ਵਾਹਗਿਓਂ ਪਾਰ

ਲਹਿੰਦੇ ਪੰਜਾਬ ਵਿਚ ਵੀ ਕਿਸਾਨ ਅੰਦੋਲਨ...

ਲਹਿੰਦੇ ਪੰਜਾਬ ਵਿਚ ਵੀ ਕਿਸਾਨ ਅੰਦੋਲਨ...

ਭਾਰਤੀ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦਾ ਅਸਰ ਪਾਕਿਸਤਾਨ ਵਿਚ ਵੀ ਨਜ਼ਰ ਆਉਣ ਲੱਗਾ ਹੈ। ਲਹਿੰਦੇ ਪੰਜਾਬ ਵਿਚ ਕਿਸਾਨਾਂ ਦੀਆਂ ਟਰੈਕਟਰ ਰੈਲੀਆਂ ਸ਼ੁਰੂ ਹੋ ਗਈਆਂ ਹਨ। ਉੱਥੇ ਵੀ ਵੱਖ ਵੱਖ ਫ਼ਸਲਾਂ ਦੀ ਸਰਕਾਰੀ ਖ਼ਰੀਦ ਯਕੀਨੀ ਬਣਾਉਣ ਦੀ ਮੰਗ ਤੇਜ਼ੀ ਨਾਲ ਉਭਰਨ ਲੱਗੀ ਹੈ। ਰੋਜ਼ਾਨਾ ਅਖ਼ਬਾਰ ‘ਪਾਕਿਸਤਾਨ ਆਬਜ਼ਰਵਰ’ ਦੀ ਰਿਪੋਰਟ ਅਨੁਸਾਰ ਕਿਸਾਨ ਯੂਨੀਅਨਾਂ ਦੀ ਸਾਂਝੀ ਜਥੇਬੰਦੀ- ਪਾਕਿਸਤਾਨ ਕਿਸਾਨ ਇਤਿਹਾਦ (ਪੀਕੇਆਈ) ਨੇ ਧਮਕੀ ਦਿੱਤੀ ਹੈ ਕਿ ਜੇਕਰ ਕੇਂਦਰੀ ਸਰਕਾਰ ਨੇ ਕਿਸਾਨੀ ਦੇ ਦੁਖੜਿਆਂ ਦੇ ਨਿਵਾਰਨ ਵੱਲ ਧਿਆਨ ਨਾ ਦਿੱਤਾ ਤਾਂ 31 ਮਾਰਚ ਨੂੰ ਇਸਲਾਮਾਬਾਦ ਵਿਚ ਟਰੈਕਟਰ ਮਾਰਚ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਮੁਲਕ ਭਰ ਵਿਚ ਚੱਕਾ ਜਾਮ ਪ੍ਰੋਗਰਾਮ ਚਲਾਇਆ ਜਾਵੇਗਾ।

ਰਿਪੋਰਟ ਅਨੁਸਾਰ ਇਤਿਹਾਦ ਦੇ ਪ੍ਰਧਾਨ ਖ਼ਾਲਿਦ ਮਹਿਮੂਦ ਖੋਖਰ ਨੇ ਲਾਹੌਰ ਵਿਚ ਇਕ ਮੀਡੀਆ ਪ੍ਰੋਗਰਾਮ ਦੌਰਾਨ ਕਿਹਾ ਕਿ ਸਰਕਾਰ ਉੱਪਰ ਦਬਾਅ ਬਣਾਉਣ ਅਤੇ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਆਪਣੇ ਹੱਕਾਂ ਪ੍ਰਤੀ ਸਚੇਤ ਕਰਨ ਲਈ ਜ਼ਿਲ੍ਹਾ ਪੱਧਰੀ ਰੈਲੀਆਂ ਦਾ ਸਿਲਸਿਲਾ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਪਹਿਲੀ ਰੈਲੀ 16 ਮਈ ਨੂੰ ਪਾਕਪਟਨ ਵਿਚ ਹੋਈ ਸੀ। ਅਗਲੀ ਰੈਲੀ 23 ਫਰਵਰੀ ਨੂੰ ਵਿਹਾੜੀ ਵਿਚ ਕੀਤੀ ਜਾਵੇਗੀ। ਇਸ ਤੋਂ ਮਗਰੋਂ ਓਕਾੜਾ, ਮੁਲਤਾਨ, ਖ਼ਾਨੇਵਾਲ, ਝੰਗ ਤੇ ਹੋਰ ਜ਼ਿਲ੍ਹਿਆਂ ਵਿਚ ਰੈਲੀਆਂ ਕੀਤੀਆਂ ਜਾਣਗੀਆਂ। ਇਸ ਪ੍ਰੋਗਰਾਮ ਨੂੰ ਅੱਗੇ ਸਿੰਧ ਤੇ ਬਲੋਚਿਸਤਾਨ ਸੂਬਿਆਂ ਵਿਚ ਵੀ ਲਿਜਾਇਆ ਜਾਵੇਗਾ।

