ਜਿੰਦਰ
ਮੇਰਾ ਜਨਮ ਨਾਨਕਿਆਂ ਦੇ ਹੋਇਆ ਸੀ। ਡੈਡੀ ਜੀ ਕੁਵੈਤ ਵਿੱਚ ਵੱਡਾ ਟਰਾਲਾ ਚਲਾਉਂਦੇ ਸਨ- ਸੋ ਮੇਰਾ ਬਚਪਨ ਨਾਨਕਿਆਂ ਦੇ ਹੀ ਬੀਤਿਆ। ਮਾਸੀ ਨੇ ਹੀ ਮੈਨੂੰ ਖਿਡਾਇਆ। ਸੰਭਾਲਿਆ। ਪਾਲਿਆ। ਉਨ੍ਹੀਂ ਦਿਨੀਂ ਮੇਰੇ ਬਿਨਾਂ ਉਸ ਨੂੰ ਨੀਂਦ ਨਹੀਂ ਆਉਂਦੀ ਸੀ। ਘਰ ਵਿੱਚ ਕੋਈ ਸਮੱਸਿਆ ਪੈਦਾ ਹੁੰਦੀ ਤਾਂ ਉਹ ਮੈਨੂੰ ਫੋਨ ਕਰਦੀ।
ਮਾਸੀ ਨੂੰ ਅੱਜਕੱਲ੍ਹ ਹੱਸਣਾ ਭੁੱਲ ਗਿਆ ਹੈ। ਆਪਣੇ ਆਪ ਨਾਲ ਗੱਲਾਂ ਕਰਦੀ ਰਹਿੰਦੀ ਹੈ। ਉਹ ਮੈਨੂੰ ਆਪਣਾ ਤੀਜਾ ਪੁੱਤ ਮੰਨਦੀ ਹੈ। ਮੇਰਾ ਜਨਮ ਨਾਨਕਿਆਂ ਦੇ ਹੋਇਆ ਸੀ। ਡੈਡੀ ਜੀ ਕੁਵੈਤ ਵਿੱਚ ਵੱਡਾ ਟਰਾਲਾ ਚਲਾਉਂਦੇ ਸਨ- ਸੋ ਮੇਰਾ ਬਚਪਨ ਨਾਨਕਿਆਂ ਦੇ ਹੀ ਬੀਤਿਆ। ਉਸ ਹੀ ਮੈਨੂੰ ਖਿਡਾਇਆ। ਸੰਭਾਲਿਆ। ਪਾਲਿਆ। ਉਨ੍ਹੀਂ ਦਿਨੀਂ ਮੇਰੇ ਬਿਨਾਂ ਉਸ ਨੂੰ ਨੀਂਦ ਨਹੀਂ ਆਉਂਦੀ ਸੀ।
ਘਰ ਵਿੱਚ ਕੋਈ ਸਮੱਸਿਆ ਪੈਦਾ ਹੁੰਦੀ ਤਾਂ ਉਹ ਮੈਨੂੰ ਫੋਨ ਕਰਦੀ ਜਾਂ ਆਪਣੇ ਕੋਲ ਬੁਲਾ ਲੈਂਦੀ। ਜਸਪਾਲ ਦੇ ਰਿਸ਼ਤੇ ਵੇਲੇ ਵੀ ਉਸ ਨੇ ਮੈਨੂੰ ਫੋਨ ਕੀਤਾ ਸੀ, ‘‘ਕੁਸ਼ ਗੱਲਾਂ ਟੈਲੀਫੋਨ ’ਤੇ ਨ੍ਹੀਂ ਕੀਤੀਆਂ ਜਾ ਸਕਦੀਆਂ। ਤੂੰ ਅੱਜ ਰਾਤ ਮੇਰੇ ਕੋਲ ਅਵੱਸ਼ ਆ। ਆਪਾਂ ਇੱਕ ਸਲਾਹ ਕਰਨੀ ਆ।’’ ਮੈਂ ਡਿਊਟੀ ਤੋਂ ਫਾਰਗ ਹੋ ਕੇ ਪਤਨੀ ਅਤੇ ਬੱਚਿਆਂ ਨੂੰ ਮੋਟਰਸਾਈਕਲ ’ਤੇ ਬਿਠਾਇਆ। ਅਸੀਂ ਮਾਸੀ ਦੇ ਪਿੰਡ ਜਾ ਪਹੁੰਚੇ। ਉਸ ਦੀ ਦੋ ਕਨਾਲਾਂ ਵਿੱਚ ਬਣੀ ਕੋਠੀ ਤੋਂ ਪਤਾ ਲੱਗ ਜਾਂਦਾ ਹੈ ਕਿ ਹੁਣ ਉਨ੍ਹਾਂ ਦਾ ਘਰ, ਪਿੰਡ ਦੇ ਘਰਾਂ ਵਿੱਚੋਂ ਸਰਦਿਆਂ-ਪੁਜਦਿਆਂ ਦੀ ਗਿਣਤੀ ਵਿੱਚ ਆਉਂਦਾ ਹੈ।
