ਬਲਜਿੰਦਰ ਨਸਰਾਲੀ*
ਦਿੱਲੀਓਂ ਉੱਡਿਆ ਹਵਾਈ ਜਹਾਜ਼ ਪਲਾਂ ਵਿੱਚ ਹੀ ਹਰਿਆਣੇ ਦੇ ਆਸਮਾਨ ਉੱਤੇ ਪਹੁੰਚ ਗਿਆ ਸੀ। ਜਲਦੀ ਹੀ ਉਸ ਨੇ ਆਪਣਾ ਮੂੰਹ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵੱਲ ਕਰ ਲਿਆ। ਅੰਬਾਲੇ ਨੂੰ ਸੱਜੇ ਪਾਸੇ ਤੇ ਜਲੰਧਰ ਨੂੰ ਖੱਬੇ ਪਾਸੇ ਛੱਡਦਾ ਹੋਇਆ ਪੌਣੇ ਘੰਟੇ ਵਿਚ ਹੀ ਪਤਨੀਟਾਪ ਦੇ ਨੇੜਿਓਂ ਲੰਘ ਰਿਹਾ ਸੀ। ਖਿੜਕੀ ਰਾਹੀਂ ਮੈਂ ਥੱਲੇ ਦੇ ਇਲਾਕੇ ਨੂੰ ਪਛਾਣਨ ਦਾ ਯਤਨ ਕਰ ਰਿਹਾ ਸੀ। ਸੱਪ ਵਾਂਗ ਵਲ ਖਾਂਦਾ ਚਨਾਬ ਦਰਿਆ ਤੇ ਇਸ ਦੇ ਆਲੇ-ਦੁਆਲੇ ਦੀਆਂ ਪੀਰ ਪੰਜਾਲ ਦੀਆਂ ਪਹਾੜੀਆਂ ਨੂੰ ਮੈਂ ਸਾਫ਼ ਤੌਰ ’ਤੇ ਪਛਾਣ ਸਕਿਆ ਸਾਂ। ਇਸ ਇਲਾਕੇ ਦੇ ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ ਫੈਲੀ ਕੁੜੱਤਣ ਨੂੰ ਘਟਾਉਣ ਲਈ ਮੈਂ ਯੂਨੀਵਰਸਿਟੀ ਵੱਲੋਂ ਤਿੰਨ ਥਾਵਾਂ ’ਤੇ ਭਾਸ਼ਣ ਦੇਣ ਆਇਆ ਸਾਂ।
ਪੀਰ ਪੰਜਾਲ ਦੀਆਂ ਪਹਾੜੀਆਂ ਲੰਘ ਕੇ ਕਸ਼ਮੀਰ ਦਾ ਪੱਧਰਾ ਮੈਦਾਨ ਦਿਖਾਈ ਦੇਣ ਲੱਗਿਆ। ਪਿੰਡਾਂ ਦੇ ਘਰਾਂ ਦੀਆਂ ਟੀਨ ਵਾਲੀਆਂ ਛੱਤਾਂ ਸੂਰਜ ਦੀ ਲਿਸ਼ਕੋਰ ਨਾਲ ਚਮਕ ਰਹੀਆਂ ਸਨ। ਸ੍ਰੀਨਗਰ ਨੇੜੇ ਹੋਣ ਕਾਰਨ ਜਹਾਜ਼ ਪਲੋ ਪਲ ਨੀਵਾਂ ਹੁੰਦਾ ਜਾ ਰਿਹਾ ਸੀ।
ਏਅਰਪੋਰਟ ਤੋਂ ਬਾਹਰ ਆ ਅਸੀਂ ਬੱਸ ਸਟੈਂਡ ਤੇ ਡੱਲ ਝੀਲ ਜਾਣ ਲਈ ਟੈਕਸੀ ਲੈ ਲਈ। ਸ੍ਰੀਨਗਰ ਤੋਂ ਲੇਹ ਜਾਣ ਵਾਲੀ ਇਕੋ ਇਕ ਬੱਸ ਸਵੇਰੇ ਅੱਠ ਵਜੇ ਨਿਕਲਣੀ ਸੀ। ਅੱਜ ਉਸਦੀਆਂ ਸੀਟਾਂ ਰਾਖਵੀਆਂ ਕਰਾ ਲੈਣੀਆਂ ਜ਼ਰੂਰੀ ਸਨ। ਸੀਟਾਂ ਕਰਾ ਕੇ ਅਸੀਂ ਆਪਣਾ ਸਾਮਾਨ ਡੱਲ ਝੀਲ ਵਿੱਚ ਬੁੱਕ ਆਪਣੀ ਹਾਊਸ ਬੋਟ ਵਿਚ ਟਿਕਾ ਕੇ ਬਾਹਰ ਪੜਛੱਤੀ ਥੱਲੇ ਕੁਰਸੀਆਂ ’ਤੇ ਬੈਠ ਕੇ ਸ਼ਾਮ ਦਾ ਆਨੰਦ ਮਾਨਣ ਲੱਗੇ।
