋਂ ਦੀ ਕਹਾਣੀ ‘ਉਸਰੱਈਏ’ ਦਾ ਮਾਸਟਰ ਜਾਗੀਰ ਸਿੰਘ ਸਾਰੇ ਪਿੰਡ ਦੀ ਘ੍ਰਿਣਾ ਦਾ ਪਾਤਰ ਹੈ। ਪੰਚਾਇਤ ਤਾਂ ਉਸ ਦਾ ਮੂੰਹ ਕਾਲਾ ਕਰ ਕੇ ਪਿੰਡ ਵਿਚ ਗੇੜਾ ਦੇਣ ਦੀ ਗੱਲ ਵੀ ਆਖਦੀ ਹੈ। ਗੁਰਪ੍ਰੀਤ ਸਹਿਜੀ ਦੀ ਕਹਾਣੀ ‘ਕਾਸ਼! ਤੂੰ ਮੇਰਾ ਪੁੱਤ ਨਾ ਹੁੰਦਾ’ ਦੇ ਪੁੱਤ ਨੂੰ ਆਪਣੇ ਬਾਪ ਮਨਹੀਰ ਦੇ ਗੇਅ ਹੋਣ ’ਤੇ ਇਤਰਾਜ਼ ਹੈ।
ਕੁਝ ਕਹਾਣੀ ਲੇਖਕ ਆਪਣੀਆਂ ਕਹਾਣੀਆਂ ਰਾਹੀਂ ਕੁਦਰਤੀ ਰਿਸ਼ਤਿਆਂ ਦੀ ਵਕਾਲਤ ਕਰਦੇ ਵੀ ਪ੍ਰਤੀਤ ਹੁੰਦੇ ਹਨ। ਸਰਘੀ ਦੀ ਕਹਾਣੀ ‘ਉਹ ਤੇ ਮੈਂ’ ਦੀਆਂ ਕਰਮ ਤੇ ਮਨਦੀਪ ਲੈਜ਼ਬੀਅਨ ਹਨ। ਇਕ-ਦੂਸਰੇ ਦਾ ਸਾਥ ਦਿੰਦੀਆਂ ਹਨ, ਪਰ ਮਨਦੀਪ ਵਿਆਹ ਕਰਵਾ ਕੇ ਵਾਪਸ ਆਪਣੀ ਅਸਲ ਜ਼ਿੰਦਗੀ ’ਚ ਵਾਪਸ ਜਾਣਾ ਲੋਚਦੀ ਹੈ। ਕਰਮ ਦੇ ਰੁਕਾਵਟ ਬਣਨ ’ਤੇ ਉਹ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੰਦੀ ਹੈ। ਮਨਦੀਪ ਦਾ ਮੰਨਣਾ ਹੈ ਕਿ ‘ਔਰਤ ਸਿਰਫ਼ ਔਰਤ ਹੀ ਹੁੰਦੀ ਹੈ।’ ਵੀਨਾ ਵਰਮਾ ਬੇਬਾਕ ਕਹਾਣੀਕਾਰਾ ਹੈ, ਉਸ ਦੀਆਂ ਕਹਾਣੀਆਂ ਵਿਚ ਔਰਤਾਂ ਵਾਲਾ ਉਚੇਚ ਨਹੀਂ ਹੁੰਦਾ। ਉਸ ਦੀ ਕਹਾਣੀ ‘ਦੋ ਦੇਵੀਆਂ’ ਵੀ ਕੁਦਰਤੀ ਜਿਨਸੀ ਰਿਸ਼ਤਿਆਂ ਦੀ ਵਕਾਲਤ ਕਰਦੀ ਪ੍ਰਤੀਤ ਹੁੰਦੀ ਹੈ। ਰਾਜਿੰਦਰ ਤੇ ਮੇਨਕਾ ਟੀਚਰ ਹਨ, ਲੈਜ਼ਬੀਅਨ ਹਨ। ਸਾਰੀ ਉਮਰ ਇਕ-ਦੂਸਰੇ ਦੇ ਸਾਥ ’ਚ ਗੁਜ਼ਾਰ ਦਿੰਦੀਆਂ ਹਨ, ਪਰ ਸੇਵਾਮੁਕਤ ਹੋ ਕੇ ਬੁਢਾਪੇ ਵਿਚ ਉਨ੍ਹਾਂ ਦੀ ਦੁਰਦਸ਼ਾ ਬਿਆਨ ਤੋਂ ਬਾਹਰ ਹੈ। ਕੋਈ ਭੈਣ-ਭਰਾ ਉਨ੍ਹਾਂ ਨੂੰ ਸੰਭਾਲਦਾ ਨਹੀਂ ਤੇ ਉਹ ਆਪਣੇ ਕੀਤੇ ’ਤੇ ਪਛਤਾਉਂਦੀਆਂ ਮਨ ਹੀ ਮਨ ਆਖਦੀਆਂ ਹਨ ਕਿ ਜੇ ਉਨ੍ਹਾਂ ਨੇ ਵਿਆਹ ਕਰਵਾ ਲਿਆ ਹੁੰਦਾ, ਬਾਲ ਬੱਚੇ ਜੰਮੇ ਹੁੰਦੇ ਤਾਂ ਉਨ੍ਹਾਂ ਨੂੰ ਬੁਢਾਪੇ ’ਚ ਇਹ ਦਿਨ ਦੇਖਣੇ ਨਾ ਪੈਂਦੇ।
ਇਸ ਸੰਗ੍ਰਹਿ ਦੀ ਸਭ ਤੋਂ ਚੰਗੀ ਤੇ ਸਹਿਜ ਕਹਾਣੀ ‘ਘਰ’ ਹੈ ਜੋ ਸੁਕੀਰਤ ਦੀ ਲਿਖੀ ਹੋਈ ਹੈ। ਸੁਰਜੀਤ ਤੇ ਮਨੋਹਰ ਗੇਅ ਹਨ। ਮਰਦ ਔਰਤ ਜਾਂ ਪਤੀ-ਪਤਨੀ ਵਾਂਗ ਵਿਚਰਦੇ ਹਨ। ਪਤੀ-ਪਤਨੀ ਵਾਂਗ ਰੋਸੇ ਕਰਦੇ ਹਨ, ਰੁੱਸਦੇ ਹਨ, ਮੰਨਦੇ ਹਨ, ਕਦੀ-ਕਦੀ ਦਹਾੜਦੇ ਵੀ ਹਨ। ਮਨੋਹਰ ਪਤਨੀ ਦਾ ਰੋਲ ਅਦਾ ਕਰਦਾ ਹੈ ਤੇ ਸੁਰਜੀਤ ਪਤੀ ਦਾ। ਪਤੀ-ਪਤਨੀ ਜਿਹੀ ਮੇਰ ਵੀ ਰੱਖਦੇ ਹਨ। ਸੁਰਜੀਤ ਦਾ ਭਰਾ ਜੋਗਿੰਦਰ ਜਦ ਇਕ ਦਿਨ ਜ਼ਿਆਦਾ ਦਾਰੂ ਪੀ ਕੇ ਇਕ ਰਾਤ ਲਈ ਮਨੋਹਰ ਨੂੰ ਮੰਗਦਾ ਹੈ ਤਾਂ ਸੁਰਜੀਤ ਖ਼ੁਦਦਾਰ ਪਤੀ ਵਾਂਗ ਆਪਣੇ ਸਕੇ ਭਰਾ ਨਾਲ ਸਾਰੇ ਰਿਸ਼ਤੇ ਤੋੜ ਲੈਂਦਾ ਹੈ। ਇੱਥੋਂ ਤੱਕ ਵੀ ਹੁੰਦਾ ਹੈ ਕਿ ਮਨੋਹਰ ਨੌਕਰੀ ਛੱਡ ਕੇ, ਸਿਰਫ਼ ਰਸੋਈ ਤੇ ਰਿਸ਼ਤਿਆਂ ਤੱਕ ਹੀ ਸੀਮਤ ਰਹਿ ਜਾਂਦਾ ਹੈ। ਸੁਰਜੀਤ ਨੌਕਰੀ ਕਰਦਾ ਹੈ ਤੇ ਮਨੋਹਰ ਘਰ ਸੰਭਾਲਦਾ ਹੈ। ਇਸ ਤਰ੍ਹਾਂ ਦੀ ਸਹਿਜਤਾ ਸਮਲਿੰਗੀ ਰਿਸ਼ਤਿਆਂ ਵਿਚ ਘੱਟ ਹੀ ਦੇਖਣ ਨੂੰ ਮਿਲਦੀ ਹੈ।