ਅੰਗਰੇਜ਼ੀ ਅਖ਼ਬਾਰ ‘ਡਾਅਨ’ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਪਾਕਿਸਤਾਨ ਕਿਸਾਨ ਇਤਿਹਾਦ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਕਿਸਾਨੀ ਸੰਘਰਸ਼ ਵਿਚ ਜਗੀਰਦਾਰਾਂ ਤੇ ਵਡੇਰਿਆਂ (ਵੱਡੇ ਜ਼ਿਮੀਂਦਾਰਾਂ) ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਜਗੀਰਦਾਰ ਤੇ ਵਡੇਰੇ, ਛੋਟੇ ਤੇ ਦਰਮਿਆਨੇ ਕਾਸ਼ਤਕਾਰਾਂ ਦੀ ਲੁੱਟ-ਖਸੁੱਟ ਵਿਚ ਹਮੇਸ਼ਾਂ ਹੀ ਭਾਈਵਾਲ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀ ਚੌਧਰ ਚਮਕਾਉਣ ਲਈ ਕਿਸਾਨੀ ਮੰਚ ਬਿਲਕੁਲ ਨਹੀਂ ਮੁਹੱਈਆ ਕਰਵਾਇਆ ਜਾਵੇਗਾ। ਇਤਿਹਾਦ ਨੇ ਸੂਬਾ ਪੰਜਾਬ ਦੇ ਵਜ਼ੀਰੇ ਆਲ੍ਹਾ ਸਰਦਾਰ ਉਸਮਾਨ ਬੁਜ਼ਦਾਰ ਰਾਹੀਂ ਮਰਕਜ਼ (ਕੇਂਦਰ) ਦੀ ਇਮਰਾਨ ਖ਼ਾਨ ਸਰਕਾਰ ਨੂੰ ਮੰਗਾਂ ਦਾ ਚਾਰਟਰ ਭੇਜਿਆ ਹੈ। ਇਸ ਅੰਦਰਲੀ ਮੁੱਖ ਮੰਗ ਹੈ ਕਿ ਨਰਮੇ ਦੀ ਬਿਜਾਈ ਰੁੱਤ ਤੋਂ ਪਹਿਲਾਂ ਹੀ ਇਸ ਫ਼ਸਲ ਦਾ ਸਰਕਾਰੀ ਸਮਰਥਨ ਮੁੱਲ ਐਲਾਨਿਆ ਜਾਵੇ ਅਤੇ ਹੋਰਨਾਂ ਫ਼ਸਲਾਂ ਦੇ ਮਾਮਲੇ ਵਿਚ ਵੀ ਅਜਿਹਾ ਹੀ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਹੈ ਕਿ ਸਰਕਾਰ ਡੀਏਪੀ ਤੇ ਯੂਰੀਆ ਖਾਦਾਂ ਉਪਰ ਸਬਸਿਡੀ ਦੇਵੇ, ਬੰਦ ਪਈਆਂ ਯੂਰੀਆ ਫੈਕਟਰੀਆਂ ਛੇਤੀ ਤੋਂ ਛੇਤੀ ਮੁੜ ਚਾਲੂ ਕਰਵਾਏ, ਅਤੇ ਜੇ ਉਹ ਅਜਿਹਾ ਨਹੀਂ ਕਰ ਸਕਦੀ ਤਾਂ ਯੂਰੀਆ ਤੇ ਹੋਰ ਕੀਮੀਆਈ ਖ਼ਾਦਾਂ ਦੀ ਸਮੇਂ ਸਿਰ ਦਰਾਮਦ ਯਕੀਨੀ ਬਣਾਏ ਤਾਂ ਜੋ ਫ਼ਸਲਾਂ ਦੀ ਰੁੱਤ ਦੌਰਾਨ ਇਨ੍ਹਾਂ ਖਾਦਾਂ ਦੀ ਕਿੱਲਤ ਨਾ ਪੈਦਾ ਹੋਵੇ। ਇਤਿਹਾਦ ਨੇ 40 ਕਿਲੋ ਕਣਕ ਦੇ ਥੈਲੇ ਲਈ ਦੋ ਹਜ਼ਾਰ ਰੁਪਏ ਦੀ ਕੀਮਤ ਐਲਾਨੇ ਜਾਣ ਦੀ ਮੰਗ ਵੀ ਕੀਤੀ। ਉਸ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਆਈਐਮਐਫ਼ ਵੱਲੋਂ ਲਾਈਆਂ ਸ਼ਰਤਾਂ ਅਧੀਨ ਖੇਤੀ ਦੇ ਕਾਰਪੋਰੇਟੀਕਰਨ ਦੇ ਰਾਹ ਪੈਣ ਜਾ ਰਹੀ ਹੈ। ਇਸ ਅਮਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਲਾਹੌਰ: ਹਾਦਸੇ ਤੇ ਮੌਤਾਂ

