ਬਲਬੀਰ ਮਾਧੋਪੁਰੀ
ਜਾਤ-ਪਾਤ ਵਾਲੀ ਪੱਖਪਾਤੀ ਤੇ ਲੋਕ-ਦੋਖੀ ਸਮਾਜਿਕ-ਵਿਵਸਥਾ ਸਬੰਧੀ ਗੁਰੂ ਰਵਿਦਾਸ ਨੇ ਕੁਦਰਤ ਨਾਲ ਇਕਮਿਕਤਾ ਦਾ ਪ੍ਰਗਟਾਵਾ ਕਰਦਿਆਂ, ‘ਭਾਈ ਰੇ ਰਾਮ ਕਹਾਂ ਹੈ, ਮੋਹਿ ਬਤਾਓ’, ‘ਤੋੜੂੰ ਨਾ ਪਾਤੀ ਪੂਜੂੰ ਨਾ ਦੇਵਾ’ ਅਤੇ ‘ਮਨ ਚੰਗਾ ਤਾਂ ਕਰੌਤੀ ਮੇਂ ਗੰਗਾ’ ਵਰਗੇ ਮੂਲ ਮੁੱਦੇ ਉਭਾਰੇ। ਉਨ੍ਹਾਂ ਲੋਕ-ਲਹਿਰ ਉਸਾਰੀ ਤੇ ਪਸਾਰੀ ਅਤੇ ਦੱਸਿਆ ਕਿ ਰਾਮ ਤੇ ਰਹੀਮ, ਕ੍ਰਿਸ਼ਨ ਤੇ ਕਰੀਮ ਨੂੰ ਇਕ ਸਮਝੋ। ਅਸੀਂ ਧਰਤੀ ਦੇ ਸਾਰੇ ਜੀਵ-ਜੰਤੂ, ਕੱਛ-ਮੱਛ, ਰੁੱਖ ਤੇ ਮਨੁੱਖ ਇਕ ਈਸ਼ਵਰ ਦੀ ਰਚਨਾ ਹਾਂ। ਉਨ੍ਹਾਂ ਸੁਚੱਜੇ ਸਮਾਜਿਕ ਸੰਚਾਲਨ ਲਈ ਹਿੰਦੂ-ਮੁਸਲਿਮ ਦੇ ਇਕ ਭਾਈਚਾਰਾ ਹੋਣ ਬਾਰੇ ਵਿਚਾਰ ਪੇਸ਼ ਕੀਤੇ। ਉਦਾਹਰਣ ਵਜੋਂ:
ਮੰਦਰ ਮਸਜਿਦ ਏਕ ਹੈ, ਇਨੁ ਮਹਿ ਅੰਤਰਿ ਨਾਹੀ।
ਰਵਿਦਾਸ ਰਾਮ ਰਹਮਾਨ ਕਾ, ਝਗੜਹੁ ਕੋਈ ਨਾਹਿ।
ਗੁਰੂ ਰਵਿਦਾਸ ਦਾ ਆਗਮਨ 14ਵੀਂ ਸਦੀ ਦੇ ਉਨ੍ਹਾਂ ਹਨੇਰਗਰਦੀ ਵਾਲੇ ਸਮਿਆਂ ਵਿਚ ਹੋਇਆ ਜਦੋਂ ਸ਼ੂਦਰਾਂ ਤੇ ਅਤਿ ਸ਼ੂਦਰਾਂ (ਅਛੂਤਾਂ) ਦਾ ਜਿਉਣਾ ਕਲਪਤ ਨਰਕ ਨਾਲੋਂ ਵੀ ਵੱਧ ਦੁਸ਼ਵਾਰ ਧਰਤੀ ’ਤੇ ਹੀ ਬਣਿਆ ਹੋਇਆ ਸੀ। ਇਸ ਮਨੁੱਖ-ਮਾਰੂ ਤੇ ਅਨਿਆਂ ਭਰੀ ਸਮਾਜਿਕ ਵਿਵਸਥਾ ਦੀਆਂ ਚੂਲਾਂ ਹਿਲਾਉਣ ਲਈ ਦੇਸ਼ ਅੰਦਰ ਭਗਤੀ ਅੰਦੋਲਨ ਆਰੰਭ ਹੋ ਚੁੱਕਾ ਸੀ। ਇਸ ਵਿਚ ਮੁੱਖ ਤੌਰ ’ਤੇ ਚਮੜੇ ਦਾ ਕੰਮ ਕਰਨ ਵਾਲੇ, ਬੁਣਕਰ ਤੇ ਹੋਰ ਕਾਰੀਗਰ ਬਰਾਦਰੀਆਂ ਦੇ ਲੋਕ-ਕਵੀ, ਸੰਤ ਸ਼ਾਮਲ ਸਨ। ਇਨ੍ਹਾਂ ’ਚੋਂ ਭਗਤ ਨਾਮਦੇਵ (ਮਹਾਰਾਸ਼ਟਰ), ਭਗਤ ਰਵਿਦਾਸ (ਉਤਰ ਪ੍ਰਦੇਸ਼), ਭਗਤ ਕਬੀਰ (ਬਨਾਰਸ), ਭਗਤ ਸਧਨਾ (ਕਸਾਈ-ਸਿੰਧੂ), ਭਗਤ ਸੈਣ (ਨਾਈ ਉੱਤਰ ਪ੍ਰਦੇਸ਼), ਭਗਤ ਪੀਪਾ (ਜੋਗੀ-ਗੰਗਰੌਣਗੜ੍ਹ), ਭਗਤ ਧੰਨਾ (ਜਾਟ-ਰਾਜਪੂਤਾਨਾ), ਦੱਖਣ ਵਿਚ ਚੋਖਾਮੇਲਾ ਤੇ ਨਾਰਾਇਣ ਗੁਰੂ ਪ੍ਰਮੁੱਖ ਸਨ। ਇਨ੍ਹਾਂ ਸਾਰੇ ਸੰਤਾਂ-ਗੁਰੂਆਂ ਨੇ ਆਪਣੀ ਬਾਣੀ ਸਮਾਜਿਕ ਰੋਸ ਤੋਂ ਵੀ ਅੱਗੇ ਰੋਹ-ਵਿਦਰੋਹ ਤਕ ਪਹੁੰਚਾ ਦਿੱਤੀ। ਲੋਕਾਂ ਨੂੰ ਸਮਾਜਿਕ, ਸਭਿਆਚਾਰਕ, ਸਮਾਜਿਕ ਸਨਮਾਨ ਤੇ ਆਰਥਿਕ ਸੁਤੰਤਰਤਾ ਦੀ ਪ੍ਰਾਪਤੀ ਖਾਤਰ ਨੰਗੇ-ਧੜ ਜੂਝਣ ਲਈ ਪ੍ਰੇਰਿਆ ਜਿਸ ਦਾ ਨਤੀਜਾ ਵਿਆਪਕ ਸਮਾਜਿਕ ਚੇਤਨਾ ਵਿਚ ਪ੍ਰਗਟ ਹੋਇਆ। ਇਸ ਚੇਤਨਾ ਲਈ ਕਵਿਤਾ ਬਹੁਤ ਵੱਡਾ ਹਥਿਆਰ ਸਾਬਤ ਹੋਈ ਕਿਉਂਕਿ ਇਸ ਦਾ ਲੋਕ-ਮੁਖੀ ਰੂਪ ਸਿੱਧਾ, ਸਪੱਸ਼ਟ, ਸਰਲ ਤੇ ਸਹਿਜ ਹੋਣ ਸਦਕਾ ਜਨਤਾ ਵਿਚ ਹਰਮਨਪਿਆਰੀ ਸੀ। ਦੂਜੀ ਵੱਡੀ ਹਕੀਕਤ ਇਹ ਸੀ ਕਿ ਇਨ੍ਹਾਂ ਸੰਤਾਂ-ਕਵੀਆਂ ਨੇ ਸੰਸਕ੍ਰਿਤ ਅਤੇ ਉਸ ਦੀ ਸੰਸਕ੍ਰਿਤੀ ਤਿਆਗ ਕੇ ਆਪੋ-ਆਪਣੇ ਖਿੱਤੇ ਦੇ ਲੋਕਾਂ ਦੀ ਬੋਲੀ ਵਿਚ ਲਿਖ ਕੇ ਬਹੁਜਨਾਂ ਨਾਲ ਸਿੱਧਾ ਸੰਪਰਕ ਸਥਾਪਤ ਕਰ ਲਿਆ ਸੀ।
ਇਹ ਸੰਤ ਆਪਣੇ ਸੰਤ-ਮੱਤ ਜ਼ਰੀਏ ਸਮਾਜ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਨ। ਉਹ ਉਨ੍ਹਾਂ ਗੜ੍ਹਾਂ ਵਿਚ ਜਾ ਕੇ ਆਪਣੇ ਮਾਨਵੀ ਸਰੋਕਾਰਾਂ ਨਾਲ ਹਮਲੇ ਕਰਦੇ, ਜਿੱਥੋਂ ਨਫਰਤ ਦੀਆਂ ਲਾਟਾਂ ਉੱਠਦੀਆਂ ਸਨ। ਉਹ ਆਪਣੇ ਤਰਕ-ਬਾਣਾਂ ਨਾਲ ਪਾਣੀ ਦੀਆਂ ਫੁਹਾਰਾਂ ਉਨ੍ਹਾਂ ’ਤੇ ਸੁੱਟਦੇ। ਉਨ੍ਹਾਂ ਕੁਦਰਤ ਦੇ ਅਸੂਲਾਂ ਉਤੇ ਭਾਰੂ ਵਿਵਸਥਾ ਦੇ ਵਿਰੁੱਧ ਮਾਨਵਵਾਦੀ ਦ੍ਰਿਸ਼ਟੀ ਪੇਸ਼ ਕੀਤੀ।
ਛੇ ਸਦੀਆਂ ਪਹਿਲਾਂ ਗੁਰੂ ਰਵਿਦਾਸ ਅਜਿਹੇ ਸਮਾਜ ਦੀ ਸਿਰਜਣਾ ਦੇ ਸੁਹਿਰਦ ਚਾਹਵਾਨ ਸਨ ਜਿਸ ਵਿਚ ਮਨੁੱਖ ਵਰਣ-ਧਰਮ ਤੋਂ ਮੁਕਤ ਤੇ ਜਾਤ ਰਹਿਤ ਹੋਵੇ, ਕੋਈ ਉੱਚਾ-ਨੀਵਾਂ, ਅਮੀਰ-ਗਰੀਬ ਨਾ ਹੋਵੇ, ਲਿੰਗ ਦੇ ਆਧਾਰ ’ਤੇ ਕੋਈ ਭਿੰਨ-ਭੇਦ ਨਾ ਹੋਵੇ। ਜੀਵਨ ਦੇ ਹਰ ਖੇਤਰ ਵਿਚ ਲੋਕਾਂ ਨੂੰ ਬਰਾਬਰ ਅਧਿਕਾਰ ਪ੍ਰਾਪਤ ਹੋਣ। ਮੁਢਲੀਆਂ ਲੋੜਾਂ ਦੀ ਪੂਰਤੀ ਰਾਜ ਵੱਲੋਂ ਪ੍ਰਦਾਨ ਕੀਤੀ ਜਾਵੇ। ਗੱਲ ਕੀ ਰਾਜ ਵਿਚ ਲੋਕਤੰਤਰ ਹੋਵੇ। ਉਸ ਆਦਰਸ਼-ਸਮਾਜ ਦਾ ਨਾਂ ਉਨ੍ਹਾਂ ‘ਬੇਗਮਪੁਰਾ’ ਲਿਖਿਆ ਹੈ:
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥
ਜਾਂ
ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੈ ਸਭਨ ਕੋ ਅੰਨ।
ਛੋਟੋ ਬੜੋ ਸਵਾ ਸਮ ਬਸੈ, ਰਵਿਦਾਸ ਰਹੇ ਪ੍ਰਸੰਨ।
