ਆਤਮ ਸਿੰਘ ਰੰਧਾਵਾ (ਡਾ.)
ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਧਰਮ, ਨਸਲ, ਜਾਤ ਜਾਂ ਕੌਮ ਦੇ ਆਧਾਰ ਉੱਤੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਸਾਹਮਣੇ ਵਿਸ਼ਵ-ਵਿਆਪੀ ਅਰਥ ਰੱਖਦੀ ਹੈ। ਦੂਸਰਿਆਂ ਦੇ ਵੱਖਰੇਪਣ ਦੀ ਸਲਾਮਤੀ ਲਈ ਕੁਰਬਾਨ ਹੋ ਜਾਣ ਦਾ ਸਾਕਾ ਅਜੋਕੇ ਸਮਿਆਂ ’ਚ ਦਿਸ਼ਾ ਪ੍ਰਦਾਨ ਕਰ ਸਕਦਾ ਹੈ। ਅਜੋਕਾ ਸਮਾਂ ਗੁਰੂ ਸਾਹਿਬ ਦੀ ਬਾਣੀ ਅਤੇ ਸ਼ਹਾਦਤ ਨੂੰ ਅੱਜ ਦੇ ਪ੍ਰਸੰਗਾਂ ਵਿਚ ਪੁਨਰ-ਸਥਾਪਿਤ ਕਰਨ ਦੀ ਮੰਗ ਕਰਦਾ ਹੈ। ਇਸੇ ਪ੍ਰਸੰਗ ਵਿਚ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਮੂਲ ਸੰਦੇਸ਼ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਮਝਦਿਆਂ ਕਿਵੇਂ ਅਨੇਕਤਾਵਾਦੀ, ਵਿਕੇਂਦਰਿਤ ਤੇ ਬਹੁ-ਸਭਿਆਚਾਰਵਾਦੀ ਨਿਰਭੈ ਸਮਾਜ ਸਿਰਜਿਆ ਜਾ ਸਕਦਾ ਹੈ। ਅਜੋਕੇ ਸਮੇਂ ਵਿਚ ਉਹ ਕੱਟੜਪੰਥੀ ਵਿਵਸਥਾ ਵੀ ਬਹੁਤੀ ਦੇਰ ਜੀਵੰਤ ਨਹੀਂ ਰਹਿ ਸਕਦੀ ਜੋ ਬਹੁ-ਰਾਸ਼ਟਰੀ ਪਛਾਣਾਂ ਨਾਲ ਆਪਸੀ ਸਹਿਯੋਗ ਤੇ ਸਹਿਹੋਂਦ ਦੇ ਰਿਸ਼ਤੇ ਵਿਚ ਨਹੀਂ ਬੱਝਦੀ। ਸੋ ਗੁਰੂ ਸਾਹਿਬ ਦੀ ਬਾਣੀ ਤੇ ਸ਼ਹਾਦਤ ਤੋਂ ਸੋਝੀ ਲੈ ਕੇ ਅਜਿਹੀ ਵਿਵਸਥਾ ਸਿਰਜਣੀ ਸਮੇਂ ਦੀ ਲੋੜ ਹੈ ਜਿਸ ਵਿਚ ਹਰ ਧਰਮ, ਨਸਲ, ਜਾਤ, ਜਮਾਤ ਜਾਂ ਕੌਮ ਦੇ ਲੋਕ ਸਵੈ-ਮਾਣ ਨਾਲ ਜੀਅ ਸਕਣ।
ਅੱਜ ਸਭ ਪਾਸੇ ਦਹਿਸ਼ਤ ਤੇ ਖ਼ੌਫ਼ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਵਿਸ਼ਵ ਭਰ ਵਿਚ ਨਸਲਵਾਦ, ਅੰਧ-ਰਾਸ਼ਟਰਵਾਦ ਜਾਂ ਧਾਰਮਿਕ ਕੱਟੜਤਾ, ਜਾਤਵਾਦ, ਜਮਾਤੀ ਵਖਰੇਵੇਂ ਤਾਨਾਸ਼ਾਹੀ ਵਰਤਾਰਿਆਂ ਨੂੰ ਮੁੜ ਉਭਾਰ ਰਹੇ ਹਨ। ਅਜਿਹੀ ਸਥਿਤੀ ਵਿਚ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੀ ਬਾਣੀ ਵਿਚਲੀ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’ ਦੀ ਮਾਨਵੀ ਤੇ ਸਵੈ-ਮਾਣ ਵਾਲੀ ਦ੍ਰਿਸ਼ਟੀ ਅਤੇ ਦੂਸਰਿਆਂ ਦੇ ਵੱਖਰੇਪਣ ਦੀ ਸਲਾਮਤੀ ਲਈ ਕੁਰਬਾਨ ਹੋ ਜਾਣ ਦਾ ਗੌਰਵ ਪਛਾਨਣਾ ਬਹੁਤ ਪ੍ਰਸੰਗਿਕ ਹੈ।
ਸ਼ਹਾਦਤ
‘ਸ਼ਹਾਦਤ’ ਅਰਬੀ ਮੂਲ ਦਾ ਸ਼ਬਦ ਹੈ ਜਿਸਦੇ ਅਰਥ ਭਾਈ ਕਾਨ੍ਹ ਸਿੰਘ ਨਾਭਾ ਨੇ ‘ਸੱਚੀ ਗਵਾਹੀ. ਸਾਕ੍ਯ। 2. ਸ਼ਹੀਦੀ. ਧਰਮਯੁੱਧ ਵਿਚ ਮੌਤ’ ਦੇ ਤੌਰ ’ਤੇ ਦਿੱਤੇ ਹਨ। ਹੋਰ ਥਾਵਾਂ ’ਤੇ ਵੀ ਇਸੇ ਭਾਵ ਨਾਲ ‘ਕੁਰਬਾਨੀ’, ‘ਪ੍ਰਮਾਣ’, ‘ਸਾਖੀ’ ਤੇ ‘ਅਕੀਦੇ ਦੀ ਸ਼ਾਹਦੀ’ ਆਦਿ ਦੇ ਤੌਰ ’ਤੇ ਅਰਥ ਦਿੱਤੇ ਹਨ। ਇਸ ਤਰ੍ਹਾਂ ਸ਼ਹਾਦਤ ਇਕ ਉੱਚੇ ਸੁੱਚੇ ਕਾਰਜ ਭਾਵ ਧਰਮ-ਯੁੱਧ ਲਈ ਜੀਵਨ ਦੀ ਦਿੱਤੀ ਕੁਰਬਾਨੀ ਹੈ। ਹੱਕ-ਸੱਚ ਲਈ ਅਰਪੇ ਜੀਵਨ ਉਪਰ ਆਮ ਮੌਤ ਵਾਂਗ ਸੋਗ ਜਾਂ ਨਿਰਾਸ਼ਾ ਨਹੀਂ ਹੁੰਦੀ ਸਗੋਂ ਮਾਣ ਹੁੰਦਾ ਹੈ। ਅਜਿਹੀ ਸ਼ਹਾਦਤ ਦਾ ਆਰੰਭ ਪੱਛਮ ਵਿਚ ਖ਼ਾਸ ਕਰਕੇ ਇਸਾਈ, ਯਹੂਦੀ, ਪਾਰਸੀ ਤੇ ਇਸਲਾਮੀ ਧਰਮ-ਕਰਮ ਦੇ ਯੁੱਧਾਂ ਜਾਂ ਸੱਚਾਈ ਤੇ ਆਪਣੇ ਅਕੀਦਿਆਂ ਲਈ ਦ੍ਰਿੜ੍ਹਤਾ ਵਿਚੋਂ ਹੋਇਆ। ਫਿਰ ਭਾਰਤ ਵਿਚ ਖ਼ਾਸ ਕਰਕੇ ਸਿੱਖ ਪਰੰਪਰਾ ਵਿਚ ਸ਼ਹਾਦਤਾਂ ਦਾ ਲਾਸਾਨੀ ਇਤਿਹਾਸ ਹੈ।