ਲਾਹੌਰ ਮਹਾਂਨਗਰ ਵਿਚ ਸੜਕ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧੇ ਨੇ ਸੂਝਵਾਨ ਸ਼ਹਿਰੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ। ਅਖ਼ਬਾਰ ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ਪਿਛਲੇ ਇਕ ਹਫ਼ਤੇ ਦੌਰਾਨ ਲਾਹੌਰ ਵਿਚ 83 ਸੜਕ ਹਾਦਸੇ ਹੋਏ। ਇਨ੍ਹਾਂ ਵਿਚ 9 ਬੰਦੇ ਮਾਰੇ ਗਏ ਅਤੇ ਤਿੰਨ ਦਰਜਨ ਤੋਂ ਵੱਧ ਸ਼ਦੀਦ ਜ਼ਖ਼ਮੀ ਹੋਏ। ਲਾਹੌਰ ਹੀ ਨਹੀਂ, ਪੂਰੇ ਪੰਜਾਬ ਵਿਚ ਵੀ ਸੜਕ ਹਾਦਸਿਆਂ ਦੀ ਤਾਦਾਦ ਤੇਜ਼ੀ ਨਾਲ ਵਧੀ ਹੈ। ਪ੍ਰੋਵਿੰਸ਼ੀਅਲ ਟਰੈਫਿਕ ਐਕਸੀਡੈਂਟ ਬਿਊਰੋ (ਪੀ.ਟੀ.ਏ.ਬੀ.) ਦੇ ਤਾਜ਼ਾਤਰੀਨ ਅੰਕੜਿਆਂ ਅਨੁਸਾਰ ਸੂਬੇ ਵਿਚ ਸੜਕ ਹਾਦਸਿਆਂ ਦੀ ਹਫ਼ਤਾਵਾਰੀ ਔਸਤ 900 ਦਾ ਅੰਕੜਾ ਪਾਰ ਕਰ ਚੁੱਕੀ ਹੈ। ਦੋ ਸਾਲ ਪਹਿਲਾਂ ਇਹ ਔਸਤ 700 ਸੀ। ਪੰਜਾਬ ਐਮਰਜੈਂਸੀ ਸਰਵਿਸ, ਜੋ ਕਿ ਰੈਸਕਿਊ 1122 ਵਜੋਂ ਵੱਧ ਜਾਣੀ ਜਾਂਦੀ ਹੈ, ਦੇ ਅੰਕੜੇ ਦੱਸਦੇ ਹਨ ਕਿ 43 ਫ਼ੀਸਦ ਹਾਦਸੇ ਡਰਾਈਵਰਾਂ ਦੀ ਗ਼ਲਤੀ ਕਾਰਨ ਵਾਪਰਦੇ ਹਨ। ਆਮ ਗ਼ਲਤੀਆਂ ਹਨ: ਓਵਰਸਪੀਡਿੰਗ, ਮੋੜ ਗ਼ਲਤ ਢੰਗ ਨਾਲ ਕੱਟਣਾ, ਸੜਕ ਨਿਯਮਾਂ ਦੀ ਪਾਲਣਾ ਨਾ ਕਰਨੀ, ਵਨ-ਵੇਅ ਨਿਯਮਾਂ ਦੀ ਉਲੰਘਣਾ ਅਤੇ ਹੋਰ ਡਰਾਈਵਰਾਂ ਨਾਲ ਮੁਕਾਬਲੇਬਾਜ਼ੀ ਵਿਚ ਪੈਣਾ। ਇਸ ਸੇਵਾ ਮੁਤਾਬਿਕ 27 ਫ਼ੀਸਦੀ ਹਾਦਸੇ ਸੜਕਾਂ ਦੀ ਤਾਮੀਰ ਵਿਚ ਨੁਕਸਾਂ ਜਾਂ ਟੁੱਟੀਆਂ ਸੜਕਾਂ ਕਾਰਨ ਵਾਪਰਦੇ ਹਨ। ਨੌਜਵਾਨੀ ਵਿਚ ਵਧ ਰਹੀ ਨਸ਼ਾਖੋ਼ਰੀ ਵੀ ਹਾਦਸਿਆਂ ਦੀ ਗਿਣਤੀ ਵਿਚ ਵਾਧੇ ਦੀ ਵਜ੍ਹਾ ਹੈ। ਲਾਹੌਰ ਦੀ ਇਕ ਐਨਜੀਓ ‘ਹਮਉਮਰ’ ਨੇ ਟਰੈਫਿਕ ਅਮਲੇ ਦੀ ਨਫ਼ਰੀ ਵਿਚ ਵਾਧੇ ਦੀ ਮੰਗ ਕੀਤੀ ਹੈ। ਇਸ ਦਾ ਕਹਿਣਾ ਹੈ ਕਿ ਟਰੈਫਿਕ ਵਿੰਗ ਵਿਚ 416 ਕਰਮੀ ਸ਼ਾਮਲ ਹਨ। 1.26 ਕਰੋੜ ਦੀ ਵਸੋਂ ਵਾਲੇ ਮਹਾਂਨਗਰ ਲਈ ਇਹ ਗਿਣਤੀ ਬਹੁਤ ਘੱਟ ਹੈ।

