ਐੱਸ ਪੀ ਸਿੰਘ
ਸੰਤਾਲੀ ਦੇ ਪੱਛਿਆਂ ਨੂੰ ਆਪਣੇ ਅੰਦਰੂਨ (ਅੰਤਰ-ਮਨ) ਦੇ ਸੋਗ ਦੀ ਬਾਤ ਪਾਉਣ ਲਈ ਦਹਾਕੇ ਲੱਗੇ ਸਨ ਅਤੇ ਅਫ਼ਸੋਸ ਦੀਆਂ ਪਰਤਾਂ ਸਮਝਣ ਵਾਲੇ ਕਹਿੰਦੇ ਹਨ ਕਿ ਅਜੇ ਵੀ ਬਹੁਤ ਮਾਤਮ ਕਰਨ ਵਾਲਾ ਬਾਕੀ ਪਿਆ ਹੈ।
ਵੱਡੇ ਸਾਕੇ ਸਾਨੂੰ ਇਸ ਕਦਰ ਸੁੰਨ ਕਰ ਜਾਂਦੇ ਹਨ ਕਿ ਕਿਸੇ ਪਵਿੱਤਰ ਸੋਗ ਦੀ ਵਾਰੀ ਵਰ੍ਹਿਆਂ ਬਾਅਦ ਆਉਂਦੀ ਹੈ। 1940ਵਿਆਂ ਦੇ ਪਹਿਲੇ ਅੱਧ ਵਿਚ ਯਹੂਦੀਆਂ ਨਾਲ ਜੋ ਹੋਇਆ, ਉਹ ਏਨਾ ਯੱਖ ਕਰ ਦੇਣ ਵਾਲਾ ਸੀ ਕਿ ਹਕੀਕੀ ਮਾਅਨਿਆਂ ਵਿੱਚ 70ਵਿਆਂ ਤੇ 80ਵਿਆਂ ਵਿੱਚ ਜਾ ਕੇ ਘੱਲੂਘਾਰੇ (holocaust) ਨੂੰ ਨਾਜ਼ੀਆਂ ਦੇ ਕੀਤੇ ਹੋਰ ਕਾਰਿਆਂ ਅਤੇ ਅੱਤਿਆਚਾਰਾਂ ਤੋਂ ਵੱਖ ਇਕ ਨਿਵੇਕਲੇ ਮਹੱਤਵ ਵਾਲੇ ਵਰਤਾਰੇ ਵਜੋਂ ਪੜ੍ਹਿਆ ਵਾਚਿਆ ਜਾਣ ਲੱਗਾ। ਗੱਲ ਸਿਰਫ਼ ਤੱਥਾਂ ਜਾਂ ਅੰਕੜਿਆਂ ਦੀ ਨਹੀਂ ਸੀ, ਨਹੀਂ ਤਾਂ ਅਨਾਅ ਰਿਨੇ (Alain Resnais’) ਦੀ ਫਿਲਮ ਨਾਈਟ ਐਂਡ ਫੌਗ (Night and Fog) ਤਾਂ 1955 ਵਿੱਚ ਹੀ ਆ ਗਈ ਸੀ ਅਤੇ ਹੈਨਾ ਐਰੰਟ (Hannah Arendt) ਦੀ ਉੱਘੀ ਕਿਤਾਬ ਆਈਕਮਨ ਇਨ ਯੋਰੋਸ਼ਲਮ (Eichmann in Jerusalem) 1960ਵਿਆਂ ਦੇ ਸ਼ੁਰੂ ’ਚ ਹੀ ਪ੍ਰਕਾਸ਼ਿਤ ਹੋ ਗਈ ਸੀ।
