ਡਾ. ਸੁਰਿੰਦਰ ਪਾਲ ਸਿੰਘ ਕੈਂਥ*
ਯੂਨਾਨੀ ਸ਼ਬਦ π(ਉਚਾਰਣ ‘ਪਾਈ’) ਦੇ ਗਣਿਤ ਵਿਗਿਆਨ ਵਿਚ ਅਰਥ ਕਿਸੇ ਚੱਕਰ ਦੇ ਘੇਰੇ ਅਤੇ ਵਿਆਸ ਦਾ ਅਨੁਪਾਤ ਹਨ ਤੇ ਇਹ ਸੰਖਿਆ, 3.1415… ਅਜਿਹੀ ਹੈ ਜਿਸ ਦੇ ਦਸ਼ਮਲਵ ਦੇ ਅੰਕ ਨਾ ਮੁੱਕਦੇ ਹਨ ਤੇ ਨਾ ਹੀ ਦੁਹਰਾਉਂਦੇ ਹਨ। ਭਾਵੇਂ ਅਸੀਂ ਇਸ ਨੂੰ 22/7 ਸਮਝ ਲੈਂਦੇ ਹਾਂ, ਪਰ ਇਹ ਨਾ ਸਿਰਫ਼ 22/7 ਸਗੋਂ ਕਿਸੇ ਵੀ ਭਿੰਨ ਦੇ ਵੀ ਬਰਾਬਰ ਨਹੀਂ ਹੈ। π ਦੀ ਸੰਖਿਆ ਏਨੀ ਮਹੱਤਵਪੂਰਨ ਕਿਉਂ ਹੈ? ਦੁਨੀਆ ਵਿਚ ਪਹੀਆ ਮਨੁੱਖ ਦੀਆਂ ਸਭ ਤੋਂ ਵੱਡੀਆਂ ਖੋਜਾਂ ਵਿਚੋਂ ਮੂਹਰਲੀ ਖੋਜ ਮੰਨੀ ਜਾਂਦੀ ਹੈ। ਪਹੀਆ ਜੋ ਇਕ ਚੱਕਰਦਾਰ ਵਸਤੂ ਹੈ, ਦੇ ਆਧਾਰ ’ਤੇ ਅਨੰਤ ਮਸ਼ੀਨਾਂ ਵਿਕਸਤ ਹੋਈਆਂ। ਕਿਸੇ ਚੱਕਰ ਦਾ ਘੇਰਾ ਲੱਭਣ ਅਤੇ ਉਸ ਦੇ ਆਧਾਰ ’ਤੇ ਮਸ਼ੀਨਾਂ ਬਣਾਉਣ ਲਈ ਦੀ ਕੀਮਤ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਪੁਰਾਤਨ ਸਭਿਅਤਾਵਾਂ ਦੇ ਲੋਕ ਇਹ ਸਮਝਦੇ ਸਨ ਕਿ ਬ੍ਰਹਿਮੰਡ ਦੀ ਰਚਨਾ ਗੋਲਾਕਾਰ ਜਾਂ ਵਰਗਾਕਾਰ ਜਾਂ ਆਇਤਕਾਰ ਅਤੇ ਅਜਿਹੀਆਂ ਹੋਰ ਵਸਤੂਆਂ ਦੇ ਰੂਪ ਵਿਚ ਹੋਈ। ਉਦਾਹਰਣ ਦੇ ਤੌਰ ’ਤੇ ਪੁਰਾਤਨ ਸਮਿਆਂ ਵਿਚ ਭਾਵੇਂ ਕੋਈ ਤਾਰਾ-ਵਿਗਿਆਨੀ ਚਾਹੇ ਸੂਰਜ ਨੂੰ ਧਰਤੀ ਦੁਆਲੇ ਘੁੰਮਦੀ (ਜਿਵੇਂ ਕਿ ਪਹਿਲਾਂ ਸਮਝਿਆ ਜਾਂਦਾ ਸੀ) ਹੋਈ ਮੰਨਦਾ ਸੀ ਜਾਂ ਧਰਤੀ ਨੂੰ ਸੂਰਜ ਦੁਆਲੇ, ਉਹ ਇਸ ਘੁੰਮਣ ਨੂੰ ਸੰਪੂਰਨ ਚੱਕਰ (Circle) ਦੇ ਰੂਪ ਵਿਚ ਸਮਝਦਾ ਸੀ। ਇਸੇ ਆਧਾਰ ’ਤੇ ਰੁੱਤਾਂ ਬਦਲਣ, ਗ੍ਰਹਿਣ ਲੱਗਣ, ਸਮੇਂ ਨੂੰ ਮਿਣਨ ਆਦਿ ਦੇ ਕਾਰਜ ਆਰੰਭੇ ਗਏ। ਜਿੱਥੇ ਵੀ ਕੋਈ ਗੋਲਾਕਾਰ ਚੀਜ਼ ਹੈ ਉੱਥੇ ‘ਪਾਈ’ (π) ਮੌਜੂਦ ਹੈ। ਇਸੇ ਲਈ ਗਣਿਤਕਾਰਾਂ, ਭੌਤਿਕ ਵਿਗਿਆਨੀਆਂ ਅਤੇ ਹੋਰ ਖੇਤਰਾਂ ਦੇ ਵਿਗਿਆਨੀਆਂ ਦੀ ’ਚ ਦਿਲਚਸਪੀ ਕਦੇ ਘੱਟ ਨਹੀਂ ਹੋਈ ਅਤੇ ਇਸ ਦੇ ਜ਼ਿਆਦਾ ਜਾਣਨ ਨਾਲ ਦੀਆਂ ਵੱਖ ਵੱਖ ਮਿਣਤੀਆਂ ਪ੍ਰਾਪਤ ਹੁੰਦੀਆਂ ਰਹੀਆਂ ਹਨ। ਮਸ਼ੀਨਾਂ ਬਣਾਉਣ, ਇਮਾਰਤਸਾਜ਼ੀ ਤੋਂ ਮੌਸਮ ਸਬੰਧੀ ਅੰਦਾਜ਼ੇ ਲਾਉਣ ਤੋਂ ਲੈ ਕੇ ਪ੍ਰਮਾਣੂ ਦੀ ਬਣਤਰ ਜਾਣਨ ਤਕ ਹਰ ਥਾਂ ’ਤੇ ਮੌਜੂਦ ਹੈ। ਦਾ ਸਰੂਪ ਰਹੱਸਮਈ ਹੈ ਤੇ ਇਸ ਨੂੰ ਸਮਝਣ ਵਿਚ ਮਨੁੱਖ ਨੂੰ ਬਹੁਤ ਸਮਾਂ ਲੱਗਿਆ ਹੈ।
ਕਈ ਚਿਹਰੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਜਾਣਦੇ ਹੁੰਦੇ ਹਾਂ, ਪਰ ਪਛਾਣਦੇ ਨਹੀਂ। ਫੰਨੇ ਖਾਂ ਵੀ ਇਸੇ ਭੁਲੇਖੇ ਵਿੱਚ ਸੀ ਕਿ ਉਹ ਪਾਈ (π) ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਸ ਕਰਕੇ ਉਹ ਅਕਸਰ ਪਾਈ (π) ਕੋਲੋਂ ਚੁੱਪ-ਚੁਪੀਤੇ ਲੰਘ ਜਾਂਦਾ। ਇਕੇਰਾਂ ਅੰਤਰਰਾਸ਼ਟਰੀ ਪਾਈ (π) ਦਿਵਸ ਮੌਕੇ, ਜੋ ਪਾਈ (π) ਦੇ ਅਨੁਮਾਨ 3.14 ਕਰਕੇ ਹਰ ਸਾਲ 14 ਮਾਰਚ ਨੂੰ ਮਨਾਇਆ ਜਾਂਦਾ ਹੈ, ਉਹ ਸਮਾਂ ਕੱਢ ਕੇ ਪਾਈ (π) ਕੋਲ ਬਹਿ ਹੀ ਗਿਆ। ਪੇਸ਼ ਨੇ ਉਨ੍ਹਾਂ ਦੀ ਗੱਲਬਾਤ ਦੇ ਕੁਝ ਅੰਸ਼:
ਫੰਨੇ ਖਾਂ ਗੱਲ ਸ਼ੁਰੂ ਕਰਨ ਲਈ ਬਹਾਨਾ ਘੜਦਾ ਹੈ, ‘‘ਲੱਗਦੈ ਆਪਾਂ ਕਿਤੇ ਮਿਲੇ ਹੋਏ ਹਾਂ… ਕਿਸੇ ਮਹਿਫ਼ਿਲ ਵਿੱਚ?’’
ਪਾਈ (π), ‘‘ਹੋ ਸਕਦੈ। ਮੇਰੇ ਬਿਨਾ ਗਣਿਤ, ਵਿਗਿਆਨ ਜਾਂ ਇੰਜੀਨੀਅਰਿੰਗ ਦੀ ਕੋਈ ਮਹਿਫ਼ਿਲ (conference) ਨਹੀਂ ਸਜਦੀ। ਬਹੁਤੇ ਛੋਟੇ-ਵੱਡੇ, ਨਵੇਂ ਪੁਰਾਣੇ ਸਿਧਾਂਤ, ਸਮੀਕਰਨਾਂ ਮੇਰੇ ਬਾਝੋਂ ਕਾਸੇ ਜੋਗੇ ਨਹੀਂ, ਭੋਰਾ ਨਹੀਂ ਸਾਰ ਸਕਦੇ।’’
ਫੰਨੇ ਖਾਂ ਨੇ ਪੁੱਛਿਆ, ‘‘ਤੁਸੀਂ 22/7 ਹੋ ਨਾ?’’