ਤੈਰਦੇ ਸ਼ਿਕਾਰਿਆਂ ਵਿੱਚ ਦੁਕਾਨਦਾਰ ਆਪਣਾ ਸਾਮਾਨ ਵੇਚਦੇ ਫਿਰ ਰਹੇ ਸਨ। ਮੱਛੀ ਤੇ ਮੁਰਗਾ ਵੇਚਣ ਵਾਲਾ ਆਪਣੇ ਸ਼ਿਕਾਰੇ ਵਿੱਚ ਹੀ ਕੋਲਿਆਂ ’ਤੇ ਭੁੰਨ ਭੁੰਨ ਕੇ ਵੇਚੀ ਜਾ ਰਿਹਾ ਸੀ। ਉਸ ਦੇ ਜਾਣ ਤੋਂ ਬਾਅਦ ਦੂਜਾ ਸ਼ਿਕਾਰੇ ਵਾਲਾ ਚੱਪੂ ਮਾਰਦਾ ਹੋਇਆ ਸਾਡੇ ਵੱਲ ਆਇਆ, ਉਸ ਨੇ ਕਸ਼ਮੀਰੀ ਸ਼ਾਲ ਸਜਾ ਕੇ ਰੱਖੇ ਹੋਏ ਸਨ। ਕੁਝ ਸਮੇਂ ਬਾਅਦ ਗਲੀਚੇ ਵੇਚਣ ਵਾਲਾ ਆ ਗਿਆ। ਲੰਮੇ ਸਮੇਂ ਤੋਂ ਅਤਿਵਾਦ ਦਾ ਸੰਤਾਪ ਹੰਢਾਅ ਰਹੇ ਕਸ਼ਮੀਰੀ ਲੋਕ ਦੁੱਖਾਂ ਦੇ ਝੰਬੇ ਪਏ ਸਨ। ਪੀੜ ਨੇ ਉਨ੍ਹਾਂ ਦੀ ਆਵਾਜ਼, ਚਿਹਰਾ ਤੇ ਸਮੁੱਚੀ ਦਿੱਖ ਵਿੰਨ੍ਹੀ ਪਈ ਸੀ।
ਮੈਂ ਆਪਣੀ ਪਤਨੀ ਤੇ ਬੇਟੇ ਨੂੰ ਇਨ੍ਹਾਂ ਲੋਕਾਂ ਨਾਲ ਵੱਧ ਤੋਂ ਵੱਧ ਪਿਆਰ ਨਾਲ ਪੇਸ਼ ਆਉਣ ਲਈ ਕਿਹਾ। ਇਸ ਸਫ਼ਰ ਦੀ ਰੂਪ ਰੇਖਾ ਮੇਰੇ ਵੱਡੇ ਬੇਟੇ ਨੇ ਬਣਾਈ ਸੀ। ਉਹ ਖ਼ੁਦ ਇਕ ਵਾਰ ਲੇਹ ਜਾ ਚੁੱਕਾ ਸੀ ਤੇ ਕੁਝ ਦਿਨਾਂ ਬਾਅਦ ਪੇਪਰ ਖ਼ਤਮ ਹੋਣ ਤੋਂ ਬਾਅਦ ਉਸ ਨੇ ਆਪਣੇ ਦੋਸਤ ਨਾਲ ਫਿਰ ਆਉਣਾ ਸੀ। ਉਸ ਨੇ ਜਹਾਜ਼ ਰਾਹੀਂ ਸਿੱਧਾ ਲੇਹ ਜਾਣ ਦੀ ਬਜਾਏ ਸ੍ਰੀਨਗਰ ਤੱਕ ਜਹਾਜ਼ ਰਾਹੀਂ ਤੇ ਅੱਗੇ ਸੜਕੀ ਰਸਤੇ ਜਾਣ ਲਈ ਕਿਹਾ ਸੀ।
ਸਾਡੀ ਬੱਸ ਅਗਲੇ ਦਿਨ ਸਹੀ ਸਮੇਂ ’ਤੇ ਡੇਢ ਦਿਨ ਦੀ ਲੰਮੀ ਯਾਤਰਾ ’ਤੇ ਚੱਲ ਪਈ। ਬੱਸ ਦਾ ਕਸ਼ਮੀਰੀ ਸਿੱਖ ਡਰਾਈਵਰ ਸਭ ਨਾਲ ਮੁਸਕਰਾ ਕੇ ਗੱਲ ਕਰ ਰਿਹਾ ਸੀ। ਵਿਦੇਸ਼ੀ ਗੋਰੇ ਯਾਤਰੀਆਂ ਤੇ ਦੇਸੀ ਰਾਜਸਥਾਨੀ ਯਾਤਰੀਆਂ ਨੇ ਇਕ ਦੂਜੇ ਨਾਲ ਹੈਲੋ ਕੀਤੀ। ਸਭ ਨੂੰ ਔਖੇ ਸਫ਼ਰ ਵਿੱਚ ਇਕ-ਦੂਜੇ ਦੇ ਸਾਥ ਦੇ ਕੀਮਤੀ ਹੋਣ ਦਾ ਅਹਿਸਾਸ ਸੀ। ਜਿਹਲਮ ਦਰਿਆ ਸ੍ਰੀਨਗਰ ਦੇ ਵਿੱਚੋਂ ਹੌਲੀ-ਹੌਲੀ ਵਗਦਾ ਸੀ। ਬਹੁਤ ਸਾਰੀਆਂ ਹਾਊਸ ਬੋਟਾਂ ਇਸ ਵਿੱਚ ਵੀ ਖੜ੍ਹੀਆਂ ਸਨ। ਬੱਸ ਸ੍ਰੀਨਗਰ ਦੀਆਂ ਸੀਮਿੰਟ ਅਤੇ ਲੱਕੜ ਦੀਆਂ ਬਣੀਆਂ ਇਮਾਰਤਾਂ ਨੂੰ ਪਾਰ ਕਰਦੀ ਹੋਈ ਸ਼ਹਿਰ ਤੋਂ ਬਾਹਰ ਵੱਲ ਜਾ ਰਹੀ ਸੀ।
