ਰਵਿੰਦਰ ਰੁਪਾਲ ਕੌਲਗੜ੍ਹ
ਮੈਂ ਢਾਈ ਕੁ ਦਹਾਕੇ ਪਹਿਲਾਂ ਲੱਕੜ ਦੇ ਕੰਮ ਦੀ ਦੁਕਾਨ ਸ਼ੁਰੂ ਕੀਤੀ ਸੀ। ਮੈਂ ਦੁਕਾਨ ਦੇ ਮਾਲਕ ਨੂੰ ਕਿਹਾ ਕਿ ਮੈਂ ਦੁਕਾਨ ਉੱਤੇ ਆਪਣੀ ਦੁਕਾਨ ਦਾ ਨਾਂ ਲਿਖਵਾਉਣਾ ਚਾਹੁੰਦਾ ਹਾਂ, ਪਰ ਉਸ ਨੇ ਮਨ੍ਹਾਂ ਕਰਦਿਆਂ ਕਿਹਾ ਕਿ ਤੁਸੀਂ ਨਾਂ ਲਿਖਵਾਉਣਾ ਹੈ ਤਾਂ ਕਿਸੇ ਆਮ ਬੋਰਡ ਉਪਰ ਦੁਕਾਨ ਦਾ ਨਾਂ ਲਿਖਵਾ ਕੇ ਲਮਕਾ ਲਓ, ਪਰ ਪੇਂਟਰ ਤੋਂ ਪੱਕਾ ਨਹੀਂ ਲਿਖਵਾਉਣਾ, ਬਾਅਦ ਵਿੱਚ ਸਾਨੂੰ ਬੜੀ ਦਿੱਕਤ ਆਉਂਦੀ ਹੈ।
ਖ਼ੈਰ…! ਮੈਂ ਬੋਰਡ ਤੋਂ ਬਿਨਾਂ ਹੀ ਆਪਣਾ ਕੰਮ ਸ਼ੁਰੂ ਕਰ ਲਿਆ। ਮੇਰੇ ਕੋਲ ਕਈ ਤਰ੍ਹਾਂ ਦੇ ਲੋਕ ਆਉਣ ਜਾਣ ਲੱਗੇ ਜਿਨ੍ਹਾਂ ’ਚ ਬਹੁਤੇ ਲੱਕੜ ਦਾ ਕੰਮ ਕਰਨ ਵਾਲੇ ਮਿਸਤਰੀ ਹੁੰਦੇ। ਉਹ ਮੈਨੂੰ ਆ ਕੇ ਤਰ੍ਹਾਂ-ਤਰ੍ਹਾਂ ਦੀਆਂ ਸਲਾਹਾਂ ਦਿੰਦੇ ਤੇ ਲੱਕੜੀ ਦੇ ਰੇਟ ਵਗੈਰਾ ਦੱਸਦੇ ਰਹਿੰਦੇ ਜਿਸ ਨਾਲ ਮੇਰੀ ਜਾਣਕਾਰੀ ’ਚ ਵਾਧਾ ਹੁੰਦਾ। ਮੈਂ ‘ਦੁਕਾਨ’ ਤਾਂ ਕਰ ਲਈ ਸੀ ਪਰ ਹਾਲੇ ‘ਦੁਕਾਨਦਾਰੀ’ ਕਰਨੀ ਨਹੀਂ ਸਾਂ ਸਿੱਖਿਆ।
ਕੋਈ ਸਾਲ ਕੁ ਬਾਅਦ ਉਨ੍ਹਾਂ ਵਿੱਚੋਂ ਇੱਕ ਮਿਸਤਰੀ ਮੇਰਾ ਚੰਗਾ ਦੋਸਤ ਬਣ ਗਿਆ। ਉਹ ਉਮਰ ਵਿੱਚ ਮੈਥੋਂ ਵੱਡਾ ਅਤੇ ਲੱਕੜ ਦੇ ਕੰਮ ਦਾ ਤਜ਼ਰਬੇਕਾਰ ਬੰਦਾ ਸੀ। ਉਹ ਮੇਰੀ ਦੁਕਾਨ ਉੱਤੇ ਲਗਾਤਾਰ ਆਉਣ ਲੱਗਿਆ। ਫਿਰ ਮੈਂ ਵੀ ਉਸ ਦੇ ਕੰਮ ਉੱਤੇ ਦੋ ਤਿੰਨ ਚੱਕਰ ਲਾ ਆਇਆ ਸੀ। ਮੈਨੂੰ ਨਾ ਤਾਂ ਉਸ ਦੇ ਘਰ ਦਾ ਪਤਾ ਸੀ ਤੇ ਨਾ ਹੀ ਮੈਂ ਕੋਈ ਲੋੜ ਸਮਝੀ। ਉਂਜ, ਸਾਡੀ ਦੋਸਤੀ ਵਧਦੀ ਗਈ।
ਦੇਖਣ ’ਚ ਮੈਨੂੰ ਉਸ ਵਿੱਚ ਕੋਈ ਵੀ ਵਲ਼-ਛਲ਼ ਨਜ਼ਰ ਨਹੀਂ ਸੀ ਆਉਂਦਾ। ਮੈਂ ਆਪਣੇ ਘਰ ਵੀ ਗੱਲ ਕੀਤੀ ਕਿ ਬੰਦਾ ਵਧੀਆ ਹੈ, ਵੇਲੇ ਕੁਵੇਲੇ ਆਪਣੇ ਕੋਲ ਕੰਮ ਨਾ ਹੋਵੇ ਤਾਂ ਇਹ ਬੰਦਾ ਕੰਮ ਆਉਣ ਵਾਲਾ ਹੈ। ਮੈਂ ਸਾਫ਼ ਮਨ, ਉਸ ਨਾਲ ਦੋਸਤੀ ਨਿਭਾਉਣ ਲੱਗਾ। ਉਹ ਮੇਰੀ ਦੁਕਾਨ ’ਤੇ ਅਕਸਰ ਆਉਂਦਾ ਜਾਂਦਾ, ਪਰ ਉਸ ਦੀ ਆਪਣੀ ਕੋਈ ਦੁਕਾਨ ਨਹੀਂ ਸੀ। ਉਹ ਸਿਰਫ਼ ਲੋਕਾਂ ਦੇ ਘਰਾਂ ਵਿੱਚ ਜਾਂ ਕੋਠੀਆਂ ’ਚ ਹੀ ਕੰਮ ਕਰਦਾ ਰਹਿੰਦਾ ਅਤੇ ਕਈ ਛੋਟੇ-ਮੋਟੇ ਕੰਮ ਮੇਰੀ ਮਸ਼ੀਨ ਉੱਤੇ ਆਪ ਵੀ ਕਰ ਕੇ ਲੈ ਜਾਂਦਾ, ਜਾਂ ਮੈਥੋਂ ਕਰਵਾ ਕੇ, ਮੈਨੂੰ ਪੈਸੇ ਦੇ ਜਾਂਦਾ ਸੀ। ਇਉਂ ਮੇਰਾ ਕੰਮ ਰੁੜ੍ਹਨ ਲੱਗ ਪਿਆ ਸੀ।
ਜਦੋਂ ਸਾਡੀ ਦੋਸਤੀ ਹੋਈ ਨੂੰ ਸਾਲ ਕੁ ਬੀਤ ਗਿਆ ਤਾਂ ਇੱਕ ਦਿਨ ਉਹ ਮੇਰੀ ਦੁਕਾਨ ਉੱਤੇ ਆ ਕੇ ਮੈਨੂੰ ਕਹਿਣ ਲੱਗਿਆ, ‘‘ਮੈਂ ਕੱਲ੍ਹ ਨੂੰ ਤੇਰੀ ਦੁਕਾਨ ’ਤੇ ਦੋ ਗਾਹਕ ਲੈ ਕੇ ਆਵਾਂਗਾ। ਉਹ ਕੋਠੀ ਬਣਾ ਰਹੇ ਨੇ, ਆਪਾਂ ਉਨ੍ਹਾਂ ਤੋਂ ਕੰਮ ਲੈਣੈ। ਮੈਂ ਗਿਆਰਾਂ ਕੁ ਵਜੇ ਆਵਾਂਗਾ। ਉਨ੍ਹਾਂ ਦੇ ਆਉਂਦਿਆਂ ਨੂੰ ਤੂੰ ਆਪਣਾ ਕੋਈ ਨਾ ਕੋਈ ਕੰਮ ਕਰਦਾ ਹੋਣਾ ਚਾਹੀਦੈਂ। ਜਦੋਂ ਅਸੀਂ ਆਵਾਂਗੇ ਉਦੋਂ ਤੂੰ ਬੈਂਚ ਸਾਫ਼ ਕਰ ਕੇ ਉਨ੍ਹਾਂ ਨੂੰ ਬੈਠਣ ਲਈ ਕਹੀਂ ਅਤੇ ਚਾਹ ਵਗੈਰਾ ਵੀ ਪਿਲਾ ਦੇਈਂ।’’
ਮੈਂ ਉਸ ਨੂੰ ਕਿਹਾ, ‘‘ਇਉਂ ਕਿਉਂ ਬਈ…?’’ ਤਾਂ ਉਸ ਨੇ ਕਿਹਾ, ‘‘ਇਉਂ ਉਨ੍ਹਾਂ ’ਤੇ ਆਪਣਾ ਪ੍ਰਭਾਵ ਪਵੇਗਾ ਤੇ ਫੇਰ ਹੋ ਸਕਦੈ ਉਹ ਆਪਣੀ ਕੋਠੀ ਦਾ ਕੰਮ ਆਪਾਂ ਨੂੰ ਹੀ ਦੇ ਦੇਣ। ਅੱਜਕੱਲ੍ਹ ਮੇਰਾ ਕੰਮ ਬੰਦ ਪਿਐ, ਤੈਨੂੰ ਤਾਂ ਪਤਾ ਈ ਐ।’’ ਮੈਂ ਉਸ ਦੀ ਗੱਲ ਪੂਰੇ ਯਕੀਨ ਨਾਲ ਮੰਨ ਗਿਆ ਸੀ।
