ਸੁਖਵੀਰ ਸਿੰਘ ਕੰਗ
ਕਦੇ ਸਮਾਂ ਸੀ ਕਿ ਜੰਗਾਂ, ਯੁੱਧਾਂ, ਅੰਦੋਲਨਾਂ, ਸੰਘਰਸ਼ਾਂ ਅਤੇ ਖਿੱਚੋਤਾਣਾਂ ਦੌਰਾਨ ਲੋਕਾਂ ਨੂੰ ਸੰਦੇਸ਼ ਪਹੁੰਚਾਉਣ, ਲਾਮਬੰਦ ਕਰਨ ਅਤੇ ਪ੍ਰਚਾਰ ਲਈ ਕਾਫ਼ੀ ਮੁਸ਼ੱਕਤ ਲੱਗਦੀ ਸੀ। ਅੱਜ ਉਹ ਸਮਾਂ ਨਹੀਂ ਹੈ ਕਿ ਲੋਕਾਂ ਤੱਕ ਸਰੀਰਕ ਤੌਰ ’ਤੇ ਜਾਂ ਪੱਤਰਾਂ ਦੇ ਰੂਪ ਵਿੱਚ ਸੰਪਰਕ ਬਣਾਏ ਜਾਣ। ਹੁਣ ਤਾਂ ਲੋਕਾਂ, ਸਹਿਯੋਗੀਆਂ, ਦੇਸ਼ ਅਤੇ ਦੁਨੀਆਂ ਵਿੱਚ ਅਜਿਹੀਆਂ ਖਬਰਾਂ ਪਲਾਂ ਵਿੱਚ ਪਹੁੰਚ ਜਾਂਦੀਆਂ ਹਨ। ਖਬਰਾਂ, ਜਾਣਕਾਰੀਆਂ ਤੇ ਸੂਚਨਾਵਾਂ ਪਹਿਲਾਂ ਅਖ਼ਬਾਰਾਂ, ਕਦੇ ਰੇਡੀਓ ਅਤੇ ਫਿਰ ਟੈਲੀਵਿਜ਼ਨ ਰਹੀਂ ਤੇਜ਼ੀ ਨਾਲ ਪਹੁੰਚਦੀਆਂ ਸਨ। ਲੋਕ ਹੁਣ ਮੁਲੰਮਾ ਰਹਿਤ ਖਬਰਾਂ ਅਤੇ ਹੋਰ ਜਾਣਕਾਰੀਆਂ ਲਈ ਸੋਸ਼ਲ ਮੀਡੀਆ ਵੱਲ ਆਕਰਸ਼ਿਤ ਹੋ ਗਏ ਹਨ। ਇਸ ਵਿੱਚ ਫੇਸਬੁੱਕ, ਟਵਿੱਟਰ, ਵ੍ਹੱਟਸ ਐਪ, ਯੂ-ਟਿਊਬ ਪ੍ਰਮੁੱਖ ਹਨ। ਲੋਕ ਹੁਣ ਅਖ਼ਬਾਰਾਂ ਅਤੇ ਟੀਵੀ ਖ਼ਬਰ ਚੈਨਲਾਂ ਦੀਆਂ ਖ਼ਬਰਾਂ, ਜਾਣਕਾਰੀਆਂ ਅਤੇ ਸੂਚਨਾਵਾਂ ’ਤੇ ਨਿਰਭਰ ਨਹੀਂ ਰਹਿ ਸਕਦੇ ਬਲਕਿ ਅਜਿਹੇ ਕਈ ਮੁਹਾਜ਼ਾਂ ਨੂੰ ਫਰੋਲਣਾ ਪੈਦਾ ਹੈ, ਤਾਂ ਹੀ ਉਹ ਕੋਈ ਨਿਚੋੜ ਕੱਢ ਸਕਦੇ ਹਨ ਕਿ ਸੱਚਾਈ ਕੀ ਹੈ।
ਸੋਸ਼ਲ ਮੀਡੀਆ ਅਤੇ ਹੋਰ ਆਨਲਾਈਨ ਸਾਧਨਾਂ ਨੇ ਜਿੱਥੇ ਸ਼ੁੱਧ ਅਤੇ ਅਸਲ ਖਬਰਾਂ, ਜਾਣਕਾਰੀਆਂ, ਸੂਚਨਾਵਾਂ ਅਤੇ ਘਟਨਾਵਾਂ ਨੂੰ ਤੇਜ਼ੀ ਨਾਲ ਫੈਲਾਉਣ ਵਿੱਚ ਅਹਿਮ ਰੋਲ ਨਿਭਾਇਆ, ਉੱਥੇ ਇਨ੍ਹਾਂ ਉੱਪਰ ਕੋਈ ਰੋਕ-ਟੋਕ ਨਾ ਹੋਣ ਕਾਰਨ ਇਹ ਵੀ ਸਮਾਂ ਪਾ ਕੇ ਸ਼ਾਤਰ, ਸ਼ਰਾਰਤੀ, ਗੈਰਜ਼ਿੰਮੇਵਾਰ, ਲਾਲਚੀ ਅਤੇ ਵੱਖ ਵੱਖ ਆਈ ਟੀ ਸੈੱਲਾਂ ਦੇ ਧੱਕੇ ਵੀ ਚੜ੍ਹ ਗਏ ਪਰ ਫਿਰ ਵੀ ਇਹ ਮੁਹਾਜ਼ ਹਾਲ ਦੀ ਘੜੀ ਲੋਕਾਂ, ਸਰਕਾਰਾਂ ਅਤੇ ਹੋਰ ਦੁਨਿਆਵੀ ਸੰਸਥਾਵਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਸਾਧਨ ਭਾਵੇਂ ਕੱਚੀਆਂ-ਪੱਕੀਆਂ ਅਤੇ ਸੱਚੀਆਂ-ਝੂਠੀਆਂ ਜਾਣਕਾਰੀਆਂ ਨਾਲ ਵੀ ਲੱਦਿਆ ਪਿਆ ਹੈ ਪਰ ਫਿਰ ਵੀ ਕਿਸੇ ਅਹਿਮ ਸ਼ਖ਼ਸੀਅਤ ਦੀ ਪੋਸਟ, ਟਵੀਟ ਜਾਂ ਵੀਡੀਓ ਸਬੰਧਤ ਵਿਸ਼ੇ ਸਬੰਧੀ ਅਤੇ ਦੁਨਿਆਵੀ ਤੌਰ ’ਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਹੁਣ ਤਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਗਠਨ ਇਨ੍ਹਾਂ ਦੀ ਨਿੱਠ ਕੇ ਵਰਤੋਂ ਵੀ ਕਰਦੇ ਹਨ। ਸੋਸ਼ਲ ਅਤੇ ਦੂਸਰੇ ਮੀਡੀਆ ਦੀਆਂ ਨਿੱਜੀ ਪੋਸਟਾਂ ਸਰਕਾਰੀ ਤੇ ਅਦਾਲਤੀ ਕਾਰਵਾਈਆਂ ਦਾ ਅਧਾਰ ਅਤੇ ਕਾਰਨ ਵੀ ਬਣਨ ਲੱਗੀਆਂ ਹਨ।
ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵੀ ਸੋਸ਼ਲ ਅਤੇ ਹੋਰ ਆਨਲਾਈਨ ਮੀਡੀਆ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਪੰਜਾਬ ਦੇ ਕਿਸਾਨਾਂ ਦੇ ਦਿੱਲੀ ਵੱਲ ਕੀਤੇ ਕੂਚ ਵਿੱਚ ਪਾਈਆਂ ਸਰਕਾਰੀ ਰੁਕਾਵਟਾਂ ਅਤੇ ਕਿਸਾਨਾਂ ਦੇ ਇਨ੍ਹਾਂ ਨੂੰ ਪਾਰ ਕਰ ਜਾਣ ਦੀ ਜ਼ਮੀਨੀ ਤਸਵੀਰ ਨੂੰ ਪਲਾਂ ਵਿੱਚ ਦੇਸ਼ ਅਤੇ ਦੁਨੀਆਂ ਸਾਹਮਣੇ ਲਿਆਉਣ ਅਤੇ ਕਿਸਾਨ ਅੰਦੋਲਨ ਦੀਆਂ ਸਰਗਰਮੀਆਂ ਤੇ ਸਰਕਾਰ ਦੇ ਰਵੱਈਏ ਦਾ ਨਾਲੋ ਨਾਲ ਹਾਲ ਪੇਸ਼ ਕਰਨ ਸਦਕਾ ਸੋਸ਼ਲ ਮੀਡੀਆ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਅਤੇ ਸਬੰਧਤ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਦੇਸ਼ ਦੇ ਖ਼ਬਰ ਚੈਨਲਾਂ ਦਾ ਨਿਰੋਲ ਸਰਕਾਰੀ ਅਤੇ ਪੱਖਪਾਤੀ ਹੋ ਜਾਣਾ ਹੈ। ਲੋਕਾਂ ਨੂੰ ਅਸਲ ਖ਼ਬਰ, ਜ਼ਮੀਨੀ ਸੱਚਾਈ ਅਤੇ ਨਿਰਪੱਖ ਸੂਚਨਾ ਤੇ ਜਾਣਕਾਰੀ ਲਈ ਹੁਣ ਫੇਸਬੁੱਕ, ਵ੍ਹੱਟਸ ਐਪ, ਟਵਿੱਟਰ ਅਤੇ ਹੋਰ ਆਨਲਾਈਨ ਸਾਧਨਾਂ ਦੀ ਫੋਲਾਫਾਲੀ ਕਰਨੀ ਹੀ ਪੈਂਦੀ ਹੈ। ਇਸੇ ਕਰਕੇ ਕਿਸਾਨ ਅੰਦੋਲਨ ਨਾਲ ਕਿਸੇ ਵੀ ਕਿਸਮ ਦਾ ਸਰੋਕਾਰ ਰੱਖਣ ਵਾਲਾ ਹਰ ਵਿਅਕਤੀ ਆਪਣੇ ਵਿਚਾਰ, ਪ੍ਰਤੀ ਕਿਰਿਆ ਅਤੇ ਗਤੀਵਿਧੀ ਨੂੰ ਇਨ੍ਹਾਂ ਪਲੇਟਫਾਰਮਾਂ ਤੇ ਸਾਂਝਾ ਕਰਨਾ ਜ਼ਰੂਰੀ ਸਮਝਦਾ ਹੈ। ਇਸ ਤਰ੍ਹਾਂ ਇਹ ਸਾਰੇ ਪਲੇਟਫਾਰਮ ਪੇਸ਼ਕਾਰੀ ਅਤੇ ਆਲੋਚਨਾ ਦਾ ਪਿੜ ਬਣੇ ਹੋਏ ਹਨ। ਕਿਸਾਨ ਅੰਦੋਲਨ ’ਚ 26 ਜਨਵਰੀ ਦੇ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ਦੀ ਘਟਨਾ ਤੋਂ ਇੱਕਦਮ ਬਾਅਦ ਕੁੱਝ ਕਿਸਾਨ ਆਗੂਆਂ ਵੱਲੋਂ ਨੌਜਵਾਨਾਂ ਦੀ ਇਸ ਕਾਰਵਾਈ ਅਤੇ ਰੱਖਿਆ ਤੋਂ ਪੱਲਾ ਝਾੜ ਲੈਣ ਤੋਂ ਲੈ ਕੇ ਅੱਜ ਤੱਕ ਕਿਸਾਨ ਆਗੂਆਂ ਅਤੇ ਨਿਰਾਸ਼ ਨੌਜਵਾਨਾਂ ਵਿਚਕਾਰ ਸੋਸ਼ਲ ਮੀਡੀਆ ਉੱਪਰ ਪੋਸਟਾਂ ਅਤੇ ਟਿੱਪਣੀਆਂ ਦੀ ਜੰਗ ਜਾਰੀ ਹੈ। ਵਿਚਾਰ ਪੇਸ਼ ਕਰ ਦੇਣਾ ਤਾਂ ਠੀਕ ਹੈ ਪਰ ਪੋਸਟਾਂ ਅਤੇ ਟਿੱਪਣੀਆਂ ਦਾ ਕੁਰੱਖ਼ਤ ਤੇ ਅਸ਼ਲੀਲ ਹੋ ਕੇ ਹੱਦਾਂ ਪਾਰ ਕਰ ਜਾਣਾ ਨਿਰਾਸ਼ਾਜਨਕ ਹੈ।
ਇਨ੍ਹਾਂ ਸੋਸ਼ਲ ਸਾਈਟਾਂ ਅਤੇ ਹੋਰ ਆਨਲਾਈਨ ਸਾਧਨਾਂ ਉੱਪਰ ਪਿਛਲੇ ਕੁੱਝ ਸਮੇਂ ਤੋਂ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਅਤੇ ਕਿਸਾਨ ਮੋਰਚਿਆਂ ਦੀ ਸੱਤਾ ’ਤੇ ਕਾਬਜ਼ ਆਗੂਆਂ ਅਤੇ ਅੰਦੋਲਨ ਦੇ ਅੰਦਰੋਂ ਹੀ ਨੌਜਵਾਨ ਅਤੇ ਸਿੱਖ ਸਿਧਾਂਤ ਪੱਖੀ ਪੈਦਾ ਹੋਈ ਮੁਕਾਬਲੇ ਦੀ ਧਿਰ ਵਿਚਕਾਰ ਬਹੁਤ ਸਰਗਰਮ ਬਹਿਸ, ਟਿਪਣੀਬਾਜ਼ੀ ਅਤੇ ਦੂਸ਼ਣਬਾਜ਼ੀ ਛਿੜੀ ਹੋਈ ਹੈ। ਕਿਸਾਨ ਅੰਦੋਲਨ ਅੰਦਰ ਪੈਦਾ ਹੋਈ ਇਸ ਖਿੱਚੋਤਾਣ ਦਾ ਲਾਭ ਉਠਾਉਣ ਲਈ ਸਰਕਾਰ ਅਤੇ ਕਈ ਕਿਸਮ ਦੇ ਆਈਟੀ ਸੈੱਲ ਵੀ ਸੰਘਰਸ਼ ਨੂੰ ਦੋਫਾੜ ਕਰਨ ਲਈ ਪੂਰੇ ਤਾਣ ਨਾਲ ਡਟੇ ਹੋਏ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਅੰਦੋਲਨ ਨੂੰ ਲੀਹੋਂ ਲਾਹਿਆ ਜਾਵੇ। ਸਰਕਾਰ ਅਤੇ ਆਈਟੀ ਸੈੱਲ ਅਨੇਕਾਂ ਫੇਕ ਆਈਡੀਜ਼ ਬਣਾ ਕੇ ਇਸ ਮੁਹਾਜ਼ ’ਤੇ ਸਰਗਰਮ ਹਨ। ਕਿਸਾਨ ਆਗੂਆਂ ਨੇ ਨੌਜਵਾਨ ਚਿਹਰਿਆਂ ਦਾ ਪਿਛੋਕੜ ਕੀ ਫਰੋਲਿਆ ਕਿ ਲੋਕਾਂ ਨੇ ਕਿਸਾਨ ਆਗੂਆਂ ਦੇ ਪਿਛੋਕੜ ਦੇ ਦਾਗਾਂ ਨੂੰ ਉਛਾਲਣਾ ਸ਼ੁਰੂ ਕਰ ਦਿੱਤਾ। ਇੰਟਰਨੈੱਟ ਉੱਪਰ ਵਖਰੇਵੇਂ ਤੇ ਖਿੱਚੋਤਣ ਦੀ ਪੈਦਾ ਹੋਈ ਇਸ ਲਹਿਰ ਦਾ ਲਾਭ ਲੈਂਦਿਆਂ ਸਰਕਾਰ ਨੇ ਵੀ ਨੌਜਵਾਨਾਂ ਖਿਲਾਫ਼ ਦਮਨਕਾਰੀ ਮੁਹਿੰਮ ਅਰੰਭ ਦਿੱਤੀ ਪਰ ਅੰਦੋਲਨ ਦੀ ਵਿਸ਼ਵ ਪੱਧਰ ਤੱਕ ਬਣੀ ਪਛਾਣ ਕਾਰਨ ਇਹ ਬਹੁਤੀ ਸਫ਼ਲ ਨਹੀਂ ਹੋ ਸਕੀ ਪਰ ਤਸ਼ੱਦਦ ਦੇ ਸ਼ਿਕਾਰ ਲੋਕਾਂ, ਉਨ੍ਹਾਂ ਦੇ ਵਾਰਸਾਂ ਅਤੇ ਹਮਾਇਤੀਆਂ ਦਾ, ਤੋੜ ਵਿਛੋੜਾ ਕਰੀ ਚੁੱਪ ਬੈਠੈ ਕਿਸਾਨ ਆਗੂਆਂ ਵਿਚਕਾਰ ਪਾੜਾ ਹੋਰ ਵਧ ਗਿਆ ਜਿਸ ਦੇ ਨਤੀਜੇ ਵਜੋਂ ਸੋਸ਼ਲ ਮੀਡੀਆਈ ਜੰਗ ਹੋਰ ਤੇਜ਼ ਹੋ ਗਈ।
ਫਿਰ ਇਸ ਖਿਚੋਤਾਣ ਵਿੱਚ ਨਵਾਂ ਮੋੜ ਆਇਆ ਵਿਸ਼ਵ ਪੱਧਰੀ ਮਸ਼ਹੂਰ ਹਸਤੀਆਂ ਦੇ ਕਿਸਾਨ ਪੱਖੀ ਟਵੀਟਾਂ ਨੇ ਹਲਚਲ ਮਚਾ ਦਿੱਤੀ ਅਤੇ ਸਰਕਾਰ ਨੂੰ ਵੀ ਇੱਕ ਵਾਰ ਤਾਂ ਭਾਜੜ ਹੀ ਪੈ ਗਈ ਅਤੇ ਇਹ ਬਾਹਰੀ ਦਖ਼ਲ ਸਰਕਾਰ ਨੂੰ ਬਹੁਤ ਚੁਭਿਆ। ਆਪਣੇ ਬਚਾਓ ਲਈ ਸਰਕਾਰ ਨੂੰ ਦੇਸ਼ ਦੇ ਅੰਦਰੂਨੀ ਭਾੜੇ ਦੇ ਮਸ਼ਹੂਰ ਫਿਲਮੀਂ ਅਤੇ ਖਿਡਾਰੀ ਚਿਹਰਿਆਂ ਦਾ ਸਹਾਰਾ ਲੈਣਾ ਪਿਆ ਪਰ ਛੇਤੀ ਹੀ ਮਜ਼ਾਕ ਅਤੇ ਲੋਕ ਵਿਰੋਧ ਦਾ ਸ਼ਿਕਾਰ ਹੋ ਕੇ ਇਹ ਟੋਲਾ ਛੇਤੀ ਹੀ ਚੁੱਪ ਹੋ ਗਿਆ। ਇਸ ਦਾ ਕਾਰਨ ਸੀ ਕਿ ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋ ਅਤੇ ਵਿਸ਼ਵ ਪੱਧਰੀ ਵੱਡੀ ਪਛਾਣ ਰੱਖਦੀਆਂ ਹਸਤੀਆਂ ਵਲੋਂ ਮਿਲੀ ਹਮਾਇਤ ਆਪਮੁਹਾਰੇ ਸੀ ਜਦਕਿ ਦੇਸ਼ ਦੀਆਂ ਫਿਲਮੀ, ਖਿਡਾਰੀ ਅਤੇ ਹੋਰ ਹਸਤੀਆਂ ਦੇ ਟਵੀਟ ਪ੍ਰਭਾਵ ਅਧੀਨ ਕੀਤੇ ਸਨ, ਇਸ ਕਰਕੇ ਅਮਰੀਕੀ ਗਾਇਕਾ ਰਿਹਾਨਾ, ਸਵੀਡਨ ਦੀ ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਅਤੇ ਹੋਰ ਖੇਤਰਾਂ ਵਿੱਚ ਅੰਤਰਰਾਸ਼ਟਰੀ ਨਾਮਣਾ ਖੱਟਣ ਵਾਲੀਆਂ ਹਸਤੀਆਂ ਦੇ ਟਵੀਟਾਂ ਨੇ ਇਸ ਅੰਦੋਲਨ ਨੂੰ ਬਹੁਤ ਤਾਕਤ ਦਿੱਤੀ। ਸਰਕਾਰ ਨੇ ਇਸ ਕਿਸਮ ਦੀ ਹਮਾਇਤ ਨੂੰ ਰੋਕਣ ਲਈ ਕਈ ਹੱਥਕੰਡੇ ਵਰਤੇ। ਫਿਰ ਸਰਕਾਰ ਦੇ ਨੈੱਟ ’ਤੇ ਸਰਗਰਮ ਵਿੰਗਾਂ ਦੇ ਯੋਗਦਾਨ ਅਤੇ ਸਰਕਾਰ ਦੇ ਵਧੇ ਹੋਏ ਤਸ਼ੱਦਦ ਪ੍ਰਤੀ ਕਿਸਾਨ ਆਗੂਆਂ ਦੇ ਦੂਰੀ ਅਤੇ ਚੁੱਪ ਵਾਲੇ ਵਤੀਰੇ ਨੇ ਇੰਟਰਨੈੱਟ ਦੇ ਸਾਰੇ ਮੁਹਾਜ਼ਾਂ ’ਤੇ ਆਪਸੀ ਪਰਸਪਰ ਵਿਰੋਧ ਭਰੀ ਜੰਗ ਨੂੰ ਬਹੁਤ ਤੇਜ਼ ਕਰ ਦਿੱਤਾ। ਪਰ ਮੌਕੇ ਦੀ ਨਜ਼ਾਕਤ ਨੂੰ ਪਛਾਣਦਿਆਂ ਕਿਸਾਨ ਅੰਦੋਲਨ ਪ੍ਰਤੀ ਸ਼ੁਭ ਅਤੇ ਫਿਕਰਮੰਦ ਭਾਵਨਾ ਰੱਖਣ ਵਾਲੇ ਲੋਕਾਂ ਨੇ ਨੌਜਵਾਨਾਂ ਅਤੇ ਆਗੂਆਂ ਨੂੰ ਹੋਸ਼ ਕਰਨ ਦੀਆਂ ਨਸੀਹਤਾਂ ਦੀ ਮੁਹਿੰਮ ਵੀ ਵਿੱਢੀ ਜਿਸ ਦਾ ਕਾਫੀ ਅਸਰ ਵੀ ਹੋਇਆ। ਇਨ੍ਹਾਂ ਸਭ ਵਰਤਾਰਿਆਂ ਦੇ ਬਾਵਜੂਦ ਹਾਲੇ ਵੀ ਫੇਸਬੁੱਕ, ਟਵਿੱਟਰ ਅਤੇ ਵ੍ਹੱਟਸ ਐਪ ਕਿਸਾਨ ਅੰਦੋਲਨ ਦਰਮਿਆਨ ਸਭ ਧਿਰਾਂ ਲਈ ਜੰਗ ਦਾ ਮੈਦਾਨ ਬਣੇ ਹੋਏ ਹਨ।
*ਪਿੰਡ ਕੋਟਲਾ ਸ਼ਮਸ਼ਪੁਰ, ਸਮਰਾਲਾ, ਲੁਧਿਆਣਾ। ਸੰਪਰਕ: 85678-72291