ਪ੍ਰਿੰ. ਸਰਵਣ ਸਿੰਘ
ਅਮਰੀਕਾ ਵੱਸਦੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਬਤੌਰ ਲਿਖਾਰੀ ਬੁਨਿਆਦੀ ਤੌਰ ’ਤੇ ਤਾਂ ਸ਼ਾਇਰ ਹਨ ਪਰ ਉਨ੍ਹਾਂ ਨਸਰ (ਵਾਰਤਕ) ’ਤੇ ਵੀ ਹੱਥ ਅਜ਼ਮਾਇਆ ਹੈ। ਉਨ੍ਹਾਂ ਦਾ ਖੋਜ ਖੇਤਰ ਭਾਵੇਂ ਸਾਇੰਸ ਹੈ ਪਰ ਨਸਰ ਲਈ ਉਨ੍ਹਾਂ ਨੇ ਜਿਨ੍ਹਾਂ ਵਿਸਿ਼ਆਂ ’ਤੇ ਕਲਮ ਚਲਾਈ ਹੈ, ਉਹ ਹੈਰਾਨ ਕਰਨ ਵਾਲੇ ਹਨ। ਵੰਨ-ਸਵੰਨਤਾ ਇਨ੍ਹਾਂ ਲਿਖਤਾਂ ਦੀ ਖਾਸੀਅਤ ਹੈ। ਪਿ੍ਰੰਸੀਪਲ ਸਰਵਣ ਸਿੰਘ ਨੇ ਚਿਰ ਪਹਿਲਾਂ ਡਾ. ਭੰਡਾਲ ਬਾਰੇ ਜਿਹੜਾ ਸ਼ਬਦ ਚਿੱਤਰ ਉਲੀਕਿਆ ਸੀ, ਉਸ ਦਾ ਨਾਂ ‘ਮੰਡ ਦਾ ਮੋਤੀ’ ਰੱਖਿਆ ਸੀ; ਵਾਕਿਆ ਹੀ ਡਾ. ਭੰਡਾਲ ਲਿਖਾਰੀ ਜਗਤ ਦੇ ਮੋਤੀ ਹਨ। ਐਤਕੀਂ ਪਿ੍ਰੰਸੀਪਲ ਸਰਵਣ ਸਿੰਘ ਨੇ ਇਸ ਆਪਣੇ ਕਾਲਮ ਵਿਚ ਡਾ. ਭੰਡਾਲ ਦੀ ਖੇਡ ਲਿਖਤ ਬਾਰੇ ਗੱਲ ਤੋਰੀ ਹੈ।
ਡਾ. ਗੁਰਬਖ਼ਸ਼ ਸਿੰਘ ਭੰਡਾਲ ਮੂਲ ਰੂਪ ਵਿਚ ਕਵੀ ਹੈ। ਕਦੇ ਮੈਂ ਉਹਦੇ ਸ਼ਬਦ ਚਿੱਤਰ ਦਾ ਨਾਂ ‘ਮੰਡ ਦਾ ਮੋਤੀ’ ਰੱਖਿਆ, ਕਦੇ ‘ਲਰਜ਼ਦਾ ਨੀਰ’। ਉਸ ਦੀ ਵਾਰਤਕ ਵੀ ਕਵਿਤਾ ਹੈ। ਉਹਦਾ ਤੇ ਸੁਰਜੀਤ ਪਾਤਰ ਦਾ ਪਿੰਡ ਬਿਆਸ ਦੇ ਚੜ੍ਹਦੇ ਬੰਨੇ ਹਨ। ਪਾਸ਼ ਤੇ ਮੀਸ਼ੇ ਦੇ ਪਿੰਡ ਵੀ ਓਧਰੇ ਹਨ। ਉਨ੍ਹਾਂ ਨੂੰ ਬਿਆਸ ਦੇ ਪਾਣੀ ਨੇ ਸ਼ਾਇਰੀ ਦੀ ਗੁੜ੍ਹਤੀ ਬਖ਼ਸ਼ੀ ਹੈ। ਐਨ ਉਵੇਂ ਜਿਵੇਂ ਸਰਹੰਦ ਨਹਿਰ ਦਾ ਪਾਣੀ ਰਾਮਪੁਰੀਆਂ ਨੂੰ ਕਵਿਤਾ ਦੀ ਗੁੜ੍ਹਤੀ ਬਖ਼ਸ਼ਦੈ। ਉਹਦਾ ਜਨਮ 2 ਅਪਰੈਲ 1953 ਨੂੰ ਪਿੰਡ ਭੰਡਾਲ ਬੇਟ ਵਿਚ ਚੰਨਣ ਸਿੰਘ ਅਤੇ ਪ੍ਰੀਤਮ ਕੌਰ ਦੇ ਘਰ ਹੋਇਆ। ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਭੌਤਿਕ ਵਿਗਿਆਨ ਦੀ ਪੀਐੱਚਡੀ ਕੀਤੀ ਤੇ 1977 ਤੋਂ 2010 ਤਕ ਗੁਰੂਸਰ ਸੁਧਾਰ ਤੇ ਤਲਵੰਡੀ ਸਾਬੋ ਦੇ ਪ੍ਰਾਈਵੇਟ ਕਾਲਜਾਂ ਅਤੇ ਕਪੂਰਥਲਾ, ਹੁਸ਼ਿਆਰਪੁਰ, ਮੁਕਤਸਰ ਤੇ ਲੁਧਿਆਣੇ ਦੇ ਸਰਕਾਰੀ ਕਾਲਜਾਂ ਵਿਚ ਪੜ੍ਹਾਇਆ। ਫਿਰ ਉਹ ਪਰਵਾਸੀ ਹੋ ਗਿਆ। ਬੇਟ ਵਿਚ ਡੰਗਰ ਚਾਰਨ ਤੋਂ ਲੈ ਕੇ ਅਮਰੀਕਾ ਦੀ ਯੂਨਵਿਰਸਿਟੀ ਵਿਚ ਫਿਜਿਕਸ ਪੜ੍ਹਾਉਣ ਤਕ ਦਾ ਸਫ਼ਰ ਹੈ ਮੰਡ ਦੇ ਮੋਤੀ ਦਾ!
ਉਹਦੀਆਂ 20 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ ਜਿਨ੍ਹਾਂ ਦੇ ਨਾਂ ਹਉਕੇ ਦੀ ਜੂਨ, ਸੁਪਨਿਆਂ ਦੀ ਜੂਹ, ਰੰਗਾਂ ਦਾ ਦਰਿਆ, ਵਿਗਿਆਨ ਦੇ ਪਾਂਧੀ, ਵਿਗਿਆਨ ਦੇ ਪਾਸਾਰ, ਧੁੱਪ ਦੀ ਤਲਾਸ਼, ਅਸੀਸ ਤੇ ਆਸਥਾ, ਘਰ ਅਰਦਾਸ ਕਰੇ, ਇਹ ਘਰ ਮੇਰਾ ਨਹੀਂ, ਪਰਵਾਸੀ ਪੈੜਾਂ, ਸੂਰਜ ਦੀ ਦਸਤਕ, ਜ਼ਿੰਦਗੀ, ਗੌਡ ਪਾਰਟੀਕਲ, ਹਵਾ ਹੱਥ ਜੋੜਦੀ ਹੈ, ਲੋਏ ਲੋਏ ਆਦਿ। ਉਸ ਦੀ ਰਚਨਾ ਬਹੁਭਾਂਤੀ ਹੈ। ਉਹ ਕਵਿਤਾ ਤੋਂ ਵਿਗਿਆਨ ਤੇ ਵਿਗਿਆਨ ਤੋਂ ਕਵਿਤਾ ਦਾ ਸਫ਼ਰ ਕਰਦੀ ਹੈ।
ਡਾ. ਗੁਰਬਖ਼ਸ਼ ਸਿੰਘ ਭੰਡਾਲ ਲਿਖਦੈ:
