ਦਲਬੀਰ ਸਿੰਘ ਸੱਖੋਵਾਲੀਆ
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਤੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਦੇ ਨਾਮ ’ਤੇ 1619 ਦੇ ਆਸ-ਪਾਸ ਹਰਗੋਬਿੰਦਪੁਰ ਨਗਰ ਵਸਾਇਆ। ਇਸ ਨਗਰ ਵਿੱਚ ਜਨਮੀਆਂ ਨਾਮਵਰ ਹਸਤੀਆਂ ਨੇ ਮੌਜੂਦਾ ਸ੍ਰੀਹਰਗੋਬਿੰਦਪੁਰ ਦਾ ਨਾਮ ਰੌਸ਼ਨ ਕੀਤਾ। ਇਸ ਧਰਤੀ ’ਤੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਅਤੇ ਫੂਲਾ ਦੇਵੀ ਪੈਦਾ ਹੋਏ। ਸੋਭਾ ਸਿੰਘ ਦਾ ਬਣਾਇਆ ਮਹਾਰਾਜਾ ਰਣਜੀਤ ਸਿੰਘ ਦਾ ਚਿੱਤਰ ਸਾਲ 2011 ’ਚ ਨਿਊਯਾਰਕ ਵਿੱਚ ਇੱਕ ਕਰੋੜ ਰੁਪਏ ਦਾ ਵਿਕਣ ਨਾਲ ਇੱਕ ਵਾਰ ਫਿਰ ਸੋਭਾ ਸਿੰਘ ਦਾ ਨਾਂ ਚਰਚਾ ਵਿੱਚ ਆਇਆ ਸੀ। ਦੁਖਦਾਈ ਪਹਿਲੂ ਇਹ ਹੈ ਕਿ ਸ੍ਰੀਹਰਗੋਬਿੰਦਪੁਰ ਦੇ ਬਾਸ਼ਿੰਦਿਆਂ ਨੇ ਇਸ ਮਹਾਨ ਚਿੱਤਰਕਾਰ ਤੇ ਹੋਰ ਸ਼ਖ਼ਸੀਅਤਾਂ ਨੂੰ ਮਨੋਂ ਵਿਸਾਰ ਦਿੱਤਾ ਹੈ। ਸ੍ਰੀਹਰਗੋਬਿੰਦਪੁਰ ’ਚ ਸੋਭਾ ਸਿੰਘ ਦੇ ਜਨਮ ਸਥਾਨ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ। ਇਸ ਦੇ ਨਾਲ ਹੀ ਉਸ ਦੀ ਯਾਦ ’ਚ ਬਣੀ ਆਰਟ ਗੈਲਰੀ ਵੀ ਹੁਣ ਡੀਐੱਸਪੀ ਦਾ ਦਫ਼ਤਰ ਬਣ ਗਈ ਹੈ। ਚਿੱਤਰਕਾਰ ਸੋਭਾ ਸਿੰਘ ਦੇ ਘਰ ਦੀ ਰਖਵਾਲੀ ਕਰਨੀ ਤਾਂ ਦੂਰ ਰਹੀ ਸਗੋਂ ਘਰ ਨੂੰ ਢਾਹ ਕੇ ਪੂਰੀ ਤਰ੍ਹਾਂ ਖੁਰਾ ਖੋਜ ਮਿਟਾ ਦਿੱਤਾ ਗਿਆ ਹੈ। ਵੱਖ-ਵੱਖ ਮੁਹੱਲਿਆਂ ਵਿੱਚ ਦੋ ਦਰਜਨ ਤੋਂ ਵੱਧ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਇਸ ਪ੍ਰਸਿੱਧ ਚਿੱਤਰਕਾਰ ਦੇ ਘਰ ਬਾਰੇ ਪੁੱਛਣ ’ਤੇ ਸਭ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ। ਹੁਣ ਤੱਕ ਕਿਸੇ ਸਿਆਸੀ ਧਿਰ, ਨਗਰਪਾਲਿਕਾ, ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਧਾਰਮਿਕ ਜਾਂ ਸਮਾਜ ਸੇਵੀ ਸੰਸਥਾ ਨੇ ਇਸ ਘਰ ਨੂੰ ਬਚਾਉਣ ਲਈ ਕਦੇ ਹੰਭਲਾ ਨਹੀਂ ਮਾਰਿਆ। ਕਹਾਵਤ ‘ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ’ ਇਸ ਹਾਲਤ ’ਤੇ ਪੂਰੀ ਢੁੱਕਦੀ ਹੈ।
ਸੋਭਾ ਸਿੰਘ ਨੇ ਕਲਾਤਮਿਕ ਚਿੱਤਰ ਬਣਾ ਕੇ ਦੇਸ਼ ਵਿਦੇਸ਼ ’ਚ ਵੱਸਦੇ ਲੋਕਾਂ ਦਾ ਧਿਆਨ ਖਿੱਚਿਆ ਸੀ। ਅਤਿ ਪਛੜੇ ਇਲਾਕੇ ਅਤੇ ਇਤਿਹਾਸਕ ਨਗਰ ਸ੍ਰੀਹਰਗੋਬਿੰਦਪੁਰ ’ਚ 29 ਨਵੰਬਰ 1901 ਨੂੰ ਜਨਮੇ ਸੋਭਾ ਸਿੰਘ ਨੇ ਦਰਜਨਾਂ ਚਿੱਤਰ ਬਣਾਏ। ਚਿੱਤਰਕਾਰ ਸੋਭਾ ਸਿੰਘ ਦੀ ਯਾਦ ’ਚ ਆਰਟ ਗੈਲਰੀ ਬਣਾਈ ਗਈ ਜਿਸ ਦਾ ਨੀਂਹ ਪੱਥਰ ਤਤਕਾਲੀ ਡਿਪਟੀ ਕਮਿਸ਼ਨਰ ਜੀਵਤੇਸ਼ ਸਿੰਘ ਮੈਨੀ ਨੇ 31 ਮਾਰਚ 1985 ਨੂੰ ਰੱਖਿਆ ਜਦੋਂਕਿ 26 ਸਤੰਬਰ 1986 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਇਸ ਦਾ ਉਦਘਾਟਨ ਕੀਤਾ। ਗੈਲਰੀ ’ਚ ਸੋਭਾ ਸਿੰਘ ਦੇ ਬਣਾਏ ਦਿਲ ਦੀਆਂ ਗਹਿਰਾਈਆਂ ਨੂੰ ਛੂਹ ਜਾਣ ਵਾਲੇ ਚਿੱਤਰ ਲਗਾਏ ਗਏ ਸਨ। ਲਗਭਗ ਡੇਢ-ਦੋ ਸਾਲ ਹੀ ਚਿੱਤਰਾਂ ਨੂੰ ਗੈਲਰੀ ਵਿੱਚ ਰਹਿਣਾ ਨਸੀਬ ਹੋਇਆ। ਅਤਿਵਾਦ ਦੇ ਦੌਰ ਦਾ ਪਰਛਾਵਾਂ ਇਸ ਗੈਲਰੀ ’ਤੇ ਵੀ ਪਿਆ। ਸਿੱਟੇ ਵਜੋਂ ਸੀਆਰਪੀਐਫ ਦੀ ਇੱਕ ਟੁਕੜੀ ਇੱਥੇ ਰਹਿਣ ਲੱਗੀ। ਉਸ ਸਮੇਂ ਕੰਧਾਂ, ਦਰਵਾਜ਼ਿਆਂ ਅਤੇ ਖਿੜਕੀਆਂ ਦੇ ਨਾਲ ਨਾਲ ਕੁਝ ਚਿੱਤਰ ਵੀ ਨੁਕਸਾਨੇ ਗਏ। ਪੰਜਾਬ ਵਿੱਚ ਸ਼ਾਂਤੀ ਬਹਾਲ ਹੋਣ ਨਾਲ ਸੀਆਰਪੀਐਫ ਦੇ ਚਲੇ ਜਾਣ ਤੋਂ ਬਾਅਦ ਮਾਲ ਵਿਭਾਗ ਨੂੰ ਹੋਰ ਕਿਧਰੇ ਜਗ੍ਹਾ ਨਾ ਮਿਲੀ ਤਾਂ ਇਸ ਗੈਲਰੀ ’ਚ ਪਟਵਾਰਖਾਨਾ ਬਣਾ ਲਿਆ ਗਿਆ। ਸਿੱਟੇ ਵਜੋਂ ਚਿੱਤਰਾਂ ਦੀ ਜਗ੍ਹਾ ਪਟਵਾਰੀਆਂ ਦੇ ਦਸਤਾਵੇਜ਼ਾਂ ਨੇ ਮੱਲ ਲਈ। ਉਸ ਸਮੇਂ ਕਹਿਣ ਨੂੰ ਤਾਂ ਆਰਟ ਗੈਲਰੀ ਸੀ, ਪਰ ਪਟਵਾਰਖਾਨੇ ਵਜੋਂ ਵਰਤੋਂ ਵਿੱਚ ਲਿਆਂਦੇ ਜਾਣ ਦੌਰਾਨ ਜਗ੍ਹਾ-ਜਗ੍ਹਾ ਕੁੂੜਾ ਕੜਕਟ ਅਤੇ ਹੋਰ ਅਣਚਾਹਿਆ ਸਾਮਾਨ ਅਕਸਰ ਦੇਖਣ ਨੂੰ ਮਿਲਦਾ। ਇਸੇ ਦੌਰਾਨ ਇਮਾਰਤ ’ਚ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਕੰਧਾਂ ਖ਼ਰਾਬ ਹੋ ਗਈਆਂ ਸਨ। ਸਿੱਟੇ ਵਜੋਂ ਕੰਧਾਂ ’ਤੇ ਕੋਈ ਚਿੱਤਰ ਰਹਿਣ ਨਾ ਦਿੱਤਾ ਗਿਆ। ਇਸ ਖੋਹਾ-ਖਿੰਝੀ ਦਾ ਲੋਕਾਂ ਨੇ ਭਰਪੂਰ ਫ਼ਾਇਦਾ ਉਠਾਇਆ। ਉਂਜ, ਇੱਥੋਂ ਚੋਰੀ ਹੋਈਆਂ ਤਸਵੀਰਾਂ ਦਾ ਮਾਮਲਾ ਨੇੜਲੇ ਥਾਣਾ ਸ੍ਰੀਹਰਗੋਬਿੰਦਪੁਰ ’ਚ ਦਰਜ ਹੈ। 1993 ਵਿੱਚ ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਬਣਾਈ ਗਈ। ਕਸਟਮ ਐਂਡ ਸੈਂਟਰਲ ਐਕਸਾਈਜ਼ ਵਿਭਾਗ ਦੇ ਵਧੀਕ ਕਮਿਸ਼ਨਰ ਅਤੇ ਭੰਗੜਾ ਕਲਾਕਾਰ ਹਰਜੀਤ ਸਿੰਘ ਬੇਦੀ, ਸ਼ਾਇਰ ਗੁਰਭਜਨ ਗਿੱਲ, ਤੇਜਿੰਦਰ ਸਿੰਘ ਪਨੂੰ ਵੱਲੋਂ ਸੰਸਥਾ ਬਣਾਉਣ ਦਾ ਮਨੋਰਥ ਮਰਹੂਮ ਸੋਭਾ ਸਿੰਘ ਦੀਆਂ ਕਲਾਕ੍ਰਿਤਾਂ ਦੀ ਸਾਂਭ ਸੰਭਾਲ ਅਤੇ ਨਵੀਂ ਪੀੜ੍ਹੀ ’ਚ ਕਲਾਤਮਿਕ ਰੁਚੀਆਂ ਪੈਦਾ ਕਰਨਾ ਸੀ। ਹਰ ਸਾਲ ਸਭਿਆਚਾਰਕ ਮੇਲੇ ਵਿੱਚ ਸਕੂਲੀ ਵਿਦਿਆਰਥੀਆਂ ਤੋਂ ਬਿਆਸ ਦਰਿਆ ਕਿਨਾਰੇ ਰੇਤੇ ’ਤੇ ਚਿੱਤਰ ਬਣਾਉਣ ਦੇ ਮੁਕਾਬਲੇ ਕਰਵਾਏ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਉਦੋਂ ਆਰਟ ਗੈਲਰੀ ਦੀ ਹਾਲਤ ਵਿੱਚ ਸੁਧਾਰ ਆਇਆ ਅਤੇ ਚਿੱਤਰ ਵੀ ਲੱਗੇ। ਇਸੇ ਦੌਰ ’ਚ ਪ੍ਰਸਿੱਧ ਚਿੱਤਰਕਾਰ ਫੂਲਾ ਦੇਵੀ ਸਮੇਤ ਹੋਰ ਨਾਮਵਰ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਪਰ ਸੰਸਥਾ ਦੇ ਸਰਪ੍ਰਸਤ ਹਰਜੀਤ ਸਿੰਘ ਬੇਦੀ ਦੇ ਜਹਾਨੋਂ ਰੁਖ਼ਸਤ ਹੋਣ ਮਗਰੋਂ ਕਿਸੇ ਨੇ ਵੀ ਸੱਭਿਆਚਾਰਕ ਮੇਲਾ ਕਰਵਾਉਣ ਦੀ ਹਿੰਮਤ ਨਹੀਂ ਕੀਤੀ।
ਇਸ ਕਾਰਨ ਆਰਟ ਗੈਲਰੀ ਫਿਰ ਨਿਘਾਰ ਵੱਲ ਤੁਰ ਪਈ। ਸਿੱਟੇ ਵਜੋਂ ਦਰਵਾਜ਼ੇ, ਖਿੜਕੀਆਂ ਤੇ ਹੋਰ ਸਾਮਾਨ ਸਿਉਂਕ ਦੀ ਭੇਂਟ ਚੜ੍ਹ ਗਿਆ। ਉਸ ਸਮੇਂ ਨੇੜੇ ਹੀ ਚਾਹ ਦਾ ਖੋਖਾ ਖੁੱਲ੍ਹਣ ’ਤੇ ਧੂੰਆਂ ਲੱਗਣ ਨਾਲ ਗੈਲਰੀ ਦੀ ਬਦਸੂਰਤੀ ’ਚ ਵਾਧਾ ਹੋ ਗਿਆ। ਲੰਘੀ ਅੱਠ ਅਗਸਤ ਮੌਕੇ ਗੈਲਰੀ ਨੂੰ ਡੀ.ਐੱਸ.ਪੀ. ਦਾ ਦਫ਼ਤਰ ਬਣਾ ਦਿੱਤਾ ਗਿਆ ਹੈ ਜਿਸ ਦਾ ਉਦਘਾਟਨ ਬਟਾਲਾ ਦੇ ਐੱਸ.ਐੱਸ.ਪੀ. ਨੇ ਕੀਤਾ ਹੈ। ਇਸ ’ਤੇ ਪੁਲੀਸ ਨੇ ਬਾਕਾਇਦਾ ਸ਼ਿਲਾਪੱਥਰ ਲਗਾਇਆ ਹੈ। ਲੇਖਕ ਗੁਰਭਜਨ ਗਿੱਲ ਨੇ ਦੱਸਿਆ ਕਿ ਬਟਾਲਾ ਦਾ ਐੱਸ.ਐੱਸ.ਪੀ. ਰਛਪਾਲ ਸਿੰਘ ਤਾਂ ਖ਼ੁਦ ਕਲਾ ਪ੍ਰੇਮੀ ਹੈ ਅਤੇ ਉਹ ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਸ੍ਰੀਹਰਗੋਬਿੰਦਪੁਰ ਦਾ ਸੀਨੀਅਰ ਮੀਤ ਪ੍ਰਧਾਨ ਵੀ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਆਰਟ ਗੈਲਰੀ ਦੀ ਸਾਂਭ ਸੰਭਾਲ ਜ਼ਿਲ੍ਹਾ ਪ੍ਰੀਸ਼ਦ ਕਰਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਸ਼ਵ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦੀ ਯਾਦ ’ਚ ਬਣੀ ਇਹ ਆਰਟ ਗੈਲਰੀ ਬਰਕਰਾਰ ਰਹਿਣੀ ਚਾਹੀਦੀ ਹੈ। ਗ਼ੌਰਤਲਬ ਹੈ ਕਿ ਸੋਭਾ ਸਿੰਘ ਦੀ ਯਾਦ ਵਿੱਚ ਟਿਕਟ ਜਾਰੀ ਕਰਨ ਲਈ 2000 ’ਚ ਇੱਕ ਵਫ਼ਦ ਤਤਕਾਲੀ ਕੇਂਦਰੀ ਸੰਚਾਰ ਮੰਤਰੀ ਮਰਹੂਮ ਰਾਮ ਵਿਲਾਸ ਪਾਸਵਾਨ ਨੂੰ ਮਿਲਿਆ ਅਤੇ ਅਗਲੇ ਵਰ੍ਹੇ ਕੇਂਦਰ ਸਰਕਾਰ ਨੇ ਡਾਕ ਟਿਕਟ ਜਾਰੀ ਕੀਤੀ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਇੰਨੀਆਂ ਪ੍ਰਾਪਤੀਆਂ ਦੇ ਬਾਵਜੂਦ ਵੱਖ ਵੱਖ ਰਾਜਸੀ ਧਿਰਾਂ, ਸਮਾਜ ਸੇਵੀ, ਸਭਿਆਚਾਰਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਗੁਰੂ ਸਾਹਿਬਾਨ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਦੇ ਚਿੱਤਰ ਬਣਾਉਣ ਵਾਲੇ ਇਸ ਚਿੱਤਰਕਾਰ ਦੀ ਆਰਟ ਗੈਲਰੀ ਨੂੰ ਬਚਾਉਣ ਲਈ ਕਦੇ ਅੱਗੇ ਨਹੀਂ ਆਏ। ਮਰਹੂਮ ਚਿੱਤਰਕਾਰ ਸੋਭਾ ਸਿੰਘ ਦੇ ਕਰੀਬੀਆਂ ’ਚ ਸ਼ਾਮਲ ਫੋਟੋਗ੍ਰਾਫਰ ਹਰਭਜਨ ਬਾਜਵਾ ਨੇ ਆਪਣੇ ਸੁਭਾਅ ਅਨੁਸਾਰ ਆਖਿਆ, ‘‘ਇਸ ਆਰਟ ਗੈਲਰੀ ਨੇ ਕਿਹੜੀਆਂ ਵੋਟਾਂ ਦੇਣੀਆਂ ਨੇ ਜੋ ਇਸ ਵੱਲ ਸਿਆਸੀ ਤੇ ਹੋਰ ਲੋਕ ਧਿਆਨ ਦੇਣ! ਇੱਥੋਂ ਦੇ ਲੋਕਾਂ ਨੂੰ ਕਲਾ ਦੀ ਸਾਰ ਹੁੰਦੀ ਤਾਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦਾ ਘਰ ਅਤੇ ਆਰਟ ਗੈਲਰੀ ਦਾ ਅਜਿਹਾ ਹਸ਼ਰ ਕਦੇ ਨਾ ਹੁੰਦਾ।’’ ਚਿੱਤਰਾਂ ਨੂੰ ਫਿਰ ਲਗਾ ਕੇ ਡੀ.ਐੱਸ.ਪੀ. ਦਫ਼ਤਰ ਦੇ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਸੰਪਰਕ: 97794-79439