ਇਕਬਾਲ ਸਿੰਘ ਸ਼ਾਂਤ
ਟੋਕੀਓ ਓਲੰਪਿਕ ਵਿੱਚ ਭਾਰਤ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਲੰਮੇ ਵਫ਼ਕੇ ਮਗਰੋਂ ਦੇਸ਼ ਦੇ ਓਲੰਪਿਕ ਇਤਿਹਾਸ ਵਿੱਚ ਆਪਣੇ ਨਿਸ਼ਾਨ ਛੱਡ ਗਿਆ। ਇਨ੍ਹਾਂ ਵਿੱਚੋਂ ਇਸੇ ਮੁਲਕ ਦੇ ਆਮ ਹਾਲਾਤਾਂ ਵਿੱਚੋਂ ਉੱਭਰੀ ਠੇਠ ਪੇਂਡੂ ਖਿੱਤੇ ਕਬਰਵਾਲਾ ਵਿਖੇ ਬਤਾਲਿਆਂ ਵਾਲੀ ਢਾਣੀ ਦੀ ਜੰਮਪਲ ਅਥਲੀਟ ਕਮਲਪ੍ਰੀਤ ਕੌਰ ਬੱਲ ਨੇ ਕਮਾਲ ਕਰ ਦਿਖਾਇਆ।
ਕਮਲਪ੍ਰੀਤ ਕੌਰ ਦਾ ਛੋਟੀ ਉਮਰ ’ਚ ਪਹਿਲੇ ਓਲੰਪਿਕ ਵਿੱਚੋਂ ਤਗ਼ਮਾ ਨਾ ਜਿੱਤ ਸਕਣ ਦੇ ਬਾਵਜੂਦ ਖ਼ੁਦ ਨੂੰ ਸਾਬਿਤ ਕਰਨਾ ਉਸ ਦੀ ਵਿਲੱਖਣਤਾ ਨੂੰ ਦਰਸਾਉਂਦਾ ਹੈ। ਕਿਸਾਨ ਗੁਰਬਖਸ਼ ਸਿੰਘ ਬੱਲ ਦੀ ਪੋਤਰੀ ਤਕਰੀਬਨ 11 ਸਾਲ ਪਹਿਲਾਂ ਤੱਕ ਡਿਸਕਸ ਥਰੋਅ ਦੇ ‘ਊੜੇ ਐੜੇ’ ਤੋਂ ਬਿਲਕੁਲ ਕੋਰੀ ਸੀ। ਨਾ ਤਾਂ ਉਸ ਨੂੰ ਖੇਡਾਂ ਵਿੱਚ ਕੋਈ ਦਿਲਚਸਪੀ ਸੀ ਅਤੇ ਨਾ ਹੀ ਪਰਿਵਾਰਕ ਪਿਛੋਕੜ ਖੇਡਾਂ ਵਾਲਾ ਸੀ। ਦਰਅਸਲ, 25 ਸਾਲ ਦੀ ਉਮਰ ’ਚ ਵੱਡਾ ਮੁਕਾਮ ਹਾਸਲ ਕਰਨ ਵਿਚ ਉਸ ਦੇ 6.1 ਫੁੱਟ ਲੰਮੇ ਕੱਦ ਅਤੇ ਮਜ਼ਬੂਤ ਡੀਲ-ਡੌਲ ਦਾ ਅਹਿਮ ਰੋਲ ਰਿਹਾ। ਉਸ ਦੇ ਖੇਡ ਸਫ਼ਰ ਦਾ ਆਗਾਜ਼ 2011 ਵਿੱਚ ਬਾਬਾ ਈਸ਼ਰ ਸਿੰਘ ਨਾਨਕਸਰ ਪਬਲਿਕ ਸਕੂਲ ਕਬਰਵਾਲਾ ਵਿਖੇ ਮੈਟ੍ਰਿਕ ਦੀ ਪੜ੍ਹਾਈ ਦੌਰਾਨ ਹੋਇਆ ਜਿੱਥੋਂ ਦੇ ਡੀ.