ਪਿੰਡ ਭੰਡਾਲ ਬੇਟ ਦੇ ਮੰਡ ’ਚ ਪਸ਼ੂ ਚਾਰਦਿਆਂ, ਬਿਆਸ ’ਚ ਤੈਰਦਿਆਂ, ਖੇਤਾਂ ’ਚ ਹਲ ਵਾਹੁੰਦਿਆਂ, ਝੋਨਾ ਲਾਉਂਦਿਆਂ, ਗੋਡੀ ਕਰਦਿਆਂ, ਚਿੱਤ-ਚੇਤਾ ਵੀ ਨਹੀਂ ਸੀ ਕਿ ਭੌਤਿਕ ਵਿਗਿਆਨ ਪੜ੍ਹਾਂਗਾ ਤੇ ਪੜ੍ਹਾਵਾਂਗਾ। ਬਾਰ੍ਹਵੀਂ ’ਚ ਫੇਲ੍ਹ ਹੋ ਕੇ ਦਿਲ ਨਹੀਂ ਛੱਡਿਆ, ਨਿਊਕਲੀਅਰ ਸਾਇੰਸ ਦੀ ਪੀਐੱਚਡੀ ਕਰ ਲਈ। ਸਾਧਾਰਨ ਪਰਿਵਾਰ ’ਚ ਪੜ੍ਹੇ-ਲਿਖੇ ਲਈ ਨੌਕਰੀ ਹਾਸਲ ਕਰਨ ਦੀਆਂ ਦੁਸ਼ਵਾਰੀਆਂ ਵੀ ਹੰਢਾਈਆਂ, ਪ੍ਰਾਈਵੇਟ ਕਾਲਜਾਂ ਦੀ ਮੈਨੇਜਮੈਂਟ ਦਾ ਕਰੂਰ ਵਰਤਾਰਾ ਵੀ ਸਹਿਆ ਜਿਸ ਨੇ ਚੇਤਨਾ ਨੂੰ ਬਹੁਤ ਵਲੂੰਧਰਿਆ। ਫਿਰ ਸਰਕਾਰੀ ਕਾਲਜਾਂ ਵਿਚ ਨੌਕਰੀ ਦੌਰਾਨ ਰਾਜਸੀ ਲੀਡਰਾਂ ਦੀ ਧੱਕੇਸ਼ਾਹੀ ਨੂੰ ਝੱਲਦਿਆਂ, ਕਪੂਰਥਲੇ ਤੋਂ ਮੁਕਤਸਰ ਤੇ ਲੁਧਿਆਣੇ ਦੇ ਕਾਲਜਾਂ ਨੂੰ ਕਰਮਸ਼ਾਲਾ ਬਣਾਇਆ। ਕੈਨੇਡਾ ਦੀਆਂ ਬੇਸਮੈਂਟਾਂ ਚ ਰਹਿੰਦਿਆਂ ਪਰਵਾਸੀ ਜੀਵਨ ਦੇ ਮੁੱਢਲੇ ਦੌਰ ਦੀਆਂ ਔਕੜਾਂ ਅਤੇ ਅਣਹੋਣੀਆਂ ਨੂੰ ਹੰਢਾਇਆ। ਬੱਸਾਂ ਵਿਚ ਸਫ਼ਰ ਕਰਦਿਆਂ, ਪਰਵਾਸੀ ਮਨ ਵਿਚ ਪੈਦਾ ਹੋਈ ‘ਡਿਕਸੀ ਡੇਰੀ ਮੁੱਲਾਂਪੁਰ’ ਜਿਹੀ ਉਪਰਾਮਤਾ ਨੂੰ ਅੱਖੀਂ ਦੇਖਿਆ। ਟੋਰਾਂਟੋ ਦੇ ਪੰਜਾਬੀ ਅਖਬਾਰਾਂ ‘ਪਰਵਾਸੀ’ ਅਤੇ ‘ਪੰਜਾਬੀ ਪੋਸਟ’ ਵਿਚ ਕੰਮ ਕਰਦਿਆਂ ਪਰਵਾਸੀ ਪੰਜਾਬੀਆਂ ਦੀ ਮਾਨਸਿਕਤਾ ਨੂੰ ਨੇੜਿਉਂ ਦੇਖਣ, ਸਮਝਣ ਤੇ ਹਰਫ਼ਾਂ ਦੇ ਹਵਾਲੇ ਕਰਨ ਦਾ ਮੌਕਾ ਮਿਲਿਆ। ਹੁਣ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ, ਕਲੀਵਲੈਂਡ (ਓਹਾਇਓ) ’ਚ ਫਿਜਿਕਸ ਪੜ੍ਹਾ ਰਿਹਾਂ ਤੇ ਅਖ਼ਬਾਰਾਂ ਲਈ ਲਿਖ ਰਿਹਾਂ।…
ਲਓ ਪੜ੍ਹੋ ਭੰਡਾਲ ਦੀ ਖੇਡ ਰਚਨਾ:
ਖੇਡਣਾ, ਸਰੀਰਕ ਤਾਕਤ, ਪੂਰਨ ਜ਼ਾਬਤਾ ਅਤੇ ਮਨ ਦੀ ਪਕਿਆਈ ਨਾਲ ਨਵੀਆਂ ਪਿਰਤਾਂ ਪਾਉਣ ਦੀ ਚਾਹਨਾਂ। ਸਰੀਰਕ ਸੁੰਦਰਤਾ ਤੇ ਸਡੌਲਤਾ ਵਿਚੋਂ ਸੁਖਨ ਤੇ ਸਕੂਨ ਦਾ ਰਾਗ ਮਨ ਹੀ ਮਨ ਗੁਣਗੁਣਾਉਣਾ। ਖੇਡਣਾ, ਸਰੀਰਕ ਤੇ ਮਾਨਸਿਕ ਕਿਰਿਆ। ਅੰਦਰੂਨੀ ਵੀ ਤੇ ਬਾਹਰੀ ਵੀ। ‘ਕੱਲਿਆਂ ਵੀ ਖੇਡਣਾ ਹੁੰਦਾ ਤੇ ਸਾਥੀਆਂ ਨਾਲ ਵੀ। ਇਕਹਿਰੀ ਗੇਮ ਦੇ ਰੂਪ ਵਿਚ ਵੀ ਤੇ ਸਾਥੀਆਂ ਸੰਗ ਵੀ।
ਖੇਡਣਾ, ਹਾਂ-ਪੱਖੀ ਕਿਰਿਆ। ਮਨੁੱਖੀ ਊਰਜਾ ਨੂੰ ਸਹੀ ਪਾਸੇ ਲਾਉਣਾ। ਖੇਡਣਾ, ਸਰੀਰਕ ਤੰਦਰੁਸਤੀ ਤੇ ਅੰਗਾਂ ਦੀ ਚੁਸਤੀ ਦਾ ਰਾਜ਼। ਸਰਬਪੱਖੀ ਵਿਗਸਣੀ ਦਾ ਅਧਾਰ ਅਤੇ ਸਰੀਰਕ ਦਿੱਖ ਨੂੰ ਚਾਰ ਚੰਨ ਲਾਉਣ ਦਾ ਆਹਰ। ਖੇਡਣਾ, ਬਿਮਾਰੀਆਂ ਤੋਂ ਨਿਜਾਤ, ਸਰੀਰਕ ਤੇ ਮਾਨਸਿਕ ਅਲਾਮਤਾਂ ਤੋਂ ਰਾਹਤ ਅਤੇ ਅਣਚਾਹੀਆਂ ਪੀੜਾਂ ਤੇ ਦਰਦਾਂ ਤੋਂ ਤੰਦਰੁਸਤੀ ਦੀ ਚਾਹਤ।
ਖੇਡਣਾ, ਨਰੋਏ ਅੰਗਾਂ ਦੀ ਪਛਾਣ, ਮੁੱਖ ਤੇ ਸੁੰਦਰ ਆਭਾ-ਭਕੁੰਨੀ ਸ਼ਾਨ, ਫੁਰਤੀਲੇਪਣ ਦਾ ਬਿੰਬ, ਉਮਰ ਦੇ ਪੜਾਅ ਨੂੰ ਪਿੱਛੇ ਛੱਡ ਆਉਣ ਦਾ ਸੰਦੇਸ਼। ਖੇਡਣਾ ਦਰਅਸਲ ਸਾਲਾਂ ਦੀ ਗਿਣਤੀ ਨੂੰ ਪੁੱਠਾ ਗੇੜ ਦੇਣ ਵਾਲਾ ਕਾਰਜ ਜਿਸ ਨਾਲ ਬੀਤੇ ਪਲਾਂ ਦੀ ਉਮਰ ਲੰਮੇਰੀ ਕੀਤੀ ਜਾ ਸਕਦੀ ਅਤੇ ਆਪਣੇ ਵਿਚੋਂ ਹੀ ਇਕ ਨਵੇਂ ਮਨੁੱਖ ਨੂੰ ਜਨਮ ਦਿਤਾ ਜਾ ਸਕਦਾ।
