ਬਹਾਦਰ ਸਿੰਘ ਗੋਸਲ
ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਜਿਨ੍ਹਾਂ ਸੂਰਬੀਰਾਂ ਨੇ ਸ਼ਹੀਦਾਂ ਦਿੱਤੀਆਂ ਜਾਂ ਜੇਲ੍ਹਾਂ ਕੱਟੀਆਂ, ਉਹ ਇਤਿਹਾਸ ਵਿੱਚ ਅਮਰ ਹੋ ਗਏ। ਅਜਿਹੇ ਹੀ ਇੱਕ ਦੇਸ਼ ਭਗਤ ਦਾ ਨਾਂ ਸੀ ਪੰਡਤ ਕਾਂਸ਼ੀ ਰਾਮ। ਉਨ੍ਹਾਂ ਦਾ ਨਾਂ ਇਸ ਕਰਕੇ ਵੀ ਪ੍ਰਸਿੱਧ ਹੈ ਕਿਉਂਕਿ ਉਹ ਗ਼ਦਰੀ ਲਹਿਰ ਦੇ ਸਭ ਤੋਂ ਪਹਿਲੇ ਸ਼ਹੀਦ ਸਨ।
ਪੰਡਤ ਕਾਂਸ਼ੀ ਰਾਮ ਦਾ ਜਨਮ ਜ਼ਿਲ੍ਹਾ ਰੋਪੜ ਦੇ ਪਿੰਡ ਮੜੌਲੀ (ਨੇੜੇ ਮੋਰਿੰਡਾ) 13 ਅਕਤੂਬਰ 1883 ਈ. ਵਿੱਚ ਹੋਇਆ। ਉਹ ਪ੍ਰਸਿੱਧ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾ ਨਾਲ ਮਿਲ ਕੇ ਗ਼ਦਰ ਪਾਰਟੀ ਦੀ ਨੀਂਹ ਰੱਖੀ ਅਤੇ ਪਾਰਟੀ ਦੇ ਖਜ਼ਾਨਚੀ ਵੀ ਰਹੇ। ਇਸ ਤੋਂ ਪਹਿਲਾਂ ਉਹ ਕੰਮ ਦੀ ਭਾਲ ਵਿੱਚ ਅਮਰੀਕਾ ਚਲੇ ਗਏ। ਸੰਨ 1914 ਵਿੱਚ ਉਹ ਹਿੰਦੋਸਤਾਨ ਵਾਪਸ ਆ ਗਏ ਅਤੇ ਗ਼ਦਰ ਪਾਰਟੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਭਾਰਤੀ ਫ਼ੌਜਾਂ ਵਿੱਚ ਆਜ਼ਾਦੀ ਦੀ ਲਹਿਰ ਦੀ ਚਿੰਗਾਰੀ ਲਗਾਉਣ ਦੀ ਕੋਸ਼ਿਸ਼ ਕੀਤੀ।
ਅਮਰੀਕਾ ’ਚੋਂ ਗ਼ਦਰ ਪਾਰਟੀ ਦੇ ਪ੍ਰੋਗਰਾਮ ਮੁਤਾਬਕ ਦੇਸ਼ ਨੂੰ ਮੁੜਨ ਸਮੇਂ ਆਮ ਗ਼ਦਰੀ ਦੇਸ਼ ਪਿਆਰ ਦੀ ਲੋਰ ਵਿੱਚ ਆਪਣਾ ਸਾਰਾ ਕਾਰੋਬਾਰ ਅਤੇ ਜਾਇਦਾਦਾਂ ਛੱਡ ਕੇ ਵਤਨਾਂ ਵੱਲ ਵਹੀਰਾਂ ਘੱਤ ਰਹੇ ਸਨ। ਉਨ੍ਹਾਂ ਨੂੰ ਦੇਸ਼ ਪਹੁੰਚਣ ਦੀ ਇੰਨੀ ਕਾਹਲ ਸੀ ਕਿ ਉਹ ਇਹ ਵੀ ਨਹੀਂ ਸੋਚ ਸਕੇ ਕਿ ਭਾਰਤ ਜਾ ਕੇ ਅੰਦੋਲਨ ਲਈ ਪੈਸਿਆਂ ਦੀ ਵੀ ਜ਼ਰੂਰਤ ਹੋਵੇਗੀ। ਪੰਡਤ ਕਾਂਸ਼ੀ ਰਾਮ ਦੇ ਉਸ ਸਮੇਂ 30 ਹਜ਼ਾਰ ਡਾਲਰ ਅਮਰੀਕਾ ਦੇ ਬੈਂਕਾਂ ਵਿੱਚ ਜਮ੍ਹਾਂ ਸਨ, ਜੋ ਉਹ ਲਿਆ ਨਾ ਸਕੇ ਅਤੇ ਹਿੰਦੋਸਤਾਨ ਆ ਕੇ ਫਾਂਸੀ ਚੜ੍ਹਨ ਪਿੱਛੋਂ ਇਹ ਸਾਰਾ ਪੈਸਾ ਅਮਰੀਕਾ ਸਰਕਾਰ ਨੇ ਜ਼ਬਤ ਕਰ ਲਿਆ।
