ਕੁਲਵੰਤ ਸਿੰਘ ਵਿਰਕ
ਮਹੀਂ ਜੇਡ ਨਾ ਕਿਸੇ ਦੇ ਹੋਣ ਜੇਰੇ, ਰਾਜ ਹਿੰਦ ਪੰਜਾਬ ਨਾ ਬਾਬਰੀ ਵੇ
– ਵਾਰਿਸ ਸ਼ਾਹ
ਸਾਲ 1970 ਦੇ ਅਕਤੂਬਰ ਮਹੀਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦੀ ਚੌਥੀ ਸ਼ਤਾਬਦੀ ਦੇ ਜਸ਼ਨ ਮਨਾਏ ਗਏ ਸਨ। ਏਸੇ ਸੰਬੰਧ ਵਿਚ ਭਾਰਤ ਸਰਕਾਰ ਦਾ ਉਸ ਵੇਲੇ ਦਾ ਗ੍ਰਹਿ ਮੰਤਰੀ ਚੌਧਰੀ ਚਰਨ ਸਿੰਘ ਵੀ ਅੰਮ੍ਰਿਤਸਰ ਆਇਆ, ਜਿਸ ਨੇ ਇਕ ਭਾਰੀ ਇਕੱਠ ਨੂੰ ਸੰਬੋਧਨ ਕਰਨਾ ਸੀ। ਇਕੱਠ ਵਿਚ ਜ਼ਿਆਦਾਤਰ ਆਲੇ ਦੁਆਲੇ ਦੇ ਪਿੰਡਾਂ ਤੋਂ ਆਏ ਲੋਕ ਜੁੜੇ ਸਨ। ਮੈਂ ਵੀ ਸਰੋਤਿਆਂ ਦੇ ਇਸ ਹਜੂਮ ਵਿਚ ਸ਼ਾਮਲ ਹੋ ਗਿਆ ਸਾਂ।
ਮੈਂ ਬੈਠਾ ਮਨ ਹੀ ਮਨ ਲੱਖਣ ਲਾ ਰਿਹਾ ਸੀ ਕਿ ‘ਕੀ ਪੰਜਾਬ ਦੇ ਜੱਟ ਮੇਰਠ ਤੋਂ ਆਏ ਏਸ ‘ਜਾਟ’ ਨਾਲ ਆਪਣਾ ਕੋਈ ਨਾਤਾ ਜੋੜ ਸਕਣਗੇ?’
ਲੱਗਦਾ ਸੀ ਗੱਲ ਬਣਨੀ ਨਹੀਂ। ਉਸ ਦਾ ਕੱਦ-ਕਾਠ ਪੰਜਾਬੀਆਂ ਨਾਲ ਮੇਲ ਨਹੀਂ ਸੀ ਖਾਂਦਾ। ਉਹ ਮਧਰਾ ਵੀ ਸੀ ਤੇ ਮਾੜਚੂ ਜਿਹਾ ਵੀ। ਅਤੇ ਫੇਰ ਉਹਦੀ ਜ਼ੁਬਾਨ ਵੀ ਓਪਰੀ ਸੀ।
ਆਪਣੇ ਭਾਸ਼ਨ ਦੀਆਂ ਥੋੜ੍ਹੀਆਂ ਮੁੱਢਲੀਆਂ ਰਸਮੀ ਜਿਹੀਆਂ ਗੱਲਾਂ ਪਿੱਛੋਂ ਉਸ ਨੇ ਆਖਿਆ, ‘ਇੰਦਰਾ ਜੀ ਸਮਝਦੇ ਨੇ ਕਿ ਮੈਂ ਉਨ੍ਹਾਂ ਨਾਲ ਵੈਰ-ਭਾਵ ਰੱਖਦਾ ਹਾਂ। ਹੁਣ ਦੱਸੋ ਭਲਾ ਮੈਂ ਉਨ੍ਹਾਂ ਦਾ ਦੋਖੀ ਕਿਉਂ ਹੋਵਾਂਗਾ, ਉਨ੍ਹਾਂ ਨੇ ਕਿਹੜਾ ਮੇਰੀ ਮੱਝ ਚੋਰੀ ਕੀਤੀ ਹੋਈ ਹੈ।’ ਆਪਣੀ ਹਿੰਦੀ ਭਾਸ਼ਾ ਵਿਚ ਚੌਧਰੀ ਚਰਨ ਸਿੰਘ ਨੇ ਬੋਲਿਆ ਸੀ, ‘‘ਉਨਹੋਂ ਨੇ ਕੌਨ ਸੀ ਮੇਰੀ ਭੈਂਸ ਖੋ ਰੱਖੀ ਹੈ?’’
ਚੌਧਰੀ ਸਾਹਿਬ ਦੇ ਏਨਾ ਬੋਲਣ ਨਾਲ ਹਰੇਕ ਹਿਰਦਾ ਛੁਹਿਆ ਗਿਆ ਤੇ ਸਭ ਦੀ ਜ਼ੁਬਾਨ ਉੱਤੇ ਖ਼ੁਸ਼ੀ ਤੇ ਪ੍ਰਸ਼ੰਸਾ ਦੇ ਬੋਲ ਉਭਰ ਆਏ। ਪੰਜਾਬ ਦੇ ਪੇਂਡੂ ਭਾਊਆਂ ਨਾਲ ਉਸ ਦੀ ਸੁਰ ਮਿਲ ਗਈ ਸੀ। ਦਿੱਲੀ ਵਿਚ ਆਪਣੀ ਥਾਂ ਉਹ ਵੱਡਾ ਵਜ਼ੀਰ ਹੋਊਗਾ, ਪਰ ਏਥੇ ਉਹ ਉਨ੍ਹਾਂ ਵਰਗੀ ਜ਼ੁਬਾਨ ਵਿਚ ਗੱਲ ਕਰ ਰਿਹਾ ਸੀ। ਉੱਤਰੀ ਭਾਰਤ ਦੀ ਪੇਂਡੂ ਰਹਿਤਲ ਵਿਚ ਸਭ ਤੋਂ ਵੱਡਾ ਦੁਸ਼ਮਣ ਉਸ ਨੂੰ ਮੰਨਿਆ ਜਾਂਦਾ ਸੀ ਜਿਸ ਨੇ ਤੁਹਾਡੀ ਮੱਝ ਚੁਰਾ ਕੇ ਆਪਣੇ ਘਰ ਦੀ ਖੁਰਲੀ ਉੱਤੇ ਬੰਨ੍ਹ ਰੱਖੀ ਹੋਵੇ।
ਇਸ ਭਾਵਨਾ ਲਈ ਠੋਸ ਆਰਥਿਕ ਆਧਾਰ ਮੌਜੂਦ ਹੈ। ਭਾਰਤ ਵਿਚ ਗਊਆਂ ਮੱਝਾਂ ਨਾਲੋਂ ਚਾਰ ਗੁਣਾਂ ਜ਼ਿਆਦਾ ਹਨ। ਫਿਰ ਵੀ ਗਿਣਤੀ ਕਿਤੇ ਥੋੜ੍ਹੀ ਹੋਣ ਦੇ ਬਾਵਜੂਦ ਦੇਸ਼ ਵਿਚਲੇ ਦੁੱਧ ਦੇ ਉਤਪਾਦਨ ਵਿਚ ਮੱਝਾਂ ਗਊਆਂ ਨੂੰ ਮਾਤ ਪਾਉਂਦੀਆਂ ਹਨ।
ਦੇਸ਼ ਤੋਂ ਬਾਹਰ ਦੇ ਕਿਸੇ ਗਿਆਨ ਜਾਂ ਤਕਨਾਲੋਜੀ ਦੀ ਸਹਾਇਤਾ ਤੋਂ ਬਿਨਾਂ ਉੱੱਤਰੀ ਭਾਰਤ ਦੇ ਕਿਸਾਨ ਨੇ ਜੋ ਸਾਂਭ ਸੰਭਾਲ ਮੱਝ ਦੀ ਕੀਤੀ ਹੈ, ਉਸੇ ਕਰਕੇ ਹੀ ਇਕ ਉੱਤਮ ਪਸ਼ੂ ਵਜੋਂ ਇਸ ਦੀ ਹੁਣ ਵਾਲੀ ਸ਼ਾਨ ਬਣੀ ਹੈ। ਮੱਝ ਦੀ ਖ਼ਾਸ ਸਾਂਭ ਸੰਭਾਲ ਦਾ ਇਹ ਵਰਤਾਰਾ ਖ਼ਾਸ ਤੌਰ ’ਤੇ ਪੰਜਾਬ ਤੇ ਹਰਿਆਣਾ ਦਾ ਸੱਚ ਹੈ। ਪੰਜਾਬ ਵਿਚ ਦੁੱਧ ਦੀ ਖਪਤ ਸਮੁੱਚੇ ਦੇਸ਼ ਵਿਚਲੀ ਦੁੱਧ ਦੀ ਖਪਤ ਨਾਲੋਂ ਚਾਰ ਗੁਣਾ ਜ਼ਿਆਦਾ ਹੈ, ਯਾਨੀ 115 ਮਿਲੀਲਿਟਰ ਦੇ ਟਾਕਰੇ 500 ਮਿਲੀਲਿਟਰ। ਐਪਰ ਏਥੇ ਰੋਜ਼ਾਨਾ ਖਪਤ ਹੁੰਦੇ ਹਰ ਪੰਜ ਲਿਟਰ ਦੁੱਧ ਵਿਚੋਂ ਚਾਰ ਲਿਟਰ ਦੁੱਧ ਮੱਝ ਦਾ ਹੁੰਦਾ ਹੈ। ਅਤੇ ਇਹ ਸਥਿਤੀ ਇਸ ਤੱਥ ਦੇ ਬਾਵਜੂਦ ਹੈ ਕਿ ਵਿਗਿਆਨਕ ਤਕਨਾਲੋਜੀ ਦੀ ਵਰਤੋਂ ਨਾਲ ਯੂਰਪੀ ਤੇ ਅਮਰੀਕਾ ਦੀਆਂ ਦੋਗਲੀ ਨਸਲ ਦੀਆਂ ਗਊਆਂ ਨੂੰ ਵਧਾਉਣ ਦੀ ਸਾਲਾਂ-ਬੱਧੀ ਕੋਸ਼ਿਸ਼ ਹੁੰਦੀ ਰਹੀ ਹੈ। ਇਹ ਤਾਂ ਦੱਸਣ ਦੀ ਸ਼ਾਇਦ ਲੋੜ ਨਹੀਂ ਕਿ ਗਊ ਦੇ ਦੁੱਧ ਨਾਲੋਂ ਮੱਝ ਦੇ ਦੁੱਧ ਵਿਚ ਚਿਕਨਾਈ ਕਿਤੇ ਜ਼ਿਆਦਾ ਹੁੰਦੀ ਹੈ। ਭਾਰਤ ਤੋਂ ਬਿਨਾਂ ਤਿੰਨ ਦੇਸ਼ ਹੋਰ ਹਨ ਜਿਨ੍ਹਾਂ ਵਿਚ ਮੱਝ ਦੇ ਦੁੱਧ ਦਾ ਉਤਪਾਦਨ ਗਊ ਦੇ ਦੁੱਧ ਨਾਲੋਂ ਵਧੇਰੇ ਹੁੰਦਾ ਹੈ। ਇਹ ਤਿੰਨ ਦੇਸ਼ ਹਨ: ਪਾਕਿਸਤਾਨ, ਯੂ.ਏ.ਆਰ. ਅਤੇ ਥਾਈਲੈਂਡ। ਮੱਝਾਂ ਤਾਂ ਤੁਰਕੀ, ਇਟਲੀ, ਇਰਾਨ, ਇਰਾਕ, ਬੁਲਗਾਰੀਆ, ਨੇਪਾਲ, ਬਰਮਾ ਤੇ ਕਈ ਹੋਰ ਦੇਸ਼ਾਂ ਵਿਚ ਵੀ ਮਿਲਦੀਆਂ ਹਨ। ਐਪਰ, ਪੰਜਾਬ ਤੇ ਹਰਿਆਣੇ ਦੀਆਂ ਮੱਝਾਂ ਸਭ ਤੋਂ ਸ੍ਰੇਸ਼ਟ ਹਨ; ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ।
ਥੋੜ੍ਹਾ ਹੀ ਸਮਾਂ ਪਹਿਲਾਂ ਤਕ ਪੰਜਾਬ ਵਿਚ ਮੱਝ ਨੂੰ ਇਕ ਲਾਹੇਵੰਦਾ ਦੁਧਾਰੂ ਪਸ਼ੂ ਹੀ ਨਹੀਂ ਸੀ ਸਮਝਿਆ ਜਾਂਦਾ, ਇਸ ਨੂੰ ਦਿਲਕਸ਼ ਹੁਸੀਨ ਜੀਵ ਵੀ ਗਿਣਿਆ ਜਾਂਦਾ ਸੀ। ਸ਼ੇਰ ਸਿੰਘ ਸ਼ੇਰ, ਜਿਸ ਨੂੰ ਹੁਣੇ ਜਿਹੇ ਪਦਮ ਸ਼੍ਰੀ ਨਾਲ ਸਨਮਾਨਿਆ ਗਿਆ ਹੈ, ਦੀ ਲੋਕਗੀਤਾਂ ਦੇ ਸੰਗ੍ਰਹਿ ਵਾਲੀ ਪੁਸਤਕ ‘ਬਾਰ ਦੇ ਢੋਲੇ’ ਵਿਚਲੇ ਗੀਤਾਂ ਵਿਚ ਤਾਂ ਸੱਚਮੁਚ ਹੀ ਮੱਝ ‘ਹੁਸੀਨ ਨਾਜੋ’ ਵਜੋਂ ਸਾਹਮਣੇ ਆਉਂਦੀ ਹੈ। ਮੱਝ ਨੂੰ ਧਰਤੀ ਦੀ ਨਫੀਸ ਰਚਨਾ, ਜਾਣੋ ਫੁੱਲ ਆਖਿਆ ਗਿਆ ਹੈ। ਰਾਵੀ ਤੋਂ ਪਾਰ ਬਾਰ ਦੇ ਇਲਾਕੇ ਵਿਚਲੇ ਇਨ੍ਹਾਂ ਗੀਤਾਂ ਵਿਚ ਮੱਝਾਂ ਦੀ ਚੋਰੀ ਦੀਆਂ ਵਾਰਦਾਤਾਂ, ਚੁਰਾ ਲਈ ਗਈਆਂ ਮੱਝਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਅਤੇ ਇਨ੍ਹਾਂ ਕੋਸ਼ਿਸ਼ਾਂ ਨੂੰ ਰੋਕਣ ਦੀ ਖ਼ਾਤਰ ਸਿਰ-ਧੜ ਦੀਆਂ ਲੜਾਈਆਂ ਤਕ ਦਾ ਜ਼ਿਕਰ ਹੈ। ਮੱਝ ਇਸ ਤਰ੍ਹਾਂ ਸ਼ਿੰਗਾਰੀ ਹੋਈ ਨਜ਼ਰ ਆਉਂਦੀ ਹੈ ਜਿਵੇਂ ਉਹ ਕਿਸੇ ਸ਼ਾਹ ਦੀ ਧੀ ਹੋਵੇ। ਮਦੀਨ ਮੱਝ ਅਤੇ ਉਸਦਾ ਨਰ ਮਹਿਆਂ ਜਾਂ ਸੰਢਾ ਪਸ਼ੂਆਂ ਦੇ ਖੰਧੇ ਵਿਚ ‘ਲਾੜੇ ਤੇ ਵਹੁਟੀ ਵਾਂਗੂੰ’ ਸੁਹਣੇ ਸਜੇ ਨਿਵੇਕਲੇ ਨਜ਼ਰ ਆਉਂਦੇ ਹਨ।