ਦੂਜੀ ਆਲਮੀ ਜੰਗ ਵਿਚ ਅਮਰੀਕਾ ਜਾਪਾਨ ਨਾਲ ਉਲਝਿਆ ਤਾਂ ਜਾਪਾਨੀ ਮੂਲ ਦੇ ਸਾਰੇ ਅਮਰੀਕੀ ਨਾਗਰਿਕ ਸ਼ੱਕ ਦੇ ਘੇਰੇ ਵਿੱਚ ਆ ਗਏ। ਹਜ਼ਾਰਾਂ ਨੂੰ ਆਪਣੇ ਹੀ ਦੇਸ਼ ਵਿੱਚ ਦੁਸ਼ਮਣ ਸਮਝਿਆ ਗਿਆ, ਉਨ੍ਹਾਂ ਦੀ ਵਫ਼ਾਦਾਰੀ ਸ਼ੱਕੀ ਹੋ ਗਈ ਅਤੇ ਉਹ ਦੇਸ਼ ਵਿੱਚ ਹੀ ਬਣਾਏ ਜੇਲ੍ਹ-ਨੁਮਾ ਕਨਸੈਂਟਰੇਸ਼ਨ ਕੈਂਪਸ ਵਿੱਚ ਡੱਕੇ ਗਏ। ਜੰਗ ਖ਼ਤਮ ਹੋਈ ਤਾਂ ਜਾਪਾਨੀ ਮੂਲ ਦੇ ਜੌਹਨ ਓਕੈਡਾ (John Okada) ਨੇ ਆਪਣੀ ਕੌਮ ਦੀ ਤ੍ਰਾਸਦੀ ਬਾਰੇ ਕਿਤਾਬ ਲਿਖੀ ‘ਨੋ-ਨੋ ਬੌਇ’ (No-No Boy) ਪਰ ਦੁੱਖੜਾ ਏਡਾ ਵਿਸ਼ਾਲ ਸੀ ਕਿ ਹਾਲੇ ਸਭ ਸੁੰਨ ਸਨ। ਹੋਰ ਦੋ ਦਹਾਕੇ ਬੀਤਣ ’ਤੇ ਜਦੋਂ ਕਿਤਾਬ ਦੁਬਾਰਾ ਛਪੀ ਤਾਂ ਤਰਥੱਲੀ ਮੱਚ ਗਈ। ਅੰਦਰਲਾ ਲਾਵਾ ਫੁੱਟ ਪਿਆ ਸੀ, ਰੂਹਾਂ ਵਿੱਚ ਡੂੰਘਾ ਦੱਬਿਆ ਸੋਗ ਜਨਤਕ ਪਿੜ ਵਿੱਚ ਡੁੱਲ੍ਹ ਪਿਆ ਸੀ।
ਇਹ ਮੁੱਢ ਕਦੀਮ ਤੋਂ ਹੁੰਦਾ ਆਇਆ ਹੈ। ਜਿਊਂਦਾ ਮਨੁੱਖ, ਫਿਰ ਬਿਮਾਰੀ ਜਾਂ ਅਵੱਲਾ ਜ਼ਖਮ ਕੋਈ, ਫਿਰ ਮੌਤ, ਲਾਸ਼, ਅਰਥੀ, ਵੈਣ, ਸਸਕਾਰ ਅਤੇ ਰਸਮਾਂ — ਹਰ ਸਮੇਂ-ਸੱਭਿਅਤਾ-ਦੇਸ਼-ਕਾਲ ਵਿੱਚ ਇਨ੍ਹਾਂ ਰੀਤਾਂ ਦੀ ਰੀਤ ਹੁੰਦੀ ਹੈ।
ਇਹ ਜ਼ਿੰਦਗੀ ਅਤੇ ਮੌਤ ਵਿਚਲੀ ਸਾਂਝੀ ਜ਼ਮੀਨ ਨਾਲ ਸਾਡੀ ਵਾਬਸਤਗੀ ਦੀ ਗਵਾਹੀ ਭਰਦੀਆਂ ਰੀਤਾਂ ਹਨ। ਕਿਸੇ ਨੂੰ ਫ਼ਾਨੀ ਸੰਸਾਰ ਤੋਂ ਘੱਲਣ, ਉਹਦੀ ਅਣਹੋਂਦ ਨਾਲ ਨਜਿੱਠਣ, ਆਪਣੇ ਅੰਦਰਲੇ ਖੱਪੇ ਦੀ ਹਕੀਕਤ ਮੰਨਣ ਅਤੇ ਗਏ ਦਾ ਸੋਗ ਕਰਨ ਵਾਲੀ ਰੀਤ ਸਾਡੇ ਮਨੁੱਖ ਹੋਣ ਦੀ ਅਲਾਮਤ ਹੈ।