ਮਨੁੱਖੀ ਇਤਿਹਾਸ ਬੇਗਾਨਿਆਂ ’ਤੇ ਕਬਜ਼ਿਆਂ ਅਤੇ ਸੱਤਾ ਪ੍ਰਾਪਤੀ ਲਈ ਸੰਘਰਸ਼ਾਂ, ਬੇਵਫ਼ਾਈਆਂ ਤੇ ਧੋਖਿਆਂ ਦਾ ਇਤਿਹਾਸ ਹੈ। ਪਹਿਲਾਂ ਕਾਬਜ਼ ਹੋਣ ਲਈ ਤਾਕਤਵਰ ਧਿਰ ਕਮਜ਼ੋਰ ਧਿਰਾਂ ’ਤੇ ਜਬਰ-ਜ਼ੁਲਮ, ਹਿੰਸਾ ਤੇ ਅਨਿਆਂ ਕਰਦੀ ਹੈ ਅਤੇ ਬਾਅਦ ਵਿਚ ਆਪਣੇ ਰਾਜ ਦੀ ਲੰਬੀ ਉਮਰ ਲਈ ਵੱਖ-ਵੱਖ ਦਮਨਕਾਰੀ ਨੀਤੀਆਂ ਰਾਹੀਂ ਲੋਕਾਈ ਅੰਦਰ ਡਰ ਪੈਦਾ ਕੀਤਾ ਜਾਂਦਾ ਹੈ। ਸੱਤਾ ਆਪਣੇ ਮਾਤਹਿਤਾਂ ਨੂੰ ਬੇਵੱਸ, ਭੈਅ-ਭੀਤ ਤੇ ਲਾਚਾਰ ਜਿਹਾ ਬਣਾ ਦਿੰਦੀ ਹੈ ਅਤੇ ਉਨ੍ਹਾਂ ਦੀ ਕਦੇ ਵੀ ਆਵਾਜ਼ ਨਹੀਂ ਸੁਣੀ ਜਾਂਦੀ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਅਜਿਹਾ ਹੋਇਆ ਹੈ, ਉਦੋਂ ਹੀ ਜਾਗਦੀਆਂ ਜ਼ਮੀਰਾਂ ਵਾਲੇ ਲੋਕ, ਸਮਾਜਿਕ ਜਾਂ ਧਾਰਮਿਕ ਆਗੂ ਇਸ ਜਬਰ-ਜ਼ੁਲਮ ਤੇ ਅਨਿਆਂ ਖਿਲਾਫ਼ ਉੱਠ ਖੜ੍ਹੇ ਹੁੰਦੇ ਰਹੇ ਹਨ ਅਤੇ ਮਾਨਵਤਾ ਨੂੰ ਮੁੜ ਗੌਰਵਸ਼ੀਲ ਬਣਾਉਣ ਦਾ ਬੀੜਾ ਚੁੱਕਦੇ ਹਨ। ਬਹੁਤ ਵਾਰੀ ਇਹ ਮਜ਼ਲੂਮ ਧਿਰ ਵਿਚੋਂ ਹੀ ਉੱਠਦੇ ਹਨ, ਪਰ ਮਾਨਵਤਾ ਨਾਲ ਅਥਾਹ ਪਿਆਰ ਕਰਨ ਵਾਲੇ ਦੂਜਿਆਂ ਦੇ ਹੱਕ-ਸੱਚ ਦੀ ਲੜਾਈ ਵੀ ਲੜਦੇ ਹਨ ਅਤੇ ਮਾਨਵਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਦ੍ਰਿੜ੍ਹਾਉਣ ਲਈ ਜੀਵਨ ਤਕ ਕੁਰਬਾਨ ਕਰ ਦਿੰਦੇ ਹਨ। ਰਾਜ ਸੱਤਾ ਵੱਲੋਂ ਬਣਾਏ ਜਾਂਦੇ ਭੈਅ ਦੇ ਮਾਹੌਲ ਵਿਚ ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ ਹੈ। ਅਜਿਹੀਆਂ ਕੁਰਬਾਨੀਆਂ ਉਸ ਦਹਿਸ਼ਤ ਦੇ ਜਮੂਦ ਨੂੰ ਤੋੜ ਦਿੰਦੀਆਂ ਹਨ। ਇਹ ਰਾਜ ਸੱਤਾ ਦੀ ਇਖ਼ਲਾਕੀ ਹਾਰ ਹੁੰਦੀ ਹੈ। ਲੋਕ ਦਹਿਸ਼ਤ ’ਚੋਂ ਨਿਕਲ ਸਚਾਈ ਲਈ ਪੂਰੇ ਚਾਅ ਤੇ ਚੜ੍ਹਦੀ ਕਲਾ ਨਾਲ ਸੰਘਰਸ਼ ਲਈ ਤਿਆਰ ਹੋ ਜਾਂਦੇ ਹਨ। ਇਹ ਹੀ ਸ਼ਹਾਦਤ ਦੀ ਕਰਾਮਾਤ ਹੈ। ਇਸ ਤਰੀਕੇ ਦਾ ਨਿਰਭੈਅ ਹੋ ਜਾਣਾ, ਅੱਤਿਆਚਾਰ ਦਾ ਸਭ ਤੋਂ ਵੱਡਾ ਪ੍ਰਤੀਉੱਤਰ ਹੈ। ਇਹ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸਰੋਤ ਬਣ ਕੇ ਉਨ੍ਹਾਂ ਨੂੰ ਹੱਕ-ਸੱਚ, ਕਰਮ-ਧਰਮ ਤੇ ਅਣਖ ਨਾਲ ਜਿਉਣ ਦਾ ਹਲੂਣਾ ਦਿੰਦੀ ਰਹਿੰਦੀ ਹੈ।
ਗੁਰੂ ਤੇਗ ਬਹਾਦਰ ਬਾਣੀ ਤੇ ਸਾਹਸੀ ਮਨੁੱਖ
ਸਿੱਖ ਸਿਧਾਂਤ ਤੇ ਉਸ ’ਤੇ ਅਮਲ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਤੋਂ ਚਲੀ ਆਉਂਦੀ ਹੈ। ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਨੇ ਇਸ ਨੂੰ ਸਮੇਂ ਸਮੇਂ ਅੱਗੇ ਤੋਰਿਆ। ਭੈਅ, ਵੈਰ, ਕੂੜ, ਕਾਇਰਤਾ ਤੇ ਨਿਰਦਈਪੁਣੇ ਆਦਿ ਤੋਂ ਉਲਟ ਮਨੁੱਖੀ ਮਨ ਤੇ ਦੇਹ ਦੋਵਾਂ ਦੀ ਨਵ-ਉਸਾਰੀ ਕਰਨਾ ਗੁਰਬਾਣੀ ਦਾ ਮੁੱਖ ਮਕਸਦ ਹੈ। ਸੰਖੇਪ ਵਿਚ ਭਗਤ ਤੇ ਸੂਰਮਾ ਜਾਂ ਸੰਤ ਤੇ ਸਿਪਾਹੀ ਹੋਵੇ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ‘ਮੀਰੀ-ਪੀਰੀ’ ਦੇ ਰੂਪ ਵਿਚ ਅਮਲ ਵਿਚ ਲਿਆਂਦਾ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਇਕ ਪਾਸੇ ਤਿਆਗੀ ਜਾਂ ਵੈਰਾਗੀ ਮਨੁੱਖ ਅਤੇ ਦੂਜੇ ਪਾਸੇ ਨਿਰਭੈਅ ਤੇ ਸਾਹਸੀ ਮਨੁੱਖ ਦਾ ਸੰਕਲਪ ਹੈ। ਉਨ੍ਹਾਂ ਇਸ ਨੂੰ ਨਿਰਭੈ ਪਦ ਨੂੰ ਪਹੁੰਚੇ ਕਿਹਾ ਹੈ ਜੋ ਮੁਕਤੀ ਦੇ ਬਰਾਬਰ ਰੱਖਿਆ ਹੈ। ਰੱਬ ਦਾ ਸੰਕਲਪ ਵੀ ਉਨ੍ਹਾਂ ਨੇ ‘ਭੈ ਹਰਨ’, ‘ਅਨਾਥ ਕੇ ਨਾਥ’, ‘ਦੀਨ ਦਿਆਲ’ ਤੇ ‘ਭਗਤ ਰੱਖਿਅਕ’ ਦੇ ਰੂਪ ਵਿਚ ਦਿੱਤਾ ਹੈ। ਕਈ ਲੋਕ ਆਪਣੇ ਇਕਹਿਰੇ ਨਜ਼ਰੀਏ ਤੋਂ ਉਨ੍ਹਾਂ ਦੀ ਬਾਣੀ ਦੇ ਵੈਰਾਗੀ-ਤਿਆਗੀ ਪੱਖ ਨੂੰ ਬਲਸ਼ੀਲ, ਸਾਹਸੀ ਤੇ ਵੀਰਤਾ ਪੱਖ ਦੇ ਵਿਰੋਧ ਵਿਚ ਸਮਝ ਲੈਂਦੇ ਹਨ, ਪਰ ਗੁਰੂ ਜੀ ਦੀ ਬਾਣੀ ਦੇ ਗਹਿਨ ਤੇ ਸੰਦਰਭਗਤ ਅਰਥਾਂ ’ਚ ਇਹ ਇਕ ਸਿੱਕੇ ਦੇ ਦੋ ਪਾਸੇ ਹੀ ਹਨ। ਅਸੀਂ ਉਨ੍ਹਾਂ ਦੀ ਬਾਣੀ ਵਿਚ ਅਜਿਹੇ ਤਿਆਗੀ ਤੇ ਸਾਹਸੀ ਪੁਰਖ ਦੀ ਨਿਸ਼ਾਨਦੇਹੀ ਕਰ ਸਕਦੇ ਹਾਂ ਜੋ ਦੁੱਖ-ਸੁੱਖ, ਸਨੇਹ ਬੰਧਨ, ਡਰ, ਲੋਭ, ਮੋਹ, ਹੰਕਾਰ ਤੋਂ ਮੁਕਤ ਹੈ। ਤਿਆਗ ਤੇ ਸੂਰਬੀਰਤਾ ਦੇ ਇਸ ਵਿਰੋਧਾਭਾਸ ਵਿਚ ਡਾ. ਫੌਜਾ ਸਿੰਘ ਦਾ ਵਿਚਾਰ ਹੈ ਕਿ ਸੂਰਬੀਰਤਾ ਦੀ ਜਿਸ ਸਿਖ਼ਰ ਉੱਤੇ ਸੰਸਾਰਕ ਪਦਾਰਥਾਂ ਨੂੰ ਖ਼ਾਕ ਬਰਾਬਰ ਸਮਝਣ ਵਾਲਾ ਵਿਰਕਤ ਤਿਆਗੀ ਪੁੱਜ ਸਕਦਾ ਹੈ, ਉੱਥੋਂ ਤਕ ਕਿਸੇ ਹੋਰ ਯੋਧੇ ਦੀ ਪਹੁੰਚ ਨਹੀਂ ਹੋ ਸਕਦੀ। ਗੁਰੂ ਜੀ ਦੀ ਬਾਣੀ ਦੇ ਸੰਦਰਭ ਵਿਚ ਇਕ ਯਥਾਰਥ-ਬੋਧ ਪਿਆ ਹੈ ਜੋ ਇਕ ਤਵਾਰੀਖ਼ ਸਿਰਜਣ ਵੱਲ ਇਸ਼ਾਰਾ ਕਰਦਾ ਹੈ ਕਿ ਮਨੁੱਖ ਨੂੰ ਦੁੱਖ-ਸੁੱਖ ਆਉਂਦੇ ਰਹਿਣਗੇ ਅਤੇ ਇਨ੍ਹਾਂ ਦਾ ਟਾਕਰਾ ਅਡੋਲ ਰਹਿ ਕੇ ਕਰਨਾ ਹੈ। ਗੁਰਬਾਣੀ ਵਿਚ ਸਿਰਫ਼ ਉਨ੍ਹਾਂ ਦੁਆਰਾ ਹੀ ਵਰਤਿਆ ਗਿਆ ‘ਜੈਜਾਵੰਤੀ’ ਰਾਗ ਵੀ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਵਿਲੱਖਣ ਬਣਾਉਂਦਾ ਹੈ ਜੋ ਇਕ ‘ਰਾਜਪੂਤੀ ਰਾਗ’ ਹੈ ਅਤੇ ਰਾਜਪੂਤਾਂ ਵਿਚ ਇਹ ਲੜਾਈ ਦੇ ਸਮੇਂ ਗਾਇਆ ਜਾਂਦਾ ਸੀ। ਇਸ ਪ੍ਰਸੰਗ ਵਿਚ ਉਨ੍ਹਾਂ ਦੀ ਬਾਣੀ ਵਿਚ ਵੈਰਾਗ ਤੇ ਤਿਆਗ ਦੇ ਸੰਕਲਪ ਕੂੜ ਤੇ ਭਰਮ ਦੇ ਜੀਵਨ ਤੋਂ ਤੋੜ ਕੇ ਮਨੁੱਖ ਨੂੰ ਜ਼ਿੰਦਗੀ ਦੇ ਅਸਲ ਮਕਸਦ ਨਾਲ ਜੋੜਦੇ ਹਨ। ਇਹ ਸਮਾਜਿਕ ਪ੍ਰਪੰਚ ਤੋਂ ਉਪਰ ਉੱਠ ਕੇ ਜੀਵਨ ਦਾ ਇਕ ਉਦੇਸ਼ ਮਿਥਣ, ਦੁਬਿਧਾ ਨੂੰ ਦੂਰ ਕਰਨ ਵੱਲ ਸੇਧਿਤ ਹੈ। ਸਮਾਜਿਕ ਪ੍ਰਪੰਚ ਤੋਂ ਉੱਪਰ ਉੱਠਿਆ ਮਨੁੱਖ ਸਾਧਾਰਨ ਜੀਵ ਵਾਂਗ ਦੁੱਖ ਵਿਚ ਦੁੱਖ ਨਹੀਂ ਮਨਾਉਂਦਾ ਅਤੇ ਮਾਨਵਤਾ ਲਈ ਕਦੇ ਵੀ ਕੁਰਬਾਨ ਹੋ ਸਕਦਾ ਹੈ। ਸੋ ਗੁਰੂ ਜੀ ਅਜਿਹੇ ਪ੍ਰਵਚਨਾਂ ਰਾਹੀਂ ਮਾਨਸਿਕ ਤੌਰ ’ਤੇ ਬੰਧਨ-ਯੁਗਤ ਬੰਦੇ ਨੂੰ ਭੈਅ-ਮੁਕਤ ਤੇ ਬੰਧਨ-ਮੁਕਤ ਬੰਦੇ ਵਿਚ ਰੂਪਾਂਤਰਣ ਕਰ ਰਹੇ ਹਨ:
* ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥ (219)
* ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥
ਸੁਖ ਸਨੇਹੁ ਅਰੁ ਭੈ ਜਾ ਕੈ ਕੰਚਨ ਮਾਟੀ ਮਾਨੈ॥
ਨਹ ਨਿੰਦਿਆ ਨਹ ਨਹੀ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥ (633)
ਖੇਤਰੀ ਬੰਧਨਾਂ ਵਿਚ ਬੱਝੇ, ਭੈਅਭੀਤ ਤੇ ਸਾਹਸਹੀਣ ਵਿਅਕਤੀ ਦਾ ਬੰਧਨ-ਮੁਕਤ, ਭੈਅ-ਮੁਕਤ ਤੇ ਸਾਹਸੀ ਮਨੁੱਖ ਵਿਚ ਰੂਪਾਂਤਰ ਕਰਨਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਮੁੱਖ ਸਿਧਾਂਤ ਹੈ। ਗੁਰੂ ਸਾਹਿਬ ਜਾਣਦੇ ਸਨ ਕਿ ਮਨੁੱਖ ਨੂੰ ਵਿਚਾਰਧਾਰਕ ਪੱਧਰ ’ਤੇ ਪ੍ਰਤੀਰੋਧ ਲਈ ਤਿਆਰ ਕਰਨਾ ਅਹਿਮ ਹੈ। ਤਿੰਨ ਪੱਛਮੀ ਚਿੰਤਕ ਫੂਕੋ, ਦੇਲਿਊਜ਼ ਅਤੇ ਗਾੱਟਰੀ ਆਪਣੀਆਂ ਲਿਖਤਾਂ ਰਾਹੀਂ ਦੱਸ ਚੁੱਕੇ ਹਨ ਕਿ ਕਿਵੇਂ ਮਨੁੱਖ ਦੇ ਮਨ ਤੇ ਦੇਹ ਨੂੰ ਖੇਤਰਿਤ ਜਾਂ ਟੈਰੀਟੋਰੀਅਲਾਈਜ਼ ਕੀਤਾ ਜਾਂਦਾ ਹੈ। ਜਬਰ-ਜ਼ੁਲਮ ਜਾਂ ਮੌਤ ਦੀ ਸਜ਼ਾ ਦਾ ਡਰ ਦੇ ਕੇ ਮਨੁੱਖ ਨੂੰ ਅੰਦਰੋਂ-ਬਾਹਰੋਂ ਅਧੀਨ ਕਰ ਲਿਆ ਜਾਂਦਾ ਹੈ। ਹਾਕਮ ਸੱਤਾ ਨੂੰ ਚਿਰ-ਸਥਾਈ ਬਣਾਈ ਰੱਖਣ ਲਈ ਸਦੀਆਂ ਤੋਂ ਇਹ ਹਥਿਆਰ ਵਰਤਦਾ ਆਇਆ ਹੈ। ਮਨੁੱਖ ਜਾਤੀ ਨੂੰ ਅੱਗੇ ਲਿਜਾਣ ਤੇ ਸਵੈ-ਮਾਣ ਨਾਲ ਜਿਉਣ ਲਈ ਹਰ ਕਿਸਮ ਦੀ ਬਲਹੀਣਤਾ ਤੇ ਬੰਧਨਾਂ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ। ਵੱਡਾ ਸੁਆਲ ਇਹ ਹੀ ਹੈ ਕਿ ਇਸ ਖੇਤਰਿਤ ਹੋਏ ਬੰਦੇ ਨੂੰ ਡੀ-ਟੈਰੀਟੋਰੀਅਲਾਈਜ਼ ਕਿਵੇਂ ਕਰਨਾ ਹੈ?