ਇਨ੍ਹਾਂ ਹੀ ਇਲਾਕਿਆਂ ਦੇ ਪਿੰਡਾਂ ਦਾ ਜੰਮਿਆ ਪਲ਼ਿਆ ਹੋਣ ਕਰਕੇ ਆਪਣੇ ਲੜਕਪਨ ਵਿਚ ਮੈਂ ਜਦੋਂ ਮੱਝੀਆਂ ਨੂੰ ਛੇੜਕੇ ਬਾਹਰ ਲਿਜਾਂਦਾ ਸਾਂ ਤਾਂ ਰੇਲ ਗੱਡੀ ਫੜਨ ਲਈ ਪਹੇ ਤੋਂ ਦੀ ਲੰਘਦੇ ਪੈਦਲ ਰਾਹੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਿਹਾਰਦੇ ਅਤੇ ਜੋ ਸੋਹਣੀ ਦਿਸਦੀ, ਉਸਦੀ ਸਿਫ਼ਤ ਕਰਨ ਲਈ ਰੁਕ ਵੀ ਜਾਂਦੇ। ਉਨ੍ਹਾਂ ਦੀ ਇਹ ਸਿਫ਼ਤ ਸਲਾਹ ਧੁਰ ਅੰਦਰੋਂ ਨਿਕਲਦੀ ਜਦੋਂ ਉਹ ਖ਼ੁਸ਼ੀ ਦੇ ਰੌਂਅ ਵਿਚ ਉੱਚੇ ਬੋਲਾਂ ਰਾਹੀਂ ਖੁਲ੍ਹ ਕੇ ਆਖਦੇ, ‘ਬਈ ਵਾਹ ਕਿੰਨੀ ਪਿਆਰੀ ਚੀਜ਼ ਹੈ।’ ਮੈਂ ਅਨੁਮਾਨ ਲਾ ਸਕਦਾ ਹਾਂ ਕਿ ਇਸ ਤਰ੍ਹਾਂ ਦੀ ਗੱਲ ਸੁਣ ਕੇ ਕੁਝ ਲੋਕ ਹੱਸਣਗੇ ਕਿਉਂਕਿ ਉਨ੍ਹਾਂ ਦੀ ਨਜ਼ਰ ਵਿਚ ਮੱਝ ਸ਼ਾਇਦ ਸਭ ਤੋਂ ਬਦਸੂਰਤ ਜਾਨਵਰ ਹੈ। ਰੂਸੀ ਲੇਖਕ ਮੈਕਸਿਮ ਗੋਰਕੀ ਇਸ ਅੜਾਉਣੀ ਦਾ ਹੱਲ ਸੁਝਾਉਂਦਾ ਹੈ। ਉਸ ਦਾ ਕਹਿਣਾ ਹੈ: ‘‘ਆਖਰ ਰੇਗਸਤਾਨ ਵਿਚ ਤਾਂ ਕੋਈ ਖ਼ੂਬਸੂਰਤੀ ਨਹੀਂ, ਇਹ ਖ਼ੂਬਸੂਰਤੀ ਤਾਂ ਕਿਸੇ ਅਰਬ ਵਾਸੀ ਦੀ ਆਤਮਾ ਵਿਚ ਹੈ। ਅਤੇ ਫਿਨਲੈਂਡ ਦੀ ਖ਼ੂਬਸੂਰਤੀ ਉੱਥੋਂ ਦੇ ਕਠੋਰ ਨਜ਼ਾਰੇ ਵਿਚ ਨਹੀਂ, ਇਹ ਤਾਂ ਫਿਨਲੈਂਡ ਵਾਸੀ ਨੇ ਈਜਾਦ ਕੀਤੀ ਅਤੇ ਆਪਣੇ ਸਾਦਾ ਜਿਹੇ ਦੇਸ਼ ਉੱਤੇ ਲੱਦ ਦਿੱਤੀ।’’
ਸ਼ੇਰ ਸਿੰਘ ਦੀ ਕਿਤਾਬ ਵਿਚ ਇਹੋ ਜਿਹੇ ਗੀਤ ਵੀ ਹਨ ਜਿਨ੍ਹਾਂ ਤੋਂ ਮੱਝ ਨਾਲ ਮੋਹ ਤੇ ਨੇੜਤਾ ਇਸ ਹੱਦ ਤਕ ਉਜਾਗਰ ਹੁੰਦੀ ਹੈ ਜਿਵੇਂ ਉਹ ਮਾਂ ਹੋਵੇ।
ਲੜਾਈ ਲੜਨ ਲਈ ਮਜਬੂਰ ਇਕ ਆਦਮੀ ਆਖਦਾ ਹੈ, ‘‘ਜੇ ਮੈਂ ਹੁਣ ਲੜਨ ਤੋਂ ਪਿੱਛੇ ਹਟਿਆ ਤਾਂ ਇਹ ਮੱਝ ਦੇ ਉਨ੍ਹਾਂ ਥਣਾਂ ਨਾਲ ਦਗਾ ਕਰਨ ਵਰਗੀ ਗੱਲ ਹੋਵੇਗੀ, ਜਿਨ੍ਹਾਂ ਤੋਂ ਮੈਂ ਦੁੱਧ ਚੁੰਘਿਆ ਹੈ।’’
ਕਵੀ ਕਾਲੀਦਾਸ ਗੁੱਜਰਾਂਵਾਲੀਏ ਦੇ ਬਾਲ ਸ਼ਹੀਦ ਹਕੀਕਤ ਰਾਏ ਬਾਰੇ ਲਿਖੇ ਕਿੱਸੇ ਵਿਚ ਮਾਂ ਆਪਣੇ ਪੁੱਤਰ ਨੂੰ ਵਾਸਤਾ ਪਾਉਂਦੀ ਹੈ ਕਿ ਉਹ ਬਾਦਸ਼ਾਹ ਦੀ ਇੱਛਾ ਦਾ ਉਲੰਘਣ ਨਾ ਕਰੇ ਅਤੇ ਇਉਂ ਆਪਣੀ ਜਾਨ ਬਚਾ ਲਵੇ। ਇਹ ਵਾਸਤਾ ਪਾਉਣ ਸਮੇਂ ਉਹ ਮੋਹ ਦਾ ਪ੍ਰਗਟਾਵਾ ਕਰਦੀ ਹੋਈ ਆਪਣੇ ਪੁੱਤਰ ਨੂੰ ‘ਮੱਝ ਦੇ ਮੱਖਣ ਨਾਲ ਪਲਿਆ ਹੋਇਆ’ ਕਹਿ ਕੇ ਸੰਬੋਧਨ ਕਰਦੀ ਹੈ।
ਇਕ ਬਹੁਤ ਹੈਰਾਨਕੁਨ ਤੱਥ ਇਹ ਹੈ ਕਿ ਮੱਝ ਵਿਚ ਮੁੜ੍ਹਕਾ ਲਿਆ ਸਕਣ ਵਾਲੀ ਸ਼ਕਤੀ ਬਹੁਤ ਨਿਗੂਣੀ ਹੈ। ਗਊ ਦੇ ਟਾਕਰੇ ਇਸ ਦੀਆਂ ਮਾਸ ਗ੍ਰੰਥੀਆਂ ਹੈ ਵੀ ਥੋੜ੍ਹੀਆਂ ਅਤੇ ਫਿਰ ਉਹ ਆਕਾਰ ਵਿਚ ਵੀ ਛੋਟੀਆਂ ਹਨ। ਗਰਮੀ ਤੋਂ ਬਚਣ ਲਈ ਇਹ ਜਾਂ ਤਾਂ ਤੈਰਨ ਲੱਗਦੀ ਹੈ ਅਤੇ ਜਾਂ ਫਿਰ ਪਾਣੀ ਵਿਚ ਟਿਕੇ ਰਹਿਣ ਦੇ ਨਾਲ ਨਾਲ ਚਿੱਕੜ ਵਿਚ ਲਿਟਣ ਲੱਗਦੀ ਹੈ। ਏਸੇ ਕਰਕੇ ਇਸ ਨੂੰ ਅੰਗਰੇਜ਼ੀ ਵਿਚ ‘ਵਾਟਰ ਬਫੈਲੋ’ ਕਿਹਾ ਜਾਂਦਾ ਹੈ। ਐਪਰ ਇਸ ਦੇ ਬਾਵਜੂਦ ਇਹ ਉਨ੍ਹਾਂ ਇਲਾਕਿਆਂ ਵਿਚ ਵਧੇਰੇ ਪ੍ਰਫੁੱਲਤ ਹੋਈ ਜਿੱਥੇ ਪਾਣੀ ਵੰਭੀ ਮਾਤਰਾ ਵਿਚ ਪ੍ਰਾਪਤ ਨਹੀਂ ਸੀ। ਵੈਸੇ ਵੀ ਇਸ ਦੇ ਪ੍ਰਫੁੱਲਨ ਦਾ ਵਰਤਾਰਾ ਇਤਿਹਾਸ ਦੇ ਕਾਫ਼ੀ ਮਗਰਲੇ ਪੜਾਅ ਉੱਤੇ ਹੋਇਆ ਜਾਪਦਾ ਹੈ, ਕਿਉਂਕਿ ਆਰੀਆ ਲੋਕਾਂ ਦੇ ਆਮ ਪਾਲਤੂ ਜਾਨਵਰ ਤਾਂ ਗਊ ਅਤੇ ਘੋੜਾ ਸਨ।
ਇਸ ਵਿਸ਼ੈ ਬਾਰੇ ਬਹੁਤ ਮਹੱਤਵਪੂਰਨ ਪਾਠ-ਪੁਸਤਕ ਦਾ ਦਰਜਾ ਰੱਖਦੀ ਆਪਣੀ ਅੰਗਰੇਜ਼ੀ ਦੀ ਕਿਤਾਬ ‘ਡੋਮੈਸਟਿਕ ਵਾਟਰ ਬਫੈਲੋ’ ਵਿਚ ਐੱਮ. ਫਾਹਿਮੁਦੀਨ ਲਿਖਦਾ ਹੈ:
‘‘ਸਿੰਧ ਵਾਦੀ ਸਭਿਅਤਾ ਦੇ ਲੋਕਾਂ ਲਈ ਮੱਝ ਕਈ ਤਰ੍ਹਾਂ ਨਾਲ ਕੰਮ ਆਉਂਦੀ ਰਹੀ ਹੈ, ਭੋਜਨ ਲਈ, ਖੇਤੀਬਾੜੀ ਲਈ ਅਤੇ ਜੰਗਾਂ ਯੁੱਧਾਂ ਲਈ। ਗੰਗਾ ਦੇ ਮੈਦਾਨ ਵਿਚ ਲੜਾਈ ਦੌਰਾਨ ਅਤੇ ਇਸ ਧਰਤੀ ਨੂੰ ਫਤਹਿ ਕਰਨ ਸਮੇਂ ਆਰੀਅਨਾਂ ਨੇ ਵੇਖਿਆ ਕਿ ਉਨ੍ਹਾਂ ਦੇ ਕਾਲ਼ੇ-ਕਲੂਟੇ ਨੀਚ ਦੁਸ਼ਮਣਾਂ ਕੋਲ ਅਜੀਬ ਜਿਹੇ ਕਾਲੇ ਰੰਗ ਦਾ ਇਹ ਚੁਪਾਇਆ ਮੌਜੂਦ ਸੀ। ਪ੍ਰਤੀਤ ਹੁੰਦਾ ਹੈ ਆਰੀਆ ਲੋਕ ਇਸ ਜਾਨਵਰ ਨੂੰ ਬਹੁਤ ਨਫ਼ਰਤ ਦੀ ਭਾਵਨਾ ਨਾਲ ਵੇਖਦੇ ਸਨ। ਹਿੰਦੂ ਮਿਥਿਹਾਸ ਵਿਚ ਮੱਝ ਨੂੰ ਜਿਵੇਂ ਦਾਨਵਾਂ ਅਤੇ ਹੋਰ ਬੁਰਾਈਆਂ ਦੇ ਨਾਲ ਜੋੜਿਆ ਗਿਆ ਹੈ, ਉਸ ਦੀ ਇਹ ਖ਼ਾਸ ਵਜ੍ਹਾ ਹੋ ਸਕਦੀ ਹੈ। ਹਿੰਦੂ ਮਿਥਿਹਾਸ ਵਿਚ ‘ਮਹਿਖਾਸੁਰ’ ਇਕ ਅਜਿਹਾ ਦੈਂਤ ਹੈ ਜਿਸ ਦਾ ਦੇਵੀ ‘ਦੁਰਗਾ’ ਨੇ ਲੜਾਈ ਵਿਚ ਨਾਸ ਕੀਤਾ ਸੀ। ਭਾਰਤ ਅਤੇ ਨੇਪਾਲ ਵਿਚ ਹਰ ਸਾਲ ਧਾਰਮਿਕ ਜਸ਼ਨਾਂ ਦੇ ਰੂਪ ਵਿਚ ਮਨਾਈ ਜਾਂਦੀ ‘ਦੁਰਗਾ ਪੂਜਾ’ ਦੌਰਾਨ ਦੁਰਗਾ ਮਾਤਾ ਦੀ ਬੇਦੀ ਉੱਤੇ ਵੱਡੀ ਗਿਣਤੀ ਵਿਚ ਨਰ ਮੱਝ ਯਾਨੀ ਸੰਢੇ ਦੀ ਬਲੀ ਚੜ੍ਹਾਈ ਜਾਂਦੀ ਹੈ’’।
ਇਸ ਲਈ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਕਿ ਮੱਝ ਦਾ ਸਭ ਤੋਂ ਜ਼ਿਆਦਾ ਵਿਕਾਸ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਰਗੇ ਉਨ੍ਹਾਂ ਖੇਤਰਾਂ ਵਿਚ ਵਧੇਰੇ ਹੋਇਆ ਹੈ ਜਿੱਥੇ ਬ੍ਰਾਹਮਣੀ ਪ੍ਰਭਾਵ ਬਹੁਤ ਸ਼ਕਤੀਸ਼ਾਲੀ ਨਹੀਂ ਸੀ। ਬ੍ਰਾਹਮਣ ਲਈ ਮੱਝ ਨਾਲ ਨਾਤਾ ਜੋੜ ਸਕਣਾ ਕਾਫ਼ੀ ਮੁਸ਼ਕਲ
ਪ੍ਰਤੀਤ ਹੁੰਦਾ ਹੈ। ਕਾਂਗੜੇ ਤੋਂ ਇਕ ਬ੍ਰਾਹਮਣ ਮੁੰਡੂ ਨੂੰ ਰੋਟੀ ਆਦਿ ਪਕਾਉਣ ਵਿਚ ਸਹਾਇਕ ਵਜੋਂ ਅਸੀਂ ਆਪਣੇ ਘਰ ਨੌਕਰ ਰੱਖਿਆ ਸੀ। ਜਦੋਂ ਉਸ ਨੇ ਸਾਨੂੰ ਮੱਝ ਦੇ ਦੁੱਧ ਦੀਆਂ ਧਾਰਾਂ ਆਪਣੇ ਮੂੰਹ ਵਿਚ ਪਾਉਂਦੇ ਵੇਖਿਆ ਤਾਂ ਉਹ ਸਾਡੇ ਘਰੋਂ ਹੀ ਭੱਜ ਗਿਆ।
ਜਦਕਿ ਸਾਡੇ ਲਈ ਸਵੇਰੇ ਸਵੇਰੇ ਮੱਝ ਦੀਆਂ ਧਾਰਾਂ ਲੈਣਾ ਹੀ ਛਾਹ ਵੇਲ਼ਾ ਸੀ।
‘‘ਇਨ੍ਹਾਂ ਨੂੰ ਤਾਂ ਮੱਝ ਦੇ ਥਣ ਆਪਣੇ ਮੂੰਹ ਵਿਚ ਪਾਉਂਦਿਆਂ ਵੀ ਸ਼ਰਮ ਨਹੀਂ ਆਉਂਦੀ, ਮੈਂ ਨਹੀਂ ਇਨ੍ਹਾਂ ਦੇ ਨਾਲ ਰਹਿ ਸਕਦਾ’’, ਉਸ ਦਾ ਕਹਿਣਾ ਸੀ। (ਸਾਇੰਸ ਨੇ ਹੁਣ ਸਾਬਤ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦੁੱਧ ਪੀਣਾ ਬਹੁਤ ਅਰੋਗਤਾਦਾਇਕ ਹੈ ਕਿਉਂਕਿ ਇਸ ਤਰ੍ਹਾਂ ਇਸ ਦੇ ਮਲੀਨ ਹੋਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ)।
