ਪ੍ਰੇਮ ਸਿੰਘ
ਸ਼ਖ਼ਸੀਅਤ
ਮੈਂ ਉਦੋਂ ਚੰਡੀਗੜ੍ਹ ਦੇ ਗੌਰਮਿੰਟ ਆਰਟ ਸਕੂਲ ਦਾ ਵਿਦਿਆਰਥੀ ਸਾਂ। ਇਹ ਗੱਲ ਸੱਠਵਿਆਂ ਦੇ ਸ਼ੁਰੂ ਦੀ ਹੈ। ਸੁਣਦੇ ਸੀ ਕਿ ਡਾ. ਮਹਿੰਦਰ ਸਿੰਘ ਰੰਧਾਵਾ ਕਲਾ ਦੇ ਪ੍ਰੇਮੀ ਅਤੇ ਸਰਪ੍ਰਸਤ ਹਨ। ਦਿੱਲੀ ਵਿਚ ਉਨ੍ਹਾਂ ਦੇ ਇਸ ਪ੍ਰੇਮ ਦੀ ਚੰਗੀ ਚਰਚਾ ਸੀ। ਸਾਡੇ ਪ੍ਰਿੰਸੀਪਲ ਸੁਸ਼ੀਲ ਸਰਕਾਰ ਵੀ ਉਨ੍ਹਾਂ ਦੀ ਬੜੀ ਉਸਤਤ ਕਰਦੇ ਸਨ। ਉਨ੍ਹਾਂ ਨੂੰ ਹੱਸਦੇ-ਵੱਸਦੇ ਲੋਕ ਚੰਗੇ ਲੱਗਦੇ ਸਨ।
1947 ਵਿਚ ਡਾ. ਰੰਧਾਵਾ ਦੇਸ਼ ਦੀ ਪ੍ਰਮੁੱਖ ਸੰਸਥਾ ਆਲ ਇੰਡੀਆ ਫਾਈਨ ਆਰਟਸ ਅਤੇ ਕਰਾਫਟਸ ਦੇ ਚੇਅਰਮੈਨ ਚੁਣੇ ਗਏ ਤੇ ਸ੍ਰੀ ਊਸ਼ਾ ਨਾਥ ਸੇਨ ਦੇ ਦੇਹਾਂਤ ਮਗਰੋਂ 1959 ਵਿਚ ਉਹ ਇਸੇ ਸੰਸਥਾ ਦੇ ਪ੍ਰਧਾਨ ਬਣੇ। ਦਿੱਲੀ ਵਿਚ ਕਲਾ ਦੇ ਵਿਕਾਸ ਲਈ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ। ਜਨਤਕ ਤੇ ਨਿੱਜੀ ਖੇਤਰ ਨੂੰ ਉਨ੍ਹਾਂ ਨੇ ਕਲਾ ਨਾਲ ਜੋੜਿਆ ਤੇ ਕਲਾਕ੍ਰਿਤਾਂ ਨੂੰ ਖ਼ਰੀਦਣ ਲਈ ਪ੍ਰੇਰਿਤ ਕੀਤਾ।
ਦੇਸ਼ ਦੀ ਵੰਡ ਮਗਰੋਂ ਸ਼ਹਿਰ ਚੰਡੀਗੜ੍ਹ, ਪੰਜਾਬ ਦੀ ਰਾਜਧਾਨੀ ਵਜੋਂ ਉਸਰ ਰਿਹਾ ਸੀ। ਇਸ ਦੀ ਰੂਪ-ਰੇਖਾ ਤੇ ਨਿਰਮਾਣ ਕਲਾ ਦਾ ਸਿਰਜਣਹਾਰ ਫਰਾਂਸ ਦਾ ਜਗਤ ਪ੍ਰਸਿੱਧ ਭਵਨ ਨਿਰਮਾਤਾ ਮੋਨਸਜ਼ ਲੀ ਕਾਰਬੂਜ਼ੀਏ ਸਨ। ਅਜੇ ਇਹ ਸ਼ਹਿਰ ਨਿਖਰ ਕੇ ਸਾਡੇ ਸਾਹਮਣੇ ਆ ਰਿਹਾ ਸੀ ਕਿ ਅਚਾਨਕ 1 ਨਵੰਬਰ 1966 ਨੂੰ ਕੇਂਦਰ ਸਰਕਾਰ ਨੇ ਪੰਜਾਬ ਦੀ ਰਿਆਸਤ ਨੂੰ ਬੋਲੀ ਦੇ ਆਧਾਰ ’ਤੇ ਹਿੱਸਿਆਂ ਵਿਚ ਵੰਡ ਦਿੱਤਾ ਤੇ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨ ਦਿੱਤਾ ਗਿਆ।
ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਚੰਡੀਗੜ੍ਹ ਸ਼ਹਿਰ ਦਾ ਪਹਿਲਾ ਚੀਫ਼ ਕਮਿਸ਼ਨਰ ਨਿਯੁਕਤ ਕੀਤਾ ਗਿਆ। ਚਿੱਤਰਕਾਰ, ਸੰਗੀਤਕਾਰ, ਨ੍ਰਿਤਕਾਰ, ਨਾਟਕਕਾਰ, ਸਾਹਿਤਕਾਰ ਵਰਗ ਨੇ ਉਨ੍ਹਾਂ ਦੀ ਪੰਜਾਬ ’ਚ ਆਮਦ ਦਾ ਸਵਾਗਤ ਕੀਤਾ। ਇਸ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਐਮ.ਐਲ.ਏ. ਹੋਸਟਲ ਵਿਖੇ ਇਕ ਛੋਟੀ ਜਿਹੀ ਇਕੱਤਰਤਾ ਕੀਤੀ ਗਈ। ਇਸ ਬੈਠਕ ਵਿਚ ਮੈਂ ਵੀ ਸ਼ਾਮਲ ਸਾਂ। ਉਨ੍ਹਾਂ ਦਾ ਕਲਾ ਪ੍ਰਤੀ ਸਨੇਹ ਵੇਖ ਕੇ ਮੇਰੇ ਵਰਗੇ ਇਕ ਅਣਪਛਾਤੇ ਨੌਜਵਾਨ ਚਿੱਤਰਕਾਰ ਨੂੰ ਬੜਾ ਉਤਸ਼ਾਹ ਮਿਲਿਆ। ਕਲਾ ਵਜੋਂ ਸੁੱਤਾ ਸ਼ਹਿਰ ਜਾਗ ਪਿਆ। ਕਲਾ ਦੇ ਖੇਤਰ ਵਿਚ ਸਰਗਰਮੀ ਆਈ। ਸ਼ਾਇਦ ਕੋਈ ਹੀ ਐਸੀ ਨੁਮਾਇਸ਼ ਹੋਵੇਗੀ ਜਿਸ ਵਿਚ ਡਾ. ਰੰਧਾਵਾ ਨਾ ਹੋਣ। ਇਸ ਦੇ ਨਾਲ ਨਾਲ ਉਨ੍ਹਾਂ ਨੇ ਚੰਡੀਗੜ੍ਹ ਨੂੰ ਵੀ ਦਿੱਲੀ ਦੇ ਕਲਾ ਜਗਤ ਨਾਲ ਜੋੜਿਆ।
ਡਾ. ਰੰਧਾਵਾ ਇਸ ਅਹੁਦੇ ਉਤੇ ਖ਼ੁਸ਼ ਸਨ ਕਿਉਂਕਿ ਨਵੇਂ ਵਸਦੇ ਸ਼ਹਿਰ ਵਿਚ ਕੰਮ ਕਰਨ ਦਾ ਬੜਾ ਸਕੋਪ ਸੀ। ਪ੍ਰਸ਼ਾਸਨ ਵਿਚ ਸਿਆਸੀ ਦਖ਼ਲ ਨਹੀਂ ਸੀ। ਉਨ੍ਹਾਂ ਨੇ ਆਪਣਾ ਲੰਮਾ ਅਨੁਭਵ ਅਤੇ ਰਚਨਾਤਮਕ ਕਲਪਨਾ ਨੂੰ ਅਮਲ ਵਿਚ ਲਿਆ ਕੇ ਸਿਰਫ਼ 16 ਮਹੀਨਿਆਂ ਵਿਚ ਹੀ ਸ਼ਹਿਰ ਇੰਨਾ ਸੰਵਾਰਿਆ ਤੇ ਸਜਾਇਆ ਕਿ ਇਹ ਦੁਨੀਆਂ ਭਰ ਦੇ ਸੈਲਾਨੀਆਂ ਦਾ ‘ਮੱਕਾ’ ਬਣ ਗਿਆ। ਜੀਵਨ ਜਿਉਣ ਦੀ ਰੀਝ ਅਤੇ ਇਸ ਨੂੰ ਸੋਹਣਾ ਬਣਾਉਣ ਵਾਲੇ ਸ਼ਹਿਰੀਆਂ ਨੇ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ।
ਭਰਪੂਰ ਹਰਿਆਲੀ ’ਚ ਨਵੇਂ ਬਣੇ ਘਰਾਂ ਦੀ ਖ਼ੁਸ਼ੀ ਵਿਚ ਲੋਕ ਬਾਹਰ ਹੀ ਨਹੀਂ ਸਨ ਨਿਕਲਦੇ। ਇਹ ਆਦਤ ਅਜੇ ਵੀ ਨਹੀਂ ਗਈ, ਭਾਵੇਂ ਘਰ ਹੁਣ ਪੁਰਾਣੇ ਹੋ ਚੁੱਕੇ ਹਨ। ਇਨ੍ਹਾਂ ਨੂੰ ਘਰੋਂ ਬਾਹਰ ਲਿਆਉਣ ਲਈ ਜ਼ਰੂਰੀ ਸੀ ਕਿ ਕਲਾ, ਸੰਸਕ੍ਰਿਤਕ ਤੇ ਸਾਹਿਤਕ ਸਰਗਰਮੀਆਂ ਦਾ ਪਸਾਰ ਕੀਤਾ ਜਾਂਦਾ। ਥੋੜ੍ਹੇ ਹੀ ਸਮੇਂ ਵਿਚ ਸ਼ਹਿਰ ਇੰਨਾ ਸਜੀਵ ਹੋ ਗਿਆ ਕਿ ਇਹ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀ ਸੰਸਕ੍ਰਿਤਕ ਧੜਕਣ ਬਣ ਗਿਆ। ਮੈਂ ਵੀ ਇਸ ਵਕਤ ਤਕ ਕਲਾ ਦੇ ਖੇਤਰ ਵਿਚ ਬਤੌਰ ਕਲਾਕਾਰ ਆਪਣੀ ਥੋੜ੍ਹੀ-ਬਹੁਤੀ ਪਛਾਣ ਬਣਾ ਚੁੱਕਾ ਸੀ। ਇਸ ਪਛਾਣ ਨੂੰ ਮਾਨਤਾ ਦੇਣ ਵਾਲਿਆਂ ਵਿਚ ਡਾ. ਮਹਿੰਦਰ ਸਿੰਘ ਰੰਧਾਵਾ ਵੀ ਸਨ।