ਖੇਡਣ ਤੋਂ ਨਾਬਰੀ, ਮਨੁੱਖ ਦੀ ਖੁਦ ਤੋਂ ਆਨਾ-ਕਾਨੀ। ਖੇਡਣ ਵਾਲੇ ਤਾਂ ਸਰੀਰਕ ਕਮਜ਼ੋਰੀਆਂ ਜਾਂ ਘਾਟਾਂ ਨੂੰ ਵੀ ਅਣਗੌਲਿਆ ਕਰ, ਖੇਡ-ਖੇਤਰ ਵਿਚ ਅਹਿਮ ਪ੍ਰਾਪਤੀਆਂ ਦਾ ਸਿਰਨਾਵਾਂ ਬਣਦੇ। ਇਸੇ ਲਈ ਸੰਸਾਰਕ ਪੱਧਰ ਤੇ ਪੈਰਾ ਓਲੰਪਿਕ ਖੇਡਾਂ ਕਰਵਾਈਆਂ ਜਾਂਦੀਆਂ ਜਿਸ ਵਿਚ ਸਰੀਰਕ ਅਪੰਗਤਾ ਨੂੰ ਦੁਰਕਾਰ ਕੇ ਨਵੇਂ ਕੀਰਤੀਮਾਨ ਸਥਾਪਤ ਹੁੰਦੇ। ਖੇਡਣਾ, ਸਵੈ-ਵਿਸ਼ਵਾਸ ਦੀ ਨੀਂਹ, ਮਿਲਵਰਤਨ ਦਾ ਸਬਕ ਅਤੇ ਇਕ ਦੂਜੇ ਤੇ ਨਿਰਭਰਤਾ ਨੂੰ ਅਪਣਾਉਣ ਤੇ ਨਿਭਾਉਣ ਦਾ ਵਾਅਦਾ। ਖੇਡਣ ਵਿਚੋਂ ਹੀ ਸਿਰਜੀ ਜਾਂਦੀ ਏ ਸੰਪੂਰਨ ਮਨੁੱਖ ਦੀ ਕਾਮਨਾ ਜੋ ਕੀਰਤੀ ਰਾਹੀਂ ਆਪਣੀ ਮੰਜ਼ਲ ਪ੍ਰਾਪਤ ਕਰਦੀ।
ਖੇਡਣਾ, ਸਿਰਫ ਨਿੱਜ ਲਈ ਹੀ ਨਹੀਂ ਹੁੰਦਾ। ਇਹ ਪਰਿਵਾਰ, ਸਮਾਜ, ਦੇਸ਼ ਜਾਂ ਕੌਮ ਲਈ ਵੀ ਹੁੰਦੈ। ਤਦੇ ਵਧੀਆ ਖਿਡਾਰੀ ਕਿਸੇ ਵੀ ਦੇਸ਼ ਦਾ ਸਭ ਤੋਂ ਵੱਡਾ ਸਰਮਾਇਆ ਕਹੇ ਜਾਂਦੇ। ਖੇਡਣ ਵਿਚ ਰੁਚੀ, ਕਿਸੇ ਖਾਸ ਖਿੱਤੇ, ਮਾਹੌਲ, ਪ੍ਰੇਰਨਾ ਜਾਂ ਪਰਿਵਾਰਕ ਧਾਰਨਾਵਾਂ ਵਿਚੋਂ ਪੈਦਾ ਹੁੰਦੀ ਤਾਂ ਹੀ ਸੰਸਾਰਪੁਰ ਹਾਕੀ ਲਈ, ਮਾਹਿਲਪੁਰ ਫੁੱਟਬਾਲ ਲਈ ਤੇ ਕਪੂਰਥਲਾ ਕਬੱਡੀ/ ਬਾਸਕਟਬਾਲ ਲਈ ਮਸ਼ਹੂਰ ਹਨ।
ਖੇਡਣ ਨਾਲ ਪਨਪਦਾ ਜੋਸ਼ ਤੇ ਹੌਸਲਾ, ਭਾਵਨਾਵਾਂ ਨੂੰ ਠਰੰਮਾ ਅਤੇ ਬਜ਼ੁਰਗਾਂ ਦੀਆਂ ਅਪੂਰਨ ਸੱਧਰਾਂ ਦੀ ਪੂਰਤੀ। ਖੇਡ ਨੂੰ ਮਿਲਦੀ ਰਾਜਨੀਤਕ ਅਤੇ ਧਾਰਮਿਕ ਰਹਿਨੁਮਾਈ। ਗੁਰੂ ਅੰਗਦ ਦੇਵ ਜੀ ਵੱਲੋਂ ਖਡੂਰ ਸਾਹਿਬ ਵਿਚ ਸ਼ੁਰੂ ਕੀਤੀ ਗਈ ਮੱਲ ਅਖਾੜੇ ਦੀ ਪ੍ਰੰਪਰਾ, ਪੰਜਾਬੀਆਂ ਨੂੰ ਸਰੀਰਕ ਤਾਕਤ ਬਖਸ਼ਣ ਦੇ ਨਾਲ ਨਾਲ, ਅਕੀਦੇ ਪ੍ਰਤੀ ਸਮਰਪਿਤਾ ਦੀ ਭਾਵਨਾ ਪੈਦਾ ਕਰਨਾ ਵੀ ਸੀ। ਖੇਡਣ ਦੀ ਆਦਤ, ਖੇਡ ਨੂੰ ਦੇਖ ਹੀ ਪੈਦਾ ਹੁੰਦੀ; ਤਾਂ ਹੀ ਖਿਡਾਰੀ ਜਦ ਰੋਲ ਮਾਡਲ ਬਣ ਕੇ ਕਿਸੇ ਜਵਾਨ ਮਨ ਵਿਚ ਆਪਣੀ ਥਾਂ ਨਿਸ਼ਚਿਤ ਕਰਦੇ ਤਾਂ ਉਹ ਵੀ ਖੇਡਣ ਵੰਨੀ ਰੁਚਿਤ ਹੁੰਦੇ ਅਤੇ ਨਵੀਆਂ ਬੁਲੰਦੀਆਂ ਪ੍ਰਾਪਤ ਕਰਦੇ।
ਖੇਡਣਾ, ਧਨ, ਦੌਲਤ, ਸ਼ੁਹਰਤ ਅਤੇ ਰੁਤਬਿਆਂ ਤੋਂ ਇਲਾਵਾ ਅੰਦਰਲੀ ਖੁਸ਼ੀ ਤੇ ਸਕੂਨ ਲਈ ਵੀ ਹੁੰਦਾ ਕਿਉਂਕਿ ਸਭ ਤੋਂ ਵੱਡਾ ਖਜ਼ਾਨਾ ਤਾਂ ਅੰਤਰੀਵੀ ਖੁਸ਼ੀ ਹੀ ਹੁੰਦੀ। ਇਹ ਅਤੋਲਵੀਂ ਤੇ ਅਮੁੱਲ ਹੁੰਦੀ। ਖੇਡਣਾ ਕਈ ਵਾਰ ਖ਼ੁਦ ਲਈ ਹੁੰਦਾ ਪਰ ਕਈ ਵਾਰ ਸਾਡੇ ਮਾਪੇ ਆਪਣੇ ਅਪੂਰਨ ਸੁਪਨਿਆਂ ਦੀ ਪੂਰਤੀ, ਔਲਾਦ ਵਿਚੋਂ ਭਾਲਦਿਆਂ, ਖੇਡਾਂ ਲਈ ਪ੍ਰੇਰਦੇ ਅਤੇ ਫਿਰ ਬੱਚੇ, ਖੇਡ-ਅੰਬਰ ਦਾ ਤਾਰਾ ਬਣ ਕੇ ਮਾਪਿਆਂ ਦਾ ਨਾਮ ਚਮਕਾਉਂਦੇ।
ਖੇਡਣਾ, ਇਕ ਕਲਾ! ਸਰੀਰਕ ਤਾਕਤ ਦੀ ਅਜ਼ਮਾਇਸ਼। ਮਨੁੱਖੀ ਸੋਚ ਵਿਚਲੀ ਸੰਤੁਲਤਾ ਦਾ ਸਫ਼ਲ ਪ੍ਰਦਰਸ਼ਨ। ਮਨੁੱਖੀ ਸਰੋਕਾਰਾਂ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦਾ ਸੂਖ਼ਮ ਕਾਰਜ। ਖੇਡਣਾ ਹੀ ਸਿਖਾਉਂਦਾ ਕਿ ਹਾਰ ਕੇ ਵੀ ਮਨ ਵਿਚ ਜਿੱਤ ਦਾ ਅਹਿਸਾਸ ਕਿਵੇਂ ਉਪਜਾਉਣਾ? ਕਿਵੇਂ ਕਮੀਆਂ ਨੂੰ ਦੇਖਣਾ ਅਤੇ ਕਮਜ਼ੋਰੀਆਂ ਤੇ ਘਾਟਾਂ ਤੇ ਧਿਆਨ ਕੇਂਦਰਤ ਕਰ ਕੇ ਖੁਦ ਨੂੰ ਨਵੀਆਂ ਚੁਣੌਤੀਆਂ ਦੇ ਰੂਬਰੂ ਕਰਨਾ? ਕਿੰਝ ਜਿੱਤ ਕੇ ਵੀ ਨਿਮਰ ਰਹਿਣਾ ਅਤੇ ਹਾਰਿਆਂ ਨੂੰ ਗਲ ਨਾਲ ਲਾਉਣਾ?