ਇਸ ਨਜ਼ਰੀਏ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਵਿਚਲੀ ਭਗਤ ਬਾਣੀ ਨੂੰ ‘ਦਲਿਤ ਟੈਕਸਟ’ ਆਖਿਆ ਹੈ। ਉਨ੍ਹਾਂ ਦਾ ਮੱਤ ਹੈ ਕਿ ਭਗਤੀ ਪਰੰਪਰਾ ਨੂੰ ਗੁਰੂ ਨਾਨਕ ਦੇਵ ਜੀ ਨੇ ਇਕ ਸ਼ਕਤੀਸ਼ਾਲੀ ਸਮਾਜਿਕ ਬਰਾਬਰੀ ਵਾਲੀ ਲਹਿਰ ਵਿਚ ਤਬਦੀਲ ਕੀਤਾ। ਗੁਰੂ ਰਵਿਦਾਸ ਰਚਿਤ ‘ਆਰਤੀ’ ਰੋਜ਼ਾਨਾ ਸ੍ਰੀ ਹਰਿਮੰਦਰ ਸਾਹਿਬ ਤੋਂ ਉਚਾਰੀ ਜਾਂਦੀ ਹੈ।
ਗੁਰੂ ਰਵਿਦਾਸ ਬਾਣੀ ਤੇ ਉਸ ਵਿਚਲੇ ‘ਬੇਗਮਪੁਰਾ’ ਦੇ ਰਾਜ-ਸੰਕਲਪ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਕਈ ਰਾਜੇ-ਮਹਾਰਾਜੇ, ਮਹਾਰਾਣੀਆਂ ਤੇ ਪਟਰਾਣੀਆਂ ਸਮੇਤ ਆਮ ਲੋਕ ਉਨ੍ਹਾਂ ਦੇ ਸ਼ਿਸ਼ ਬਣੇ, ਜਿਨ੍ਹਾਂ ਵਿਚ ਪਟਰਾਣੀ ਝਾਲੀ ਬਾਈ, ਮਹਾਰਾਣੀ ਮੀਰਾ ਬਾਈ, ਮਹਾਰਾਣਾ ਕੁੰਭਾ, ਰੀਵਾ-ਨਰੇਸ਼ ਵੀਰ ਸਿੰਘ ਪ੍ਰਮੁੱਖ ਸਨ। ਗੁਰੂ ਰਵਿਦਾਸ ਰਚਿਤ 40 ਸ਼ਬਦ 16 ਰਾਗਾਂ ਵਿਚ ਗੁਰੂ ਗ੍ਰੰਥ ਵਿਚ ਦਰਜ ਹਨ। ਉਨ੍ਹਾਂ ਦੀ ਹੋਰ ਚੋਖੀ ਬਾਣੀ ਉਪਲੱਬਧ ਹੈ। ਉਹ ਸੰਸਕ੍ਰਿਤੀ ਵਿਰੁੱਧ ਰੋਹ-ਵਿਦਰੋਹ ਹੈ, ਜੋ ਮਨੁੱਖਾਂ ’ਤੇ ਵੱਖੋ-ਵੱਖ ਲੇਬਲ ਲਾਉਂਦੀ ਹੈ। ਵਰਤਮਾਨ ਸਮਿਆਂ ’ਚ ਜਵਾਹਰ ਲਾਲ ਨਹਿਰੂ ਦਾ 17 ਨਵੰਬਰ 1953 ਨੂੰ ਡਾ. ਰਾਜਿੰਦਰ ਪ੍ਰਸਾਦ ਨੂੰ ਲਿਖਿਆ ਪੱਤਰ ਇਸ ਦ੍ਰਿਸ਼ਟੀ ਤੋਂ ਅਹਿਮ ਹੈ, ਜੋ 4 ਮਈ 1997 ਨੂੰ ਆਰਗੇਨਾਈਜ਼ਰ ਵੀਕਲੀ, ਨਵੀਂ ਦਿੱਲੀ ’ਚ ਛਪਿਆ ਸੀ। ਇਸੇ ਤਰ੍ਹਾਂ ਮਹਾਨ ਚਿੰਤਕ ਡਾ. ਬੀ.ਆਰ. ਅੰਬੇਡਕਰ ਦੀਆਂ ਲਿਖਤਾਂ ਪੜ੍ਹੀਆਂ ਜਾ ਸਕਦੀਆਂ ਹਨ।