ਪੀ. ਅਧਿਆਪਕ ਨੇ ਕਮਲਪ੍ਰੀਤ ਕੌਰ ਦੇ ਲੰਮੇ ਕੱਦ ਨੂੰ ਵੇਖ ਕੇ ਉਸ ਨੂੰ ਡਿਸਕਸ ਥਰੋਅ ਖੇਡ ਨਾਲ ਜੋੜਨ ਦੀ ਸੋਚੀ। ਕਮਲਪ੍ਰੀਤ ਕੌਰ ਖੇਡਾਂ ਨਾਲ ਪੜ੍ਹਾਈ ’ਚ ਤਰੱਕੀ ਲਈ ਚਾਈਂ-ਚਾਈਂ ਤਿਆਰ ਹੋ ਗਈ। ਉਸ ਤੋਂ ਦੋ-ਤਿੰਨ ਦਿਨ ਬਾਅਦ ਹੀ ਉਸ ਨੂੰ ਬਗੈਰ ਕਿਸੇ ਵੱਡੀ ਤਿਆਰੀ ਜ਼ਿਲ੍ਹਾ ਪੱਧਰੀ ਖੇਡਾਂ ’ਚ ਲਿਜਾਇਆ ਗਿਆ। ਚੰਗੇ ਭਾਗੀਂ ਕਮਲਪ੍ਰੀਤ ਕੌਰ ਨੂੰ ਡਿਸਕਸ ਥਰੋਅ ਵਿੱਚ ਪਹਿਲਾ ਸਥਾਨ ਅਤੇ ਸੂਬਾਈ ਪੱਧਰ ’ਤੇ ਚੌਥਾ ਸਥਾਨ ਹਾਸਲ ਹੋਇਆ।
ਚੰਗੇ ਪ੍ਰਦਰਸ਼ਨ ਮਗਰੋਂ ਉਸ ਦੇ ਪਿਤਾ ਕੁਲਦੀਪ ਸਿੰਘ ਅਤੇ ਪਰਿਵਾਰ ਨੂੰ ਕੰਧ ’ਤੇ ਲਿਖੇ ‘ਸੱਚ’ ਵਾਂਗ ਕਮਲਪ੍ਰੀਤ ਕੌਰ ਦਾ ਖੇਡਾਂ ਵਿੱਚ ਭਵਿੱਖ ਦਿਸਣ ਲੱਗਿਆ। ਉਸ ਦਾ ਦਾਖ਼ਲਾ ਪਿੰਡ ਬਾਦਲ ਦੇ ਦਸਮੇਸ਼ ਵਿੱਦਿਅਕ ਅਦਾਰੇ ਵਿਖੇ ਕਰਵਾ ਦਿੱਤਾ ਗਿਆ। ਪਹਿਲੇ ਸਾਲ ਸਪੋਰਟਸ ਅਥਾਰਟੀ ਆਫ਼ ਇੰਡੀਆ (ਬਾਦਲ ਕੇਂਦਰ) ’ਚ ਟ੍ਰਾਇਲ ਦਾ ਸਮਾਂ ਲੰਘ ਗਿਆ। ਉਸ ਦੇ ਪਿਤਾ ਨੇ ਪੁੱਤਰੀ ਦੇ ਭਵਿੱਖ ਲਈ ਵਿੱਤ ਤੋਂ ਵਧ ਕੇ ਦਸਮੇਸ਼ ਸਕੂਲ ਦੇ ਮਹਿੰਗੇ ਖਰਚੇ ਵਾਲੇ ਹੋਸਟਲ ’ਚ ਦਾਖਲਾ ਕਰਵਾਇਆ ਜਿੱਥੇ ਸਾਈ ਬਾਦਲ ’ਚ ਅਥਲੈਟਿਕਸ ਕੋਚ ਪ੍ਰਿਤਪਾਲ ਕੌਰ ਮਾਰੂ ਨੇ ਉਸ ਨੂੰ ਸ਼ੁਰੂਆਤੀ ਖੇਡ ਸਿਖਲਾਈ ਦਿੱਤੀ। ਸਕੂਲ ਨੈਸ਼ਨਲ ਗੇਮਜ਼ ਅਤੇ ਜੂਨੀਅਰ ਨੈਸ਼ਨਲ ਗੇਮਜ਼ ’ਚ ਕਮਲ ਨੇ ਚਾਰ ਤਗਮੇ ਜਿੱਤੇ। 2015 ਤੋਂ ਹੁਣ ਤੱਕ ਰਾਖੀ ਤਿਆਗੀ ਉਸ ਦੀ ਖੇਡ ਪ੍ਰਤਿਭਾ ਨੂੰ ਨਿਖਾਰਦੇ ਆ ਰਹੇ ਹਨ।
