ਬਹਾਦਰ ਸਿੰਘ ਗੋਸਲ
ਪੰਜਾਬ ਦੇ ਪਿੰਡਾਂ ਵਿਚ ਬਣੇ ਪੁਰਾਣੇ ਦਰਵਾਜ਼ੇ ਪਿੰਡ ਦੀ ਸ਼ਾਨ ਅਤੇ ਸੁਰੱਖਿਆ ਪਖੋਂ ਮਹਾਨਤਾ ਰੱਖਦੇ ਸਨ। ਇਹ ਪੁਰਾਤਨ ਦਰਵਾਜ਼ੇ ਹੀ ਸਨ, ਜਿੱਥੇ ਪਿੰਡਾਂ ਵਿਚ ਠੀਕਰੀ ਪਹਿਰਾ ਲਗਾ ਕੇ ਬਾਹਰੀ ਦੁਸ਼ਮਣਾਂ ਤੋਂ ਪਿੰਡ ਦੀ ਰਾਖੀ ਕੀਤੀ ਜਾਂਦੀ ਸੀ। ਪਿੰਡ ਵਿਚ ਵਿਆਹ-ਸ਼ਾਦੀ ਜਾਂ ਸਾਂਝੇ ਸਮਾਗਮਾਂ ਸਮੇਂ ਇਨ੍ਹਾਂ ਦਰਵਾਜ਼ਿਆਂ ਵਿਚ ਖੂਬ ਰੌਣਕ ਲੱਗਦੀ ਸੀ। ਇੱਥੋਂ ਤੱਕ ਕਿ ਪਿੰਡ ਦੇ ਅੰਦਰੂਨੀ ਝਗੜਿਆਂ ਦੇ ਪੰਚਾਇਤੀ ਫੈਸਲੇ ਕਰਨ ਲਈ ਵੀ ਦਰਵਾਜ਼ੇ ਵਿਚ ਸੱਥਾਂ ਲੱਗਦੀਆਂ ਸਨ। ਕਈ ਪਿੰਡਾਂ ਵਿਚ ਅੱਜ ਵੀ ਪੁਰਾਣੇ ਦਰਵਾਜ਼ੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦੀ ਵਿਰਾਸਤੀ ਖਿੱਚ ਸਦਾ ਹੀ ਹਰ ਇੱਕ ਦਾ ਮਨ ਮੋਹ ਲੈਂਦੀ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਅੱਜ ਬਹੁਤ ਸਾਰੇ ਪਿੰਡਾਂ ਵਿਚ ਪੁਰਾਣੇ ਦਰਵਾਜ਼ਿਆਂ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਅਜਿਹਾ ਹੀ ਇੱਕ ਪੁਰਾਣਾ ਦਰਵਾਜ਼ਾ ਜ਼ਿਲ੍ਹਾ ਬਠਿੰਡਾ ਦੇ ਪਿੰਡ ‘ਬੀਬੀ ਵਾਲਾ’ ਵਿਚ ਦੇਖਣ ਨੂੰ ਮਿਲਦਾ ਹੈ, ਜੋ ਸੰਨ 1910 ਵਿਚ ਬਣਿਆ ਸੀ ਪਰ ਇਸ ਦੇ ਨਵੀਨੀਕਰਨ ਦੀ ਕਹਾਣੀ ਬੜੀ ਦਿਲਚਸਪ ਹੈ। ਪਿੰਡ ਦੇ ਬਜ਼ੁਰਗ ਬਿਕਰ ਸਿੰਘ ਨਹਿਲ ਨੇ ਦੱਸਿਆ ਕਿ 1947 ਵਿਚ ਪਿੰਡ ਦੇ ਕੁੱਝ ਮੁਸਲਮਾਨ ਵੀਰ ਪਿੰਡ ਛੱਡ ਕੇ ਪਾਕਿਸਤਾਨ ਜਾ ਵਸੇ ਸਨ ਪਰ ਉਨ੍ਹਾਂ ਦੀਆਂ ਯਾਦਾਂ ਇਸ ਪਿੰਡ ਨਾਲ ਜੁੜੀਆਂ ਸਨ ਅਤੇ ਉਹ ਪਿੰਡ ਦੇ ਲੋਕਾਂ ਨੂੰ ਚਿੱਠੀ-ਪੱਤਰ ਰਾਹੀਂ ਪਿੰਡ ਦੀ ਖ਼ਬਰ ਸਾਰ ਲੈਂਦੇ ਰਹਿੰਦੇ ਸਨ।
ਕੁੱਝ ਸਾਲ ਪਹਿਲਾਂ ਬਿਕਰ ਸਿੰਘ ਨਹਿਲ ਪਿੰਡ ਦੇ 8-10 ਵਿਅਕਤੀਆਂ ਸਮੇਤ ਇੱਕ ਜਥੇ ਵਿਚ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ ਤਾਂ ਉਨ੍ਹਾਂ ਨੇ ਪਿੰਡ ’ਚੋਂ ਗਏ ਪਾਕਿਸਤਾਨੀ ਬਸ਼ਿੰਦਿਆਂ ਨਾਲ ਰਾਬਤਾ ਕਾਇਮ ਕੀਤਾ। ਉਹ ਵੀ ਬਿਕਰ ਸਿੰਘ ਨੂੰ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਅਤੇ ਫਿਰ ਲਾਹੌਰ ਮਿਲਣ ਲਈ ਆਏ। ਉਨ੍ਹਾਂ ਨੇ ਪਿੰਡ ਦੀ ਹਰ ਪੁਰਾਣੀ ਯਾਦ ਸਾਂਝੀ ਕਰਦਿਆਂ ਜਦੋਂ ਪਿੰਡ ਵਿਚ 1910 ਵਿਚ ਬਣੇ ਦਰਵਾਜ਼ੇ ਦਾ ਹਾਲ ਜਾਨਣਾ ਚਾਹਿਆ ਤਾਂ ਪਿੰਡ ਬੀਬੀ ਵਾਲਾ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਦਰਵਾਜ਼ਾ ਤਾਂ ਹੁਣ ਢਹਿ-ਢੇਰੀ ਹੋਣ ਕਿਨਾਰੇ ਹੈ। ਇਹ ਗੱਲ ਸੁਣ ਕੇ ਮੁਸਲਮਾਨ ਵੀਰਾਂ ਨੇ ਬੜਾ ਦੁੱਖ ਜਤਾਇਆ ਅਤੇ ਜਥੇ ਦੇ ਮੈਂਬਰਾਂ ਨੂੰ ਕਿਹਾ, ‘ਕਮਾਲ ਦੀ ਗੱਲ ਏ, ਪਿੰਡ ਵਾਲੇ ਦਰਵਾਜ਼ੇ ਦੀ ਸੰਭਾਲ ਨਹੀਂ ਕਰ ਸਕੇ। ਪਿੰਡ ਵਾਲਿਆਂ ਨੂੰ ਦਰਵਾਜ਼ੇ ਦੀ ਸੰਭਾਲ ਕਰਨੀ ਚਾਹੀਦੀ ਹੈ। ਜੇ ਪੈਸਿਆਂ ਦੀ ਲੋੜ ਹੈ ਤਾਂ ਅਸੀਂ ਭੇਜ ਦੇਵਾਂਗੇ।’
ਇਹ ਗੱਲ ਸੁਣ ਕੇ ਜਥੇ ਵਾਲਿਆਂ ਨੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਦਰਵਾਜ਼ੇ ਦਾ ਨਵੀਨੀਕਰਨ ਕਰਨ ਦਾ ਫੈਸਲਾ ਲਿਆ। ਜਥੇ ਵਾਲਿਆਂ ਨੇ ਵਾਪਸ ਆ ਕੇ ਸਾਰੀ ਗੱਲ ਪਿੰਡ ਵਾਸੀਆਂ ਨਾਲ ਸਾਂਝੀ ਕੀਤੀ ਅਤੇ ਫਿਰ ਪੂਰਾ ਪਿੰਡ ਇੱਕਜੁਟ ਹੋ ਕੇ ਪਿੰਡ ਦੇ ਪੁਰਾਣੇ ਦਰਵਾਜ਼ੇ ਦੇ ਨਵੀਨੀਕਰਨ ਵੱਲ ਲੱਗ ਗਿਆ ਪਰ ਇਸ ਦੀ ਪੁਰਾਣੀ ਦਿੱਖ ਉਸੇ ਤਰ੍ਹਾਂ ਬਰਕਰਾਰ ਰੱਖੀ।