ਰਸਤੇ ਵਿਚ ਸਿੰਧ ਦਰਿਆ ਬਹੁਤਾ ਸਮਾਂ ਨਾਲ ਨਾਲ ਹੀ ਚਲਦਾ ਰਿਹਾ। ਦੁਪਹਿਰ ਤੱਕ ਅਸੀਂ ਜ਼ੋਜੀਲਾ ਦੱਰੇ ਦੇ ਪੈਰਾਂ ਵਿੱਚ ਪਹੁੰਚ ਗਏ ਸਾਂ। ਇਹ ਲੇਹ ਲੱਦਾਖ ਤੇ ਕਸ਼ਮੀਰ ਵਿੱਚ ਖੜ੍ਹੀ ਇੱਕ ਪਹਾੜੀ ਕੰਧ ਸੀ। ਸਿੱਧੀ ਚੜ੍ਹਾਈ ਤੇ ਟੇਢੇ ਮੇਢੇ ਰਸਤੇ। ਸੜਕ ਕੱਚੀ ਸੀ। ਮੈਨੂੰ ਯਾਦ ਆਇਆ ਇਹੀ ਉਹ ਥਾਂ ਸੀ ਜਿਸ ਤੋਂ ਡਰਦਾ ਮਾਰਿਆ ਮੈਂ ਕਈ ਸਾਲਾਂ ਦਾ ਏਧਰ ਨੂੰ ਮੂੰਹ ਨਹੀਂ ਕਰ ਰਿਹਾ ਸੀ।
‘‘ਡਰਾਈਵਰ ਠੀਕ ਹੈ?’’ ਪਹਾੜ ਦੇ ਖ਼ਤਰੇ ਨੂੰ ਭਾਂਪਦਿਆਂ ਮੇਰੇ ਬਰਾਬਰ ਵਾਲੀ ਸੀਟ ’ਤੇ ਬੈਠੀ ਕੈਨੇਡਾ ਦੇ ਸ਼ਹਿਰ ਮੌਂਟਰੀਆਲ ਦੀ ਫਰੈਂਚ ਕੁੜੀ ਨੇ ਮੈਨੂੰ ਪੁੱਛਿਆ। ‘‘ਤੁਹਾਡੇ ਕੈਨੇਡਾ ਵਿਚ ਤਾਂ ਬਹੁਤੇ ਡਰਾਈਵਰ ਪੰਜਾਬੀ ਹੀ ਹੁੰਦੇ ਨੇ।’’ ਮੇਰਾ ਜਵਾਬ ਸੁਣ ਕੇ ਉਹ ਤੇ ਉਸ ਦਾ ਸਾਥੀ ਮੁੰਡਾ ਖੁੱਲ੍ਹ ਕੇ ਹੱਸੇ।
ਜ਼ੋਜੀਲਾ ਇਨ੍ਹਾਂ ਪਹਾੜੀਆਂ ’ਤੇ ਮਿਲਦੇ ਇਕ ਦਰੱਖਤ ਦਾ ਨਾਮ ਹੈ। ਉਸ ਦੇ ਨਾਮ ’ਤੇ ਇਸ ਦੱਰੇ ਅਰਥਾਤ ਦਰਵਾਜ਼ੇ ਦਾ ਨਾਮ ਜੋਜ਼ੀਲਾ ਦੱਰਾ ਪੈ ਗਿਆ। ਇੱਥੋਂ ਹੀ ਸਿੱਖਾਂ ਤੇ ਡੋਗਰਿਆਂ ਦੀਆਂ ਫ਼ੌਜਾਂ ਜਨਰਲ ਜ਼ੋਰਾਵਰ ਸਿੰਘ ਦੀ ਅਗਵਾਈ ਵਿੱਚ ਲੇਹ ਵੱਲ ਜਿੱਤ ਪ੍ਰਾਪਤ ਕਰਨ ਗਈਆਂ ਸਨ।
‘‘ਰਸਤੇ ਦਾ ਏਨਾ ਬੁਰਾ ਹਾਲ ਕਿਉਂ ਹੈ?’’ ਮੇਰੇ ਅੱਗੇ ਆਪਣੇ ਪੋਲਿਸ਼ ਮਿੱਤਰ ਲੁਕਾਚ ਨਾਲ ਬੈਠੀ ਤਾਇਵਾਨੀ ਕੁੜੀ ਸਮਾਥਾ ਲਿਨ ਨੇ ਪੁੱਛਿਆ।
‘‘ਏਥੇ ਹੁਣ ਸੁਰੰਗ ਬਣ ਰਹੀ ਹੈ, ਅਗਲੇ ਸਾਲ ਤੱਕ ਬਣਨੀ ਚਾਹੀਦੀ ਐ।’’ ਮੈਂ ਦੇਸ਼ ਦੀ ਇੱਜ਼ਤ ਰੱਖਣ ਲਈ ਬੋਲਿਆ ਤਾਂ ਸੱਚ ਹੀ ਸੀ, ਪਰ ਸ਼ਰਮਿੰਦਾ ਵੀ ਸਾਂ।
ਜੂਨ ਦਾ ਮਹੀਨਾ ਹੋਣ ਕਾਰਨ ਬਹੁਤੀਆਂ ਥਾਵਾਂ ਤੋਂ ਬਰਫ਼ ਪਿਘਲ ਗਈ ਸੀ, ਪਰ ਚੋਟੀਆਂ ਉੱਪਰ ਅਜੇ ਵੀ ਬਰਫ਼ ਦੀ ਚਿੱਟੀ ਤਹਿ ਜੰਮੀ ਪਈ ਸੀ। ਥੱਲੇ ਸਿੰਧ ਦਰਿਆ ਦੇ ਕੰਢੇ ’ਤੇ ਸੈਂਕੜੇ ਤੰਬੂ ਚਮਕ ਰਹੇ ਸਨ। ਥੋੜ੍ਹੇ ਦਿਨਾਂ ਤੱਕ ਅਮਰਨਾਥ ਦੀ ਯਾਤਰਾ ਸ਼ੁਰੂ ਹੋਣ ਵਾਲੀ ਸੀ। ਸ਼ਰਧਾਲੂਆਂ ਨੇ ਇਨ੍ਹਾਂ ਤੰਬੂਆਂ ਵਿੱਚ ਰਾਤ ਦਾ ਪੜਾਅ ਕਰ ਕੇ ਅੱਗੇ ਦੀ ਯਾਤਰਾ ਕਰਨੀ ਸੀ।