ਇਹ ਗੱਲ ਰਤਾ ਅਜੀਬ ਜਿਹੀ ਜਾਪੇਗੀ ਕਿ ਕਿਸੇ ਇਕ ਥਾਂ ਮੱਝਾਂ ਦਾ ਸਭ ਤੋਂ ਵੱਡਾ ਚੋਣਾ ਇਸਦੇ ਆਪਣੇ ਖੇਤਰ ਵਿਚ ਨਹੀਂ, ਇਸ ਤੋਂ ਬਾਹਰ ਮੌਜੂਦ ਹੈ। ਮੁੰਬਈ ਦੇ ਲਾਗੇ ਆਰੇ ਮਿਲਕ ਕਾਲੋਨੀ ਵਿਚ ਸਭ ਤੋਂ ਜ਼ਿਆਦਾ ਮੱਝਾਂ ਹਨ, ਜਿੱਥੋਂ ਸ਼ਹਿਰ ਨੂੰ ਦੁੱਧ ਸਪਲਾਈ ਹੁੰਦਾ ਹੈ। ਖ਼ੈਰ! ਇਸ ਤੱਥ ਲਈ ਵੀ ਪੰਜਾਬ ਤੇ ਹਰਿਆਣਾ ਆਪਣੇ ਆਪ ਨੂੰ ਸ਼ਾਬਾਸ਼ੇ ਦੇ ਸਕਦੇ ਹਨ ਕਿ ਉੱਥੇ ਮੌਜੂਦ ਮੁਰਾ ਨਸਲ ਦੀ ਮੱਝ ਦਾ ਮੁੱਢਲਾ ਚੋਣਾ ਇਨ੍ਹਾਂ ਪ੍ਰਾਂਤਾਂ ਨੇ ਹੀ ਤਿਆਰ ਕੀਤਾ ਸੀ। ਇਹੀ ਗੱਲ ਹਿਰਨਘਾਟ ਡੇਅਰੀ ਫਾਰਮ ਬਾਰੇ ਸਹੀ ਹੈ, ਜਿੱਥੋਂ ਕਲਕੱਤੇ ਸ਼ਹਿਰ ਨੂੰ ਦੁੱਧ ਸਪਲਾਈ ਹੁੰਦਾ ਹੈ। ਏਸੇ ਤਰ੍ਹਾਂ ਹੀ ਹੋਰਨੀਂ ਥਾਈਂ ਵੱਡੇ ਵੱਡੇ ਡੇਅਰੀ ਫਾਰਮ ਕਾਇਮ ਕੀਤੇ ਜਾ ਰਹੇ ਹਨ। ਫਿਲਪਾਈਨ, ਮਲਾਇਆ, ਲੰਕਾ ਆਦਿ ਦੇਸ਼ਾਂ ਵਿਚ ਵੀ ਮੁਰਾ ਨਸਲ ਦੀਆਂ ਮੱਝਾਂ ਦੇ ਚੋਣੇ ਵਿਕਸਤ ਕੀਤੇ ਜਾ ਰਹੇ ਹਨ। ਪਾਕਿਸਤਾਨ
ਵਿਚ ਵੀ ਬਹੁਤ ਸਾਰੇ ਮੱਝਾਂ ਦੇ ਫਾਰਮ ਹਨ ਜਿੱਥੇ
ਉਨ੍ਹਾਂ ਦੀ ਖ਼ਾਸ ਆਪਣੀ ‘ਕੁੰਚੀ’, ‘ਨੀਲੀ’ ਤੇ
‘ਰਾਵੀ’ ਨਸਲ ਦੀਆਂ ਮੱਝਾਂ ਵਿਕਸਤ ਕਰਨ ਦਾ
ਉੱਦਮ ਕੀਤਾ ਜਾ ਰਿਹਾ ਹੈ।
ਮੁਰਾ ਨਸਲ ਸਮੇਤ ਇਹ ਸਾਰੀਆਂ ਨਸਲਾਂ ਦੀਆਂ ਮੱਝਾਂ ਕੋਈ ਖ਼ਾਸ ਸ਼ੁੱਧ ਜਾਂ ਨਿਵੇਕਲੀਆਂ ਨਹੀਂ। ਪਾਕਿਸਤਾਨ ਤੋਂ ਉਜੜਕੇ ਆਏ ਲੋਕ ਜੋ ਆਪਣੀਆਂ ਮੱਝਾਂ ਨੂੰ ਸਰਹੱਦ ਪਾਰ ਕਰਾਉਣ ਵਿਚ ਸਫ਼ਲ ਰਹੇ, ਭਾਰਤ ਵਿਚ ਜਿੱਥੇ ਵੀ ਜ਼ਮੀਨ ਅਲਾਟ ਹੋਈ, ਉੱਥੇ ਮੁੜ ਆਬਾਦ ਹੋ ਗਏ ਤੇ ਨਾਲ ਹੀ ਮੱਝਾਂ ਵੀ ਆਪਣੇ ਨਾਲ ਲੈ ਗਏ। ਇਸ ਤਰ੍ਹਾਂ ਹੋਣ ਨਾਲ ਮੱਝਾਂ ਦੀ ਨਸਲ ਵਿਚ ਰਲ਼ਾ-ਮਲ਼ਾ ਹੋ ਗਿਆ ਅਤੇ ਉਨ੍ਹਾਂ ਦੇ ਲੱਛਣਾਂ ਵਿਚਲੀ ਭਿੰਨਤਾ ਵੀ ਰਲ਼-ਮਿਲ ਗਈ। ਬਨਾਵਟੀ ਗਰਭਣ ਦੇ ਨਾਲ ਨਾਲ ਰੇਲਗੱਡੀ, ਟਰੱਕਾਂ, ਟਰੈਕਟਰਾਂ ਟਰਾਲੀਆਂ ਰਾਹੀਂ ਮੱਝਾਂ ਦੀ ਤੇਜ਼-ਰਫ਼ਤਾਰ ਢੋਆ-ਢੁਆਈ ਨੇ ਵੀ ਨਸਲਾਂ ਦੀ ਇਸ ਮਿਲਾਵਟ ਵਿਚ ਹਿੱਸਾ ਪਾਇਆ ਹੈ। ਮੂਲ ਰੂਪ ਵਿਚ ਇਨ੍ਹਾਂ ਨਸਲਾਂ ਦੀ ਇਕ ਦੂਜੀ ਨਾਲ ਸਮਰੂਪਤਾ ਹੈ ਅਤੇ ਭੂਗੋਲਕ ਤੌਰ ’ਤੇ ਇਹ ਮੁਰਾ ਨਸਲ ਨਾਲ ਹੀ ਮੇਲ ਖਾਂਦੀਆਂ ਹਨ।
ਨਸਲ ਕੋਈ ਵੀ ਹੋਵੇ, ਇਹ ਮੰਨਿਆ ਜਾਂਦਾ ਹੈ ਕਿ ਮੱਝ ਵਿਚ ਬਹੁਤੀ ਅਕਲ ਨਹੀਂ ਹੁੰਦੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਹੋਈ ਖੋਜ ਨੇ ਪਤਾ ਲਾਇਆ ਹੈ ਕਿ ਮੱਝ ਦੇ ਦਿਮਾਗ਼ ਦਾ ਅਗਲਾ ਹਿੱਸਾ ਗਊ ਜਾਂ ਸਾਨ੍ਹ ਦੇ ਦਿਮਾਗ਼ ਦੇ ਇਸ ਹਿੱਸੇ ਨਾਲੋਂ ਬਹੁਤ ਛੋਟਾ ਹੈ। ਇਸ ਦੇ ਦਿਮਾਗ਼ ਦਾ ਪਿਛਲਾ ਹਿੱਸਾ ਯਾਨੀ ਮਗਜ਼ ਦੇ ਹੇਠਲਾ ਹਿੱਸਾ ਗਉੂ ਜਾਂ ਸਾਨ੍ਹ ਦੇ ਏਸ ਭਾਗ ਨਾਲੋਂ ਕਿਤੇ ਵੱਡਾ ਹੈ। ਇਸ ਤੋਂ ਸਮਝ ਪੈਂਦੀ ਹੈ ਕਿ ਮੱਝ ਵਿਚ ਆਪਣੀ ਚਾਲ ਵਿਚ ਤਾਲਮੇਲ ਬਿਠਾਉਣ ਜਾਂ ਸੰਤੁਲਨ ਬਣਾ ਸਕਣ ਦੀ ਘਾਟ ਕਿਉਂ ਹੈ। ਹਲ਼ਵਾਹਕ ਲਈ ਇਹ ਵੱਡੀ ਮੁਸ਼ਕਲ ਹੁੰਦੀ ਕਿ ਉਹ ਸੰਢੇ ਜੋੜ ਕੇ ਸਿੱਧੇ ਸਿਆੜ ਨਹੀਂ ਖਿੱਚ ਸਕਦਾ, ਕਿਉਂਕਿ ਨਰ ਮੱਝ ਅਥਵਾ ਸੰਢੇ ਦੀ ਚਾਲ ਟੇਢੀ ਮੇਢੀ ਹੁੰਦੀ ਹੈ। ਸੰਢਿਆਂ ਨਾਲ ਹਲ਼ ਜੋੜਨ ਪਿੱਛੋਂ ਜਦੋਂ ਆਪਣੇ ਨਬੇੜੇ ਹੋਏ ਕੰਮ ਉੱਤੇ ਹਲ਼ਵਾਹਕ ਝਾਤ ਪਾਉਂਦਾ ਹੈ ਤਾਂ ਉਸ ਨੂੰ ਬਹੁਤ ਸ਼ਰਮ ਆਉਂਦੀ ਹੈ ਕਿ ਦੇਖਣ ਵਾਲੇ ਉਸ ਦੀ ਯੋਗਤਾ ਬਾਰੇ ਕੀ ਕਹਿਣਗੇ, ਇਸ ਨੂੰ ਸਿੱਧੇ ਸਿਆੜ ਵੀ ਕੱਢਣੇ ਨਹੀਂ ਆਉਂਦੇ!