ਸਲਮਾਨ ਤੂਰ ਦੀ ਚੜ੍ਹਤ

ਪਾਕਿਸਤਾਨੀ ਚਿੱਤਰਕਾਰ ਸਲਮਾਨ ਤੂਰ ਨੂੰ ਕੌਮਾਂਤਰੀ ਰਸਾਲੇ ‘ਟਾਈਮ’ ਨੇ 100 ਨੈਕਸਟ ਸੂਚੀ ਵਿਚ ਸ਼ਾਮਲ ਕੀਤਾ ਹੈ। ਇਸ ਸੂਚੀ ਵਿਚ ਉਹ 100 ਹਸਤੀਆਂ ਸ਼ੁਮਾਰ ਹਨ ਜਿਨ੍ਹਾਂ ਤੋਂ ਭਵਿੱਖ ਵਿਚ ਵੱਖ ਵੱਖ ਖੇਤਰਾਂ ਨੂੰ ਨਵਾਂ ਮੁਹਾਂਦਰਾ ਤੇ ਨਵੇਂ ਨਕਸ਼ ਪ੍ਰਦਾਨ ਕਰਨ ਦੀ ਤਵੱਕੋ ਕੀਤੀ ਜਾਂਦੀ ਹੈ। ਤੂਰ ਲਾਹੌਰ ਦਾ ਜੰਮਪਲ ਹੈ, ਪਰ ਹੁਣ ਨਿਊਯੌਰਕ ਸਿਟੀ ਵਿਚ ਵਸਿਆ ਹੋਇਆ ਹੈ। ‘ਟਾਈਮ’ ਮੁਤਾਬਿਕ ਤੂਰ ਨੇ ਦੱਖਣ ਏਸ਼ਿਆਈ ਚਿੱਤਰ-ਸ਼ੈਲੀ ਵਿਚ ਸੁਖਾਵੀਂ ਤਬਦੀਲੀ ਲਿਆਂਦੀ ਹੈ। ਉਸ ਦੇ ਚਿੱਤਰ ਪਰਯਥਾਰਥਵਾਦੀ ਹੋਣ ਦੇ ਬਾਵਜੂਦ ਆਮ ਦਰਸ਼ਕ ਨੂੰ ਵੀ ਸਹਿਜੇ ਹੀ ਸਮਝ ਆ ਜਾਂਦੇ ਹਨ।