ਖੇਡਣ ਦੀ ਸਭ ਤੋਂ ਵੱਡੀ ਨਸੀਹਤ ਹੈ ਕਿ ਜਿੱਤ ਕਦੇ ਵੀ ਸਿਰ ਨੂੰ ਨਾ ਚੜ੍ਹੇ ਅਤੇ ਹਾਰ ਕਦੇ ਵੀ ਨਿਰਾਸ਼ਾ ਜਾਂ ਉਦਾਸੀ ਦੇ ਆਲਮ ਨੂੰ ਤਾਰੀ ਨਾ ਹੋਣ ਦੇਵੇ ਸਗੋਂ ਜਿੱਤ ਨਵੇਂ ਦਿਸਹੱਦਿਆਂ ਦੀ ਪ੍ਰਾਪਤੀ ਲਈ ਵੰਗਾਰਦੀ ਰਹੇ ਜਦ ਕਿ ਹਾਰਨਾ, ਹੋਰ ਮਿਹਨਤ ਤੇ ਤਾਕਤ ਨਾਲ ਹਾਰਾਂ ਨੂੰ ਜਿੱਤਾਂ ਵਿਚ ਬਦਲਣ ਦਾ ਨਾਮ। ਹਾਰ, ਹਾਰ ਨਹੀਂ ਹੁੰਦੀ। ਮਨੁੱਖ ਸਿਰਫ਼ ਉਦੋਂ ਹੀ ਹਾਰਦਾ ਜਦ ਉਸ ਦਾ ਹੌਸਲਾ ਤੇ ਸਿਰੜ, ਮੁਕਾਬਲੇ ਦੇ ਹਾਣੀ ਨਹੀਂ ਹੁੰਦੇ। ਮਨੁੱਖ ਦੀ ਹੀ ਕੋਈ ਨਾ ਕੋਈ ਕਮਜ਼ੋਰੀ ਉਸ ਨੂੰ ਹਰਾਉਂਦੀ ਜਦ ਕਿ ਕੋਈ ਨਾ ਕੋਈ ਗੁਣ ਉਸ ਨੂੰ ਜਿਤਾਉਂਦਾ।
ਖੇਡ ਵਿਚ ਬਹੁਤ ਕੁਝ ਅਣਕਿਆਸਿਆ ਵਾਪਰਦਾ ਜਦ ਕੋਈ ਜਿੱਤਦੀ ਧਿਰ ਸਵੈ-ਗੁਮਾਨ ਕਾਰਨ ਹਾਰ ਜਾਂਦੀ ਅਤੇ ਹਾਰਨ ਵਾਲੀ ਧਿਰ ਸਬਰ ਅਤੇ ਸਿਦਕਦਿਲੀ ਨਾਲ ਜਿੱਤ ਨੂੰ ਆਪਣੇ ਨਾਮ ਕਰਦੀ। ਖੇਡ ਨਾਲ ਖਿਡਾਰੀ ਆਪਣੇ ਆਪ ਨੂੰ ਅਨੁਸ਼ਾਸਤ ਕਰਦਾ। ਸਮੇਂ ਦਾ ਪਾਬੰਦ ਹੁੰਦਾ, ਸਾਥੀ ਖਿਡਾਰੀਆਂ ਤੇ ਵਿਰੋਧੀਆਂ ਨਾਲ ਸੁਖਾਵੇਂ ਸਬੰਧ, ਹਰ ਇਕ ਦਾ ਆਦਰ ਕਰਨਾ ਅਤੇ ਕਿਸੇ ਦੇ ਮਾਣ ਵਿਚੋਂ ਖੁਦ ਦੇ ਸਨਮਾਨ ਦਾ ਸ਼ਰਫ਼ ਬਣਨਾ। ਇਹ ਮਾਣ-ਸਨਮਾਨ ਜਦ ਕੋਈ ਆਪਣੇ ਬਜ਼ੁਰਗ ਜਾਂ ਵਡੇਰੇ ਨੂੰ ਅਰਪਿਤ ਕਰਦਾ ਤਾਂ ਇਸ ਵਿਚੋਂ ਖਿਡਾਰੀ ਵਿਚਲੀ ਬੰਦਿਆਈ ਦੇ ਦਰਸ਼-ਦੀਦਾਰੇ ਹੁੰਦੇ।
ਖੇਡਣ ਨੂੰ ਖ਼ਬਤ ਬਣਾਉਣ ਵਾਲੇ ਲੋਕ ਹੀ ਗੁਰਜਾਂ, ਮੈਡਲਾਂ ਜਾਂ ਮਾਨ ਸਨਮਾਨਾਂ ਨੂੰ ਆਪਣੇ ਨਾਮ ਕਰਦੇ ਜਿਹਨਾਂ ਦਾ ਤਸੱਵਰ ਉਹਨਾਂ ਦੀ ਚੇਤਨਾ ਵਿਚ ਕਿਸੇ ਨੇ ਗਾਹੇ-ਬਗਾਹੇ ਧਰਿਆ ਹੁੰਦਾ। ਖੇਡਣਾ, ਖਿਆਲ, ਖਚਤ ਅਤੇ ਖ਼ਬਤ ਹੁੰਦਾ ਪਰ ਕਦੇ ਵੀ ਖਹਬਿੜ-ਬਾਜ਼ੀ, ਖਿੱਲਵਾੜ ਜਾਂ ਖੇਹ ਉਡਾਉਣਾ ਨਹੀਂ ਹੁੰਦਾ। ਖੇਡਣਾ ਜਦ ਰੂਹ ਦੀ ਤਾਸੀਰ ਵਿਚ ਹੁੰਦਾ ਤਾਂ ਮਨੁੱਖ ਖੁਦ ਨੂੰ ਧਿਆਉਂਦਾ, ਸੋਚ-ਅੰਬਰਾਂ ਨੂੰ ਗਾਹੁੰਦਾ, ਸਰਬ-ਗੁਣੀ ਸ਼ਖਸ਼ੀ ਧਾਰਨਾ ਨੂੰ ਅੰਤਰ-ਆਤਮਾ ਵਿਚ ਟਿਕਾਉਂਦਾ, ਖੁਦ ਵਿਚੋਂ ਹੀ ਖੁਦ ਦੀ ਖੋਜ ਕਰ, ਖੁਦ ਨੂੰ ਨਵੇਂ ਰੂਪ ਵਿਚ ਸਮਾਜ ਤੇ ਪਰਿਵਾਰ ਸਾਹਵੇਂ ਪ੍ਰਗਟਾਉਂਦਾ।
ਖੇਡ ਜਦ ਕਿਸੇ ਘਿਨਾਉਣੀ ਚਾਲ ਦਾ ਸ਼ਿਕਾਰ ਹੋ ਜਾਵੇ ਤਾਂ ਅਲਾਮਤਾਂ ਵੀ ਪੈਦਾ ਕਰਦਾ। ਜਾਤੀ ਰੰਜਿਸ਼, ਮਿਥ ਕੇ ਹਾਰਨਾ ਜਿੱਤਣਾ ਜਾਂ ਕਿਸੇ ਦੀ ਸਰੀਰਕ ਸੱਟ ਵਿਚੋਂ ਆਪਣੀ ਪ੍ਰਾਪਤੀ ਨੂੰ ਕਿਆਸਣਾ, ਸਭ ਤੋਂ ਵੱਡਾ ਗੁਨਾਹ। ਖੇਡਿਆ ਸਿਰਫ਼ ਖੇਡ ਮੈਦਾਨ ਵਿਚ ਹੀ ਨਹੀਂ ਜਾਂਦਾ। ਜਦ ਕੋਈ ਆਮ ਮਨੁੱਖ ਦਾ ਸ਼ੋਸ਼ਣ ਕਰਦਾ, ਧਾਰਮਿਕ ਭਾਵਨਾਵਾਂ ਨਾਲ ਖੇਡਦਾ ਜਾਂ ਜਾਤੀ-ਮੂਲਕ ਧਾਰਨਾਵਾਂ ਨੂੰ ਭੜਕਾ ਕੇ ਨਿੱਜੀ ਮੁਫ਼ਾਦ ਦੀ ਪੂਰਤੀ ਕਰਦਾ ਤਾਂ ਉਸ ਖੇਡ ਵਿਚੋਂ ਕੋਫ਼ਤ ਆਉਂਦੀ।
ਜਦ ਬੱਚੇ ਦੀ ਮਾਸੂਮੀਅਤ ਤੇ ਕੋਮਲ ਅਹਿਸਾਸਾਂ ਨਾਲ ਖੇਡਦਿਆਂ, ਉਸ ਦਾ ਮਾਨਸਿਕ, ਸਰੀਰਕ ਤੇ ਭਾਵਨਾਤਿਮਕ ਸ਼ੋਸ਼ਣ ਕੀਤਾ ਜਾਂਦਾ ਤਾਂ ਰੋਂਦੇ ਬਚਪਨੇ ਨੂੰ ਵਰਾਉਣਾ ਬਹੁਤ ਔਖਾ ਹੁੰਦਾ। ਬਚਪਨੇ ਦੇ ਅੰਤਰੀਵ ਚ ਪਈਆਂ ਝਰੀਟਾਂ ਦੇ ਦਾਗ ਕਦੇ ਨਹੀਂ ਮਿੱਟਦੇ। ਜਦ ਕਿਸੇ ਅਬਲਾ ਦੀ ਚੁੰਨੀ ਨੂੰ ਹਵਾ ਚ ਉਛਾਲ ਕੇ, ਜਿਸਮ ਨਾਲ ਖੇਡਿਆ ਜਾਂਦਾ, ਅਜ਼ਮਤ ਨੂੰ ਲੀਰੋ-ਲੀਰ ਕੀਤਾ ਜਾਂਦਾ, ਸਿਰ ਦੇ ਸੰਧੂਰ ਨੂੰ ਮਿਟਾਇਆ ਜਾਂਦਾ ਜਾਂ ਟੁੱਟੇ ਕਲੀਰਿਆਂ ਤੇ ਹਿਚਕੀ ਦੀ ਮਹਿੰਦੀ ਲਾਈ ਜਾਂਦੀ ਤਾਂ ਫ਼ਿਜ਼ਾ ਵਿਚ ਪੈਦਾ ਹੋਇਆ ਕਚਿਆਣ ਤੇ ਕ੍ਰੋਧ, ਸਮੁੱਚੀ ਮਨੁੱਖੀ ਜਾਤੀ ਲਈ ਕਲੰਕ ਬਣਦਾ।
ਜਦ ਕੋਈ ਪਾਖੰਡੀ ਆਪਣੇ ਸ਼ਰਧਾਲੂਆਂ ਨੂੰ ਮਾਨਸਿਕ ਤੌਰ ਤੇ ਅਗਵਾ ਕਰ, ਉਹਨਾਂ ਦੀ ਆਸਥਾ ਨਾਲ ਖੇਡਦਾ, ਸੱਚੀਆਂ-ਸੁੱਚੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਅਤੇ ਅਕੀਦਤ ਨੂੰ ਅਡੰਬਰ ਬਣਾਉਂਦਾ ਤਾਂ ਮਨੁੱਖਤਾ ਜ਼ਾਰੋ-ਜ਼ਾਰ ਰੋਂਦੀ। ਅਜਿਹੀ ਕਰਤੂਤੀ ਖੇਡ ਨੂੰ ਕਿਹੜੀ ਖੇਡ ਕਹੋਗੇ ਜਦ ਕੋਈ ਕਿਸੇ ਦੀ ਜਿਸਮਾਨੀ, ਮਾਨਸਕ ਅਤੇ ਆਤਮਕ ਕੰਗਾਲੀ ਦੀ ਕੁਲਹਿਣੀ ਰੰਗਤ ਨੂੰ, ਫਿੱਕੜੇ ਚੋਲੇ ਦਾ ਮਜੀਠੀ ਰੰਗ ਬਣਾਉਣ ਲਈ ਰੁਚਿਤ ਹੋ ਜਾਵੇ। ਖੇਡ ਜਦ ਖਿਲਵਾੜ ਬਣਦੀ ਤਾਂ ਕਹਿਰ ਢਾਹੁੰਦੀ। ਅਜਿਹਾ ਹੀ ਪਾਲਣਹਾਰੀ ਕੁਦਰਤ ਦੀਆਂ ਨਿਹਮਤਾਂ ਨਾਲ ਖੇਡਣ ਵਾਲਿਆਂ ਨੇ ਕਾਇਨਾਤ ਵਿਚ ਅਸੰਤੁਲਨ ਪੈਦਾ ਕਰਕੇ ਕੀਤਾ ਹੈ ਜਿਸ ਦਾ ਹਰਜਾਨਾ ਮਨੁੱਖ ਭੁਗਤ ਰਿਹਾ।
ਖੇਡਣਾ ਹੈ ਤਾਂ ਰੰਗਾਂ ਨਾਲ ਖੇਡੋ ਜਿਸ ਵਿਚੋਂ ਉਪਜਦੀਆਂ ਨੇ ਕਲਾ ਕਿਰਤਾਂ। ਮਿਹਨਤ ਨੂੰ ਪ੍ਰਾਪਤੀਆਂ ਤੇ ਨਾਜ਼ ਹੁੰਦਾ। ਕਲਾ ਕਿਰਤਾਂ ਦਰਸ਼ਕਾਂ ਲਈ ਸੁਖਨ, ਸਹਿਜ ਅਤੇ ਕਲਾ ਬਿਰਤੀ ਦੇ ਰੱਜ ਦਾ ਪ੍ਰਤੀਕ ਹੁੰਦਾ। ਖੇਡਣਾ ਹੈ ਤਾਂ ਖੇਡੋ ਹਰਫ਼ਾਂ ਨਾਲ। ਇਹਨਾਂ ਵਿਚ ਸਮੋਏ ਹੋਏ ਅਰਥਾਂ ਨਾਲ ਅਤੇ ਅਰਥਾਂ ਵਿਚੋਂ ਫੁੱਟਦੀਆਂ ਕਿਰਨਾਂ ਨਾਲ ਖੇਡੋ ਤਾਂ ਕਿ ਇਹ ਕਿਰਨਾਂ ਆਪਣੀ ਬੇਨਿਆਜ਼ੀ ਰਾਹੀਂ ਮਾਨਵ ਨੂੰ ਤਰਜੀਹਾਂ ਨਿਸਚਿਤ ਕਰਨ ਅਤੇ ਉਚਤਮ ਤਦਬੀਰਾਂ ਰਾਹੀਂ ਤਕਦੀਰ ਨੂੰ ਰੌਸ਼ਨ-ਰੰਗੀ ਬਣਾ ਸਕਣ। ਖੇਡਣਾ ਹੈ ਤਾਂ ਉਹਨਾਂ ਕਿਤਾਬਾਂ ਨੂੰ ਆਪਣੇ ਖੇਡ-ਆੜੀ ਬਣਾਓ ਜਿਹਨਾਂ ਵਿਚੋਂ ਨਿਕਲਦੀ ਸ਼ਬਦ-ਜੋਤ ਆਲੇ-ਦੁਆਲੇ ਵਿਚ ਚਾਨਣ ਦਾ ਛਿੜਕਾਅ ਕਰੇ ਅਤੇ ਇਹਨਾਂ ਕਿਰਨਈ ਕ੍ਰਿਸ਼ਮਿਆਂ ਨੂੰ ਰੂਹ-ਰੇਜ਼ਤਾ ਦੇ ਨਾਮ ਕਰ, ਸਮਿਆਂ ਨੂੰ ਨਵੀਂ ਦਿੱਖ ਤੇ ਦ੍ਰਿਸ਼ਟੀ ਪ੍ਰਦਾਨ ਕਰੇ। ਧਨ-ਦੌਲਤ ਵਿਚ ਖੇਡਣ ਵਾਲੇ ਜ਼ਿਆਦਾਤਰ ਲੋਕ ਮਾਨਵਤਾ ਦਾ ਮਰਸੀਆ ਪੜ੍ਹਦੇ। ਉਹਨਾਂ ਦੇ ਮਨਾਂ ਵਿਚ ਨਹੀਂ ਹੁੰਦਾ ਲੋਕਾਈ ਦਾ ਦਰਦ, ਸਿੰਮਦੀ ਨਹੀਂ ਅੱਖ ਕਿਸੇ ਦੀ ਪੀੜ ਚ, ਪਸੀਜਦਾ ਨਹੀਂ ਮਨ ਕਿਸੇ ਦੀ ਅਣਿਆਈ ਮੌਤ ਤੇ ਅਤੇ ਪੰਛੀ ਦੀ ਵਿਲਕਦੀ ਆਂਦਰ ਦਾ ਦੁੱਖ ਸਮਝਣ ਤੋਂ ਬੇਲਾਗ ਤੇ ਬੇਦਰਦ। ਲਾਹਨਤ ਹੈ ਅਜਿਹੀ ਖੇਡ ਮਸਤੀ ‘ਤੇ ਜਦ ਉਹਦੇ ਵਿਚੋਂ ਮਨੁੱਖੀ ਭਾਵਨਾਵਾਂ ਦਾ ਮਾਤਮ ਹੁਆਂਕਦਾ ਹੋਵੇ।