ਮੱਝ ਤੁਰਨ ਵਿਚ ਵੀ ਬਹੁਤ ਸੁਸਤ ਹੈ। ਇਕ ਘੰਟੇ ਵਿਚ ਇਹ 3.2 ਕਿਲੋਮੀਟਰ ਦਾ ਫ਼ਾਸਲਾ ਹੀ ਤੈਅ ਕਰ ਸਕਦੀ ਹੈ, ਜਦਕਿ ਇਸ ਦੇ ਟਾਕਰੇ ਗਊ ਜਾਂ ਬੌਲਦ 4.8 ਤੋਂ 6.4 ਕਿਲੋਮੀਟਰ ਤਕ ਦੀ ਦੂਰੀ ਤਕ ਜਾ ਸਕਦੇ ਹਨ। ਐਪਰ ਗਾਡੀਵਾਨ ਇਸ ਨੂੰ ਪਸੰਦ ਕਰਦੇ ਹਨ ਕਿਉਂਕਿ ਬਲ਼ਦਾਂ ਨਾਲੋਂ ਸੰਢੇ ਜ਼ਿਆਦਾ ਭਾਰ ਢੋ ਸਕਦੇ ਹਨ। ਮੱਝ ਨੂੰ ਛੋਹ ਜਾਂ ਦਰਦ ਦਾ ਵੀ ਬਹੁਤਾ ਅਹਿਸਾਸ ਨਹੀਂ ਹੁੰਦਾ। ਏਸੇ ਲਈ ਇਹ ਕੀੜਿਆਂ ਦੇ ਕੱਟਣ ਜਾਂ ਜੋਕਾਂ ਆਦਿ ਦੀ ਬਹੁਤੀ ਪਰਵਾਹ ਨਹੀਂ ਕਰਦੀ। ਇਹ ਵੀ ਸ਼ੰਕਾ ਹੈ ਕਿ ਇਹ ਆਪਣੇ ਮਾਲਕ ਨਾਲ ਕੋਈ ਸਨੇਹ ਭਾਵ ਰੱਖਦੀ ਹੈ ਜਾਂ ਉਸ ਨੂੰ ਮਾਲਕ ਦੀ ਪਛਾਣ ਵੀ ਹੈ। ਜਦਕਿ ਗਊ ਬਾਰੇ ਅਜਿਹੀ ਗੱਲ ਨਹੀਂ ਆਖੀ ਜਾ ਸਕਦੀ। ਰਾਂਝੇ ਨੂੰ ਹੀਰ ਦੇ ਬਾਪ ਵੱਲੋਂ ਕੰਮ ਤੋਂ ਛੁੱਟੀ ਕਰ ਦਿੱਤੇ ਜਾਣ ਪਿੱਛੋਂ ਮੱਝਾਂ ਦੇ ਕਾਬੂ ਵਿਚ ਨਾ ਰਹਿਣ ਦਾ ਜੋ ਜ਼ਿਕਰ ਵਾਰਿਸ ਸ਼ਾਹ ਦੇ ਹੀਰ ਰਾਂਝੇ ਦੇ ਕਿੱਸੇ ਵਿਚ ਕੀਤਾ ਗਿਆ ਹੈ, ਉਸ ਨੂੰ ਸ਼ਾਇਰ ਦੀ ਸ਼ਾਇਰਾਨਾ ਖੁੱਲ੍ਹ ਹੀ ਸਮਝਣਾ ਚਾਹੀਦਾ ਹੈ। ਕੋਈ ਵੀ ਹੰਢਿਆ ਵਰਤਿਆ ਛੇੜੂ ਮੱਝਾਂ ਨੂੰ ਉਸੇ ਨਿਪੁੰਨਤਾ ਨਾਲ ਸਾਂਭ ਸਕਦਾ ਸੀ ਜਿਸ ਤਰ੍ਹਾਂ ਰਾਂਝੇ ਵੱਲੋਂ ਉਨ੍ਹਾਂ ਨੂੰ ਸੰਭਾਲਿਆ ਦੱਸਿਆ ਜਾਂਦਾ ਹੈ। ਐਪਰ ਕਿਸੇ ਤਰ੍ਹਾਂ ਦੀ ਪਛਾਣ ਕਰ ਸਕਣ ਦਾ ਇਕੋ ਇਕ ਨਿਸਚਤ ਸੰਕੇਤ ਜੋ ਕੁਝ ਮੱਝਾਂ ਦਿੰਦੀਆਂ ਹਨ, ਉਹ ਇਹ ਹੈ ਕਿ ਧਾਰ ਕੱਢਣ ਦੇ ਇਕ ਨਿਸਚਤ ਢੰਗ ਦੀਆਂ ਉਹ ਆਦੀ ਹੋ ਜਾਂਦੀਆਂ ਹਨ ਅਤੇ ਇੰਝ ਉਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਧਾਰ ਕੌਣ ਕੱਢ ਰਿਹਾ ਹੈ। ਨਿਸਚਤ ਆਦਮੀ ਤੋਂ ਬਿਨਾਂ ਉਹ ਕਿਸੇ ਹੋਰ ਨੂੰ ਆਪਣਾ ਦੁੱਧ ਚੋਏ ਜਾਣ ਦੀ ਆਗਿਆ ਨਹੀਂ ਦਿੰਦੀਆਂ। ਏਸੇ ਕਾਰਨ ਅਜਿਹੇ ਵਿਅਕਤੀ ਵਾਂਢੇ ਨਹੀਂ ਜਾ ਸਕਦੇ ਕਿਉਂਕਿ ਮੱਝ ਉਨ੍ਹਾਂ ਦੇ ਹੱਥ ਪਈ ਹੋਈ ਹੋਣ ਕਰਕੇ ਸਵੇਰੇ ਸਾਝਰੇ ਉਨ੍ਹਾਂ ਦਾ ਘਰ ਹੋਣਾ ਜ਼ਰੂਰੀ ਹੁੰਦਾ ਹੈ।
ਪਰ ਇਹ ਡੰਗਰ ਘੱਟੋ ਘੱਟ ਟਾਈਮ ਜ਼ਰੂਰ ਦੱਸ ਸਕਦਾ ਹੈ। ਦਸ ਮੱਝਾਂ ਦੇ ਚੋਣੇ ਵਿਚ ਜੇ ਤੁਸੀਂ ਨਵ ਜਨਮੇ ਕਟਰੂ ਨੂੰ ਸਵੇਰੇ ਤਿੰਨ ਵਜੇ ਵਾਧੂ ਖੁਰਾਕ ਦੇਣੀ ਸ਼ੁਰੂ ਕਰ ਦਿਉ ਤਾਂ ਤੁਸੀਂ ਵੇਖੋਗੇ ਕਿ ਹਰ ਰੋਜ਼ ਸਵੇਰੇ ਤਿੰਨ ਵਜੇ ਵਾੜੇ ਦੇ ਖਿੜਕ ਕੋਲ ਉਹ ਤੁਹਾਡੀ ਉਡੀਕ ਕਰ ਰਿਹਾ ਹੋਵੇਗਾ। ਏਸੇ ਤਰ੍ਹਾਂ ਜੇ ਮੱਝ ਦੀ ਵੇਲੇ ਸਿਰ ਧਾਰ ਨਾ ਕੱਢੀ ਜਾਵੇ ਤਾਂ ਉਹ ਖੌਰੂ ਪਾਉਣ ਲੱਗੇਗੀ। ਮੱਝਾਂ ਹੇਹੇ ਵਿਚ ਵੀ ਇਸ ਢੰਗ ਨਾਲ ਆਉਂਦੀਆਂ ਹਨ ਕਿ ਕਟਰੂ ਵਰਖਾ ਰੁੱਤ ਵਿਚ ਪੈਦਾ ਹੋਵੇ ਤਾਂ ਜੁ ਉਸ ਦੇ ਚਰਨ ਲਈ ਹਰੇ ਘਾਹ ਦੀ ਬਹੁਤਾਤ ਹੋਵੇ। ਅੰਗਰੇਜ਼ੀ ਮੁਹਾਵਰੇ ‘ਬੌਰਨ ਵਿਦ ਏ ਸਿਲਵਰ ਸਪੂਨ ਇਨ ਦਿ ਮਾਊਥ’ ਦਾ ਪੰਜਾਬੀ ਰੂਪਾਂਤਰਣ ਹੈ ‘ਸਾਵਣ ਦਾ ਜੰਮਿਆ’। ਯਾਨੀ ਬਾਰਸ਼ ਦੇ ਦਿਨਾਂ ਵਿਚ ਜਦੋਂ ਜੀਣਾ ਸੁਖਾਲਾ ਹੁੰਦਾ ਹੈ। ਮੱਝ ਵੱਲੋਂ ਆਪਣੇ ਲਈ ਬਣਾਏ ਏਸ ‘ਟਾਈਮ ਟੇਬਲ’ ਉੱਤੇ ਵਿਗਿਆਨੀ ਪਰੇਸ਼ਾਨ ਹੁੰਦੇ ਹਨ ਕਿਉਂਕਿ ਮਈ ਜੂਨ ਦੇ ਮਹੀਨੇ ਵਿਚ ਦੁੱਧ ਦੀ ਕਿੱਲਤ ਹੁੰਦੀ ਹੈ। ਗਊਆਂ ਦੇ ਮਾਮਲੇ ਵਿਚ ਜੇ ਇਹ ਸਮੱਸਿਆ ਮੌਜੂਦ ਨਹੀਂ ਤਾਂ ਇਸ ਦਾ ਕਾਰਨ ਇਹ ਹੈ ਕਿ ਮੱਝ ਦੇ ਟਾਕਰੇ ਉਹ ਬਹੁਤ ਚਿਰ ਪਹਿਲਾਂ ਤੋਂ ਪਾਲਤੂ ਜਾਨਵਰ ਬਣਾਈਆਂ ਜਾ ਚੁੱਕੀਆਂ ਸਨ।