ਮਾਤਾ ਹਰਜਿੰਦਰ ਕੌਰ ਨੂੰ ਧੀ ਦੇ ਹੋਸਟਲ ਵਿੱਚ ਚੰਗੇ ਖਾਣ-ਪੀਣ ਅਤੇ ਰਹਿਣ-ਸਹਿਣ ਬਾਰੇ ਸ਼ੁਰੂਆਤੀ ਝਿਜਕ ਸੀ, ਪਰ ਮਜ਼ਬੂਤ ਜੁੱਸੇ ਵਾਲੀ ਧੀ ਦੀਆਂ ਜਿੱਤਾਂ ਨੇ ਮਾਂ ਦੇ ਮਨ ਦੇ ਖਦਸ਼ੇ ਮੁਕਾ ਦਿੱਤੇ। ਬਾਰ੍ਹਵੀਂ ਜਮਾਤ ਵਿੱਚ ਨੈਸ਼ਨਲ ਪੱਧਰ ’ਤੇ ਤਗ਼ਮਾ ਆਉਣ ’ਤੇ ਟ੍ਰਾਇਲ ਵਿੱਚ ਕਮਲਪ੍ਰੀਤ ਕੌਰ ਦੀ ਸਾਈ ਵਿੱਚ ਚੋਣ ਹੋ ਗਈ। ਪਿੰਡ ਬਾਦਲ ਦੇ ਦਸਮੇਸ਼ ਵਿੱਦਿਅਕ ਅਦਾਰੇ ਦੀ ਮਿੱਟੀ ਅਤੇ ਕਮਲਪ੍ਰੀਤ ਦੀ ਮਿਹਨਤ ਦਾ ਜਲੌਅ ਹੈ ਕਿ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਹਾਲਾਂਕਿ ਬਾਅਦ ਵਿੱਚ ਸਰਕਾਰੀ ਸਿਖਲਾਈ ਸੈਂਟਰਾਂ ’ਚ ਹੋਰਨਾਂ ਦੇਸ਼ਾਂ ਦੇ ਖਿਡਾਰੀਆਂ ਦੇ ਮੁਕਾਬਲੇ ਬਿਹਤਰ ਸਹੂਲਤਾਂ ਦੀ ਅਣਹੋਂਦ ਅਤੇ ਚੰਗੀ ਤੇ ਖੁਰਾਕ ਨਾ ਮਿਲਣ ਦਾ ਰੰਜ ਉਸ ਨੂੰ ਲਗਾਤਾਰ ਰਿਹਾ ਜਿਸ ਦਾ ਪ੍ਰਭਾਵ ਉਸ ਦੀ ਖੇਡ ’ਤੇ ਵੇਖਣ ਨੂੰ ਮਿਲਿਆ।
ਮਾਪਿਆਂ ਦੇ ਸਹਿਯੋਗ ਸਦਕਾ ਪਿੰਡ ਬਾਦਲ ਦੀ ਸਾਈ ’ਚੋਂ ਉੱਠੀ ਸੇਮ ਮਾਰੇ ਪਿੰਡ ਕਬਰਵਾਲਾ ਦੀ ਧੀ ਨੇ ਪਿੰਡ ਨੂੰ ਵਿਸ਼ਵ ਪੱਧਰ ’ਤੇ ਚਮਕਾ ਦਿੱਤਾ। ਉਨ੍ਹਾਂ ਦੇ ਬਾਬਾ ਬਕਾਲਾ ਨੇੜਲੇ ਪਿੰਡ ਬਤਾਲਾ ਦੇ ਪਿਛੋਕੜ ਵਾਲੇ ਬੱਲ ਖਾਨਦਾਨ ਦਾ ਸਬੰਧ ਫ਼ੌਜ ਨਾਲ ਰਿਹਾ ਹੈ। ਕਮਲਪ੍ਰੀਤ ਕੌਰ ਦਾ ਨੱਕੜਦਾਦਾ ਵਧਾਵਾ ਸਿੰਘ ਬੱਲ ਅੰਗਰੇਜ਼ ਹਕੂਮਤ ਸਮੇਂ ਫ਼ੌਜ ਵਿੱਚ ਨੌਕਰੀ ’ਤੇ ਰਿਹਾ ਸੀ। ਉਦੋਂ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਅੰਗਰੇਜ਼ਾਂ ਨੇ ਇਨਾਮ ਵਜੋਂ 28 ਚੱਕ ਸਰਗੋਧਾ (ਪਾਕਿਸਤਾਨ) ਵਿੱਚ 50 ਏਕੜ ਜ਼ਮੀਨ ਦਿੱਤੀ ਸੀ ਜਿਹੜੀ ਦੇਸ਼ ਵੰਡ ਮਗਰੋਂ ਪਿੰਡ ਕਬਰਵਾਲਾ ’ਚ ਤਬਦੀਲ ਹੋ ਗਈ। ਡਿਸਕਸ ਥਰੋਅ ’ਚ ਕਮਲਪ੍ਰੀਤ ਕੌਰ ਦੇ ਨਾਂ ਤਕਰੀਬਨ 37 ਤਗ਼ਮੇ ਹਨ।
ਉਹ ਨਾਮੀ ਅਥਲੀਟ ਕ੍ਰਿਸ਼ਨਾ ਪੂਨੀਆ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਉਸ ਦੇ ਰਿਕਾਰਡ ਤੋੜਨ ਵਾਲੇ ਸੁਭਾਅ ਨੇ ਰੋਲ ਮਾਡਲ ਕ੍ਰਿਸ਼ਨਾ ਪੂਨੀਆ ਦਾ ਹੀ 64.76 (ਸਾਲ 2012) ਨੈਸ਼ਨਲ ਰਿਕਾਰਡ ਤੋੜ ਕੇ ਸਿੱਧਾ ਓਲੰਪਿਕ ’ਚ ਦਾਖ਼ਲਾ ਪਾਇਆ। ਉਹ ਡਿਸਕਸ ਥਰੋਅ ’ਚ 65 ਮੀਟਰ ਸਕੋਰ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਹੈ। ਟੋਕੀਓ ’ਚ ਫਾਈਨਲ ਲਈ ਕੁਆਲੀਫਾਇੰਗ ਸਮੇਂ ਵੀ ਕਮਲਪ੍ਰੀਤ ਨੇ 64 ਮੀਟਰ ਥਰੋਅ ਰਾਹੀਂ ਭਾਰਤ ਦੀ ਸਭ ਤੋਂ ਵੱਧ ਸਕੋਰ ਕਰਨ ਵਾਲੀ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ। ਉਸ ਨੇ ਹੁਣ ਤੱਕ ਤਿੰਨ ਮੀਟ ਅਤੇ ਇੱਕ ਨੈਸ਼ਨਲ ਰਿਕਾਰਡ ਤੋੜਿਆ ਹੈ। ਤਕਰੀਬਨ ਨੌਂ ਸਾਲਾਂ ’ਚ ਡਿਸਕਸ ਥਰੋਅ ’ਚ ਸਿਖ਼ਰਲੇ ਪੜਾਅ ’ਤੇ ਪੁੱਜਣ ਵਾਲੀ ਕਮਲਪ੍ਰੀਤ ਦਾ ਖੇਡ ਸਫ਼ਰ ਸੌਖਾ ਨਹੀਂ ਰਿਹਾ। 