ਹਿੰਦੋਸਤਾਨ ਪਹੁੰਚ ਕੇ ਉਨ੍ਹਾਂ ਨੂੰ ਪੈਸੇ ਦੀ ਥੁੜ੍ਹ ਮਹਿਸੂਸ ਹੋਣ ਲੱਗੀ। ਜਦੋਂ ਕਿਸੇ ਪਾਸਿਓਂ ਪੈਸਾ ਨਾ ਮਿਲਿਆ ਤਾਂ ਫ਼ੈਸਲਾ ਲਿਆ ਗਿਆ ਕਿ ਪੈਸਾ ਇਕੱਠਾ ਕਰਨ ਲਈ ਡਾਕੇ ਮਾਰੇ ਜਾਣ। ਭਾਵੇਂ ਉਹ ਜਾਣਦੇ ਸਨ ਕਿ ਡਾਕਾ ਮਾਰਨਾ ਚੰਗੀ ਗੱਲ ਨਹੀਂ ਅਤੇ ਸਮਾਜ ਵੀ ਇਸ ਦੀ ਆਗਿਆ ਨਹੀਂ ਦਿੰਦਾ ਪਰ ਜੇ ਵੱਡੇ ਲੋਕਾਂ ਦੇ ਘਰਾਂ ਵਿੱਚ ਦੱਬਿਆ ਪੈਸਾ ਲੋਕ ਭਲਾਈ ਦੇ ਕੰਮ ਆ ਜਾਵੇ ਤਾਂ ਇਹ ਚੰਗੀ ਸੋਚ ਹੀ ਮੰਨੀ ਜਾਂਦੀ ਹੈ। ਮਨੁੱਖ ਜਦੋਂ ਕਿਸੇ ਉਦੇਸ਼ ਲਈ ਆਪਾ ਵਾਰ ਦੇਵੇ ਤਾਂ ਉਹੀ ਉਸ ਲਈ ਸਭ ਤੋਂ ਵੱਡੀ ਕੁਰਬਾਨੀ ਹੈ, ਪੈਸਾ ਕੁਝ ਵੀਂ ਨਹੀਂ।
ਅਜਿਹੀ ਹੀ ਸੋਚ ਕਾਰਨ ਦੇਸ਼ ਭਗਤਾਂ ਨੂੰ ਡਾਕੇ ਮਾਰਨੇ ਪਏ, ਜਿਨ੍ਹਾਂ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਪਿੰਡ ਚੰਬੇ ਦਾ ਡਾਕਾ ਕਾਫ਼ੀ ਪ੍ਰਸਿੱਧ ਹੋਇਆ। ਇਨ੍ਹਾਂ ਡਾਕਿਆਂ ਕਰਕੇ ਉਨ੍ਹਾਂ ਨੂੰ ਕਈ ਵਾਰ ਪੁਲੀਸ ਝੜਪਾਂ ਦਾ ਸਾਹਮਣਾ ਕਰਨਾ ਪਿਆ। ਇੱਕ ਅਜਿਹੀ ਹੀ ਝੜਪ ਵਿੱਚ ਪੰਡਤ ਕਾਂਸ਼ੀ ਰਾਮ ਵੀ ਮੁਕਾਬਲੇ ਵਿੱਚ ਫੜੇ ਗਏ। ਬਾਅਦ ’ਚ ਸੱਤ ਜਣਿਆਂ ’ਤੇ ਮੁਕੱਦਮਾ ਚੱਲਿਆ ਅਤੇ ਫਾਂਸੀ ਦੀ ਸਜ਼ਾ ਹੋਈ। ਜਿਨ੍ਹਾਂ ਸੱਤ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਉਨ੍ਹਾਂ ਵਿੱਚ ਪੰਡਤ ਕਾਂਸ਼ੀ ਰਾਮ, ਸਰਦਾਰ ਜੀਵਨ ਸਿੰਘ, ਸਰਦਾਰ ਬਖ਼ਸ਼ੀਸ਼ ਸਿੰਘ, ਸਰਦਾਰ ਹਜ਼ਾਰਾ ਸਿੰਘ ਅਤੇ ਸਰਦਾਰ ਅਰਜਨ ਸਿੰਘ ਦੇ ਨਾਂ ਸ਼ਾਮਲ ਸਨ। ਅਜਿਹਾ ਉਨ੍ਹਾਂ ਨੇ ਆਜ਼ਾਦੀ ਦੇ ਜਜ਼ਬੇ ਦੇ ਅਧੀਨ ਹੋ ਕੇ ਕੀਤਾ।
ਚੰਬੇ ਪਿੰਡ ਵਿੱਚ ਡਾਕੇ ਦੀ ਘਟਨਾ ਤੋਂ ਇਹ ਗੱਲ ਸਾਫ਼ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਡਾਕਿਆਂ ਵਿੱਚ ਦੇਸ਼-ਭਗਤਾਂ ਦਾ ਕੋਈ ਵੀ ਨਿੱਜੀ ਲਾਭ ਨਹੀਂ ਸੀ। ਜਿਸ ਘਰ ਵਿੱਚ ਡਾਕਾ ਮਾਰਿਆ ਗਿਆ, ਉਸ ਘਰ ਵਿੱਚ ਨੌਜਵਾਨ ਲੜਕੀ ਵੀ ਸੀ। ਉਹ ਆਪਣੀ ਇੱਜ਼ਤ ਬਚਾਉਣ ਲਈ ਬਹੁਤ ਡਰ ਗਈ ਸੀ ਪਰ ਸਰਦਾਰ ਅਰਜਨ ਸਿੰਘ ਨੇ ਉਸ ਨੂੰ ਸੰਬੋਧਨ ਕਰਦਿਆ ਕਿਹਾ, ‘‘ਤੂੰ ਸਾਡੀ ਭੈਣ ਏਂ। ਤੇਰੇ ਵੱਲ ਕੋਈ ਮਾੜੀ ਅੱਖ ਨਾਲ ਨਹੀਂ ਦੇਖੇਗਾ। ਅਸੀਂ ਇਹ ਕੰਮ ਆਪਣੇ ਲਈ ਨਹੀਂ, ਸਗੋਂ ਦੇਸ਼ ਲਈ ਕਰ ਰਹੇ ਹਾਂ, ਕਿਉਂਕਿ ਜਿਸ ਕੰਮ ਲਈ ਅਸੀਂ ਹਜ਼ਾਰਾਂ ਮੀਲਾਂ ਤੋਂ ਆਪਣੀਆਂ ਜਾਇਦਾਦਾਂ ਜਾਂ ਰਕਮਾਂ ਬੈਂਕਾਂ ਵਿੱਚ ਛੱਡ ਕੇ ਆਏ ਹਾਂ, ਉਹ ਹੁਣ ਪੈਸਿਆਂ ਬਿਨਾਂ ਅਸਫ਼ਲ ਹੁੰਦਾ ਲੱਗਦਾ ਹੈ।’’ ਅਜਿਹਾ ਬਿਆਨ ਉਸ ਲੜਕੀ ਨੇ ਬਾਅਦ ਵਿੱਚ ਅਦਾਲਤ ਵਿੱਚ ਦਿੱਤਾ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਅਜਿਹਾ ਕੰਮ ਸਿਰਫ ਦੇਸ਼ ਭਗਤੀ ਤਹਿਤ ਕੀਤਾ ਗਿਆ ਸੀ।
ਪੰਡਤ ਕਾਂਸ਼ੀ ਰਾਮ ਪੁਲੀਸ ਮੁਕਾਬਲੇ ਵਿੱਚ ਫੜੇ ਗਏ ਅਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੂੰ 27 ਮਾਰਚ 1915 ਈ. ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਉਨ੍ਹਾਂ ਦਾ ਪਿੰਡ ਚੰਡੀਗੜ੍ਹ-ਲੁਧਿਆਣਾ ਰੋਡ ’ਤੇ ਮੋਰਿੰਡੇ ਕੋਲ ਹੈ, ਜਿੱਥੇ ਬਾਹਰ ਸੜਕ ’ਤੇ ਉਨ੍ਹਾਂ ਦੀ ਯਾਦਗਾਰ ਵਜੋਂ ਇੱਕ ਬੁੱਤ ਲਗਾਇਆ ਗਿਆ ਹੈ ਅਤੇ ਸਾਰਾ ਇਲਾਕਾ ਉਨ੍ਹਾਂ ਦੀ ਸ਼ਹੀਦੀ ’ਤੇ ਮਾਣ ਕਰਦਾ ਹੈ।
ਸੰਪਰਕ: 98764-52223