ਆਧੁਨਿਕ ਵਿਗਿਆਨ ਵੱਲੋਂ ਮੱਝ ਦੇ ਮਾਮਲੇ ਵਿਚ ਕੀ ਕੀਤਾ ਜਾ ਰਿਹਾ ਹੈ? ਇਸ ਦਾ ਬਹੁਤਾ ਜ਼ੋਰ ਮੱਝ ਦੀ ਨਸਲ ਸੁਧਾਰਨ ਉੱਤੇ ਹੈ। ਇਸ ਮਾਮਲੇ ਵਿਚ ਵਿਗਿਆਨੀ, ਗਊ ਵਾਂਗ, ਵਿਕਸਤ ਦੇਸ਼ਾਂ ਵਿਚ ਪ੍ਰਾਪਤ ਸੋਧੀ ਹੋਈ ਮੱਝ ਦੀ ਨਸਲ ਦਾ ਸਹਾਰਾ ਨਹੀਂ ਲੈ ਸਕਦੇ। ਕਿਸੇ ਹੋਰ ਦੇਸ਼ ਕੋਲ਼ ਮੱਝ ਦੀ ਬਿਹਤਰ ਨਸਲ ਨਹੀਂ। ਇਸ ਲਈ ਇਹ ਕੰਮ ਕਟਰੂਆਂ ਦੀ ਨਵੀਂ ਪੀੜ੍ਹੀ ਤਿਆਰ ਕਰਨ ਵਾਸਤੇ ਮਾਪਿਆਂ ਦੀ ਚੋਣ ਦੀ ਵਿਧੀ ਨਾਲ ਕੀਤਾ ਜਾ ਰਿਹਾ ਹੈ। ਮੋਟੇ ਜਿਹੇ ਤੌਰ ’ਤੇ ਕੋਈ ਮੱਝ ਓਨਾ ਦੁੱਧ ਦਿੰਦੀ ਹੈ ਜਿੰਨਾ ਉਸ ਦੀ ਮਾਂ ਅਤੇ ਉਸ ਦੀ ਦਾਦੀ ਵੱਲੋਂ ਦਿੱਤੇ ਜਾਂਦੇ ਕੁੱਲ ਦੁੱਧ ਦੇ ਅੱਧ ਦੇ ਬਰਾਬਰ ਹੁੰਦਾ ਹੈ। ਪਹਿਲਾਂ ਮੱਝਾਂ ਰੱਖਣ ਵਾਲੇ ਇਸ ਗੱਲ ਦਾ ਤਾਂ ਧਿਆਨ ਰੱਖਦੇ ਸਨ ਕਿ ਕਿਸੇ ਮੱਝ ਦੀ ਮਾਂ ਕਿੰਨਾ ਦੁੱਧ ਦਿੰਦੀ ਸੀ, ਪਰ ਉਹ ਇਸ ਗੱਲ ਬਾਰੇ ਚੇਤੰਨ ਨਹੀਂ ਸਨ ਹੁੰਦੇ ਕਿ ਪਿਤਾ ਰਾਹੀਂ ਉਸ ਦੀ ਦਾਦੀ ਦੀ ਦੁੱਧ ਦੇਣ ਦੀ ਮਾਤਰਾ ਦਾ ਵੀ ਇਸ ਵਿਚ ਕੋਈ ਦਖ਼ਲ ਹੈ। ਉਹ ਸੰਢੇ ਦੀ ਪਛਾਣ ਉਸ ਦੀ ਸਰੀਰਕ ਬਣਤ ਦੇ ਹਿਸਾਬ ਨਾਲ ਕਰਦੇ ਸਨ; ਕਦੇ ਇਹ ਜਾਨਣ ਦੀ ਕੋਸ਼ਿਸ਼ ਨਹੀਂ ਸਨ ਕਰਦੇ ਕਿ ਉਸ ਸੰਢੇ ਦੀ ਮਾਂ ਕਿੰਨਾ ਦੁੱਧ ਦਿੰਦੀ ਹੁੰਦੀ ਸੀ। ਉਨ੍ਹਾਂ ਨੂੰ ਕੋਈ ਅਨੁਮਾਨ ਨਹੀਂ ਸੀ ਹੁੰਦਾ ਕਿ ਸੰਢੇ ਦੀ ਮਾਂ ਦੇ ਦੁੱਧ ਦੇ ਉਤਪਾਦਨ ਦੀ ਮਾਤਰਾ ਦਾ ਉਸ ਸੰਢੇ ਦੀ ਔਲ਼ਾਦ ਤੋਂ ਪ੍ਰਾਪਤ ਹੋਣ ਵਾਲੇ ਦੁੱਧ ਦੀ ਮਾਤਰਾ ਨਾਲ ਵੀ ਕੋਈ ਤੁਆਲਕ ਹੋ ਸਕਦਾ ਹੈ। ਗਿਆਨ ਅਤੇ ਸੁਲੱਭਤਾ ਦੇ ਇਸ ਖੱਪੇ ਨੂੰ ਹੁਣ ਹਰਿਆਣਾ ਤੇ ਪੰਜਾਬ ਦੀਆਂ ਖੇਤੀਬਾੜੀ ਦੀਆਂ ਯੂਨੀਵਰਸਿਟੀਆਂ ਵੱਲੋਂ ਪੂਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿੱਥੇ ਵੱਧ ਦੁੱਧ ਦੇਣ ਵਾਲੀਆਂ ਨਰੋਈਆਂ ਮੱਝਾਂ ਦੇ ਵੱਡੇ ਚੋਣੇ ਰੱਖੇ ਤੇ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਮੱਝਾਂ ਵੱਲੋਂ ਜੰਮੇ ਕੱਟੇ ਸੰਢਿਆਂ ਵਜੋਂ ਵਿਕਸਤ ਕੀਤੇ ਜਾਣਗੇ ਅਤੇ ਅਗਾਂਹ ਉਨ੍ਹਾਂ ਦੀ ਔਲਾਦ ਵੱਲੋਂ ਦਿੱਤੇ ਜਾਣ ਵਾਲੇ ਦੁੱਧ ਦੀ ਮਾਤਰਾ ਨੂੰ ਜਾਨਣ ਦੇ ਸੰਬੰਧ ਵਿਚ ਟੈਸਟ ਕੀਤੇ ਜਾਣਗੇ। ਪਰੀਖਣ ਤੇ ਪੁਨਰ ਪਰੀਖਣ ਦੀ ਇਸ ਪ੍ਰਕਿਰਿਆ ਅਤੇ ਛਾਂਟੀ ਰਾਹੀਂ ਸਭ ਤੋਂ ਵਧੀਆ ਸੰਢਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਮੱਝਾਂ ਨੂੰ ਬਨਾਵਟੀ ਢੰਗ ਨਾਲ ਗੱਭਣ ਕਰਨ ਲਈ ਇਨ੍ਹਾਂ ਨਰੋਏ ਸੰਢਿਆਂ ਦੇ ਵੀਰਜ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇੰਝ ਮੱਝਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਦਿਲਚਸਪ ਤੇ ਚੰਗੀ ਗੱਲ ਇਹ ਹੈ ਕਿ ਗਊਆਂ ਦੇ ਟਾਕਰੇ ਮੱਝਾਂ ਬਨਾਵਟੀ ਤਰਜ਼ ਦੇ ਇਸ ਗਰਭ ਧਾਰਨ ਵਿਚ ਕੋਈ ਸਮੱਸਿਆ ਨਹੀਂ ਖੜ੍ਹੀਆਂ ਕਰ ਰਹੀਆਂ। ਪੰਜਾਬ ਖੇਤੀਬਾੜੀ ਯੂਨੀਵਟਸਿਟੀ ਦੇ ਡਾਕਟਰ ਐੱਮ. ਐੱਸ. ਟਿਵਾਣਾ ਅਨੁਸਾਰ ਪਿਤਰਤਾਈ ਤਬਦੀਲ ਕਰਨ ਨਾਲ ਦੁੱਧ ਦੇ ਉਤਪਾਦਨ ਦੀ ਇਹ ਵਧੀ ਹੋਈ ਮਾਤਰਾ ਸਥਾਈ ਹੋਵੇਗੀ ਕਿਉਂਕਿ ਇਸ ਤਰ੍ਹਾਂ ਲਿਆਂਦੀ ਤਬਦੀਲੀ ਅਗਲੀਆਂ ਪੀੜ੍ਹੀਆਂ ਵਿਚ ਵੀ ਜਾਰੀ ਰਹੇਗੀ।