ਪਾਈ (π) ਮੱਥੇ ’ਤੇ ਤਿਉੜੀਆਂ ਪਾ ਕੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਤੱਕਦੀ ਹੈ।
ਫੰਨੇ ਖਾਂ ਹੈਰਾਨੀ ਅਤੇ ਉਤਸੁਕਤਾ ਵਿੱਚ ਬੋਲਿਆ, ‘‘ਪਰ ਮੈਂ ਤਾਂ ਸਦਾ ਤੋਂ ਇਹੀ ਮੰਨਦਾ ਆਇਆ ਹਾਂ।’’
ਪਾਈ (π) ਅਫ਼ਸੋਸ ਭਰੇ ਲਹਿਜੇ ਵਿੱਚ ਬੋਲੀ, ‘‘ਤਾਂ ਫਿਰ ਇਹ ਤੁਹਾਡੀ ਸਮੱਸਿਆ ਹੈ। ਇਹੀ ਤਾਂ ਤ੍ਰਾਸਦੀ ਹੈ ਕਿ ਖ਼ੁਦ ਨੂੰ ਸਾਖਰ ਕਹਾਉਣ ਵਾਲਾ ਹਰ ਮਨੁੱਖ ਮੈਨੂੰ ਜਾਣਨ ਦਾ ਦਾਅਵਾ ਕਰਦਾ ਹੈ, ਪਰ ਬਹੁਤੇ ਲੋਕ 22/7 ਵਾਲੇ ਡੰਗ ਸਾਰੂ ਅਨੁਮਾਨ ਤੋਂ ਅੱਗੇ ਨਹੀਂ ਵਧਦੇ।’’
ਫੰਨੇ ਖਾਂ ਸ਼ਰਮਿੰਦਗੀ ਭਰੇ ਲਹਿਜੇ ਨਾਲ ਥੋੜ੍ਹਾ ਸੰਭਲਦਾ ਹੋਇਆ ਆਖਣ ਲੱਗਾ, ‘‘ਅੱਜ ਮੈਂ ਸਿਰਫ਼ ਤੁਹਾਡੀ ਸੁਣਨ ਆਇਆ ਹਾਂ। ਦੱਸੋ ਕੁਝ ਆਪਣੇ ਬਾਰੇ। ਜੇ ਕੋਈ ਤੁਹਾਨੂੰ ਮਿਲਣਾ ਚਾਹੇ ਤਾਂ ਕੀ ਕਰੇ?’’
ਪਾਈ (π) ਮਸ਼ਖਰੀ ਨਾਲ, ‘‘ਕਿਸੇ ਵੀ ਚੱਕਰ ਦੇ ਘੇਰੇ ਨੂੰ ਵਿਆਸ ਨਾਲ ਵੰਡ ਦੇਵੋ, ਮੈਂ ਮਿਲ ਜਾਵਾਂਗੀ।’’
ਫੰਨੇ ਖਾਂ, ‘‘ਇਹ ਤਾਂ ਤੁਸੀਂ ਘੇਰੇ ਦੇ ਫਾਰਮੂਲੇ ਨੂੰ ਘੁਮਾ ਕੇ ਦੱਸ ਰਹੇ ਹੋ।’’
ਪਾਈ (π), ‘‘ਇਹ ਤੱਥ ਮੇਰੇ ਰਸੀਏ ਸਦੀਆਂ ਤੋਂ ਜਾਣਦੇ ਨੇ ਕਿ ਹਰ ਚੱਕਰ ਲਈ ਇਹ ਅਨੁਪਾਤ ਬਰਾਬਰ ਹੁੰਦਾ ਹੈ। ਫੇਰ ਇਹ ਚੱਕਰ ਭਾਵੇਂ ਸਿੱਕੇ ਜਿੱਡਾ ਹੋਵੇ ਅਤੇ ਭਾਵੇਂ ਪੰਜਾਬ ਸਟਾਈਲ ਕਬੱਡੀ ਦੇ ਮੈਦਾਨ ਵਰਗਾ। ਇਸੇ ਤੋਂ ਤਾਂ ਘੇਰੇ ਦੇ ਗਣਨ ਦਾ ਸਿਧਾਂਤ ਆਇਆ ਅਤੇ ਮੈਨੂੰ ਜਾਣਨ ਦੀ ਤੀਬਰ ਇੱਛਾ ਪੈਦਾ ਹੋਈ।’’
ਫੰਨੇ ਖਾਂ ਬੋਲਿਆ, ‘‘ਅੱਛਾ। ਕੋਈ ਤਾਂ ਪਹਿਲੀ ਯਾਦ ਹੋਵੇਗੀ ਜੋ ਤੁਸੀਂ ਦਾਅਵੇ ਨਾਲ ਸਾਂਝੀ ਕਰ ਸਕੋ?’’
ਪਾਈ (π), ‘‘ਬਹੁਤਿਆਂ ਨੂੰ ਤਾਂ ਮੈਂ ਅੱਜ ਵੀ 22/7 ਜਾਂ 3.14 ਹੀ ਜਾਪਦੀ ਹਾਂ ਜਦੋਂਕਿ ਤਕਰੀਬਨ ਢਾਈ ਹਜ਼ਾਰ ਸਾਲ ਪਹਿਲਾਂ (250 ਈਸਵੀ ਪੂਰਵ) ਆਰਕੀਮੀਡੀਜ਼ (Archimedes) ਨੇ ਸਪਸ਼ੱਟ ਕੀਤਾ ਸੀ ਕਿ ਮੈਂ ਇਨ੍ਹਾਂ ਦੋਹਾਂ ਅੰਕਾਂ ਦੇ ਵਿਚਕਾਰ ਰਹਿੰਦੀ ਹਾਂ। ਉਸ ਨੇ ਮੈਨੂੰ ਜਾਣਨ ਦੀ ਇੱਕ ਵਿਉਂਤ ਬਣਾਈ। ਇੱਕ ਇਕਾਈ ਦੇ ਚੱਕਰ ਵਿੱਚ ਇਕਾਈ ਬਾਹੀ ਵਾਲੀ ਸਮਭੁਜੀ ਸ਼ਟਕੋਣ ਬਣਾ ਕੇ ਉਸ ਦੇ ਉਸੇ ਘੇਰੇ ਨੂੰ ਦੋ ’ਤੇ ਵੰਡਿਆ। ਮਤਲਬ
ਫੇਰ ਇਸੇ ਸ਼ਟਕੋਣ ਦੇ ਲਾਗਵੇਂ ਸਿਖਰਾਂ ਨੂੰ ਜੋੜਦੀ ਚੱਕਰ ਦੀ ਚਾਪ ਦੇ ਐਨ ਵਿਚਕਾਰ ਬਿੰਦੂ ਲੱਭ ਕੇ ਉਸ ਨੂੰ ਦੋਵਾਂ ਸਿਖਰਾਂ ਨਾਲ ਮਿਲਾਇਆ ਜਿਸ ਤੋਂ ਇੱਕ 12 ਬਾਹੀ ਵਾਲੀ ਸਮਭੁਜ ਹਾਸਿਲ ਹੋਈ ਜੋ ਕਿ ਚੱਕਰ ਦੇ ਘੇਰੇ ਨੂੰ ਹੋਰ ਨੇੜਿਓਂ ਮਾਪਦੀ ਸੀ। ਇਸ ਦੇ ਘੇਰੇ ਨੂੰ 2 ਨਾਲ ਵੰਡ ਕੇ ਮੇਰਾ ਪਹਿਲਾਂ ਨਾਲੋਂ ਬਿਹਤਰ ਇੱਕ ਹੋਰ ਅਨੁਮਾਨ ਲਗਾਇਆ ਗਿਆ। ਇਸੇ ਤਰ੍ਹਾਂ ਫੇਰ 24 ਭੁਜਾਵੀ, 48 ਭੁਜਾਵੀ ਅਤੇ ਅਖੀਰ ਵਿੱਚ 96 ਭੁਜਾਵੀ ਸਮਭੁਜ ਰਾਹੀਂ ਉਸ ਨੇ ਸਾਬਤ ਕੀਤਾ ਕਿ ਮੈਂ 223/71 ਅਤੇ 22/7 ਵਿਚਕਾਰ ਕਿਤੇ ਪਈ ਹਾਂ।’’
ਫੰਨੇ ਖਾਂ, ‘‘ਅੱਛਾ। ਕੀ ਆਰਕੀਮੀਡੀਜ਼ ਤੋਂ ਪਹਿਲਾਂ ਕਿਸੇ ਨੇ ਤੁਹਾਨੂੰ ਜਾਣਨ ਦੀ ਖੇਚਲ ਨਹੀਂ ਕੀਤੀ? ਆਪਣੇ ਜਨਮ ਬਾਰੇ ਵੀ ਦੱਸੋ।’’
ਪਾਈ (π) ਬੋਲੀ, ‘‘ਜਨਮ ਬਾਰੇ ਤਾਂ ਕੁਝ ਖ਼ਾਸ ਨਹੀਂ ਪਤਾ। ਤਕਰੀਬਨ ਦੋ ਹਜ਼ਾਰ ਸਾਲ ਈਸਾ ਪੂਰਵ ਬੇਬੀਲੋਨ ਦੇ ਲੋਕ ਮੈਨੂੰ 25/8 ਮੰਨ ਕੇ ਡੰਗ ਟਪਾ ਲੈਂਦੇ ਸਨ। ਕਰੀਬ ਇਸੇ ਸਮੇਂ ਮਿਸਰ ਦੇ ਵਿਦਵਾਨਾਂ ਨੇ ਕਿਹਾ ਕਿ 9 ਇਕਾਈ ਚੱਕਰ ਦਾ ਖ਼ੇਤਰਫਲ 8 ਇਕਾਈ ਵਰਗ ਦੇ ਖੇਤਰਫ਼ਲ ਦੇ ਬਰਾਬਰ ਹੁੰਦਾ ਹੈ। ਇਸ ਹਿਸਾਬ ਨਾਲ ਮੈਨੂੰ 256/81 ਕਿਹਾ ਗਿਆ। ਉਨ੍ਹਾਂ ਵੇਲਿਆਂ ਵਿੱਚ ਬਹੁਤੇ ਤਾਂ ਮੈਨੂੰ 3 ਹੀ ਮੰਨਦੇ ਸਨ। ਬਾਈਬਲ ਦੀ ਪੁਰਾਤਨ ਸ਼ਾਖ ਵਿੱਚ ਵੀ ਮੈਨੂੰ 3 ਹੀ ਲਿਖਿਆ ਗਿਆ ਹੈ।’’
ਫੰਨੇ ਖਾਂ, ‘‘ਤਾਂ ਫੇਰ ਤੁਸੀਂ ਇਨ੍ਹਾਂ ਵਿਚੋਂ ਕੀ ਹੋ? 22/7 (ਮੁਆਫ਼ ਕਰਨਾ), ਮੇਰਾ ਮਤਲਬ 3, 25/8 ਜਾਂ ਫਿਰ 256/81?’’