ਰਾਤ ਦੀ ਰੋਟੀ ਖਾ ਕੇ ਅਸੀਂ ਸਾਰੇ ਉਨ੍ਹਾਂ ਦੇ ਬੈੱਡਰੂਮ ਵਿੱਚ ਜਾ ਬੈਠੇ। ਠੰਢ ਕੁਝ ਜ਼ਿਆਦਾ ਸੀ। ਉਹਨੇ ਦਰਵਾਜ਼ਾ ਬੰਦ ਕਰਕੇ ਤਿੰਨ ਕੰਬਲ ਬੈੱਡ ’ਤੇ ਫੈਲਾ ਦਿੱਤੇ। ਮਾਸੜ ਜੀ ਦੇ ਕਿਸੇ ਦੋਸਤ ਨੇ ਦੱਸ ਪਾਈ ਸੀ ਕਿ ਕੁੜੀ ਆਸਟਰੇਲੀਆ ਤੋਂ ਆਈ ਹੋਈ ਹੈ। ਉਸ ਦੇ ਮਾਪਿਆਂ ਨੇ ਕੁਝ ਦਿਨਾਂ ਵਿੱਚ ਕੁੜੀ ਦਾ ਵਿਆਹ ਕਰ ਦੇਣਾ ਕਿਉਂ ਜੁ ਕੁੜੀ ਦੀ ਮਾਂ ਨੂੰ ਕੈਂਸਰ ਹੈ।
‘‘ਪੁੱਤ, ਜਸਪਾਲ ਨੂੰ ਸਮਝਾ। ਇਹ ਮੰਨਦਾ ਨ੍ਹੀਂ। ਆਪਣਾ ਇੱਕ ਪੈਸਾ ਨ੍ਹੀਂ ਲੱਗਣਾ। ਚੌਲੀਂ ਸਰ ਜਾਣਾ। ਜੇ ਪੜ੍ਹਣਾ ਹੀ ਆ ਤਾਂ ਉੱਥੇ ਜਾ ਕੇ ਪੜ੍ਹ ਲਵੇ।’’ ਮਾਸੀ ਨੇ ਗੱਲ ਤੋਰੀ। ਉਸ ਕੋਲ ਕਾਫ਼ੀ ਪੈਸੇ ਸਨ, ਪਰ ਜਵਾਨੀ ਵੇਲੇ ਦੇਖੀ ਗ਼ਰੀਬੀ ਉਸ ਦੇ ਹੱਡਾਂ ਵਿੱਚੋਂ ਨਹੀਂ ਨਿਕਲੀ ਸੀ। ਮੈਂ ਜਸਪਾਲ ਵੱਲ ਦੇਖਿਆ। ਉਸ ਕਿਹਾ, ‘‘ਭਾ’ਜੀ, ਮੰਮੀ ਤਾਂ ਐਵੇਂ ਕਾਹਲੇ ਪਏ ਨੇ। ਮੈਨੂੰ ਐਮ.ਟੈੱਕ. ਕਰਨ ਦਿਓ।’’
‘‘ਜਸਪਾਲ ਨੂੰ ਕੁੜੀ ਵਾਲਿਆਂ ਨੇ ਦੇਖਿਆ ਹੋਇਆ। ਗਗਨ ਇਟਲੀ ’ਚ ਸੈੱਟ ਆ। ਇਹ ਆਸਟਰੇਲੀਆ ਚਲਾ ਜਾਊ। ਇਹਨੂੰ ਹੋਰ ਕੀ ਚਾਹੀਦਾ। ਅੱਜਕੱਲ੍ਹ ਮੁੰਡੇ ਬਾਹਰ ਜਾਣ ਲਈ ਕੋਲੋਂ ਪੈਸੇ ਖਰਚਣ ਨੂੰ ਤਿਆਰ ਬੈਠੇ ਨੇ। ਆਹ ਰੋਜ਼ ਅਖ਼ਬਾਰਾਂ ’ਚ ਇਸ਼ਤਿਹਾਰ ਛਪਦੇ ਨੇ ਕਿ ਆਈਲੈਟਸ ਕਲੀਅਰ ਕੁੜੀ ਦੀ ਲੋੜ ਆ। ਵਿਆਹ ਤੇ ਬਾਹਰ ਜਾਣ ਦਾ ਖਰਚਾ ਮੁੰਡੇ ਵਾਲੇ ਕਰਨਗੇ।’’ ਮਾਸੜ ਜੀ ਨੇ ਕਿਹਾ।
ਘੰਟਾ ਭਰ ਘੈਂਸ-ਘੈਂਅ ਚਲਦੀ ਰਹੀ, ਪਰ ਗੱਲ ਕਿਸੇ ਸਿਰੇ ਨਾ ਲੱਗੀ। ਮੈਨੂੰ ਲੱਗਿਆ ਕਿ ਜਸਪਾਲ ਦੁਚਿੱਤੀ ਵਿੱਚ ਸੀ। ਮੈਂ ਉਸ ਨੂੰ ਉਠਾਲ ਕੇ ਉਸ ਦੇ ਕਮਰੇ ਵਿੱਚ ਲੈ ਗਿਆ, ‘‘ਹਾਂ ਬਈ, ਛੋਟੇ ਭਾਈ ਤੂੰ ਨਾਂਹ ਕਿਉਂ ਕਰ ਰਿਹਾਂ?’’ ਉਸ ਦੱਸਿਆ, ‘‘ਅਜੇ ਵਿਆਹ ਕਰਵਾਉਣ ਨੂੰ ਮਨ ਨ੍ਹੀਂ ਮੰਨਦਾ।’’ ਮੈਂ ਪੁੱਛਿਆ, ‘‘ਜੇ ਕਿਸੇ ਹੋਰ ਨਾਲ ਪਿਆਰ-ਸ਼ਿਆਰ ਚੱਲਦਾ ਤਾਂ ਦੱਸ ਦੇ। ਮੈਂ ਤੈਨੂੰ ਮਜਬੂਰ ਨ੍ਹੀਂ ਕਰਾਂਗਾ।’’ ਉਸ ਕਿਹਾ, ‘‘ਨ੍ਹੀਂ, ਅਜਿਹੀ ਕੋਈ ਗੱਲ ਨ੍ਹੀਂ।’’ ਮੈਂ ਸਮਝਾਇਆ, ‘‘ਕੁਦਰਤ ਹਰੇਕ ਬੰਦੇ ਨੂੰ ਅਗਾਂਹ ਵਧਣ ਦਾ ਇੱਕ ਮੌਕਾ ਦਿੰਦੀ ਆ। ਸਮਝ ਲੈ ਜਾਂ ਮੰਨ ਲੈ- ਕੁਦਰਤ ਨੇ ਤੈਨੂੰ ਇਹ ਮੌਕਾ ਦਿੱਤਾ ਐ। ਹੁਣ ਇਹਨੂੰ ਹੱਥੋਂ ਨਾ ਗੁਆ।’’ ਮੈਂ ਕਈ ਹੋਰ ਕਹਾਣੀਆਂ ਸੁਣਾ ਕੇ ਉਸ ਨੂੰ ਸਮਝਾਇਆ। ਉਸ ਨੇ ਹਾਂ ਕਰ ਦਿੱਤੀ।
ਮਾਸੀ ਖ਼ੁਸ਼ੀ ਨਾਲ ਝੂਮ ਉੱਠੀ। ‘‘ਮੇਰਾ ਪੁੱਤ ਬਹੁਤ ਸਿਆਣਾ।’’ ਉਹ ਵਾਰ-ਵਾਰ ਕਹਿਣ ਲੱਗੀ।
ਦਸਾਂ ਦਿਨਾਂ ਬਾਅਦ ਜਸਪਾਲ ਦਾ ਵਿਆਹ ਹੋ ਗਿਆ। ਐਡੀ ਸੁਹਣੀ ਕੁੜੀ। ਹੱਥ ਲਾਇਆਂ ਮੈਲੀ ਹੋਣ ਵਾਲੀ। ਬੋਲ-ਚਾਲ ਦਾ ਸਲੀਕਾ। ਨੀਵੀਂ ਪਾ ਕੇ ਗੱਲ ਕਰਦੀ। ਜਦੋਂ ਮਾਸੀ ਨੇ ਪਾਣੀ ਵਾਰ ਕੇ ਉਸ ਨੂੰ ਕੋਠੀ ਦੇ ਅੰਦਰ ਲੰਘਾਇਆ ਤਾਂ ਉਸ ਦੇ ਚਿਹਰੇ ’ਤੇ ਫੈਲੀ ਖ਼ੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਜਸਪਾਲ ਨੂੰ ਛੇੜਿਆ, ‘‘ਯੰਗਮੈਨ ਖ਼ੁਸ਼ ਆਂ ਨਾ?’’ ਉਸ ਮੈਨੂੰ ਘੁੱਟ ਕੇ ਜੱਫੀ ਪਾ ਲਈ। ਕਿਹਾ, ‘‘ਭਾ’ਜੀ ਤੁਹਾਡੀ ਹੀ ਮਿਹਰ ਹੋਈ ਆ।’’
ਵਿਆਹ ਤੋਂ ਅਠਾਰ੍ਹਾਂ ਦਿਨਾਂ ਬਾਅਦ ਰਮਣੀਕ ਆਸਟਰੇਲੀਆ ਚੱਲੇ ਗਈ। ਅਠਾਰ੍ਹਾਂ ਦਿਨਾਂ ਵਿੱਚ ਉਹ ਸਿਰਫ਼ ਪੰਜ ਦਿਨ ਸਹੁਰਿਆਂ ਦੇ ਰਹੀ। ਤੇਰ੍ਹਾਂ ਦਿਨ ਪੇਕਿਆਂ ਦੇ। ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੀ ਮਾਂ ਨਾਲ ਗੁਜ਼ਾਰਨਾ ਚਾਹੁੰਦੀ ਸੀ। ਜਸਪਾਲ ਵੀ ਸਹੁਰਿਆਂ ਦੇ ਰਿਹਾ। ਰਮਣੀਕ ਦੇ ਜਾਣ ਮਗਰੋਂ ਜਸਪਾਲ ਬਹੁਤ ਹੀ ਉਦਾਸ ਰਹਿਣ ਲੱਗਾ। ਦਿਨਾਂ ਵਿੱਚ ਹੀ ਉਹਦੇ ਚਿਹਰੇ ਤੋਂ ਰੌਣਕ ਗੁੰਮ ਹੋ ਗਈ। ਮਾਸੀ ਨੂੰ ਫ਼ਿਕਰ ਹੋਇਆ। ਉਸ ਜਸਪਾਲ ਨੂੰ ਪੁੱਛਿਆ, ਪਰ ਜਸਪਾਲ ਨੇ ਕੋਈ ਗੱਲ ਨਾ ਦੱਸੀ। ਮਾਸੀ ਨੇ ਮੈਨੂੰ ਫੋਨ ਕਰਕੇ ਆਪਣੀ ਚਿੰਤਾ ਜ਼ਾਹਿਰ ਕੀਤੀ। ਮੈਂ ਕਿਹਾ ਕਿ ਰਮਣੀਕ ਦੇ ਵਿਛੋੜੇ ਵਿੱਚ ਗ਼ਮਗੀਨ ਹੋਇਆ ਹੋਣਾ। ਰਮਣੀਕ ਨੇ ਜਾਣ ਸਾਰ ਹੀ ਪੇਪਰ ਭੇਜ ਦਿੱਤੇ। ਛੇ ਮਹੀਨਿਆਂ ਵਿੱਚ ਹੀ ਜਸਪਾਲ ਰਮਣੀਕ ਕੋਲ ਐਡੀਲੇਡ ਪਹੁੰਚ ਗਿਆ। ਜਾਣ ਵੇਲੇ ਉਹ ਬਹੁਤਾ ਖ਼ੁਸ਼ ਨਹੀਂ ਸੀ।
ਤਿੰਨ ਮਹੀਨਿਆਂ ਮਗਰੋਂ ਜਸਪਾਲ ਨੇ ਆਪਣੇ ਨੇੜਲੇ ਮਿੱਤਰ ਵਿੰਦਰ ਨੂੰ ਵਿਚਲੀ ਗੱਲ ਦੱਸੀ। ਵਿੰਦਰ ਨੇ ਮਾਸੀ ਨੂੰ ਦੱਸਿਆ। ਮਾਸੀ ਦੋਵੇਂ ਹੱਥਾਂ ਵਿੱਚ ਸਿਰ ਫੜ ਕੇ ਬੈਠ ਗਈ। ਗੱਲ ਮੇਰੇ ਕੋਲ ਪਹੁੰਚੀ। ਗੱਲ ਵਾਕਈ ਚਿੰਤਾ ਵਾਲੀ ਸੀ। ਰਮਣੀਕ ਦੀ ਮੰਮੀ ਨੂੰ ਬਰੈਸਟ ਕੈਂਸਰ ਸੀ। ਉਸ ਦੀ ਇਕ ਛਾਤੀ ਨੂੰ ਅਪ੍ਰੇਸ਼ਨ ਕਰਕੇ ਕੱਟ ਦਿੱਤਾ ਗਿਆ ਸੀ, ਪਰ ਕੈਂਸਰ ਦੀਆਂ ਜੜ੍ਹਾਂ ਸਾਰੀਆਂ ਹੱਡੀਆਂ ਤੱਕ ਫੈਲ ਗਈਆਂ ਸਨ। ਡਾਕਟਰਾਂ ਨੇ ਉਸ ਦੀ ਮੌਤ ਦਾ ਸਮਾਂ ਦੱਸ ਦਿੱਤਾ ਸੀ। ਉਸੇ ਦੀ ਜ਼ਿੱਦ ’ਤੇ ਰਮਣੀਕ ਦਾ ਵਿਆਹ ਕੀਤਾ ਸੀ ਤਾਂ ਜੋ ਉਹ ਆਪਣੇ ਹੱਥੀਂ ਆਪਣੀ ਧੀ ਦਾ ਕਾਰਜ ਸੰਪੂਰਨ ਕਰ ਜਾਵੇ। ਆਪਣੀ ਮੰਮੀ ਦੀ ਨਾਮੁਰਾਦ ਬਿਮਾਰੀ ਕਰਕੇ ਰਮਣੀਕ ਨੂੰ ਵਿਆਹ ਲਈ ਹਾਂ ਕਰਨੀ ਪਈ ਸੀ। ਮੁਕਲਾਵੇ ਵਾਲੀ ਰਾਤ ਨੂੰ ਉਸ ਨੇ ਜਸਪਾਲ ਨੂੰ ਸਭ ਕੁਝ ਦੱਸ ਦਿੱਤਾ ਸੀ, ‘‘ਮੈਨੂੰ ਪਤਾ, ਤੁਸੀਂ ਆਸਟਰੇਲੀਆ ਜਾਣ ਲਈ ਮੇਰੇ ਨਾਲ ਵਿਆਹ ਕੀਤਾ। ਮੇਰਾ ਤੁਹਾਡੇ ਨਾਲ ਵਾਅਦਾ ਰਿਹਾ ਕਿ ਮੈਂ ਤੁਹਾਨੂੰ ਆਸਟਰੇਲੀਆ ਦੀ ਪੀ.