ਖੇਡਣਾ ਸਿਰਫ਼ ਖੇਡਣ ਲਈ ਨਹੀਂ ਹੁੰਦਾ। ਇਹ ਸਮੁੱਚ ਦਾ ਪ੍ਰਗਟਾਵਾ, ਸ਼ਖਸੀ ਬਿੰਬ, ਵਿਅਕਤੀਤਵ ਦਾ ਪ੍ਰਦਰਸ਼ਨ, ਵਿਰਾਸਤੀ ਦਿੱਖ ਅਤੇ ਜੜ੍ਹਾਂ ਦਾ ਝਲਕਾਰਾ। ਸੋ ਖੇਡਣ ਦੌਰਾਨ ਜ਼ਰੂਰੀ ਹੈ ਕਿ ਮਨੁੱਖ ਪਾਰਦਰਸ਼ੀ ਹੋਵੇ। ਉਸ ਵਿਚੋਂ ਉਹ ਮਨੁੱਖ ਹੀ ਨਜ਼ਰ ਆਵੇ ਜੋ ਉਸ ਦੇ ਅੰਦਰ ਰੁਕਦਾ, ਦੌੜਦਾ, ਸੌਂਦਾ, ਜਾਗਦਾ, ਹੱਸਦਾ ਅਤੇ ਰੋਂਦਾ ਹੈ। ਖਾਂਦਾ, ਪੀਂਦਾ, ਥੀਂਦਾ ਤੇ ਜੀਂਦਾ ਹੈ। ਸਰਬਮੁੱਖੀ ਸੁੱਚਤਾ ਅਹਿਮ ਹੁੰਦੀ ਹੈ ਖੇਡ ’ਚ। ਭਾਵੇਂ ਉਹ ਆਪਣੇ ਬੱਚਿਆਂ ਨਾਲ ਬਚਪਨੀ ਖੇਡ ਹੋਵੇ, ਨਵ-ਵਿਆਹੇ ਜੋੜੇ ਦਾ ਕੰਗਣਾ ਖੇਡਣਾ ਹੋਵੇ, ਸਖੀਆਂ ਨਾਲ ਖੇਡਣਾ ਹੋਵੇ ਜਾਂ ਆਪਣੇ ਆਪ ਨਾਲ। ਜ਼ਰੂਰੀ ਹੁੰਦੀ ਹੈ ਸਿਦਕ-ਸਬੂਰੀ, ਸਿਰੜ-ਸਾਧਨਾ ਅਤੇ ਸਾਂਝੀਵਾਲਤਾ।
ਖੇਡਣਾ, ਮਨ ਦਾ ਅਭਿਆਸ। ਖੁੱਲ੍ਹੀ ਹਵਾ ਨੂੰ ਫੇਫੜਿਆਂ ਚ ਭਰਨ ਦਾ ਰਿਆਜ਼। ਦਿਲ ਦੀਆਂ ਗੱਲਾਂ ਹਮਜੋਲੀਆਂ ਨਾਲ ਫਰੋਲਣਾ। ਕੁਝ ਸੋਚਣਾ, ਕੁਝ ਹੱਸਣਾ, ਕੁਝ ਯੋਜਨਾਬੰਦੀ। ਕਦੇ ਹਮਲਾਵਰ ਰੁਖ ਤੇ ਕਦੇ ਸੁਰੱਖਿਆ ਨੀਤੀ। ਕਦੇ ਕਾਹਲ ਤੇ ਕਦੇ ਠਹਿਰਾਅ। ਬਹੁਤ ਗੁਣ ਹੁੰਦੇ ਨੇ ਖਿਡਾਰੀ ਵਿਚ। ਸੱਚੇ-ਸੁੱਚੇ, ਨਿਮਰ ਤੇ ਮਾਸੂਮ ਅਤੇ ਪਾਕੀਜ਼ਗੀ ਵਿਚ ਰਮੇ। ਖੇਡ ਨੂੰ ਆਪਣਾ ਇਸ਼ਟ ਮੰਨਣ ਵਾਲੇ ਹੁੰਦੇ ਨੇ ਇਹ ਲੋਕ। ਖੇਡਣ ਦੀ ਆਦਤ ਬਹੁਤ ਸਾਜ਼ਗਾਰ ਉਦਮ ਅਤੇ ਸਾਰਥਿਕ ਹੰਭਲਾ। ਇਸ ਵਿਚੋਂ ਹੀ ਅਸੀਮ ਸੰਭਾਵਨਾਵਾਂ, ਅਦਿੱਖ ਸਫ਼ਲਤਾਵਾਂ ਅਤੇ ਅਣਦੇਖੀਆਂ ਸਰੀਰਕ ਕਿਰਿਆਵਾਂ ਨੂੰ ਜੀਵਨ ਦਾ ਹਿੱਸਾ ਬਣਾ ਸਕਦੇ ਹਾਂ।
ਖੇਡਣਾ, ਜ਼ਰੂਰੀ ਅੰਗ ਹੈ ਸਰੀਰਕ ਕਿਰਿਆਵਾਂ ਦਾ। ਸਰੀਰ ਦੀ ਹੋਂਦ ਤੇ ਹਸਤੀ ਲਈ, ਨਿੱਗਰਤਾ ਤੇ ਨਰੋਏਪਣ ਲਈ, ਸਥਿਰ ਅਤੇ ਸਦੀਵੀ ਅਰੋਗਤਾ ਲਈ। ਜਵਾਨ ਰਹਿਣ ਲਈ ਉਮਰ ਨਹੀਂ ਸਗੋਂ ਦਿਲ ਤੇ ਮਨ ਦਾ ਜਵਾਨ ਰਹਿਣਾ ਅਤੇ ਚੜ੍ਹਦੀ ਕਲਾ ਵਿਚ ਰਹਿਣਾ ਬਹੁਤ ਜ਼ਰੂਰੀ। ਖੇਡਣਾ, ਉਮਰ ਦਾ ਮੁਥਾਜ ਨਹੀਂ। ਕਿਸੇ ਵੀ ਉਮਰ ਵਿਚ ਕੋਈ ਵੀ ਖੇਡ ਸ਼ੁਰੂ ਕੀਤੀ ਜਾ ਸਕਦੀ ਜੋ ਵਿਅਕਤੀ ਦੀ ਸਰੀਰਕ, ਮਾਨਸਕ ਅਤੇ ਆਤਮਕ ਲੋੜ ਅਨੁਸਾਰ ਹੋਵੇ। ਕਿਸੇ ਵੀ ਸਮੇਂ ਵਿਚ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਅਤੇ ਅਪਹੁੰਚ ਪ੍ਰਾਪਤੀਆਂ ਨੂੰ ਆਪਣਾ ਹਾਸਲ ਬਣਾਇਆ ਜਾ ਸਕਦਾ। ਖੇਡਣ ਦੇ ਖ਼ਬਤ ਵਿਚੋਂ ਹੀ ਬਾਬਾ ਫੌਜਾ ਸਿੰਘ ਨੇ ਸੌ ਸਾਲ ਤੋਂ ਵਡੇਰੀ ਉਮਰ ਤੀਕ ਮੈਰਾਥਨ ਦੌੜ ਵਿਚ ਇਤਿਹਾਸ ਸਿਰਜਿਆ। ਉਸ ਨੇ ਦੌੜਨਾ ਹੀ 89 ਸਾਲ ਤੋਂ ਬਾਅਦ ਸ਼ੁਰੂ ਕੀਤਾ ਸੀ। ਬੀਬੀ ਮਾਨ ਕੌਰ ਵੀ ਇਸ ਸ਼੍ਰੇਣੀ ਵਿਚ ਸ਼ਾਮਲ ਹੈ। ਇਹ ਤਾਂ ਮਨ ਦੀ ਪਕਿਆਈ, ਇਰਾਦੇ ਵਿਚਲਾ ਹਠ ਅਤੇ ਕੁਝ ਕਰਨ ਦਾ ਜਨੂਨ ਹੁੰਦਾ ਜੋ ਸਫ਼ਲਤਾ ਦਾ ਮੂਲ ਆਧਾਰ ਬਣਦਾ। ਖੇਡੋ, ਖੁਦ ਦੀ ਸਮਰੱਥਾ, ਸਾਧਨਾ ਅਤੇ ਸਿਦਕ ਨਾਲ ਤਾਂ ਕਿ ਤੁਸੀਂ ਮਨ ਦੀ ਦ੍ਰਿੜਤਾ ਦੀਆਂ ਅਸੀਮਤ ਪਰਤਾਂ ਵਿਚੋਂ ਉਹ ਪਰਤ ਦਿਖਲਾ ਸਕੋ ਜੋ ਅਜੇ ਤੀਕ ਸਮਾਜ ਦੇ ਸਾਹਮਣੇ ਨਹੀਂ ਆਈ। ਸਾਹਿਤਕ, ਖੋਜ, ਵਿਦਿਆ ਪ੍ਰਾਪਤੀ, ਕਲਾ ਸਿੱਖਣ ਅਤੇ ਰਾਜਸੀ ਖੇਤਰ ਵਿਚ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਉਮਰ ਦੇ ਆਖ਼ਰੀ ਪੜਾਅ ਤੇ ਨਵੀਂ ਬੁਲੰਦਗੀ ਹਾਸਲ ਕੀਤੀ। ਖੇਡਣਾ ਜਦ ਸਵਾਂਗ ਬਣ ਕੇ ਭਗਤਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਵੇ ਤਾਂ ਕਈ ਵਾਰ ਅਜਿਹੇ ਬਾਬਿਆਂ ਨੂੰ ਸਲਾਖਾਂ ਦੀ ਮਹਿਮਾਨ ਨਿਵਾਜੀ ਵੀ ਨਸੀਬ ਹੁੰਦੀ।