ਸਲਮਾਨ ਦੇ ਚਿੱਤਰਾਂ ਦੀਆਂ ਨੁਮਾਇਸ਼ਾਂ ਪਾਕਿਸਤਾਨ ਤੋਂ ਇਲਾਵਾ ਅਮਰੀਕੀ ਤੇ ਯੂਰੋਪੀਅਨ ਸ਼ਹਿਰਾਂ ਵਿਚ ਲੱਗ ਚੁੱਕੀਆਂ ਹਨ। ਹਾਲ ਹੀ ਵਿਚ ਨਿਊਯੌਰਕ ਦੇ ਵ੍ਹਿਟਨੀ ਮਿਊਜ਼ੀਅਮ ਵਿਚ ਉਸ ਦੀ ਸੋਲੋ ਪ੍ਰਦਰਸ਼ਨੀ ਲੱਗੀ। ਇਸ ਪ੍ਰਦਰਸ਼ਨੀ ਵਿਚ ਉਸ ਦੇ ਇਕੱਲੇ ਦੇ 40 ਚਿੱਤਰ ਸ਼ਾਮਲ ਸਨ। ਅਜਿਹੇ ਸੋਲੋ ਸ਼ੋਅ ਨੂੰ ਕਿਸੇ ਵੀ ਕਲਾਕਾਰ ਲਈ ਵੱਡਾ ਮਾਣ-ਤਾਣ ਮੰਨਿਆ ਜਾਂਦਾ ਹੈ। 100 ਨੈਕਸਟ ਸੂਚੀ ਵਿਚ ਸ੍ਰੀਲੰਕਨ ਮੂਲ ਦੀ ਕੈਨੇਡੀਅਨ ਅਦਾਕਾਰਾ ਮੈਤ੍ਰੇਈ ਰਾਮਕ੍ਰਿਸ਼ਨ ਅਤੇ ਫਿਨਲੈਂਡ ਦੀ ਯੁਵਾ ਪ੍ਰਧਾਨ ਮੰਤਰੀ ਸਾਨਾ ਮੈਰਿਨ ਨੂੰ ਵੀ ਥਾਂ ਮਿਲੀ ਹੈ।