ਆਰ. ਦਿਵਾਵਾਂਗੀ। ਫੇਰ ਹੀ ਆਪਾਂ ਤਲਾਕ ਲਵਾਂਗੇ। ਮੈਂ ਕਿਸੇ ਦੀ ਅਮਾਨਤ ਆਂ। ਮੇਰੇ ਸਰੀਰ ਨੂੰ ਹੱਥ ਲਾਉਣ ਦੀ ਕੋਸ਼ਿਸ਼ ਨਾ ਕਰਨੀ। ਐਸ ਬੈੱਡ ’ਤੇ ਦੋ ਗੱਦੇ ਨੇ। ਇੱਕ ਨੂੰ ਹੇਠਾਂ ਸੁੱਟ ਕੇ ਤੁਸੀਂ ਸੌਂ ਜਾਓ ਜਾਂ ਮੈਂ ਸੌਂ ਜਾਂਦੀ ਹਾਂ। ਜੇ ਇਹ ਗੱਲ ਇਸ ਕਮਰੇ ’ਚੋਂ ਬਾਹਰ ਨਿਕਲੀ ਤਾਂ ਮੇਰਾ ਨ੍ਹੀਂ ਤੁਹਾਡਾ ਨੁਕਸਾਨ ਹੋਵੇਗਾ।’’
ਰਮਣੀਕ ਨੇ ਆਪਣੇ ਕਹੇ ਹੋਏ ਬੋਲਾਂ ਨੂੰ ਪੁਗਾਇਆ। ਜਿੱਥੇ ਜਸਪਾਲ ਦੇ ਰਹਿਣ ਦਾ ਉਸ ਪ੍ਰਬੰਧ ਕੀਤਾ ਸੀ, ਉੱਥੇ ਹਫ਼ਤੇ ਵਿੱਚ ਇੱਕ-ਅੱਧ ਵਾਰ ਗੇੜਾ ਮਾਰਦੀ। ਜੇ ਕਿਸੇ ਕੰਮ ਲਈ ਜਾਣਾ ਪੈਂਦਾ ਤਾਂ ਉਸ ਦੇ ਨਾਲ ਉਸ ਦਾ ਦੋਸਤ ਹੁੰਦਾ। ਉਹ ਜਸਪਾਲ ਨੂੰ ਪਿਛਲੀ ਸੀਟ ’ਤੇ ਬਿਠਾਉਂਦੇ। ਜੇ ਜਾਂਦਿਆਂ ਹੋਇਆਂ ਕੋਈ ਚੀਜ਼ ਖਾਂਦੇ ਤਾਂ ਉਹ ਅੱਧੀ ਜਸਪਾਲ ਨੂੰ ਦਿੰਦੇ। ਅੱਧੀ ਦੋਵੇਂ ਵਾਰੀ-ਵਾਰੀ ਖਾਂਦੇ। ਉਹ ਇਸ ਗੱਲ ਦੀ ਪ੍ਰਵਾਹ ਨਾ ਕਰਦੇ ਕਿ ਜਸਪਾਲ ਪਿਛਲੀ ਸੀਟ ’ਤੇ ਬੈਠਾ ਹੋਇਆ ਹੈ। ਉਹ ਜਸਪਾਲ ਦੀ ਅੱਧੀ ਕਮਾਈ ਲੈ ਲੈਂਦੀ। ਜੇ ਉਹ ਨਾਂਹ-ਨੁੱਕਰ ਕਰਦਾ ਤਾਂ ਉਹ ਪੁੱਛਦੀ, ‘‘ਐਨੇ ’ਚ ਪੀ.ਆਰ. ਮਿਲ ਜਾਵੇ ਤਾਂ ਕੋਈ ਘਾਟੇ ਦਾ ਸੌਦਾ ਹੈ ਤਾਂ ਦੱਸੋ।’’ ਰਮਣੀਕ ਦੀ ਪੀ.ਆਰ. ਦੇ ਪੈਸੇ ਮਾਸੜ ਜੀ ਨੇ ਇੱਥੋਂ ਭੇਜੇ।
ਮਾਸੀ ਦਾ ਰੋਣਾ ਮੈਥੋਂ ਦੇਖਿਆ ਨਾ ਜਾਂਦਾ। ਮੈਂ ਉਸ ਨੂੰ ਦਿਲਾਸਾ ਦਿੰਦਾ, ‘‘ਜਸਪਾਲ ਨੂੰ ਪੀ.ਆਰ. ਮਿਲ ਜਾਵੇ ਫੇਰ ਇੱਕ ਤੋਂ ਵੱਧ ਕੇ ਇੱਕ ਸੋਹਣੀ ਕੁੜੀ ਮਿਲ ਜਾਊਗੀ। ਤੁਸੀਂ ਐਵੇਂ ਚਿੰਤਾ ਨਾ ਕਰਿਆ ਕਰੋ। ਇਹ ਆਪਣੇ ਨਾਲ ਹੀ ਨ੍ਹੀਂ, ਬਹੁਤਿਆਂ ਨਾਲ ਅਜਿਹਾ ਵਾਪਰਿਆ ਹੋਇਆ ਆ।’’