ਪਾਈ (π), ‘‘ਇਨ੍ਹਾਂ ਵਿਚੋਂ ਕੁਝ ਵੀ ਨਹੀਂ। ਪੁਰਾਤਨ ਯੂਨਾਨੀ ਵਿਦਵਾਨਾਂ ਨੇ ਤਕਰੀਬਨ ਢਾਈ ਹਜ਼ਾਰ ਸਾਲ ਪਹਿਲਾਂ ਪੁੱਛਿਆ ਕਿ ਕੀ ਮੈਂ ਕੋਈ ਭਿੰਨ (fraction) ਹਾਂ?’’
ਫੰਨੇ ਖਾਂ, ‘‘ਕੀ ਜੁਆਬ ਮਿਲਿਆ?’’
ਪਾਈ (π) (ਗੁਮਾਨ ਨਾਲ), ‘‘ਇਸੇ ਨੇ ਤਾਂ ਫੇਰ ਤਕਰੀਬਨ 24 ਸਦੀਆਂ ਵਖ਼ਤ ਪਾਈ ਰੱਖਿਆ।’’
ਫੰਨੇ ਖਾਂ ਹੈਰਾਨੀ ਨਾਲ ਬੋਲਿਆ, ‘‘24 ਸਦੀਆਂ? ਇੱਕੋ ਸਵਾਲ ਨਹੀਂ ਹੱਲ ਹੋਇਆ?’’
ਪਾਈ (π) ਗੰਭੀਰ ਹੁੰਦਿਆਂ ਬੋਲੀ, ‘‘ਸੁਆਲ- ਜੁਆਬ ਕਿਸੇ ਖਲਾਅ ਵਿੱਚੋਂ ਪੈਦਾ ਨਹੀਂ ਹੁੰਦੇ। ਹਰ ਸੁਆਲ ਅਤੇ ਉਸਦੇ ਸਹੀ ਜੁਆਬ ਆਪਣੇ ਨਾਲ ਬਹੁਤ ਕੁਝ ਲੈ ਕੇ ਆਉਂਦੇ ਹਨ ਜਿਸ ਲਈ ਕਈ ਵੇਰਾਂ ਸਦੀਆਂਬੱਧੀ ਵੀ ਉਡੀਕ ਕਰਨੀ ਪੈ ਸਕਦੀ ਹੈ।
ਸੁਆਲ ਵਿਹੜੇ ਉੱਗੀ ਕਿੱਕਰ ਦੇ ਕੰਡੇ ਨਹੀਂ ਹੁੰਦੇ ਜਿਨ੍ਹਾਂ ਨੂੰ ਨਾਲੋ-ਨਾਲ ਚੁਗਣਾ ਪਵੇ, ਅਤੇ ਜਾਂ ਫਿਰ ਕਿੱਕਰ ਨੂੰ ਹੀ ਜੜੋਂ ਉਖਾੜਨਾ ਪਵੇ। ਇਹ ਤਾਂ ਉਹ ਬੀਜ ਹੁੰਦੇ ਹਨ ਜਿਨ੍ਹਾਂ ਨੂੰ ਤਦ ਤੱਕ ਸੰਭਾਲ ਕੇ ਰੱਖਣਾ ਚਾਹੀਦਾ ਹੈ ਜਦ ਤੀਕਰ ਇਨ੍ਹਾਂ ਦੇ ਪੁੰਗਰਨ ਲਈ ਜ਼ਮੀਨ ਤਿਆਰ ਨਾ ਹੋ ਜਾਵੇ। ਚੁਰਸਤੇ ਵਿੱਚ ਖਿਲਾਰੇ ਬੀਜ ਕਿਸੇ ਕੰਮ ਦੇ ਨਹੀਂ ਰਹਿੰਦੇ।
ਜੇਕਰ ਸੁਆਲ ਕਰਨ ਵਾਲੇ ਵਿੱਚ ਸੁਹਿਰਦਤਾ ਹੋਵੇ ਤਾਂ ਉਹ ਕੱਚੇ ਜਿਹੇ ਅਧੂਰੇ ਜੁਆਬਾਂ ਨਾਲ ਸੰਤੁਸ਼ਟ ਹੋਣ ਦੀ ਬਜਾਏ, ਆਪਣੇ ਸੁਆਲ ਨੂੰ ਹੋਰ ਤਰਾਸ਼ਦਾ ਰਹਿੰਦਾ ਹੈ ਅਤੇ ਜੁਆਬ ਨਾ ਮਿਲਣ ਦੀ ਸੂਰਤ ਵਿੱਚ ਆਪਣੀ ਕਮਾਈ ਆਉਣ ਵਾਲੀਆਂ ਪੀੜ੍ਹੀਆਂ ਦੇ ਸਪੁਰਦ ਕਰ ਜਾਂਦਾ ਹੈ। ਬੱਸ ਇਹੀ ਤਾਂ ਇੱਕ ਪੂੰਜੀ ਹੁੰਦੀ ਹੈ ਗਿਆਨਵਾਨਾਂ ਦੀ।’’
ਫੰਨੇ ਖਾਂ ਨੇ ਸੋਚਿਆ ਕਿ ਅਸੀਂ ਤਾਂ ਕੁਦਰਤ ਬਾਰੇ ਵੱਡੇ-ਵੱਡੇ ਸੁਆਲਾਂ ਉੱਤੇ ਮਾਹਿਰਾਂ ਵਾਂਗਰ ਫੈਸਲਾਕੁੰਨ ਜੁਆਬ ਦੇਣ ਤੋਂ ਪਹਿਲਾਂ 24 ਮਿੰਟ ਨਹੀਂ ਲਗਾਉਂਦੇ ਅਤੇ ਇੱਥੇ ਗਿਆਨਵਾਨਾਂ ਨੇ ਇੱਕੋ ਸੁਆਲ ’ਤੇ 24 ਸਦੀਆਂ ਲਗਾ ਦਿੱਤੀਆਂ। ਫਿਰ ਕੁਝ ਸੰਭਲ ਕੇ ਪੁੱਛਿਆ, ‘‘ਗੱਲ ਥੋੜ੍ਹੀ ਸਰਲ ਰੱਖੀਏ। ਕੀ ਯੂਨਾਨੀ ਲੋਕਾਂ ਤੋਂ ਪਹਿਲਾਂ ਕਿਸੇ ਨੇ ਇਹ ਸੁਆਲ ਨਹੀਂ ਕੀਤਾ?’’
ਪਾਈ (π), ‘‘ਤਕਰੀਬਨ ਸਾਢੇ ਚਾਰ ਹਜ਼ਾਰ ਸਾਲ ਪਹਿਲਾਂ ਹੋਏ ਬੇਬੀਲੋਨ ਅਤੇ ਮਿਸਰ ਦੇ ਲੋਕਾਂ ਦੀਆਂ ਲਿਖਤਾਂ ਵਿੱਚ ਇਸ ਗੱਲ ਦੇ ਸੰਕੇਤ ਮਿਲਦੇ ਹਨ, ਪਰ ਇਹ ਸੁਆਲ ਸਪਸ਼ਟ ਰੂਪ ਵਿੱਚ ਨਹੀਂ ਮਿਲਦਾ। ਤਕਰੀਬੜ 20 ਸਦੀਆਂ ਤਾਂ ਸੁਆਲ ਸਪਸ਼ਟ ਹੋਣ ’ਤੇ ਹੀ ਲੱਗ ਗਈਆਂ।’’
ਫੰਨੇ ਖਾਂ, ‘‘ਫੇਰ ਕੀ ਜੁਆਬ ਮਿਲਿਆ?’’
ਪਾਈ (π), ‘‘ਆਰਕੀਮੀਡੀਜ਼ ਨੂੰ ਇਹ ਸਪਸ਼ਟ ਸੀ ਕਿ ਮੈਂ 22/7 ਤਾਂ ਬਿਲਕੁਲ ਨਹੀਂ। ਉਸ ਨੇ ਕਦੇ ਵੀ ਮੈਨੂੰ ਪੂਰੀ ਤਰ੍ਹਾਂ ਜਾਣਨ ਦਾ ਦਾਅਵਾ ਨਹੀਂ ਕੀਤਾ। ਉਸ ਦੇ ਸਮਭੁਜੀ ਵਾਲੇ ਨੁਸਖ਼ੇ ਦਾ ਕਮਾਲ ਇਹ ਸੀ ਕਿ ਇਸ ਰਾਹੀਂ ਜਿੰਨਾ ਚਾਹੋ ਮੇਰੇ ਨੇੜੇ ਹੋ ਸਕਦੇ ਹੋ। ਇਸ ਨੇ ਗਿਆਨਵਾਨਾਂ ਅੰਦਰ ਮੇਰੇ ਨੇੜੇ ਆਉਣ ਦੀ ਖਿੱਚ ਪੈਦਾ ਕਰ ਦਿੱਤੀ। ਆਰਕੀਮੀਡੀਜ਼ ਮਗਰੋਂ ਤਕਰੀਬਨ 18 ਸਦੀਆਂ ਤੱਕ ਮੇਰੇ ਕਰੀਬ ਆਉਣ ਦਾ ਇਹੀ ਇੱਕ ਤਰੀਕਾ ਵਰਤਿਆ ਜਾਂਦਾ ਰਿਹਾ।’’
ਫੰਨੇ ਖਾਂ, ‘‘ਕੋਈ ਹੋਰ ਜਿਸ ਨੇ ਤੁਹਾਡੇ ਨੇੜੇ ਆਉਣ ਲਈ ਇਹ ਤਰੀਕਾ ਵਰਤਿਆ?’’
ਪਾਈ (π), ‘‘ਕਈਆਂ ਨੇ। ਦੋ ਨਾਮ ਖਾਸ ਨੇ। ਆਰਕੀਮੀਡੀਜ਼ ਤੋਂ ਲਗਭਗ ਸੱਤ ਸਦੀਆਂ ਬਾਅਦ ਸ਼ੂ ਚੁੰਗ ਸ਼ੀਹ (Tsu Chung Shih) ਨੇ ਮੈਨੂੰ 355/113 ਕਹਿ ਕੇ ਨਿਵਾਜਿਆ। ਫਿਰ ਲਗਭਗ 11 ਸਦੀਆਂ ਬਾਅਦ, 1610 ਵਿੱਚ, ਲੁਡੋਲਫ ਵੈਨ ਸਿਉਲਨ (Ludolph van Ceulen) ਨੇ ਮੈਨੂੰ 34 ਦਸ਼ਮਲਵ ਤੱਕ ਜਾਣਿਆ। ਉਸ ਨੇ ਆਪਣੀ ਸਾਰੀ ਜ਼ਿੰਦਗੀ ਮੇਰੇ ਇਨ੍ਹਾਂ 34 ਅੰਕਾਂ ਦੇ ਲੇਖੇ ਲਾ ਦਿੱਤੀ। ਮਗਰੋਂ ਇਹੀ 34 ਅੰਕ ਉਸ ਦੀ ਕਬਰ ਦਾ ਸ਼ਿੰਗਾਰ ਬਣੇ। ਉਸ ਦੀ ਕਬਰ ਗੁਆਚ ਚੁੱਕੀ ਸੀ, ਪਰ ਸਾਲ 2000 ਵਿੱਚ ਦੁਬਾਰਾ ਲੱਭ ਲਈ ਗਈ।’’
ਫਿਰ ਪਾਈ (π) ਨੇ ਪੁੱਛਿਆ, ‘‘ਕੀ ਤੁਸੀਂ ਜਾਣਦੇ ਹੋ ਕਿ ਗਣਿਤ ਦੇ ਇਤਿਹਾਸ ਵਿੱਚ ਦੋ ਕਬਰਾਂ ਬੇਹੱਦ ਖ਼ਾਸ ਨੇ?’’
ਫੰਨੇ ਖਾਂ ਨੇ ਉਤਸੁਕਤਾ ਨਾਲ ਸਵਾਲ ਕੀਤਾ, ‘‘ਦੂਜੀ ਕਿਸਦੀ?’’
ਪਾਈ (π), “ਆਰਕੀਮੀਡੀਜ਼ ਦੀ।’’
ਫੰਨੇ ਖਾਂ ਨੇ ਉਤਸੁਕਤਾ ਨਾਲ ਫੇਰ ਪੁੱਛਿਆ, ‘‘ਕੀ ਖਾਸੀਅਤ ਹੈ ਉਸ ਦੀ ਕਬਰ ਦੀ?”
ਪਾਈ (π) ਨੇ ਜੁਆਬ ਦਿੱਤਾ, ‘‘ਉਸ ਉੱਤੇ ਇੱਕ ਬੇਲਣ (cylinder) ਵਿੱਚ ਗੋਲ਼ਾ (sphere) ਟਿਕਾਇਆ ਹੋਇਆ ਹੈ। ਆਰਕੀਮੀਡੀਜ਼ ਨੇ ਇਹ ਅਦਭੁਤ ਤੱਥ ਸਾਬਿਤ ਕੀਤਾ ਸੀ ਕਿ ਅਜਿਹਾ ਬੇਲਣ, ਗੋਲੇ ਨਾਲੋਂ, ਘਣਾਵ ਅਤੇ ਖੇਤਰਫ਼ਲ ਦੋਵਾਂ ਵਿੱਚ ਡੇਢ ਗੁਣਾ ਹੁੰਦਾ ਹੈ।’’
ਫੰਨੇ ਖਾਂ ਦੇ ਮਨ ਅੰਦਰ ਬੁੱਲ੍ਹੇ ਸ਼ਾਹ ਦੀਆਂ ਸਤਰਾਂ ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ…’ ਗੂੰਜਣ ਲੱਗੀਆਂ ਅਤੇ ਉਸ ਪੁੱਛਿਆ, ‘‘ਕੀ ਸਾਰੇ ਗਣਿਤਕਾਰ ਇਹੀ ਤਰੀਕਾ ਵਰਤਦੇ ਰਹੇ?’’
ਪਾਈ (π), ‘‘ਬਿਲਕੁਲ ਨਹੀਂ। ਨਿਊਟਨ ਦੇ ਕੈਲਕੁਲਸ (Calculus) ਦੀ ਆਮਦ ਨਾਲ ਮੇਰੀ ਜ਼ਿੰਦਗੀ ਦਾ ਦੂਸਰਾ ਦੌਰ ਸ਼ੁਰੂ ਹੋਇਆ। ਇੰਞ ਕਹਿਣਾ ਕਿ ਸਦੀਆਂ ਬੱਧੀ ਮੇਰੇ ਚਾਹੁਣ ਵਾਲਿਆਂ ਨੇ ਕੈਲਕੁਲਸ (Calculus) ਨਾਂ ਦੇ ਬੋਹੜ ਲਈ ਜ਼ਮੀਨ ਤਿਆਰ ਕੀਤੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਫਿਰ ਕੁਝ ਹੀ ਸਾਲਾਂ ਅੰਦਰ ਮੇਰੀ ਸੇਵਾ ਲਈ ਤਰ੍ਹਾਂ ਤਰ੍ਹਾਂ ਦੀਆਂ ਸੀਰੀਜ਼ (series) ਹੋਂਦ ਵਿੱਚ ਆਈਆਂ ਜਿਨ੍ਹਾਂ ਦੀ ਬਦੌਲਤ ਮੇਰੇ ਦਸ਼ਮਲਵ ਅੰਕਾਂ ਨੂੰ ਜਾਣਨਾ ਹੋਰ ਸੁਖਾਲਾ ਹੋ ਗਿਆ। ਜਿਵੇਂ ਕਿ
ਇੱਕ ਗੱਲ ਦੱਸੋ। ਤੁਸੀਂ ਮੈਨੂੰ ਕਿਹੜੀ ਸੀਰੀਜ਼ (series) ਰਾਹੀਂ ਜਾਣਨਾ ਪਸੰਦ ਕਰੋਗੇ?’’
ਫੰਨੇ ਖਾਂ, ‘‘ਪਹਿਲੀ ਸੀਰੀਜ਼ ਸੌਖੀ ਰਹੇਗੀ। ਬਾਹਲੀ ਵੱਡੀ ਗੁਣਾ ਭਾਗ ਵਿੱਚ ਕਿਉਂ ਉਲਝਣਾ…!’’
ਪਾਈ (π), ‘‘ਕੀ ਪਹਿਲੀ ਸੀਰੀਜ਼ ਵਿੱਚ ਨਹੀਂ ਵੰਡਣਾ ਪੈਣਾ ਵੱਡੀਆਂ ਸੰਖਿਆਵਾਂ ਨਾਲ? ਓਹਦੇ ਵਿੱਚ ਵੀ 1 ਨੂੰ ਹਰ ਵੱਡੀ ਟਾਂਕ (odd) ਸੰਖਿਆ ਨਾਲ ਵੰਡਣਾ ਹੀ ਪਵੇਗਾ। ਨਾਲੇ ਨਿੱਕੀਆਂ-ਵੱਡੀਆਂ ਹੋਰ ਵੀ ਕਈ ਸੰਖਿਆਵਾਂ ਦੀ ਭਾਗ ਵਿੱਚ ਉਲਝਣਾ ਪਵੇਗਾ।’’
ਫੰਨੇ ਖਾਂ, ‘‘ਗੱਲ ਤਾਂ ਠੀਕ ਹੈ। ਪਹਿਲੀ ਸੀਰੀਜ਼ (series) ਨਾਲ ਵੀ ਜੇ ਮੈਂ ਵੱਡੇ ਹਰਾਂ (denominators) ਦੇ ਬੋਝ ਤੋਂ ਨਹੀਂ ਬਚ ਸਕਦਾ ਤਾਂ ਫਾਲਤੂ ਹਿਸਾਬ ਕਿਤਾਬ ’ਚ ਕਿਉਂ ਉਲਝਣਾ, ਫੇਰ ਦੂਜੀ ਸੀਰੀਜ਼ ਵਧੇਰੇ ਠੀਕ ਰਹੇਗੀ।’’
ਪਾਈ (π), ‘‘ਇਹ ਹਰਾਂ (denominators) ਤਾਂ ਕੁਝ ਵੀ ਨਹੀਂ। ਜੌਹਨ ਮਸ਼ੀਨ (John Machin) ਨੇ 1706 ਵਿੱਚ ਦੁਆਰਾ ਦਿੱਤੀ ਸੀਰੀਜ਼ (series) ਨੂੰ ਵਰਤ ਕੇ ਮੇਰੇ 100 ਦਸ਼ਮਲਵ ਅੰਕ ਹਾਸਿਲ ਕੀਤੇ। ਸ਼ੰਕ (Shank) ਨੇ 1873 ਵਿੱਚ ਇਸ ਰਾਹੀਂ 707 ਅੰਕ ਹਾਸਿਲ ਕੀਤੇ ਜਿਨ੍ਹਾਂ ਵਿੱਚ ਬਾਅਦ ਵਿੱਚ 527ਵੇਂ ਸਥਾਨ ’ਤੇ ਗ਼ਲਤੀ ਪਾਈ ਗਈ। ਇਸ ਉਪਲਬਧੀ ਲਈ ਸ਼ੰਕ ਨੂੰ 15 ਸਾਲ ਤੋਂ ਵਧੇਰੇ ਸਮਾਂ ਲੱਗਿਆ।
ਨਿਊਟਨ ਨੇ ਇੱਕ ਵਾਰ ਦਬੀ ਜ਼ੁਬਾਨ ਵਿਚ ਸਵੀਕਾਰ ਕੀਤਾ ਕਿ ਉਹ ਵੀ ਮੇਰੇ ਨੇੜੇ ਹੋਣ ਲਈ ਵਿਹਲੜਾਂ ਵਾਂਗਰ ਪਤਾ ਨਹੀਂ ਕਿੰਨੇ ਢੰਗ ਤਰੀਕੇ ਅਪਣਾਉਂਦਾ ਰਿਹਾ।’’
ਫੰਨੇ ਖਾਂ (ਚਿੜਦੇ ਹੋਏ), ‘‘ਇੰਨੀ ਵੀ ਕੀ ਖਿੱਚ ਰਹੀ ਤੇਰੇ ਦਸ਼ਮਲਵ ਅੰਕਾਂ ਦੀ?’’
ਪਾਈ (π) ਨੇ ਨਖ਼ਰੇ ਨਾਲ ਕਿਹਾ, ‘‘ਇਹ ਤਾਂ ਉਨ੍ਹਾਂ ਨੂੰ ਪੁੱਛੋ ਜੋ ਸਦੀਆਂ ਤੋਂ ਮੇਰੇ ਚੱਕਰਾਂ ਵਿੱਚ ਪਏ ਹੋਏ ਨੇ।’’
ਫੰਨੇ ਖਾਂ ਨੇ ਉਤਸੁਕਤਾ ਜ਼ਾਹਿਰ ਕੀਤੀ, ‘‘ਪਰ ਫੇਰ ਵੀ…’’
ਪਾਈ (π) ਨੇ ਗੰਭੀਰ ਹੁੰਦਿਆਂ ਦੱਸਣਾ ਸ਼ੁਰੂ ਕੀਤਾ, ‘‘ਤੁਸੀਂ 2 ਨੂੰ ਤਾਂ ਜਾਣਦੇ ਹੀ ਹੋਵੋਗੇ ਜੋ ਇਕਾਈ ਭੁਜਾ ਵਾਲੇ ਵਰਗ ਦਾ ਕਰਣ (diagonal) ਹੈ। ਕਿਉਂਕਿ ਚੱਕਰ ਅਤੇ ਵਰਗ ਕੁਦਰਤ ਵਿੱਚ ਮੂਲ ਆਕਾਰ ਦੇ ਤੌਰ ’ਤੇ ਹਰ ਜਗ੍ਹਾ ਮੌਜੂਦ ਹਨ, ਮੈਂ ਅਤੇ√2 ਵਿਗਿਆਨਕ ਤੋਰ ’ਤੇ ਚੇਤਨ ਲੋਕਾਂ ਲਈ ਅਚੰਭੇ ਦਾ ਸਰੋਤ ਰਹੇ। ਪਾਈਥਾਗੋਰਸ ਦੇ ਵਿਦਿਆਰਥੀ ਹਿਪਾਸਸ (530-450 ਈਸਾ ਪੂਰਵ) ਨੇ ਸਿੱਧ ਕਰ ਦਿੱਤਾ ਸੀ ਕਿ √2 ਨੂੰ ਭਿੰਨ (fraction) ਦੇ ਰੂਪ ਵਿੱਚ ਨਹੀਂ ਲਿਖਿਆ ਜਾ ਸਕਦਾ। ਇਹ ਖੋਜ ਪਾਈਥਾਗੋਰਸ ਦੇ ਵਿਗਿਆਨਕ ਤੌਰ ’ਤੇ ਕੱਟੜ ਚੇਲਿਆਂ ਦੀਆਂ ਮਾਨਤਾਵਾਂ ਦੇ ਵਿਰੁੱਧ ਸੀ। ਸਿੱਟੇ ਵਜੋਂ ਹਿਪਾਸਸ ਲਿਖਤੀ ਤੌਰ ’ਤੇ ਦਰਜ਼ ਇਤਿਹਾਸ ਦਾ ਪਹਿਲਾ ਸ਼ਹੀਦ ਹੋ ਨਿੱਬੜਿਆ।’’
ਪਾਈ (π) ਨੇ ਭਾਵੁਕ ਹੁੰਦਿਆਂ ਗੱਲ ਜਾਰੀ ਰੱਖੀ, ‘‘ਅਸਲ ਵਿੱਚ ਪਾਈਥਾਗੋਰਸ ਦੇ ਚੇਲੇ ਮੰਨਦੇ ਸਨ ਕਿ ਹਰੇਕ ਸੰਖਿਆ ਕਿਸੇ ਭਿੰਨ (fraction) ਦੇ ਰੂਪ ਵਿੱਚ ਲਿਖੀ ਜਾ ਸਕਦੀ ਹੈ। ਪਰ ਹਿਪਾਸਸ ਦੇ ਐਲਾਨ ਮਗਰੋਂ √2 ਨੂੰ irrational ਕਿਹਾ ਗਿਆ ਜਿਸਦਾ ਅੱਖਰੀ ਅਰਥ ਬਣਦਾ ਹੈ ‘ਤਰਕਹੀਣ’।
ਹੁਣ ਸੁਆਲ ਪੈਦਾ ਹੋਇਆ ਕੀ ਮੈਂ ਵੀ irrational ਹਾਂ? ਪਰ ਇਸ ਸੁਆਲ ਦੇ ਜੁਆਬ ਲਈ 2 ਵਾਲੇ ਢੰਗ ਤਰੀਕੇ ਨਹੀਂ ਸਨ ਅਪਣਾਏ ਜਾ ਸਕਦੇ।
ਜੇਕਰ ਮੇਰੇ ਦਸ਼ਮਲਵ ਅੰਕ ਕਿਸੇ ਪੜਾਅ ਮਗਰੋਂ ਮੁੱਕ ਜਾਂਦੇ ਜਾਂ ਫਿਰ ਕੁਝ ਅੰਕਾਂ ਦਾ ਸਮੂਹ ਦੁਹਰਾਇਆ ਜਾਂਦਾ ਤਾਂ ਮੈਨੂੰ ਵੀ ਭਿੰਨ (fraction) ਰੂਪ ਵਿੱਚ ਲਿਖਣਾ ਸੰਭਵ ਸੀ; ਜਿਵੇਂ ਕਿ 0.333…=1/3 ਅਤੇ 0.64646464….=64/99, ਆਦਿ।
ਇਸੇ ਲਈ ਸਦੀਆਂ ਤੱਕ ਮੇਰੇ ਮੁਰੀਦ ਮੇਰੇ ਦਸ਼ਮਲਵ ਅੰਕਾਂ ਨਾਲ ਜੂਝਦੇ ਰਹੇ ਤਾਂ ਜੋ ਮੇਰੇ ਲਈ 22/7 ਅਤੇ 355/113 ਦੀ ਬਜਾਏ ਕੋਈ ਸਟੀਕ ਭਿੰਨ (fraction) ਮਿਲ ਸਕੇ।’’
ਫੰਨੇ ਖਾਂ, ‘‘ਕੀ ਇੰਞ ਹੋ ਸਕਿਆ?’’
‘‘ਬਿਲਕੁਲ ਨਹੀਂ।’’ ਉਸ ਦਾ ਜੁਆਬ ਸੀ, ‘‘ਲੈਂਬਰਟ (Lambert) ਅਤੇ ਲੈਜੰਡਰੇ (Legendre) ਨੇ 1768 ਵਿੱਚ ਇਹ ਸਾਬਿਤ ਕਰ ਦਿੱਤਾ ਕਿ ਕੋਈ ਵੀ ਭਿੰਨ (fraction) ਮੇਰੇ ਬਰਾਬਰ ਨਹੀਂ ਹੋ ਸਕਦੀ। ਫੇਰ 1882 ਵਿੱਚ ਲਿੰਡੇਮੈਨ (Lindemann) ਨੇ ਸਿੱਧ ਕੀਤਾ ਕਿ ਮੈਂ ਅਬੀਜਿਕ (non-algebraic) ਹਾਂ ਜਿਸ ਨੂੰ ਅਲੌਕਿਕ (transcendental) ਵੀ ਕਿਹਾ ਜਾਂਦਾ ਹੈ।
ਇਸ ਦੇ ਨਾਲ ਹੀ ਪੁਰਾਤਨ ਯੂਨਾਨੀਆਂ ਨੂੰ ਜੁਆਬ ਮਿਲਿਆ ਕਿ ਚੱਕਰ ਨੂੰ ਫੁੱਟੇ ਨਾਲ ਪੂਰੀ ਤਰ੍ਹਾਂ ਵਰਗ ਨਹੀਂ ਕੀਤਾ ਜਾ ਸਕਦਾ।’’
ਫੰਨੇ ਖਾਂ ਚਿੜ ਕੇ ਬੋਲਿਆ, ‘‘ਅਲੌਕਿਕ ਸੰਖਿਆ? ਕੀ ਅਲੌਕਿਕਤਾ ਹੈ ਤੁਹਾਡੇ ਵਿੱਚ?’’
ਪਾਈ (π) ਇਤਰਾਉਂਦੀ ਹੋਈ ਬੋਲੀ, ‘‘ਮੇਰੇ ਜਿਹੀਆਂ ਆਜ਼ਾਦ ਅਲੌਕਿਕ ਸੰਖਿਆਵਾਂ ਲੱਭਿਆਂ ਨਹੀਂ ਲੱਭਦੀਆਂ; ਉਂਗਲਾਂ ਦੇ ਪੋਟਿਆਂ ’ਤੇ ਗਿਣੀਆਂ ਜਾ ਸਕਦੀਆਂ ਨੇ।’’
ਥੋੜ੍ਹਾ ਰੁਕ ਕੇ ਮੁਸਕਰਾਉਂਦਿਆਂ ਕਹਿੰਦੀ, ‘‘…ਉਂਞ ਭਾਵੇਂ ਹਰ ਬੀਜਿਕ ਅੰਕ ਮੇਰੇ ਨਾਲ ਜੁੜ ਕੇ ਅਲੌਕਿਕ ਹੋ ਜਾਂਦਾ ਹੈ।’’
ਫੰਨੇ ਖਾਂ ਨੇ ਗੱਲ ਬਦਲਦਿਆਂ ਪੁੱਛਿਆ, ‘‘ਤੁਹਾਡਾ ਨਾਮ ਪਾਈ (π) ਕਿਵੇਂ ਪਿਆ?’’
ਉਸ ਨੇ ਥੋੜ੍ਹਾ ਗੰਭੀਰ ਹੋ ਕੇ ਜੁਆਬ ਦਿੱਤਾ, ‘‘ਮੇਰੇ ਲਈ ਆਧੁਨਿਕ ਚਿੰਨ੍ਹ ਪਾਈ (π) ਪਹਿਲੀ ਵਾਰ ਵਿਲੀਅਮ ਜੋਨਸ ਨੇ 1706 ਵਿੱਚ ਵਰਤਿਆ। ਯੂਨਾਨੀ ਭਾਸ਼ਾ ਦਾ ਇਹ ਅੱਖਰ ਇਸ ਕਰਕੇ ਇਸਤੇਮਾਲ ਕੀਤਾ ਗਿਆ ਕਿਉਂਕਿ ਇਹ ਅੰਗਰੇਜ਼ੀ ਦੇ P ਵਾਂਗਰ ਬੋਲਿਆ ਜਾਂਦਾ ਹੈ, ਅਤੇ ਚੱਕਰ ਦੇ ਘੇਰੇ ਲਈ ਹਜ਼ਾਰਾਂ ਸਾਲ ਤੱਕ ਪੈਰੀਮੀਟਰ (Perimeter) ਲਫ਼ਜ਼ ਇਸਤੇਮਾਲ ਹੁੰਦਾ ਰਿਹਾ। ਕਮਾਲ ਇਹ ਹੋਇਆ ਕਿ ਯੂਨਾਨੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਇਹ ਅੱਖਰ ਸੋਲ੍ਹਵੇਂ ਸਥਾਨ ’ਤੇ ਆਉਂਦਾ ਹੈ।’’
ਇਹ ਕਹਿੰਦੀ ਪਾਈ (π) ਫਿਰ ਇਤਰਾਈ ਅਤੇ ਫਿਰ ਗੰਭੀਰ ਹੁੰਦਿਆਂ ਕਿਹਾ, ‘‘ਓਇਲਅ (Euler) ਨੇ 1737 ਵਿੱਚ ਇਸ ਚਿੰਨ੍ਹ ਨੂੰ ਮੇਰੇ ਲਈ ਵਰਤਿਆ ਅਤੇ ਫਿਰ ਇਹੀ ਮੇਰੀ ਪਛਾਣ ਹੋ ਨਿੱਬੜਿਆ।’’
‘‘ਕੰਪਿਊਟਰ ਦੇ ਆਉਣ ਨਾਲ ਤੁਹਾਡੇ ’ਤੇ ਕੀ ਫਰਕ ਪਿਆ?’’ ਫੰਨੇ ਖਾਂ ਨੇ ਪੁੱਛਿਆ।
ਪਾਈ (π) ਬੜੇ ਗੁਮਾਨ ਨਾਲ ਬੋਲੀ, ‘‘ਇਸ ਨਾਲ ਮੈਂ ਆਪਣੀ ਮਾਣਮੱਤੀ ਜ਼ਿੰਦਗੀ ਦੇ ਤੀਜੇ ਦੌਰ ਵਿੱਚ ਦਾਖਲ ਹੋਈ। 1949 ਵਿੱਚ ਪਹਿਲੀ ਵਾਰ ਕੰਪਿਊਟਰ ਦੀ ਮਦਦ ਨਾਲ 70 ਘੰਟਿਆਂ ਵਿੱਚ ਮੇਰੇ ਪਹਿਲੇ 2037 ਦਸ਼ਮਲਵ ਅੰਕ ਲੱਭ ਲਏ ਗਏ। ਫੇਰ ਵੇਖਦਿਆਂ ਹੀ ਵੇਖਦਿਆਂ ਕੁਝ ਕੁ ਸਾਲਾਂ ਵਿੱਚ ਇਨ੍ਹਾਂ ਅੰਕਾਂ ਦੀ ਗਿਣਤੀ ਲੱਖਾਂ ਕਰੋੜਾਂ ਤੱਕ ਪੁੱਜ ਗਈ। ਇਨ੍ਹਾਂ ਗਣਨਾਵਾਂ ਪਿੱਛੇ ਗਣਿਤ ਅਤੇ ਤਰਕਸ਼ਾਸਤਰ ਦੇ ਗੁਝੇ ਸਿਧਾਂਤ ਕੰਮ ਕਰਦੇ ਰਹੇ। 1970 ਤੱਕ ਇਸ ਕੰਮ ਲਈ Machin’s Formula ਜਿਹੇ ਸਿਧਾਂਤ ਕੰਮ ਕਰਦੇ ਰਹੇ।’’
ਫੰਨੇ ਖਾਂ, ‘‘ਮੈਂ ਸੁਣਿਐ ਕਿ ਭਾਰਤੀ ਗਣਿਤਕਾਰ ਸ੍ਰੀਨਿਵਾਸ ਰਾਮਾਨੁਜਨ ਵੀ ਤੁਹਾਨੂੰ ਬਾਖ਼ੂਬੀ ਜਾਣਦੇ ਸਨ।’’
ਪਾਈ (π) ਸ਼ਰਾਰਤੀ ਮੁਸਕਾਨ ਨਾਲ ਆਖਣ ਲੱਗੀ, ‘‘ਬਿਲਕੁਲ ਮਾਧਵ, ਆਰੀਆ ਭੱਟ ਅਤੇ ਰਾਮਾਨੁਜਨ ਮੈਨੂੰ ਕਾਫ਼ੀ ਨੇੜੇ ਤੋਂ ਜਾਣਦੇ ਸਨ, ਪਰ ਮੈਂ ਭੂਗੋਲਿਕ ਹੱਦ ਬੰਨਿਆਂ ਦੀ ਮੁਥਾਜ ਨਹੀਂ। ਮੇਰੀ ਹੋਂਦ ਸਿਰਫ਼ ਏਸ ਜਹਾਨ ਤੱਕ ਸੀਮਿਤ ਨਹੀਂ।’’
ਫੰਨੇ ਖਾਂ, ‘‘ਰਾਮਾਨੁਜਨ ਬਾਰੇ ਤਾਂ ਕੁਝ ਦੱਸ ਹੀ ਦਿਓ।’’
ਪਾਈ (π) ਬੋਲੀ, ‘‘ਉਨ੍ਹਾਂ ਨੇ 1910 ਵਿੱਚ ਮੇਰੇ ਲਈ ਇੱਕ ਸੀਰੀਜ਼ ਪੇਸ਼ ਕੀਤੀ ਸੀ:
ਜਿਸ ਦੀਆਂ ਕੇਵਲ ਪਹਿਲੀਆਂ ਚਾਰ ਮਦਾਂ (terms) ਨੂੰ ਜੋੜਨ ਨਾਲ ਹੀ ਮੇਰੇ ਪਹਿਲੇ 14 ਦਸ਼ਮਲਵ ਅੰਕ ਮਿਲ ਜਾਂਦੇ ਹਨ। ਗੋਸਪਰ (Gosper) ਨੇ ਇਸ ਰਾਹੀਂ 1985 ਵਿੱਚ ਮੇਰੇ ਪਹਿਲੇ 1 ਕਰੋੜ 70 ਲੱਖ ਅੰਕ ਹਾਸਿਲ ਕੀਤੇ। ਰਾਮਾਨੁਜਨ ਤੋਂ ਪ੍ਰਭਾਵਿਤ ਹੋ ਕੇ ਚੂਡਨੋਵਸਕੀ (Chudnowsky) ਭਰਾਵਾਂ ਨੇ 1988 ਵਿੱਚ ਇੱਕ ਹੋਰ ਬਿਹਤਰ ਸੀਰੀਜ਼ ਪੇਸ਼ ਕੀਤੀ:
ਜਿਸ ਦੀਆਂ ਪਹਿਲੀਆਂ ਸੱਤ ਮਦਾਂ (terms) ਨੂੰ ਜੋੜਨ ਨਾਲ ਹੀ ਮੇਰੇ ਪਹਿਲੇ ਕ੍ਰਮਵਾਰ 13, 27, 26, 55, 69, 84, ਅਤੇ 98 ਦਸ਼ਮਲਵ ਅੰਕ ਮਿਲ ਜਾਂਦੇ ਹਨ। ਇਸ ਸੀਰੀਜ਼ (series) ਰਾਹੀਂ ਹੁਣ ਤੱਕ ਮੇਰੇ ਅੰਕਾਂ ਬਾਬਤ ਵਿਸ਼ਵ ਰਿਕਾਰਡ ਬਣ ਰਹੇ ਹਨ।’’
ਪਾਈ (π) ਨੇ ਫਿਰ ਪੁੱਛਿਆ, ‘‘ਮੰਨ ਲਵੋ ਕਿ ਤੁਸੀਂ ਮੇਰਾ 100ਵਾਂ ਦਸ਼ਮਲਵ ਅੰਕ ਕੱਢਣਾ ਚਾਹੁੰਦੇ ਹੋਵੋ, ਕੀ ਇਸ ਲਈ ਪਹਿਲੇ 99 ਅੰਕ ਕੱਢਣੇ ਜ਼ਰੂਰੀ ਹੋਣਗੇ?’’
