ਬਲਦੇਵ ਸਿੰਘ ਧਾਲੀਵਾਲ
ਸਾਡਾ ਡਰਾਈਵਰ ਪੁਡੂਚੇਰੀ ਦਾ ਹੀ ਹੋਣ ਕਰਕੇ ਇਸ ਦੇ ਪੱਤ ਪੱਤ ਤੋਂ ਜਾਣੂੰ ਸੀ। ਸਾਡੇ ਨਾਲ ਵੀ ਕੱਲ੍ਹ ਤੋਂ ਡਰਾਈਵਰ ਦੀ ਚੰਗੀ ਰੱਚਕ ਬੈਠ ਚੁੱਕੀ ਸੀ, ਇਸ ਲਈ ਅਸੀਂ ਘੁੰਮਣ-ਘੁੰਮਾਉਣ ਦੀ ਸਾਰੀ ਯੋਜਨਾ ਉਸ ਉੱਤੇ ਛੱਡ ਦਿੱਤੀ। ਵੈਸੇ ਵੀ ਬਹੁਤ ਥੋੜ੍ਹੇ ਸਮੇਂ ਵਿਚ ਹੀ ਉਸ ਨੇ ਸਾਨੂੰ ਸਾਰਿਆਂ ਨੂੰ ‘ਪੜ੍ਹ’ ਲਿਆ ਸੀ। ਕਿਸ ਨੂੰ ਕੀ ਪਸੰਦ ਆਵੇਗਾ, ਉਹ ਠੀਕ ਅਨੁਮਾਨ ਲਾ ਲੈਂਦਾ ਸੀ।
“ਦੇਖੀਏ ਸਰ, ਯੇਹ ਤੋ ਆਪ ਲੋਕ ਜਾਨਤੇ ਹੀ ਹੈਂ ਕਿ ਯੇਹ ਫਰੈਂਚ ਕਾਲੋਨੀ ਥੀ, ਇੰਟ੍ਰਸਟਿੰਗ ਬਾਤ ਯੇਹ ਐ ਉਨਕਾ ਰੰਗ ਅਬੀ ਤੱਕ ਪੁਡੂਚੇਰੀ ਪਰ ਨਜ਼ਰ ਆਏਗਾ ਆਪ ਕੋ।” ਗੱਡੀ ਤੋਰਦਿਆਂ ਹੀ ਡਰਾਈਵਰ ਪੀ. ਥਾਨਾਸੇਕਰਨ ਨੇ ‘ਗਾਈਡ’ ਵਜੋਂ ਕਮਾਨ ਸੰਭਾਲ ਲਈ।
“ਲੇਕਿਨ ਪੁਡੂਚੇਰੀ ਕਾ ਅਪਨਾ ਰੰਗ ਭੀ ਹੋਗਾ ਕੋਈ, ਵੋਹ ਭੀ ਦਿਖਾਨਾ ਹਮੇਂ।” ਮੈਂ ਉਸ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ।
“ਆਫ ਕੋਰਸ ਸਰ, ਦੇਖੇਂਗੇ ਵੋਹ ਭੀ।” ਉਸ ਨੇ ਮੁਸਕਰਾਉਂਦਿਆਂ ਇਹ ਜ਼ਿੰਮੇਵਾਰੀ ਵੀ ਸਾਂਭ ਲਈ।
ਪੁਡੂਚੇਰੀ ਦੇ ਬਾਹਰਵਾਰ ਅਸੀਂ ਜਿਸ ਆਮ ਜਿਹੀ ਸੜਕ ਤੋਂ ਲੰਘ ਰਹੇ ਸਾਂ ਉਸ ਦੇ ਆਲ਼ੇ-ਦੁਆਲ਼ੇ ਹਰੇ-ਭਰੇ ਦਰਖ਼ਤਾਂ ਦੇ ਵਿਚਕਾਰ ਕੋਈ ਕੋਈ ਛੋਟਾ ਜਿਹਾ ਝੋਂਪੜੀ-ਨੁਮਾ ਘਰ ਆ ਜਾਂਦਾ, ਜਿਸਦਾ ਰੰਗ ਗੂੜ੍ਹਾ ਪੀਲਾ, ਨੀਲਾ, ਵਧੇਰੇ ਕਰਕੇ ਸਰ੍ਹੋਂ-ਫੁੱਲਾ ਹੁੰਦਾ।
“ਦੇਖੀਏ ਸਰ, ਯੇਹ ਮਸਟਰਡ ਕਲਰ ਫਰੈਂਚ ਲੋਗੋਂ ਕਾ ਫੇਵਰਟ ਥਾ, ਯੇਹ ਆਮ ਲੇਬਰਰ ਲੋਗੋਂ ਕੇ ਘਰ ਹੈਂ।” ਡਰਾਈਵਰ ਨੇ ਖੁਲਾਸਾ ਕੀਤਾ। ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੇਖਣ-ਵਾਚਣ ਵਾਲੀ ਉਸ ਦੀ ਨੀਝ ਕਮਾਲ ਸੀ। ਬੜੇ ਸਹਿਜ ਨਾਲ ਗੱਡੀ ਚਲਾਉਂਦਾ ਉਹ ਨਾਲ ਨਾਲ ਗੱਲਾਂ ਕਰਦਾ ਰਹਿੰਦਾ।
“ਲੁੱਕ…ਲੁੱਕ… ਸਰ..” ਉਸ ਨੇ ਸੜਕ ਦੇ ਪਾਸੀਂ ਮੱਛੀ, ਸਬਜ਼ੀ ਅਤੇ ਹੋਰ ਨਿੱਕ-ਸੁੱਕ ਤੱਪੜਾਂ ਉੱਤੇ ਰੱਖ ਕੇ ਵੇਚਦੀਆਂ ਔਰਤਾਂ ਵੱਲ ਇਸ਼ਾਰਾ ਕਰਦਿਆਂ ਕਿਹਾ। ਸਾਓਲੇ ਰੰਗ ਦੀਆਂ ਤਾਮਿਲ ਔਰਤਾਂ ਸਾਦੇ ਤਰੀਕੇ ਨਾਲ ਹਾਰ-ਸ਼ਿੰਗਾਰ ਕਰਕੇ ਬੜੇ ਸਹਿਜ ਨਾਲ ਆਪਣਾ ਕਾਰੋਬਾਰ ਕਰ ਰਹੀਆਂ ਸਨ। ਸਵੈਮਾਣ ਅਤੇ ਮਿਹਨਤੀ ਹੋਣ ਦੀ ਨਿਸ਼ਾਨਦੇਹੀ ਤਾਂ ਉਨ੍ਹਾਂ ਦੇ ਬਹਿਣ-ਉੱਠਣ ਦਾ ਢੰਗ ਵੇਖ ਕੇ ਹੀ ਹੋ ਰਹੀ ਸੀ।
“ਇਧਰ ਯੇਹ ਕਾਮ ਘਰ ਕੀ ਔਰਤੇਂ ਹੀ ਕਰਤੀ ਹੈਂ, ਆਦਮੀ ਕੇ ਬਰਾਬਰ, ਮਰਦ ਲੋਗ ਮਛਲੀ ਪਕੜਤੇ ਹੈਂ ਜਾਂ ਖੇਤੀ ਕਾ ਕਾਮ ਦੇਖਤੇ ਹੈਂ।” ਉਸ ਨੇ ਹੁੱਬ ਕੇ ਕਿਹਾ, ਪਰ ਇਹ ਜਾਨਣਾ ਔਖਾ ਸੀ ਕਿ ਇਹ ਬਰਾਬਰੀ ਫਰਾਂਸੀਸੀਆਂ ਦੇ ਪ੍ਰਭਾਵ ਕਰਕੇ ਸੀ ਜਾਂ ਤਾਮਿਲ ਸੰਸਕ੍ਰਿਤੀ ਦੀਆਂ ਕਦਰਾਂ-ਕੀਮਤਾਂ ਸਦਕਾ। ਕਦੇ ਪੰਜਾਬ ਦੀਆਂ ਔਰਤਾਂ ਵੀ ਇਉਂ ਹੀ ਖੇਤੀ-ਬਾੜੀ ਦੇ ਕੰਮ ਨਾਲ ਕਰਵਾਉਂਦੀਆਂ ਸਨ। ਮੇਰੇ ਪਿੰਡ ਦੇ ਬੌਰੀਆ ਕਬੀਲੇ ਦੇ ਮਰਦ-ਔਰਤਾਂ ਤਾਂ ਹੁਣ ਤੱਕ ਇਉਂ ਹੀ ਰਲ਼ ਕੇ ਕੰਮ-ਧੰਦੇ ਕਰਦੇ ਹਨ।
ਅਸੀਂ ਹੁਣ ਕਿਸੇ ਦਰਿਆ ਉੱਤੇ ਬਣੇ ਵੱਡੇ ਪੁਲ ਤੋਂ ਲੰਘ ਰਹੇ ਸਾਂ। ਸਮੁੰਦਰ ਵਾਂਗ ਪਾਣੀ ਵਿਚ ਕੋਈ ਹਲਚਲ ਨਹੀਂ ਸੀ ਦਿਸਦੀ। ਪਾਣੀ ਸ਼ਾਂਤ ਸੀ, ਜਿਵੇਂ ਛੱਪੜ ਦਾ ਪਾਣੀ ਹੁੰਦਾ ਹੈ।
“ਯੇਹ ਬੈਕ ਵਾਟਰ ਹੈ ਸਰ।” ਡਰਾਈਵਰ ਨੇ ਜਿਵੇਂ ਸਾਡੀ ਜਗਿਆਸਾ ਭਾਂਪ ਲਈ ਹੋਵੇ। ਪਰ ਸੁਣ ਕੇ ਸਾਨੂੰ ਵੱਡਿਆਂ ਨੂੰ ਕੁਸ਼ ਸਮਝ ਨਾ ਆਇਆ। ਮੈਂ ਤਾਂ ਪਹਿਲੀ ਵਾਰ ਇਹ ਸ਼ਬਦ ਜਾਂ ਟਰਮ ਸੁਣ ਰਿਹਾ ਸੀ। ਭੂਗੋਲ ਵਿਚ ਉਚੇਚੀ ਰੁਚੀ ਹੋਣ ਕਰਕੇ (ਮੇਰੇ ਪੁੱਤਰ) ਗੋਨੂੰ ਨੂੰ ਇਸ ਬਾਰੇ ਪੂਰਾ ਪਤਾ ਸੀ। ਉਸ ਨੇ ਸਮਝਾਇਆ ਕਿ ਇਹ ਪਾਣੀ ਬੰਗਾਲ ਦੀ ਖਾੜੀ ਦੇ ਉਛਾਲ ਨਾਲ ਹੀ ਇਕੱਠਾ ਹੋਇਆ ਹੈ ਪਰ ਹੁਣ ਉਸ ’ਚ ਸਮੁੰਦਰ ਵਾਂਗ ਛੱਲਾਂ ਨਹੀਂ ਉੱਠਦੀਆਂ।
ਉਸ ਠਹਿਰੇ ਸਮੁੰਦਰ ਵਿਚ ਚਲਦੀਆਂ ਕਿਸ਼ਤੀਆਂ ਦੱਸਦੀਆਂ ਸਨ ਕਿ ਇਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੋਵੇਗਾ। ਵੈਸੇ ਵੀ ਇਸ ਝੀਲ-ਨੁਮਾ ਪਾਣੀ ਨੇ ਪੁਡੂਚੇਰੀ ਦੇ ਹੁਸਨ ਨੂੰ ਚਾਰ ਚੰਨ ਲਾਏ ਹੋਏ ਸਨ। ਨਿਕਲੇ ਤਾਂ ਅਸੀਂ ਸ੍ਰੀ ਅਰਬਿੰਦੋ ਆਸ਼ਰਮ ਵੇਖਣ ਲਈ ਸਾਂ ਪਰ ਡਰਾਈਵਰ ਨੇ ਰਾਹ ਵਿਚ ਛੋਟੀਆਂ ਛੋਟੀਆਂ ਹੋਰ ਥਾਵਾਂ ਵਿਖਾ ਕੇ ਸਾਡੀ ਯਾਤਰਾ ਵਿਚ ਰੰਗ ਭਰ ਦਿੱਤਾ ਸੀ। ਉਹ ਨਾ ਦੱਸਦਾ ਤਾਂ ਅਸੀਂ ਉਨ੍ਹਾਂ ਵੱਲ ਸਰਸਰੀ ਵੇਖਦੇ ਲੰਘੀ ਜਾਣਾ ਸੀ।
ਇਉਂ ਹੀ ਸ੍ਰੀ ਅਰਬਿੰਦੋ ਆਸ਼ਰਮ ਵੇਖ ਕੇ ਨਿਕਲੇ ਤਾਂ ਡਰਾਈਵਰ ਨੇ ਨਾਲ ਦੀ ਗਲੀ ਵਿਚਲੇ ਸ੍ਰੀ ਗਣੇਸ਼ ਦੇ ਮੰਦਰ ਨੂੰ ਜ਼ਰੂਰ ਵੇਖਣ ਦੀ ਅਰਜ਼ ਜਿਹੀ ਕੀਤੀ। ਮੈਂ ਸੋਚਿਆ ਕਿ ਆਪਣੀ ਧਾਰਮਿਕ ਆਸਥਾ ਕਰਕੇ ਉਹ ਜ਼ੋਰ ਪਾ ਰਿਹਾ ਹੋਵੇਗਾ। ਪਰ ਨਹੀਂ, ਅਜਿਹਾ ਕੁਝ ਨਹੀਂ ਸੀ, ਉਹ ਤਾਂ ਸਾਨੂੰ ਤਾਮਿਲ ਸੰਸਕ੍ਰਿਤੀ ਦੀ ਇਕ ਧਰੋਹਰ ਵਿਖਾਉਣਾ ਚਾਹ ਰਿਹਾ ਸੀ।