ਸ੍ਰੀ ਗੁਰੂ ਤੇਗ ਬਹਾਦਰ: ਬਾਣੀ ਅਤੇ ਸ਼ਹਾਦਤ ਦਾ ਗੌਰਵ
ਇਉਂ ਕਰਨ ਜਾਂ ਤਬਦੀਲੀ ਲਿਆਉਣ ਲਈ ਖੇਤਰਿਤ ਹੋਏ ਦੇਹਗਤ ਆਤਮ ਦੀ ਨਵ-ਉਸਾਰੀ ਜ਼ਰੂਰੀ ਹੈ ਅਤੇ ਇਸ ਤਬਦੀਲੀ ਤੇ ਨਵ-ਉਸਾਰੀ ਲਈ ਡਾ. ਗੁਰਭਗਤ ਸਿੰਘ ਵਰਗੇ ਵਿਸ਼ਵ-ਵਿਆਪੀ ਸਮਝ ਰੱਖਣ ਵਾਲੇ ਵਿਦਵਾਨਾਂ ਦੀ ਟੇਕ ਗੁਰੂ ਨਾਨਕ ਚਿੰਤਨਧਾਰਾ ’ਤੇ ਹੈ। ਇਸੇ ਚਿੰਤਨਧਾਰਾ ਵਿਚ ਗੁਰੂ ਤੇਗ ਬਹਾਦਰ ਜੀ ਅਜਿਹੇ ਮਨੁੱਖੀ ਮਨ ਦੀ ਡੀ-ਟੈਰੀਟੋਰੀਅਲਾਈਜ਼ੇਸ਼ਨ ਕਰਨ ਵਾਲਾ ਪ੍ਰਵਚਨ ਸਿਰਜ ਰਹੇ ਹਨ ਜੋ ਮਨੁੱਖ ਇਕ ਜ਼ਾਲਮ ਹਕੂਮਤ ਦੇ ਭੈਅ ਵਿਚ ਵਿਚਰਦੇ ਇਕ ਤਰ੍ਹਾਂ ਦੀ ਗ਼ੁਲਾਮੀ ਵਿਚ ਜਕੜਿਆ ਹੋਇਆ ਹੈ। ਉਸ ਦੇ ਸਭ ਬੰਧਨ ਤੋੜਨ ਵਾਲਾ ਅਜਿਹਾ ਵਿਵੇਕ ਸਿਰਜ ਕੇ ਉਹ ਸਮਕਾਲ ਤੇ ਭਵਿੱਖ ਕਾਲ ਦੋਵਾਂ ਵੇਲਿਆਂ ਲਈ ਜਬਰ-ਜ਼ੁਲਮ ਖ਼ਿਲਾਫ਼ ਲੜਨ ਦੀ ਜੁਅੱਰਤ ਪ੍ਰਦਾਨ ਕਰਦੇ ਹਨ:
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ॥
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
ਇਹ ਦੁੱਖਾਂ, ਸੁੱਖਾਂ, ਸਨੇਹਾਂ, ਬੰਧਨਾਂ, ਭੈਆਂ, ਮੋਹ-ਮਾਇਆ, ਲੋਭ, ਹੰਕਾਰ ਤੋਂ ਮੁਕਤ ਸਾਹਸੀ ਬੰਦਾ ਨਾ ਕਿਸੇ ਨੂੰ ਡਰਾਉਂਦਾ ਹੈ, ਨਾ ਡਰਦਾ ਹੈ। ਇਸ ਅਵਸਥਾ ਨੂੰ ਪਹੁੰਚਿਆ ਮਨੁੱਖ ਮਾਨਵੀ ਹੋਂਦ ਦੇ ਗੌਰਵ ਨੂੰ ਬਹਾਲ ਰੱਖਣ ਲਈ ਜੀਵਨ ਕੁਰਬਾਨ ਕਰ ਦੇਵੇਗਾ। ਇਉਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਉਨ੍ਹਾਂ ਦੁਆਰਾ ਭਵਿੱਖ ਵਿਚ ਸਿਰਜੀ ਜਾਣ ਵਾਲੀ ਤਵਾਰੀਖ਼ ਦੀਆਂ ਪੈੜਾਂ ਵੇਖੀਆਂ ਜਾ ਸਕਦੀਆਂ ਹਨ। ਗੁਰੂ ਜੀ ਦੀ ਬਾਣੀ ਵਿਚ ਨਿਰਭੈਅ ਤੇ ਸਾਹਸੀ ਬੰਦੇ ਦਾ ਮਹਿਜ਼ ਸੰਕਲਪ ਨਹੀਂ ਸਗੋਂ ਇਨ੍ਹਾਂ ਉਪਰ ਚਲ ਕੇ ਉਨ੍ਹਾਂ ਇਕ ਲਾਸਾਨੀ ਮਿਸਾਲ ਕਾਇਮ ਕੀਤੀ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ
ਗੁਰੂ ਸਾਹਿਬਾਨ ਬਾਬਰ ਦੇ ਵੇਲੇ ਤੋਂ ਹੀ ਅਨਿਆਂ ਅਤੇ ਜ਼ੁਲਮ ਵਿਰੁੱਧ ਹੱਕ-ਸੱਚ ਦੀ ਲੜਾਈ ਲੜਦੇ ਰਹੇ। ਔਰੰਗਜ਼ੇਬ ਇਕ ਜ਼ਾਲਮ ਰਾਜੇ ਵਜੋਂ ਜਾਣਿਆ ਜਾਂਦਾ ਹੈ। ਉਸ ਦੇ ਧਾਰਮਿਕ ਅਨਿਆਂ ਤੇ ਜਬਰ-ਜ਼ੁਲਮ ਖ਼ਿਲਾਫ਼ ਧਰਮ-ਯੁੱਧ ਦਾ ਮੋਰਚਾ ਗੁਰੂ ਤੇਗ ਬਹਾਦਰ ਜੀ ਸੰਭਾਲਦੇ ਹਨ। ਉਸ ਦੀ ਹਕੂਮਤ ਬਾਬਰ ਤੇ ਜਹਾਂਗੀਰ ਦੇ ਜਬਰ-ਜ਼ੁਲਮ ਨੂੰ ਵੀ ਪਿੱਛੇ ਛੱਡ ਜਾਂਦੀ ਹੈ। ਉਹ ਇਕ ਕੱਟੜ ਮੁਤੱਸਬੀ ਰਾਜਾ ਸੀ। ਉਸ ਨੇ ਬਾਦਸ਼ਾਹ ਅਕਬਰ ਦੇ ਖ਼ਤਮ ਕੀਤੇ ਸੁੰਨੀ ਇਸਲਾਮੀ ਲਾਅ ‘ਹਨਾਫ਼ੀ ਕਾਨੂੰਨ’ ਨੂੰ ਆਪਣੇ ਰਾਜ ਵਿਚ ਮੁੜ ਲਾਗੂ ਕੀਤਾ ਜੋ ‘ਫ਼ਤਵਾ-ਏ-ਆਲਮਗ਼ੀਰੀ’ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਗੈਰ-ਮੁਸਲਿਮਾਂ ਨੂੰ ਕਾਫ਼ਰ ਸਮਝਦਾ ਹੈ। ਇਸਲਾਮੀ ਕੋਸ਼ਾਂ ਤੇ ਬ੍ਰਿਟੈਨਕਾ ਕੋਸ਼ ਵਿਚ ਇਸ ਕਾਨੂੰਨ ਨੂੰ ਇਕ ਅਜਿਹੀ ਇਸਲਾਮੀ ਰਾਜਨੀਤਕ ਵਿਚਾਰਧਾਰਾ ਮੰਨਿਆ ਗਿਆ ਹੈ ਜੋ ਦੁਨੀਆਂ ਨੂੰ ਦੋ ਖਿੱਤਿਆਂ ਵਿਚ ਵੰਡ ਕੇ ਵੇਖਦੀ ਹੈ। ਇਕ ‘ਦਾਰ-ਉਲ-ਇਸਲਾਮ’ (ਉਹ ਖੇਤਰ ਜਿਸ ਵਿਚ ਇਸਲਾਮ ਦਾ ਸ਼ਾਸਨ ਹੈ) ਅਤੇ ਦੂਜਾ ‘ਦਾਰ-ਉਲ-ਹਰਬ’ (ਉਹ ਖੇਤਰ ਜਿੱਥੇ ਮੰਨਿਆ ਜਾਂਦਾ ਹੈ ਕਿ ਇਸਲਾਮ ਫੈਲ ਸਕਦਾ ਤੇ ਇਸ ’ਤੇ ਇਸਲਾਮੀ ਸ਼ਾਸਨ ਹੋਣਾ ਚਾਹੀਦਾ ਹੈ)।
