ਪ੍ਰਿੰ. ਸਰਵਣ ਸਿੰਘ
ਤੇਲੂ ਰਾਮ ਕੁਹਾੜਾ ਛੇ ਦਹਾਕਿਆਂ ਤੋਂ ਕਲਮ ਵਾਹ ਰਿਹਾ ਹੈ ਜਿਸ ਦੀ ਸ਼ੁਰੂਆਤ ਪੱਤਰਕਾਰੀ ਨਾਲ ਹੋਈ ਸੀ। ਉਸ ਨੇ ਕਵਿਤਾਵਾਂ ਵੀ ਲਿਖੀਆਂ, ਕਹਾਣੀਆਂ ਤੇ ਨਾਵਲ ਵੀ, ਜੀਵਨ ਯਾਦਾਂ ਵੀ ਤੇ ਸਵੈ-ਜੀਵਨੀ ਵੀ। ‘ਜਿ਼ੰਦਗੀ ਦਾ ਮੇਲਾ’ ਉਸ ਦੀ ਸਵੈ-ਜੀਵਨੀ ਹੈ ਜੋ ਕਰੋਨਾ ਕਾਲ ਵਿਚ ਲਿਖੀ ਤੇ ਛਾਪੀ ਗਈ। ਉਸ ਦੇ ਕਹਾਣੀ ਸੰਗ੍ਰਹਿ ਦਾ ਨਾਂ ‘ਰੰਗ ਬਦਲਦੇ ਮੌਸਮ’, ਕਾਵਿ ਸੰਗ੍ਰਹਿ ‘ਅਣਦੇਖੀ ਅੱਗ’, ‘ਮਨ ਦੇ ਮਣਕੇ’, ‘ਲੂਹੀ ਲੂਹੀ ਜਿ਼ੰਦਗੀ’, ਯਾਦਾਂ ‘ਸ਼ਹਿਰ ਤੇ ਸਮੁੰਦਰ’ ਅਤੇ ਬਾਲ ਨਾਵਲ ਦਾ ਨਾਂ ‘ਅਲੋਪ ਹੋ ਰਿਹਾ ਬਾਬਾ’ ਹਨ। ਉਹ ਸੱਠ ਸਾਲਾਂ ਤੋਂ ਵੱਖ ਵੱਖ ਵਿਸਿ਼ਆਂ ਬਾਰੇ ਲਿਖਦਾ ਆ ਰਿਹਾ ਹੈ ਜਿਨ੍ਹਾਂ ਵਿਚ ਖੇਡਾਂ ਵੀ ਸ਼ਾਮਲ ਹਨ।
ਤੇਲੂ ਰਾਮ ਕੁਹਾੜਾ ਸਰਬਾਂਗੀ ਲੇਖਕ ਹੈ। ਉਸ ਨੇ ਕਵਿਤਾਵਾਂ ਵੀ ਲਿਖੀਆਂ, ਕਹਾਣੀਆਂ ਤੇ ਨਾਵਲ ਵੀ, ਜੀਵਨ ਯਾਦਾਂ ਵੀ ਤੇ ਸਵੈ-ਜੀਵਨੀ ਵੀ। ‘ਜਿ਼ੰਦਗੀ ਦਾ ਮੇਲਾ’ ਉਸ ਦੀ ਸਵੈ-ਜੀਵਨੀ ਹੈ ਜੋ ਕਰੋਨਾ ਕਾਲ ਵਿਚ ਲਿਖੀ ਤੇ ਛਾਪੀ ਗਈ। ਉਹ 1960 ਤੋਂ ਕਲਮ ਵਾਹ ਰਿਹੈ ਜਿਸ ਦੀ ਸ਼ੁਰੂਆਤ ਪੱਤਰਕਾਰੀ ਨਾਲ ਕੀਤੀ ਸੀ। ਉਸ ਦੇ ਕਹਾਣੀ ਸੰਗ੍ਰਹਿ ਦਾ ਨਾਂ ‘ਰੰਗ ਬਦਲਦੇ ਮੌਸਮ’, ਕਾਵਿ ਸੰਗ੍ਰਹਿ ‘ਅਣਦੇਖੀ ਅੱਗ’, ‘ਮਨ ਦੇ ਮਣਕੇ’, ‘ਲੂਹੀ ਲੂਹੀ ਜਿ਼ੰਦਗੀ’, ਯਾਦਾਂ ‘ਸ਼ਹਿਰ ਤੇ ਸਮੁੰਦਰ’ ਅਤੇ ਬਾਲ ਨਾਵਲ ਦਾ ਨਾਂ ‘ਅਲੋਪ ਹੋ ਰਿਹਾ ਬਾਬਾ’ ਹਨ। ਉਹ 60 ਸਾਲ ਤੋਂ ਵੱਖ ਵੱਖ ਵਿਸਿ਼ਆਂ ਬਾਰੇ ਲਿਖ ਰਿਹੈ ਜਿਨ੍ਹਾਂ ਵਿਚ ਖੇਡਾਂ ਵੀ ਸ਼ਾਮਲ ਹਨ।
ਸੰਤ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਉਸ ਦੀ ਸਵੈ-ਜੀਵਨੀ ਨੂੰ ‘ਜੰਤੀ ਵਿਚੋਂ ਨਿਕਲੀ ਬਾਰੀਕ ਤਾਰ’ ਕਹਿੰਦਿਆਂ ਲਿਖਿਆ ਹੈ, “ਮਨੁੱਖ ਜਦੋਂ ਸਹਿਜ-ਸੁਭਾਅ ਤੁਰਿਆ ਜਾਂਦਾ ਡਿੱਗ ਪਵੇ, ਉਹ ਹੈਰਾਨ ਹੁੰਦਾ ਹੈ ਅਤੇ ਪਰੇਸ਼ਾਨ ਵੀ। ਜਦੋਂ ਉਹ ਸੰਭਲ ਕੇ, ਉੱਠ ਕੇ ਕੱਪੜੇ ਝਾੜ ਕੇ, ਆਪਣੀ ਮੰਜਿ਼ਲ ਵੱਲ ਤੁਰ ਪਵੇ ਤਾਂ ਉਹ ਸਾਹਸੀ ਮੁਸਾਫਿ਼ਰ ਅਖਵਾਉਂਦਾ ਹੈ। ਤੇਲੂ ਰਾਮ ਕੁਹਾੜਾ ਦੀ ਸਵੈ-ਜੀਵਨੀ ਵਿਚੋਂ ਅਜਿਹਾ ਹੀ ਵਿਅਕਤੀ ਨਜ਼ਰ ਆਉਂਦਾ ਹੈ ਜੋ ਕਈ ਵਾਰ ਡਿੱਗਦਾ ਹੈ, ਉੱਠਦਾ ਹੈ ਤੇ ਫਿਰ ਤੁਰਨ ਦੇ ਸਮਰੱਥ ਹੋ ਜਾਂਦਾ ਹੈ। ‘ਜਿ਼ੰਦਗੀ ਦਾ ਮੇਲਾ’ ਪੜ੍ਹ ਕੇ ਲੱਗਦਾ ਹੈ ਕਿ ਤੇਲੂ ਰਾਮ ਕੁਹਾੜਾ ਜੀਵਨ ਵਿਚ ਆਈਆਂ ਮੁਸੀਬਤਾਂ ਨਾਲ ਦੋ-ਚਾਰ ਹੁੰਦਾ, ਮੰਦਹਾਲੀ ਦੇ ਥਪੇੜੇ ਖਾਂਦਾ, ਆਪਣੇ ਪਿਤਾ ਜੀ ਦੇ ਬੁਲੰਦ ਹੌਸਲੇ ਕਾਰਨ ਆਪਣੇ ਪੈਰਾਂ `ਤੇ ਆਪ ਖੜ੍ਹਾ ਹੋ ਜਾਂਦਾ ਹੈ। ਜਿਥੇ ਆਪਣੇ ਆਪ ਨੂੰ ਸੰਭਾਲ ਕੇ ਚੱਲ ਰਿਹਾ ਹੈ, ਉਥੇ ਉਹ ਸਮਾਜ ਸੇਵਾ ਲਈ ਵੀ ਪੂਰੀ ਤਰ੍ਹਾਂ ਸਮਰਪਿਤ ਹੈ। ਉਹ ਦੇਖਣ ਨੂੰ ਆਮ ਜਿਹਾ ਬੰਦਾ ਲੱਗਦਾ ਹੈ; ਅਸਲ ਵਿਚ ਉਸ ਦਾ ਜੀਵਨ ਸੋਨੇ ਦੀ ਉਸ ਬਰੀਕ ਤਾਰ ਵਰਗਾ ਹੈ ਜਿਸ ਨੂੰ ਸਵਰਨਕਾਰ ਪਹਿਲਾਂ ਜੰਤੀ ਦੀ ਵੱਡੀ ਗਲ਼ੀ ਵਿਚੋਂ, ਫਿਰ ਉਸ ਤੋਂ ਛੋਟੀ ਅਤੇ ਅੰਤ ਵਿਚ ਬਹੁਤ ਹੀ ਮਹੀਨ ਗਲ਼ੀ ਵਿਚੋਂ ਖਿੱਚਦਾ ਹੈ। ਤੇਲੂ ਰਾਮ ਕੁਹਾੜਾ ਦੀ ਪੁਸਤਕ ਪੜ੍ਹਦਿਆਂ ਮਹਿਸੂਸ ਹੋਇਆ ਜਿਵੇਂ ਮਨ ਹਰ ਵਾਕ ਦੇ ਨਾਲ ਨਾਲ ਤੁਰ ਰਿਹਾ ਹੋਵੇ। ਪਾਠਕ ‘ਜਿ਼ੰਦਗੀ ਦਾ ਮੇਲਾ’ ਪੁਸਤਕ ਨੂੰ ਪਸੰਦ ਕਰਨਗੇ, ਇਹ ਮੇਰਾ ਵਿਸ਼ਵਾਸ ਹੈ।
ਤੇਲੂ ਰਾਮ ਨੇ ਇਸ ਪੁਸਤਕ ਵਿਚ ਆਪਣੇ ਅੰਸ਼-ਵੰਸ਼ ਦਾ ਕੁਰਸੀਨਾਮਾ ਵੀ ਛਾਪਿਆ ਹੈ। ਉਹਦੇ ਵਿਚ ਉਸ ਦੇ ਪੜਦਾਦੇ ਦਾ ਨਾਂ ਕਾਹਲਾ ਸਿੰਘ, ਦਾਦੇ ਦਾ ਕਿਸ਼ਨ ਸਿੰਘ, ਬਾਪ ਦਾ ਗੁਰਦੇਵ ਸਿੰਘ, ਪੁੱਤਰਾਂ ਦੇ ਨਾਂ ਬਲਬੀਰ ਸਿੰਘ ਤੇ ਸੁਖਸਾਗਰ ਸਿੰਘ ਅਤੇ ਪੋਤਰੇ ਦਾ ਨਾਂ ਹਰਬੀਰ ਸਿੰਘ ਲਿਖੇ ਹਨ। ਪਾਠਕਾਂ ਦੇ ਮਨਾਂ ਵਿਚ ਸੁਆਲ ਪੈਦਾ ਹੋਣਾ ਸੁਭਾਵਿਕ ਹੈ ਕਿ ਇੰਨੇ ਸਿੰਘਾਂ ਵਿਚ ‘ਤੇਲੂ ਰਾਮ’ ਕਿਥੋਂ ਆ ਗਿਆ? ਉਸ ਨੇ ਲਿਖਿਆ ਹੈ:
ਸਕੂਲ ਦੇ ਸਰਟੀਫਿਕੇਟ ਅਨੁਸਾਰ ਮੇਰਾ ਜਨਮ 4 ਅਪਰੈਲ 1942 ਨੂੰ ਜਿ਼ਲ੍ਹਾ ਲੁਧਿਆਣੇ ਦੇ ਪਿੰਡ ਕੁਹਾੜਾ ਵਿਖੇ ਹੋਇਆ। ਮੇਰੀ ਮਾਤਾ ਦਾ ਨਾਂ ਮੇਰੇ ਨਾਨਕਿਆਂ ਨੇ ਪ੍ਰਸਿੰਨੀ ਰੱਖਿਆ ਹੋਇਆ ਸੀ ਪਰ ਵਿਆਹ ਪਿੱਛੋਂ ਉਨ੍ਹਾਂ ਦਾ ਨਾਉਂ ਗੁਰਦਿਆਲ ਕੌਰ ਰੱਖਿਆ ਗਿਆ। ਮੇਰੇ ਜਨਮ ਬਾਰੇ ਬੀਬੀ ਕਹਿੰਦੀ ਹੁੰਦੀ ਸੀ ਕਿ ਤੇਰਾ ਜਨਮ ਭਾਦੋਂ ਦੇ ਮਹੀਨੇ ਉਨ੍ਹਾਂ ਦਿਨਾਂ `ਚ ਹੋਇਆ ਜਦੋਂ ਔਰਤਾਂ ਮੇਲੇ ਮੁਸਾਵਿਆਂ ਦੇ ਦਿਨੀਂ&ਨਬਸਪ; ਕੋਠਿਆਂ ਉੱਤੇ ਸੇਵੀਆਂ ਵੱਟਦੀਆਂ ਹੁੰਦੀਆਂ ਸਨ। ਮੇਰੇ ਪਿਤਾ ਜੀ ਦਾ ਨਾਂ ਗੁਰਦੇਵ ਸਿੰਘ ਸੀ। ਗੁਰਸਿੱਖ ਨਾਵਾਂ ਵਾਲੇ ਮਾਪਿਆਂ ਦੇ ਘਰ ਮੇਰਾ ਜਨਮ ਕੱਚੀ ਹਨੇਰੀ ਕੋਠੜੀ ਵਿਚ ਹੋਇਆ। ਮਾਂ ਦੱਸਦੀ ਹੁੰਦੀ ਸੀ ਕਿ ਤੇਰੇ ਤੋਂ ਪਹਿਲਾਂ ਤੇਰੀਆਂ ਤਿੰਨ ਭੈਣਾਂ ਜੰਮੀਆਂ ਸੀ ਜਿਨ੍ਹਾਂ `ਚੋਂ ਦੋ ਮਰ ਗਈਆਂ ਸਨ। ਤੂੰ ਜਨਮ ਪਿੱਛੋਂ ਕਈ ਦਿਨ ਅੱਖਾਂ ਨਾ ਖੋਲ੍ਹੀਆਂ। ਆਂਢਣਾਂ-ਗੁਆਂਢਣਾਂ ਰਹਿਮੋ ਦਾਈ ਕੋਲ ਮੈਨੂੰ ਸੁਨੇਹੇ ਭੇਜਦੀਆਂ ਕਿ ਤਿੰਨ ਕੁੜੀਆਂ ਪਿੱਛੋਂ ਜੰਮਿਆ ਮੁੰਡਾ ਤਿੱਲੜ ਹੁੰਦਾ ਤੇ ਤਿੱਲੜ ਦੇ ਬਚਣ…
ਪਿਤਾ ਜੀ ਨੂੰ ਪਤਾ ਲੱਗਿਆ ਕਿ ਜਗਰਾਓਂ ਵਾਲਾ ਉੱਚਾ ਪੁਲ ਉੱਤਰ ਕੇ, ਨੌਹਰੀਆ ਮੱਲ ਬਾਗ਼ ਟੱਪ ਕੇ, ਮੰਨੇ ਹੋਏ ਸੰਤ ਭੂਰੀ ਵਾਲੇ ਲੁਧਿਆਣੇ ਕੁਟੀਆ ਵਿਚ ਠਹਿਰੇ ਹੋਏ ਸਨ। ਬੀਬੀ ਅਗਲੇ ਦਿਨ ਮੈਨੂੰ ਕਪੜੇ ਵਿਚ ਲਪੇਟ ਕੇ ਬਾਈ ਜੀ ਦੇ ਸਾਈਕਲ ਪਿੱਛੇ ਬੈਠ ਗਈ। ਘੰਟਾ ਘਰ ਚੌਕ ’ਚੋਂ ਮੱਥਾ ਟੇਕਣ ਲਈ ਫਲ ਖਰੀਦੇ ਤੇ ਉੱਚਾ ਪੁਲ ਪਾਰ ਕਰ ਕੇ ਕੁਟੀਆ ਜਾ ਪੁੱਜੇ। ਬਾਈ ਜੀ ਨੇ ਡੋਲ ਫਰ੍ਹਾ ਕੇ ਖੂਹੀ `ਚੋਂ ਪਾਣੀ ਕੱਢਿਆ, ਹੱਥ ਮੂੰਹ ਧੋਤੇ। ਬੀਬੀ ਦੱਸਦੀ ਹੁੰਦੀ ਸੀ, ਅਸੀਂ ਮੱਥਾ ਟੇਕਿਆ ਤੇ ਤੈਨੂੰ ਸੰਤਾਂ ਦੇ ਚਰਨਾਂ ਵਿਚ ਰੱਖ ਕੇ ਮਨ ਦਾ ਸੰਸਾ ਸੰਤਾਂ ਅੱਗੇ ਪਰਗਟ ਕੀਤਾ ਕਿ ਮੁੰਡਾ ਤਿੰਨਾਂ ਕੁੜੀਆਂ ਉਤੋਂ ਦੀ ਹੋਇਆ ਐ। ਕਹਿੰਦੇ ਆ ਅਜਿਹਾ ਬੱਚਾ ਬਚਦਾ ਨਹੀਂ ਹੁੰਦਾ।
ਸੰਤਾਂ ਨੇ ਬਚਨ ਉਚਾਰਿਆ, “ਕਹਿਣ ਵਾਲੇ ਕਮਲ਼ੇ ਹਨ, ਕੁਸ਼ ਨੀ ਹੁੰਦਾ ਇਸ ਨੂੰ। ਜੇ ਇਹ ਤਿੰਨ ਕੁੜੀਆਂ ਪਿੱਛੋਂ ਹੋਇਆ ਤਾਂ ਇਸ ਦਾ ਨਾਉਂ ਹੀ ਤੇਲੂ ਰਾਮ ਰੱਖ ਦਿਓ।” ਇੰਜ ਮੇਰਾ ਨਾਮਕਰਨ ਸੰਤ ਬ੍ਰਹਮ ਸਾਗਰ ਜੀ ਭੂਰੀ ਵਾਲਿਆਂ ਨੇ ਕੀਤਾ। ਪਹਿਲਾਂ ਉਸ ਦਾ ਨਾਂ ਤੇਜਪਾਲ ਸਿੰਘ ਰੱਖਿਆ ਸੀ। ਸਵੈਜੀਵਨੀ ’ਚ ਲਿਖਿਆ ਹੈ: ਹੁਣ ਮੈਂ ਸੋਚਦਾਂ, ਜੇ ਮੈਂ ਤੇਜਪਾਲ ਸਿੰਘ, ਤ੍ਰੈਲੋਕ ਸਿੰਘ ਜਾਂ ਫਿਰ ਮੈਂ ਤ੍ਰੈਲੋਚਨ ਸਿੰਘ ਹੁੰਦਾ ਤਾਂ ਕਿਹੋ ਜਿਹਾ ਹੁੰਦਾ? ਪੱਕੀ ਗੱਲ ਹੈ, ਉਹੋ ਜਿਹਾ ਹੀ ਹੁੰਦਾ, ਜਿਹੋ ਜਿਹਾ ਹੁਣ ਚੰਗਾ ਜਾਂ ਮਾੜਾ ਤੇਲੂ ਰਾਮ ਹਾਂ।