ਲੋਕਾਂ ਦਾ ਰੌਣਕ-ਮੇਲਾ ਵੇਖ ਕੇ ਹੀ ਅਨੁਮਾਨ ਹੋ ਗਿਆ ਕਿ ਇਹ ਵਿਸ਼ੇਸ਼ ਥਾਂ ਹੈ। ਬਾਹਰ ਗਲੀ ਵਿਚ ਫੁੱਲ-ਮਾਲਾਵਾਂ, ਪੂਜਾ ਸਮੱਗਰੀ ਅਤੇ ਯਾਦਗਾਰੀ ਚਿੰਨ੍ਹਾਂ-ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦਾ ਬਾਜ਼ਾਰ ਸੀ। ਦੁਕਾਨਦਾਰ ਇੱਥੇ ਵੀ ਜ਼ਿਆਦਾਤਰ ਔਰਤਾਂ ਹੀ ਸਨ। ਆਪਣੇ ਪਰੰਪਰਕ ਪਹਿਰਾਵੇ ਵਿਚ ਸਜੀਆਂ-ਫਬੀਆਂ ਉਹ ਬੜੇ ਉਤਸ਼ਾਹ ਨਾਲ ਆਪਣੇ ਕੰਮ ’ਚ ਜੁਟੀਆਂ ਹੋਈਆਂ ਸਨ। ਇੱਥੋਂ ਦੀ ਰਹੁ-ਰੀਤ ਦਾ ਆਦਰ ਕਰਦਿਆਂ ਗੋਨੂੰ ਨੇ ਵੀ ਇਕ ਗੁਲਦਸਤਾ ਖਰੀਦ ਲਿਆ। ਮੰਦਰ ਅੰਦਰ ਵੀ ਵਾਹਵਾ ਸ਼ਰਧਾਲੂ ਸਨ। ਕੁਝ ਸਾਡੇ ਵਰਗੇ ਦਰਸ਼ਕ ਵੀ ਸਨ। ਇਕ ਵੱਡ-ਆਕਾਰੀ ਉੱਚੀ ਛੱਤ ਵਾਲੇ ਹਾਲ ਦੀਆਂ ਕੰਧਾਂ ਉੱਤੇ ਮਿਥਿਹਾਸਕ ਵੇਰਵਿਆਂ ਵਾਲੇ ਬੇਸ਼ੁਮਾਰ ਚਿਤਰ ਸਨ। ਇਕ ਇਕ ਚਿਤਰ ਨੂੰ ਸਮਝਣਾ ਹੁੰਦਾ ਤਾਂ ਕਈ ਦਿਨ ਲੋੜੀਂਦੇ ਸਨ, ਅਸੀਂ ਤਾਂ ਸਰਸਰੀ ਝਾਤ ਹੀ ਪਾ ਸਕਦੇ ਸਾਂ। ਹਾਲ ਦੇ ਵਿਚਾਲੇ ਮੁੱਖ ਮੂਰਤੀਆਂ ਸਾਹਵੇਂ ਸ਼ਰਧਾਲੂਆਂ ਦੀਆਂ ਲੰਮੀਆਂ ਲਾਈਨਾਂ ਸਨ। ਧੂਫ਼ ਦੀ ਤਿੱਖੀ ਮਹਿਕ ਨੱਕ ਵਿਚ ਜਲੂਣ ਛੇੜ ਰਹੀ ਸੀ। ਛੇਤੀ ਬਾਹਰ ਖੁੱਲ੍ਹੀ ਹਵਾ ਵਿਚ ਜਾਣ ਦੀ ਇੱਛਾ ਸੀ। ਅਸੀਂ ਆਪਣਾ ਗੁਲਦਸਤਾ ਕਤਾਰ ’ਚ ਖੜ੍ਹੀ ਇਕ ਸ਼ਰਧਾਲੂ ਤਾਮਿਲ ਔਰਤ ਨੂੰ ਫੜਾ ਕੇ ਬੇਨਤੀ ਕੀਤੀ ਕਿ ਉਹ ਸਾਡੇ ਵੱਲੋਂ ਭੇਂਟ ਕਰ ਕੇ ਮੱਥਾ ਟੇਕ ਦੇਵੇ।
“ਕੁਸ਼ ਮਾਂਗੋਗੇ ਕਿਆ?” ਉਸ ਨੇ ਸਾਥੋਂ ਮੰਨਤ ਬਾਰੇ ਜਾਨਣਾ ਚਾਹਿਆ ਪਰ ਸਾਡੀ ਤਾਂ ਅਜਿਹੀ ਕੋਈ ਖ਼ਾਸ ਮੰਗ ਨਹੀਂ ਸੀ। ਉਸ ਦਾ ਦਿਲ ਰੱਖਣ ਲਈ ਕਹਿ ਦਿੱਤਾ, “ਜਗਤ ਕਾ ਭਲਾ ਕਰੇਂ ਸ੍ਰੀ ਗਣੇਸ਼।” ਉਹ ਸੁਣ ਕੇ ਖ਼ੁਸ਼ ਹੋ ਗਈ। ਉਸ ਦੀ ਸਾਦਗੀ ਅਤੇ ਆਸਥਾ ਨੇ ਸਾਡੇ ਮਨਾਂ ਨੂੰ ਛੂਹ ਲਿਆ।
ਅਸੀਂ ਕੁਝ ਤਸਵੀਰਾਂ ਖਿੱਚੀਆਂ, ਕਿਸੇ ਨੇ ਕੋਈ ਟੋਕ-ਟਕਾਈ ਨਹੀਂ ਕੀਤੀ। ਕਿਸੇ ਪੁਜਾਰੀ ਨੇ ਜੋਰੀਂ ਦਾਨ ਵੀ ਨਹੀਂ ਮੰਗਿਆ। ਪਤਾ ਨਹੀਂ ਦੱਖਣ ਭਾਰਤੀ ਲੋਕਾਂ ਦਾ ਸੁਭਾਅ ਹੀ ਏਨਾ ਭਰੱਪਣੀ ਸੀ ਜਾਂ ਪੰਜਾਬੀ ਹੋਣ ਕਰਕੇ ਸਾਨੂੰ ਉਚੇਚਾ ਆਦਰ-ਭਾਅ ਮਿਲ ਰਿਹਾ ਸੀ। ਅਸੀਂ ਵੀ ਉਨ੍ਹਾਂ ਦੇ ਇਸ਼ਟ ਪ੍ਰਤੀ ਸ਼ਰਧਾ ਵਿਖਾਉਂਦਿਆਂ ਇਕ ਇਕ ਮਾਲ਼ਾ-ਨੁਮਾ ਬੈਂਡ ਖਰੀਦ ਕੇ ਆਪਣੇ ਗੁੱਟਾਂ ਉੱਤੇ ਸਜਾ ਲਿਆ। ਗੁਰਮੀਤ ਪਨਾਗ ਤਾਂ ਪੂਰੀ ਤਰ੍ਹਾਂ ਹੀ ਉਨ੍ਹਾਂ ਦੁਕਾਨਦਾਰ ਔਰਤਾਂ ਨਾਲ ਘੁਲ਼ਮਿਲ਼ ਗਈ ਅਤੇ ਉਸ ਨੇ ਜੀਅ ਭਰਕੇ ਗਾਨੀਆਂ, ਬੈਂਡ ਖਰੀਦ ਲਏ। ਯਾਤਰਾ ਦਾ ਸਭ ਤੋਂ ਵੱਧ ਲੁਤਫ਼ ਉਹੀ ਮਾਣਦਾ ਹੈ ਜਿਹੜਾ ਦੂਜੇ ਸਭਿਆਚਾਰ ਦੇ ਲੋਕਾਂ ਨਾਲ ਨੇੜਤਾ ਵਧਾਉਣ ਦਾ ਹੁਨਰ ਜਾਣਦਾ ਹੋਵੇ, ਗੁਰਮੀਤ ਪਨਾਗ ਇਸ ਪੱਖੋਂ ਸਾਡੇ ’ਚੋਂ ਪਹਿਲੇ ਨੰਬਰ ’ਤੇ ਸੀ।
ਬਾਹਰ ਤਿੱਖੀ ਧੁੱਪ ਅਤੇ ਹੁੰਮਸ ਭਰੀ ਗਰਮੀ ਨਾਲ ਘਬਰਾਹਟ ਹੋਣ ਲੱਗ ਪਈ ਸੀ। ਲੱਗ ਰਿਹਾ ਸੀ ਜਿਵੇਂ ਸਰੀਰ ਵਿਚ ਜਾਨ ਜਿਹੀ ਨਾ ਹੋਵੇ। ਸਵੇਰੇ ਤੁਰਨ ਲੱਗਿਆਂ ਹੀ ਡਰਾਈਵਰ ਨੇ ਸਾਨੂੰ ਇਸ ਗੱਲੋਂ ਚੁਕੰਨੇ ਕਰਨਾ ਆਪਣਾ ਫਰਜ਼ ਸਮਝਿਆ ਸੀ। ਜਦੋਂ ਦੁਪਹਿਰ ਤੋਂ ਬਾਅਦ ਅਸੀਂ ਔਰਵਿੱਲ ਵੇਖਣ ਜਾਣ ਦੀ ਗੱਲ ਕੀਤੀ ਸੀ ਤਾਂ ਡਰਾਈਵਰ ਨੇ ਮਨ੍ਹਾ ਕਰਦਿਆਂ ਕਿਹਾ ਸੀ, “ਆਪ ਬਹੁਤ ਥਕ ਜਾਏਂਗੇ ਸਰ, ਗਰਮੀ ਬਹੁਤ ਹੋਤਾ ਹੈ, ਸਕਾਰਚਿੰਗ ਹੀਟ, ਮੇਰੀ ਬਾਤ ਮਾਨੀਏ ਪਲੀਜ਼।” ਉਸ ਵੇਲੇ ਤਾਂ ਅਸੀਂ ਇਹ ਸਲਾਹ ਇਕ ਕੰਨੋਂ ਪਾ ਕੇ ਦੂਜਿਉਂ ਕੱਢ ਦਿੱਤੀ ਸੀ ਪਰ ਔਲ਼ਿਆਂ ਦੇ ਸੁਆਦ ਵਾਂਗ ਹੁਣ ਸਮਝ ਆ ਰਹੀ ਸੀ। ਆਖ਼ਰ ਉਸ ਦਾ ਨਿੱਤ ਦਾ ਤਜਰਬਾ ਸੀ।
ਨਾਰੀਅਲ ਪਾਣੀ ਪੀ ਕੇ ਬੇਹਿੱਸ ਸਰੀਰ ਨੂੰ ਕੁਝ ਠੁੰਮਣਾ ਦੇਣਾ ਚਾਹਿਆ। ਮੰਦਰ ਦੇ ਨੇੜੇ ਹੀ ਇਕ ਹੁੰਦੜਹੇਲ ਤਾਮਿਲ ਔਰਤ ਦੀ ਰੇਹੜੀ ਸੀ। ਨਾਰੀਅਲ ਕੱਟਣ ਦਾ ਉਸ ਦਾ ਹੁਨਰ ਕਮਾਲ ਸੀ। ਨਾਲ਼ੋ-ਨਾਲ਼ ਉਹ ਕਿਸੇ ਆਪਣੀ ਸਹੇਲੀ ਨਾਲ ਹੱਸ ਹੱਸ ਗੱਲਾਂ ਮਾਰ ਰਹੀ ਸੀ ਤੇ ਨਾਰੀਅਲਾਂ ਦੇ ਗਾਟੇ ਲਾਹ ਲਾਹ ਵੀ ਸਿੱਟੀ ਜਾਂਦੀ ਸੀ। ਆਪਣੀ ਕਾਟੀ-ਦਾਤ ਨਾਲ ਉਹ ਪੂਰਾ ਟਿਕਾ ਕੇ ਟੱਕ ਮਾਰਦੀ ਕਿ ਵਾਢ ਪਾਣੀ ਤੋਂ ਨਹੁੰ ਭਰ ਉਪਰ ਪੈ ਜਾਵੇ। ਕਾਟੀ ਦੀ ਨੋਕ ਨਾਲ ਠੁੰਗ ਜਿਹੀ ਮਾਰ ਕੇ ਨਾਰੀਅਲ ਦੀ ਟੋਟਣ ’ਚ ਸਟਰੌਅ ਲਈ ਛੇਕ ਕਰ ਦਿੰਦੀ। ਗਾਹਕ ਪਾਣੀ ਪੀ ਹਟਦਾ ਤਾਂ ਉਹ ਫਿਰ ਬੱਝਵਾਂ ਟੱਕ ਮਾਰ ਕੇ ਨਾਰੀਅਲ ਦੋਫਾੜ ਕਰ ਦਿੰਦੀ। ਨਾਰੀਅਲ ਨਾਲੋਂ ਲਾਹੀ ਪੱਚਰ ਦਾ ਚਮਚਾ ਬਣਾ ਕੇ ਦੋਹਾਂ ਹਿੱਸਿਆਂ ਦੀ ਮਲਾਈ ਇਕ ਖੋਲ ਵਿਚ ਇਕੱਠੀ ਕਰ ਦਿੰਦੀ। ਉਸ ਦੇ ਕਿਰਤੀ-ਹੁਨਰ ਨੂੰ ਵੇਖਣਾ ਵੀ ਮਲਾਈ ਵਾਂਗ ਹੀ ਸੁਆਦਲਾ ਸੀ। ਉਹ ਖ਼ੁਸ਼ ਸੀ ਕਿ ਇਕੋ ਹੱਲੇ ਇਕੱਠੀ ਤਿੰਨ ਕੁ ਸੌ ਦੀ ਵੱਟਤ ਹੋ ਗਈ ਸੀ। ਵੈਸੇ ਵੀ ਇਹ ਕਿਰਤੀ ਔਰਤਾਂ ਮੈਂ ਖਿਝਦੀਆਂ-ਚਿੜਦੀਆਂ ਕਿਤੇ ਨਹੀਂ ਵੇਖੀਆਂ। ਆਪਣੀ ਸੱਚੀ ਕਿਰਤ ਨਾਲ ਪੂਰੀ ਤਰ੍ਹਾਂ ਇਕਸੁਰ ਜਾਪੀਆਂ।
ਨਾਰੀਅਲ ਪਾਣੀ ਨਾਲ ਥੋੜ੍ਹੀ ਜਾਨ ਆਈ ਤਾਂ ਨੇੜਲੀਆਂ ਕੁਝ ਹੋਰ ਥਾਵਾਂ ਵੇਖਣ ਦੀ ਸਲਾਹ ਬਣ ਗਈ। ਫਰੈਂਚ ਕਾਲੋਨੀ ਤਾਂ ਗੱਡੀ ਦੀ ਠੰਡਕ ਵਿਚ ਬੈਠਿਆਂ ਹੀ ਸ਼ੀਸ਼ਿਆਂ ਥਾਣੀ ਹੀ ਵੇਖ ਲੈਣੀ ਸੀ। ਖੁੱਲ੍ਹੀਆਂ ਅਤੇ ਸਾਫ਼-ਸਫਾਫ਼ ਸੜਕਾਂ ਦੇ ਦੁਆਲੇ ਓਹੀ ਸਰ੍ਹੋਂ-ਫੁੱਲੇ ਰੰਗ ਦੀਆਂ ਇਮਾਰਤਾਂ ਫਰਾਂਸੀਸੀ ਮੋਹਰਛਾਪ ਵਾਲੀਆਂ ਸਨ। ਇੰਨੀ ਰੂਹ ਨਾਲ ਇਹ ਕਾਲੋਨੀ ਵਸਾਉਣ ਵਾਲੇ ਬਸਤੀਕਾਰਾਂ ਨੇ ਤਾਂ ਉਦੋਂ ਸੋਚਿਆ ਹੋਵੇਗਾ ਕਿ ਹੁਣ ਸਦਾ ਹੀ ਏਥੇ ਰਹਿਣਾ ਹੈ। ਪਰ ਸਮੇਂ ਦੇ ਪਹੀਏ ਬਾਰੇ ਕੌਣ ਜਾਣਦਾ ਹੈ ਕਿ ਇਸ ਨੇ ਕਿੱਧਰ ਨੂੰ ਘੁੰਮਣਾ ਹੈ।
ਕਾਲੋਨੀ ਦੀ ਸ਼ਾਨ ਵਜੋਂ ਜਾਣਿਆ ਜਾਂਦਾ ਚਰਚ ਅਸੀਂ ਅੰਦਰ ਜਾ ਕੇ ਨੀਝ ਨਾਲ ਵੇਖਣਾ ਚਾਹੁੰਦੇ ਸਾਂ। ਚਰਚ ਕਾਲੋਨੀ ਦੀਆਂ ਦੋ ਪ੍ਰਸਿੱਧ ਗਲ਼ੀਆਂ ਸਰਕੂਫ਼ ਅਤੇ ਦੁਮਾਸ ਦੇ ਕੌਰਨਰ ਉੱਤੇ ਬਣਿਆ ਹੋਇਆ ਸੀ ਅਤੇ ਫਰਾਂਸੀਸੀ ਇਮਾਰਤਕਾਰੀ ਦਾ ਇਕ ਨਾਯਾਬ ਨਮੂਨਾ ਸੀ। ਚਰਚ ਦਾ ਨਾਂ ਫਰਾਂਸੀਸੀ ਭਾਸ਼ਾ ਵਿਚ ‘Eglise de Notre Dame des Anges’ ਲਿਖਿਆ ਹੋਇਆ ਸੀ ਪਰ ਹੁਣ ਲੋਕ ਇਸਨੂੰ ‘ਚਰਚ ਆਫ ਅਵਰ ਲੇਡੀ ਆਫ ਏਂਜਲਜ’ ਵੀ ਆਖਦੇ ਸਨ। ਚਰਚ ਵਾਲੀ ‘ਫੀਲਿੰਗ’ ਲੈਣ ਲਈ ਅਸੀਂ ਥੋੜ੍ਹੀ ਦੇਰ ਅੰਦਰ ਮੌਨ ਧਾਰ ਕੇ ਬੈਠੇ ਰਹੇ ਜਿਵੇਂ ਪੱਛਮ ਵਿਚ ਆਪਣੇ ਕੀਤੇ ਗੁਨਾਹਾਂ ਦਾ ਇਕਬਾਲ ਕਰਨ ਲਈ ਬੈਠਦੇ ਹਨ। ਅਸੀਂ ਤਾਂ ਭਾਵੇਂ ਕੋਈ ਭੁੱਲ ਨਹੀਂ ਬਖ਼ਸ਼ਾਉਣੀ ਸੀ ਪਰ ਇਉਂ ਬੈਠ ਕੇ ਅੰਤਰ-ਝਾਤ ਪਾਉਣੀ ਉਂਜ ਵੀ ਸਕੂਨ ਦਿੰਦੀ ਹੈ।
“ਇਧਰ ਪਾਸ ਮੇਂ ਏਕ ਵੈਰੀ ਇੰਪੋਰਟਿੰਟ ਬੀਚ ਹੈ ਸਰ, ਜਸਟ ਹੈਵ ਏ ਲੁੱਕ।” ਡਰਾਈਵਰ ਨੇ ਅਜੇ ਹੋਰ ਘੁੰਮਦੇ ਰਹਿਣ ਲਈ ਹੱਲਾਸ਼ੇਰੀ ਦਿੱਤੀ। ਚਰਚ ਵਿਚ ਥੋੜ੍ਹਾ ਦਮ ਮਾਰ ਕੇ ਉਂਜ ਵੀ ਕੁਝ ਕਾਇਮ ਹੋ ਗਏ ਸਾਂ। ‘ਚਲੋ ਝਾਤੀ ਮਾਰ ਲੈਨੇ ਆਂ’, ਸੋਚ ਕੇ ਓਧਰ ਨੂੰ ਹੋ ਲਏ।
ਪ੍ਰੋਮੀਨੇਡ ਬੀਚ, ਰੌਕੀ ਬੀਚ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਇੰਟਰੀ ਉੱਤੇ ਇਕ ਸਮਾਰਕ ਬਣਾ ਕੇ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਬੁੱਤ ਸਜਾਇਆ ਗਿਆ ਹੈ, ਜਿਵੇਂ ਦੱਸਣਾ ਹੋਵੇ ਕਿ ਇਹ ਹੁਣ ਫਰਾਂਸੀਸੀਆਂ ਦੀ ਨਹੀਂ, ਭਾਰਤ ਦੀ ਮਲਕੀਅਤ ਹੈ। ਬੁੱਤ ਉੱਤੇ ਦੁੱਧ ਚਿੱਟੇ ਮਾਰਬਲ ਦੀ ਓਡਣੀ ਹੈ ਅਤੇ ਪਾਸੇ ਕਾਲੇ ਗ੍ਰੇਨਾਈਟ ਨਾਲ ਬਣੇ ਅੱਠ ਸ਼ਿਲਾਲੇਖੀ ਸਤੰਭ ਹਨ। ਇਹ ਸਤੰਭ ਗਿੰਗਜ਼ੀ ਦੇ ਕਿਲ੍ਹੇ ਤੋਂ ਲਿਆ ਕੇ ਲਾਏ ਗਏ ਸਨ। ਮੰਨਿਆ ਜਾਂਦਾ ਹੈ ਕਿ ਸਮਾਰਕ ਦੇ ਹੇਠਾਂ ਇਕ ਸੁਰੰਗ ਵੀ ਹੈ ਜੋ ਗਿੰਗਜ਼ੀ ਤੱਕ ਜਾਂਦੀ ਹੈ। ਸਮਾਰਕ ਦੇ ਸਾਹਮਣੇ ਵੱਡੇ ਸ਼ੈੱਡ ਵਾਲਾ ਇਕ ਓਪਨ ਹਾਲ ਹੈ ਜਿੱਥੇ ਸਾਰਾ ਸਾਲ ਤਰ੍ਹਾਂ ਤਰ੍ਹਾਂ ਦੇ ਸਾਂਸਕ੍ਰਿਤਕ ਮੇਲੇ ਲੱਗਦੇ ਰਹਿੰਦੇ ਹਨ।
ਇਹ ਬੀਚ ਰਾਤ ਨੂੰ ਵੇਖਣ ਵਾਲੀ ਹੈ ਜਦੋਂ ਸਮੁੰਦਰ ਦੀਆਂ ਤੀਬਰ ਵੇਗ ਵਾਲੀਆਂ ਛੱਲਾਂ ਕਿਨਾਰੇ ’ਤੇ ਪਏ ਕਾਲੇ ਪੱਥਰਾਂ ਦੇ ਅੰਬਾਰ ਨਾਲ ਟਕਰਾਅ ਟਕਰਾਅ ਮੁੜਦੀਆਂ ਹਨ। ਸਾਗਰਾਂ ਦੇ ਮੂੰਹ ਮੋੜਨ ਲਈ ਬਜ਼ਿੱਦ ਮਨੁੱਖੀ ਬੁੱਧੀ ਅਤੇ ਮੂੰਹਜ਼ੋਰ ਸਮੁੰਦਰੀ ਲਹਿਰਾਂ ਦੀ ਜੁਗਲਬੰਦੀ ਵੇਖਣ ਨੂੰ ਮਿਲਦੀ ਹੈ। ਹੁਣ ਤਾਂ ਸਾੜਵੀਂ ਧੁੱਪ ਕਰਕੇ ਹੇਠਾਂ ਬੀਚ ਕਿਨਾਰੇ ਜਾਣਾ ਬੇਮਾਅਨਾ ਸੀ। ਪਰ ਕਾਲੇ ਪੱਥਰਾਂ ਦੇ ਵਿਚਕਾਰ ਇਕ ਸਾਉਲੇ ਰੰਗ ਦਾ ਆਸ਼ਕ ਜੋੜਾ ਸਿਖਰ ਦੁਪਹਿਰੇ ਵੀ ਰੁਮਾਂਸ ਵਿਚ ਮਦਮਸਤ ਬੈਠਾ ਦਿਸਿਆ। ਸਮੁੰਦਰ ਦੀਆਂ ਅਮੋੜ ਲਹਿਰਾਂ ਉਨ੍ਹਾਂ ਦੇ ਜਜ਼ਬਿਆਂ ਨੂੰ ਹੋਰ ਬੇਮੁਹਾਰ ਕਰ ਰਹੀਆਂ ਹੋਣਗੀਆਂ। ‘ਇਕ ਮੈਂ ਹੋਵਾਂ ਇਕ ਤੂੰ ਹੋਵੇਂ…’ ਵਾਲੇ ਕਲਪਨਾ ਦੇ ਦੇਸ਼ ਪਹੁੰਚੇ ਆਸ਼ਕਾਂ ਨੂੰ ਤਾਂ ਇਕਾਂਤ ਚਾਹੀਦੀ ਸੀ, ਲੂੰਹਦੀ ਧੁੱਪ ਦੀ ਕਿਸ ਨੂੰ ਪਰਵਾਹ ਸੀ।
ਵਿਦੇਸ਼ੀ ਸੈਲਾਨੀਆਂ ਦੀ ਆਵਾਜਾਈ ਬਣੀ ਰਹਿੰਦੀ ਹੋਣ ਕਰਕੇ ਸਾਹਮਣੇ ਸ਼ੈੱਡ ਹੇਠਾਂ ਮੰਗਤਿਆਂ ਦੀ ਥਾਂ ਹਾਰ-ਸ਼ਿੰਗਾਰ ਦਾ ਸਾਮਾਨ ਵੇਚਣ ਵਾਲੀਆਂ ਔਰਤਾਂ ਆਪਣੀ ਆਪਣੀ ਚਟਾਈ-ਦੁਕਾਨ ਸਜਾਈ ਬੈਠੀਆਂ ਸਨ। ਹਮੇਸ਼ਾਂ ਦੀ ਤਰ੍ਹਾਂ ਗੁਰਮੀਤ ਪਨਾਗ ਦਾ ਮਨ ਫੇਰ ਖਰੀਦਦਾਰੀ ਲਈ ਮਚਲ ਪਿਆ। ਉਨ੍ਹਾਂ ਦੀ ‘ਸ਼ਾਪਿੰਗ ਸੰਵੇਦਨਾ’ ਨੂੰ ਭਾਂਪਦਿਆਂ ਡਰਾਈਵਰ ਨੇ ਇਕ ਨੇੜਲੇ ਸਵਦੇਸ਼ੀ ‘ਸ਼ੋਅ ਰੂਮ’ ‘ਅਨੋਖੀ’ ਦੀ ਦੱਸ ਪਾ ਦਿੱਤੀ। ਸੁਣ ਕੇ ਸਾਡੀਆਂ ਬੀਬੀਆਂ ਦੇ ਚਿਹਰੇ ਖਿੜ ਗਏ ਅਤੇ ਗਰਮੀ-ਗੁਰਮੀ ਸਭ ਭੁੱਲ ਗਈ। ‘ਅਨੋਖੀ’ ਸੱਚੀਂ ਅਨੋਖੀ ਹੀ ਸੀ। ਉਸ ਨੇ ਸਾਡੀਆਂ ਸਭ ਅਨੋਖੀਆਂ ਰੀਝਾਂ ਪੂਰੀਆਂ ਕਰ ਦਿੱਤੀਆਂ। ਗੋਨੂੰ ਨੇ ਵੀ ਗਿਫ਼ਟ ਦੇਣ ਦੇ ਇਰਾਦੇ ਨਾਲ ਇੱਥੋਂ ਪਰਸ, ਡਾਇਰੀਆਂ, ਅਗਰਬੱਤੀਆਂ ਅਤੇ ਯਾਦ-ਚਿੰਨ੍ਹ ਖਰੀਦ ਲਏ। ੁਣ ਪਿਘਲਾ ਦੇਣ ਵਾਲਾ ਸੂਰਜ ਐਨ ਸਾਡੇ ਸਿਰਾਂ ’ਤੇ ਸੀ, ਘੁੰਮਣ-ਘੁਮਾਉਣ ਨੂੰ ਤਾਂ ਵੱਢੀ ਰੂਹ ਨਹੀਂ ਸੀ ਕਰਦੀ। ਇੱਛਾ ਸੀ ਕਿ ਕਿਸੇ ਫਰਾਂਸੀਸੀ ਸ਼ੈਲੀ ਵਾਲੇ ਰੈਸਤਰਾਂ ਵਿਚ ਬੈਠ ਕੇ ਖਾਣਾ ਵੀ ਖਾਈਏ ਅਤੇ ‘ਫਰੈਂਚ ਕਾਲੋਨੀ’ ਦਾ ਇਕ ਹੋਰ ਰੰਗ ਵੀ ਨਿਹਾਰੀਏ।