ਕੁਝ ਲੇਖਕਾਂ ਦੀਆਂ ਕਹਾਣੀਆਂ ਕੁਦਰਤੀ ਜਿਨਸੀ ਰਿਸ਼ਤਿਆਂ ਦੀ ਬਾਤ ਵੀ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਤੌਕੀਰ ਚੁਗਤਾਈ ਦੀ ਕਹਾਣੀ ‘ਓਛਾੜ’ ਦੀ ਨਾਇਕਾ ਨੂੰ ਸਲਮਾਨ ਦੇ ਕੱਪੜਿਆਂ ’ਚੋਂ ਵੀ ਮੁਹੱਬਤ ਤੇ ਪ੍ਰੇਮ ਦੀ ਖੁਸ਼ਬੂ ਆਉਂਦੀ ਦਿਖਾਈ ਦਿੰਦੀ ਹੈ। ਸਿਮਰਨ ਧਾਲੀਵਾਲ ਦੀ ਕਹਾਣੀ ‘ਰੂਪ ਤੂੰ ਨਾ ਜਾਹ’ ਵਿਚ ਪ੍ਰਭ ਅਤੇ ਰੂਪ ਭਾਵੇਂ ਲੈਜ਼ਬੀਅਨ ਹਨ, ਪਰ ਰੂਪ ਕੁਦਰਤੀ ਜਿਨਸੀ ਰਿਸ਼ਤਿਆਂ ਨੂੰ ਹੀ ਮਜ਼ਬੂਤ ਸਮਝਦੀ ਹੋਈ, ਪ੍ਰਭ ਦੇ ਵਾਰ-ਵਾਰ ਤਰਲੇ ਕਰਨ ਦੇ ਬਾਵਜੂਦ, ਵਿਆਹ ਕਰਵਾ ਕੇ ਉਸ ਦਾ ਖਹਿੜਾ ਛੱਡ ਜਾਂਦੀ ਹੈ। ਬਲਬੀਰ ਕੌਰ ਸੰਘੇੜਾ ਦੀ ਕਹਾਣੀ ‘ਤੇ ਆਖਰ ਉਹ ਜਿੱਤ ਗਿਆ’ ਦਾ ਕੁਲਦੀਪ ਸਾਰੀਆਂ ਵਹਬਿਤਾਂ ਛੱਡ ਕੇ ਆਖ਼ਰ ਪਰਿਵਾਰਕ ਜੀਵਨ ਜਿਉਣ ਲਈ ਉਤਾਵਲਾ ਨਜ਼ਰ ਆਉਂਦਾ ਹੈ।
ਕਈ ਦੇਸ਼ਾਂ ਅਤੇ ਰਾਜਾਂ ਨੇ ਇਨ੍ਹਾਂ ਰਿਸ਼ਤਿਆਂ ਨੂੰ ਭਾਵੇਂ ਮਾਨਤਾ ਦੇ ਦਿੱਤੀ ਹੈ। ਸਾਡੀ ਸੁਪਰੀਮ ਕੋਰਟ ਨੇ ਵੀ ਭਾਵੇਂ ਇਨ੍ਹਾਂ ਰਿਸ਼ਤਿਆਂ ਨੂੰ ਮੰਨ ਲਿਆ ਹੈ। ਪਰ ਫਿਰ ਵੀ ਇਹ ਸਵਾਲ ਵਾਰ-ਵਾਰ ਉੱਠਦਾ ਹੈ ਕਿ ਇਨ੍ਹਾਂ ਰਿਸ਼ਤਿਆਂ ਦੀ ਲੋੜ ਕੀ ਹੈ ਜਦੋਂਕਿ ਕੁਦਰਤੀ ਵਰਤਾਰਾ ਮਰਦ/ਔਰਤ ਦੇ ਰਾਹ ’ਚ ਕੋਈ ਰੁਕਾਵਟ ਨਹੀਂ ਬਣਦਾ।
ਇਨ੍ਹਾਂ ਕਹਾਣੀਆਂ ਵਿਚ ਇਕ ਵਿਸ਼ੇਸ਼ ਗੱਲ ਇਹ ਭਾਸਦੀ ਹੈ ਕਿ ਸਮਲਿੰਗੀ ਜਿਹੇ ਨਾਜ਼ੁਕ ਵਿਸ਼ੇ ’ਤੇ ਲਿਖੀਆਂ ਇਹ ਕਹਾਣੀਆਂ ਕਿਤੇ ਵੀ ਅਸ਼ਲੀਲ ਨਹੀਂ ਹੋਈਆਂ। ਪਾਠਕ ਦਾ ਮਨ ਇਨ੍ਹਾਂ ਨੂੰ ਪੜ੍ਹਦਿਆਂ ਬੇਜ਼ਾਰ ਨਹੀਂ ਹੁੰਦਾ। ਇਹ ਕਹਾਣੀਆਂ ਸਮਾਜ ਦੇ ਯਥਾਰਥ ਦਾ ਕੱਖ ਦਾ ਕੱਖ ਤੇ ਸੱਚ ਦਾ ਸੱਚ ਪੇਸ਼ ਕਰਦੀਆਂ ਹਨ।