ਪੁਸਤਕ ਦਾ ਤਤਕਰਾ, ਮੇਰਾ ਪਿੰਡ, ਮੇਰਾ ਜਨਮ, 1947, ਪੜ੍ਹਾਈ ਦੀ ਪਹਿਲੀ ਪੌੜੀ, ਦਸਵੀਂ ਪਾਸ, ਜੇਬੀਟੀ, ਪਸੀਨੇ ਦੀਆਂ ਬੂੰਦਾਂ, ਮਿੱਟੀ ਦੀ ਸੁਗੰਧ, ਫਿਲਮਾਂ ਦਾ ਸ਼ੌਕ, ਜਦੋਂ ਮੈਂ ਕੇਸ ਕਟਵਾਏ, ਜਦੋਂ ਮੈਂ ਡਾਕੀਆ ਬਣਿਆ, ਪੁਸਤਕਾਂ ਪੜ੍ਹਨ ਦਾ ਜਾਗ, ਸਕੂਲ ਵਿਚ ਅਧਿਆਪਕ, ਪੱਤਰਕਾਰੀ, ਸਾਹਿਤਕ ਸਫ਼ਰ, ਭਰਾ ਦੀ ਮੌਤ, ਦੁੱਖਾਂ ਦਾ ਪਹਾੜ, ਬਾਈ ਜੀ ਦਾ ਵਿਛੋੜਾ, ਕਬੀਲਦਾਰੀਆਂ, ਸੇਵਾ ਮੁਕਤੀ, ਮੌਤ ਦਾ ਛਲਾਵਾ, ਸਮਾਜ ਸੇਵਾ ਦੀ ਲਗਨ, ਮਿਹਨਤਕਸ਼ ਮੇਰੀ ਬੇਬੇ ਤੇ ‘ਜਿ਼ੰਦਗੀ ਦੀ ਢਾਲ’ ਤੋਂ ‘ਅੱਧੀ ਰਾਤੀਂ ਪੁੰਨਿਆਂ ਦਾ ਚੰਨ ਛੁਪਿਆ’ ਤੱਕ ਫੈਲਿਆ ਹੋਇਆ ਹੈ। ਰਘਬੀਰ ਸਿੰਘ ਭਰਤ ਅਨੁਸਾਰ:
‘ਜਿ਼ੰਦਗੀ ਦਾ ਮੇਲਾ’ ਹਕੀਕਤ ਦਾ ਦਰਪਨ ਹੈ ਜਿਸ ਵਿਚ ਲੇਖਕ ਨੇ ਆਪਣੇ ਜੀਵਨ ਭਰ ਦੇ ਤਲਖ਼ ਹਾਲਾਤ ਨੂੰ ਬੇਬਾਕੀ ਨਾਲ ਪੇਸ਼ ਕੀਤਾ ਹੈ। ਇਹ ਸਵੈਜੀਵਨੀ ਨਿੱਜ ਤੋਂ ਪਾਰ ਤੱਕ ਦਾ ਸਫ਼ਰ ਹੈ। ਇਸ ਮੇਲੇ ਵਿਚ ਖ਼ੁਸ਼ੀਆਂ ਤੇ ਗ਼ਮੀਆਂ ਦੀ ਦਾਸਤਾਂ ਸਮੋਈ ਹੋਈ ਹੈ। ਖ਼ੁਸ਼ੀਆਂ ਦੇ ਪਲ਼ ਥੋੜ੍ਹੇ ਤੇ ਪੀੜਾਂ ਦੇ ਪਰਾਗੇ ਬਹੁਤੇ ਹਨ। ਗ਼ਮਾਂ, ਪੀੜਾਂ ਤੇ ਝੋਰਿਆਂ ਨੂੰ ਤੇਲੂ ਰਾਮ ਕੁਹਾੜਾ ਨੇ ਬਹਾਦਰੀ ਨਾਲ ਜਰਿਆ ਹੈ। ਉਹ ਆਪਣੇ ਆਪ ਨੂੰ ਆਖਦਾ ਰਿਹਾ, “ਤੇਲੂ ਰਾਮਾ ਉੱਠ! ਬੰਦੇ ਨੂੰ ਭੂਤ ਕਾਲ ਦੇ ਝੋਰੇ ਵੀ ਹੰਢਾਉਣੇ ਪੈਂਦੇ ਹਨ ਤੇ ਨਾਲ ਹੀ ਭਵਿੱਖ ਦੀਆਂ ਖ਼ੁਸ਼ੀਆਂ ਲਈ ਵੀ ਜਿਊਣਾ ਪੈਂਦਾ।”
ਕਿਤਾਬਾਂ ਪੜ੍ਹਨਾ, ਮਨਮਰਜ਼ੀ ਮੁਤਾਬਿਕ ਖਾਣਾ-ਪੀਣਾ ਤੇ ਫਿਲਮਾਂ ਵੇਖਣਾ ਉਸ ਦੇ ਮੁੱਖ ਸ਼ੌਕ ਰਹੇ ਹਨ। ਫਿਲਮੀ ਜਨੂਨ ਨੇ ਉਸ ਦੇ ਵਾਲ ਕਰਵਾਏ ਤੇ ‘ਰਾਂਝਣ ਮੇਰਾ ਯਾਰ’ ਫਿਲਮ ਦੇ ਨਿਰਮਾਣ ਨੇ ਡਾਢਾ ਮਾਇਕ ਨੁਕਸਾਨ ਕੀਤਾ। ਫਿਲਮੀ ਜਨੂਨ ਬਾਰੇ ਉਸ ਨੇ ਲਿਖਿਆ, “ਜਿਵੇਂ ਮੱਛਰ ਦੇ ਲੜਨ ਨਾਲ ਮਲੇਰੀਆ ਹੋ ਜਾਂਦਾ ਹੈ, ਉਸੇ ਤਰ੍ਹਾਂ ਫਿਲਮਾਂ ਦੇਖਣ ਨਾਲ ਮੈਨੂੰ ਫਿਲਮੇਰੀਆ ਹੋ ਗਿਆ! ਉਸ ਨੇ ਬਚਪਨ ਦੀਆਂ ਖੇਲ੍ਹਾਂ ਤੇ ਇਲਾਕੇ ਦੀਆਂ ਖੇਡਾਂ ਬਾਰੇ ਵੀ ਲਿਖਿਆ:
ਬੱਚਿਆਂ ਤੇ ਵੱਡਿਆਂ ਦੀਆਂ ਖੇਡਾਂ
ਖੇਡਾਂ ਬੱਚਿਆਂ ਲਈ ਉਨੀਆਂ ਹੀ ਜ਼ਰੂਰੀ ਹਨ ਜਿੰਨੀਆਂ ਖਾਣ ਪੀਣ ਦੀਆਂ ਵਸਤਾਂ। ਛੋਟੇ ਹੁੰਦਿਆਂ ਆੜੀਆਂ ਨਾਲ ਖੇਡਦੇ ਖੇਡਦੇ ਰੋਟੀ ਖਾਣੀ ਵੀ ਭੁੱਲ ਜਾਂਦੇ ਸਾਂ। ਜਦੋਂ ਨ੍ਹੇਰੇ ਹੋਏ ਘਰ ਵੜਨਾ ਤਾਂ ਵੜਨਸਾਰ ਕੁੱਟ ਖਾਣੀ ਪੈਂਦੀ ਸੀ। ਕੁੱਟ ਖਾ ਕੇ ਫਿਰ ਰੋਟੀ ਖਾਣ ਨੂੰ ਕਿਥੇ ਜੀ ਕਰਦਾ ਸੀ? ਜਿਹੜੀ ਮਾਂ ਕੁੱਟਦੀ ਸੀ ਉਹਦੇ ਅੰਦਰੋਂ ਫਿਰ ਮਮਤਾ ਫੁੱਟਦੀ ਤੇ ਉਹ ਪੁਚਕਾਰ ਪੁਚਕਾਰ ਕੇ ਰੋਟੀ ਵੀ ਖਿਲਾਉਂਦੀ ਤੇ ਦੁੱਧ ਦਾ ਭਰਿਆ ਗਲਾਸ ਵੀ ਪਿਲਾਉਂਦੀ। ਨਾਲ ਹੀ ਕਹਿੰਦੀ, “ਪੁੱਤ ਦਿਨੇ ਦਿਨੇ ਘਰ ਆ ਜਾਇਆ ਕਰ, ਇੱਲ-ਬਲਾਵਾਂ ਤੋਂ ਡਰ ਲੱਗਦਾ।” ਮਾਂ ਜਿਹੜੀਆਂ ਇੱਲ-ਬਲਾਵਾਂ ਦਾ ਜਿ਼ਕਰ ਕਰਦੀ ਸੀ, ਉਹ ਸਾਨੂੰ ਅੱਜ ਤੱਕ ਕਿਤੇ ਵੀ ਨਹੀਂ ਮਿਲੀਆਂ।
ਖੇਡਦੇ ਖੇਡਦੇ ਜਦੋਂ ਲੜ ਪੈਣਾ ਤਾਂ ਅਸੀਂ ਇਕ ਦੂਜੇ ਨਾਲੋਂ ਆੜੀ ‘ਠੂਹ’ ਕਰ ਦੇਣੀ। ਇਕ ਦੂਜੇ ਦਾ ਨਾਉਂ ਲੈ ਕੇ ਬੁਲਾਉਣੋਂ ਹਟ ਜਾਣਾ ਪਰ ਇਕ ਦੂਜੇ ਬਿਨਾਂ ਸਰਦਾ ਵੀ ਕਿਥੇ ਸੀ! ਆੜੀ ਟੁੱਟੀ ਹੁੰਦੀ ਸੀ, ਨਾਉਂ ਲੈ ਕੇ ਨਹੀਂ, ਫਿਰ ‘ਆੜੀ’ ਕਹਿ ਕੇ ਬੁਲਾਉਣ ਲੱਗ ਜਾਂਦੇ, ਹੌਲੀ ਹੌਲੀ ਆਪੇ ਆੜੀ ਪੈ ਜਾਂਦੀ। ਸਾਡੀ ਲੜਾਈ ਦੇ ਉਲਾਂਭੇ ਜਦੋਂ ਇਕ ਦੂਜੇ ਦੇ ਘਰ ਪਹੁੰਚ ਜਾਂਦੇ ਘਰ ਦੇ ਲੜ ਕੇ ਕਈ ਕਈ ਦਿਨ ਨਾ ਬੋਲਦੇ ਪਰ ਅਸੀਂ ਅਗਲੇ ਦਿਨ ਫਿਰ ’ਕੱਠੇ ਹੋ ਖੇਲ੍ਹਣ ਲੱਗ ਜਾਂਦੇ। ਵੱਡੇ ਸਿਆਣਿਆਂ ਨੇ ਮਾਂ ਪਿਉ ਨੂੰ ਮੱਤ ਦੇਣੀ ਕਿ ਨਿਆਣਿਆ ਪਿਛੇ ਲੜਨਾ ਨਹੀਂ ਚਾਹੀਦਾ। ਇਹ ਤਾਂ ਫਿਰ ਦੂਜੇ ਦਿਨ ਰਲਮਿਲ ਕੇ ਖੇਲ੍ਹਣ ਲੱਗ ਜਾਂਦੇ ਹਨ।
ਮਿਹਰ, ਸਰਵਣ, ਸੋਹਣ, ਪਰਗਟ, ਅਵਤਾਰ, ਅਸੀਂ ਸਾਰੇ ਸਾਲ ਛੇ ਮਹੀਨੇ ਛੋਟੇ ਵੱਡੇ ਹਾਣੀ ਸਾਂ। ਪਿੰਡ ਦੀਆਂ ਗਲੀਆਂ ਵਿਚ ਕਦੇ ਊਈਂ ਮੀਚੀ ਦੀ ਕਾਰ ਬਣਾ ਕੇ, ਕਦੇ ਬੱਸ ਬਣਾ ਕੇ ਘੂੰ ਘੂੰ ਕਰਦੇ ਫਿਰਨਾ। ਹੋਲ਼ੀ ਹੌਲ਼ੀ ਸਰੀਏ ਦੇ ਗੋਲ ਚੱਕਰ ਬਣਾ ਕੇ ਮੋਟੀ ਤਾਰ ਦੀ ਕੰੁਡੀ ਨਾਲ ਉਨ੍ਹਾਂ ਨੂੰ ਚਲਾਉਂਦੇ ਫਿਰਨਾ। ਥੋੜ੍ਹੇ ਵੱਡੇ ਹੋਏ ਤਾਂ ਪੀਚੋ-ਬੱਕਰੀ, ਰੀਠੇ-ਕੌਡੀਆਂ, ਕੋਟਲਾ-ਛਪਾਕੀ, ਕੁੱਕੂ-ਘਾਂਗੜੇ ਤੇ ਪਿੱਠੂ ਖੇਲ੍ਹਣਾ। ਹੋਰ ਵੱਡੇ ਹੋਏ ਤਾਂ ਗਲੀਆਂ ਤੋਂ ਬਾਹਰ ਜਾ ਕੇ ਬਾਂਦਰ-ਕਿੱਲਾ, ਲੂਣ-ਮਿਆਣੀ, ਖਿੱਦੋ-ਖੂੰਡੀ ਤੇ ਗੁੱਲੀ-ਡੰਡਾ ਖੇਲ੍ਹਣਾ। ਗੁੱਲੀ-ਡੰਡੇ ਤੋਂ ਯਾਦ ਆਇਆ… ਇਕ ਦਿਨ ਅਸੀਂ ਪਿੰਡ ਦੇ ਦਰਵਾਜ਼ੇ ਤੋਂ ਬਾਹਰ ਗੁੱਲੀ-ਡੰਡਾ ਖੇਡ ਰਹੇ ਸੀ ਤਾਂ ਸੱਜਣ ਦੀ ਮਾਰੀ ਬੱਘ (ਗੁੱਲੀ) ਬਾਬੇ ਕਰਤਾਰੇ ਦੀ ਪੁੜਪੜੀ `ਤੇ ਜਾ ਲੱਗੀ ਪਰ ਅੱਖ ਬਚ ਗਈ। ਕੁਝ ਤਾਂ ਨੱਠ ਗਏ, ਜਿਹੜੇ ਇਕ ਦੋ ਮੇਰੇ ਵਰਗੇ ਅੜਿੱਕੇ ਆਏ, ਉਨ੍ਹਾਂ ਨੂੰ ਖੂਬ ਕੁਟਾਪਾ ਚੜ੍ਹਿਆ। ਜਦੋਂ ਘਰ ਮੁੜੇ ਤਾਂ ਉਥੇ ਕੁੱਟ ਦਾ ਦੂਜਾ ਗੱਫਾ ਮਿਲਿਆ!
ਇਕ ਦਿਨ ਅਸੀਂ ਖੂਹ ਕੋਲ ਬਾਬੇ ਅਤਰੂ ਦੇ ਗੱਡੇ ਦੁਆਲੇ ਲੁਕਣਮੀਟੀ ਖੇਲ੍ਹਣ ਲੱਗੇ। ਅਸੀਂ ਸਾਰੇ ਗੱਡੇ ਉਤੇ ਮੂਹਰਲੇ ਪਾਸੇ ਖੜੇ੍ਹ ਸੀ। ਪਰਗਟ ਮਿਹਰ ਨੂੰ ਪੁਛਣ ਲੱਗਾ, “ਸਰਵਣ ਘਰ ਨੂੰ ਚਲਿਆ ਗਿਆ?” ਪਤਾ ਨਹੀਂ ਇਹ ਗੱਲ ਸਰਵਣ ਨੂੰ ਕਿਵੇਂ ਸੁਣ ਗਈ। ਸਾਨੂੰ ਸਾਰਿਆਂ ਨੂੰ ਗੱਡੇ ਦੇ ਪਿਛਲੇ ਪਾਸਿਓਂ ਗੱਡੇ ਹੇਠੋਂ ਸਰਵਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਮਖੌਲ ਕਰ ਰਿਹਾ ਸੀ, “ਓਏ ਮੇਰੇ `ਚ ਭੂਤਨੀਆਂ ਆ ਗਈਆਂ, ਭੂਤਨੀਆਂ!” ਅਸੀਂ&ਨਬਸਪ; ਜਿੰਨੇ ਵੀ ਗੱਡੇ ਉਪਰ ਉਹਦੇ ਅਗਲੇ ਪਾਸੇ ਖੜੇ੍ਹ ਸੀ ਦੌੜ ਕੇ ਜਦੋਂ ਗੱਡੇ ਦੇ ਪਿਛਲੇ ਪਾਸੇ ਗਏ, ਗੱਡਾ ਇਕ ਦਮ ਉਲਰ ਗਿਆ। ਗੱਡੇ ਦੇ ਪਿਛਲੇ ਪਾਸੇ ਵਾਲਾ ਛੋਟਾ ਉਲਾਰੂ ਸਰਵਣ ਦੀ ਛਾਤੀ ਉਤੇ ਜਾ ਲੱਗਿਆ। ਉਹਦੀ ਛਾਤੀ ਦੀਆਂ ਪਸਲੀਆਂ ਟੁੱਟ ਗਈਆਂ। ਉਸ ਨੂੰ ਲੁਧਿਆਣੇ ਹਸਪਤਾਲ ਲੈ ਗਏ ਜਿਥੋਂ ਦੋ ਮਹੀਨੇ ਪਿਛੋਂ ਘਰ ਆਇਆ। ਉਹਦੀਆਂ ਭੂਤਨੀਆਂ ਸੱਚੀਆਂ ਹੋ ਗਈਆਂ!
ਅਸੀਂ ਬੀਹੀ ਵਿਚ ਮੁੰਡੇ ਕੁੜੀਆਂ `ਕੱਠੇ ਖੇਡਦੇ ਰਹਿੰਦੇ ਸੀ। ਸਾਡੇ `ਕੱਲੇ ਝੱਗੇ ਪਾਏ ਹੁੰਦੇ ਸੀ। ਨਿੱਕਰ ਤਾਂ ਕਿਸੇ-ਕਿਸੇ ਨੂੰ ਹੀ ਜੁੜਦੀ ਸੀ। ਆਥਣੇ ਮਹੰਤਣੀ ਬੋਬੋ ਦੇ ਚੌਂਤਰੇ ਤੇ `ਕੱਠੇ ਹੋ ਜਾਂਦੇ। ਉਥੇ ਲੁਕਣਮੀਟੀ ਚੱਲ ਪੈਂਦੀ। ਸਾਡੇ ਘਰ ਦੇ ਪਿੱਛੇ ਮਿਸਤਰੀ ਰਾਮ ਚੰਦ ਦਾ ਘਰ ਹੁੰਦਾ ਸੀ। ਉਹਦੇ ਆਲੇ ਦੁਆਲੇ ਖੇਲ੍ਹਣ ਲਈ ਖੁੱਲ੍ਹੀ ਥਾਂ ਹੁੰਦੀ ਸੀ। ਉਹਦੇ ਨੇੜੇ ਹੀ ਬਰਕਤ ਅਲੀ ਅਤੇ ਸ਼ੇਰ ਅਲੀ ਦਾ ਘਰ ਸੀ। ਉਨ੍ਹਾਂ ਦੀ ਇਕ ਕੁੜੀ ਜੀਨਾ ਮੇਰੀ ਭੈਣ ਦੀ ਹਾਨਣ ਸੀ। ਉਹ ਕਈ ਵਾਰ ਖੇਲ੍ਹਦੀਆਂ ਖੇਲ੍ਹਦੀਆਂ ਲੜ ਕੇ ਆਪਸ ਵਿਚ ਬੋਲਣੋਂ ਹਟ ਜਾਂਦੀਆਂ। ਫਿਰ ਆਪੇ ਬੋਲਣ ਲੱਗ ਜਾਂਦੀਆਂ ਤੇ ਇਉਂ ਘੁਲਮਿਲ ਜਾਂਦੀਆਂ ਜਿਵੇਂ ਕਦੇ ਲੜੀਆਂ ਈ ਨਾ ਹੋਣ!
ਸਿਆਲ ਦੀ ਰੁੱਤੇ ਸਾਡੀ ਬੀਹੀ ਵਿਚ ਬਾਬਾ ਦਲੀਪ ਸਿੰਘ ਦੇ ਡੰਗਰਾਂ ਵਾਲੇ ਘਰ ਆਥਣੇ ਸਾਡੇ ਪਿੰਡ ਦੇ ਗਭਰੂ ਸਰੋ੍ਹਂ ਦੇ ਦੀਵੇ ਦੀ ਲੋਅ ਵਿਚ ਮੂੰਗਲੀਆਂ ਫੇਰਦੇ ਤੇ ਡੰਡ ਬੈਠਕਾਂ ਕੱਢਦੇ। ਮੁਗਦਰ ਤੇ ਮਿੱਟੀ ਦੀ ਭਰੀ ਹੋਈ ਬੋਰੀ ਚੁੱਕਦੇ ਅਤੇ ਆਪਸ ਵਿਚ ਭਾਰ ਚੁਕਣ ਦੇ ਮੁਕਾਬਲੇ ਕਰਦੇ। ਹੋਰ ਵੱਡੇ ਹੋਏ ਤਾਂ ਅਸੀਂ ਪਿੰਡੋਂ ਬਾਹਰ ਵੀ ਖੇਡਣ ਜਾਣ ਲੱਗੇ। ਬਾਹਰ ਖੁੱਲ੍ਹੇ ਖੇਤਾਂ ਵਿਚ ਅਸੀਂ ਲੂਣ ਮਿਆਣੀ ਖੇਲਦੇ ਤੇ ਭੰਮੂਲਾਂ ਵਾਲੇ ਟੋਭੇ ਦੇ ਕੰਢੇ ਬਰੋਟੇ `ਤੇ ਚੜ੍ਹ ਕੇ ਡੰਡਾ-ਡੁੱਕ ਖੇਲਦੇ। ਇਕ ਵਾਰ ਖੇਲ੍ਹਦਿਆਂ ਖੇਲ੍ਹਦਿਆਂ ਬਰੋਟੇ ਦਾ ਟਾਹਣਾ ਟੁੱਟ ਗਿਆ, ਜੀਹਦੇ ਉਤੇ ਅਸੀਂ ਚੜੇ੍ਹ ਬੈਠੇ ਸੀ। ਚੀਕ ਚਿਹਾੜਾ ਪੈ ਗਿਆ। ਸਾਡੀ ਬੀਹੀ ਦੀਆਂ ਕੁਝ ਤੀਵੀਆਂ ਟੋਭੇ ਵਿਚੋਂ ਚਿੱਕ ਕੱਢ ਕੇ ਘਰਾਂ ਨੂੰ ਮੁੜੀਆਂ ਤਾਂ ਉਨ੍ਹਾਂ ਨੇ ਬੀਹੀ ਵੜਦਿਆਂ ਟਾਹਣਾ ਟੁੱਟਣ ਦਾ ਰੌਲਾ ਪਾ ਦਿੱਤਾ। ਘਰ ਮੁੜਨ `ਤੇ ਸਾਡੇ ਨਾਲ ਜੋ ਹੋਇਆ ਹੁਣ ਤਕ ਨਹੀਂ ਭੁੱਲਿਆ।
ਕਾਟੋ ਮਾਰ ਕੇ ਉਹਦੇ ਸਿਰ ਚੋਂ ਦੁਆਨੀ ਲੱਭਣੀ, ਚਾਂਦੀ ਦੇ ਰੁਪਈਏ ਲੈਣ ਲਈ ਘੁੰਮ ਰਹੇ ਵਾਵਰੋਲੇ ਵੱਲ ਜੁੱਤੀਆਂ ਮਾਰਨੀਆਂ। ਖਰਬੂਜ਼ਿਆਂ ਦੇ ਵਾੜੇ ਵਿਚੋਂ ਸਿਖਰ ਦੁਪਹਿਰੇ ਚੋਰੀ ਚੋਰੀ ਖਰਬੂਜੇ ਤੋੜਨੇ। ਫੜੇ ਜਾਣ ਤੇ ਕੁੱਟ ਵੀ ਖਾਣੀ ਅਤੇ ਨੱਕ ਨਾਲ ਲਕੀਰਾਂ ਵੀ ਕੱਢਣੀਆਂ। ਟਿਕੇ ਦੁਪਹਿਰੇ ਖੂਹਾਂ ਦੇ ਤਲ ਦੇਖਣ ਜਾਣਾ, ਟਿੰਡਾਂ ਤੋਂ ਦੀ ਉਤਰਨਾ। ਮਾਨਗੜ੍ਹ ਨੇੜੇ ਸਰਕਾਰੀ ਟਿਊਬਵੈਲ ਤੇ ਨਹਾਉਣ ਜਾਣਾ। ਸਿਖਰ ਦੁਪਹਿਰੇ ਦਰੱਖਤਾਂ ਤੇ ਚੜ ੍ਹਕੇ ਕਾਉਣੀਆਂ ਦੇ ਆਲ੍ਹਣੇ ਫਰੋਲ ਕੇ ਆਂਡੇ ਚੁੱਕ ਕੇ ਮੀਂਹ ਪਵਾਉਣ ਲਈ ਗਧਿਆਂ ਦੇ ਮੱਥੇ `ਚ ਮਾਰਨੇ। ਇਹ ਸਾਰਾ ਕੁਝ ਸਾਡੇ ਖੇਲ੍ਹਣ-ਮੱਲ੍ਹਣ ਵਿਚ ਸ਼ਾਮਲ ਸੀ। ਪਰ ਹੁਣ ਮੁਗਦਰ ਤੇ ਬੋਰੀਆਂ ਚੁੱਕਣ ਵਾਲੇ, ਮੂੰਗਲੀਆਂ ਫੇਰਨ ਵਾਲੇ ਤੇ ਡੰਡ ਬੈਠਕਾਂ ਕੱਢਣ ਵਾਲੇ ਜਿਮਾਂ ਵਿਚ ਜਾਣ ਲੱਗ ਪਏ ਹਨ। ਬੱਚੇ ਮੋਬਾਈਲਾਂ ਤੇ ਗੇਮਾਂ ਖੇਡਣ ਵਿਚ ਰੁਝੇ ਰਹਿੰਦੇ ਹਨ। ਬਹੁਤ ਸਾਰੀਆਂ ਖੇਡਾਂ ਦੇ ਰੰਗ ਬਦਲ ਗਏ ਹਨ ਤੇ ਕਈ ਤਾਂ ਅਲੋਪ ਹੀ ਹੋ ਗਈਆਂ ਹਨ। ਉਨ੍ਹਾਂ ਦੀ ਜਗ੍ਹਾ ਪੱਛਮ ਵੱਲੋਂ ਆਈਆਂ ਖੇਡਾਂ ਨੇ ਮੱਲ ਲਈ ਹੈ।