“ਕੋਰੋਮੰਡਲ ਚਲਤੇ ਹੈਂ ਨਾ ਸਰ, ਮਾਰਵਲਸ ਪਲੇਸ ਹੈ ਰੀਅਲੀ।” ਡਰਾਈਵਰ ਕੋਲ ਸਾਡੀ ਹਰ ਇੱਛਾ ਪੂਰੀ ਕਰਨ ਦਾ ਮੰਤਰ ਸੀ।
ਰੈਸਤਰਾਂ ਦੇ ਸਾਹਮਣੇ ਜਾ ਕੇ ਇਉਂ ਲੱਗਿਆ ਜਿਵੇਂ ਪੈਰਿਸ ਦੀ ਕਿਸੇ ਫੂਡ-ਸਟਰੀਟ ਵਿਚ ਆ ਗਏ ਹੋਈਏ। ਥੋੜ੍ਹਾ ਵਕਤ-ਸਿਰ ਪਹੁੰਚਣ ਕਰਕੇ ਸਾਨੂੰ ਠੰਢਕ ਵਾਲੇ ਕਮਰੇ ਵਿਚ ਛੇ ਸੀਟਾਂ ਵਾਲਾ ਟੇਬਲ ਮਿਲ ਗਿਆ। ਅੰਦਰ ਦਾ ਸਾਰਾ ਮਾਹੌਲ ਪੁਰਾਣੇ ਫਰਾਂਸ ਦੇ ਰੈਸਤਰਾਂ ਵਾਂਗ ਬੜੀ ‘ਕਲਾਸੀ ਲੁੱਕ’ ਵਾਲਾ ਸੀ। ਕਿਸੇ ਮਿਊਜ਼ੀਅਮ ’ਚ ਬੈਠੇ ਹੋਣ ਦਾ ਅਹਿਸਾਸ ਹੋ ਰਿਹਾ ਸੀ। ਫਰਨੀਚਰ ਵੀ ‘ਐਂਟੀਕ’ ਜਿਹਾ ਸੀ। ਆਧੁਨਿਕ ਭਾਂਤ ਦੀ ਸਮਿੱਟਰੀ ਅਤੇ ਲਿਸ਼ਕ-ਪੁਸ਼ਕ ਦੀ ਥਾਂ ਸੁਹਜਮਈ ਬੇਤਰਤੀਬੀ ਸੀ। ਸਾਡੇ ਅਣਘੜ ਜਿਹੇ ਮੇਜ਼ ਦੁਆਲੇ ਛੇ ਵੰਨਗੀਆਂ ਦੀਆਂ ਕੁਰਸੀਆਂ ਸਨ।
ਖਾਣੇ ਦੀ ਚੋਣ ਲਈ ਸਾਡੇ ਕੋਲ ਗੁਰਮੀਤ ਪਨਾਗ ਅਤੇ ਗੋਨੂੰ ਦੋ ਮਹਾਂ-ਮਾਹਿਰ ਸਾਥੀ ਸਨ। ਉਨ੍ਹਾਂ ਨੇ ਲੈਬਨੀਜ਼ ਖਾਣੇ ਦਾ ਆਰਡਰ ਕੀਤਾ। ਖਾਣ ਵਾਲੀਆਂ ਛੋਟੀਆਂ ਛੋਟੀਆਂ ਅਤਿ ਸਵਾਦਲੀਆਂ ਚੀਜ਼ਾਂ ਘੰਟਾ-ਡੇਢ ਘੰਟਾ ਆਉਂਦੀਆਂ ਰਹੀਆਂ ਅਤੇ ਅੰਤ ‘ਰੂਹ ਦੇ ਰੱਜ’ ਵਰਗੀ ਤਸੱਲੀ ਹੋ ਗਈ। ਮੈਂ ਜਦੋਂ ਵੀ ਕਿਤੇ ਅਜਿਹਾ ‘ਲੋਕਲ ਫਲੇਵਰ’ ਵਾਲਾ ਖਾਣਾ ਖਾਂਦਾ ਹਾਂ ਤਾਂ ਮੇਰਾ ਸਭਿਆਚਾਰਕ ਵਿਭਿੰਨਤਾਵਾਂ ਨੂੰ ਸਾਂਭੀ ਰੱਖਣ ਵਾਲੀ ਸੋਚ ਵਿਚ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ। ਦੁਨੀਆਂ ਨੂੰ ਇਕੋ ਰੰਗ ਵਿਚ ਰੰਗ ਦੇਣ ਵਾਲਾ ਵਿਸ਼ਵੀਕਰਨ ਦਾ ਏਜੰਡਾ ਮੈਨੂੰ ਕਦੇ ਵੀ ਹਜ਼ਮ ਨਹੀਂ ਹੁੰਦਾ। ਸਰਤਾਜ ਦੇ ਕਹਿਣ ਵਾਂਗ ਵੱਖ ਵੱਖ ਰੰਗ ਨਾ ਹੁੰਦੇ ਤਾਂ ਦੁਨੀਆਂ ‘ਰੰਗ-ਵਿਹੂਣੀ ਨਰਕ’ ਹੁੰਦੀ।
ਖਾਣਾ ਖਾ ਕੇ ਬਾਹਰ ਨਿਕਲੇ ਤਾਂ ਵੇਖ ਕੇ ਹੈਰਾਨੀ ਹੋਈ, ਅੰਦਰ ਵੀ ਤਿਲ ਸਿੱਟਣ ਲਈ ਥਾਂ ਨਹੀਂ ਸੀ ਅਤੇ ਬਾਹਰ ਵੀ ਗਰਮੀ ਤੋਂ ਬੇਖ਼ਬਰ ਗਾਹਕਾਂ ਦੀ ਚੰਗੀ-ਚੋਖੀ ਭੀੜ ਸੀ। ਭੀੜ ਸੱਚੀ ਸੀ, ਸੁਆਦੀ ਖਾਣੇ ਦੇ ਨਾਲ ਨਾਲ ਅਜਿਹੇ ਬਹਿਸ਼ਤੀ ਮਾਹੌਲ ਦਾ ਸੁਆਦ ਕੌਣ ਨਹੀਂ ਮਾਨਣਾ ਚਾਹੇਗਾ?
