ਸੰਜੀਵ ਸਿੰਘ ਸੈਣੀ
ਸਾਨੂੰ ਹਰ ਕੰਮ ਕਰਨ ਲਈ ਕੁਝ ਨਾ ਕੁਝ ਕੀਮਤ ਚੁਕਾਉਣੀ ਪੈਂਦੀ ਹੈ, ਹਰ ਟੀਚੇ ’ਤੇ ਪਹੁੰਚਣ ਲਈ ਮਿਹਨਤ ਕਰਨੀ ਪੈਂਦੀ ਹੈ। ਜਿੰਨਾ ਜ਼ਿਆਦਾ ਸਾਡਾ ਉਦੇਸ਼ ਵੱਡਾ ਹੋਵੇਗਾ, ਸਾਨੂੰ ਉਂਨੀ ਹੀ ਵੱਧ ਕਰਨੀ ਪੈਂਦੀ ਹੈ। ਜੋ ਬੱਚੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਹਨ, ਉਨ੍ਹਾਂ ਨੂੰ ਘੱਟੋ-ਘੱਟ ਬਾਰਾਂ ਤੋਂ ਪੰਦਰਾਂ ਘੰਟੇ ਰੋਜ਼ਾਨਾ ਪੜ੍ਹਨਾ ਪੈਂਦਾ ਹੈ। ਹਰ ਬੱਚੇ ਦਾ ਜ਼ਿੰਦਗੀ ਵਿੱਚ ਵੱਖ-ਵੱਖ ਉਦੇਸ਼ ਹੁੰਦਾ ਹੈ। ਕਿਸੇ ਨੇ ਡਾਕਟਰ ਬਣਨਾ ਹੁੰਦਾ ਹੈ, ਕਿਸੇ ਨੇ ਇੰਜਨੀਅਰ, ਪਾਇਲਟ, ਆਰਮੀ ਅਫ਼ਸਰ ਬਣਨਾ ਹੁੰਦਾ ਹੈ। ਤਾਂ ਫਿਰ ਬੱਚਾ ਉਸੇ ਟੀਚੇ ਦੇ ਮੁਤਾਬਿਕ ਆਪਣੀ ਤਿਆਰੀ ਵਿੱਚ ਲੱਗ ਜਾਂਦਾ ਹੈ। ਵੱਖ-ਵੱਖ ਮਾਹਿਰਾਂ ਕੋਲ ਜਾਂਦਾ ਹੈ, ਕੋਚਿੰਗ ਸੈਂਟਰ ਜੁਆਇਨ ਕਰਦਾ ਹੈ। ਮਾਪਿਆਂ ਦੀਆਂ ਵੀ ਬੱਚਿਆਂ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ।
ਇਸ ਪੱਖੋਂ ਹਰ ਦਿਨ ਕੁੱਝ ਨਾ ਕੁੱਝ ਸੇਧ ਦੇਣ ਵਾਲਾ ਹੁੰਦਾ ਹੈ। ਸਵੇਰ ਤੋਂ ਸ਼ਾਮ ਤੱਕ ਕੁੱਝ ਨਾ ਕੁੱਝ ਸਿੱਖਣ ਨੂੰ ਹੀ ਮਿਲਦਾ ਹੈ। ਸਾਨੂੰ ਇੱਕ ਡਾਇਰੀ ਲਗਾਉਣੀ ਚਾਹੀਦੀ ਹੈ। ਜਦੋਂ ਅਸੀਂ ਰਾਤ ਨੂੰ ਬਿਸਤਰ ’ਤੇ ਜਾਂਦੇ ਹਾਂ, ਤਾਂ ਸਾਨੂੰ ਪੂਰੇ ਦਿਨ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਅਸੀਂ ਅੱਜ ਦੇ ਦਿਨ ਕੀ ਸਿੱਖਿਆ ਹੈ, ਕਿੰਨਾ ਸਮਾਂ ਅਸੀਂ ਪੜ੍ਹਾਈ ’ਤੇ ਲਗਾਇਆ ਹੈ। ਕਿੰਨਾ ਝੂਠ ਬੋਲਿਆ, ਕਿੰਨਾ ਸਮਾਂ ਬਰਬਾਦ ਕੀਤਾ ਹੈ। ਕੋਈ ਅਜਿਹਾ ਗਲਤ ਕਦਮ ਨਾ ਚੁੱਕੋ, ਜਿਸ ਕਾਰਨ ਸਾਰੀ ਜ਼ਿੰਦਗੀ ਮਾਂ-ਬਾਪ ਨੂੰ ਪਛਤਾਵਾ ਹੋਣਾ ਪਵੇ। ਜ਼ਿੰਦਗੀ ਸਾਨੂੰ ਹੋਰ ਨਵੇਂ ਮੌਕੇ ਦਿੰਦੀ ਹੈ। ਜਿਵੇਂ ਇੱਕ ਰਸਤਾ ਬੰਦ ਹੁੰਦਾ ਹੈ, ਤਾਂ ਆਸ ਦੀ ਦੂਜੀ ਕਿਰਨ ਕਿਤੋਂ ਨਾ ਕਿਤੋਂ ਜਾਗ ਜਾਂਦੀ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਕਈ ਵਾਰ ਤਾਲਾ ਆਖਰੀ ਚਾਬੀ ਨਾਲ ਹੀ ਖੁੱਲ੍ਹਦਾ ਹੈ। ਬਹੁਤ ਵਾਰ ਅਸਫਲਤਾਵਾਂ ਮਿਲਦੀਆਂ ਹਨ ਪਰ ਸਾਨੂੰ ਅਸਫਲਤਾ ਦੇ ਕਾਰਨ ਲੱਭਣੇ ਚਾਹੀਦੇ ਹਨ। ਅਸਫਲ ਹੋਣ ’ਤੇ ਕਦੇ ਨਾ ਉਦਾਸ ਨਾ ਹੋਵੋ। ਸੋਚੋ ਸਾਡੀ ਕਿਹੜੀ ਅਜਿਹੀ ਗਲਤੀ ਸੀ, ਜਿਹੜੀ ਸਾਨੂੰ ਆਪਣੇ ਟੀਚੇ ’ਤੇ ਨਹੀਂ ਪਹੁੰਚਾ ਸਕੀ। ਫਿਰ ਸੰਘਰਸ਼ ਕਰੋ। ਕਦੇ ਵੀ ਨਾ ਘਬਰਾਓ। ਅਸਫਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ। ਸਫਲ ਲੋਕਾਂ ਨੂੰ ਕੋਈ ਵੀ ਕੰਮ ਕਰਨਾ ਹੈ ਤਾਂ ਉਹ ਹਰ ਹਾਲ ਵਿੱਚ ਕਰ ਕੇ ਹੀ ਸਾਹ ਲੈਂਦੇ ਹਨ। ਕਈ ਵਾਰ ਸਖ਼ਤ ਮਿਹਨਤ ਨਾਲ ਵੀ ਮਨ ਚਾਹਿਆ ਟੀਚਾ ਨਹੀਂ ਮਿਲਦਾ, ਪਰ ਜੋ ਲਗਾਤਾਰ ਮਿਹਨਤ ਕਰਦਾ ਹੈ ਤੇ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕਰਦਾ ਹੈ, ਸਫਲਤਾ ਉਸ ਦੇ ਪੈਰ ਚੁੰਮਦੀ ਹੈ।
ਪਤਝੜ ਵਿੱਚ ਦਰੱਖਤਾਂ ਦੇ ਪੱਤੇ ਝੜ ਜਾਂਦੇ ਹਨ ਅਤੇ ਰੁੱਖ ਨਵੇਂ ਪੱਤੇ ਆਉਣ ਦੀ ਆਸ ਰੱਖਦੇ ਹਨ, ਤਾਂ ਕਿ ਉਹ ਰਾਹਗੀਰਾਂ ਨੂੰ ਛਾਂ ਦੇ ਸਕਣ। ਹਮੇਸ਼ਾ ਵਧੀਆ ਸੋਚੋ, ਵਧੀਆ ਲੇਖਕਾਂ ਦੀਆਂ ਕਿਤਾਬਾਂ ਪੜ੍ਹੋ। ਯੂਟਿਊਬ ਉੱਪਰ ਜੋ ਵਧੀਆ ਮਾਹਿਰ ਹੁੰਦੇ ਹਨ, ਉਨ੍ਹਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣੋ। ਤੁਹਾਡੇ ਅੰਦਰ ਹੋਰ ਵੀ ਜ਼ਿਆਦਾ ਜੋਸ਼ ਆ ਜਾਵੇਗਾ। ਸਾਨੂੰ ਸਿਰਫ ਮਹਾਨ ਵਿਅਕਤੀਆਂ ਨੂੰ ਨਹੀਂ ਦੇਖਣਾ ਚਾਹੀਦਾ, ਸਗੋਂ ਉਨ੍ਹਾਂ ਦੇ ਕੰਮ ਦੇ ਤਰੀਕੇ ਨੂੰ ਵੀ ਦੇਖਣਾ ਚਾਹੀਦਾ ਹੈ। ਅਬਰਾਹਿਮ ਲਿੰਕਨ ਜਿਸ ਦਾ ਬਚਪਨ ਗਰੀਬੀ ਵਿੱਚ ਵਿੱਚ ਬੀਤਿਆ ਸੀ, ਕਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਦਾ ਤਾਜ ਉਸ ਦੇ ਸਿਰ ’ਤੇ ਸੱਜਿਆ ਸੀ। ਜੇ ਮਹਾਨ ਬਣਨਾ ਚਾਹੁੰਦੇ ਹਾਂ ਤਾਂ ਆਪਣੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਤੇ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕਰਨਾ ਪਵੇਗਾ, ਤਾਂ ਹੀ ਸਫਲਤਾ ਦੀ ਮੰਜ਼ਿਲ ਤੇ ਪੁੱਜ ਸਕਾਂਗੇ।