ਖੇਡਣਾ, ਬੱਚਿਆਂ ਲਈ ਸਭ ਤੋਂ ਵੱਡੀ ਇਨਾਇਤ ਤੇ ਪਾਠਸ਼ਾਲਾ। ਬਹੁਤ ਕੁਝ ਸਿੱਖਣ ਤੇ ਸਮਝਣ ਦਾ ਆਧਾਰ। ਜੋ ਦੇਂਦਾ ਏ ਉਹਨਾਂ ਦੇ ਵਿਅਕਤੀਤਵ ਨੂੰ ਵਿਸਥਾਰ। ਵਧੀਆ ਮਨੁੱਖ ਬਣਨ ਲਈ ਪਹਿਲੀ ਪੌੜੀ ਹੈ ਖੇਡਣਾ। ਖੇਡ ਦਾ ਲੁਤਫ਼ ਉਠਾਓ। ਜਿੱਤਣ ਜਾਂ ਹਾਰਨ ਦੀ ਪ੍ਰਵਾਹ ਨਾ ਕਰੋ ਕਿਉਂਕਿ ਖੇਡਣਾ ਸਿਰਫ਼ ਜਿੱਤਣਾ ਜਾਂ ਹਾਰਨਾ ਹੀ ਨਹੀਂ ਹੁੰਦਾ। ਇਸ ਤੋਂ ਇਲਾਵਾ ਵੀ ਬਹੁਤ ਕੁਝ ਝੋਲੀ ਵਿਚ ਪੈਂਦਾ ਹੈ ਖੇਡਣ ਸਦਕਾ। ਖੇਡ ਦੌਰਾਨ ਅਚੇਤ/ਸੁਚੇਤ ਰੂਪ ਵਿਚ ਬਹੁਤ ਸਾਰੀਆਂ ਘਤਿੱਤਾਂ, ਘਾੜਤਾਂ ਤੇ ਘੁਣਤਰਾਂ ਵੀ ਘੜੀਆਂ ਜਾਦੀਆਂ, ਜਿੱਤ ਨੂੰ ਸੁਨਿਸ਼ਚਿਤ ਕਰਨ ਲਈ ਪਰ ਇਹ ਹੈ ਖੇਡ ਭਾਵਨਾ ਦੇ ਵਿਪਰੀਤ। ਖੇਡਣਾ, ਖੁਦ ਨੂੰ ਭੁੱਲਣਾ, ਸਰੀਰਕ ਸੱਟਾਂ ਤੋਂ ਲਾਪ੍ਰਵਾਹੀ, ਬਿਹਤਰੀਨ ਪ੍ਰਦਰਸ਼ਨ ਲਈ ਹਰ ਸੰਭਵ ਕੋਸ਼ਿਸ਼ ਅਤੇ ਸਾਰੀ ਤਾਕਤ ਨੂੰ ਖੇਡ ਦੇ ਨਾਮ ਕਰਨਾ।
ਸਮਾਂ ਜ਼ਰੂਰ ਕੱਢਣਾ ਪਾਲਤੂ ਜਾਨਵਰਾਂ ਜਾਂ ਪਰਿੰਦਿਆਂ ਨਾਲ ਖੇਡਣ ਲਈ, ਰਾਹਤ ਮਿਲੇਗੀ। ਸਾਰੇ ਦਿਨ ਦੀ ਥਕਾਵਟ ਲੱਥ ਜਾਵੇਗੀ ਅਤੇ ਤਰੋਤਾਜ਼ਾ ਹੋ ਨਵੀਂ ਸ਼ੁਰੂਆਤ ਕਰ ਸਕੋਗੇ। ਬੱਚਿਆਂ ਨਾਲ ਖੇਡ ਕੇ ਵਕਤ ਨੂੰ ਸਾਰਥਕ ਕਰੋ। ਬੱਚਿਆਂ ਨਾਲ ਮੋਹ ਦੀਆਂ ਤੰਦਾਂ ਮਜ਼ਬੂਤ ਹੋਣਗੀਆਂ। ਬੱਚਿਆਂ ਦੇ ਬਹੁਤ ਨਜ਼ਦੀਕ ਹੋ ਕੇ ਉਹਨਾਂ ਦੀ ਮਾਨਸਿਕਤਾ ਪੜ੍ਹ ਸਕੋਗੇ। ਤਿੱਤਲੀਆਂ ਨਾਲ ਖੇਡਦੇ ਬੱਚਿਆਂ ਨੂੰ ਦੇਖਣਾ, ਉਹਨਾਂ ਦੀ ਬਚਪਨੀ ਬੇਪ੍ਰਵਾਹੀ, ਮੁੱਖੜੇ ਤੇ ਖੇੜੇ ਤੇ ਖੁਸ਼ੀ ਦੀ ਆਭਾ, ਤੁਹਾਨੂੰ ਵੀ ਜਿਊਣ ਜੋਗਾ ਕਰ ਦੇਵੇਗੀ।
ਖੇਡਣ ਪ੍ਰਤੀ ਸੋਚਦਿਆਂ ਬਚਪਨੀ ਖਿੱਦੋਖੂੰਡੀ, ਖੁੱਤੀ, ਖੋ-ਖੋ ਨੂੰ ਯਾਦ ਕਰਨਾ। ਤੁਹਾਨੂੰ ਬਚਪਨੀ ਪਲਾਂ ਵਿਚ ਵਿਚਰ ਕੇ ਸਕੂਨ ਮਿਲੇਗਾ। ਕਦੇ ਬੱਚਿਆਂ ਨੂੰ ਖਿਡੌਣਿਆਂ ਅਤੇ ਬੱਚੀਆਂ ਨੂੰ ਗੁੱਡੀਆਂ-ਪਟੋਲਿਆਂ ਨਾਲ ਖੇਡਦਿਆਂ, ਗੁੱਡੇ-ਗੁੱਡੀ ਦਾ ਵਿਆਹ ਰਚਾਉਂਦਿਆਂ ਦੇਖਣਾ, ਉਹਨਾਂ ਦੀ ਅਰਧ-ਚੇਤਨਾ ਵਿਚ ਆਪਣੇ ਭਵਿੱਖੀ ਜੀਵਨ ਦੀਆਂ ਬਹੁਤ ਸਾਰੀਆਂ ਤੰਦਾਂ ਦ੍ਰਿਸ਼ਟਮਾਨ ਹੋ ਜਾਣਗੀਆਂ। ਬੱਚੇ ਖਿਡੌਣਿਆਂ ਨਾਲ ਖੇਡਦਿਆਂ ਬਹੁਤ ਕੁਝ ਸਿੱਖਦੇ। ਪਿਆਰ ਦਾ ਅਨੁਭਵ, ਭਾਈਵਾਲਤਾ ਦੀ ਸੁਰ ਅਤੇ ਸੁਪਨਈ ਦੁਨੀਆ ਵਸਾਉਣ ਦਾ ਅਚੰਭਤ ਵਰਤਾਰਾ ਵੀ ਪੈਦਾ ਹੁੰਦਾ। ਜੀਵਨ ਦੇ ਪੱਤੇ ਲੁਕੋ ਨੇ ਨਾ ਰੱਖੋ। ਇਹਨਾਂ ਨਾਲ ਚੰਗੀ ਤਰ੍ਹਾਂ ਖੇਡੋ। ਅੱਖਾਂ ਖੋਲ੍ਹ ਕੇ ਅਤੇ ਸਮਝ ਕੇ ਤਾਂ ਜੋ ਇਸ ਦੁਨੀਆ ਦੇ ਨਾਵੇਂ ਨਰੋਈਆਂ ਪੈੜਾਂ ਦੇ ਹਸਤਾਖ਼ਰ ਕਰ ਸਕੋ। ਕਦੇ ਵੀ ਕਿਸੇ ਹਾਮੀ ਭਰਨ ਵਾਲੇ ਹਮਦਰਦ ਦੀਆਂ ਭਾਵਨਾਵਾਂ ਨਾਲ ਨਾ ਖੇਡੋ। ਕਿਉਂਕਿ ਭਲੇ ਹੀ ਤੁਸੀਂ ਜਿੱਤ ਜਾਵੋ ਪਰ ਤੁਸੀਂ ਇਕ ਹਮਦਰਦ ਨੂੰ ਸਦਾ ਲਈ ਗਵਾ ਲੈਂਦੇ ਹੋ। ਇਹ ਜਿੱਤਣਾ, ਹਾਰਨ ਨਾਲੋਂ ਮਾੜਾ ਹੁੰਦਾ।