ਅੱਜ ਜਦੋਂ ਚਹੁੰ-ਪਾਸੀਂ ਲਾਸ਼ਾਂ ਦਿਸਦੀਆਂ ਹਨ, ਮੌਤ ਦੇ ਅੰਕੜੇ ਹੌਲੀ-ਹੌਲੀ ਅਖ਼ਬਾਰਾਂ ਦੇ ਅੰਦਰਲੇ ਸਫ਼ਿਆਂ ਵੱਲ ਖਿਸਕਣੇ ਸ਼ੁਰੂ ਹੋ ਗਏ ਹਨ ਅਤੇ ਹਰ ਰੋਜ਼ ਸਾਡੇ ਦੇਸ਼ ਵਿੱਚ ਹਜ਼ਾਰ ਤੋਂ ਵਧੇਰੇ ਮੌਤਾਂ ਦਾ ਅੰਕੜਾ ਧਰਵਾਸ ਦੇ ਰਿਹਾ ਹੈ ਕਿਉਂਜੋ ਅਸੀਂ ਕੁਝ ਹਫ਼ਤੇ ਪਹਿਲੋਂ ਇਹਤੋਂ ਚੌਗਣੀਆਂ ਲਾਸ਼ਾਂ ਬਾਰੇ ਪੜ੍ਹ ਚੁੱਕੇ ਹਾਂ ਤਾਂ ਇਹ ਸਵਾਲ ਹਾਲੇ ਦਿਸਹੱਦੇ ਤੋਂ ਨਦਾਰਦ ਹੈ ਕਿ ਸਾਡੇ ਮੁਆਸ਼ਰੇ ਵਿੱਚ ਸੋਗ ਦੀ ਜਗ੍ਹਾ ਕਿੱਥੇ ਹੈ? ਕਿਸੇ ਕਸਬੇ ਜਾਂ ਸ਼ਹਿਰ ਦੇ ਸੋਗਵਾਰ ਹੋਣ ਬਾਰੇ ਕੋਈ ਖ਼ਬਰ ਤੁਸਾਂ ਕਿੱਥੇ ਪੜ੍ਹੀ ਸੁਣੀ ਹੈ?
ਹੁਣ ਜਦੋਂ ਪੰਜਾਬ ਵਿੱਚ ਕਰੋਨਾ ਰੋਜ਼ ਮਸੀਂ ਦਰਜਨ, ਦੋ ਦਰਜਨ ਅਰਥੀਆਂ ਆਪਣੇ ਮੋਢਿਆਂ ’ਤੇ ਚੁੱਕ ਲਿਜਾਂਦਾ ਹੈ ਤਾਂ ਬਾਹਰ ਗਲੀਆਂ, ਸੜਕਾਂ, ਬਾਜ਼ਾਰਾਂ ਅਤੇ ਸ਼ਾਪਿੰਗ ਮਾਲਾਂ ’ਤੇ ਤੁਹਾਨੂੰ ਸਾਡੇ ਸਮਿਆਂ ਦਾ ਕਿੰਨਾ ਕੁ ਸੋਗਵਾਰੀ ਚਿਹਰਾ ਦਿਖਾਈ ਦਿੰਦਾ ਹੈ? ਬਹਿਸ ਤਾਂ ਕਿਸੇ ਆਗੂ ਦੀ ਰਹਬਿਰੀ ਅਤੇ ਕਿਸੇ ਹੋਰ ਦੀ ਰਹਬਿਰੀ ਦੀ ਇੱਛਾ ਬਾਰੇ ਤਾਰੀ ਹੈ। ਕਿਸ ਦੀ ਇੱਕ ਪਾਰਟੀ ਨੂੰ ਛੱਡ ਦੂਜੀ ਵੱਲ ਘੱਤੀ ਸਵਾਰੀ ਹੈ?