ਇਤਿਹਾਸਕਾਰ ਜਾਦੂਨਾਥ ਸਰਕਾਰ ‘ਔਰੰਗਜ਼ੇਬ ਦਾ ਇਤਿਹਾਸ’ ਲਿਖਦਿਆਂ ਕਹਿੰਦਾ ਹੈ ਕਿ ‘ਔਰੰਗਜ਼ੇਬ ਉਪਰੋਕਤ ਕੱਟੜ ਸੋਚ ਦਾ ਧਾਰਨੀ ਸੀ ਤੇ ਉਸ ਨੇ 1669 ਵਿਚ ਗੈਰ-ਮੁਸਲਿਮਾਂ ਦੇ ਧਾਰਮਿਕ ਤੇ ਸਿੱਖਿਆ ਦੇ ਸਥਾਨ ਢਾਹੁਣ ਤੇ ਉਨ੍ਹਾਂ ਕੋਲੋਂ ‘ਜ਼ਕਾਤ’ ਨਾਲੋਂ ਦੁੱਗਣਾ ਟੈਕਸ ਵਸੂਲਣਾ ਸ਼ੁਰੂ ਕੀਤਾ’। ਉਨ੍ਹਾਂ ਦਾ ਜਬਰੀ ਧਰਮ ਪਰਿਵਰਨ ਕਰਾ ਕੇ ਸਾਰੇ ਭਾਰਤ ਨੂੰ ‘ਦਾਰ-ਉਲ-ਇਸਲਾਮ’ ਬਣਾਉਣ ਦਾ ਯਤਨ ਕੀਤਾ। ਈਨ ਨਾ ਮੰਨਣ ਵਾਲਿਆਂ ’ਤੇ ਜ਼ੁਲਮ ਕੀਤੇ ਜਾਂਦੇ। ਰਾਜ ਦੀ ਸਦੀਵੀ ਸਥਾਪਤੀ ਲਈ ਰਾਜ ਵਿਚੋਂ ਉੱਠਦੀ ਨਿੱਕੀ ਤੋਂ ਨਿੱਕੀ ਬਗ਼ਾਵਤ ਜਾਂ ਵਿਰੋਧ ਨੂੰ ਸਖ਼ਤੀ ਨਾਲ ਦਬਾ ਦਿੱਤਾ ਜਾਂਦਾ। ਦੂਜੇ ਪਾਸੇ ਸਿੱਖ ਧਰਮ ਹੱਕ-ਸੱਚ, ਨਿਆਂ ਤੇ ਮਜ਼ਲੂਮਾਂ ਨਾਲ ਖੜ੍ਹੇ ਹੋਣ ਕਾਰਨ ਭਾਰਤ ਭਰ ਵਿਚ ਪ੍ਰਫੁੱਲਿਤ ਹੋ ਰਿਹਾ ਸੀ ਅਤੇ ਪੰਜਾਬ ਵਿਚ ਤਾਂ ਸਮਾਜਿਕ-ਰਾਜਨੀਤਕ ਤਬਦੀਲੀਆਂ ਦਾ ਆਧਾਰ ਬਣ ਰਿਹਾ ਸੀ। ਜਹਾਂਗੀਰ ਦੇ ਵੇਲੇ ਤੋਂ ਹੀ ਮੁਗ਼ਲ ਹਕੂਮਤ ਇਸ ਨੂੰ ਬਾਗ਼ੀਆਨਾ ਤਬਦੀਲੀ ਸਮਝ ਰਹੀ ਸੀ। ਪਹਿਲਾਂ ਗੁਰੂ ਅਰਜਨ ਦੇਵ ਵੱਲੋਂ ਜਹਾਂਗੀਰ ਦੇ ਬਾਗ਼ੀ ਬੇਟੇ ਖ਼ੁਸਰੋ ਮਿਰਜ਼ਾ ਦੀ ਹਮਾਇਤ ਕਾਰਨ ਜਹਾਂਗੀਰ ਹਕੂਮਤ ਨੇ ਸਿੱਖਾਂ ਪ੍ਰਤੀ ਬਦਲੇ ਦੀ ਭਾਵਨਾ ਰੱਖੀ। ਇਸ ਤੋਂ ਬਾਅਦ ਗੁਰੂ ਹਰਿਰਾਏ ਜੀ ਵੱਲੋਂ ਔਰੰਗਜ਼ੇਬ ਤੇ ਉਸ ਦੇ ਵੱਡੇ ਭਰਾ ਦਾਰਾ ਸ਼ਿਕੋਹ ਦੀ ਰਾਜ-ਸੱਤਾ ਹਾਸਲ ਕਰਨ ਦੀ ਲੜਾਈ ਵਿਚ ਦਾਰਾ ਸ਼ਿਕੋਹ ਦੀ ਹਮਾਇਤ ਕਰਨ ਕਰਕੇ ਔਰੰਗਜ਼ੇਬ ਸਿੱਖ ਗੁਰੂਆਂ ਪ੍ਰਤੀ ਬਦਲੇ ਦੀ ਭਾਵਨਾ ਰੱਖਦਾ ਸੀ। ਦਾਰਾ ਸ਼ਿਕੋਹ ਨੂੰ ਹਰਾ ਕੇ ਰਾਜਗੱਦੀ (1659) ’ਤੇ ਬੈਠਣ ਮਗਰੋਂ ਗੁਰੂ ਜੀ ਨੂੰ ਉਸ ਨੇ ਅਗਲੇ ਸਾਲ (1660) ਹੀ ਦਾਰਾ ਸ਼ਿਕੋਹ ਦੀ ਹਮਾਇਤ ਕਰਨ ਕਰਕੇ ਦਿੱਲੀ ਤਲਬ ਕੀਤਾ। ਇਤਿਹਾਸਕਾਰ ਜੇ.ਐੱਸ. ਗਰੇਵਾਲ ‘ਦਿ ਸਿੱਖਸ ਆਫ਼ ਪੰਜਾਬ’ ਪੁਸਤਕ ਵਿਚ ਲਿਖਦੇ ਹਨ ਕਿ ਗੁਰੂ ਜੀ ਨੇ ਆਪਣੀ ਥਾਂ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਆਪਣਾ ਪ੍ਰਤੀਨਿਧ ਬਣਾ ਕੇ ਭੇਜਿਆ। ਔਰੰਗਜ਼ੇਬ ਨੇ ਰਾਮ ਰਾਏ ਨੂੰ ਬੰਧਕ ਬਣਾ ਕੇ ਉਸ ਨੂੰ ਆਦਿ ਗ੍ਰੰਥ ਵਿਚਲੀ ਇਕ ਤੁਕ ਬਾਰੇ ਸੁਆਲ ਕੀਤਾ। ਉਸ ਨੇ ਦਾਅਵਾ ਕੀਤਾ ਕਿ ਇਸ ਤੁਕ ਨੇ ਮੁਸਲਮਾਨਾਂ ਨੂੰ ਅਪਮਾਨਿਤ ਕੀਤਾ ਹੈ। ਰਾਮ ਰਾਏ ਨੇ ਗੁਰੂ ਪਰੰਪਰਾ, ਸੱਚ ਜਾਂ ਗੁਰਬਾਣੀ ਵੱਲ ਨਿਰਭੈਅ ਹੋ ਕੇ ਖੜ੍ਹੇ ਹੋਣ ਦੀ ਬਝਾਏ ਔਰੰਗਜ਼ੇਬ ਦੀ ਗੱਲ ਮੰਨ ਕੇ ਉਸ ਤੁਕ ਨੂੰ ਬਦਲ ਦਿੱਤਾ। ਇਸ ਦੇ ਸਿੱਟੇ ਵਜੋਂ ਗੁਰੂ ਹਰਿਰਾਏ ਜੀ ਨੇ ਰਾਮ ਰਾਏ ਨਾਲੋਂ ਸੰਬੰਧ ਤੋੜ ਲਏ ਅਤੇ ਆਪਣੇ ਤੋਂ ਬਾਅਦ ਛੋਟੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੱਦੀ ਲਈ ਨਾਮਜ਼ਦ ਕੀਤਾ। ਓਧਰ ਰਾਮ ਰਾਏ, ਔਰੰਗਜ਼ੇਬ ਦੇ ਨੇੜੇ ਹੋ ਗਿਆ ਤੇ ਔਰੰਗਜ਼ੇਬ ਲਗਾਤਾਰ ਉਸ ਦੀ ਸਰਪ੍ਰਸਤੀ ਕਰਦਾ ਰਿਹਾ। ਉਸ ਨੂੰ ਦੇਹਰਾਦੂਨ ਵਿਖੇ ਮਾਲੀਆ-ਮੁਕਤ ਜ਼ਮੀਨ ਵੀ ਦਿੱਤੀ ਗਈ। ਔਰੰਗਜ਼ੇਬ ਦੀ ਸਿੱਖ ਗੁਰੂਆਂ ਨਾਲ ਈਰਖਾ ਭਾਵਨਾ ਹੀ ਸੀ ਕਿ ਉਸ ਨੇ ਬਾਲ ਅਵਸਥਾ ਵਿਚ ਥਾਪੇ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਵੀ ਦਿੱਲੀ ਤਲਬ ਕੀਤਾ। ਹਰਿਕ੍ਰਿਸ਼ਨ ਜੀ ਦੇ ਬਹੁਤ ਛੇਤੀ ਜੋਤੀ ਜੋਤ ਸਮਾਉਣ ’ਤੇ ‘ਬਾਬੇ ਬਕਾਲੇ’ ਦੇ ਇਸ਼ਾਰੇ ਦੇ ਜਾਣ ਉਪਰੰਤ ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਸੰਭਾਲੀ। ਮੁਗ਼ਲ ਸ਼ਾਸਨ ਉਸੇ ਈਰਖਾ ਨਾਲ ਗੁਰੂ ਸਾਹਿਬ ਦੀਆਂ ਗਤੀਵਿਧੀਆਂ ਨੂੰ ਨਿਰੰਤਰ ਵਾਚਦਾ ਰਿਹਾ। ਇਤਿਹਾਸਕਾਰਾਂ ਮੁਤਾਬਿਕ ਗੁਰੂ ਜੀ ਨੇ ਜਿਸ ਢੰਗ ਨਾਲ ਆਪਣਾ ਧਰਮ ਪ੍ਰਚਾਰ ਅੱਗੇ ਵਧਾਇਆ ਉਹ ਮੁਗ਼ਲ ਸ਼ਾਸਨ ਤੇ ਔਰੰਗਜ਼ੇਬ ਲਈ ਸਮਾਜਿਕ ਤੇ ਰਾਜਨੀਤਕ ਚੁਣੌਤੀ ਬਣ ਗਏ ਸਨ। ਇਸ ਕਾਰਨ ਮੁਗ਼ਲ ਸ਼ਾਸਨ ਨੇ ਗੈਰ-ਮੁਸਲਿਮਾਂ ’ਤੇ ਹੋਰ ਦਬਾ ਵਧਾ ਦਿੱਤਾ ਤੇ ਉਨ੍ਹਾਂ ਦੇ ਸਕੂਲ, ਮੰਦਰ ਤੇ ਗੁਰਦੁਆਰਿਆਂ ਨੂੰ ਢਾਹੁਣ ਦਾ ਫ਼ਰਮਾਨ ਵੀ ਜਾਰੀ ਕੀਤਾ।
ਇਸ ਦੇ ਪ੍ਰਤੀਕਰਮ ਵਜੋਂ ਗੁਰੂ ਜੀ ਨੇ ਹਿੰਦੋਸਤਾਨ ਦੇ ਵੱਖ-ਵੱਖ ਕੋਨਿਆਂ ਵਿਚ ਪਹੁੰਚ ਕੇ ਧਰਮ-ਕਰਮ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਭੈਅ ਤਿਆਗ ਕੇ ਸਾਹਸ ਨਾਲ ਹਕੂਮਤ ਦੇ ਜਬਰ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦਮਿਤਾਂ ਤੇ ਪੀੜਤਾਂ ਦੀ ਬਾਂਹ ਫੜੀ। ਬਾਦਸ਼ਾਹ ਦੇ ਅੱਤਿਆਚਾਰ ਤੋਂ ਦੁਖੀ ਲੋਕ ਗੁਰੂ ਸਾਹਿਬ ਕੋਲ ਫ਼ਰਿਆਦ ਕਰਦੇ ਅਤੇ ਗੁਰੂ ਸਾਹਿਬ ਉਨ੍ਹਾਂ ਨੂੰ ਹੱਕ-ਸੱਚ ’ਤੇ ਪੂਰੀ ਅਡੋਲਤਾ ਨਾਲ ਚੱਲਣ ਦਾ ਸੰਦੇਸ਼ ਦਿੰਦੇ। ਇਸ ਤਰ੍ਹਾਂ ਹੱਕ-ਸੱਚ, ਨਿਆਂ ਤੇ ਮਜ਼ਲੂਮਾਂ ਨਾਲ ਖੜ੍ਹੇ ਹੋਣ ਕਾਰਨ ਪੀੜਤ ਵਰਗ ਗੁਰੂ ਸਾਹਿਬ ਦੁਆਲੇ ਕੇਂਦਰਿਤ ਹੋਣ ਲੱਗੇ ਸਨ। ਜਬਰੀ ਮਾਲੀਏ ਤੋਂ ਦੁਖੀ ਬਹੁਤ ਸਾਰੇ ਕਿਸਾਨ ਜਿਮੀਂਦਾਰ ਗੁਰੂ ਜੀ ਨਾਲ ਆ ਲੱਗੇ ਸਨ। ਤਿੰਨ ਮੁੱਖ ‘ਭੱਟ ਵਹੀਆਂ’ ਦੇ ‘ਖਾਤਿਆਂ’ ਜਿਨ੍ਹਾਂ ਦੇ ਵੇਰਵਿਆਂ ਨੂੰ ਤੱਥ ਮੰਨ ਕੇ ਬਹੁਤੇ ਵਿਦਵਾਨਾਂ ਨੇ ਪੰਜਾਬ ਜਾਂ ਸਿੱਖਾਂ ਦਾ ਇਤਿਹਾਸ ਸਿਰਜਿਆ ਹੈ, ਅਨੁਸਾਰ ਗੁਰੂ ਜੀ ਨੂੰ ਸ਼ਹਾਦਤ ਵਾਲੀ ਗ੍ਰਿਫ਼ਤਾਰੀ ਤੋਂ ਪਹਿਲਾਂ ਵੀ ਦੋ ਵਾਰ 8 ਨਵੰਬਰ 1665 ਤੇ ਜੂਨ 1670 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰਗੱਦੀ ਸੰਭਾਲਣ (ਮਾਰਚ 1664) ਦੇ ਸਮੇਂ ਤੋਂ ਹੀ ਗੁਰੂ ਜੀ ਜਾਬਰ ਹਕੂਮਤ ਦੇ ਅਮਾਨਵੀ ਹੁਕਮਾਂ ਦੇ ਵਿਰੋਧ ਅਤੇ ਪੀੜਤਾਂ ਦੇ ਹੱਕ ਵਿਚ ਭੁਗਤ ਰਹੇ ਸਨ। ਇਸ ਸੰਬੰਧੀ ਜਗ੍ਹਾ-ਜਗ੍ਹਾ ਵਿਰੋਧ ਵੀ ਉੱਠੇ ਸਨ। ‘ਜਾਟ’ ਅੰਦੋਲਨ ਤੇ ‘ਸਤਨਾਮੀ’ ਬਗ਼ਾਵਤਾਂ ਵੀ ਹੋਈਆਂ ਸਨ, ਪਰ ਔਰੰਗਜ਼ੇਬ ਨੇ ਜ਼ਾਲਮਾਨਾ ਢੰਗ ਨਾਲ ਇਨ੍ਹਾਂ ਨੂੰ ਦਬਾ ਦਿੱਤਾ ਸੀ। ਹੁਣ ਪੰਜਾਬ ਵਿਚਲੀਆਂ ਬਗ਼ਾਵਤੀ ਸੁਰਾਂ ਗੁਰੂ ਜੀ ਦੁਆਲੇ ਕੇਂਦਰਿਤ ਹੋਣ ਲੱਗੀਆਂ। ਪ੍ਰਿੰਸੀਪਲ ਤੇਜਾ ਸਿੰਘ ਤੇ ਡਾ. ਗੰਡਾ ਸਿੰਘ ਨੇ ‘ਸਿੱਖ ਇਤਿਹਾਸ’ ਲਿਖਦਿਆਂ ਦਰਜ ਕੀਤਾ ਹੈ ਕਿ ‘ਉਨ੍ਹਾਂ ਦੇ ਇਨ੍ਹਾਂ ਪ੍ਰਚਾਰ ਦੌਰਿਆਂ ਦੌਰਾਨ, ਜੋ ਕਿ ਦੋ ਵਰ੍ਹੇ ਤਕ ਰਹੇ, ਗੁਰੂ ਸਾਹਿਬ ਦੇ ਇਕ ਥਾਂ ਤੋਂ ਦੂਜੀ ਥਾਂ ਜਾਣ ਸਮੇਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਨਾਲ ਹੁੰਦੇ ਸਨ। ਲੋਕ ਗੁਰੂ ਜੀ ਨੂੰ ਸ਼ਰਧਾਂਜਲੀ ਪੇਸ਼ ਕਰਨ ਤੋਂ ਇਲਾਵਾ ਭੇਟਾ ਵੀ ਚੜ੍ਹਾਉਂਦੇ ਸਨ। ਇਸ ਭੇਟਾ ਨੂੰ ਸਥਾਨਕ ਖ਼ਬਰਨਵੀਸਾਂ ਨੇ ਗੁਰੂ ਸਾਹਿਬ ਵੱਲੋਂ ਜਬਰੀ ਕਰ ਵਸੂਲ ਕਰਨ ਦਾ ਨਾਂ ਦਿੱਤਾ। ਖ਼ਬਰਨਵੀਸਾਂ ਦੀ ਗ਼ਲਤਬਿਆਨੀ ਕਾਰਨ ਸਰਕਾਰੀ ਹਲਕਿਆਂ ਵਿਚ ਇਹ ਸਮਝਿਆ ਜਾਣ ਲੱਗਿਆ ਕਿ ਗੁਰੂ ਜੀ ਚੋਖੀ ਸ਼ਕਤੀ ਪੈਦਾ ਕਰਕੇ ਰਾਜ ਲਈ ਖ਼ਤਰਾ ਸਿੱਧ ਹੋ ਸਕਦੇ ਸਨ’।
ਇਤਿਹਾਸਕਾਰ ਇਸੇ ਸਮੇਂ ਮਟਨ ਨਿਵਾਸੀ ਕਿਰਪਾ ਰਾਮ ਦੱਤ ਦੀ ਅਗਵਾਈ ਵਿਚ 16 ਕਸ਼ਮੀਰੀ ਬ੍ਰਾਹਮਣਾਂ ਦੇ ਵਫ਼ਦ ਦਾ ਜ਼ਿਕਰ ਕਰਦੇ ਹਨ ਜੋ ਕਸ਼ਮੀਰ ਦੇ ਗਵਰਨਰ ਇਫ਼ਤਖਾਰ ਖਾਂ ਦੇ ਉਨ੍ਹਾਂ ਉੱਤੇ ਹੋ ਰਹੇ ਅੱਤਿਆਚਾਰਾਂ ਅਤੇ ਜ਼ੋਰੀ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਖ਼ਿਲਾਫ਼ ਫ਼ਰਿਆਦ ਲੈ ਕੇ ਗੁਰੂ ਜੀ ਪਾਸ 25 ਮਈ 1675 ਨੂੰ ਮਾਖੋਵਾਲ (ਚੱਕ ਨਾਨਕੀ ਤੇ ਫਿਰ ਆਨੰਦਪੁਰ), ਕਹਲੂਰ (ਬਿਲਾਸਪੁਰ) ਪ੍ਰਦੇਸ਼ ਪਹੁੰਚਿਆ ਸੀ। ਡਾ. ਫੌਜਾ ਸਿੰਘ ਦੀ ਰਾਇ ਕੁਝ ਵੱਖਰੀ ਹੈ। ਉਹ ਇਸ ਨੂੰ ‘ਸਿੱਖ ਰਵਾਇਤ’ ਕਹਿ ਕੇ ਸੁਆਲ ਉਠਾਉਂਦੇ ਰਹੇ ਹਨ, ਪਰ ਡਾ. ਗੰਡਾ ਸਿੰਘ ‘ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬਲਉਤੋਂ ਕਾ’ ਅਤੇ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ ਦੇ ਹਵਾਲੇ ਨਾਲ ਲਿਖਦੇ ਹਨ ਕਿ ‘ਪੰਡਿਤ ਕਿਰਪਾ ਰਾਮ ਦੱਤ ਕੁਝ ਸਮੇਂ ਲਈ ਆਨੰਦਪੁਰ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਅਧਿਆਪਕ ਵੀ ਰਿਹਾ ਸੀ ਤੇ ਗੁਰੂ ਘਰ ਦੀ ਸੁਹਿਰਦਤਾ ਤੇ ਲੋਕ-ਹਿਤਕਾਰੀ ਭਾਵਨਾ ਤੋਂ ਜਾਣੂ ਸੀ। ਕਸ਼ਮੀਰੀ ਬ੍ਰਾਹਮਣਾਂ ਨੂੰ ਗੁਰੂ ਤੇਗ ਬਹਾਦਰ ਜੀ ਪਾਸ ਆਉਣ ਲਈ ਸ਼ਾਇਦ ਕਿਰਪਾ ਰਾਮ ਨੇ ਹੀ ਸੁਝਾਉ ਦਿੱਤਾ ਹੋਵੇ’। ਗੁਰੂ ਜੀ ਨੇ ਇਸ ਧਾਰਮਿਕ ਅਸ਼ਹਿਣਸ਼ੀਲਤਾ ਦੀ ਗੰਭੀਰ ਸਥਿਤੀ ਨੂੰ ਵਿਚਾਰਦਿਆਂ ਆਜ਼ਾਦੀ ਤੇ ਸਵੈ-ਮਾਣ ਨਾਲ ਜੀਣ, ਬਹੁਲਤਾਵਾਦੀ ਨਿਰਭੈਅ ਸਮਾਜ ਸਿਰਜਣ ਅਤੇ ਕੁਦਰਤ ਦੀ ਵਿਵਿਧਤਾ ਨੂੰ ਕਾਇਮ ਰੱਖਣ ਦੇ ਵੱਡੇ ਅਕੀਦੇ ਤਹਿਤ ਮਜ਼ਲੂਮਾਂ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਜੁਲਾਈ 1675 ਨੂੰ ਗੁਰੂ ਗੋਬਿੰਦ ਸਿੰਘ ਨੂੰ ਗੁਰਗੱਦੀ ਲਈ ਨਾਮਜ਼ਦ ਕੀਤਾ ਅਤੇ ਉੱਚੇ ਸੁੱਚੇ ਕਾਰਜ ਭਾਵ ਧਰਮ-ਯੁੱਧ ਲਈ ਮਾਖੋਵਾਲ ਤੋਂ ਤੁਰ ਪਏ। ਓਧਰ ਖ਼ਬਰਨਵੀਸਾਂ ਨੇ ਫ਼ਰਿਆਦ ਅਤੇ ਗੁਰੂ ਸਾਹਿਬ ਦੇ ਫ਼ੈਸਲੇ ਦੀਆਂ ਖ਼ਬਰਾਂ ਮੁਗ਼ਲ ਸ਼ਾਸਕ ਤੇ ਅਹਿਲਕਾਰਾਂ ਕੋਲ ਪਹੁੰਚਾਈਆਂ ਤਾਂ ਉਨ੍ਹਾਂ ਗੁਰੂ ਜੀ ਨੂੰ ਹਿੰਦੋਸਤਾਨ ਨੂੰ ‘ਦਾਰ-ਉਲ-ਇਸਲਾਮ’ ਬਣਾਉਣ ਵਿਚ ਵੱਡੀ ਰੁਕਾਵਟ ਸਮਝਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਸੁਣਾ ਦਿੱਤੇ। ਗੁਰੂ ਜੀ ਦੇ ਮੁਗ਼ਲ ਰਾਜ ਵਿਚ ਪ੍ਰਵੇਸ਼ ਕਰਦਿਆਂ ਹੀ ਉਨ੍ਹਾਂ ਨੂੰ ਮਲਕਪੁਰ ਰੰਗੜਾਂ (ਨੇੜੇ ਰੋਪੜ) ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪਹਿਲਾਂ ਸਰਹਿੰਦ ਤੇ ਫਿਰ ਨਵੰਬਰ 1675 