ਅੱਗ ਦਾ ਸੁਰੱਖਿਅਤ ਤੇ ਸਹਿਜ ਭਰਿਆ ਸਾਥ, ਸੁਖਨਮਈ ਵਰਤਾਰਾ ਪਰ ਅੱਗ ਨਾਲ ਖੇਡਣਾ, ਖੁਦ ਦੀ ਬਰਬਾਦੀ। ਅੱਗ, ਮਨੁੱਖ ਅਤੇ ਆਲੇ-ਦੁਆਲੇ ਨੂੰ ਸਵਾਹ ਕਰਦੀ। ਫਿਰ ਇਹ ਸਵਾਹ ਉਡ ਕੇ ਅੱਖਾਂ ਵਿਚ ਧੁੰਧਲਕਾ ਪੈਦਾ ਕਰਦੀ। ਨਫ਼ਰਤੀ ਅੱਗ ਨਾਲ ਖੇਡਣ ਵਾਲੇ ਉਜਾੜਿਆਂ ਦੀ ਦਾਸਤਾਨ ਹੁੰਦੇ। ਖੇਡ ਦੌਰਾਨ ਕੁਝ ਪਲਾਂ ਵਿਚ ਹੀ ਵਿਅਕਤੀ ਦੀਆਂ ਉਹ ਪਰਤਾਂ ਨਸ਼ਰ ਹੁੰਦੀਆਂ ਜਿਹਨਾਂ ਦਾ ਉਮਰ ਭਰ ਦੀਆਂ ਨਜ਼ਦੀਕੀਆਂ ਨਾਲ ਵੀ ਪਤਾ ਨਹੀਂ ਲੱਗਦਾ। ਦੁਨੀਆ ਤਾਂ ਤਾਸ਼ ਵਾਂਗ ਖੇਡਦੀ ਰਹੀ ਸਾਡੀਆਂ ਹੀ ਭਾਵਨਾਵਾਂ ਨਾਲ ਪਰ ਕਮਾਲ ਦੀ ਗੱਲ ਕਿ ਪੱਤੇ ਦੋਹਾਂ ਨੇ ਸੁੱਟੇ। ਜਿਹੜਾ ਜਿੱਤਿਆ ਉਸ ਨੇ ਵੀ ਤੇ ਜਿਹੜਾ ਹਾਰਿਆ ਉਸ ਨੇ ਵੀ। ਕੌਣ ਜਿੱਤਦਾ, ਕੌਣ ਹਾਰਦਾ, ਇਹ ਮਾਇਨੇ ਨਹੀਂ ਰੱਖਦਾ ਸਗੋਂ ਇਹ ਅਹਿਮ ਹੁੰਦਾ ਕਿ ਕੌਣ, ਕਿਸ ਤਰ੍ਹਾਂ ਅਤੇ ਕਿਸ ਸ਼ਾਨ ਨਾਲ ਖੇਡਿਆ?
ਖੇਡਣ ਨਾਲ ਪੈਦਾ ਹੁੰਦਾ ਖੇਡ-ਸੰਸਾਰ, ਖੇਡ-ਸਭਿਆਚਾਰ, ਖੇਡ-ਸਾਹਿਤ ਅਤੇ ਖੇਡ-ਵਿਰਸਾ। ਇਸ ਵਿਰਾਸਤ ਨੂੰ ਅੱਗੇ ਤੋਰਦੇ ਨੇ ਖਿਡਾਰੀਆਂ ਦੇ ਵਾਰਸ। ਖੇਡ-ਵਿਰਸੇ ਤੋਂ ਮੁਨਕਰੀ ਹੀ ਨੌਜਵਾਨਾਂ ਨੂੰ ਨਸ਼ਿਆਂ ਜਾਂ ਹੋਰ ਅਲਾਮਤਾਂ ਵੰਨੀਂ ਧਕੇਲਣ ਲਈ ਜ਼ਿੰਮੇਵਾਰ। ਖੇਡਾਂ ਖਿਡਾਰੀਆਂ ਨਾਲ ਜੁੜੀਆਂ ਪ੍ਰੇਰਨਦਾਇਕ, ਪ੍ਰਸੰਗਕ ਤੇ ਹੁਸੀਨ ਘਟਨਾਵਾਂ ਤੇ ਯਾਦਾਂ ਨੂੰ ਸੰਭਾਲਣ ਦਾ ਸਲਾਹੁਣਯੋਗ ਉਦਮ ਹੈ ਖੇਡ-ਸਾਹਿਤ। ਅਜੋਕੇ ਸਮੇਂ ਵਿਚ ਇਸ ਦੀ ਅਤਿਅੰਤ ਲੋੜ ਤਾਂ ਕਿ ਮੌਜੂਦਾ ਖਿਡਾਰੀ ਭਵਿੱਖੀ ਖਿਡਾਰੀਆਂ ਦੇ ਰੋਲ ਮਾਡਲ ਬਣਨ।
ਕਿਸੇ ਪਾਖੰਡੀ ਦੇ ਦੁਆਰੇ ਖੇਡਣਾ, ਜਦ ਮਾਨਸਿਕ ਬਿਮਾਰੀਆਂ ਦਾ ਰੂਪ ਵਟਾਵੇ ਤਾਂ ਮਾਨਸਿਕ ਗੁੰਝਲਾਂ ਨੂੰ ਜੱਗ ਜ਼ਾਹਰ ਕਰ ਜਾਵੇ। ਸੂਖ਼ਮ ਮਨ ਦੀਆਂ ਅਜਿਹੀਆਂ ਪਰਤਾਂ ਨੂੰ ਸਾਹਮਣੇ ਲਿਆਵੇ ਜਿਹਨਾਂ ਤੇ ਇਹ ਜੱਗ ਚੰਦਰਾ ਪਰਦਾ ਪਾਵੇ। ਧੀਆਂ-ਧਿਆਣੀਆਂ ਜਾਂ ਨਵ-ਵਿਆਹੀਆਂ ਨੂੰ ਪਾਖੰਡੀਆਂ ਸਾਹਮਣੇ ਖੇਡਣ ਦੀ ਨੌਬਤ ਹੀ ਨਾ ਆਵੇ, ਜੇ ਸਮਾਜ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਪਾਉਣੀ ਸਿੱਖ ਜਾਵੇ।
ਖੇਡਣਾ, ਖੁਸ਼ ਰਹਿਣ, ਖ਼ਰਮਸਤੀਆਂ ਕਰਨ ਅਤੇ ਕਿਰਿਆਸ਼ੀਲਤਾ ਨੂੰ ਕਰਮਯੋਗਤਾ ਬਣਾਉਣ ਲਈ ਸਭ ਤੋਂ ਉਤਮ ਆਹਰ। ਜਦ ਇਹ ਬਣਦਾ ਜੀਵਨ ਵਿਹਾਰ ਤਾਂ ਮਨੁੱਖ ਵਿਚ ਉਪਜਦਾ ਚੱਜ-ਅਚਾਰ ਜੋ ਬਣ ਕੇ ਸੁੰਦਰ ਕਿਰਦਾਰ, ਸਮਾਜ ਦਾ ਮੁਹਾਂਦਰਾ ਦੇਂਦਾ ਏ ਨਿਖ਼ਾਰ। ਅਜਿਹਾ ਖੇਡਣ ਲਈ ਖੇਡ ਨੂੰ ਆਪਣੀ ਖ਼ਾਬ-ਖਿਆਲੀ ਬਣਾਉਣਾ, ਮਨੁੱਖ ਦਾ ਸਭ ਤੋਂ ਪ੍ਰਮੁੱਖ ਕਾਰਜ।
ਜ਼ਿੰਦਗੀ ਇਕ ਖੇਡ-ਤਮਾਸ਼ਾ। ਜ਼ਿੰਦਗੀ ਦੀ ਆਖ਼ਰੀ ਮੰਜ਼ਲ਼ ਪਤਾ ਹੁੰਦਿਆਂ ਵੀ ਅਸੀਂ ਖੇਡਣ ਵਿਚ ਸਦਾ ਮਸਰੂਫ਼। ਜ਼ਿੰਦਗੀ ਇਕ ਖੇਡ ਹੀ ਤਾਂ ਹੈ। ਇਹ ਮਨੁੱਖ ਨੇ ਖੁਦ ਨਿਸ਼ਚਿਤ ਕਰਨਾ ਹੈ ਕਿ ਉਸ ਨੇ ਖੇਡਣਾ ਹੈ ਜਾਂ ਖੇਡ ਬਣਨਾ ਹੈ?
ਸੰਪਰਕ: +1-905-799-1661