2017 ਵਿੱਚ ਖੇਡ ਦੌਰਾਨ ਲੱਗੀ ਸੱਟ ਦੇ ਲਗਾਤਾਰ ਦਰਦ ਨੇ ਉਸ ਨੂੰ ਲਗਪਗ ਹਰਾ ਦਿੱਤਾ ਸੀ। ਤਿੱਖੇ ਦਰਦ ਨੇ ਖੇਡ ਛੱਡਣ ਤੱਕ ਦੇ ਆਸਾਰ ਬਣਾ ਦਿੱਤੇ ਸਨ। ਫਿਰ ਉਸ ਨੂੰ ਪਿਓ-ਦਾਦੇ ਦਾ ਲੋਕਾਂ ਦੀਆਂ ਜ਼ਮੀਨਾਂ ਠੇਕੇ ’ਤੇ ਵਾਹ ਕੇ ਜੱਦੀ ਸੱਤ ਏਕੜ ਜ਼ਮੀਨ ਨੂੰ 28 ਏਕੜ ਬਣਾਉਣ ਸਫ਼ਰ ਯਾਦ ਆਇਆ। ਉਸ ਨੇ ਪਿੱਠ ਦਰਦ ਨੂੰ ਤਾਕਤ ਬਣਾ ਲਿਆ। ਕਮਲਪ੍ਰੀਤ ਬੱਲ ਨੇ ਜਿੱਤਾਂ ਦੀ ਲੜੀ 2014 ’ਚ ਜੂਨੀਅਰ ਨੈਸ਼ਨਲ ਡਿਸਕਸ ਥਰੋਅ ਵਿੱਚ 39 ਮੀਟਰ ਸਕੋਰ ਨਾਲ ਸੋਨ ਤਗ਼ਮੇ ਤੋਂ ਵਿੱਢੀ। ਉਸੇ ਸਾਲ ਸਕੂਲ ਗੇਮਜ਼ ’ਚ 42 ਮੀਟਰ ਸਕੋਰ ਨਾਲ ਸੋਨ ਤਗ਼ਮਾ ਅਤੇ 2016 ’ਚ ਓਪਨ ਨੈਸ਼ਨਲ ’ਚ ਸੋਨ ਤਗ਼ਮਾ ਜਿੱਤਿਆ। ਸੀਨੀਅਰ ਨੈਸ਼ਨਲ ਫੈਡਰੇਸ਼ਨ ਮੁਕਾਬਲਿਆਂ ’ਚ ਸਾਲ 2018, 2019 ਤੇ 2021 ਵਿੱਚ ਲਗਾਤਾਰ ਸੋਨ ਤਗ਼ਮੇ ਜਿੱਤ ਕੇ ਖ਼ੁਦ ਨੂੰ ਸਾਬਿਤ ਕੀਤਾ। ਲਗਾਤਾਰ ਜਿੱਤਾਂ ਨੂੰ ਹੱਥਾਂ ਦੀ ਕਰਾਮਾਤ ਬਣਾਉਣ ਵਾਲੀ ਕਮਲਪ੍ਰੀਤ ਬੱਲ ਨੂੰ ਰਿਕਾਰਡ ਤੋੜਨ ਦਾ ਜਿਵੇਂ ਸੁਭਾਅ ਹੀ ਪੈ ਗਿਆ। ਉਸ ਨੇ 2016 ’ਚ ਰਾਜਸਥਾਨ ਦੀ ਪਰਮਿਲਾ ਦਾ ਜੂਨੀਅਰ ਖੇਡਾਂ ’ਚ ਰਿਕਾਰਡ ਤੋੜਿਆ। 2107 ’ਚ ਉਸ ਨੇ ਹਰਵੰਤ ਕੌਰ ਵੱਲੋਂ ਸਾਲ 2001 ਵਿੱਚ ਕਾਇਮ ਕੀਤਾ ਕਰੀਬ 53 ਮੀਟਰ ਦਾ ਰਿਕਾਰਡ 55.11 ਮੀਟਰ ਸਕੋਰ ਨਾਲ ਤੋੜਿਆ।