ਨੂੰ ਦਿੱਲੀ ਲਿਜਾਇਆ ਗਿਆ। ਗੁਰੂ ਜੀ ਨੂੰ ਕਰਾਮਾਤ ਦਿਖਾਉਣ ਜਾਂ ਮੁਸਲਮਾਨ ਬਣਨ ਲਈ ਕਿਹਾ ਗਿਆ ਜਿਸ ਨੂੰ ਗੁਰੂ ਜੀ ਨੇ ਪੂਰੇ ਸਾਹਸ ਤੇ ਨਿਡਰਤਾ ਨਾਲ ਰੱਦ ਕਰ ਦਿੱਤਾ। ਗੁਰੂ ਜੀ ਨੂੰ ਭੈਅਭੀਤ ਕਰਨ ਲਈ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਸਾਥੀਆਂ ਭਾਈ ਮਤੀ ਦਾਸ, ਭਾਈ ਦਿਆਲਾ ਤੇ ਭਾਈ ਸਤੀ ਦਾਸ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਪਰ ਗੁਰੂ ਜੀ ਅਡੋਲ ਰਹੇ ਤੇ ਕੱਟੜਪੰਥੀਆਂ ਅੱਗੇ ਨਾ ਝੁਕੇ। ਕੇਸੋ ਭੱਟ ਨੇ ਲੋਕ ਬੋਲਾਂ ਵਿਚ ਗੂੰਜਦੀ ਇਸ ਸਥਿਤੀ ਨੂੰ ‘ਬਾਹੀ ਜਿਨਾ ਦੀ ਪਕੜੀਏ ਸਿਰ ਦੀਜੈ ਬਾਹਿ ਨਾ ਛੋੜੀਐ॥ ਤੇਗ ਬਹਾਦਰ ਬੋਲਿਆ ਪਰ ਪਈਐ ਧਰਮ ਨਾ ਛੋੜੀਐ॥’ ਦੇ ਅਨੁਸਾਰ ਦਰਜ ਕਰਦਾ ਹੈ। ਅੰਤ ਮੁਗ਼ਲਾਂ ਨੇ ਆਪਣੀ ਇਖ਼ਲਾਕੀ ਹਾਰ ਵੇਖਦਿਆਂ ਗੁਰੂ ਜੀ ਨੂੰ ਚਾਂਦਨੀ ਚੌਂਕ ਵਿਚ 11 ਨਵੰਬਰ 1675 ਨੂੰ ਸ਼ਹੀਦ ਕਰ ਦਿੱਤਾ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਗੌਰਵ
ਇਸ ਤਰ੍ਹਾਂ ਗੁਰੂ ਜੀ ਦੀ ਸ਼ਹੀਦੀ ਕੱਟੜਪੰਥੀ ਸੋਚ, ਧਾਰਮਿਕ ਤੇ ਰਾਸ਼ਟਰਵਾਦੀ ਅਸ਼ਹਿਣਸ਼ੀਲਤਾ ਦੀ ਥਾਂ ਬਹੁਲਤਾਵਾਦੀ ਨਿਰਭੈਅ ਸਮਾਜ ਸਿਰਜਣ ਅਤੇ ਕੁਦਰਤ ਦੀ ਵਿਵਧਤਾ ਨੂੰ ਕਾਇਮ ਰੱਖਣ ਦੇ ਵੱਡੇ ਅਕੀਦੇ ਵਜੋਂ ਆਜ਼ਾਦੀ ਤੇ ਸਵੈ-ਮਾਣ ਨਾਲ ਜੀਣ ਦਾ ਵੱਡਾ ਪ੍ਰਤੀਕ ਬਣਦੀ ਹੈ। ਅਜੋਕੇ ਸਮੇਂ ਵਿਚ ਇਸ ਤੋਂ ਸੱਤਾ ਧਿਰ ਸਹਿਹੋਂਦ, ਆਪਸੀ ਮਿਲਵਰਤਣ ਤੇ ਸਭਨਾਂ ਦੀ ਸ਼ਮੂਲੀਅਤ ਦਾ ਸਬਕ ਲੈ ਸਕਦੀ ਹੈ ਅਤੇ ਪਰਜਾ ਇਸ ਤੋਂ ਅਨਿਆਂ, ਨਾ-ਬਰਾਬਰੀ ਤੇ ਜਬਰ ਵਿਰੁੱਧ ਖੜ੍ਹੇ ਹੋਣ ਦੀ ਸ਼ਕਤੀ ਪ੍ਰਾਪਤ ਕਰ ਸਕਦੀ ਹੈ।
ਅਜਿਹੇ ਸਮਿਆਂ ਵਿਚ ਗੁਰੂ ਸਾਹਿਬ ਦੁਆਰਾ ਬਹਾਲ ਕੀਤੀ ਧਾਰਮਿਕ ਤੇ ਸਭਿਆਚਾਰਕ ਆਜ਼ਾਦੀ ਅਤੇ ਮਾਨਵੀ ਹੋਂਦ ਦਾ ਗੌਰਵ ਮੁੜ ਖੁੱਸ ਰਿਹਾ ਹੈ। ਇਸ ਨੂੰ ਸਦਾ ਕਾਇਮ ਰੱਖਣ ਲਈ ਗੁਰੂ ਜੀ ਬਾਣੀ ਅਤੇ ਸ਼ਹਾਦਤ ਨੂੰ ਅੱਜ ਦੇ ਪ੍ਰਸੰਗਾਂ ਵਿਚ ਪੁਨਰ-ਸਥਾਪਿਤ ਕਰਨਾ ਹੈ। ਇਹ ਬਾਣੀ ਤੇ ਸ਼ਹਾਦਤ ਦਾ ਮਹਾਂ-ਪ੍ਰਵਚਨ ਬਹੁ-ਕੌਮੀ ਧਿਰਾਂ ਦੀ ਬਰਾਬਰੀ, ਮਾਨਵਤਾ ਦੇ ਕਲਿਆਣ, ਮਾਨਵੀ ਹੋਂਦ ਦੇ ਸਵੈ-ਮਾਣ ਵਰਗੇ ਸਰਬ-ਕਾਲੀ ਮਸਲਿਆਂ ਨੂੰ ਸੰਬੋਧਤ ਹੈ। ਇਹ ਮਾਨਵਤਾ ਨੂੰ ਅੱਗੇ ਲਿਜਾਣ ਲਈ ਹਰ ਤਰ੍ਹਾਂ ਦੇ ਮੂਲਵਾਦ, ਕੱਟੜਪੰਥੀ ਸੋਚ ਨੂੰ ਤੋੜਦਾ ਹੈ। ਇਹ ਪਹਿਲੇ ਗੁਰੂ ਵੇਲੇ ਜਬਰੀ ‘ਜਨੇਊ’ ਪਾਉਣ ਨੂੰ ਰੱਦ ਵੀ ਕਰ ਸਕਦਾ ਹੈ ਤੇ ਨੌਵੇਂ ਗੁਰੂ ਵੇਲੇ ਜਬਰੀ ‘ਜਨੇਊ’ ਲਾਹੁਣ ਵਿਰੁੱਧ ਕੁਰਬਾਨੀ ਵੀ ਦੇ ਸਕਦਾ ਹੈ। ਸੋ ਇਹ ‘ਨਾ ਡਰੋ ਨਾ ਡਰਾਓ’, ਆਜ਼ਾਦੀ ਨਾਲ ‘ਜੀਓ ਤੇ ਜੀਣ ਦਿਓ’ ਜਾਂ ‘ਸੌ ਫੁੱਲ ਖਿੜਨ ਦਿਓ’ ਦੀ ਹਾਮੀ ਭਰਦਾ ਬੰਧਨ-ਮੁਕਤ ਨਿਰਭੈਅ ਸਮਾਜ ਦੀ ਸਿਰਜਣਾ ਦਾ ਮਾਡਲ ਦਿੰਦਾ ਹੈ। ਇਸ ਬਹੁਲਤਾਵਾਦੀ ਤੇ ਦੂਸਰੇ ਦੇ ਵੱਖਰੇਪਣ ਦੇ ਮਾਣ ਰੱਖਣ ਵਾਲੇ ਮਾਡਲ ਨੂੰ ਅਪਣਾਉਣਾ ਅਜੋਕੇ ਬਹੁ-ਸਭਿਆਚਾਰਵਾਦੀ ਮੁਲਕਾਂ ਲਈ ਮਹੱਤਵਪੂਰਨ ਹੈ।
* ਐਸੋਸੀਏਟ ਪ੍ਰੋਫ਼ੈਸਰ ਤੇ ਮੁਖੀ, ਪੰਜਾਬੀ ਅਧਿਐਨ ਵਿਭਾਗ, ਖ਼ਾਲਸਾ ਕਾਲਜ, ਅੰਮ੍ਰਿਤਸਰ।
ਸੰਪਰਕ: 98722-17273