ਭਾਵੇਂ ਪੁਡੂਚੇਰੀ ਦੇ ਇਸ ਸਾਰੇ ਮਾਹੌਲ ਉੱਤੇ ਤਰਦੀ ਤਰਦੀ ਨਜ਼ਰ ਹੀ ਪਾ ਸਕੇ ਸਾਂ ਪਰ ਤਸੱਲੀ ਸੀ ਕਿ ਇਲਾਕੇ ਦੀ ਰਹਿਤਲ ਦੀ ਨਬਜ਼ ਟੋਹ ਕੇ ਵੇਖ ਲਈ ਸੀ। ਕਿਤੇ ਕਿਤੇ ਤਾਂ ਫਰਾਂਸੀਸੀ ਰੰਗ ਅਜੇ ਵੀ ਬੜੇ ਉਘੜਵੇਂ ਸਨ ਪਰ ਬਹੁਤ ਥਾਈਂ ਸਥਾਨਕ ਰੰਗਾਂ ਵਿਚ ਘੁਲ਼ਮਿਲ਼ ਕੇ ਵੱਖਰੀ ਹੀ ਆਭਾ ਵਾਲੇ ਹੋ ਗਏ ਸਨ। ਜਿਵੇਂ ਰੈਸਤਰਾਂ ਵਿਚ ਅਸੀਂ ਭਾਵੇਂ ਲੈਬਨੀਜ਼ ਖਾਣਾ ਖਾਧਾ ਸੀ ਪਰ ਉਸ ਵਿਚੋਂ ਭਾਰਤੀ ਮਸਾਲਿਆਂ ਦਾ ਜ਼ਾਇਕਾ ਵੀ ਆਉਂਦਾ ਸੀ, ਨਾਲ ਆਚਾਰ-ਚਟਣੀਆਂ ਤਾਂ ਤਾਮਿਲ ਮੂਲ ਦੇ ਵੀ ਸ਼ਾਮਿਲ ਹੋ ਗਏ ਸਨ। ਅਜਿਹਾ ਹੋਣਾ ਸੁਭਾਵਿਕ ਹੀ ਹੈ।
ਸਥਾਨਕ ਸੁਹਜ-ਸੁਆਦਾਂ ਪਿੱਛੇ ਇਕ ਆਪਣਾ ਤਰਕ ਹੁੰਦਾ ਹੈ ਜੋ ਲੋਕਾਂ ਨੇ ਹਜ਼ਾਰਾਂ ਸਾਲਾਂ ਵਿਚ ਆਪਣੇ ਅਨੁਭਵ ’ਚੋਂ ਕਸ਼ੀਦਿਆ ਹੁੰਦਾ ਹੈ। ਪੁਡੂਚੇਰੀ ਦੀ ਕੁਝ ਘੰਟਿਆਂ ਦੀ ਹੁੰਮਸ ਭਰੀ ਗਰਮੀ ਝੱਲ ਕੇ ਸਾਨੂੰ ਸਮਝ ਆ ਗਈ ਸੀ ਕਿ ਇਹ ਲੋਕ ਸ਼ਕੰਜਵੀ ਜਾਂ ਆਮ-ਪੰਨਾ ਜਾਂ ਸੋਢੇ-ਬੱਤੇ ਵਿਚ ਲੂਣ ਇੰਨਾ ਠੋਕ ਕੇ ਕਿਉਂ ਪਾਉਂਦੇ ਹਨ। ਗਾੜ੍ਹਾ ਤੇਜ਼ਾਬੀ ਮੁੜ੍ਹਕਾ ਮਿੰਟਾਂ ਵਿਚ ਹੀ ਸਰੀਰ ਦੇ ਸੋਡੀਅਮ ਨੂੰ ਕੁਲੰਜ ਕੇ ਬਾਹਰ ਸੁੱਟ ਦਿੰਦਾ ਹੈ ਅਤੇ ਬੇਹੋਸ਼ੀ ਵਰਗਾ ਅਹਿਸਾਸ ਹੋਣ ਲੱਗਦਾ ਹੈ।
ਬਸਤੀਵਾਦੀਆਂ ਦੇ ਤਿੱਖੇ ਪ੍ਰਭਾਵਾਂ ਅਧੀਨ ਰਹੇ ਲੋਕਾਂ ਅਤੇ ਥਾਵਾਂ ਦੇ ਅਨੇਕਾਂ ਰੰਗ ਹੁੰਦੇ ਹਨ, ਵਕਤ ਦੀ ਘਾਟ ਨਾ ਹੁੰਦੀ ਤਾਂ ਹਰੇਕ ਰੰਗ ਨੂੰ ਵੇਖਦੇ-ਮਾਣਦੇ। ਵੈਸੇ ਇਹ ਜਗਿਆਸਾ ਰਹਿਣੀ ਹੀ ਚਾਹੀਦੀ ਹੈ।
ਸੰਪਰਕ: 98728-35835