ਧੀਆਂ ਦੇ ਨਾਮ ਗੀਤ

ਪਾਿਕਸਤਾਨੀ ਗਾਇਕ ਅਲੀ ਹਮਜ਼ਾ ਨੇ 12 ਫਰਵਰੀ ਨੂੰ ਲਾਹੌਰ ਵਿਚ ਨਵਾਂ ਸਿੰਗਲ ਰਿਲੀਜ਼ ਕੀਤਾ ਜੋ ਧੀਆਂ ਨੂੰ ਅਕੀਦਤ ਹੈ। ‘ਸਰ ਬੁਲੰਦ’ ਨਾਮੀ ਇਸ ਗੀਤ ਵਿਚ ਧੀਆਂ ਨੂੰ ਹਮੇਸ਼ਾ ਸਿਰ ਉੱਚਾ ਚੁੱਕ ਕੇ ਚੱਲਣ ਅਤੇ ਆਪਣੇ ਵਜੂਦ ਉਪਰ ਫ਼ਖ਼ਰ ਕਰਨ ਦਾ ਸੱਦਾ ਦਿੱਤਾ ਗਿਆ ਹੈ। ਗੀਤ ਦੇ ਵੀਡੀਓ ਵਿਚ ਇਕ ਪਿਤਾ ਨੂੰ ਆਪਣੀ ਬੱਚੀ ਦੀਆਂ ਬਚਪਨ, ਅੱਲ੍ਹੜਪੁਣੇ ਤੇ ਜਵਾਨੀ ਵੇਲੇ ਦੀਆਂ ਪ੍ਰਾਪਤੀਆਂ ਦੀ ਨਿੱਘ ਮਾਣਦਿਆ ਦਿਖਾਇਆ ਗਿਆ ਹੈ। ਇਰਫ਼ਾਨ ਉਰਫ਼ੀ ਵੱਲੋਂ ਲਿਖੇ ਇਸ ਗੀਤ ਦੇ ਵੀਡੀਓ ਦਾ ਨਿਰਦੇਸ਼ਨ ਸਮਰ ਮਿਨਾਅਲ੍ਹਾ ਖ਼ਾਨ ਨੇ ਕੀਤਾ ਹੈ। ਸਮਰ, ਇਸ਼ਤਿਹਾਰਬਾਜ਼ੀ ਦੇ ਖੇਤਰ ਵਿਚ ਚੋਖਾ ਸਰਗਰਮ ਹੈ ਅਤੇ ਉਸ ਵੱਲੋਂ ਬਣਾਈਆਂ ਇਸ਼ਤਿਹਾਰੀ ਫਿਲਮਾਂ ਵਿਚ ਔਰਤਾਂ ਨੂੰ ਹਮੇਸ਼ਾ ਬੁਲੰਦ ਕਿਰਦਾਰਾਂ ਵਜੋਂ ਦਰਸਾਇਆ ਜਾਂਦਾ ਰਿਹਾ ਹੈ। ‘ਸਰ ਬੁਲੰਦ’ ਨੂੰ ਲੋਕਾਂ ਤੋਂ ਭਰਪੂਰ ਹੁੰਗਾਰਾ ਮਿਲਿਆ ਹੈ। ਮਨੁੱਖੀ ਹੱਕਾਂ ਬਾਰੇ ਮਰਕਜ਼ੀ ਵਜ਼ੀਰ ਸ਼ੀਰੀਨ ਮਜ਼ਾਰੀ ਨੇ ਇਕ ਟਵੀਟ ਰਾਹੀਂ ਇਸ ਗੀਤ ਨੂੰ ‘‘ਨਿੱਘਾ ਤੇ ਸੁਨੇਹਿਆਂ ਨਾਲ ਭਰਪੂਰ’’ ਦੱਸਿਆ ਹੈ। ਉੱਘੀ ਵਕੀਲ ਮਦੀਹਾ ਖ਼ਾਨ ਨੇ ਟਵੀਟ ਕੀਤਾ ਕਿ ਇਹ ਗੀਤ ਉਸ ਨੂੰ ‘‘ਅਸਮਾ ਜਹਾਂਗੀਰ, ਸ਼ਰਮੀਨ ਓਬੇਦ ਚਿਨੌਇ, ਮਾਰੀਆ ਤੁਰਪਕਈ ਵਜ਼ੀਰ, ਨਸੀਮ ਹਮੀਦ, ਆਇਸ਼ਾ ਫਾਰੂਕ, ਜ਼ਾਰਾ ਨਸੀਮ ਡਾਰ, ਮਹਿਕ ਗੁਲ ਤੇ ਹੋਰ ਪਾਕਿਸਤਾਨੀ ਨਾਇਕਾਵਾਂ ਦੀਆਂ ਪ੍ਰਾਪਤੀਆਂ ਦੀ ਯਾਦ ਦਿਵਾਉਂਦਾ ਹੈ।’’ ਫਿਲਮਕਾਰ ਜ਼ੁਨੈਰ ਖ਼ਾਨ ਨੇ ਇਕ ਟਵਿੱਟਰ ਸੁਨੇਹੇ ਵਿਚ ਕਿਹਾ ਹੈ: ‘‘ਪਾਕਿਸਤਾਨੀ ਔਰਤਾਂ ਕੌਮੀ ਅਰਥਚਾਰੇ ਵਿਚ 30 ਫ਼ੀਸਦੀ ਯੋਗਦਾਨ ਪਾ ਰਹੀਆਂ ਹਨ। ਜੇਕਰ ਉਨ੍ਹਾਂ ਉਪਰ ਸਮਾਜਿਕ, ਪਰਿਵਾਰਕ ਤੇ ਮਜ਼ਹਬੀ ਬੰਦਸ਼ਾਂ ਲਾਗੂ ਨਾ ਹੋਣ ਤਾਂ ਇਹ ਯੋਗਦਾਨ 50 ਫ਼ੀਸਦੀ ਤੋਂ ਵੱਧ ਜਾ ਸਕਦਾ ਹੈ। ਇਸ ਅਸਲੀਅਤ ਦੇ ਬਾਵਜੂਦ ਉਨ੍ਹਾਂ ਦੇ ਸ਼ਕਤੀਕਰਨ ਉੱਤੇ ਸਰਕਾਰ 7 ਫ਼ੀਸਦ ਤੋਂ ਵੱਧ ਜੀ.ਡੀ.ਪੀ. ਖ਼ਰਚ ਨਹੀਂ ਕਰ ਰਹੀ। ਇਹੋ ਪਾਕਿਸਤਾਨ ਦੀ ਬਦਕਿਸਮਤੀ ਹੈ।’’

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ

ਸ਼ਹਿਰ

View All