ਸਾਡੀ ਬੱਸ ਜ਼ੋਜੀਲਾ ਦੱਰੇ ਨੂੰ ਪਾਰ ਕਰਨ ਲਈ ਚੜ੍ਹਾਈ ਸ਼ੁਰੂ ਕਰ ਚੁੱਕੀ ਸੀ। ਰਸਤੇ ਦੇ ਇੱਕ ਪਾਸੇ ਕੱਚੇ ਰੜੇ ਪਹਾੜ ਸਨ ਤੇ ਦੂਜੇ ਪਾਸੇ ਡੂੰਘੀ ਖੱਡ ਸੀ। ਜਿਉਂ ਜਿਉਂ ਅਸੀਂ ਚੋਟੀ ਵੱਲ ਵਧ ਰਹੇ ਸਾਂ ਖੱਡ ਹੋਰ ਡੂੰਘੀ ਤੇ ਹੋਰ ਡਰਾਵਣੀ ਹੁੰਦੀ ਜਾ ਰਹੀ ਸੀ। ਟੁੱਟੀ ਭੱਜੀ ਸੜਕ ਤਾਜ਼ੇ ਪੈ ਕੇ ਹਟੇ ਮੀਂਹ ਕਾਰਨ ਗਿੱਲੀ ਤੇ ਚਿੱਕੜ ਨਾਲ ਭਰੀ ਪਈ ਸੀ। ਬੱਦਲ ਸਾਨੂੰ ਛੂਹ ਕੇ ਲੰਘ ਰਹੇ ਸਨ। ਅੱਗੇ ਵੀਹ-ਪੱਚੀ ਗੱਡੀਆਂ ਦਾ ਜਾਮ ਲੱਗਿਆ ਹੋਇਆ ਸੀ। ਮੀਂਹ ਪੈਣ ਕਾਰਨ ਬਹੁਤ ਸਾਰੀ ਮਿੱਟੀ ਤੇ ਪੱਥਰ ਸੜਕ ਉੱਪਰ ਆ ਡਿੱਗੇ ਸਨ। ਮਜ਼ਦੂਰ ਬੜੀ ਤੇਜ਼ੀ ਨਾਲ ਸੜਕ ਸਾਫ਼ ਕਰ ਰਹੇ ਸਨ।
ਜ਼ੋਜੀਲਾ ਦੱਰਾ ਪਾਰ ਕਰਨ ਤੋਂ ਬਾਅਦ ਥੋੜ੍ਹੀ ਉਤਰਾਈ ਤੋਂ ਬਾਅਦ ਸੜਕ ਸਿੱਧੀ ਕਾਰਗਿਲ ਵੱਲ ਹੋ ਗਈ ਸੀ। ਇਹ ਕਸ਼ਮੀਰ ਅਤੇ ਲੇਹ ਤੋਂ ਬਿਲਕੁਲ ਅਲੱਗ ਬਾਲਤੀ ਭਾਸ਼ਾ ਬੋਲਣ ਵਾਲਾ ਇਲਾਕਾ ਸੀ। ਗਿਲਗਿਤ ਤੇ ਬਾਲਤੀਸਤਾਨ ਦਾ ਇਹ ਉਹੀ ਇਲਾਕਾ ਹੈ ਜਿਸ ਬਾਰੇ ਸੋਸ਼ਲ ਮੀਡੀਆ ਉਪਰ ਇਲਾਕੇ ਦੇ ਲੋਕਾਂ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਗੱਲ ਚਲਦੀ ਰਹਿੰਦੀ ਸੀ। ਇਸ ਖ਼ੂਬਸੂਰਤ ਇਲਾਕੇ ਦੀ ਇੱਕ ਕਾਤਰ ਜਿਹੀ ਕਾਰਗਿਲ ਦੇ ਇਲਾਕੇ ਦੇ ਤੌਰ ’ਤੇ ਸਾਡੇ ਕੋਲ ਬਚੀ ਸੀ।
ਖੱਬੇ ਪਾਸੇ ਉਹ ਪਹਾੜੀਆਂ ਸਨ ਜਿਨ੍ਹਾਂ ਉਪਰ ਭਾਰਤ ਤੇ ਪਾਕਿਸਤਾਨ ਨੇ 1999 ਵਿੱਚ ਕਾਰਗਿਲ ਦੀ ਜੰਗ ਲੜੀ ਸੀ। ਇਸ ਦਾ ਮਤਲਬ ਅਸੀਂ ਪਾਕਿਸਤਾਨ ਦੀ ਸਰਹੱਦ ਦੇ ਨਾਲ ਨਾਲ ਜਾ ਰਹੇ ਸਾਂ। ਕਾਰਗਿਲ ਸ਼ਹਿਰ ਤੋਂ ਪਹਿਲਾਂ ਕਾਰਗਿਲ ਦੀ ਜੰਗ ਦੀ ਯਾਦ ਵਿੱਚ ਮਿਊਜ਼ੀਅਮ ਬਣਿਆ ਹੋਇਆ ਸੀ। ਅਸੀਂ ਥੋੜ੍ਹੇ ਸਮੇਂ ਲਈ ਕਾਹਲੀ ਨਾਲ ਮਿਊਜ਼ੀਅਮ ਦੇਖਿਆ। ਸਵਿਟਜ਼ਰਲੈਂਡ ਦੀਆਂ ਬਣੀਆਂ ਬੋਫੋਰਸ ਤੋਪਾਂ ਵਿਹੜੇ ਵਿਚ ਤਾਇਨਾਤ ਸਨ। ਇਨ੍ਹਾਂ ਦੀ ਇਸ ਜੰਗ ਨੂੰ ਜਿੱਤਣ ਵਿਚ ਖ਼ਾਸ ਭੂਮਿਕਾ ਰਹੀ ਸੀ।
ਦਿਨ ਖੜ੍ਹੇ ਬੱਸ ਕਾਰਗਿਲ ਸ਼ਹਿਰ ਦੇ ਬੱਸ ਅੱਡੇ ਵਿਚ ਜਾ ਖੜ੍ਹੀ। ਡਰਾਈਵਰ ਨੇ ਨੇੜੇ ਦੇ ਹੋਟਲਾਂ ਵਿੱਚ ਕਮਰਾ ਲੈ ਕੇ ਰਾਤ ਕੱਟਣ ਤੇ ਸਵੇਰੇ ਪੰਜ ਵਜਦੇ ਨੂੰ ਤਿਆਰ ਹੋ ਕੇ ਬੱਸ ਕੋਲ ਪਹੁੰਚਣ ਨੂੰ ਆਖ ਦਿੱਤਾ। ਕਮਰੇ ਵਿੱਚ ਸਾਮਾਨ ਟਿਕਾ ਕੇ ਅਸੀਂ ਬਾਲਤੀ ਲੋਕਾਂ ਨੂੰ ਦੇਖਣ ਲਈ ਬਾਜ਼ਾਰ ਦਾ ਗੇੜਾ ਲਾਉਣ ਲੱਗੇ। ਮੰਗੋਲ ਨਸਲ ਦੇ ਫਿੰਨੇ ਨੱਕਾਂ ਵਾਲੇ ਗੋਰੇ ਰੰਗ ਦੇ ਇਹ ਲੋਕ ਬਹੁਤ ਸੋਹਣੇ ਸਨ।
ਇਨ੍ਹਾਂ ਦੀ 70 ਫ਼ੀਸਦੀ ਵਸੋਂ ਮੁਸਲਮਾਨ ਤੇ ਬਾਕੀ ਬੋਧੀ ਹਨ। ਲੇਹ ਵਿੱਚ ਬੋਧੀ ਵੱਧ ਤੇ ਮੁਸਲਮਾਨ ਘੱਟ ਹਨ। ਇਸ ਸ਼ਹਿਰ ਵਿੱਚੋਂ ਦਰਿਆ ਲੰਘ ਕੇ ਪਾਕਿਸਤਾਨ ਜਾਂਦਾ ਹੈ। ਕਸ਼ਮੀਰ ਦੀ ਵੱਖਵਾਦੀ ਲਹਿਰ ਤੋਂ ਵੀ ਇਹ ਲੋਕ ਦੂਰੀ ਬਣਾ ਕੇ ਰੱਖਦੇ ਹਨ।
ਕਾਰਗਿਲ ਤੋਂ ਲੇਹ ਤੱਕ ਆਵਾਜਾਈ ਬਹੁਤ ਘੱਟ ਸੀ। ਆਬਾਦੀ ਏਨੀ ਘੱਟ ਸੀ ਕਿ ਚਾਰ ਕੋਹ ’ਤੇ ਦੀਵਾ ਬਾਲਣ ਵਾਲੀ ਕਥਾ ਸਾਕਾਰ ਹੁੰਦੀ ਦੇਖੀ। ਇੱਕ ਥਾਂ ਇੱਕ ਪਹਾੜੀਏ ਨੇ ਹੱਥ ਦੇ ਕੇ ਬੱਸ ਰੋਕੀ ਤੇ ਅੰਦਰ ਆ ਗਿਆ। ਅੱਧਖੜ੍ਹ ਉਮਰ ਦਾ ਪਹਾੜੀਆ ’ਕੱਲੀ-’ਕੱਲੀ ਸਵਾਰੀ ਵੱਲ ਦੇਖ ਕੇ ਮੁਕਰਾਉਣ ਲੱਗਾ। ਉਹ ਮੇਰੇ ਪਿੱਛੇ ਵਾਲੀ ਸੀਟ ’ਤੇ ਬੈਠ ਗਿਆ। ਮੈਂ ਹੈਰਾਨ ਸਾਂ ਏਨੀ ਸੁੰਨਸਾਨ ਥਾਂ ’ਤੇ ਵੀ ਕੋਈ ਵਸਦਾ ਸੀ।
‘‘ਕਹਾਂ ਸੇ ਆ ਰਹੇ ਹੋ?’’ ਉਸ ਨੇ ਮੇਰੇ ਮੋਢੇ ’ਤੇ ਹੱਥ ਲਾਉਂਦਿਆਂ ਪੁੱਛਿਆ।
‘‘ਦਿੱਲੀ,’’ ਮੈਂ ਕਿਹਾ।
‘‘ਜ਼ਿੰਦਗੀ ਦਾ ਮਿਜਾਜ਼ ਕੈਸਾ ਹੈ ਵਹਾਂ?’’ ਉਸ ਨੇ ਉਤਸੁਕਤਾ ਵੱਸ ਪੁੱਛਿਆ। ਬੰਦਿਆਂ ਨੂੰ ਦੇਖਣ ਲਈ ਇਹ ਕਿੰਨਾ ਤਰਸਦੇ ਰਹਿੰਦੇ ਹੋਣਗੇ।
ਲੇਹ ਤੋਂ ਕੁਝ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਆਇਆ। ਮੈਂ ਆਪਣੇ ਸਾਥੀ ਵਿਦੇਸ਼ੀ ਮੁਸਾਫ਼ਰਾਂ ਨੂੰ ਬੱਸ ਦੇ ਬਾਹਰ ਖੜ੍ਹ ਕੇ ਪਹਿਲਾਂ ਗੁਰੂ ਸਾਹਿਬ ਸਬੰਧੀ ਛੋਟਾ ਜਿਹਾ ਭਾਸ਼ਣ ਦਿੱਤਾ ਤੇ ਫਿਰ ਉਨ੍ਹਾਂ ਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਏ। ਉਹ ਸਾਰੇ ਜਗਿਆਸੂ ਯਾਤਰੀ ਸਨ। ਇਸ ਲਈ ਉਨ੍ਹਾਂ ਨੇ ਬਾਬੇ ਦੀਆਂ ਯਾਤਰਾਵਾਂ ਵਾਲੀ ਗੱਲ ਖ਼ੂਬ ਸਰਾਹੀ।
ਪਿਆਰੇ ਮਿੱਤਰ ਮੇਜਰ ਜਤਿੰਦਰਪਾਲ ਦੀ ਬਦੌਲਤ ਛਾਉਣੀ ਦੇ ਗੈਸਟ ਹਾਊਸ ਵਿੱਚ ਸਾਡਾ ਕਮਰਾ ਰਾਖਵਾਂ ਸੀ। ਪਰ ਸੁੱਕੇ ਪਹਾੜਾਂ ਨੂੰ ਦੇਖ ਕੇ ਚਿੱਤ ਵਿੱਚ ਉਦਾਸੀ ਪੈਦਾ ਹੋ ਰਹੀ ਸੀ। ਛਾਉਣੀ ਦੀ ਸੁੰਨ ਸਰਾਂ ਇਸ ਉਦਾਸੀ ਵਿੱਚ ਹੋਰ ਵਾਧਾ ਕਰ ਰਹੀ ਸੀ। ਅਗਲੇ ਦਿਨ ਇਹ ਮੁਫ਼ਤ ਦਾ ਕਮਰਾ ਛੱਡ ਮੈਂ ਸ਼ਹਿਰ ਦੇ ਰੌਣਕੀਲੇ ਬਾਜ਼ਾਰ ਵਿੱਚ ਇੱਕ ਹੋਟਲ ਵਿੱਚ ਕਮਰਾ ਲੈ ਲਿਆ।
ਸਾਡਾ ਅਗਲਾ ਪੜਾਅ ਨੁਬਰਾ ਵੈਲੀ ਸੀ। ਇਹ ਇਲਾਕਾ ਚੀਨ ਨਾਲ ਲਗਦਾ ਹੋਣ ਕਰਕੇ ਸੰਵੇਦਨਸ਼ੀਲ ਸੀ ਤੇ ਉੱਥੇ ਜਾਣ ਲਈ ਪਰਮਿਟ ਲੈਣਾ ਪੈਂਦਾ ਸੀ। ਅਸੀਂ ਸਥਾਨਕ ਦਫ਼ਤਰ ਨੂੰ ਪਹਿਲਾਂ ਹੀ ਆਨਲਾਈਨ ਅਪਲਾਈ ਕਰ ਦਿੱਤਾ ਸੀ। ਮੈਂ ਜਾ ਕੇ ਪਰਮਿਟ ਲੈ ਆਇਆ। ਅਸੀਂ ਇੱਕ ਨਿੱਜੀ ਬੱਸ ਰਾਹੀਂ ਜਲਦੀ ਹੀ ਲੇਹ ਤੋਂ ਉਪਰਲੀਆਂ ਪਹਾੜੀਆਂ ’ਤੇ ਪਹੁੰਚ ਗਏ। ਉੱਥੋਂ ਛੋਟਾ ਜਿਹਾ ਲੇਹ ਸ਼ਹਿਰ ਤੇ ਕੋਲ ਦੀ ਵਹਿੰਦਾ ਸਿੰਧ ਦਰਿਆ ਦਿਖਾਈ ਦੇ ਰਿਹਾ ਸੀ। ਇੱਥੋਂ ਸ੍ਰੀਨਗਰ ਅਤੇ ਮਨਾਲੀ ਨੂੰ ਜਾਂਦੀਆਂ ਸੜਕਾਂ ਵੀ ਦਿਸ ਰਹੀਆਂ ਸਨ। ਇੱਕ ਜਹਾਜ਼ ਲੇਹ ਦੇ ਏਅਰਪੋਰਟ ’ਤੇ ਉਤਰ ਰਿਹਾ ਸੀ।
