ਮੁਖਤਾਰ ਗਿੱਲ
ਮੁਗਲ ਕਾਲ ਅਤੇ ਖਾਲਸਾ ਰਾਜ ਦੌਰਾਨ ਸਰਹੱਦੀ ਇਲਾਕੇ ਵਿੱਚ ਉਸਾਰੀਆਂ ਗਈਆਂ ਪ੍ਰਾਚੀਨ ਤੇ ਇਤਿਹਾਸਕ ਵਿਰਾਸਤੀ ਇਮਾਰਤਾਂ ਸਮੇਂ ਦੀਆਂ ਸਰਕਾਰਾਂ ਅਤੇ ਸਥਾਨਕ ਲੋਕਾਂ ਦੀ ਅਣਦੇਖੀ ਕਾਰਨ ਖੰਡਰ ਬਣਦੀਆਂ ਜਾ ਰਹੀਆਂ ਹਨ। ਇਤਿਹਾਸ ਦੇ ਪੰਨਿਆਂ ’ਤੇ ਡੂੰਘੀ ਛਾਪ ਛੱਡਣ ਵਾਲੀਆਂ ਇਹ ਇਮਾਰਤਾਂ ਪਰਾਤੱਤਵ ਵਿਭਾਗ ਵੱਲੋਂ ਵੀ ਨਜ਼ਰਅੰਦਾਜ਼ ਕੀਤੀਆਂ ਜਾ ਰਹੀਆਂ ਹਨ।
ਜਹਾਂਗੀਰ ਦੀ ਅਰਾਮਗਾਹ: ਜੰਗ-ਏ-ਆਜ਼ਾਦੀ ਦੇ ਸ਼ਹੀਦ ਮੇਵਾ ਸਿੰਘ ਦੇ ਜੱਦੀ ਪਿੰਡ ਲੋਪੋਕੇ ਤੋਂ ਦੋ ਕਿਲੋਮੀਟਰ ਦੂਰ ਲੇਖਕਾਂ ਦੇ ਮੱਕੇ ਦੇ ਨਾਂ ਨਾਲ ਜਾਣੇ ਜਾਂਦੇ ਪਿੰਡ ਪ੍ਰੀਤਨਗਰ ਵਿੱਚ ਮੁਗਲੀਆ ਸ਼ਾਸਕ ਜਹਾਂਗੀਰ ਦੀ ਅਰਾਮਗਾਹ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਇਹ ਕਿਸੇ ਵੀ ਸਮੇਂ ਢਹਿ ਢੇਰੀ ਹੋ ਸਕਦੀ ਹੈ। ਇਹ ਵਿਰਾਸਤੀ ਭਵਨ ਭਾਵੇਂ ਲਗਪਗ 400 ਸਾਲ ਪੁਰਾਤਨ ਹੈ ਪਰ ਪਿਛਲੇ ਢਾਈ-ਤਿੰਨ ਦਹਾਕਿਆਂ ’ਚ ਹੀ ਇਹ ਇਮਾਰਤ ਬਦ ਤੋਂ ਬਦਤਰ ਹਾਲਤ ਤਕ ਪਹੁੰਚ ਗਈ ਹੈ।
ਅੱਜ ਤੋਂ ਅੱਠ ਦਹਾਕੇ ਪਹਿਲਾਂ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਅੰਮ੍ਰਿਤਸਰ ਅਤੇ ਲਾਹੌਰ ਵਿਚਾਲੇ ਪੈਂਦੇ ਪਿੰਡ ਲੋਪੋਕੇ ਦੀ 376 ਵਿਘੇ ਜ਼ਮੀਨ ਕਵੀ ਧਨੀਰਾਮ ਚਾਤ੍ਰਕ ਰਾਹੀਂ 40 ਹਜ਼ਾਰ ਰੁਪਏ ਵਿੱਚ ਖਰੀਦੀ ਸੀ। ਉਸ ਵੇਲੇ ਚਹੁੰ ਵਿਘਿਆਂ ਵਿਚ ਨਾਨਕਸ਼ਾਹੀ ਇੱਟਾਂ ਦੀਆਂ ਪੌੜੀਆਂ ਵਾਲਾ ਤਲਾਬ, ਪੈਂਤੀ ਵਿਘਿਆਂ ਦੁਆਲੇ ਵਲੀ ਹੋਈ ਨਾਨਕਸ਼ਾਹੀ ਇੱਟਾਂ ਦੀ ਫਸੀਲ, ਚਾਰੇ ਨੁੱਕਰਾਂ ’ਤੇ ਬੁਰਜ, ਫਸੀਲ ਦੇ ਅੰਦਰ ਨਿੱਕੀਆਂ ਇੱਟਾਂ ਵਾਲੀ ਦੋ ਮੰਜ਼ਲੀ ਹਵੇਲੀ, ਟਿੰਡਾਂ ਵਾਲਾ ਖੂਹ ਅਤੇ ਘੋੜਿਆਂ ਦਾ ਅਸਤਬਲ ਹੁੰਦਾ ਸੀ। ਇਨ੍ਹਾਂ ਵਿਚਾਲੇ ਜਹਾਂਗੀਰ ਤੇ ਉਸ ਦੀ ਬੇਗਮ ਨੂਰਜਹਾਂ ਦੀ ਅਰਾਮਗਾਹ ਹੈ। ਸ਼ਹਿਨਸ਼ਾਹ ਜਹਾਂਗੀਰ ਆਪਣੀ ਬੇਗਮ ਨੂਰਜਹਾਂ ਨਾਲ ਰਾਜਧਾਨੀ ਸ਼ਾਹਦਰਾ (ਲਾਹੌਰ) ਤੋਂ ਕਸ਼ਮੀਰ ਅਤੇ ਕਸ਼ਮੀਰ ਤੋਂ ਲਾਹੌਰ ਆਉਂਦਾ-ਜਾਂਦਾ ਪੜਾਅ ਦੌਰਾਨ ਇਸ ਅਰਾਮਗਾਹ ਵਿੱਚ ਠਹਿਰਦਾ ਸੀ। ਨੂਰਜਹਾਂ ਸਵੇਰੇ ਇਥੋਂ ਲਹਿੰਦੇ ਵੱਲ ਅੱਧੇ ਕੋਹ ਦੀ ਦੂਰੀ ’ਤੇ ਸਥਿਤ ਦਰਗਾਹ ਸਾਈਂ ਸ਼ਾਹ ਬਖਤਿਆਰ ਨੂੰ ਸਜਦਾ ਕਰਨ ਜਾਂਦੀ ਸੀ। ਪੰਜਾਬੀ ਗਲਪ ਦੇ ਸ਼ਾਹਸਵਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜਦੋਂ ਇੱਥੇ ਪ੍ਰੀਤਨਗਰ ਵਸਾਇਆ ਤਾਂ ਉਨ੍ਹਾਂ ਨੇ ਮੁਗਲੀਆ ਬਾਦਸ਼ਾਹ ਦੀ ਅਰਾਮਗਾਹ ਨੂੰ ਪਹਿਲਾਂ ਮਨੋਰੰਜਨ ਕਲੱਬ ਵਿਚ ਤਬਦੀਲ ਕੀਤਾ ਅਤੇ ਬਾਅਦ ਵਿਚ ਪ੍ਰੀਤਲੜੀ ਪ੍ਰੈੱਸ ਸਥਾਪਤ ਕੀਤੀ। ਪੁਰਾੱਤਤਵ ਵਿਭਾਗ ਵੱਲੋਂ ਇਸ ਇਤਿਹਾਸਕ ਧਰੋਹਰ ਨੂੰ ਅਣਗੌਲਿਆਂ ਕੀਤੇ ਜਾਣ ਕਾਰਨ ਹੁਣ ਇਸ ਦੀ ਹਾਲਤ ਬੇਹਦ ਖਸਤਾ ਹੋ ਚੁੱਕੀ ਹੈ।
ਭੀਲੋਵਾਲ ਨੇੜਲੀਆਂ ਬਾਰਾਂਦਰੀਆਂ: ਪ੍ਰੀਤ ਨਗਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਲੋਪੋਕੇ ਭਿੰਡੀ ਸੈਦਾਂ ਅਜਨਾਲਾ ਸੜਕ ’ਤੇ ਸਥਿਤ ਖੱਬੇ ਲਹਿੰਦੇ ਵੱਲ ਨੂੰ ਇਤਿਹਾਸ ਦੇ ਪੰਨਿਆਂ ’ਤੇ ਸਿਮਟ ਰਹੀਆਂ ਮੁਗਲਕਾਲ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੌਰਾਨ ਬਣੀਆਂ ਬਾਰਾਂਦਰੀਆਂ, ਬਾਉਲੀਆਂ (ਛੋਟੇ ਤਲਾਬ ਜਾਂ ਚੁਬੱਚੇਨੁਮਾ ਪਰਦੇ ਵਿਚ ਨਹਾਉਣ ਵਾਲੇ ਖੁਰੇ) ਅਤੇ ਹੋਰ ਪ੍ਰਚੀਨ ਇਤਿਹਾਸਕ ਧਰੋਹਰਾਂ(ਇਮਾਰਤਾਂ) ਸਾਹ ਵਰੋਲ ਰਹੀਆਂ ਹਨ। ਇਨ੍ਹਾਂ ਵਿਰਾਸਤੀ ਇਮਾਰਤਾਂ ਬਾਰੇ ਕੋਈ ਪ੍ਰਵਾਨਤ ਇਤਿਹਾਸਕ ਤੱਥ ਉਪਲੱਬਦ ਨਾ ਹੋਣ ਕਰਕੇ ਇਨ੍ਹਾਂ ਧਰੋਹਰਾਂ ਦੇ ਨਿਰਮਾਣ ਕਾਲ ਨੂੰ ਮੁਗਲ ਸਮਰਾਟ ਸ਼ੇਰਸ਼ਾਹ ਸੂਰੀ ਦੇ ਸ਼ਾਸਨਕਾਲ ਦੌਰਾਨ ਅਤੇ ਕੁਝ ਮੁਗਲ ਸ਼ਾਹਜਹਾਨ ਅਤੇ ਕਈ ਮੁਗਲ ਸ਼ਾਸਕ ਜਹਾਂਗੀਰ ਨਾਲ ਜੋੜਦੇ ਹਨ। ਫਿਰ ਵੀ ਇਨ੍ਹਾਂ ਬਾਰਾਂਦਰੀਆਂ ਅਤੇ ਬਾਉਲੀਆਂ ਦਾ ਨਿਰਮਾਣ ਕਾਲ ਮੁਗਲ ਬਾਦਸ਼ਾਹ ਜਹਾਂਗੀਰ ਨਾਲ ਜੋੜਿਆ ਜਾਣਾ ਜ਼ਿਆਦਾ ਪ੍ਰਵਾਨਤ ਲੱਗਦਾ ਹੈ ਕਿਉਂਕਿ ਜਦੋਂ ਮੁਗਲ ਸ਼ਹਿਨਸ਼ਾਹ ਜਹਾਂਗੀਰ ਆਪਣੀ ਬੇਗਮ ਨੂਰਜਹਾਂ ਨਾਲ ਕਸ਼ਮੀਰ ਆਉਂਦਾ-ਜਾਂਦਾ ਆਪਣੀ ਅਰਾਮਗਾਹ ਵਿੱਚ ਪੜਾਅ ਕਰਦਾ ਸੀ ਤਾਂ ਉਸ ਨਾਲ ਚੱਲ ਰਹੀ ਸੈਨਾ, ਸਿਪਾਹਸਲਾਰ, ਲਾਮ ਲਸ਼ਕਰ ਅਤੇ ਦਾਸੀਆਂ ਆਦਿ ਦੇ ਆਰਾਮ ਤੇ ਇਸ਼ਨਾਨ ਵਾਸਤੇ ਆਸ-ਪਾਸ ਭੀਲੋਵਾਲ, ਚੂਚਕਵਾਲ ਅਤੇ ਲੋਪੋਕੇ ਵਿੱਚ ਬਾਰਾਂਦਰੀਆਂ ਤੇ ਬਾਉਲੀਆਂ ਦਾ ਨਿਰਮਾਣ ਕਰਵਾਇਆ ਗਿਆ ਹੋਵੇਗਾ।
ਭੀਲੋਵਾਲ ਦੇ ਰੜੇ ਮੈਦਾਨ ’ਚ ਹੋਈ ਗਹਿਗੱਚ ਲੜਾਈ ਵਿਚ ਸਿੱਖਾਂ ਨੇ ਮੁਗਲ ਫੌਜ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ ਸੀ। ਮਹਿਤਾ ਪਰਿਵਾਰ ਦੇ ਜ਼ੈਲਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਵੱਡ-ਵਡੇਰੇ ਬੇਸ਼ੁਮਾਰ ਜ਼ਮੀਨਾਂ ਦੇ ਮਾਲਕ ਸਨ। ਮੰਨੇ-ਪ੍ਰਮੰਨੇ ਸ਼ਾਹੂਕਾਰ ਭਗਵਾਨ ਦਾਸ ਨੇ ਭੀਲੋਵਾਲ ਦੇ ਬਾਹਰਵਾਰ ਬਾਗ ਤੇ ਬਾਰਾਂਦਰੀ ਬਣਵਾਈ ਸੀ। ਲੋਪੋਕੇ ਦੇ ਬਾਹਰਵਾਰ ਬਾਰਾਂਦਰੀ 70ਵੇਂ ਦਹਾਕੇ ਤਕ ਆਬਾਦ ਸੀ। ਫਿਰ ਇਸ ਨੂੰ ਢਾਹ ਕੇ ਇਸ ਜ਼ਮੀਨ ’ਤੇ ਸਰਕਾਰੀ ਸਨਅਤੀ ਸਿਖਲਾਈ ਕੇਂਦਰ ਦੀ ਇਮਾਰਤ ਬਣਾਈ ਗਈ। ਲੋਪੋਕੇ ਦੇ ਇੱਕ ਵਸਨੀਕ ਨੇ ਦੱਸਿਆ ਕਿ ਇੱਥੇ ਅਕਬਰ ਦੇ ਰਾਜ ਦੌਰਾਨ ਬਣਾਈ ਗਈ ਬਾਰਾਂਦਰੀ ਹੁੰਦੀ ਸੀ, ਜਿੱਥੇ ਅੱਜਕੱਲ੍ਹ ਆਈਟੀਆਈ ਹੈ। ਲੋਪੋਕੇ ਦੀ ਬਾਰਾਂਦਰੀ ਦੇ ਹੇਠੋਂ ਦੀ ਭੀਲੋਵਾਲ ਦੀ ਬਾਉਲੀ ਤੇ ਬਾਰਾਂਦਰੀ ਤਕ ਸੁਰੰਗ ਹੁੰਦੀ ਸੀ, ਜਿਸ ਰਾਹੀਂ ਦੌਲਤਰਾਮ ਦਾ ਸ਼ਾਹੀ ਪਰਿਵਾਰ ਰਾਮ ਲੀਲਾ ਵੇਖਣ ਜਾਇਆ ਕਰਦਾ ਸੀ।। ਭੀਲੋਵਾਲ ਦੀ ਬਾਰਾਂਦਰੀ ਸਾਹਮਣੇ ਹਰ ਸਾਲ ਲੱਗਣ ਵਾਲੀ ਰਾਮ ਲੀਲਾ ਇਲਾਕੇ ਵਿਚ ਮਸ਼ਹੂਰ ਸੀ, ਜਿਹੜੀ ਹਿੰਦ-ਪਾਕਿ ਬਟਵਾਰੇ ਬਾਅਦ ਵੀ ਕਾਲੇ ਦੌਰ ਤਕ ਖੇਡੀ ਜਾਂਦੀ ਰਹੀ ਸੀ।
ਸ਼ੇਰ-ਏ-ਪੰਜਾਬ ਦਾ ਅਦਾਲਤੀ ਬੁਰਜ: ਪ੍ਰਾਚੀਨ ਕਾਲ ਦੀਆਂ ਧਰੋਹਰਾਂ (ਵਿਰਾਸਤੀ ਇਮਾਰਤਾਂ) ਅਤੇ ਮੁਗਲ ਕਾਲ ਦੀਆਂ ਪੁਰਾਤਨ ਮਸਜਿਦਾਂ, ਬਾਰਾਂਦਰੀਆਂ, ਬਾਉਲੀਆਂ ਆਦਿ ਇਸ ਇਲਾਕੇ ’ਚੋਂ ਸਮੇਂ ਦੀ ਧੂੜ ਹੇਠ ਹੌਲੀ-ਹੌਲੀ ਗਰਕ ਹੋ ਰਹੀਆਂ ਹਨ। ਭਾਵ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੁੰਦੀਆਂ ਜਾ ਰਹੀਆਂ ਹਨ। ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੀ ਅਟਾਰੀ ਚੋਗਾਵਾਂ ਸੜਕ ’ਤੇ ਸਥਿਤ ਪਿੰਡ ਵਣੀਏਕੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅਦਾਲਤੀ ਬੁਰਜ, ਪ੍ਰਾਚੀਨ ਮੰਦਰ, ਤਲਾਬ ਅਤੇ ਮੁਗਲਕਾਲ ਦੀ ਵਿਰਾਸਤੀ ਮਸਜਿਦ ਆਦਿ ਵਕਤ ਦੀ ਮਾਰ ਹੇਠ ਸਾਹ ਵਰੋਲ ਰਰੀਆਂ ਹਨ। ਅੱਜ ਦੋ ਕੁ ਹਜ਼ਾਰ ਦੀ ਆਬਾਦੀ ਵਾਲਾ ਪਿੰਡ ਵਣੀਏਕੇ ਕਦੀ ਮੁਗਲ, ਸਿੱਖ ਰਾਜ ਅਤੇ ਬ੍ਰਿਟਿਸ਼ ਸ਼ਾਸਨਕਾਲ ਦੌਰਾਨ ਘੁੱਗ ਵਸਦਾ ਕਸਬਾ ਹੁੰਦਾ ਸੀ। ਉਨ੍ਹਾਂ ਦਿਨਾਂ ’ਚ ਇਹ ਕਸਬਾ ਹਿਕਮਤ ਦਾ ਕੇਂਦਰ ਵੀ ਸੀ। ਜਦੋਂ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਸਿੰਜਾਈ ਵਾਸਤੇ ਮਾਧੋਪੁਰ ਤੋਂ ਹੰਸਲੀ (ਨਹਿਰ) ਕਢਵਾਈ ਸੀ ਤਾਂ ਇਸ ਦੇ ਆਸ-ਪਾਸ ਰਾਮਗੜ੍ਹ, ਵਣੀਏਕੇ, ਮੋਦੇ, ਧਨੋਏ ਅਤੇ ਬਾਗਬਾਨਪੁਰਾ ਆਦਿ ਪਿੰਡ ਪੂਰੀ ਤਰਾਂ ਵਿਕਸਤ ਸਨ।
ਮਹਾਰਾਜਾ ਰਣਜੀਤ ਸਿੰਘ ਡੇਰਾ ਬਾਬਾ ਨਾਨਕ ਰਾਹੀਂ ਗੁਰਦਾਸਪੁਰ ਜਾਂਦੇ ਇੱਥੇ ਪੜਾਅ ਕਰਦੇ ਸਨ। ਇਸ ਬੁਰਜ ਵਿਚ ਉਨ੍ਹਾਂ ਦੀ ਅਦਾਲਤ ਲੱਗਦੀ ਹੁੰਦੀ ਸੀ। ਇੱਥੇ ਮਹਾਰਾਜਾ ਬਿਮਾਰ ਹੋ ਗਏ। ਖਲੀਫਾ ਨੂਰਦੀਨ ਅਤੇ ਫਕੀਰ ਸ਼ਾਹਦੀਨ ਦੀ ਦੇਖ-ਰੇਖ ਹੇਠ ਇਲਾਜ ਚਲਦਾ ਰਿਹਾ ਪਰ ਫਰਕ ਨਹੀਂ ਸੀ ਪੈ ਰਿਹਾ। ਕਹਿੰਦੇ ਹਨ ਕਿ ਜਰਨੈਲ ਨਿਹਾਲ ਸਿੰਘ ਅਟਾਰੀਵਾਲਾ ਨੇ ਮਹਾਰਾਜੇ ਦੇ ਪਲੰਘ ਦਾ ਗੇੜਾ ਕੱਢ ਅਰਦਾਸ ਕੀਤੀ ਤਾਂ ਮਹਾਰਾਜਾ ਨੌਂਬਰ ਨੌਂ ਹੋ ਗਏ। ਮਗਰੋਂ ਉਨ੍ਹਾਂ ਦੇ ਪੁੱਤਰ ਸ਼ਾਮ ਸਿੰਘ ਅਟਾਰੀਵਾਲਾ ਨੇ ਸਿੱਖ ਰਾਜ ’ਚ ਅਹਿਮ ਯੋਗਦਾਨ ਪਾਇਆ। ਅੱਜ ਵੀ ਪਿੰਡ ਵਣੀਏਕੇ ਵਿੱਚ ਨਿੱਕੀਆਂ ਨਾਨਕਸ਼ਾਹੀ ਇੱਟਾਂ ਦਾ 12 ਨੁੱਕਰਾ ਖਸਤਾਹਾਲ ਬੁਰਜ ਮੌਜੂਦ ਹੈ, ਜਿਸ ਵੱਲ ਪੁਰਾਤੱਤਵ ਵਿਭਾਗ ਨੂੰ ਧਿਆਨ ਦੇਣ ਦੀ ਲੋੜ ਹੈ।
ਸੰਪਰਕ: 98140-82217