ਮੈਂ ਅਜੇ ਪੜ੍ਹਦਾ ਹੀ ਸੀ। ਮਨ ਵਿਚ ਆਇਆ ਕਿ ਕਿਉਂ ਨਾ ਆਪਣੇ ਚਿੱਤਰਾਂ ਦੀ ਨੁਮਾਇਸ਼ ਕੀਤੀ ਜਾਵੇ। ਕੁਝ ਮਾਹੌਲ ਵੀ ਚੰਡੀਗੜ੍ਹ ’ਚ ਐਸਾ ਹੀ ਬਣ ਗਿਆ ਸੀ। ਨਾਲ ਇਕ ਹੋਰ ਵਿਦਿਆਰਥੀ ਬਲਵਿੰਦਰ ਸਿੰਘ ਨੂੰ ਮਿਲਾ ਲਿਆ। 1967 ਵਿਚ ਟੈਗੋਰ ਥੀਏਟਰ ਦੀ ਲੌਬੀ ਵਿਚ ਨੁਮਾਇਸ਼ ਆਯੋਜਿਤ ਕੀਤੀ ਗਈ। ਡਾ. ਰੰਧਾਵਾ ਨੁਮਾਇਸ਼ ਵੇਖ ਕੇ ਬਹੁਤ ਪ੍ਰਸੰਨ ਹੋਏ। ਉਨ੍ਹਾਂ ਨੇ ਮੇਰੀਆਂ ਦੋ ਪੇਟਿੰਗਜ਼ ਚੰਡੀਗੜ੍ਹ ਮਿਊਜ਼ੀਅਮ ਸੰਗ੍ਰਹਿ ਲਈ ਰਾਖਵੀਆਂ ਕੀਤੀਆਂ। ਪੜ੍ਹਦੇ ਵੇਲੇ ਹੀ ਮਿਊਜ਼ੀਅਮ ਸੰਗ੍ਰਹਿ ਵਿਚ ਕਲਾ-ਕਿ੍ਰਤਾਂ ਦਾ ਆਉਣਾ ਮੇਰੇ ਲਈ ਬਹੁਤ ਉਤਸ਼ਾਹਪੂਰਵਕ ਸੀ। ਇਹ ਸਭ ਕੁਝ ਲਿਖਣ ਤੋਂ ਮੇਰਾ ਭਾਵ ਇਹ ਹੈ ਕਿ ਉਹ ਚਿੱਤਰਕਾਰ ਦੇ ਰੁਤਬੇ ਦੇ ਪਿੱਛੇ ਨਾ ਜਾ ਕੇ ਉਸ ਦੀ ਰਚਨਾਤਮਕ ਸ਼ਕਤੀ ਦੀ ਕਦਰ ਕਰਦੇ ਹਨ। ਉਦੋਂ ਤੋਂ ਲੈ ਕੇ ਉਨ੍ਹਾਂ ਦੇ ਆਖ਼ਰੀ ਸ਼ਾਹ ਤੱਕ ਮੇਰਾ ਉਨ੍ਹਾਂ ਨਾਲ ਸਨੇਹ ਰਿਹਾ।
ਡਾ. ਰੰਧਾਵਾ ਇਕ ਪੂਰਨ ਮਨੁੱਖ ਸਨ। ਜੀਵਨ ਨੂੰ ਸੋਹਣਾ ਬਣਾਉਣ ਦੇ ਚਾਅ ਨੇ ਉਨ੍ਹਾਂ ਵਿਚ ਇਕ ਵੱਡੀ ਸ਼ਕਤੀ ਭਰ ਦਿੱਤੀ ਸੀ। ਉਹ ਇਕ ਦਰਿਆ ਵਾਂਗ ਸਨ। ਜਿੱਥੇ ਵੀ ਇਸ ਦਾ ਪਾਣੀ ਲੱਗਾ ਉੱਥੇ ਹੀ ਬਸੰਤ ਰੁੱਤ ਆ ਗਈ। ਉਹ ਵਿਲੱਖਣ ਸ਼ਖ਼ਸੀਅਤ ਸਨ ਜੋ ਸਾਇੰਸ, ਮਿੱਟੀ ਸੰਭਾਲ, ਬਨਸਪਤੀ ਵਿਗਿਆਨ, ਨਗਰ ਪ੍ਰਬੰਧ, ਧਰਮ, ਇਤਿਹਾਸ, ਕਲਾ ਤੇ ਭਵਨ-ਨਿਰਮਾਣ ਵਿਸ਼ਿਆਂ ਬਾਰੇ ਪ੍ਰਮਾਣਿਕ ਬੁੱਧੀ ਰੱਖਦੇ ਸਨ। ਇਨ੍ਹਾਂ ਵਿਸ਼ਿਆਂ ਦੀਆਂ ਲਿਖਤਾਂ ਵਿਚ ਉਨ੍ਹਾਂ ਦੀ ਕੁਦਰਤੀ ਸੂਝ ਤੇ ਉੱਦਮੀ ਸੁਭਾਅ ਪ੍ਰਤੱਖ ਸੀ।
ਕਲਾ ਦੇ ਖੇਤਰ ਨਾਲ ਜੁੜੇ ਕਲਾਕਾਰ (ਬੀ.ਸੀ. ਸਨਿਆਲ, ਸਵੇਤ ਸਲੋਵ ਰੋਇਰਕ, ਗੁਰਚਰਨ ਸਿੰਘ, ਸੇਲੋਜ਼ ਮੁਕਰਜੀ, ਸ਼ੋਭਾ ਸਿੰਘ, ਠਾਕੁਰ ਸਿੰਘ, ਕਿਰਪਾਲ ਸਿੰਘ, ਜਸਵੰਤ ਸਿੰਘ) ਅਤੇ ਕਲਾ ਸਮੀਖਿਅਕ (ਪ੍ਰੋਫ਼ੈਸਰ ਓ.ਸੀ. ਗਾਂਗੁਲੀ, ਡਬਲਿਊ.ਜੀ.ਆਰਚਰ, ਕਿਸ਼ਨਾ ਚੇਤੰਨਬ, ਡਾ. ਮੁਲਕ ਰਾਜ ਆਨੰਦ, ਹਰਮਨ ਗੋਇਟਜ਼ੇ, ਸ਼ਿਵਰਾਮ ਮੂਰਤੀ, ਰਾਏ ਕਿਸ਼ਨ ਦਾਸ, ਬੀ.ਐਨ. ਗੋਸਵਾਮੀ) ਉਨ੍ਹਾਂ ਦਾ ਸਤਿਕਾਰ ਕਰਦੇ ਸਨ।
ਉਹ ਆਲ ਇੰਡੀਆ ਫਾਈਨ ਆਰਟਸ ਅਤੇ ਕਰਾਫਟਸ ਸੁਸਾਇਟੀ, ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ‘ਰੂਪ ਲੇਖਾ’ ਦੇ 1958 ਤੋਂ ਮੁੱਖ ਸੰਪਾਦਕ ਰਹੇ।
1954 ਵਿਚ ਉਨ੍ਹਾਂ ਦੀ ਪਹਿਲੀ ਪੁਸਤਕ ‘ਕਾਂਗੜਾ ਵੈਲੀ ਪੇਂਟਿੰਗ’ ਕੇਂਦਰੀ ਸੂਚਨਾ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਵੱਲੋਂ ਛਾਪੀ ਗਈ। ਇਸ ਦਾ ਮੁੱਖਬੰਦ ਪ੍ਰਸਿੱਧ ਵਿਦਵਾਨ ਤੇ ਇਤਿਹਾਸਕਾਰ ਡਬਲਿਯੂ.ਜੀ. ਆਰਚਰ (ਯੂ.ਕੇ.) ਨੇ ਲਿਖਿਆ। ਉਨ੍ਹਾਂ ਨੇ ਥਾਂ-ਥਾਂ ਜਾ ਕੇ ਕਾਂਗੜਾ ਕਲਮ ਦੇ ਚਿੱਤਰਾਂ ਦੀ ਖੋਜ ਕੀਤੀ। ਉਨ੍ਹਾਂ ਦੇ ਕਲਾ ਦੇ ਇਤਿਹਾਸ ’ਚ ਯੋਗਦਾਨ ਵਿਚ ਵਿਸ਼ੇਸ਼ ਚਿੱਤਰਕਾਰਾਂ ਦੀ ਬੰਸਾਵਲੀ ਨੂੰ ਦਸਤਾਵੇਜ਼ ਕਰਨਾ ਸ਼ੁਮਾਰ ਹੈ। ਮਗਰੋਂ ‘ਬਸੋਹਲੀ ਪੇਂਟਿੰਗ’ 1959 ’ਚ ਛਪੀ। ਇਨ੍ਹਾਂ ਲਿਖ਼ਤਾਂ ਵਿਚ ਉਨ੍ਹਾਂ ਦਾ ਪ੍ਰਾਕ੍ਰਿਤਕ ਸੁੰਦਰਤਾ ਪ੍ਰਤੀ ਪਿਆਰ ਪ੍ਰਤੱਖ ਹੈ। ਮਨੁੱਖੀ ਪਿਆਰ, ਕੋਮਲ ਭਾਵਨਾ, ਰੋਮਾਂਟਕ ਕਾਵਿ, ਰੋਮਾਂਚਕ ਸੁੰਦਰਤਾ ਪ੍ਰਤੀ ਡਾ. ਮਹਿੰਦਰ ਸਿੰਘ ਰੰਧਾਵਾ ਦਾ ਵਿਸ਼ੇਸ਼ ਜਜ਼ਬਾ ਰਿਹਾ।
ਕਲਾ ਬਾਰੇ ਪੁਸਤਕਾਂ ਵਿਚ ਉਨ੍ਹਾਂ ਦੀ ਅਤਿ-ਮਹੱਤਵਪੂਰਨ ਦੇਣ ਨੈਸ਼ਨਲ ਮਿਊਜ਼ੀਅਮ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਉਨ੍ਹਾਂ ਦੇ ਲਘੂ ਚਿੱਤਰਕਲਾ ਬਾਰੇ ਲਿਖੇ ਨਬਿੰਧ ਹਨ। ਇਨ੍ਹਾਂ ਦੇ ਨਾਂ ਹਨ: ‘ਕਾਂਗੜਾ ਪੇਂਟਿੰਗਜ਼ ਆਫ਼ ਦੀ ਭਗਵਤ ਪੁਰਾਣ’ (1960), ‘ਕਾਂਗੜਾ ਪੇਂਟਿੰਗ ਆਨ ਲਵ’ (1962), ‘ਕਾਂਗੜਾ ਪੇਟਿੰਗਜ਼ ਆਫ਼ ਦਿ ਗੀਤ-ਗੋਵਿੰਦ’ (1964), ‘ਕਾਂਗੜਾ ਪੇਂਟਿੰਗਜ਼ ਆਫ਼ ਦਿ ਬਿਹਾਰੀ ਸੱਤਸਈ’ (1966), ‘ਕਾਂਗੜਾ ਰਾਗਮਾਲਾ ਪੇਂਟਿੰਗਜ਼’ (1971)। ਪੁਸਤਕਾਂ ਤਾਂ ਉਨ੍ਹਾਂ ਨੇ ਹੋਰ ਵੀ ਲਿਖੀਆਂ, ਪਰ ਲਿਖੇ ਖੋਜ ਨਬਿੰਧ ਵਿਸ਼ਵ ਪੱਧਰ ’ਤੇ ਕਾਂਗੜਾ ਕਲਮ ਦੀ ਵੱਖਰੀ ਪਛਾਣ ਬਣਾਉਣ ਵਿਚ ਬਹੁਤ ਮੁੱਲਵਾਨ ਰਹੇ। ਇਕ ਸਿਵਲ ਅਧਿਕਾਰੀ ਦੀ ਕਲਾ ਬਾਰੇ ਤੀਬਰਤਾ ਤੇ ਪ੍ਰਤੀਬੱਧਤਾ ਆਦਰਯੋਗ ਹੈ। ਇਹ ਸਭ ਕੁਝ ਡਾ. ਰੰਧਾਵਾ ਵਰਗੀ ਸ਼ਖ਼ਸੀਅਤ ਹੀ ਪ੍ਰਾਪਤ ਕਰ ਸਕਦੀ ਹੈ।
ਡਾ. ਮਹਿੰਦਰ ਸਿੰਘ ਰੰਧਾਵਾ ਸਿਰਫ਼ ਲਘੂ-ਚਿੱਤਰਕਲਾ ਦੇ ਪ੍ਰੇਮੀ ਹੀ ਨਹੀਂ ਸਨ। ਚੰਡੀਗੜ੍ਹ ਮਿਊਜ਼ੀਅਮ ’ਚ ਸੰਗ੍ਰਹਿਤ ਸਮਕਾਲੀਨ ਕਲਾ ਉਨ੍ਹਾਂ ਦੀ ਹੀ ਦੇਣ ਹੈ। ਉਹ ਕਲਾਕ੍ਰਿਤਾਂ ਹੀ ਨਹੀਂ ਰਾਖਵੀਆਂ ਕਰਦੇ ਸਗੋਂ ਕਲਾਕਾਰ ਦੇ ਸਮਾਜ ਵਿਚ ਰੁਤਬੇ ਨੂੰ ਉੱਚਾ ਕਰਦੇ ਸਨ। ਜਦੋਂ ਚੰਡੀਗੜ੍ਹ ਵਿਚ ਉਹ ਚੀਫ਼ ਕਮਿਸ਼ਨਰ ਨਿਯੁਕਤ ਹੋ ਕੇ ਆਏ ਤਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿਚ ਕਲਾ ਪ੍ਰਤੀ ਚੇਤਨਾ ਲਿਆਉਣ ਦੇ ਇੱਛੁਕ ਸਨ। ਇਸ ਲਈ ਉਨ੍ਹਾਂ ਨੇ ਪੰਜਾਬ ਲਲਿਤ ਕਲਾ ਅਕਾਦਮੀ ਦਾ ਸੰਗਠਨ ਕੀਤਾ। ਡਾ. ਰੰਧਾਵਾ ਕਹਿੰਦੇ ਸਨ ਕਿ ਪੰਜਾਬ ਕੋਈ ਕਲਾ ਤੇ ਸੰਸਕ੍ਰਿਤੀ ਵਜੋਂ ਪਛੜੀ ਰਿਆਸਤ ਨਹੀਂ। ਲੋੜ ਹੈ ਮੱਧ ਸ਼੍ਰੇਣੀ ਦੇ ਲੋਕਾਂ ਨੂੰ ਕਲਾ ਤੇ ਸੰਸਕ੍ਰਿਤੀ ਨਾਲ ਜੋੜਨ ਦੀ। ਉਨ੍ਹਾਂ ਦੀ ਰੁਚੀ ਮਸ਼ੀਨੀ ਬਣੀਆਂ ਵਸਤਾਂ ਵੱਲ ਵਧੇਰੇ ਹੈ। ਉਨ੍ਹਾਂ ਨੂੰ ਕਲਾ ਦੇ ਵਿਕਾਸ ਲਈ ਆਕਰਸ਼ਿਤ ਕਰਨ ਦੀ ਜ਼ਰੂਰਤ ਹੈ। ਨਹੀਂ ਤਾਂ ਉਨ੍ਹਾਂ ਕੋਲ ਆਉਂਦਾ ਪੈਸਾ ਸ਼ਰਾਬ ’ਚ ਰੁੜ੍ਹ ਜਾਵੇਗਾ। ਕਲਾ ਤੇ ਸੰਸਕ੍ਰਿਤੀ ਦਾ ਜੀਵਨ ਵਿਚ ਹੋਣਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਹ ਹੀ ਮਨੁੱਖ ਦੀ ਰੂਹ ਨੂੰ ਸੁਰਜੀਤ ਰੱਖਦਾ ਹੈ। ਸੁੰਦਰਤਾ ਤੇ ਪ੍ਰੇਮ ਤੋਂ ਵਾਂਝੇ ਲੋਕ ਨਿਰਜਿੰਦ ਹਨ। ਇਸ ਦੀ ਮਹੱਤਤਾ ਨੂੰ ਸਮਝਦਿਆਂ ਉਨ੍ਹਾਂ ਨੇ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਦੀ ਸਥਾਪਨਾ ਕੀਤੀ। ਡਾ. ਰੰਧਾਵਾ ਉਸ ਸਮੇਂ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਸਨ। ਮੁੱਖ ਮੰਤਰੀ ਦੀ ਪਤਨੀ ਸੁਰਿੰਦਰ ਕੌਰ ਬਾਦਲ, ਜੋ ਕਲਾ ਵਿਚ ਰੁਚੀ ਰੱਖਦੀ ਸੀ, ਨੇ ਵੀ ਇਸ ਵਿਚ ਆਪਣਾ ਯੋਗਦਾਨ ਪਾਇਆ। ਡਾ. ਮਨੋਹਰ ਸਿੰਘ ਗਿੱਲ, ਜੋ ਉਸ ਸਮੇਂ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸਨ, ਨੇ ਪੰਜਾਬ ਕਲਾ ਭਵਨ ਦੀ ਇਮਾਰਤ ਬਣਾਉਣ ਵਿਚ ਆਪਣਾ ਹਿੱਸਾ ਪਾਇਆ। ਅੱਜ ਪੰਜਾਬ ਕਲਾ ਭਵਨ, ਕਲਾ ਤੇ ਸੰਸਕ੍ਰਿਤੀ ਦਾ ਕੇਂਦਰ ਹੈ। ਡਾ. ਰੰਧਾਵਾ ਹਮੇਸ਼ਾ ਕੰਮ ਕਰਨ ਲਈ ਪ੍ਰੇਰਿਤ ਕਰਦੇ ਸਨ। ਮਿਹਨਤ, ਮੁਸ਼ੱਕਤ ਤੇ ਇਮਾਨਦਾਰੀ ਨੂੰ ਉਹ ਸਫ਼ਲਤਾ ਦੀ ਕੁੰਜੀ ਮੰਨਦੇ ਸਨ।
ਗਾਰਡਨ ਹਾਊਸ, ਖਰੜ ਵਿਖੇ ਬਣਾਈ ਆਪਣੀ ਲਾਇਬ੍ਰੇਰੀ ਵਿਚ ਬੈਠ ਕੇ ਆਨੰਦ ਲੈਂਦੇ ਸਨ। ਖ਼ੁਸ਼ੀ ਨਾਲ ਉਨ੍ਹਾਂ ਦਾ ਚਿਹਰਾ ਸੁਰਖ਼ ਗੁਲਾਬ ਦੇ ਫੁੱਲ ਵਾਂਗ ਖਿੜਿਆ ਲੱਗਦਾ ਸੀ।
ਸ਼ਹਿਰ ਚੰਡੀਗੜ੍ਹ ਹੁਣ ਕਲਾ, ਸਾਹਿਤ ਤੇ ਸੰਸਕ੍ਰਿਤੀ ਦੇ ਪੱਖ ਤੋਂ ਸਰਗਰਮ ਸੀ। ਲੱਗਦਾ ਸੀ ਕਿ ਥੋੜ੍ਹੇ ਸਮੇਂ ਵਿਚ ਹੀ ਇਹ ਭਾਰਤ ਦੇ ਪ੍ਰਮੁੱਖ ਕੇਂਦਰਾਂ ਵਿੱਚੋਂ ਇਕ ਹੋ ਜਾਵੇਗਾ। ਡਾ. ਮਹਿੰਦਰ ਸਿੰਘ ਰੰਧਾਵਾ, ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਵਜੋਂ ਕਾਲ ਪੂਰਾ ਕਰਕੇ 1968 ਵਿਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਨਿਯੁਕਤ ਹੋਏ। ਇਸੇ ਸ਼ਿੱਦਤ ਤੇ ਸਿਦਕ ਨਾਲ ਉਨ੍ਹਾਂ ਨੇ ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ ਦਾ ਕ੍ਰਾਂਤੀਕਾਰੀ ਕੰਮ ਕੀਤਾ।
ਚੰਡੀਗੜ੍ਹ ਨਾਲ ਉਨ੍ਹਾਂ ਨੇ ਆਪਣਾ ਪਿਆਰ ਬਰਕਰਾਰ ਰੱਖਿਆ। ਯੂਨੀਵਰਸਿਟੀ ਦਾ ਕੈਂਪ ਆਫਿਸ, ਸੈਕਟਰ 27 ਦੀ ਇਕ ਕੋਠੀ ਵਿਚ ਬਣਾਇਆ ਗਿਆ ਕਿਉਂਕਿ ਕੇਂਦਰੀ ਸ਼ਾਸਤ ਸ਼ਹਿਰ ਚੰਡੀਗੜ੍ਹ, ਪੰਜਾਬ ਦੀ ਰਾਜਧਾਨੀ ਵੀ ਸੀ। ਇਉਂ ਕਲਾ ਤੇ ਸੰਸਕ੍ਰਿਤੀ ਦਾ ਕੇਂਦਰ ਚੰਡੀਗੜ੍ਹ ਸਕੱਤਰੇਤ ਤੋਂ ਸੈਕਟਰ 27 ਬਣ ਗਿਆ।
ਨਵੰਬਰ 1967 ਤੋਂ ਅਕਤੂਬਰ 1968 ਤਕ ਮੈਂ ਡਾਇਰੈਕਟੋਰੇਟ ਆਫ਼ ਐਡਵਰਟਾਈਜ਼ਿੰਗ ਤੇ ਵਿਜ਼ੂਅਲ ਪਬਲੀਸਿਟੀ, ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲਾ, ਨਵੀਂ ਦਿੱਲੀ ਵਿਖੇ ਕੰਮ ਕੀਤਾ। ਫਿਰ ਮੈਂ ਸਥਾਨਕ ਗੌਰਮਿੰਟ ਆਰਟ ਕਾਲਜ ਵਿਚ ਪੜ੍ਹਾਉਣ ਲੱਗ ਪਿਆ।