ਉਹ ਡੌਰ-ਭੌਰ ਮੇਰੇ ਵੱਲ ਦੇਖਦੀ। ਜਿੱਦਾਂ ਮੈਂ ਪਹਿਲਾਂ ਵੀ ਕਈ ਸਮੱਸਿਆਵਾਂ ਦਾ ਹੱਲ ਲੱਭਿਆ ਸੀ, ਉੱਦਾਂ ਹੀ ਇਸ ਦਾ ਹੱਲ ਲੱਭ ਦੇਵਾਂਗਾ। ਇੱਕ ਦਿਨ ਉਹ ਮੇਰੇ ਕੋਲ ਆਈ ਹੋਈ ਸੀ। ਮੈਂ ਉਸ ਨੂੰ ਛੇੜਿਆ, ‘‘ਪਿੰਡ ’ਚ ਤਾਂ ਤੁਹਾਡੀ ਠੁੱਕ ਬੱਝੀ ਹੋਈ ਆ ਕਿ ਵੱਡਾ ਗਗਨ ਇਟਲੀ ’ਚ ਯੂਰੋ ਛਾਪ ਰਿਹਾ। ਛੋਟਾ ਜਸਪਾਲ ਆਸਟਰੇਲੀਆ ’ਚ ਡਾਲਰ ਕੁੱਟ ਰਿਹਾ। ਗਗਨ ਨੇ ਤਾਂ ਪੈਸਿਆਂ ਦਾ ਮੀਂਹ ਵਰਸਾ ਦਿੱਤਾ। ਚਹੁੰ ਸਾਲਾਂ ’ਚ ਹੀ ਤੁਹਾਨੂੰ ਤਿੰਨ ਮਰਲਿਆਂ ਦੇ ਘਰ ’ਚੋਂ ਕੱਢ ਕੇ ਮਹੱਲ ਵਰਗੀ ਕੋਠੀ ’ਚ ਲਿਆ ਬਿਠਾਇਆ। ਲੋਕ ਵੀ ਮੂੰਹ ’ਚ ਉਂਗਲਾਂ ਲੈ ਕੇ ਸੋਚਦੇ ਨੇ ਕਿ ਪਤਾ ਨ੍ਹੀਂ ਉਸ ਦੇ ਹੱਥ ਕਿਹੜਾ ਕਾਰੂ ਦਾ ਖ਼ਜ਼ਾਨਾ ਲੱਗ ਗਿਆ। ਹੁਣ ਤੁਸੀਂ ਦੋ ਵੇਲੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਕਿ ਉਸ ਤੁਹਾਡੀ ਸੁਣ ਲਈ। ਤੁਹਾਡੇ ਕੋਲ ਕਿਸੇ ਚੀਜ਼ ਦਾ ਘਾਟਾ ਨ੍ਹੀਂ ਰਿਹਾ।’’ ਉਹ ਮਰੀ ਜਿਹੀ ਆਵਾਜ਼ ਵਿੱਚ ਬੋਲੀ, ‘‘ਵੇ ਵੱਡਿਆ ਸਿਆਣਿਆਂ, ਚੁੱਪ ਹੀ ਭਲੀ ਆ।’’ ਮੈਂ ਪੁੱਛਿਆ, ‘‘ਇਸ ’ਚ ਕੀ ਝੂਠ ਆ?’’ ਉਸ ਕਿਹਾ, ‘‘ਇਹ ਤਾਂ ਲੋਕਾਂ ਲਈ ਆ। ਮੈਂ ਕਿੰਨੀ ਔਖੀ ਆਂ- ਇਹ ਤਾਂ ਮੇਰਾ ਰੱਬ ਜਾਣਦਾ। ਮੈਂ ਤਾਂ ਰੱਬ ਦੇ ਭਰੋਸੇ ਆਪਣੇ ਦਿਨ ਕੱਟ ਰਹੀ ਆਂ।’’ ਮੇਰੀ ਪਤਨੀ ਨੂੰ ਮਾਸੀ ਦਾ ਰੋਣਾ-ਧੋਣਾ ਚੰਗਾ ਨਾ ਲੱਗਾ, ‘‘ਮਾਸੀ ਜੀ, ਸਾਡੇ ਵੱਲ ਦੇਖੋ- ਸਾਡੇ ਕੋਲੋਂ ਆਪਣਾ ਮਕਾਨ ਨ੍ਹੀਂ ਬਣਾ ਹੋਇਆ ਅਜੇ ਤੀਕ। ਬੱਚਿਆਂ ਨੂੰ ਕਿੱਦਾਂ ਸੈੱਟ ਕਰਨਾ- ਕੋਈ ਸਮਝ ਨ੍ਹੀਂ ਆਉਂਦੀ। ਤੁਹਾਡੇ ਦੋਵੇਂ ਮੁੰਡੇ ਬਾਹਰ ਚਲੇ ਗਏ। ਭਗਵਾਨ ਰਾਮ ਨੂੰ ਯਾਦ ਕਰੋ ਜਿਸ ਨੇ ਐਨੀ ਮਿਹਰ ਕੀਤੀ ਆ।’’ ਮਾਸੀ ਨੇ ਨੀਵੀਂ ਪਾ ਲਈ। ਕਿਸੇ ਗਹਿਰੀ ਚਿੰਤਾ ਵਿੱਚ ਗੁਆਚ ਗਈ। ਪੁੱਛਣ ਲੱਗੀ, ‘‘ਰਛਪਿੰਦਰ, ਸੱਚੋਂ-ਸੱਚੀਂ ਦੱਸੀ। ਤੈਨੂੰ ਰਾਤ ਨੂੰ ਭਰਵੀਂ ਨੀਂਦ ਆਉਂਦੀ ਆ ਕਿ ਨ੍ਹੀਂ?’’ ਪਤਨੀ ਨੇ ਦੱਸਿਆ, ‘‘ਐਵੇਂ ਕਿਉਂ ਝੂਠ ਬੋਲਾਂ! ਥੱਕੀ ਹਾਰੀ ਨੂੰ ਪਤਾ ਹੀ ਨ੍ਹੀਂ ਲੱਗਦਾ ਕਦੋਂ ਨੀਂਦ ਆ ਜਾਂਦੀ। ਸਵੇਰ ਨੂੰ ਮੋਬਾਈਲ ’ਤੇ ਲੱਗੇ ਅਲਾਰਮ ਨਾਲ ਉੱਠਦੀ ਆਂ। ਜੇ ਇਹ ਨਾ ਬੋਲੇ ਤਾਂ ਸਵੇਰ ਦੇ ਨੌਂ ਵੱਜ ਜਾਣ।’’ ਮਾਸੀ ਨੇ ਕਿਹਾ, ‘‘ਮੈਨੂੰ ਪਿਛਲੇ ਅੱਠ ਮਹੀਨਿਆਂ ਤੋਂ ਰਾਤ ਨੂੰ ਨੀਂਦ ਨ੍ਹੀਂ ਆਉਂਦੀ। ਕਈ ਵਾਰ ਤਾਂ ਨੀਂਦ ਵਾਲੀ ਗੋਲੀ ਖਾ ਕੇ ਵੀ ਪਾਸੇ ਮਾਰਦਿਆਂ-ਮਾਰਦਿਆਂ ਰਾਤ ਬੀਤ ਜਾਂਦੀ ਐ। ਇਹੀ ਹਾਲ ਤੁਹਾਡੇ ਮਾਸੜ ਦਾ ਹੁੰਦਾ।’’ ਪਤਨੀ ਨੇ ਮਾਸੀ ਦਾ ਹੱਥ ਫੜ ਕੇ ਆਪਣੇ ਸਿਰ ’ਤੇ ਰੱਖ ਲਿਆ, ‘‘ਤੁਹਾਨੂੰ ਮੇਰੀ ਸਹੁੰ ਲੱਗੇ, ਜੇ ਤੁਸੀਂ ਝੂਠ ਬੋਲੋਂ- ਵਿੱਚੋਂ ਗੱਲ ਕੀ ਆ? ਖੁੱਲ੍ਹ ਕੇ ਦੱਸੋ। ਦੱਸਿਆਂ ਹੀ ਦੁੱਖ ਘਟਦਾ।’’
ਮਾਸੀ ਨੇ ਭਰ ਆਈਆਂ ਅੱਖਾਂ ਚੁੰਨੀ ਨਾਲ ਪੂੰਝੀਆਂ, ‘‘ਧੀਏ, ਕੀ ਦੱਸਾਂ- ਅਜੇ ਜਸਪਾਲ ਵਾਲੀ ਗੱਲ ਭੁੱਲੀ ਨ੍ਹੀਂ ਸੀ ਕਿ ਇਟਲੀ ਤੋਂ ਪੁਸ਼ਪਾ ਦਾ ਫ਼ੋਨ ਆ ਗਿਆ। ਮੈਂ ਉਸ ਨੂੰ ਜ਼ਿਆਦਾ ਹੀ ਘੂਰ ਦਿੱਤਾ ਕਿ ਚਾਰ ਸਾਲ ਹੋ ਗਏ ਤੈਨੂੰ ਬਾਹਰ ਗਈ ਨੂੰ। ਤੂੰ ਬੱਚਾ ਕਿਉਂ ਨ੍ਹੀਂ ਜੰਮਦੀ? ਜੇ ਕੋਈ ਕਸਰ-ਕੁਸਰ ਆ ਤਾਂ ਡਾਕਟਰ ਨੂੰ ਦਿਖਾਓ। ਉਹ ਅੱਗੋਂ ਹਟਕੋਰੇ ਲੈ ਕੇ ਰੋਣ ਲੱਗੀ, ‘ਮੰਮੀ ਜੀ ਬੱਚਾ ਕਿੱਥੋਂ ਹੋਵੇ। ਤੁਹਾਡਾ ਪੁੱਤ ਤਾਂ ਬਹੁਤਾ ਬਾਹਰ ਰਹਿੰਦਾ ਆਪਣੀ ਗਰਲਫਰੈਂਡ ਕੋਲ। ਕਈ ਵਾਰ ਤਾਂ ਮਹੀਨਾ-ਮਹੀਨਾ ਘਰ ਵੱਲ ਮੂੰਹ ਨ੍ਹੀਂ ਕਰਦਾ। ਮੈਂ ਤੁਹਾਨੂੰ ਇਸ ਕਰਕੇ ਨ੍ਹੀਂ ਦੱਸਿਆ ਕਿ ਤੁਸੀਂ ਮਨ ’ਤੇ ਬੋਝ ਪਾ ਲੈਂਦੇ ਹੋ।’ ਉਸ ਨੂੰ ਰੋਂਦਿਆਂ ਸੁਣ ਕੇ ਮੇਰੇ ਆਪਣੇ ਹੌਲ ਉੱਠਿਆ। ਮੈਂ ਆਪਣੇ ਆਪ ’ਤੇ ਕੰਟਰੋਲ ਰੱਖਿਆ। ਮਸਾਂ-ਮਸਾਂ ਉਸ ਨੂੰ ਚੁੱਪ ਕਰਾਇਆ। ਸਮਝਾਇਆ! ਧੀਰਜ ਰੱਖਣ ਨੂੰ ਕਿਹਾ। ਪਰ ਮੈਂ ਆਪ ਡੋਲ ਗਈ। ਉਹ ਵਾਰ-ਵਾਰ ਇੱਕੋ ਗੱਲ ਕਰੀ ਗਈ, ‘ਮੰਮੀ ਜੀ, ਤੁਸੀਂ ਜਲਦੀ ਇੱਥੇ ਆਓ। ਤੁਸੀਂ ਹੀ ਮੇਰਾ ਲੁੱਟਿਆ ਜਾ ਰਿਹਾ ਘਰ ਬਚਾ ਸਕਦੇ ਹੋ।’ ਅੱਜਕੱਲ੍ਹ ਮੇਰਾ ਸਾਰਾ ਧਿਆਨ ਤਾਂ ਜਸਪਾਲ ਤੇ ਪੁਸ਼ਪਾ ਵੱਲ ਲੱਗਾ ਰਹਿੰਦਾ। ਸਮਝ ਨ੍ਹੀਂ ਲੱਗਦੀ ਕਿ ਇਹ ਉਲਝੀ ਹੋਈ ਤਾਣੀ ਕਿਸ ਤਣ-ਪੱਤਣ ਲੱਗੇਗੀ। ਪੁਸ਼ਪਾ ਅਗਲੇ ਮਹੀਨੇ ਕਾਗਜ਼ ਭੇਜ ਰਹੀ ਐ। ਮੈਨੂੰ ਜਾਣਾ ਹੀ ਪੈਣਾ। ਪੁੱਤ ਦਾ ਘਰ ਵਸਾਉਣ ਲਈ ਸੌ ਹੀਲੇ ਕਰਨੇ ਪੈਂਦੇ ਨੇ। ਦੱਸੋ ਕੋਈ ਮੇਰੇ ਜਿੰਨਾ ਵੀ ਦੁਖੀ ਹੋਊਗਾ ਇਸ ਜਹਾਨ ’ਤੇ।’’ ਮਾਸੀ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਈ। ਸਾਡੇ ਵਿੱਚ ਇੰਨੀ ਹਿੰਮਤ ਨਹੀਂ ਬਚੀ ਸੀ ਕਿ ਅਸੀਂ ਉਸ ਨੂੰ ਚੁੱਪ ਕਰਵਾ ਦੇਈਏ।
‘‘ਚੱਲੋ ਬਹੁਤਾ ਸੋਚ ਕੇ ਕੀ ਬਣਦਾ। ਮੇਰਾ ਤਾਂ ਰੱਬ ਰਾਖਾ। ਉਹੀ ਮੇਰੀ ਡੁੱਬਦੀ ਹੋਈ ਬੇੜੀ ਨੂੰ ਕਿਸੇ ਕੰਢੇ ਲਾਵੇਗਾ।’’ ਮਾਸੀ ਨੇ ਇੰਨਾ ਕਹਿ ਕੇ ਕੰਬਲ ਵਿੱਚ ਆਪਣਾ ਆਪ ਲੁਕੋ ਲਿਆ।
ਸੰਪਰਕ: 98148-03254