ਕੇਵਲ ਧਾਲੀਵਾਲ
ਭਾਅ ਜੀ ਗੁਰਸ਼ਰਨ ਸਿੰਘ ਨਾਟ ਕਲਾ ਤੇ ਸਾਹਿਤ ਕਲਾ ਦੇ ਫ਼ਿਕਰਾਂ ਨੂੰ ਹਮੇਸ਼ਾਂ ਆਪਣੀ ਡਾਇਰੀ ਰਾਹੀਂ ਬਿਆਨ ਕਰਦੇ ਸਨ। ਇਕ ਜਗ੍ਹਾ ਉਨ੍ਹਾਂ ਲਿਖਿਆ ਕਿ ਸਾਹਿਤ ਦਾ ਲੋਕ-ਪੱਖੀ ਲਹਿਰ ਨਾਲ ਜੁੜਿਆ ਹੋਣਾ ਬਹੁਤ ਜ਼ਰੂਰੀ ਹੈ। ਲੋਕਾਂ ਤੋਂ ਟੁੱਟ ਕੇ ਲੇਖਕ ਨਹੀਂ ਲਿਖ ਸਕਦਾ। ਜਦੋਂ ਵੀ ਲੋਕ-ਪੱਖੀ ਲਹਿਰਾਂ ਕਮਜ਼ੋਰ ਹੁੰਦੀਆਂ ਹਨ ਤਾਂ ਉਸ ਦੇ ਨੇੜੇ-ਤੇੜੇ ਰਹਿੰਦੇ ਕਲਾਕਾਰ ਵੀ ਥਿੜਕ ਜਾਂਦੇ ਹਨ। ਚੰਗਾ ਸਾਹਿਤ ਉਹ ਹੈ ਜੋ ਜ਼ਿੰਦਗੀ ਦੀ ਤਰਜਮਾਨੀ ਕਰੇ।
ਪੰਜਾਬੀ ਰੰਗਮੰਚ ਉੱਤੇ ਨਾਟਕੀ ਐਕਸ਼ਨ ਗੀਤਾਂ ਦਾ ਵੀ ਖ਼ੂਬਸੂਰਤ ਤੇ ਜੋਸ਼ੀਲਾ ਇਤਿਹਾਸ ਹੈ। ਐਕਸ਼ਨ ਗੀਤ ਦੀ ਵਿਧਾ ਨੂੰ ਭਾਅ ਜੀ ਗੁਰਸ਼ਰਨ ਸਿੰਘ ਨੇ ਹੀ ਜਨਮ ਦਿੱਤਾ। ਭਾਅ ਜੀ ਗੁਰਸ਼ਰਨ ਸਿੰਘ ਸਟੇਜ ਉਪਰ ਨਾਟਕੀ ਐਕਸ਼ਨ ਨੂੰ ਬਹੁਤ ਤਰਜੀਹ ਦਿੰਦੇ ਸਨ। ਭਾਅ ਜੀ ਪਿੰਡ ਜਾਂ ਸ਼ਹਿਰ ਵਿਚ ਜਿੱਥੇ ਵੀ ਨਾਟਕ ਕਰਦੇ, ਉੱਥੇ ਉਨ੍ਹਾਂ ਦੀ ਟੀਮ ਦੇ ਗਾਇਕ ਪਰਮਜੀਤ ਸਿੰਘ ਸਟੇਜ ’ਤੇ ਖੜ੍ਹ ਕੇ ਹਾਰਮੋਨੀਅਮ ਵਜਾ ਕੇ ਗੀਤ ਵੀ ਬੋਲਦੇ। ਉਦੋਂ ਪ੍ਰਿਥੀਪਾਲ ਰੰਧਾਵਾ ਦੇ ਕਤਲ ਤੋਂ ਬਾਅਦ ਗੀਤ ‘ਜੇ ਨਾ ਫੜ੍ਹੇ ਪ੍ਰਿਥੀ ਦੇ ਕਾਤਲ, ਇੱਟ ਨਾਲ ਇੱਟ ਖੜ੍ਹਕਾ ਦਿਆਂਗੇ…’, ‘ਪ੍ਰਿਥੀ ਵੀਰਾ ਲੀਹ ਤੇਰੀ ਤੇ’, ‘ਜਾਗਿਆ ਬੰਦਾ ਕਦੇ ਨਾ ਮਰਦਾ, ਜਾਗਿਆ ਕਿਰਤੀ ਕਦੇ ਨਾ ਹਰਦਾ’, ‘ਫੇਰ ਦਮਾਮਾ ਯੁੱਧ ਦਾ ਵੱਜਿਆ’, ‘ਉੱਠ ਕਿਰਤੀਆ ਉੱਠ ਵੇ’, ‘ਛੱਟਾ ਚਾਨਣਾ ਦਾ’, ‘ਅਜੇ ਨਾ ਆਈ ਮੰਜ਼ਿਲ ਤੇਰੀ’, ‘ਹਰ ਨਾਅਰਾ ਲਲਕਾਰ ਬਣੇਗਾ, ਹਰ ਬਾਗੀ ਜਗਤਾਰ ਬਣੇਗਾ’, ‘ਸਿਦਕ ਸਾਡੇ ਨੇ ਕਦੇ ਮਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ’, ‘ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ, ਕਹਿੰਦੇ ਹਾਂ ਦੇ ਕੇ ਹੋਕਾ ਵੇ’, ‘ਇਸ ਯੁੱਗ ਲਈ ਸੀਸ ਜੋ ਆਪਣਾ ਤਲੀ ਧਰੇਗਾ’, ‘ਅੱਗੇ ਵਧਦੇ ਜਾਵਾਂਗੇ’ ਗਾਏ ਜਾਂਦੇ ਸਨ। ਪਰ ਭਾਅ ਜੀ ਨੇ ਮਹਿਸੂਸ ਕੀਤਾ ਕਿ ਸਟੇਜ ਉਪਰ ਖੜ੍ਹ ਕੇ ਗੀਤ ਸੁਣਾਉਣ ਨਾਲ ਦਰਸ਼ਕਾਂ ਵਿਚ ਏਨਾ ਪ੍ਰਭਾਵ ਨਹੀਂ ਜਾਂਦਾ, ਇਸ ਲਈ ਇਨ੍ਹਾਂ ਗੀਤਾਂ ਨੂੰ ਐਕਸ਼ਨ ਦੇ ਨਾਲ ਪੇਸ਼ ਕੀਤਾ ਜਾਵੇ। ਉਦੋਂ ਭਾਅ ਜੀ ਦੀ ਟੀਮ ਨਾਲ ਲੇਖਕ, ਸਤਵਿੰਦਰ ਸੋਨੀ, ਦਲੀਪ ਭਨੋਟ ਤੇ ਮੋਹਨਜੀਤ ਹੁੰਦੇ ਸਨ। ਭਾਅ ਜੀ ਨੇ ਕਲਾਕਾਰਾਂ ਨੂੰ ਰੂਸੀ ਇਨਕਲਾਬ ਦੀਆਂ ਕੁਝ ਤਸਵੀਰਾਂ ਵਿਖਾਈਆਂ ਤੇ ਉਨ੍ਹਾਂ ਵਰਗੇ ਜੋਸ਼ੀਲੇ ਐਕਸ਼ਨ ਅਤੇ ਹਾਵ-ਭਾਵ ਗੀਤਾਂ ਨਾਲ ਐਕਸ਼ਨ ਕਰਦਿਆਂ ਪੇਸ਼ ਕਰਨ ਲਈ ਕਿਹਾ। ਇਹ ਗੀਤ ਉਦੋਂ ‘ਛੱਟਾ ਚਾਨਣਾਂ ਦਾ ਦੇਈ ਜਾਣਾ’ (ਸੁਰਿੰਦਰ ਗਿੱਲ), ‘ਕੱਖਾਂ ਦੀਏ ਕੁਲੀਏ ਮੀਨਾਰ ਬਣ ਜਾਈਂ’ (ਪਾਸ਼), ‘ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ’ (ਉਦਾਸੀ) ਅਤੇ ‘ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ’ (ਉਦਾਸੀ) ਅਤੇ ‘ਭਟਕ ਨਾ ਜਾਏਂ ਸਾਥੀਓ ਕਦਮ ਯੇ ਇਨਕਲਾਬ ਕੇ’ ਹੁੰਦੇ ਸਨ। ਇਨ੍ਹਾਂ ਐਕਸ਼ਨ ਗੀਤਾਂ ਨੇ ਦਰਸ਼ਕਾਂ ਉੱਤੇ ਏਨਾ ਪ੍ਰਭਾਵ ਸਿਰਜਿਆ ਕਿ ਫਿਰ ਹਰ ਪ੍ਰੋਗਰਾਮ ਉੱਤੇ ਨਾਟਕਾਂ ਦੇ ਨਾਲ ਨਾਲ ਐਕਸ਼ਨ ਗੀਤਾਂ ਦੀ ਪੇਸ਼ਕਾਰੀ ਵੀ ਹੋਣ ਲੱਗ ਪਈ। ਫਿਰ ਭਾਅ ਜੀ ਨੇ ਜਗਮੋਹਨ ਜੋਸ਼ੀ ਦੇ ਇਨਕਲਾਬੀ ਗੀਤਾਂ ਨੂੰ 1983-84 ਵਿਚ ਕਲਾਕਾਰਾਂ ਨਾਲ ਤਿਆਰ ਕੀਤਾ ਜਿਨ੍ਹਾਂ ਵਿਚ ‘ਐ ਲਾਲ ਫਰੇਰੇ ਤੇਰੀ ਕਸਮ’, ‘ਇਸ ਖ਼ੂਨ ਕਾ ਬਦਲਾ ਹਮ ਲੇਂਗੇ’, ‘ਯੇ ਹਮਾਰਾ ਹੈ ਹਿੰਦੋਸਤਾਨ ਛੀਨ ਲੋ’, ‘ਦਿੱਲੀ ਦੂਰ ਨਹੀਂ ਹੈ ਯਾਰੋ, ਦਿੱਲੀ ਕੇ ਅਸਲੀ ਹਕਦਾਰੋ’, ‘ਹਮ ਜੰਗ-ਏ-ਅਵਾਮੀ ਸੇ ਕੋਹਰਾਮ ਮਚਾ ਦੇਂਗੇ’, ‘ਹਮੇਂ ਮਨਜ਼ੂਰ ਨਹੀਂ ਨਜਮੇਂ ਗੁਲਿਸਤਾਨ ਬਦਲੋ, ਦਮ ਘੁਟਾ ਜਾਤਾ ਹੈ, ਕਾਨੂੰਨ-ਏ-ਸ਼ਬਿਸਤਾਂ ਬਦਲੋ’, ‘ਸਿਤਮਗਰੋ ਹਿਸਾਬ ਦੋ, ਉਲਟ ਹਰ ਨਕਾਬ ਦੋ’, ‘ਮਿਲੀ ਨਾ ਹਮਕੋ ਕਭੀ ਰੌਸ਼ਨੀ ਤੋ ਕਿਆ ਹੋਗਾ, ਜੋ ਜ਼ੁਲਮਤੋਂ ਮੇਂ ਪਲੀ ਜ਼ਿੰਦਗੀ ਤੋ ਕਿਆ ਹੋਗਾ’। ਇਨ੍ਹਾਂ ਗੀਤਾਂ ਦੀਆਂ ਧੁਨਾਂ ਤੇ ਗਾਇਕੀ ਇੰਦਰਜੀਤ ਗੋਗੋਆਣੀ ਨੇ ਤਿਆਰ ਕੀਤੀ ਸੀ ਅਤੇ ਐਕਸ਼ਨ ਕਰਨ ਵਾਲੇ ਕਲਾਕਾਰ ਸਨ: ਲੇਖਕ, ਸਤਵਿੰਦਰ ਸੋਨੀ, ਰੇਨੂੰ ਸਿੰਘ, ਸੁਖਦੇਵ ਪ੍ਰੀਤ, ਜਸਵੰਤ ਜੱਸ, ਨਰਿੰਦਰ ਸਾਂਘੀ, ਹਰਦੀਪ ਗਿੱਲ ਤੇ ਗੁਲਸ਼ਨ ਸ਼ਰਮਾ। ਉਦੋਂ ਪੰਜਾਬ ਦੇ ਹਾਲਾਤ ਵਿਚ ਹਿੰਦੂ ਸਿੱਖ ਏਕਤਾ ਦਾ ਸੁਨੇਹਾ ਬਹੁਤ ਮਹੱਤਵਪੂਰਨ ਸੀ, ਭਾਅ ਜੀ ਵੱਲੋਂ ਪੇਸ਼ ਕੀਤੇ ਜਾਂਦੇ ਨਾਟ ਗੀਤ ਵੀ ਉਨ੍ਹਾਂ ਦੇ ਵਿਚਾਰਾਂ ਦੀ ਤਰਜਮਾਨੀ ਕਰਦੇ ਸਨ। ਲੇਖਕ ਨੂੰ ਸਿਰਫ਼ ਸਮਕਾਲੀ ਸਾਹਿਤਕ ਲਿਖਤਾਂ ਨਾਲ ਹੀ ਨਹੀਂ ਸਗੋਂ ਸਮਾਜਿਕ, ਰਾਜਨੀਤਿਕ, ਧਾਰਮਿਕ, ਵਿਦਿਅਕ ਆਦਿ ਸਾਰੇ ਪ੍ਰਬੰਧਾਂ ਨੂੰ ਜੋੜ ਕੇ ਹੀ ਸਮਾਜ ਨੂੰ ਦੇਖਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਸਮਾਜ ਦੀ ਸਮਝ ਜ਼ਰੂਰੀ ਹੈ। ਇਸ ਲਈ ਸਮਾਜ ਵਿਚ ਸਮਾਜਿਕ ਆਗੂ ਤਾਂ ਪੈਦਾ ਹੋ ਰਹੇ ਹਨ, ਪਰ ਰਾਜਨੀਤਿਕ ਤਬਦੀਲੀ ਦੀ ਗੱਲ ਨਹੀਂ ਹੋ ਰਹੀ।
ਇਸ ਲਈ ਭਾਅ ਜੀ ਨੇ ਫਿਰ ਐਕਸ਼ਨ ਗੀਤ ‘ਅਸੀਂ ਨਹੀਂ ਮੰਨਦੇ ਉਸ ਰੱਬ ਨੂੰ ਜੋ ਦੇਵੇ ਅੱਗਾਂ ਲਾ’ (ਰਾਜਬੀਰ), ‘ਇਹ ਬਾਦਬਾਂ ਹਟਾ ਲਵੋ, ਤੂਫ਼ਾਨ ਜ਼ੋਰ ਫੜ ਰਿਹਾ’ (ਮੱਖਣ ਕੁਹਾੜ), ‘ਮਸ਼ਾਲਾਂ ਬਾਲ ਕੇ ਚਲਣਾ, ਜਦੋਂ ਤੱਕ ਰਾਤ ਬਾਕੀ ਹੈ’ (ਮਹਿੰਦਰ ਸਾਥੀ), ‘ਸ਼ਹਿਰ-ਸ਼ਹਿਰ ਢੰਡੋਰਾ ਮੇਰਾ, ਪਿੰਡ-ਪਿੰਡ ਨੂੰ ਹੋਕਾ, ਸਾਂਝਾਂ ਦੀ ਕੰਧ ਨੂੰ ਸੰਨ ਲੱਗੀ, ਜਾਗ-ਜਾਗ ਓ ਲੋਕਾ’ (ਸੁਰਿੰਦਰ ਗਿੱਲ), ‘ਇਹ ਕੇਹੀ ਰੁੱਤ ਆਈ ਵੇ ਲਾਲੋ’, ‘ਤਰਾਨਾ ਹੋਰ ਗਾਉ ਦੋਸਤੋ, ਕਿ ਰੰਜ ਮਰ ਜਾਏ’ (ਸ਼ਿਵ ਨਾਥ), ‘ਆਉ ਫਿਰ ਦੁਹਰਾਈਏ ਮੋਹਿ, ਜੂਝਣ ਕਾ ਚਾਉ ਹੈ’ (ਜੈਦੇਵ ਦਿਲਬਰ), ‘ਏਸ ਯੁੱਗ ਲਈ ਸੀਸ ਜੋ ਆਪਣਾ ਤਲੀ ਧਰੇਗਾ, ਏਸ ਯੁੱਗ ਦਾ ਉਹੀਓ ਯਾਰੋ ਨਾਇਕ ਬਣੇਗਾ’, ‘ਜ਼ੰਦਾਂ ਕੀ ਸਲਾਖੇਂ ਟੂਟੇਂਗੀ, ਕਫ਼ਲੋ ਕੋ ਪ੍ਰੇਸ਼ਾਨ ਦੇਖੇਂਗੇ’ (ਫੈਜ਼), ‘ਲਹਿਰਾਂ ਬਣ ਉਠੋ, ਭੁੱਖਾਂ ਦੇ ਲਤਾੜਿਓ’ (ਯੂਜੀਨ ਪੋਤੀਓ) ਦੀ ਪੇਸ਼ਕਾਰੀ ਕਰਵਾਈ।