ਰਸਤੇ ਵਿੱਚ ਸੈਲਾਨੀ ਜਾਂ ਫ਼ੌਜੀ ਗੱਡੀਆਂ ਦਿਖਾਈ ਦੇ ਰਹੀਆਂ ਸਨ। ਜਿੱਥੇ ਪਾਣੀ ਦਿਸਦਾ, ਉੱਥੇ ਹਰਿਆਲੀ ਦਿਖਾਈ ਦਿੰਦੀ। ਜਿੱਥੇ ਹਰਿਆਲੀ ਹੁੰਦੀ, ਉੱਥੇ ਇੱਕਾ-ਦੁੱਕਾ ਘਰ ਦਿਖਾਈ ਦਿੰਦੇ। ਸੰਘਣੀ ਵਸੋਂ ਵਿੱਚ ਰਹਿਣ ਗਿੱਝੇ ਬੰਦੇ ਲਈ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਦੀ ਕਲਪਨਾ ਕਰਨੀ ਮੁਸ਼ਕਲ ਸੀ। ਘੱਟ ਲੋਕ, ਘੱਟ ਘਰ, ਘੱਟ ਪਿੰਡ, ਘੱਟ ਵਿਆਹ, ਘੱਟ ਦੋਸਤੀਆਂ, ਘੱਟ ਪੈਦਾਵਾਰ; ਸਭ ਕੁਝ ਘੱਟ ਘੱਟ ਸੀ। ਇਹ ਪਹਿਲਾਂ ਪੱਧਰੇ ਮੈਦਾਨਾਂ ਵਿੱਚੋਂ ਤੇ ਫਿਰ ਹਰੇ-ਭਰੇ ਪਹਾੜਾਂ ਵਿੱਚੋਂ ਧੱਕੇ ਗਏ ਸ਼ਰੀਫ਼ ਲੋਕ ਸਨ।
ਸਾਡਾ ਕਮਰਾ ਨੁਬਰਾ ਵੈਲੀ ਦੇ ਇੱਕ ਘਰ ਵਿੱਚ ਬਣੇ ਗੈਸਟ ਹਾਊਸ ਵਿੱਚ ਬੁੱਕ ਸੀ। ਮੇਰਾ ਵੱਡਾ ਪੁੱਤਰ ਪਿਛਲੇ ਸਾਲ ਇਸ ਥਾਂ ਰਹਿ ਕੇ ਗਿਆ ਸੀ। ਉਸ ਦਾ ਇਸ ਘਰ ਵਾਲੇ ਪਰਿਵਾਰ ਨਾਲ ਲਗਾਅ ਸੀ। ਇੱਥੇ ਬਹੁਤ ਘੱਟ ਲੋਕ ਜਾਂਦੇ ਸਨ ਤੇ ਇਨ੍ਹਾਂ ਦੇ ਕਮਰੇ ਸਾਲ ਦੇ ਬਹੁਤੇ ਦਿਨ ਖਾਲੀ ਹੀ ਰਹਿੰਦੇ ਸਨ। ਮੈਂ ਆਪਣੇ ਸਾਥੀ ਸੈਲਾਨੀਆਂ ਨੂੰ ਉੱਥੇ ਚੱਲਣ ਲਈ ਮਨਾ ਲਿਆ। ਲੱਦਾਖੀ ਬੋਧੀ ਪਰਿਵਾਰ ਨੇ ਮੁਸਕਰਾਉਂਦਿਆਂ ਸਾਡਾ ਸਵਾਗਤ ਕੀਤਾ। ਅਸੀਂ ਸ਼ਾਮ ਤੇ ਅਗਲੀ ਸਵੇਰ ਦਾ ਖਾਣਾ ਪਰਿਵਾਰ ਦੇ ਨਾਲ ਹੀ ਚੁੱਲ੍ਹੇ ਨੇੜੇ ਬੈਠ ਕੇ ਖਾਧਾ।
ਨੁਬਰਾ ਵੈਲੀ ਦੇ ਚਾਰੇ ਪਾਸੇ ਹਰਿਆਲੀ ਰਹਿਤ, ਬਰਫ਼ਾਂ ਲੱਦੇ ਪਹਾੜ ਸਨ। ਵਿਚਕਾਰ ਰੇਤਲਾ ਪੱਧਰਾ ਮਾਰੂਥਲ ਸੀ। ਕੁਝ ਲੋਕ ਮਾਰੂਥਲ ਦੇ ਰਾਜਾ ਊਠ ਦੀ ਸਵਾਰੀ ਕਰ ਰਹੇ ਸਨ। ਮੈਂ ਹੈਰਾਨ ਸਾਂ ਕਿ ਇਹ ਊਠ ਇੱਥੇ ਹੀ ਪੈਦਾ ਹੋਏ ਸਨ ਜਾਂ ਇਹ ਰਾਜਸਥਾਨ ਤੋਂ ਲਿਆਂਦੇ ਗਏ ਸਨ। ਮਨੁੱਖ ਦੀ ਵਸੋਂ ਇੱਥੇ ਬਹੁਤ ਪੁਰਾਣੀ ਨਹੀਂ ਹੈ। ਜਿਸ ਪਰਿਵਾਰ ਵਿੱਚ ਅਸੀਂ ਰਹੇ ਸਾਂ, ਉਨ੍ਹਾਂ ਦੀ ਵੱਡੀ ਕੁੜੀ ਨੁਬਰਾ ਦੇ ਬਾਜ਼ਾਰ ਵਿੱਚ ਦੁਕਾਨ ਕਰਦੀ ਸੀ ਤੇ ਆਪਣੇ ਦੋਸਤਾਂ ਨਾਲ ਜਹਾਜ਼ ਰਾਹੀਂ ਦਿੱਲੀ ਤੇ ਫਿਰ ਉੱਥੋਂ ਰੇਲ ਰਾਹੀਂ ਲੁਧਿਆਣੇ ਤੋਂ ਕੱਪੜੇ ਲੈਣ ਜਾਂਦੀ ਰਹਿੰਦੀ ਸੀ। ਸੰਭਵ ਹੈ ਅਜਿਹੇ ਵਪਾਰੀ ਲੋਕ ਹੀ ਪੈਦਲ ਰਸਤੇ ਊਠ ਨੂੰ ਲੈ ਆਏ ਹੋਣ।