ਪਰਿਵਾਰ ਵਿਚ ਖ਼ੁਸ਼ੀ ਦੇ ਮੌਕਿਆਂ ਉੱਤੇ ਧੀ ਜਾਂ ਭੈਣ ਨੂੰ ਲਵੇਰੀ ਮੱਝ ਦੇਣ ਦਾ ਆਮ ਹੀ ਰਿਵਾਜ ਸੀ। ਇਹ ਬੋਲੀ ਏਸੇ ਰਿਵਾਜ ਦੀ ਗਵਾਹੀ ਦਿੰਦੀ ਹੈ: ‘ਬਾਪੂ ਮੱਝੀਆਂ ਦੇ ਸੰਗਲ਼ ਫੜਾਵੇ, ਵੀਰ ਘਰ ਪੁੱਤ ਜੰਮਿਆ’।
ਪਿੰਡਾਂ ਹੀ ਨਹੀਂ, ਸ਼ਹਿਰਾਂ ਵਿਚ ਵੀ ਪੰਜਾਬੀਆਂ ਦੀ ਮੱਝ ਪ੍ਰਤੀ ਚਾਹਤ ਪ੍ਰਤੱਖ ਨਜ਼ਰ ਆਉਂਦੀ ਹੈ। ਕਈ ਸਾਲਾਂ ਦੇ ਵਕਫ਼ੇ ਪਿੱਛੋਂ ਅਲੀਗੜ੍ਹ ਦੇ ਇਕ ਮੁਸਲਮਾਨ ਰਈਸ ਦੋਸਤ ਦੀ ਬੇਗ਼ਮ ਮੈਨੂੰ ਮਿਲੀ।
ਉਸ ਨੇ ਬਹੁਤ ਤਪਾਕ ਨਾਲ ਪੁੱਛਿਆ, ‘‘ਕਿਵੇਂ ਚੱਲ ਰਿਹਾ ਤੁਹਾਡਾ ਅੱਜ ਕੱਲ?’’
‘‘ਬਹੁਤ ਵਧੀਆ, ਸ਼ੁਕਰੀਆ’’, ਮੈਂ ਜਵਾਬ ਵਿਚ ਕਿਹਾ।
‘‘ਤੁਹਾਡੇ ਕੋਲ਼ ਮੱਝ ਹੈਗੀ?’’
‘‘ਨਹੀਂ’’, ਮੈਂ ਆਖਿਆ।
‘‘ਤਾਂ ਫੇਰ ਤੁਹਾਡਾ ਹਾਲ ਕੋਈ ਬਹੁਤਾ ਚੰਗਾ ਨਹੀਂ ਹੋ ਸਕਦਾ’’, ਉਸ ਦਾ ਕਹਿਣਾ ਸੀ, ‘‘ਚੰਗੇ ਗੁਜ਼ਾਰੇ ਵਾਲੇ ਪੰਜਾਬੀ ਕੋਲ਼ ਮੱਝ ਤਾਂ ਜ਼ਰੂਰ ਹੁੰਦੀ ਹੈ।’’
ਡਾਕਟਰ ਮਹਿੰਦਰ ਸਿੰਘ ਰੰਧਾਵਾ ਅਤੇ ਦੇਵਿੰਦਰ ਸਤਿਆਰਥੀ ਵੱਲੋਂ ਸਾਹਿਤ ਅਕਾਦਮੀ ਲਈ ਤਿਆਰ ਕੀਤੇ ਗਏ ਲੋਕਗੀਤਾਂ ਦੇ ਸੰਗ੍ਰਹਿ ਵਿਚ ਕੁਝ ਢੋਲੇ ਮੱਝਾਂ ਬਾਰੇ ਵੀ ਹਨ। ਇਹ ਢੋਲੇ ਰਾਵੀ ਪਾਰਲੇ ਕਿਸਾਨਾਂ ਤੇ ਜਾਂਗਲ਼ੀਆਂ ਦੇ ਰਵਾਇਤੀ ਗੀਤ ਹਨ। ਇਨ੍ਹਾਂ ਗੀਤਾਂ ਵਿਚ ਮੱਝ ਦੇ ਸੰਬੰਧ ਵਿਚ ਪ੍ਰਗਟ ਹੋਏ ਕੋਮਲ ਭਾਵ ਲਗਪਗ ਉਸੇ ਤਰ੍ਹਾਂ ਦੇ ਹਨ ਜਿਹੋ ਜਿਹੇ ਭਾਵ ਆਮ ਤੌਰ ’ਤੇ ਤੀਵੀਂ ਦੇ ਸੰਬੰਧ ਵਿਚ ਮਹਿਸੂਸ ਕੀਤੇ ਜਾਂਦੇ ਹਨ। ਇਕ ਨਮੂਨਾ ਵੇਖੋ:
ਕੈਲੀਆਂ ਤੇ ਕਾਲ਼ੀਆਂ ਮੱਝੀਂ,
ਅੱਲਾ ਅਰਸ਼ਾਂ ਤੋਂ ਆਂਦੀਆਂ।
ਦਰਿਆ ਪਏ ਸੋਹਣੇ ਲਗਦੇ ਨੇ ਜਿਸ ਵੇਲ਼ੇ
ਚਰ ਚਰ ਕੇ ਪੱਤਣਾਂ ’ਚੋਂ ਬੇਲੇ ’ਤੇ ਲਾਂਹਦੀਆਂ।
ਮਾਰਨ ਟੁੱਭੀਆਂ, ਲੈਣ ਤਾਰੀਆਂ
ਜਿਵੇਂ ਝਾਂਬਾਂ ਨਾਲ ਪੱਕੇ ਦੇ ਖਾਂਹਦੀਆਂ।
ਛੇੜੂਆਂ ਗੋਡੇ ਮਾਰ ਉਠਾਲ਼ੀਆਂ
ਸਾਵਣ ਮਾਂਹ ਖਾੜੀਂ ਜਾਣ ਉਗਲਾਂਦੀਆਂ
ਸਵਾਣੀਆਂ ਨੂੰ ਟੁਕਰ ਨਾ ਰੁੱਚਦਾ,
ਜਿਸ ਵੇਲੇ ਵੇਖਣ ਭੁੱਖੀਆਂ ਤੇ ਮਾਂਦੀਆਂ।
ਖੜੀਆਂ ਤੇ ਮੋਈਆਂ ਸੱਟਾਂ ਉਹ ਝੱਲਦੇ ਨੇ,
ਜਿਨ੍ਹਾਂ ਦੀਆਂ ਪੱਸਲ਼ੀਆਂ ਸਾਰ ਦੀਆਂ।
ਮੱਝੀਂ ਮਾਲ ਵਰਿਆਮਾਂ ਦਾ,
ਮਾੜਿਆਂ ਕੋਲ਼ ਨਾ ਰਾਂਹਦੀਆਂ।
ਮੱਝੀਆਂ ਉਡਾਰ ਪਰੀਆਂ ਦਾ,
ਨਾਲ ਨਸੀਬਾਂ ਦੇ ਰਾਂਹਦੀਆਂ।
ਮੱਝ ਦੀ ਚੋਰੀ ਨੂੰ ਬਰਦਾਸ਼ਤ ਕਰਨਾ ਬਹੁਤ ਕਠਿਨ ਹੁੰਦਾ ਹੈ। ਮੱਝ ਚੋਰੀ ਹੀ ਨਹੀਂ ਹੋਈ ਹੁੰਦੀ, ਤੁਹਾਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅੰਮ੍ਰਿਤਸਰ ਵਿਚ ਆਪਣਾ ਭਾਸ਼ਨ ਦੇਣ ਸਮੇਂ ਚੌਧਰੀ ਚਰਨ ਸਿੰਘ ਦੇ ਮਨ ਵਿਚ ਸ਼ਾਇਦ ਇਹੋ ਗੱਲ ਸੀ।