ਡਾ. ਕਰਨਜੀਤ ਸਿੰਘ
ਚਰਚਾ ਦਾ ਵਿਸ਼ਾ ਬਣੀ ਮੰਕੀਪੌਕਸ ਬਿਮਾਰੀ ਲੋਕਾਂ ਦੇ ਕਰੋਨਾ ਤੋਂ ਘਬਰਾਏ ਮਨਾਂ ਵਿਚ ਤੌਖਲਾ ਪੈਦਾ ਕਰ ਰਹੀ ਹੈ। ਕਰੋਨਾ ਦੀ ਲਪੇਟ ਤੋਂ ਉੱਭਰ ਰਹੇ ਇਸ ਸੰਸਾਰ ਵਿੱਚ ਨਿੱਤ ਨਵੀਆਂ ਬਿਮਾਰੀਆਂ ਨੂੰ ਮੀਡੀਆ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਇੱਕ ਮੁੱਠ ਚੁੱਕ ਲੈ, ਦੂਜੀ ਤਿਆਰ ਵਾਲੀ ਕਹਾਵਤ ਪ੍ਰਤੱਖ ਰੂਪ ਵਿੱਚ ਲੋਕਾਂ ਦੇ ਮਨਾਂ ਵਿਚ ਇਕ ਨਵਾਂ ਡਰ ਸਿਰਜਦੀ ਹੈ। ਭਾਵੇਂ ਮੰਕੀਪੌਕਸ ਨੂੰ ਲੈ ਕੇ ਵਿਸ਼ਵ ਸਿਹਤ ਸੰਸਥਾ ਵੀ ਚਿੰਤਤ ਹੈ ਪਰ ਅਜੇ ਤੱਕ ਇਸ ਨੂੰ ਆਲਮੀ ਬਿਮਾਰੀ ਨਹੀਂ ਐਲਾਨਿਆ ਗਿਆ। ਭਾਰਤ ਵਿੱਚ ਵੀ ਇੱਕਾ ਦੁੱਕਾ ਕੇਸ ਸਾਹਮਣੇ ਆਏ ਹਨ, ਉਹ ਵੀ ਜ਼ਿਆਦਾ ਉਨ੍ਹਾਂ ਲੋਕਾਂ ਵਿਚ ਜੋ ਪਰਵਾਸ ਨਾਲ ਜੁੜੇ ਹੋਏ ਹਨ। ਮੰਕੀਪੌਕਸ ਚੇਚਕ ਵਰਗੀ ਬਿਮਾਰੀ ਹੈ, ਜਿਸ ਦੀਆਂ ਅਲਾਮਤਾਂ ਵੀ ਚੇਚਕ ਵਰਗੀਆਂ ਹੁੰਦੀਆਂ ਹਨ। ਚੇਚਕ ਦੀ ਬਿਮਾਰੀ ਦਾ ਪਹਿਲਾਂ ਹੀ ਖਾਤਮਾ ਹੋ ਚੁੱਕਿਆ ਹੈ। ਮੰਕੀਪੌਕਸ ਅਫ਼ਰੀਕਨ ਦੇਸ਼ਾਂ ਵਿਚ 1970 ਤੋਂ ਹੀ ਵਿਚਰ ਰਹੀ ਹੈ। ਕੌਂਗੂ ਰੀਪਬਲਿਕ ਮੁਲਕ ਵਿੱਚ ਤਾਂ ਇਹ ਭਿਆਨਕ ਰੂਪ ਵੀ ਧਾਰਨ ਕਰ ਗਈ ਸੀ। ਇਸ ਨਾਲ ਬੁਖਾਰ ਹੋਣਾ, ਮੂੰਹ (ਚਿਹਰੇ) ਉੱਪਰ ਛਾਲੇ ਹੋਣੇ, ਹੱਥਾਂ ਅਤੇ ਪੈਰਾਂ ਤੇ ਵੀ ਛਾਲੇ ਹੋ ਜਾਂਦੇ ਹਨ। ਇੱਕ ਤੋਂ ਦੋ ਹਫ਼ਤੇ ਵਿਚ ਇਹ ਛਾਲੇ ਸੁੱਕ ਜਾਂਦੇ ਹਨ। ਕਈ ਵਾਰ ਇਹ ਬਿਮਾਰੀ ਗੰਭੀਰ ਲੱਛਣ ਵੀ ਅਖਤਿਆਰ ਕਰ ਜਾਂਦੀ ਹੈ। ਇੰਨੀ ਜ਼ਿਆਦਾ ਜਾਨਲੇਵਾ ਨਹੀਂ ਹੈ। ਇਕ ਦੂਜੇ ਦੇ ਸੰਪਰਕ ਵਿਚ ਆਉਣ ਕਰਕੇ ਇਹ ਫੈਲਦੀ ਹੈ। ਇਹ ਬਿਮਾਰੀ ਆਰਥੋਪੋਕਸ ਵਾਇਰਸ ਦੇ ਕਾਰਨ ਹੁੰਦੀ ਹੈ ਅਤੇ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਦੀ ਹੈ। ਇਸੇ ਹੀ ਤਰ੍ਹਾਂ ਦੀ ਇਕ ਹੋਰ ਬਿਮਾਰੀ ਜਿਸਨੂੰ ਹੈਂਡ ਫੁੱਟ ਅਤੇ ਮੂੰਹ ਦੀ ਬਿਮਾਰੀ ਕਿਹਾ ਜਾਂਦਾ ਹੈ, ਅੱਜ ਕੱਲ੍ਹ ਬੱਚਿਆਂ ਵਿਚ ਬਹੁਤ ਜ਼ਿਆਦਾ ਹੋ ਰਹੀ ਹੈ। ਇਸ ਬਿਮਾਰੀ ਨੇ ਵੀ ਮਾਪਿਆਂ ਵਿੱਚ ਇਹ ਤੌਖਲਾ ਪੈਦਾ ਕਰ ਦਿੱਤਾ ਹੈ ਕਿ ਇਹ ਮੰਕੀਪੌਕਸ ਬਿਮਾਰੀ ਤਾਂ ਨਹੀ ਹੈ? ਉਸ ਦੇ ਨਾਲ ਮਿਲਦੀ ਜੁਲਦੀ ਹੈ ਪਰ ਅਸਲ ਵਿੱਚ ਇਹ ਅਲੱਗ ਬਿਮਾਰੀ ਹੈ, ਜੋ ਕੋਕਸੀ ਵਾਇਰਸ ਨਾਲ ਅਤੇ ਕਦੇ-ਕਦੇ ਐਨਟਾਰੋ ਵਾਇਰਸ ਨਾਲ ਵੀ ਹੋ ਜਾਂਦੀ ਹੈ। ਬੱਚੇ ਨੂੰ ਬੁਖਾਰ ਦੇ ਲੱਛਣ ਆਉਂਦੇ ਹਨ, ਜੋ ਦੋ ਚਾਰ ਦਿਨ ਵਿਚ ਠੀਕ ਹੋ ਜਾਂਦੇ ਹਨ। ਮੂੰਹ ਵਿੱਚ ਛਾਲੇ ਹੋ ਜਾਂਦੇ ਹਨ, ਜੋ ਬੱਚੇ ਨੂੰ ਖਾਣਾ ਖਾਣ ਦੌਰਾਨ ਤੰਗੀ ਦਿੰਦੇ ਹਨ। ਹੱਥਾਂ ਅਤੇ ਪੈਰਾਂ ਵਿੱਚ ਵੀ ਦੁਖਣ ਵਾਲੇ ਛਾਲੇ ਹੋ ਜਾਂਦੇ ਹਨ। ਸਰੀਰ ਦੇ ਗੁਪਤ ਭਾਗਾਂ ’ਤੇ ਵੀ ਛਾਲੇ ਹੋ ਜਾਂਦੇ ਹਨ ਪਰ ਉਹ ਘੱਟ ਦੁੱਖਦੇ ਹਨ। ਹਫ਼ਤੇ ਦੇ ਅੰਦਰ-ਅੰਦਰ ਅਰਾਮ ਆ ਜਾਂਦਾ ਹੈ। ਮੂੰਹ ਖਰਾਬ ਹੋਣ ਕਾਰਨ ਮੂੰਹ ਵਿਚੋਂ ਪਾਣੀ ਵੀ ਵਗਦਾ ਹੈ। ਇਸ ਬਿਮਾਰੀ ਲਈ ਸਿਰਫ਼ ਬੁਖਾਰ ਉਤਾਰਨ ਵਾਸਤੇ ਦਵਾਈ ਪੈਰਾਸਿਟਾਮੋਲ ਦੀ ਜ਼ਰੂਰਤ ਹੁੰਦੀ ਹੈ। ਐਂਟੀ ਬਾਇਓਟਿਕ ਦਾ ਕੋਈ ਰੋਲ ਨਹੀਂ ਹੈ। ਇਹ ਬਿਮਾਰੀ ਬਰਸਾਤੀ ਮੌਸਮ ਵਿਚ ਜ਼ਿਆਦਾ ਹੁੰਦੀ ਹੈ। ਰੋਜ਼ਾਨਾ ਹੀ ਬਹੁਤ ਸਾਰੇ ਕੇਸ ਵੇਖਣ ਨੂੰ ਮਿਲਦੇ ਹਨ। ਸਾਰੇ ਮਰੀਜ਼ਾਂ ਦੇ ਮਾਪਿਆਂ ਨੂੰ ਧਰਵਾਸ ਦੇਣਾ ਜ਼ਰੂਰੀ ਹੈ ਕਿ ਇਹ ਬਿਮਾਰੀ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ। ਇਹ ਹੈਂਡ ਫੁੱਟ ਅਤੇ ਮਾਊਥ ਬਿਮਾਰੀ ਹੈ ਨਾ ਕਿ ਮੰਕੀਪੌਕਸ। ਇਕ ਕਲਾਸ ਵਿਚ ਇੱਕ ਬੱਚੇ ਨੂੰ ਹੋਵੇ ਤਾਂ ਬਾਕੀ ਸਾਰਿਆਂ ਬੱਚਿਆਂ ਨੂੰ ਵੀ ਇਸ ਦੀ ਲਾਗ ਲਗ ਜਾਂਦੀ ਹੈ ਪਰ ਇਸ ਨਾਲ ਸਕੂਲਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ। ਪ੍ਰਭਾਵਿਤ ਬੱਚਿਆਂ ਨੂੰ ਕੁਝ ਸਮੇਂ ਲਈ ਸਕੂਲ ਨਾ ਭੇਜਿਆ ਜਾਵੇ। ਮਾਪਿਆਂ ਨੂੰ ਬੇਨਤੀ ਹੈ ਕਿ ਇਸ ਤੋਂ ਘਬਰਾਉਣ ਨਾ। ਡਾਕਟਰ ਦੀ ਸਲਾਹ ਲੈਣ ਉਪਰੰਤ ਸਬੰਧਤ ਦਵਾਈ ਬੱਚਿਆਂ ਨੂੰ ਦੇ ਦਿੱਤੀ ਜਾਵੇ। ਝੂਠੀਆਂ ਖਬਰਾਂ ਅਤੇ ਸੋਸ਼ਲ ਮੀਡੀਆ ਉਪਰ ਗਲਤ ਪ੍ਰਚਾਰ ਨੂੰ ਅਣਗੌਲਿਆ ਕੀਤਾ ਜਾਵੇ।
ਸੰਪਰਕ: 98143 15427