ਜ਼ਮੀਨੀ ਪੱਧਰ ਉਤੇ ਸਮਾਜਿਕ ਚੇਤਨਾ ਦਾ ਪਸਾਰਾ ਕਰਦੇ ਮਾਨਵਵਾਦੀ ਅੰਦੋਲਨਕਾਰੀ ਗਦਰੀ ਬਾਬਾ ਮੰਗੂ ਰਾਮ ਦੀ ਚਰਚਾ ਕਰਨੀ ਬਣਦੀ ਹੈ, ਜਿਨ੍ਹਾਂ 11-12 ਜੂਨ 1926 ਨੂੰ ਆਪਣੇ ਪਿੰਡ ਮੁੱਗੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ‘ਆਦਿ ਧਰਮ ਮੰਡਲ’ ਦੀ ਸਥਾਪਨਾ ਕੀਤੀ। ਉਸ ਭਰਵੇਂ ਇਕੱਠ ਵਿਚ ਗੁਰੂ ਰਵਿਦਾਸ, ਗੁਰੂ ਕਬੀਰ, ਸਤਿਗੁਰੂ ਨਾਮਦੇਵ ਤੇ ਰਿਸ਼ੀ ਵਾਲਮੀਿਕ ਨੂੰ ਆਪਣੇ ਗੁਰੂ ਐਲਾਨਿਆ। ਆਦਿ ਧਰਮ ਮੰਡਲ ਦੇ ਪ੍ਰਧਾਨ ਮੰਗੂ ਰਾਮ ਦੀ ਅਗਵਾਈ ਹੇਠ 1934 ਵਿਚ ਗੁਰੂ ਰਵਿਦਾਸ ਦੀ ਇਕ ਤਸਵੀਰ ਬਨਾਰਸ ਤੋਂ ਲਿਆਂਦੀ ਗਈ। ਉਸ ਨੂੰ ਸੁਧਾਰ ਤੇ ਨਿਖਾਰ ਕੇ 36 ਨਿਮਨ ਜਾਤੀਆਂ (ਆਦਿ ਧਰਮੀ ਕੌਮ) ਵਿਚਾਲੇ ਵੰਡਿਆ ਗਿਆ। ਅਛੂਤ ਆਖੀਆਂ ਜਾਂਦੀਆਂ ਇਨ੍ਹਾਂ ਬਿਰਾਦਰੀਆਂ (ਹੁਣ ਅਨੁਸੂਚਿਤ ਜਾਤੀਆਂ) ਅੰਦਰ ਨਵੀਂ ਚੇਤਨਾ ਦੇ ਪ੍ਰਵਾਹ ਦਾ ਅਹਿਸਾਸ ਹੋਇਆ। ਅਣਵੰਡੇ ਪੰਜਾਬ ਵਿਚ ਤੇ ਵੰਡ ਤੋਂ ਬਾਅਦ ਵੀ ਅਛੂਤ ਬਿਰਾਦਰੀਆਂ ਲਈ ਮੰਦਰਾਂ/ਗੁਰਦੁਆਰਿਆਂ ਵਿਚ ਦਾਖਲ ਹੋਣ ਦੀ ਮਨਾਹੀ ਸੀ। ਇਸ ਰਵੱਈਏ ਨੇ ਆਦਿ ਧਰਮੀਆਂ ਨੂੰ ਆਪਣੇ ਵੱਖਰੇ ਮੰਦਰ ਤੇ ਗੁਰਦੁਆਰੇ ਉਸਾਰਨ ਲਈ ਮਜਬੂਰ ਕੀਤਾ। ਹੁਣ ਪੰਜਾਬ ਦੇ 12500 ਪਿੰਡਾਂ ਵਿਚ ਦਲਿਤਾਂ ਦੇ 10 ਹਜ਼ਾਰ ਗੁਰਦੁਆਰੇ ਜਾਂ ਮੰਦਰ ਹਨ। ਪੰਜਾਬ ਵਿਚ ਹੁਸ਼ਿਆਰਪੁਰ ਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿਚ ਇਨ੍ਹਾਂ ਧਾਰਮਿਕ ਸਥਾਨਾਂ ਦਾ ਨਾਂ ‘ਆਦੀ ਦੁਆਰਾ’ ਹੈ ਜਿਨ੍ਹਾਂ ਅੰਦਰ ‘ਆਦਿ ਪ੍ਰਕਾਸ਼’ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ। ਇਸ ਦੇ 1248 ਅੰਗ ਹਨ। ਆਦਿ ਧਰਮ ਦੇ ਸੰਚਾਲਕਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਗੁਰੂ ਰਵਿਦਾਸ ਸਥਾਨਾਂ ਦੀ ਨਿਸ਼ਾਨਦੇਹੀ ਕਰ ਕੇ ਉਥੇ ਇਤਿਹਾਸਕ ਸਥਾਨ ਅਤੇ ਭਵਨ ਉਸਾਰੇ ਹਨ। ਇਨ੍ਹਾਂ ਵਿਚੋਂ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ, ਕਾਂਸ਼ੀ (ਉੱਤਰ ਪ੍ਰਦੇਸ਼) ਪ੍ਰਮੁੱਖ ਹੈ। ਇਸ ਸ਼ਹਿਰ ਦੇ ਨਜ਼ਦੀਕ ਹੀ 14ਵੀਂ ਈਸਵੀ ਵਿਚ ਗੁਰੂ ਰਵਿਦਾਸ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ ਪਰ ਜਨਮ ਮਿਤੀ ਬਾਰੇ ਵਿਦਵਾਨਾਂ ਦੀ ਵੱਖਰੋ-ਵੱਖਰੀ ਰਾਇ ਹੈ।
ਸੰਖੇਪ ਵਿਚ ਗੁਰੂ ਰਵਿਦਾਸ ਦੀ ਸਮਾਜਿਕ ਚੇਤਨਾ ਦੀ ਇਕ ਮਿਸਾਲ ਉਨ੍ਹਾਂ ਦਾ ਸ਼ਬਦ ਹੈ: ‘ਮਾਟੀ ਕੋ ਪੁਤਰਾ ਕੈਸੇ ਨਚਤੁ ਹੈ। ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ।’ ਇਸ ਦੇ ਨਾਲ ਹੀ ਉਹ ਅਧਿਕਾਰਹੀਣ ਵਰਗਾਂ ਨੂੰ ਆਪਣੀ ਰਚਨਾ ‘ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ’ ਰਾਹੀਂ ਸੰਦੇਸ਼ ਦਿੰਦੇ ਹਨ ਕਿ ਤੁਸੀਂ ਇਉਂ ਮਿਲ ਕੇ ਰਹੋ ਜਿਵੇਂ ਸ਼ਹਿਦ ਦੀਆਂ ਮੱਖੀਆਂ।
ਸੰਪਰਕ: 93505-48100