ਭਾਅ ਜੀ ਦੀ ਟੀਮ ਵੱਲੋਂ ਪੇਸ਼ ਕੀਤੇ ਜਾਂਦੇ ਇਨ੍ਹਾਂ ‘ਐਕਸ਼ਨ ਗੀਤਾਂ ਨੇ ਪੰਜਾਬ ਅੰਦਰ ਇਕ ਨਵੀਂ ਵਿਧਾ ਨੂੰ ਜਨਮ ਦਿੱਤਾ। ਇਹ ਐਕਸ਼ਨ ਗੀਤ ਹਾਰਮੋਨੀਅਮ, ਢੋਲਕ ਅਤੇ ਨਗਾਰੇ ਦੀ ਤਾਲ ਨਾਲ ਪੇਸ਼ ਕੀਤੇ ਜਾਂਦੇ ਸਨ। ਕਲਾਕਾਰ ਇਕੋ ਜਿਹੇ ਕੁੜਤੇ ਪਜਾਮੇ ਪਾਉਂਦੇ, ਕਮਰ ’ਤੇ ਲਾਲ ਕੱਪੜਾ ਬੰਨ੍ਹਦੇ, ਹੱਥਾਂ ਵਿਚ ਕਈ ਵਾਰੀ ਲਾਲ ਝੰਡੇ ਲੈ ਕੇ ਤੁਰਦੇ ਤੇ ਕਈ ਗੀਤਾਂ ਵਿਚ ਲੋਹੇ ਦੀਆਂ ਭਾਰੀਆਂ ਜੰਜ਼ੀਰਾਂ ਦਾ ਵੀ ਇਸਤੇਮਾਲ ਹੁੰਦਾ ਸੀ। ਭਾਅ ਜੀ ਨੇ ਇਹ ਐਕਸ਼ਨ ਗੀਤ ਪਹਿਲਾਂ 1980-81 ਵਿਚ ਅਲੱਗ ਤਰ੍ਹਾਂ ਤਿਆਰ ਕਰਵਾਏ, ਫੇਰ 1983-84 ਵਿਚ ਇਨਕਲਾਬੀ ਅਤੇ ਪੰਜਾਬ ਸਮੱਸਿਆ ਨਾਲ ਜੁੜੇ ਗੀਤ ਤਿਆਰ ਕਰਵਾਏ ਤੇ ਫੇਰ 1986-87 ਵਿਚ ਹੋਰ ਲੋਕ ਪੱਖੀ ਐਕਸ਼ਨ ਗੀਤ ਵੀ ਤਿਆਰ ਕਰਵਾਏ। ਇਨ੍ਹਾਂ ਐਕਸ਼ਨ ਗੀਤਾਂ ਦੀ ਉਨ੍ਹਾਂ ਸਮਿਆਂ ਵਿਚ ਪ੍ਰਬੰਧਕਾਂ ਤੇ ਦਰਸ਼ਕਾਂ ਵੱਲੋਂ ਖ਼ਾਸ ਮੰਗ ਹੁੰਦੀ ਸੀ। ਭਾਅ ਜੀ ਦੀ ਟੀਮ ਨਾਲ ਗਾਇਕ ਪਰਮਜੀਤ ਸਿੰਘ ਤੇ ਫੇਰ ਇੰਦਰਜੀਤ ਸਿੰਘ ਗੋਗੋਆਣੀ ਸਨ। ਢੋਲਕ ਉੱਤੇ ਵਿਸਾਖ ਚੰਦ, ਪਵਨਦੀਪ ਪੰਮਾ ਅਤੇ ਨਗਾੜੇ ਉੱਤੇ ਪੰਡਿਤ ਕ੍ਰਿਸ਼ਨ ਦਵੇਸਰ ਹੁੰਦੇ ਸਨ।
ਭਾਅ ਜੀ ਆਪ ਵੀ ਬਹੁਤ ਵਾਰ ਐਕਸ਼ਨ ਕਰਦੇ ਹੋਏ ਝੰਡਾ ਚੁੱਕ ਕੇ ਕਲਾਕਾਰਾਂ ਦੇ ਨਾਲ-ਨਾਲ ਸਟੇਜ ’ਤੇ ਇਕ-ਦੋ ਚੱਕਰ ਲਾ ਦੇਂਦੇ। ਉਸ ਵੇਲੇ ਦਰਸ਼ਕਾਂ ਵਿਚ ਹੋਰ ਵੀ ਉਤਸ਼ਾਹ ਤੇ ਜੋਸ਼ ਭਰ ਜਾਂਦਾ ਸੀ। ਦਰਸ਼ਕ ਵੀ ਤਾੜੀਆਂ ਮਾਰਦੇ ਹੋਏ ਐਕਸ਼ਨ ਗੀਤਾਂ ਦੇ ਨਾਲ-ਨਾਲ ਤਾਲ ਮਿਲਾਉਂਦੇ ਸਨ। ਇਹ ਐਕਸ਼ਨ ਗੀਤ ਪੰਜਾਬ ਦੇ ਪਿੰਡਾਂ ਦੀਆਂ ਸਟੇਜਾਂ, ਸ਼ਹਿਰਾਂ ਦੀਆਂ ਸਟੇਜਾਂ, ਨੁੱਕੜ ਨਾਟਕਾਂ, ਗਲੀਆਂ, ਬਾਜ਼ਾਰਾਂ, ਦਿੱਲੀ, ਯੂ.