ਪਿੰਡ ਵਾਲਿਆਂ ਵੱਲੋਂ 1 ਲੱਖ 35 ਹਜ਼ਾਰ ਰੁਪਏ ਖਰਚ ਕੇ ਪਿੰਡ ਦੇ ਇਸ ਦਰਵਾਜ਼ੇ ਦਾ ਨਵੀਨੀਕਰਨ ਕੀਤਾ ਗਿਆ। ਦਰਵਾਜ਼ੇ ਦੀ ਪੁਰਾਤਣ ਦਿੱਖ ਨੂੰ ਉਹੀ ਰੂਪ ਦਿੰਦਿਆਂ ਛੇ ਪਿੱਲਰ ਬਣਾਏ ਗਏ ਹਨ ਅਤੇ ਉਚਾਈ 21 ਫੁੱਟ ਦੇ ਕਰੀਬ ਹੈ। ਦਰਵਾਜ਼ੇ ਅੰਦਰ ਪੰਜ ਵੱਡੇ ਅਤੇ ਛੇ ਛੋਟੇ ਆਲੇ ਬਣੇ ਹਨ।
ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਦਰਵਾਜ਼ੇ ਦੇ ਦੋਹੇਂ ਪਾਸੇ ਖੁੱਲ੍ਹਾ ਥਾਂ ਹੈ, ਜੋ ਪੁਰਾਣੇ ਸਮਿਆਂ ਵਿਚ ਪਿੰਡ ਦੇ ਜਾਂ ਬਾਹਰੋ ਆਏ ਅਧਿਕਾਰੀਆਂ ਲਈ ਕੀਤੇ ਜਾਣ ਵਾਲੇ ਵੱਡੇ ਇਕੱਠਾਂ ਲਈ ਵਰਤੀ ਜਾਂਦੀ ਸੀ। ਅਜਿਹੇ ਮੌਕਿਆਂ ’ਤੇ ਪਿੰਡ ਦੀਆਂ ਔਰਤਾਂ ਦੇ ਬਾਹਰ-ਅੰਦਰ ਜਾਣ ਲਈ ਦਰਵਾਜ਼ੇ ਨਾਲ ਲੱਗਦੀ ਇੱਕ ਵੱਖਰੀ ਗਲੀ ਬਣਾਈ ਗਈ ਸੀ, ਜੋ ਅੱਜ ਵੀ ਮੌਜੂਦ ਹੈ। ਦਰਵਾਜ਼ੇ ਦੇ ਅੰਦਰ ਲੰਘ ਕੇ ਬੀਬੀ ਕਰਮ ਕੌਰ ਦਾ ਖੂਹ ਹੁੰਦਾ ਸੀ। ਅੱਜ-ਕੱਲ੍ਹ ਇਹ ਖੂਹ ਪੱਕੀ ਛੱਤ ਨਾਲ ਢੱਕ ਦਿੱਤਾ ਗਿਆ ਹੈ ਅਤੇ ਥੋੜ੍ਹਾ ਹੋਰ ਅੱਗੇ ਜਾ ਕੇ ਬੀਬੀ ਕਰਮ ਕੌਰ ਦੀ ਸਮਾਧ ਹੈ। ਇਹ ਵੀ ਦੱਸਿਆ ਗਿਆ ਹੈ ਕਿ ਦਰਵਾਜ਼ੇ ਅੱਗੇ ਇੱਕ ਪੁਰਾਣਾ ਜੰਡ ਹੁੰਦਾ ਸੀ, ਜਿਸ ਦੀ ਥਾਂ ਅੱਜਕੱਲ੍ਹ ਪਿੱਪਲ ਲੱਗਾ ਹੋਇਆ ਹੈ। ਪਹਿਲਾਂ ਦਰਵਾਜ਼ੇ ਦੀ ਛੱਤ ਲੱਕੜ ਦੀਆਂ ਫੱਟੀਆਂ ਦੀ ਬਣੀ ਹੁੰਦੀ ਸੀ ਪਰ ਹੁਣ ਇਹ ਛੱਤ ਪੱਕੀ ਬਣਾ ਦਿੱਤੀ ਗਈ ਹੈ। ਪਿੰਡ ਬੀਬੀ ਵਾਲਾ ਬਠਿੰਡਾ ਕੈਂਟ ਤੋਂ ਤਿੰਨ ਕੁ ਮੀਲ ਦੀ ਵਿੱਥ ’ਤੇ ਪੱਛਮ ਵੱਲ ਸਥਿਤ ਹੈ। ਇਸ ਦਾ ਨਾਂ ਬੀਬੀ ਕਰਮ ਕੌਰ ਦੇ ਨਾਂ ’ਤੇ ਹੀ ਬੀਬੀ ਵਾਲਾ ਰੱਖਿਆ ਗਿਆ ਹੈ।
ਸੰਪਰਕ: 98764-52223