ਇਹ ਠੀਕ ਹੈ ਕਿ ਪਿੜ ਭਖਿਆ ਹੋਇਆ ਹੈ ਅਤੇ ਕਰੋਨਾ ਲਾਸ਼ਾਂ ਦੇ ਨਾਲ ਨਾਲ ਹੋਰ ਮੁਹਾਜ਼ਾਂ ਤੋਂ ਵੀ ਤਾਬੜਤੋੜ ਖ਼ਬਰਾਂ ਆ ਰਹੀਆਂ ਹਨ। ਰਾਜਨੀਤੀ ਦੇ ਇੰਜਰ ਪਿੰਜਰ ਹਿੱਲੇ ਪਏ ਹਨ ਅਤੇ ਖਿੱਤੇ ਵਿੱਚ ਇੱਕ ਮੌਲਿਕ ਰਾਜਨੀਤਕ ਚੇਤਨਾ ’ਚੋਂ ਵਿਕਸਤ ਅੰਦੋਲਨ ਨੇ ਪਿੜ ਮੱਲਿਆ ਹੋਇਆ ਹੈ ਪਰ ਕਿਸੇ ਇਹੋ ਜਿਹੇ ਪੁਨਰ-ਜਾਗਰਣ (renaissance) ਵਾਲੇ ਸਮਿਆਂ ਵਿੱਚ ਹੀ ਇਹ ਸਵਾਲ ਵੀ ਚੁੱਕਣੇ ਜ਼ਰੂਰੀ ਹਨ ਕਿ ਸਾਡੇ ਰਾਜਨੀਤਕ ਪ੍ਰਤੀਨਿਧੀ ਸਾਡੀਆਂ ਡਿਉਢੀਆਂ ਵਿੱਚ ਵਿਛੇ ਸੱਥਰਾਂ ਤੋਂ ਇੰਨੇ ਬੇਲਾਗ ਕਿਉਂ ਹਨ? ਤੁਸੀਂ ਕਿਸ ਨੇਤਾ ਨੂੰ ਏਨੀਆਂ ਮੌਤਾਂ ਤੋਂ ਬਾਅਦ ਸੋਗਵਾਰ ਵੇਖਿਆ ਹੈ? ਸਾਡੇ ਜਨਤਕ, ਸਮਾਜਿਕ, ਰਾਜਨੀਤਕ ਜੀਵਨ ਅਤੇ ਗੁਜ਼ਰ ਬਸਰ ਵਿੱਚੋਂ ਅਫ਼ਸੋਸ ਕਿਉਂ ਗਾਇਬ ਹੈ? ਕੀ ਇਸ ਲਈ ਕਿ ਸਾਕਾ ਤਾਂ ਹਾਲੇ ਵਾਪਰ ਰਿਹਾ ਹੈ? ਜਾਂ ਕੀ ਅਸਲ ਕਾਰਨ ਇਹ ਹੈ ਕਿ ਸਾਡੇ ਨੁਮਾਇੰਦੇ ਤਾਂ ਪਹਿਲੋਂ ਹੀ ਸਾਡੀਆਂ ਜ਼ਿੰਦਗੀਆਂ, ਸਾਡੇ ਦੁੱਖਾਂ ਸੁੱਖਾਂ ਤੋਂ ਉਪਰਾਮ ਹੋ ਚੁੱਕੇ ਹਨ?
ਪਰ ਜੇ ਉਹ ਸੋਗਵਾਰ ਨਹੀਂ ਤਾਂ ਕੀ ਅਸੀਂ ਆਪ ਅਫਸੋਸੇ ਹੋਏ ਹਾਂ? ਕੀ ਇੰਝ ਵਿਚਰ ਰਹੇ ਹਾਂ ਕਿ ਝਉਲਾ ਪਵੇ ਕਿ ਸਾਡੇ ਆਪਣੇ ਵਿਹੜੇ ਵਿੱਚੋਂ ਹਜ਼ਾਰਾਂ ਅਰਥੀਆਂ ਉਠ ਚੁੱਕੀਆਂ ਹਨ? ਅਸੀਂ ਉਹ ਭਾਸਦੇ ਹਾਂ ਜਿਨ੍ਹਾਂ ਨੂੰ ਸਿਵਿਆਂ ਵਿੱਚ ਟੋਕਨ ਮਿਲਦੇ ਹਨ, ਜਿਨ੍ਹਾਂ ਦੇ ਮੁਰਦੇ ਸੜਨ ਦੀ ਥਾਂ ਪੀਲੀ ਮਲਮਲ ਦੀ ਬੁੱਕਲ ਮਾਰ ਰੇਤੇ ਵਿੱਚ ਹੀ ਸੌਂ ਜਾਂਦੇ ਹਨ? ਜੇ ਬਾਹਰ ਸਭ ਆਮ ਵਰਗਾ ਹੋ ਗਿਆ ਹੈ ਤਾਂ ਕੀ ਇਹ ਸਮਝ ਲਿਆ ਜਾਵੇ ਕਿ ਅਸਾਂ ਸੋਗ ਤੋਂ ਛੁਟਕਾਰਾ ਪਾ ਲਿਆ ਹੈ?