1955-56 ਵਿਚ ਸਾਡੇ ਪਿੰਡ ਦੀ ਪਹਿਲੀ ਕਬੱਡੀ ਟੀਮ ਬਣੀ ਸੀ। ਕਬੱਡੀ ਦੀ ਇਸ ਟੀਮ ਵਿਚ ਪਿੰਡ ਦੇ ਸਰਪੰਚ ਡਾਕਟਰ ਅਰਜਨ ਸਿੰਘ ਦਾ ਬੇਟਾ ਰਣਜੀਤ ਸਿੰਘ, ਹਰਬੰਤ ਸਿੰਘ, ਧਰਮ ਸਿੰਘ, ਅਵਤਾਰ ਸਿੰਘ ਤਾਰੀ, ਨਛੱਤਰ ਸਿੰਘ ਫੌਜੀ, ਜੋਗਿੰਦਰ ਸਿੰਘ ਫੌਜੀ, ਨਾਹਰ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ ਮੇਲ ਤੇ ਚਰਨ ਸਿੰਘ ਸਨ। ਇਸ ਟੀਮ ਨੇ ਪੰਜਾਬ ਦੇ ਕਈ ਵੱਡੇ ਵੱਡੇ ਖੇਡ ਮੇਲਿਆਂ ਚ ਭਾਗ ਲੈ ਕੇ ਤੇ ਕੱਪ ਜਿੱਤ ਕੇ ਪਿੰਡ ਦਾ ਨਾਉਂ ਚਮਕਾਇਆ। ਇਸ ਟੀਮ ਵੱਲੋਂ ਟੂਰਨਾਮੈਂਟ ਕਮੇਟੀ ਵੀ ਬਣਾਈ ਗਈ ਜਿਸ ਨੇ ਪਿੰਡ ਵਿਚ ਕਈ ਸਾਲਾਨਾ ਟੂਰਨਾਮੈਂਟ ਕਰਵਾਏ। ਇਨ੍ਹਾਂ ਟੂਰਨਾਮੈਂਟਾਂ ਵਿਚ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਂਦੀਆਂ ਜਿਨ੍ਹਾਂ ਚ ਜੇਤੂ ਬੱਚਿਆਂ ਨੂੰ ਬਾਬੂ ਡੋਗਰ ਮੱਲ ਪਾਠਕ ਆਪਣੇ ਵੱਲੋਂ ਇਨਾਮ ਦਿੰਦੇ।
ਅਗਲੀਆਂ ਪੀੜ੍ਹੀਆਂ ਦੀਆਂ ਕਬੱਡੀ ਟੀਮਾਂ ਵੀ ਚੜ੍ਹਦੀ ਕਲਾ ਵਿਚ ਰਹੀਆਂ ਅਤੇ ਵੱਖ ਵੱਖ ਖੇਡ ਮੇਲਿਆਂ ਵਿਚ ਜਾ ਕੇ ਆਪਣਾ ਸਿੱਕਾ ਜਮਾਉਂਦੀਆਂ ਰਹੀਆਂ। ਇਨ੍ਹਾਂ ਟੀਮਾਂ ਵਿਚ ਗੁਰਬਚਨ ਸਿੰਘ, ਉਜਾਗਰ ਸਿੰਘ, ਕਮਿੱਕਰ ਸਿੰਘ, ਨਿਰਪਾਲ ਸਿੰਘ, ਟਹਿਲ ਸਿੰਘ, ਜੋਗਿੰਦਰ ਸਿੰਘ ਫੌਜੀ, ਅੰਮ੍ਰਿਤਪਾਲ ਸਿੰਘ ਪਿੱਲੀ, ਪਵਿੱਤਰ ਸਿੰਘ ਭੱਟੀ, ਨਛੱਤਰ ਸਿੰਘ ਤੇ ਬਲਦੇਵ ਸਿੰਘ ਹੋਰੀਂ ਖੇਡਦੇ ਰਹੇ। ਜੇ ਆਲੇ ਦੁਆਲੇ ਦੇ ਪਿੰਡਾਂ ਵਿਚ ਨਜ਼ਰ ਮਾਰੀ ਜਾਵੇ ਤਾਂ ਸੰਤੋਖ ਸਿੰਘ ਪੈਪਸੂ, ਬਲਦੇਵ ਸਿੰਘ ਸਿਮਰੂ, ਗਾਮਾ ਨੱਤ, ਸੁਰਜੀਤ ਸਿੰਘ ਘੁੱਲਾ, ਬਿੱਟੂ, ਕੁਲਵੰਤ ਸਿੰਘ ਪਵਾ, ਰਛਪਾਲ ਸਿੰਘ, ਮੀਤਾ ਰਾਈਆਂ ਤੇ ਦਰਸ਼ਨ ਸਿੰਘ ਬੁੱਢੇਵਾਲ ਚੋਟੀ ਦੇ ਖਿਡਾਰੀ ਸਨ। ਪੰਜਾਹ ਸੱਠ ਸਾਲ ਪਹਿਲਾਂ ਇਸੇ ਇਲਾਕੇ ਦੇ ਪਿੰਡ ਭੈਣੀ ਗਾਹੀ ਵਿਚ ਹਾਕੀ ਦੀ ਖੇਡ ਦੇ ਓਲੰਪੀਅਨ ਭਰਾ ਗੁਰਬਖਸ਼ ਸਿੰਘ ਤੇ ਬਲਬੀਰ ਸਿੰਘ (ਰੇਲਵੇ) ਰਹਿੰਦੇ ਰਹੇ। ਮਹਿੰਦਰ ਸਿੰਘ ਭਾਗਪੁਰ, ਕੈਪਟਨ ਜਗਦੀਸ਼ ਸਿੰਘ, ਦੇਵੀ ਦਿਆਲ ਸਾਬਕਾ ਜਿ਼ਲ੍ਹਾ ਸਪੋਰਟਸ ਅਫਸਰ ਲੁਧਿਆਣਾ, ਜ਼ੋਰਾ ਸਿੰਘ, ਬਲਬੀਰ ਸਿੰਘ, ਮਾਨ ਸਿੰਘ ਗਿੱਲ, ਜੁਗਰਾਜ ਸਿੰਘ ਢਿਲੋਂ, ਤਾਰਾ ਸਿੰਘ ਘਣਗਸ, ਨਿੰਦੂ ਸਾਹਾਬਾਣਾ, ਜੱਟ ਲਾਟੋਂ ਤੇ ਹੋਰ ਬਹੁਤ ਸਾਰੇ ਖਿਡਾਰੀ ਸਾਡੇ ਇਲਾਕੇ ਦੇ ਜੰਮਪਲ ਹਨ।
ਪੰਜਾਹ ਕੁ ਸਾਲ ਪਹਿਲਾਂ ਅਵਤਾਰ ਸਿੰਘ, ਪ੍ਰਦੀਪ ਵੈਦ, ਕ੍ਰਿਸ਼ਨਪਾਲ ਸੰਧੂ, ਪਿੰਦਾ ਪੰਚ ਅਤੇ ਤੋਚੀ ਹੋਰਾਂ ਵੱਲੋਂ ਜਿ਼ਲ੍ਹਾ ਲੁਧਿਆਣੇ ਦੇ ਪ੍ਰਸਿੱਧ ਨਗਰ ਸਾਹਨੇਵਾਲ ਵਿਚ ਸਾਹਨੇਵਾਲ ਦਾ ਖੇਡ ਮੇਲਾ, ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਮਗਰੋਂ ਪੰਚਾਇਤੀ ਰਾਜ ਸਪੋਰਟਸ ਕਲੱਬ ਸਾਹਨੇਵਾਲ ਦੇ ਨਾਂ ਹੇਠ ਰਜਿਸਟਰਡ ਕਰਵਾਇਆ ਗਿਆ। ਇਸੇ ਇਲਾਕੇ ਦੇ ਪਿੰਡ ਕੋਟ ਗੰਗੂ ਰਾਏ ਦਾ ਖੇਡ ਮੇਲਾ 1947 ਤੋਂ ਬਾਬਾ ਨਾਗ ਬਾਬਾ ਭਾਗ ਦੀ ਯਾਦ ਵਿਚ ਹਰ ਸਾਲ ਲਗਾਤਾਰ ਕਰਵਾਇਆ ਜਾ ਰਿਹਾ ਹੈ। ਪਹਿਲਾਂ ਬਾਬਾ ਨਾਗ ਬਾਬਾ ਭਾਗ ਦੀ ਯਾਦ ਵਿਚ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਸਨ ਪਰ ਜਦੋਂ ਹੈਡਮਾਸਟਰ ਹਰਭਗਤ ਸਿੰਘ, ਸਰਪੰਚ ਅਮਰ ਸਿੰਘ ਅਤੇ ਗਿਆਨੀ ਸਰਵਣ ਸਿੰਘ ਵੱਲੋਂ ਅਜੋਕੇ ਖੇਡ ਮੇਲੇ ਦੀ ਸ਼ੁਰੂਆਤ ਫੁੱਟਬਾਲ ਮੁਕਾਬਲੇ ਕਰਵਾ ਕੇ ਕੀਤੀ ਗਈ ਤਾਂ ਇਸ ਦੇ ਨਾਲ ਹੀ ਕਬੱਡੀ ਅਤੇ ਹੋਰ ਖੇਡ ਮੁਕਾਬਲੇ ਵੀ ਸ਼ੁਰੂ ਕਰ ਦਿੱਤੇ ਗਏ। ਕਲੱਬ ਦੇ ਪਹਿਲੇ ਪ੍ਰਧਾਨ ਗੁਰਮੁਖ ਸਿੰਘ ਬਣੇ। ਉਹ ਮਾਸਟਰ ਮੇਵਾ ਸਿੰਘ, ਮਿਹਰ ਸਿੰਘ ਤੇ ਚਰਨਜੀਤ ਸਿੰਘ ਹੋਰਾਂ ਨੂੰ ਨਾਲ ਲੈ ਕੇ ਬੁਲੰਦੀਆਂ ਵੱਲ ਵਧੇ। ਪਿੰਡ ਦੀ ਪਹਿਲੀ ਕਬੱਡੀ ਟੀਮ ਦੇ ਕੈਪਟਨ ਮਲਕੀਤ ਸਿੰਘ ਸਰਪੰਚ ਸਨ। ਉਨ੍ਹਾਂ ਨਾਲ ਨੈਬ ਸਿੰਘ, ਅਜਾਇਬ ਬਤੀਆ, ਰੌਣਕੀ, ਬਚਨਾ ਆਦਿ ਖਿਲਾੜੀ ਸਨ।ਪਿੰਡ ਦੇ ਮਾਘੀ ਰਾਮ ਕੋਚ ਨੇ ਨੌਜੁਆਨਾਂ ਦੀ ਅਗਵਾਈ ਕੀਤੀ ਜਿਸ ਦੇ ਸਿੱਟੇ ਵਜੋਂ ਗੁਰਮੀਤ ਸਿੰਘ ਘੋੜਾ, ਸਵਰਨ ਚੀਮਾ, ਹਨੀ, ਗੁਰਮੇਲ ਸਿੰਘ ਤੇ ਪਿਆਰੇ ਲਾਲ ਵਧੀਆ ਖਿਡਾਰੀਆਂ ਵਜੋਂ ਉਭਰੇ। ਪਿੰਡ ਦੇ ਵਲਾਇਤੀ ਰਾਮ ਠੇਕੇਦਾਰ ਵੱਲੋਂ ਹਰ ਸਾਲ ਚਲਦੀਆਂ ਖੇਡਾਂ ਦੌਰਾਨ ਖਿਡਾਰੀਆਂ ਨੂੰ ਨਕਦ ਇਨਾਮ ਦਿੱਤੇ ਜਾਣ ਲੱਗੇ।
1991 ਵਿਚ ਸਰਦਾਰ ਨਾਜ਼ਰ ਸਿੰਘ ਕੂੰਨਰ ਯੂਐੱਸਏ ਅਤੇ ਮੇਜਰ ਸਿੰਘ ਕੂੰਨਰ ਯੂਐੱਸਏ ਨੇ ਆਪਣੇ ਪਿਤਾ ਗੁਰਦਿਆਲ ਸਿੰਘ ਦੀ ਯਾਦ ਵਿਚ ਪਿੰਡ `ਚ ਗੁਰਦਿਆਲ ਸਿੰਘ ਸਟੇਡੀਅਮ ਬਣਾਇਆ। ਜਸਮੇਲ ਸਿੰਘ ਮੇਲੀ ਅਮਰੀਕਾ 1991 ਤੋਂ 1996 ਤੱਕ ਅਤੇ ਉਨ੍ਹਾਂ ਤੋਂ ਪਿਛੋਂ ਦਰਸ਼ਨ ਸਿੰਘ ਕੈਨੇਡਾ ਕਈ ਸਾਲ ਕਲੱਬ ਦੇ ਪ੍ਰਧਾਨ ਰਹੇ। ਉਨ੍ਹਾਂ ਤੋਂ ਪਿਛੋਂ ਜਤਿੰਦਰ ਸਿੰਘ ਜੱਜ ਨੇ ਕਲੱਬ ਦੀ ਅਗਵਾਈ ਕੀਤੀ।ਕਲੱਬ ਨੂੰ ਮਜ਼ਬੂਤ ਕਰਨ ਲਈ ਅਮਰੀਕਾ ਵਿਚ ਖੇਤੀਬਾੜੀ ਕਮਿਸ਼ਨ ਦੇ ਚੇਅਰਮੈਨ ਨਾਜ਼ਰ ਸਿੰਘ ਕੂੰਨਰ ਦੇ ਪਰਿਵਾਰ ਵੱਲੋਂ ਖੇਡਾਂ ਲਈ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
ਪਿੰਡ ਦਾ ਕਬੱਡੀ ਖਿਡਾਰੀ ਅੰਗਰੇਜ਼ ਸਿੰਘ ਗੇਜ਼ਾ 32 ਕਿੱਲੋ ਵਜ਼ਨੀ ਟੀਮ ਵਿਚ ਖੇਡਣਾ ਸ਼ੁਰੂ ਕਰ ਕੇ ਆਲ ਓਪਨ ਤੱਕ ਖੇਲ੍ਹਿਆ। ਕੈਨੇਡਾ ਵੱਸਦੇ ਰਾਜਿੰਦਰ ਸਿੰਘ 2004 ਤੋਂ 2009 ਤੱਕ ਕਲੱਬ ਦੇ ਪ੍ਰਧਾਨ ਬਣੇ ਅਤੇ ਖੇਡਾਂ, ਸਟੇਡੀਅਮ ਤੇ ਸਕੂਲ ਦੇ ਵਿਕਾਸ ਲਈ ਵੱਡਾ ਯੋਗਦਾਨ ਪਾਇਆ। ਫਿਰ ਅਵਤਾਰ ਸਿੰਘ ਮਠਾੜੂ ਤੇ ਜਗਦੀਸ਼ ਸਿੰਘ ਪ੍ਰਧਾਨ ਰਹੇ। ਪਿੰਡ ਦੀਆਂ 73ਵੀਆਂ ਸਲਾਨਾ ਖੇਡਾਂ ਵੇਲੇ ਐੱਨਆਰਆਈ ਖੇਡ ਕਮੇਟੀ ਬਣੀ ਜੋ ਅੱਜ ਤੱਕ ਕਾਇਮ ਹੈ। ਕਮੇਟੀ ਦੇ ਪ੍ਰਧਾਨ ਜਸਮੇਲ ਸਿੰਘ ਮੇਲੀ ਯੂਐੱਸਏ, ਸਾਬੀ ਕੈਨੇਡਾ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਆਸਟਰੇਲੀਆ ਖਜ਼ਾਨਚੀ, ਰਾਜੂ ਇਟਲੀ ਸਹਾਇਕ ਖਜ਼ਾਨਚੀ, ਰਾਜਾ ਸਵੈਚ ਸੈਕਟਰੀ, ਲਖਬੀਰ ਸਿੰਘ ਯੂਐੱਸਏ ਸਹਾਇਕ ਸੈਕਟਰੀ, ਭਿੰਦਰ ਆਸਟਰੇਲੀਆ ਤੇ ਰਾਜਵੰਤ ਯੂਕੇ ਮੈਂਬਰ ਹਨ। ਪਿੰਡ ਦੇ ਮੇਵਾ ਸਿੰਘ ਜੇਈ ਸਭ ਤੋਂ ਵੱਧ ਸਮਾਂ ਕਲੱਬ ਦੇ ਸੈੇਕਟਰੀ ਰਹੇ ਜਿਹੜੇ ਕਿ ਹਰ ਵੇਲੇ ਖੇਡ ਕਮੇਟੀ ਨੂੰ ਸਹਿਯੋਗ ਦਿੰਦੇ ਰਹਿੰਦੇ ਹਨ। ਕੋਟ ਗੰਗੂ ਰਾਏ ਦੇ ਅੰਤਰਰਾਸ਼ਟਰੀ ਖਿਡਾਰੀ ਸੋਨੂੰ ਤੇ ਪਿੰਦਰੀ ਇਟਲੀ, ਕਈ ਵਾਰ ਟ੍ਰੈਕਟਰ ਅਤੇ ਮੋਟਰ ਸਾਈਕਲਾਂ ਦੇ ਇਨਾਮ ਜਿੱਤ ਚੁੱਕੇ ਹਨ। 1990ਵਿਆਂ ਵਿਚ ਕੋਟ ਗੰਗੂ ਰਾਏ ਜਦੋਂ ਹਰਜੀਤ ਬਰਾੜ ਕਬੱਡੀ ਖੇਲ੍ਹਣ ਆਇਆ ਸੀ ਤਾਂ ਉਨ੍ਹਾਂ ਸਮਿਆਂ ਵਿਚ ਉਸ ਦੀ ਰੇਡ `ਤੇ 4500 ਰੁਪਏ ਲੱਗੇ ਸੀ।ਬਿੱਟੂ ਯੂਐੱਸਏ, ਸਾਬੀ ਕੈਨੇਡਾ, ਲੱਖੀ, ਮਨਪ੍ਰੀਤ, ਰਾਜੂ, ਨੀਟਾ, ਸੀਰਾ, ਸਾਰੇ ਵਧੀਆ ਖਿਡਾਰੀ ਰਹਿ ਚੁੱਕੇ ਹਨ। ਮੇਜਰ ਸਿੰਘ ਕੂੰਨਰ, ਸਾਬੀ ਤੇ ਨੀਟਾ ਹਰ ਸਾਲ ਵਿਦੇਸ਼ਾਂ ਵਿਚੋਂ ਆਪਣੇ ਪਿੰਡ ਦੀਆਂ ਖੇਡਾਂ ਵਿਚ ਸ਼ਾਮਲ ਹੋਣ ਲਈ ਆਉਂਦੇ ਰਹਿੰਦੇ ਹਨ।
ਕੋਟਗੰਗੂ ਰਾਏ ਦੇ ਹਰਮਿੰਦਰ ਸਿੰਘ ਵੱਲੋਂ ਆਪਣੇ ਪਿਤਾ ਬਲਬੀਰ ਸਿੰਘ ਦੀ ਯਾਦ ਵਿਚ ਸ਼ੁਰੂ ਕੀਤਾ। ਓਪਨ ਕਬੱਡੀ ਟੂਰਨਾਮੈਂਟ `ਚੋਂ ਜੇਤੂ ਟੀਮ ਨੂੰ ਦਿੱਤਾ ਜਾਣ ਵਾਲਾ ਸ਼ਾਨਦਾਰ ਕੱਪ ਅਤੇ 51 ਹਜ਼ਾਰ ਰੁਪਏ ਦਾ ਨਕਦ ਇਨਾਮ ਪਹਿਲੀ ਵਾਰ ਪਿੰਡ ਚਕਰ ਦੀ ਟੀਮ ਵੱਲੋਂ ਜਿੱਤਿਆ ਗਿਆ ਸੀ। ਚਕਰ ਦੀ ਟੀਮ ਨਾਭੇ ਦੀਆਂ ਖੇਡਾਂ ਦਾ ਕੱਪ ਵੀ ਲਗਾਤਾਰ ਤਿੰਨ ਸਾਲ ਜਿੱਤੀ ਸੀ। ਅਗਲੀ ਵਾਰ ਇਹ ਕੱਪ ਉਟਾਲਾਂ ਦੀ ਕਬੱਡੀ ਟੀਮ ਨੇ ਜਿੱਤਿਆ। 1984 ਵਿਚ ਕੋਟ ਗੰਗੂ ਰਾਏ ਦੀ ਕਬੱਡੀ ਟੀਮ ਨੇ ਬੇਟ ਦੀਆਂ ਕਹਿੰਦੀਆਂ ਕਹਾਉਂਦੀਆਂ ਕਬੱਡੀ ਟੀਮਾਂ ਦਾ ਚੈਲੇਂਜ ਕਬੂਲ ਕੇ ਮੱਤੇਵਾੜੇ ਹੋਏ ਮੁਕਾਬਲਿਆਂ ਵਿਚੋਂ ਵੱਡੀ ਜਿੱਤ ਪ੍ਰਾਪਤ ਕੀਤੀ। ਇਸੇ ਤਰਾਂ੍ਹ ਭਦੌੜ ਦੀਆਂ ਖੇਡਾਂ ਵਿਚੋਂ ਕੋਟ ਗੰਗੂ ਰਾਏ ਦੀ ਪਿੰਡ ਕਲੱਬ 12000 ਹਜ਼ਾਰ ਦਾ ਨਕਦ ਇਨਾਮ ਅਤੇ ਸੁਨਹਿਰੀ ਕੱਪ ਜਿੱਤ ਕੇ ਲਿਆਈ। ਪਿੰਡ ਦੀਆਂ ਬੈਲ ਗੱਡੀਆਂ ਨੇ ਪੰਜਾਬ ਭਰ `ਚ ਵਿਚ ਧੂੜਾਂ ਪੁੱਟ ਕੇ ਮੋਟਰ ਸਾਈਕਲਾਂ ਤੱਕ ਦੇ ਵੱਡੇ ਵੱਡੇ ਇਨਾਮ ਜਿੱਤੇ। ਬਾਬਾ ਨਾਗ ਬਾਬਾ ਭਾਗ ਮੇਲਾ ਕਮੇਟੀ ਦੇ ਮੁੱਖ ਸੇਵਾਦਾਰ ਲੱਖਾ ਸਿੰਘ ਨੰਬਰਦਾਰ, ਚਮਕੌਰ ਸਿੰਘ ਅਤੇ ਮਨਬੀਰ ਸਿੰਘ ਵੱਲੋਂ ਖੇਡ ਕਲੱਬ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਸੈਕਟਰੀ ਮੇਵਾ ਸਿੰਘ ਜੇਈ ਅਤੇ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਇਹ ਖੇਡ ਮੇਲਾ ਸ਼ੂਰੂ ਹੋਇਆ, ਉਦੋਂ ਤੋਂ ਹੀ ਲੰਗਰ ਦੀ ਸੇਵਾ ਅਮਰੀਕ ਸਿੰਘ-ਕਰਨੈਲ ਸਿੰਘ ਟਰੱਕਾਂ ਵਾਲਿਆਂ ਦੇ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ।ਬਾਬਾ ਨਾਗ ਬਾਬਾ ਭਾਗ ਦੀ ਯਾਦ ਵਿਚ ਕੋਟ ਗੰਗੂ ਰਾਏ ਦਾ ਖੇਡ ਮੇਲਾ ਜਿਹੜਾ ਕਦੇ ਕੌਲੀਆਂ, ਗਲਾਸਾਂ, ਬੁਨੈਣਾਂ ਤੇ ਤੌਲੀਆਂ ਦੇ ਇਨਾਮਾਂ ਨਾਲ ਸ਼ੁਰੂ ਹੋਇਆ ਸੀ, ਹੁਣ ਉਸ ਖੇਡ ਮੇਲੇ ਵਿਚ ਵੱਡੇ ਵੱਡੇ ਕੱਪ, ਲੱਖਾਂ ਦੇ ਨਕਦ ਇਨਾਮ, ਇਥੋਂ ਤਕ ਕਿ ਟ੍ਰੈਕਟਰ, ਕਾਰਾਂ, ਜੀਪਾਂ ਅਤੇ ਮੋਟਰ ਸਾਈਕਲਾਂ ਦੇ ਇਨਾਮ ਵੀ ਦਿੱਤੇ ਜਾਂਦੇ ਹਨ। ਰੱਬ ਕਰੇ! ਅਜਿਹੇ ਖੇਡ ਮੇਲੇ ਪੰਜਾਬ ਵਿਚ ਥਾਓਂ-ਥਾਈਂ ਲੱਗਦੇ ਰਹਿਣ ਤੇ ਜੁਆਨ ਖੇਡਾਂ ਖੇਡਦੇ ਜੁੱਸੇ ਤਕੜੇ ਬਣਾਈ ਰੱਖਣ। ਸਿਆਣਿਆਂ ਦਾ ਕਹਿਣਾ ਹੈ ਕਿ ਤਕੜੇ ਸਰੀਰਾਂ ਵਿਚ ਹੀ ਤਕੜੇ ਦਿਮਾਗਾਂ ਦਾ ਵਾਸ ਹੁੰਦਾ ਹੈ।
ਸੰਪਰਕ: principalsarwasingh@gmail.com