ਪੀ., ਬਿਹਾਰ, ਮੁੰਬਈ, ਗੁਜਰਾਤ, ਮੱਧ ਪ੍ਰਦੇਸ਼, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿਖੇ ਵੀ ਭਾਅ ਜੀ ਆਪਣੀ ਨਾਟਕ ਟੀਮ ਨਾਲ ਪੇਸ਼ ਕਰਦੇ ਰਹੇ। ਇਨ੍ਹਾਂ ਗੀਤਾਂ ਨੂੰ ਭਾਅ ਜੀ ਨੇ ਲੱਚਰ ਗੀਤਾਂ ਦੇ ਬਦਲ ਵਜੋਂ ਵੀ ਪੇਸ਼ ਕੀਤਾ ਤੇ ਕਈ ਆਡੀਓ ਕੈਸਟਾਂ ਇਨ੍ਹਾਂ ਗੀਤਾਂ ਦੀਆਂ ਤਿਆਰ ਕਰਵਾ ਕੇ ਦਰਸ਼ਕਾਂ ਵਿਚ ਲੈ ਕੇ ਗਏ। ਹੌਲੀ ਹੌਲੀ 1990 ਤੋਂ ਬਾਅਦ ਪੰਜਾਬ ਦੀਆਂ ਬਹੁਤ ਸਾਰੀਆਂ ਲੋਕ-ਪੱਖੀ ਰੰਗਮੰਚ ਕਰਨ ਵਾਲੀਆਂ ਟੀਮਾਂ ਵੀ ਐਕਸ਼ਨ ਗੀਤ ਪੇਸ਼ ਕਰਨ ਲੱਗੀਆਂ, ਪਰ ਬਾਕੀ ਟੀਮਾਂ ਨੇ ਗੀਤਾਂ ਦੀ ਨਾਟਕੀ ਕੋਰੀਓਗ੍ਰਾਫ਼ੀ ਕਰਕੇ ਪੇਸ਼ ਕੀਤਾ। ਇਸ ਕੋਰੀਓਗ੍ਰਾਫ਼ੀ ਵਿਧਾ ਨੂੰ ਪੰਜਾਬ ਦੀਆਂ ਸਟੇਜਾਂ ਉੱਤੇ ਮਾਸਟਰ ਤਰਲੋਚਨ ਨੇ ਗੁਰਦਾਸ ਮਾਨ ਦੇ ਗੀਤ ‘ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈ’ ਰਾਹੀਂ ਸੈਂਕੜੇ ਵਾਰ ਪੇਸ਼ ਕੀਤਾ। ਭਾਅ ਜੀ ਦੀ ਟੀਮ ਵਿਚ ਜਿੱਥੇ ਕਲਾਕਾਰ ਆਪ ਗਾਉਂਦੇ ਤੇ ਸਾਜ਼ ਵਜਾਉਂਦੇ ਸਨ, ਹੁਣ ਬਾਕੀ ਟੀਮਾਂ ਵਾਲੇ ਰਿਕਾਰਡਡ ਕੈਸੇਟ, ਸੀ.ਡੀ. ਰਾਹੀਂ ਕੋਰੀਓਗ੍ਰਾਫ਼ੀ ਪੇਸ਼ ਕਰਦੇ ਤੇ ਕਲਾਕਾਰ ਸਿਰਫ਼ ਮੂੰਹ ਹੀ ਹਿਲਾਉਂਦੇ ਅਤੇ ਨਾਟਕੀ ਦ੍ਰਿਸ਼ ਵਾਂਗੂੰ ਗੀਤ ਉਪਰ ਐਕਸ਼ਨ ਕਰਦੇ। ਕੋਰੀਓਗ੍ਰਾਫ਼ੀ ਦੀ ਇਸ ਨਾਟਕੀ ਪਰੰਪਰਾ ਨੂੰ ਹਾਲੇ ਵੀ ਪੰਜਾਬ ਵਿਚ ਬਹੁਤ ਸਾਰੀਆਂ ਟੀਮਾਂ ਪੇਸ਼ ਕਰਦੀਆਂ ਹਨ। ਖ਼ਾਸ ਤੌਰ ਉੱਤੇ ‘ਪੰਜਾਬ ਲੋਕ ਸੱਭਿਆਚਾਰਕ ਮੰਚ’ ਅਤੇ ‘ਗ਼ਦਰੀ ਬਾਬਿਆਂ ਦੇ ਮੇਲੇ ਉੱਤੇ।’ ਜਲੰਧਰ ਵਿਖੇ ਲੱਗਦੇ ਗ਼ਦਰੀ ਬਾਬਿਆਂ ਦੇ ਮੇਲੇ ਉਪਰ ਇਕ ਨਵੰਬਰ ਨੂੰ ਹਰ ਸਾਲ ਸਵੇਰੇ ਪੇਸ਼ ਕੀਤਾ ਜਾਂਦਾ ਐਕਸ਼ਨ ਗੀਤ ਹੁਣ ਇਸ ਵਿਧਾ ਵਿਚ ਇਤਿਹਾਸਕ ਦਰਜਾ ਰੱਖਦਾ ਹੈ।
ਕਈ ਵਾਰ ਇਤਿਹਾਸ ਬਣਦਾ ਏ ਤੇ ਕਦੀ ਬਣਾਇਆ ਵੀ ਜਾਂਦਾ ਏ, ਕੁਝ ਕਲਮਾਂ ਵਾਲਿਆਂ ਨੇ ਸਿਰਫ਼ ਇਤਿਹਾਸ ਸਿਰਜਿਆ ਹੀ ਨਹੀਂ ਸਗੋਂ ਇਤਿਹਾਸ ਦੀ ਬਾਂਹ ਫੜ ਕੇ ਉਹਦੇ ਨਾਲ-ਨਾਲ ਤੁਰਦੇ ਹੋਏ ਸਮਕਾਲ ਦੇ ਰੂ-ਬ-ਰੂ ਵੀ ਕੀਤਾ ਹੈ। ਸ਼ਾਇਦ ਇਹ ਉਹੀ ਇਤਿਹਾਸਕ ਦਿਹਾੜਾ ਸੀ, ਜਦੋਂ ਗ਼ਦਰੀ ਬਾਬਿਆਂ ਦੇ ਮੇਲੇ ਲਈ 1995 ਵਿਚ ਮੈਂ ਜਲੰਧਰ ਦੇਸ਼ ਭਗਤ ਹਾਲ ਵਿਚ ਥੀਏਟਰ ਵਰਕਸ਼ਾਪ ਲਾਈ ਤੇ ਮੇਰੇ ਨਾਲ-ਨਾਲ ਇਕ ਕਲਮ ਤੁਰੀ ਫਿਰਦੀ ਸੀ, ਉਹ ਕਲਮ ਗੁਰਸ਼ਰਨ ਸਿੰਘ ਦੇ ਸਮਾਜਿਕ ਸਰੋਕਾਰਾਂ ਦੇ ਫ਼ਿਕਰਾਂ ਦੀ ਬਾਂਹ ਫੜਨ ਵਾਲੀ ਕਲਮ ਸੀ ਤੇ ਉਸ ਕਲਮ ਦਾ ਨਾਮ ਸੀ ਅਮੋਲਕ। ਹਾਲਾਂਕਿ ਇਸ ਕਲਮ ਦੀ ਜੁਰੱਅਤ ਅਤੇ ਦਲੇਰੀ ਦੇ ਕਈ ਅੰਦਾਜ਼ ਲੋਕਾਂ ਨੇ ਵੇੇਖੇ ਵੀ ਨੇ ਤੇ ਮਾਣੇ ਵੀ, ਪਰ ਇਸ ਕਲਮ ਨੇ ਜੋ ਗ਼ਦਰੀ ਬਾਬਿਆਂ ਦੇ ਮੇਲੇ ਲਈ ਝੰਡੇ ਦੇ ਗੀਤਾਂ ਦੀ ਸਿਰਜਣਾ ਕੀਤੀ ਹੈ, ਮੈਂ ਉਨ੍ਹਾਂ ਸਿਰਜਣਾਂ ਦੇ ਪਲਾਂ ਦਾ ਗਵਾਹ ਹਾਂ। ਝੰਡੇ ਦਾ ਗੀਤ ਮੇਲੇ ਵਾਲੇ ਦਿਨ ਇਕ ਨਵੰਬਰ ਨੂੰ ਹਮੇਸ਼ਾਂ ਝੰਡੇ ਦੇ ਲਾਗੇ ਖਲੋ ਕੇ ਗਾਇਆ ਜਾਂਦਾ ਸੀ, ਪਰ ਇਕ ਨਵੰਬਰ 1995 ਨੂੰ ਪਹਿਲੀ ਵਾਰ ਮੇਰੀ ਨਿਰਦੇਸ਼ਨਾ ਹੇਠ ਅਮੋਲਕ ਸਿੰਘ ਦੀ ਕਲਮ ਦੇ ਸਿਰਜੇ ਬੋਲਾਂ ਨੂੰ ਐਕਸ਼ਨ ਮਿਲਿਆ, ਬੱਸ ਉਸ ਦਿਨ ਤੋਂ ਅਮੋਲਕ ਸਿੰਘ ਦੇ ਲਿਖੇ ‘ਝੰਡੇ ਦੇ ਗੀਤ’ ਨੂੰ ਵੇਖਣ ਲਈ ਦਰਸ਼ਕ ਇਕ ਰਾਤ ਪਹਿਲਾਂ ਹੀ ਜਲੰਧਰ ਪਹੁੰਚਣੇ ਸ਼ੁਰੂ ਹੋ ਜਾਂਦੇ। ਗੁਰਸ਼ਰਨ ਭਾਅ ਜੀ ਵੱਲੋਂ ਸ਼ੁਰੂ ਕੀਤੀ ਇਹ ਨਿਵੇਕਲੀ ਐਕਸ਼ਨ ਗੀਤ ਸ਼ੈਲੀ ਹੁਣ ਗ਼ਦਰੀ ਬਾਬਿਆਂ ਦੇ ਮੇਲੇ ਦਾ ਵਿਸ਼ੇਸ਼ ਹਿੱਸਾ ਬਣ ਚੁੱਕੀ ਹੈ। ਪਹਿਲੀ ਨਵੰਬਰ ਨੂੰ ਦਿਨ ਵੇਲੇ ਦੇ ਪ੍ਰੋਗਰਾਮ ਦੀ ਜੇਕਰ ਸਫ਼ਲਤਾ ਨੂੰ ਵੇਖਣਾ ਹੋਵੇ ਤਾਂ ਝੰਡੇ ਦਾ ਗੀਤ ਵੇਖਣਾ ਜ਼ਰੂਰੀ ਹੈ। ਇਕ ਗੀਤ ਦੇ ਅੰਦਰ ਹੀ ਅਮੋਲਕ ਪੰਜਾਬੀ ਸੰਗੀਤ ਦੀਆਂ, ਲੋਕ ਧੁਨਾਂ ਨੂੰ ਲੋਕਾਂ ਦੇ ਬੋਲਾਂ ’ਚ ਪਰੋਅ ਕੇ, ਦਰਸ਼ਕਾਂ ਦੇ ਡੌਲੇ ਫਰਕਣ ਲਾ ਦਿੰਦਾ। ਪੰਜਾਬ ਦੇ ਲੋਕ ਜਦੋਂ ਪੰਜਾਬੀ ਨਾਟਕ ਤੇ ਰੰਗਮੰਚ ਦਾ ਇਤਿਹਾਸ ਪੜ੍ਹਨਗੇ ਤਾਂ ਉਸ ਵੇਲੇ ਗੁਰਸ਼ਰਨ ਭਾਅ ਜੀ ਵੱਲੋਂ ਤੋਰੇ ਸਮਾਜਿਕ ਸਰੋਕਾਰਾਂ ਦੇ ਇਨ੍ਹਾਂ ਨਾਟਕੀ ਐਕਸ਼ਨ ਗੀਤਾਂ ਦੀ ਚਰਚਾ ਵੀ ਨਾਲ-ਨਾਲ ਤੁਰੇਗੀ। ਇਸ ਵਿਧਾ ਨੇ ਸਟੇਜ ਅਦਾਕਾਰਾਂ ਨੂੰ ਜਿੱਥੇ ਲੈਅ-ਤਾਲ-ਸੰਗੀਤ ਨਾਲ ਜੋੜਿਆ ਉੱਥੇ ਉਨ੍ਹਾਂ ਦੀ ਸਰੀਰਕ ਭਾਸ਼ਾ (ਬੌਡੀ ਲੈਂਗੂਏਜ) ਨੂੰ ਵੀ ਦਰਸ਼ਕਾਂ ਦੇ ਸਨਮੁਖ ਕੀਤਾ ਹੈ। ਇਹ ਨਾਟਕੀ ਐਕਸ਼ਨ ਗੀਤ ਗੁਰਸ਼ਰਨ ਭਾਅ ਜੀ ਵੱਲੋਂ ਤੋਰੀ ਨਿਵੇਕਲੀ ਵਿਧਾ ਦਾ ਦਰਸ਼ਕਾਂ ਉੱਤੇ ਹਮੇਸ਼ਾਂ ਵਿਸ਼ੇਸ਼ ਪ੍ਰਭਾਵ ਪਾਉਂਦਾ ਰਹੇਗਾ।
ਸੰਪਰਕ: 98142-99422