ਪੱਛਮ ਦੇ ਸਾਹਿਤ ਦੀ ਸ਼ਾਇਦ ਸਭ ਤੋਂ ਪੁਰਾਣੀ ਰਚਨਾ, ‘ਦਿ ਇਲਿਅਡ’ (The Iliad) ਵਿਚਲੀ ਦਹਾਕਾ-ਲੰਮੀ (Trojan War) ਵਿੱਚ ਜਦੋਂ ਅਕੀਲੀਜ਼ (Achilles) ਦਾ ਦੁਸ਼ਮਣ ਯੋਧਾ ਲੀਡਰ, ਹੈਕਟਰ, ਮਾਰਿਆ ਜਾਂਦਾ ਹੈ ਤਾਂ ਗਰੀਕ ਅਤੇ ਟਰੋਜਨ ਜੰਗ ਰੋਕ ਦਿੰਦੇ ਹਨ ਤਾਂ ਜੋ ਹੈਕਟਰ ਦਾ ਸਾਰੀਆਂ ਰੀਤਾਂ ਅਨੁਸਾਰ ਸਸਕਾਰ ਹੋ ਸਕੇ, ਔਰਤਾਂ ਵੈਣ ਪਾ ਲੈਣ, ਸੋਗ ਅਤੇ ਅਫ਼ਸੋਸ ਲਈ ਕੋਈ ਮੌਕਾ ਫਰਹਾਮ ਹੋ ਸਕੇ। ਸੌਫਕਲੀਜ਼ (Sophocles) ਦੇ ਨਾਟਕ ‘ਐਂਤੀਗਨੀ’ (Antigone) ਵਿੱਚ ਜਦੋਂ ਦੋ ਭਰਾਵਾਂ ਦੀਆਂ ਲਾਸ਼ਾਂ ਵਿੱਚੋਂ ਇੱਕ ਨੂੰ ਦਫ਼ਨਾਉਣ ਦੀ ਮਨਾਹੀ ਹੋ ਜਾਂਦੀ ਹੈ ਤਾਂ ਐਂਤੀਗਨੀ ਉਸ ਨੂੰ ਦਫ਼ਨਾ ਆਪਣਾ ਫ਼ਰਜ਼ ਨਿਭਾਉਂਦੀ ਹੈ ਭਾਵੇਂ ਇਹਦੀ ਸਜ਼ਾ ਮੌਤ ਮਿਲਦੀ ਹੈ। ਯੋਰੀਪਡੀਜ਼ (Euripides) ਦੇ ਨਾਟਕ ‘ਦਿ ਸਪਲੀਐਂਟਸ’ (The Suppliants) ਵਿਚ ਦੁਸ਼ਮਣਾਂ ਦੀਆਂ ਲਾਸ਼ਾਂ ਰੁਲਦੀਆਂ ਹਨ ਤਾਂ ਥੀਸੀਅਸ (Theseus) ਫ਼ੌਜ ਲੈ ਕੇ ਚੜ੍ਹਾਈ ਕਰ ਦਿੰਦਾ ਹੈ ਕਿਉਂ ਜੋ ਮਰਿਆਂ ਦਾ ਸਤਿਕਾਰ ਜ਼ਰੂਰੀ ਹੈ, ਉਨ੍ਹਾਂ ਦਾ ਅਫ਼ਸੋਸ ਅਤੇ ਸੋਗ ਉੱਤੇ ਹੱਕ ਹੈ। ਇਹੀ ਸਭਿਅਤਾ ਦੀ ਮਰਿਯਾਦਾ ਹੈ।
ਸਾਨੂੰ ਆਪਣੇ ਆਪ ਨੂੰ ਪੁੱਛਣਾ ਪਵੇਗਾ ਕਿ ਅਸੀਂ ਦਵਾਈ, ਇਲਾਜ, ਡਾਕਟਰ, ਆਕਸੀਜਨ, ਹਸਪਤਾਲ ਜਾਂ ਹਮਦਰਦੀ ਖੁਣੋਂ ਮਰਿਆਂ, ਕਤਾਰਾਂ ਵਿੱਚ ਬਲਦੇ ਸਿਵਿਆਂ ਜਾਂ ਦਰਿਆਵਾਂ ਦੀ ਰੇਤ ਵਿੱਚ ਕਾਹਲੀ ਅਤੇ ਚੋਰੀ ਦਬਾਏ ਜਾਂ ਲੁਕਾਏ ਗਏ ਹਮਸਾਇਆਂ ਲਈ ਕਿੰਨੇ ਕੁ ਅਫ਼ਸੋਸ ਵਿੱਚ ਹਾਂ, ਕਿੰਨੇ ਕੁ ਸੋਗਵਾਰ ਹਾਂ?