ਫੰਨੇ ਖਾਂ, ‘‘ਜਾਪਦਾ ਤਾਂ ਇੰਞ ਹੀ ਹੈ। ਤੁਸੀਂ ਦੱਸੋ?’’
ਪਾਈ (π) ਫਖ਼ਰ ਨਾਲ ਬੋਲੀ, ‘‘1996-97 ਵਿੱਚ ਤਿੰਨ ਗਿਆਨਵਾਨਾਂ ਨੇ ਬੈਲੀ, ਬੋਰਵੇਨ ਅਤੇ ਪਲੌਫ (Bailey, Borwein ਅਤੇ Plouffe) ਨੇ ਇੱਕ ਵਿਧੀ (algorithm) ਪੇਸ਼ ਕੀਤੀ ਜਿਸ ਨਾਲ ਮੇਰਾ ਕੋਈ ਵੀ ਅੰਕ ਹਾਸਲ ਕਰਨ ਲਈ ਉਸ ਤੋਂ ਪਿਛਲੇ ਅੰਕ ਪਤਾ ਕਰਨੇ ਜ਼ਰੂਰੀ ਨਹੀਂ। ਪਿਛਲੇ ਦੋ ਦਹਾਕਿਆਂ ਤੋਂ ਅਜਿਹੀਆਂ ਕਈ ਵਿਧੀਆਂ ਆ ਚੁੱਕੀਆਂ ਹਨ ਜਿਨ੍ਹਾਂ ਦੀ ਬਦੌਲਤ ਮੇਰੀ ਗਣਨਾ ਲਈ ਨਿੱਤ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਜਾ ਰਹੇ ਹਨ। ਹਾਲ ਹੀ ਅਗਸਤ 2021 ਵਿੱਚ Team DAViS ਨੇ ਆਪਣੇ 1 TB RAM , 510 TB Hard Disk ਵਾਲੇ ਸੁਪਰ ਕੰਪਿਊਟਰ ਨਾਲ 108 ਦਿਨਾਂ ਵਿੱਚ ਮੇਰੇ 6 ਨੀਲ, 28 ਖਰਬ, 31 ਅਰਬ, 85 ਕਰੋੜ, 30 ਲੱਖ, 71 ਹਜ਼ਾਰ, 7 ਸੌ ਛਿਆਨਵੇਂ ਦਸ਼ਮਲਵ ਅੰਕ ਹਾਸਿਲ ਕੀਤੇ। ਮੇਰਾ ਮਤਲਬ 62.8 ਟ੍ਰਿਲੀਅਨ ਅੰਕ।’’
ਫੰਨੇ ਖਾਂ ਹਾਭੜ ਕੇ ਬੋਲਿਆ, ‘‘ਇੱਕ ਗੱਲ ਦੱਸੋ ਕਿ ਇੰਨੇ ਦਸ਼ਮਲਵ ਅੰਕਾਂ ਨੂੰ ਲੱਭਣ ਦਾ ਕੀ ਮਨੋਰਥ ਹੋ ਸਕਦਾ ਹੈ ਜਦੋਂਕਿ ਇਹ ਤਾਂ ਸਿੱਧ ਹੋ ਚੁੱਕਾ ਸੀ ਕਿ ਕੋਈ ਭਿੰਨ (fraction) ਤੁਹਾਡੇ ਬਰਾਬਰ ਨਹੀਂ? ਫੇਰ ਵੀ ਅੱਜ ਤੱਕ ਕਿਉਂ…?’’
ਉਸ ਨੇ ਟੋਕ ਕੇ ਪੁੱਛਿਆ, ‘‘ਕੀ ਤੁਸੀਂ ਜਾਣਦੇ ਹੋ ਕਿ ਆਪਣੀ ਆਕਾਸ਼ਗੰਗਾ ਦਾ ਘੇਰਾ ਮਾਪਣ ਲਈ ਮੇਰੇ ਕਿੰਨੇ ਦਸ਼ਮਲਵ ਅੰਕ ਚਾਹੀਦੇ ਹੋ ਸਕਦੇ ਨੇ?’’
ਫੰਨੇ ਖਾਂ ਨੇ ਨਾਂਹ ਵਿੱਚ ਸਿਰ ਮਾਰ ਦਿੱਤਾ ਤਾਂ ਉਹ ਬੋਲੀ, ‘‘ਇਸ ਘੇਰੇ ਨੂੰ ਇੱਕ ਪ੍ਰੋਟੋਨ ਦੇ ਆਕਾਰ ਤੋਂ ਵੀ ਛੋਟੀ ਤਰੁੱਟੀ ਤੱਕ ਜਾਣਨ ਮੈਂ ਲਈ ਮੇਰੇ ਕੇਵਲ ਪਹਿਲੇ 40 ਦਸ਼ਮਲਵ ਅੰਕ ਕਾਫ਼ੀ ਹਨ।’’
ਫੰਨੇ ਖਾਂ ਨੇ ਗੁੱਸੇ ਵਿੱਚ ਪੁੱਛਿਆ, ‘‘ਤਾਂ ਫਿਰ ਇੰਨੀ ਸਿਰ ਖਪਾਈ ਕਿਉਂ?’’
ਪਾਈ (π) ਬੋਲੀ, ‘‘ਇਹ ਤਾਂ ਅਕਸਰ ਕੰਪਿਊਟਰ ਦੀ ਤਾਕਤ ਅਤੇ ਫੁਰਤੀ ਪਰਖਣ ਲਈ ਮੈਨੂੰ ਮਾਣ ਦਿੱਤਾ ਜਾਂਦਾ ਹੈ। ਮੇਰੇ ਅਰਬਾਂ-ਖਰਬਾਂ ਬੇਤਰਤੀਬੇ (random) ਅੰਕਾਂ ਬਿਨਾਂ ਸੁਪਰ ਕੰਪਿਊਟਰ ਨੂੰ ਕੌਣ ਪਰਖ ਸਕਦਾ ਹੈ?’’
ਪਾਈ (π) ਫੰਨੇ ਖਾਂ ਦੀ ਬੇਚੈਨੀ ਭਾਂਪ ਗਈ ਸੀ। ਉਸ ਨੇ ਗੱਲ ਹਲਕੀ ਕਰਨ ਲਈ ਕਿਹਾ, ‘‘ਤੁਹਾਡਾ ਜਨਮ ਦਿਨ ਕਦ ਹੁੰਦੈ?’’
ਫੰਨੇ ਖਾਂ, ‘‘ਮੈਂ ਕਿਹੜਾ ਤੁਹਾਡੇ ਵਾਂਗਰ ਆਰਕੀਮੀਡੀਜ਼, ਨਿਊਟਨ ਅਤੇ ਕੰਪਿਊਟਰ ਯੁੱਗ ਹੰਢਾਏ ਹਨ? 11 ਫ਼ਰਵਰੀ 2009 ਨੂੰ ਪੈਦਾ ਹੋਇਆ ਸਾਂ।’’
ਪਾਈ (π) ਆਪਣੇ ਮੋਬਾਈਲ ਵਿੱਚ ਕੁਝ ਲੱਭ ਕੇ ਬੋਲੀ, ‘‘ਮੇਰੇ ਦਸ਼ਮਲਵ ਅੰਕਾਂ ਵਿੱਚ ਤੁਹਾਡਾ ਜਨਮ ਦਿਨ 110209 ਪਿਆ ਹੈ 1,99,792ਵੇਂ ਸਥਾਨ ’ਤੇ। ਇਸ ਵੈਬਸਾਈਟ ’ਤੇ ਤੁਸੀਂ ਆਪਣਾ ਜਨਮਦਿਨ ਮੇਰੇ ਦਸ਼ਮਲਵ ਅੰਕਾਂ ਵਿੱਚ ਵੇਖ ਸਕਦੇ ਹੋ, ਉਸ ਨੇ ਫੋਨ ਵਿਖਾਉਂਦਿਆਂ ਕਿਹਾ:
http://www.facade.com/legacy/amiinpi’’
ਫੰਨੇ ਖਾਂ ਥੋੜ੍ਹਾ ਚਿੜ ਕੇ ਬੋਲਿਆ, ‘‘ਇਸ ਦਾ ਕੀ ਲਾਭ ਹੋਇਆ?’’