ਇਸੇ ਕੋਠੀ ਵਿਚ ਮੈਂ ਡਾ. ਰੰਧਾਵਾ ਨੂੰ ਮਿਲਿਆ ਕਰਦਾ ਸੀ। ਪੰਜਾਬ ਲਲਿਤ ਕਲਾ ਅਕਾਦਮੀ ਦੀ ਸਥਾਪਨਾ ਵੀ ਇੱਥੇ ਹੀ ਹੋਈ। ਡਾ. ਮਹਿੰਦਰ ਸਿੰਘ ਰੰਧਾਵਾ ਇਸ ਦੇ ਚੇਅਰਮੈਨ ਸਨ ਤੇ ਮੈਨੂੰ ਇਸ ਦਾ ਸਕੱਤਰ ਬਣਾਇਆ ਗਿਆ। ਮਗਰੋਂ ਸਾਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰੋਜ਼ ਗਾਰਡਨ, ਸੈਕਟਰ 16 ਵਿਚ ਅਕਾਦਮੀ ਦੀ ਇਮਾਰਤ ਬਣਾਉਣ ਲਈ ਪਲਾਟ ਮਿਲ ਗਿਆ। ਇਸ ਨੂੰ ਅੱਜਕੱਲ੍ਹ ਪੰਜਾਬ ਕਲਾ ਭਵਨ ਕਰਕੇ ਜਾਣਿਆ ਜਾਂਦਾ ਹੈ। ਅੱਜ ਇਥੋਂ ਹੀ ਪੰਜਾਬ ਕਲਾ ਪ੍ਰੀਸ਼ਦ ਦੀ ਅਗਵਾਈ ਹੇਠ ਪੰਜਾਬ ਲਲਿਤ ਕਲਾ ਅਕਾਦਮੀ, ਪੰਜਾਬ ਸੰਗੀਤ ਨਾਟਕ ਅਕਾਦਮੀ ਤੇ ਪੰਜਾਬ ਸਾਹਿਤ ਅਕਾਦਮੀ ਕੰਮ ਕਰ ਰਹੀਆਂ ਹਨ। ਜੇ ਇਹ ਇਮਾਰਤ ਡਾ. ਮਹਿੰਦਰ ਸਿੰਘ ਰੰਧਾਵਾ ਦੇ ਨਾਂ ਨੂੰ ਸਮਰਪਿਤ ਕੀਤੀ ਜਾਵੇ ਤਾਂ ਚੰਗਾ ਹੈ ਕਿਉਂਕਿ ਇਸ ਨੂੰ ਉਸਾਰਨ ਵਿਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ।
ਅਚਾਨਕ ਇਕ ਦਿਨ 27 ਸੈਕਟਰ ਤੋਂ ਸਕੱਤਰ ਦਲਜੀਤ ਸਿੰਘ ਦਾ ਟੈਲੀਫੋਨ ਆਇਆ ਕਿ ਡਾ. ਰੰਧਾਵਾ ਮੈਨੂੰ ਹੁਣੇ ਯਾਦ ਕਰ ਰਹੇ ਹਨ। ਮੈਂ ਕਾਲਜ ਤੋਂ ਆਪਣਾ ਸਾਈਕਲ ਚੁੱਕਿਆ ਅਤੇ ਚੱਲ ਪਿਆ ਉਨ੍ਹਾਂ ਨੂੰ ਮਿਲਣ ਲਈ। ਬਹੁਤ ਸੋਚ ਦੌੜਾਈ, ਪਰ ਸਮਝ ਨਹੀਂ ਆਇਆ ਕਿ ਕਿਸ ਕੰਮ ਲਈ ਬੁਲਾਇਆ ਹੈ। ਸਾਈਕਲ ਦਫ਼ਤਰ ਦੇ ਇਕ ਕੋਨੇ ਵਿਚ ਖੜ੍ਹਾ ਕੇ ਜਿਉਂ ਹੀ ਮੈਂ ਦਲਜੀਤ ਸਿੰਘ ਦੇ ਕਮਰੇ ਵਿਚ ਗਿਆ ਤਾਂ ਉਹ ਤੁਰੰਤ ਮੈਨੂੰ ਡਾ. ਰੰਧਾਵਾ ਦੇ ਕਮਰੇ ਵਿਚ ਲੈ ਗਿਆ। ਉੱਥੇ ਪੰਜਾਬ ਸਰਕਾਰ ਦੇ ਕੁਝ ਉੱਚ ਅਫ਼ਸਰ ਵੀ ਸਨ। ਮੈਂ ਸਤਿ ਸ੍ਰੀ ਅਕਾਲ ਬੁਲਾਈ। ਪਿਆਰ ਦਿੰਦੇ ਨਾਲ ਹੀ ਉਨ੍ਹਾਂ ਮੈਨੂੰ ਪੁੱਛਿਆ ਕਿ ਜਿਹੜੀਆਂ ਤਸਵੀਰਾਂ ਵਿਕਦੀਆਂ ਨਹੀਂ ਉਨ੍ਹਾਂ ਦਾ ਮੈਂ ਕੀ ਕਰਦਾ ਹਾਂ। ਮੈਂ ਹੱਸਦਿਆਂ ਦੱਸਿਆ ਕਿ ਕੁਝ ਤਾਂ ਮੇਰੇ ਕੋਲ ਹਨ ਅਤੇ ਕੁਝ ਕੁ ਦੇ ਘਰ ਵਾਲਿਆਂ ਨੇ ਝੋਲੇ ਬਣਾ ਲਏ ਹਨ। ਡਾ. ਰੰਧਾਵਾ ਨੇ ਮੁਸਕਰਾ ਕੇ ਮੇਰੀ ਗੱਲ ਸੁਣੀ ਅਤੇ ਤੁਰੰਤ ਘਰ ਪਈਆਂ ਤਸਵੀਰਾਂ ਦਫ਼ਤਰ ਲਿਆਉਣ ਲਈ ਆਖਿਆ। ਮੈਂ ਅਜੇ ਸਾਈਕਲ ਉੱਤੇ ਜਾਣ ਹੀ ਲੱਗਿਆ ਸੀ ਕਿ ਮੈਨੂੰ ਫਿਰ ਅੰਦਰ ਬੁਲਾਇਆ ਅਤੇ ਪੁੱਛਿਆ ਕਿ ਮੈਂ ਕਾਹਦੇ ਉੱਤੇ ਤਸਵੀਰਾਂ ਲਿਆਵਾਂਗਾ। ਮੈਂ ਕਿਹਾ ਕਿ ਮੈਂ ਤਾਂ ਸਾਈਕਲ ਉੱਤੇ ਹਾਂ ਅਤੇ ਤਸਵੀਰਾਂ ਰਿਕਸ਼ੇ ਵਿਚ ਲਿਆਵਾਂਗਾ। ‘‘ਨਹੀਂ ਤੂੰ ਇਸ ਤਰ੍ਹਾਂ ਕਰ, ਮੇਰੀ ਕਾਰ ਲੈ ਜਾ ਅਤੇ ਉਸ ਵਿਚ ਰੱਖ ਲਿਆ।’’ ਦਿਲ ਨੂੰ ਲੱਗਿਆ ਕਿ ਵਾਕਈ ਡਾ. ਰੰਧਾਵਾ ਕਲਾਕਾਰਾਂ ਦੇ ਸਹੀ ਅਤੇ ਸੱਚੇ ਮਿੱਤਰ ਹਨ। ਕਾਰ ਵਿਚ ਬੈਠ ਕੇ ਮੈਂ 18 ਸੈਕਟਰ ਆਪਣੇ ਘਰ ਆਇਆ। ਤਸਵੀਰਾਂ ਤੋਂ ਮਿੱਟੀ ਝਾੜੀ ’ਤੇ ਪਹੁੰਚ ਗਿਆ ਰੰਧਾਵਾ ਸਾਹਿਬ ਦੇ ਦਫ਼ਤਰ। ਉਨ੍ਹਾਂ ਨੇ ਤਸਵੀਰਾਂ ਵੇਖੀਆਂ। ਆਪੇ ਹੀ ਉਨ੍ਹਾਂ ਨੇ ਕੀਮਤ ਲਗਾਈ ਅਤੇ ਆਪੇ ਉੱਚ ਅਧਿਕਾਰੀਆਂ ਨੂੰ ਇੰਨੇ ਪੈਸੇ ਭੇਜਣ ਦੀ ਹਦਾਇਤ ਦਿੱਤੀ। ਕਿਸੇ ਨੇ ਕੁਝ ਨਹੀਂ ਆਖਿਆ। ਉਨ੍ਹਾਂ ਨੇ ਤਸਵੀਰਾਂ ਇਕੱਠੀਆਂ ਕੀਤੀਆਂ ਅਤੇ ਪੰਜਾਬ ਦੀਆਂ ਸਰਕਾਰੀ ਇਮਾਰਤਾਂ ਵਿਚ ਡਿਸਪਲੇਅ ਕਰਨ ਲਈ ਲੈ ਗਏ। ਇਕੱਠੀਆਂ ਕਰਦਿਆਂ ਤਸਵੀਰਾਂ ਨੂੰ ਮੇਰਾ ਮਨ ਹੋਰ ਵੇਖਣ ਨੂੰ ਕਰਦਾ ਸੀ। ਅਚਾਨਕ ਡਾ. ਰੰਧਾਵਾ ਮੇਰੇ ਵੱਲ ਵੇਖ ਕੇ ਬੋਲੇ, ‘‘ਤੂੰ ਚੰਗਾ ਕਲਾਕਾਰ ਹੈਂ, ਕੰਮ ਕਰਦਾ ਰਹਿ।’’ ਮੁਸਕਰਾਉਂਦਿਆਂ ਮੈਂ ਡਾ. ਰੰਧਾਵਾ ਨੂੰ ਇਸ ਦਾ ਵਿਸ਼ਵਾਸ ਦਿਵਾਇਆ।
ਫਰਵਰੀ 1986 ਵਿਚ ਸਾਡੇ ਕਾਲਜ ਵਿਚ ਕਲਾ ਦੀ ਨੁਮਾਇਸ਼ ਦਾ ਉਦਘਾਟਨ ਕਰਨ ਲਈ ਆਏ ਤਾਂ ਪਤਾ ਨਹੀਂ ਉਨ੍ਹਾਂ ਦੇ ਮਨ ਵਿਚ ਕੀ ਆਇਆ ਕਿ ਮੈਨੂੰ ਲੈ ਕੇ ਉਹ ਸਾਡੀ ਲਾਇਬਰੇਰੀ ਵਿਚ ਆ ਗਏ। ਕੁਰਸੀ ’ਤੇ ਬੈਠ ਕੇ ਲਾਇਬਰੇਰੀਅਨ ਤੋਂ ਆਪਣੀਆਂ ਕਿਤਾਬਾਂ ਮੰਗਵਾਈਆਂ। ਸਾਰੀਆਂ ਪੁਸਤਕਾਂ ’ਤੇ ਆਪਣੇ ਹਸਤਾਖ਼ਰ ਕਰਨ ਮਗਰੋਂ ਕਹਿਣ ਲੱਗੇ ਕਿ ਕਿ ਹੁਣ ਇਹ ਪੁਸਤਕਾਂ ਅਮੁੱਲ ਹੋ ਗਈਆਂ ਹਨ। ਇਕ ਬੱਚਿਆਂ ਵਰਗੀ ਮੁਸਕਾਨ ਤੇ ਵਿਸ਼ਵਾਸ ਸੀ ਉਨ੍ਹਾਂ ਦੇ ਚਿਹਰੇ ’ਤੇ। ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਮੁਸਕਾਨ ਤੇ ਵਿਸ਼ਵਾਸ ਸਤਾਰਾਂ ਦਿਨਾਂ ਬਾਅਦ (3 ਮਾਰਚ 1986 ਨੂੰ) ਸਾਡੇ ਕੋਲੋਂ ਹਮੇਸ਼ਾ ਲਈ ਚਲੀ ਜਾਵੇਗੀ।