ਇੱਥੇ ਸਿਉਕ ਤੇ ਨੁਬਰਾ ਦਰਿਆ ਮਿਲ ਕੇ ਸਮੁੰਦਰ ਤੋਂ 3000 ਮੀਟਰ ਉੱਚੀ ਚੌੜੀ ਘਾਟੀ ਬਣਾਉਂਦੇ ਹਨ। ਦੁਨੀਆਂ ਭਰ ਦੇ ਸੈਲਾਨੀ ਇੱਥੇ ਆਉਂਦੇ ਹਨ। ਕੁਝ ਸਾਲ ਪਹਿਲਾਂ ਹੀ ਲੋਕ ਏਧਰ ਘੁੰਮਣ ਆਉਣ ਲੱਗੇ ਹਨ। ਸੈਲਾਨੀਆਂ ਦੀ ਆਮਦ ਤੋਂ ਸਥਾਨਕ ਲੋਕ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਦਾ ਸਦੀਆਂ ਲੰਮਾ ਇਕਲਾਪਾ ਟੁੱਟ ਰਿਹਾ ਹੈ।
ਅਗਲੇ ਦਿਨ ਅਸੀਂ ਇਨੋਵਾ ਕਿਰਾਏ ’ਤੇ ਲੈ ਕੇ ਪੈਂਗੌਂਗ ਝੀਲ ਵੱਲ ਜਾਣ ਦਾ ਸਫ਼ਰ ਸ਼ੁਰੂ ਕੀਤਾ। ਇਹ ਸੜਕ ਸਿਉਕ ਦਰਿਆ ਦੇ ਕਿਨਾਰੇ ਕਿਨਾਰੇ ਜਾ ਰਹੀ ਸੀ। ਇਹ ਚੀਨੀ ਵਪਾਰੀਆਂ ਦਾ ਪੁਰਾਣਾ ਰੇਸ਼ਮ ਮਾਰਗ (ਸਿਲਕ ਰੂਟ) ਸੀ। ਇਸ ਰਸਤੇ ਧਰਤੀ ਅਨੇਕਾਂ ਰੰਗ ਬਦਲਦੀ ਹੈ। ਅਸੀਂ ਦਰਿਆ ਨੂੰ ਜਨਮ ਲੈਂਦਿਆਂ ਦੇਖਿਆ। ਬਰਫ਼ ਪਿਘਲ ਕੇ ਸਿਉਕ ਦਰਿਆ ਵਿੱਚ ਪੈ ਰਹੀ ਸੀ। ਸ਼ਾਮ ਹੋਣ ਤੋਂ ਪਹਿਲਾਂ ਅਸੀਂ ਪੈਂਗੌਂਗ ਝੀਲ ’ਤੇ ਪਹੁੰਚ ਗਏ। ਇਹ ਓਹੀ ਇਲਾਕਾ ਸੀ ਜਿੱਥੇ ਸਾਲ ਬਾਅਦ ਭਾਰਤੀ-ਚੀਨੀ ਫ਼ੌਜੀਆਂ ਨੇ ਆਪਸ ਵਿੱਚ ਭਿੜਨਾ ਸੀ। ਝੀਲ ਦਾ ਨੀਲਾ ਰੰਗ ਲਲਾਰੀਆਂ ਦੀ ਕਾਰੀਗਰੀ ਨੂੰ ਮਾਤ ਪਾ ਰਿਹਾ ਸੀ। ਝੀਲ ਦੇ ਕਿਨਾਰੇ ਬਣੇ ਰਸਤੇ ਤੋਂ ਉਪਰ ਤਕ ਆਰਜ਼ੀ ਟੈਂਟ ਲੱਗੇ ਹੋਏ ਸਨ। ਅਸੀਂ ਇੱਕ ਟੈਂਟ ਕਿਰਾਏ ’ਤੇ ਲੈ ਕੇ ਸਾਮਾਨ ਰੱਖ ਕੇ ਝੀਲ ਕੋਲ ਆ ਗਏ। ਇਹ ਝੀਲ ਅੱਧ ਤੋਂ ਵੱਧ ਚੀਨ ਵਾਲੇ ਪਾਸੇ ਹੈ। ਝੀਲ ਦਾ ਸਾਫ਼ ਪਾਣੀ ਡਲਕਾਂ ਮਾਰ ਰਿਹਾ ਸੀ। ਇਸ ਬਿਆਨੋਂ ਬਾਹਰੀ ਖ਼ੂਬਸੂਰਤੀ ਨੂੰ ਮਾਣਦੇ ਹੋਏ ਘੰਟਿਆਂਬੱਧੀ ਬੈਠਿਆ ਜਾ ਸਕਦਾ ਸੀ।
* ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ।
ਸੰਪਰਕ: 95924-15177