ਉਸ ਨੇ ਆਲ ਇੰਡੀਆ ਇੰਟਰ ਰੇਲਵੇ ਖੇਡਾਂ ’ਚ ਲਖਨਊ ਵਿਖੇ ਕ੍ਰਿਸ਼ਨਾ ਪੂਨੀਆ ਦਾ ਮੀਟ ਰਿਕਾਰਡ ਤੋੜਿਆ। ਓਲੰਪਿਕ ’ਚ ਪੁੱਜਣ ਲਈ 24ਵੇਂ ਨੈਸ਼ਨਲ ਫੈਡਰੇਸ਼ਨ ਕੱਪ ’ਚ ਕ੍ਰਿਸ਼ਨਾ ਪੂਨੀਆ ਦਾ ਪੁਰਾਣਾ ਰਿਕਾਰਡ ਹੀ ਉਸ ਲਈ ਗੇਟਵੇਅ ਬਣਿਆ। ਉਹ ਰੋਜ਼ਾਨਾ ਅੱਠ ਘੰਟੇ ਪ੍ਰੈਕਟਿਸ ਕਰਦੀ ਰਹੀ ਹੈ। ਖੇਡਾਂ ’ਚ ਮੱਲਾਂ ਮਾਰਨ ਦੇ ਨਾਲ-ਨਾਲ ਉਸ ਨੇ ਗ੍ਰੈਜੂਏਸ਼ਨ ਪਾਸ ਕੀਤੀ। ਓਲੰਪਿਕ ਲਈ ਸਿਖਲਾਈ ਖ਼ਾਤਰ ਪੰਜਾਬ ਸਰਕਾਰ ਨੇ ਦਸ ਲੱਖ ਰੁਪਏ, ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜ ਲੱਖ ਰੁਪਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋ ਲੱਖ ਰੁਪਏ ਦੀ ਮਾਲੀ ਮੱਦਦ ਦਿੱਤੀ ਸੀ। ਇਸ ਦੇ ਬਾਵਜੂਦ ਦੇਸ਼ ਵਿੱਚ ਖੇਡਾਂ ਅਤੇ ਖਿਡਾਰੀਆਂ ਪ੍ਰਤੀ ਸਰਕਾਰੀ ਅਤੇ ਸਿਆਸੀ ਸਿਤਮਜਰੀਫ਼ੀ ਹੈ ਕਿ ਇੰਨੀ ਪ੍ਰਤਿਭਾਸ਼ਾਲੀ ਅਥਲੀਟ ਨੂੰ ਰੇਲਵੇ ਵਿੱਚ ਮਹਿਜ਼ ਤੀਜੇ ਦਰਜੇ ’ਤੇ ਸੀਨੀਅਰ ਕਲਰਕ ਦੀ ਨੌਕਰੀ ਦਿੱਤੀ ਗਈ। ਜੇਕਰ ਕਮਲਪ੍ਰੀਤ ਦੀ ਪ੍ਰਤਿਭਾ ਮੁਤਾਬਿਕ ਸੂਬਾ ਸਰਕਾਰ ਸਮੇਂ ਸਿਰ ਬਿਹਤਰੀਨ ਸਹੂਲਤਾਂ ਤੇ ਗਜ਼ਟਿਡ ਨੌਕਰੀ ਜ਼ਰੀਏ ਉਸ ਦਾ ਹੌਸਲਾ ਵਧਾਉਂਦੀ ਤਾਂ ਅੱਜ ਪੰਜਾਬ ਦੀ ਇਸ ਧੀ ਦਾ ਪ੍ਰਦਰਸ਼ਨ ਹੋਰ ਵੀ ਬਿਹਤਰ ਹੋਣਾ ਸੀ। ਮੌਜੂਦਾ ਸਮੇਂ ’ਚ ਉਹ ਪਟਿਆਲਾ ਵਿਖੇ ਸਾਈ ਸੈਂਟਰ ’ਚ ਕੋਚ ਰਾਖੀ ਤਿਆਗੀ ਦੀ ਦੇਖ-ਰੇਖ ਹੇਠ ਓਲੰਪਿਕ ਲਈ ਪ੍ਰਵਾਨ ਚੜ੍ਹੀ। ਓਲੰਪਿਕ ਪ੍ਰਦਰਸ਼ਨ ਮੌਕੇ ਸਮੁੱਚੇ ਪੰਜਾਬ ਅਤੇ ਸਮੁੱਚੇ ਦੇਸ਼ ਦੀਆਂ ਨਿਗਾਹਾਂ ਉਸ ’ਤੇ ਲੱਗੀਆਂ ਰਹੀਆਂ। ਖ਼ਰਾਬ ਮੌਸਮ ਕਾਰਨ ਫਾਈਨਲ ’ਚ ਉੁਸ ਦੇ ਖੇਡ ਪ੍ਰਦਰਸ਼ਨ ’ਤੇ ਫ਼ਰਕ ਪਿਆ। ਉਸ ਨੇ ਪਹਿਲੇ ਅੱਧ ਵਿੱਚ ਮੋਹਰੀ ਅੱਠ ਅਥਲੀਟਾਂ ਵਿੱਚ ਰਹਿ ਭਾਰਤ ਨੂੰ ਜਿੱਤ ਲਈ ਤਿੰਨ ਹੋਰ ਮੌਕੇ ਦਿਵਾਏ ਅਤੇ ਤਗ਼ਮੇ ਦੀ ਉਮੀਦ ਨੂੰ ਆਖ਼ਰ ਤੱਕ ਬਣਾਈ ਰੱਖਿਆ। ਆਖ਼ਰ 63.70 ਸਕੋਰ ਨਾਲ ਛੇਵੇਂ ਸਥਾਨ ’ਤੇ ਰਹੀ।
ਪਿਤਾ ਕੁਲਦੀਪ ਸਿੰਘ ਨੇ ਹੋਣਹਾਰ ਧੀ ਦੀ ਪ੍ਰਾਪਤੀ ਨੂੰ ਬੇਮਿਸਾਲ ਦੱਸਦਿਆਂ ਕਿਹਾ ਕਿ ਓਲੰਪਿਕ ਤੱਕ ਪੁੱਜਣਾ ਹੀ ਬਹੁਤ ਵੱਡੀ ਗੱਲ ਹੈ। ਧੀ ਲਈ ਅਰਦਾਸਾਂ ਕਰਨ ਵਾਲੀ ਮਾਂ ਹਰਜਿੰਦਰ ਕੌਰ ਅਤੇ ਛੋਟਾ ਭਰਾ ਸਤਿੰਦਰ ਸਿੰਘ ਮਾਯੂਸ ਤਾਂ ਹੋਏ, ਪਰ ਫਿਰ ਵੀ ਉਸ ਦੇ ਓਲੰਪਿਕ ਤੱਕ ਪੁੱਜਣ ਕਾਰਨ ਖ਼ੁਸ਼ ਸਨ। ਕੋਚ ਰਾਖੀ ਤਿਆਗੀ ਮੁਤਾਬਿਕ ਕਮਲਪ੍ਰੀਤ ਨੇ ਛੋਟੀ ਉਮਰੇ ਵੱਡਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮਲਪ੍ਰੀਤ ਦਾ ਜਿੱਤ ਦਾ ਜਜ਼ਬਾ ਅਤੇ ਡਟਵੀਂ ਲਗਨ ਹੀ ਉਸ ਨੂੰ ਸਭ ਤੋਂ ਵੱਖਰਾ ਬਣਾਉਂਦੀ ਹੈ।
ਟੋਕੀਓ ਓਲੰਪਿਕ ਵਿੱਚ ਤਗ਼ਮਾ ਜਿੱਤਣ ਤੋਂ ਵਾਂਝੀ ਰਹਿ ਜਾਣ ਦੇ ਬਾਵਜੂਦ ਕਮਲਪ੍ਰੀਤ ਕੌਰ ਪੰਜਾਬੀਆਂ ਲਈ ਰੋਲ ਮਾਡਲ ਬਣ ਕੇ ਉੱਭਰੀ ਹੈ। ਪੰਜਾਬ ਅਤੇ ਦੇਸ਼ ਨੂੰ ਉਸ ਤੋਂ ਬਹੁਤ ਉਮੀਦਾਂ ਹਨ। ਸ਼ਾਲਾ! ਓਲੰਪਿਕ ਵਿਚ ਤਗ਼ਮਾ ਜਿੱਤਣ ਦਾ ਉਸ ਦਾ ਸੁਫ਼ਨਾ ਪੂਰਾ ਹੋ ਜਾਵੇ।
ਸੰਪਰਕ: 93178-26100