ਸੋਗ ਵਿੱਚੋਂ ਆਪਣੇ ਅੰਦਰੂਨ ਨਾਲ ਸਾਂਝ ਪੈਂਦੀ ਹੈ। ਆਪਣੇ ਸਮਿਆਂ ਨੂੰ ਅਸੀਂ ਕੁਝ ਮੁਸ਼ਕਿਲ ਸਵਾਲ ਪੁੱਛ ਸਕਦੇ ਹਾਂ। ਮੋਇਆਂ ਨਾਲ ਸਾਡੀ ਸਾਂਝ ਦੀਆਂ ਕਹਾਣੀਆਂ ਸਿਰਫ਼ ਇਹੀ ਨਹੀਂ ਦੱਸਦੀਆਂ ਕਿ ਜੀਉਂਦਿਆਂ ਨਾਲ ਸਾਡੇ ਰਿਸ਼ਤੇ ਕਿਹੋ ਜਿਹੇ ਹਨ ਬਲਕਿ ਤੈਅ ਕਰਦੀਆਂ ਹਨ ਕਿ ਸਾਡਾ ਭਵਿੱਖ ਆਪਣੇ ਅਤੀਤ ਬਾਰੇ ਕੀ ਯਾਦ ਰੱਖੇਗਾ। ਸਨਦ ਰਹੇ ਕਿ ਸੜੇ, ਅੱਧ-ਸੜੇ, ਦਫ਼ਨਾਏ, ਵਹਾਏ ਜਾਂ ਦਰਿਆਵਾਂ ਕੰਡੇ ਰੇਤੇ ਵਿੱਚ ਲੁਕਾਏ ਮੁਰਦੇ ਅਤੇ ਚੰਗੇ ਭਲੇ ਸਾਹ ਲੈਂਦੇ ਅਸੀਂ ਭਵਿੱਖ ਦੇ ਅਤੀਤ ਵਿੱਚ ਜੀਅ ਰਹੇ ਹਾਂ। ਜੇ ਅੱਜ ਏਨਾ ਨਾ ਸਮਝੇ ਤਾਂ ਬਾਅਦ ਵਿੱਚ ਸੱਥਰ ਬੈਠਣ ਵਾਲਾ ਕੋਈ ਨਹੀਂ ਹੋਵੇਗਾ ਕਿਉਂਜੋ ਹਾਲਾਤ ਆਮ ਵਰਗੇ ਹੋ ਚੁੱਕੇ ਹੋਣਗੇ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ‘ਕਰ ਕਰ ਚੇਤੇ ਮੋਇਆਂ ਨੂੰ’ ਬਸ ਏਨੀ ਹੀ ਯਕੀਨਦਹਾਨੀ ਚਾਹੁੰਦਾ ਹੈ ਕਿ ‘ਮਾਰ ਦੁਹੱਥੜ ਪਿੱਟਾਂ ਜਦ ਮੈਂ, ਟੁੱਟ ਜਾਏ ਕੋਈ ਕੋਈ ਤਾਰਾ ਨੀ।’)