ਪਾਈ (π), ‘‘ਭਾਵ ਇਹ ਕਿ ਹਰ ਛੇ ਅੰਕਾਂ ਦੀ ਸੰਖਿਆ ਮੇਰੇ ਦਸ਼ਮਲਵ ਅੰਕਾਂ ਵਿੱਚ ਬਿਰਾਜਮਾਨ ਹੈ। ਪਰ ਕੀ ਹਰ ਅੱਠ ਅੰਕਾਂ ਦੀ ਸੰਖਿਆ ਮੇਰੇ ਦਸ਼ਮਲਵ ਅੰਕਾਂ ਵਿੱਚ ਪਈ ਹੈ, ਇਹ ਅਜੇ ਤੱਕ ਕੋਈ ਨਹੀਂ ਜਾਣਦਾ। ਕੋਈ ਨਹੀਂ ਜਾਣਦਾ ਕਿ ਕੀ ਸਾਰੇ ਦਸ਼ਮਲਵ ਅੰਕ 0,1,…, 9 ਮੇਰੇ ਅੰਦਰ ਬਰਾਬਰਤਾ ਨਾਲ ਆਉਂਦੇ ਨੇ, ਕੀ ਕਿਤੇ ਹਜ਼ਾਰ 0, ਜਾਂ ਹਜ਼ਾਰ 1 ਆਉਂਦੇ ਨੇ? ਅਜਿਹੇ ਬਹੁਤੇ ਸੁਆਲ ਅਜੇ ਰਹੱਸ ਹੀ ਨੇ।’’
ਫੰਨੇ ਖਾਂ ਦਾ ਸਿਰ ਚਕਰਾਉਣ ਲੱਗਾ ਅਤੇ ਉਸ ਨੇ ਗੱਲ ਬਦਲਣੀ ਬਿਹਤਰ ਸਮਝੀ, ‘‘ਕੁਝ ਹੋਰ ਦੱਸੋ। ਕੀ ਤੁਹਾਡੇ ਪ੍ਰਸ਼ੰਸਕਾਂ ਵਿੱਚ ਸਿਰਫ਼ ਗਣਿਤਕਾਰ, ਵਿਗਿਆਨੀ ਅਤੇ ਇੰਜੀਨੀਅਰ ਹੀ ਹੋ ਸਕਦੇ ਨੇ?’’
ਮੁਸਕਰਾ ਕੇ ਕਹਿਣ ਲੱਗੀ, ‘‘ਮੇਰੇ ਕਈ ਮੁਰੀਦ ਤਾਂ ਮੇਰੇ ਲਈ ਗੀਤ, ਕਵਿਤਾਵਾਂ, ਕਹਾਣੀਆਂ ਅਤੇ ਹੁਣ ਨਾਟਕ ਤੱਕ ਵੀ ਲਿਖ ਦਿੰਦੇ ਹਨ। ਕਈ ਲੋਕ ਮੇਰੇ ਦਸ਼ਮਲਵ ਅੰਕਾਂ ਜਿੰਨੇ ਅੱਖਰਾਂ ਦੇ ਸ਼ਬਦ ਲਿਖਦੇ ਹੋਏ ਰਚਨਾਵਾਂ ਪੇਸ਼ ਕਰਦੇ ਹਨ। ਮਾਈਕਲ ਕੀਥ (Micheal Kieth) ਨੇ ਤਾਂ 2010 ਵਿੱਚ ਮੇਰੇ ਪਹਿਲੇ 10 ਹਜ਼ਾਰ ਅੰਕ ਵਰਤ ਕੇ ਇੱਕ ਪੂਰੀ ਕਿਤਾਬ ਲਿਖ ਦਿੱਤੀ। 2015 ਵਿੱਚ ਦੋ ਰਾਜਸਥਾਨੀ ਮੁੰਡਿਆਂ ਰਾਜਵੀਰ ਮੀਣਾ ਅਤੇ ਸੁਰੇਸ਼ ਕੁਮਾਰ ਸ਼ਰਮਾ ਨੇ ਕ੍ਰਮਵਾਰ ਮੇਰੇ 70000 ਅਤੇ 70030 ਅੰਕ ਚੇਤੇ ਕਰ ਕੇ ਵਿਸ਼ਵ ਰਿਕਾਰਡ ਬਣਾਏ।’’
ਫੰਨੇ ਖਾਂ ਥੋੜ੍ਹਾ ਸ਼ਰਾਰਤੀ ਲਹਿਜੇ ਵਿਚ ਬੋਲਿਆ, ‘‘ਕੋਈ ਜੰਗਾਂ ਯੁੱਧਾਂ ਦੇ ਤਜ਼ਰਬੇ?’’
ਪਾਈ (π) ਗੰਭੀਰ ਹੋ ਕੇ, ‘‘ਬਿਲਕੁਲ। ਦੂਜੀ ਵਿਸ਼ਵ ਜੰਗ ਤੋਂ ਕੁਝ ਕੁ ਸਾਲ ਪਹਿਲਾਂ ਜਰਮਨੀ ਦੀ ਗੋਟਿੰਗਨ ਯੂਨੀਵਰਸਿਟੀ ਦੇ ਐਡਮੰਡ ਲੈਂਡੌ (Edmund Landau) ਨੇ ਮੇਰੀ ਇੱਕ ਵਿਲੱਖਣ ਜਿਹੀ ਪਰਿਭਾਸ਼ਾ ਦਿੱਤੀ, ਜੋ ਕਿ ਬਿਲਕੁਲ ਸਹੀ ਹੈ ਅਤੇ ਅੱਜਕੱਲ੍ਹ ਪ੍ਰਚਲਿਤ ਵੀ। ਪਰ ਉਸ ਨੂੰ ਜਰਮਨ ਨਾ ਹੋਣ ਕਰਕੇ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।’’
ਪਾਈ (π) ਭਾਵੁਕ ਹੋ ਰਹੀ ਸੀ ਅਤੇ ਫੰਨੇ ਖਾਂ ਨੇ ਪਾਣੀ ਦਾ ਗਿਲਾਸ ਫੜਾਉਂਦਿਆਂ ਗੱਲ ਬਦਲਣੀ ਚਾਹੀ, ‘‘ਮੈਂ ਸੁਣਿਐ ਕਿ ਤੁਸਾਂ ਸਭ ਤੋਂ ਖ਼ੂਬਸੂਰਤ ਸਮੀਕਰਣ ਨੂੰ ਵੀ ਨਿਵਾਜਿਆ ਹੈ?’’
ਪਾਈ (π) ਦੇ ਚਿਹਰੇ ’ਤੇ ਚਮਕ ਆ ਗਈ ਅਤੇ ਬੋਲੀ, ‘‘ਬੇਸ਼ੱਕ!
ਹੈ ਹੀ ਸਭ ਤੋਂ ਖੂਬਸੂਰਤ। ਇਸ ਵਿੱਚ ਸਭ ਤੋਂ ਮਹੱਤਵਪੂਰਨ ਪੰਜ ਸੰਖਿਆਵਾਂ 0,1, , e, i; ਅਤੇ ਤਿੰਨ ਬੇਹੱਦ ਖ਼ਾਸ ਕਾਰਜ ਜੋੜਨਾ, ਗੁਣਾ ਕਰਨਾ ਅਤੇ ਪਾਵਰ ਦਾ ਬਿਹਤਰੀਨ ਸੁਮੇਲ ਹੈ।’’
ਫੰਨੇ ਖਾਂ, ‘‘ਭਵਿੱਖ ਵਿੱਚ ਤੁਹਾਡੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ?’’
ਪਾਈ (π), ‘‘ਇਤਿਹਾਸ ਵਿੱਚ ਮੈਂ ਬੜੇ ਅਚੰਭੇ ਕੀਤੇ ਹਨ। ਮੇਰੇ ਅੰਕਾਂ ਦੀ ਬੇਤਰਤੀਬੀ (randomness) ਬੜੀਆਂ ਰਮਜ਼ਾਂ ਸਾਂਭੀ ਬੈਠੀ ਹੈ। ਅੱਗੇ ਕਿਹੜੇ ਰਹੱਸ ਉਜਾਗਰ ਹੋਣਗੇ, ਇਸ ਦਾ ਜੁਆਬ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੀ ਪਿਆ ਹੈ।’’
ਫੰਨੇ ਖਾਂ, ‘‘ਪਰ ਫੇਰ ਵੀ। ਕੁਝ ਤਾਂ ਦੱਸੋ?’’
ਪਾਈ (π) ਨੇ ਸ਼ਰਾਰਤੀ ਲਹਿਜੇ ਵਿੱਚ ਹੱਥ ਵਿੱਚ ਫੜੇ ਹੋਏ ਕੱਚ ਦੇ ਗਲਾਸ ਨੂੰ ਸੁੱਟਦਿਆਂ ਕਿਹਾ, ‘‘ਕੀ ਪਤਾ… ਕੱਲ੍ਹ ਨੂੰ ਤੁਹਾਡੇ ਕਿਸੇ ਅਸੀਮ ਵਿਸ਼ਵਾਸ ਨੂੰ ਤੜੱਕ ਕਰ ਕੇ ਤੋੜ ਦੇਵਾਂ।’’
ਨੀਂਦ ਵਿੱਚ ਹੱਥ ਵੱਜਣ ਕਰਕੇ ਕੱਚ ਦੇ ਗਿਲਾਸ ਦੇ ਨਾਲ-ਨਾਲ ਫੰਨੇ ਖਾਂ ਦਾ ਸੁਪਨਾ ਵੀ ਟੁੱਟ ਗਿਆ; ਅਤੇ ਉਸ ਨੇ ਉੱਠਣਸਾਰ ਬੱਤੀ ਜਗਾ ਕੇ ਇਸ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ।
* ਗਣਿਤਕਾਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਸੰਪਰਕ: 98761-97191