ਅਗਲੀ ਸਵੇਰ ਕੋਈ ਗਿਆਰਾਂ ਕੁ ਵਜੇ ਉਹ ਤਿੰਨੋਂ ਜਣੇ ਦੁਕਾਨ ’ਤੇ ਆ ਗਏ। ਇੱਕ ਮੋਟਰਸਾਈਕਲ ਉੱਤੇ ਉਹ ਤੇ ਇੱਕ ਬਾਬੂ ਅਤੇ ਦੂਜੇ ਮੋਟਰਸਾਈਕਲ ਉੱਤੇ ਇੱਕ ਇਕੱਲਾ ਬੰਦਾ। ਉਨ੍ਹਾਂ ਦੇ ਆਉਂਦਿਆਂ ਨੂੰ ਮੈਂ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ। ਉਨ੍ਹਾਂ ਨੂੰ ਆਉਂਦੇ ਦੇਖ ਕੇ ਮੈਂ ਮਸ਼ੀਨ ਬੰਦ ਕੀਤੀ, ਅੰਦਰੋਂ ਬੈਂਚ ਚੁੱਕ ਕੇ ਬਾਹਰ ਕੱਢਿਆ, ਕੱਪੜੇ ਨਾਲ ਸਾਫ਼ ਕੀਤਾ ਅਤੇ ਫਿਰ ਸੜਕ ਦੇ ਦੂਜੇ ਪਾਸੇ ਚਾਹ ਦੀ ਦੁਕਾਨ ਉੱਤੇ ਤਿੰਨ ਕੱਪ ਚਾਹ ਦੇ ਕਹਿਣ ਚਲਾ ਗਿਆ ਅਤੇ ਝੱਟ ਮੁੜ ਵੀ ਆਇਆ। ਉਂਜ ਬਾਬੂ ਦੇ ਹੱਥ ’ਚ ਫੜੀ ਹੋਈ ਫਾਇਲ ਸੱਚੀਂਓ ਇਉਂ ਲੱਗ ਰਹੀ ਸੀ, ਜਿਵੇਂ ਕਿਸੇ ਕੋਠੀ ਦਾ ਨਕਸ਼ਾ ਹੋਵੇ।
ਜਦੋਂ ਚਾਹ ਆ ਗਈ ਤਾਂ ਚਾਹ ਪੀਂਦਿਆਂ ਮੇਰਾ ਦੋਸਤ ਮੈਨੂੰ ਕਹਿਣ ਲੱਗਾ, ‘‘ਤੂੰ ਇਉਂ ਕਰੀਂ ਬਈ, ਇਹ ਚੁਗਾਠਾਂ ਦਾ ਮਾਲ ਰੰਦ ਕੇ, ਦਰਵਾਜ਼ਿਆਂ ਦੇ ਫਰੇਮ ਤਿਆਰ ਕਰ ਲਈਂ…।’’ ਉਸ ਨੇ ਇਉਂ ਕਿਹਾ, ਜਿਵੇਂ ਕੋਈ ਆਪਣੇ ਨੌਕਰ ਨੂੰ ਕਹਿੰਦਾ ਹੈ।
ਮੈਂ ਉਂਜ ਹੀ ਕਹਿ ਦਿੱਤਾ ਕਿ ਉਹੀਓ ਤਿਆਰ ਕਰਨੀਆਂ ਨੇ, ਚੁਗਾਠਾਂ ਦਾ ਕੰਮ ਤਾਂ ਥੋੜ੍ਹਾ ਈ ਐ, ਇਹ ਤਾਂ ਹੁਣੇ ਨਿੱਬੜਜੂ। ਹੋਰ ਪੰਜ ਸੱਤ ਮਿੰਟ ਬੈਠਣ ਤੋਂ ਬਾਅਦ ਚਾਹ ਪੀ ਕੇ ਉਹ ਤਿੰਨੋਂ ਜਣੇ ਚਲੇ ਗਏ ਸਨ। ਮੈਂ ਇਸ ਗੱਲ ਨੂੰ ਕੋਈ ਖ਼ਾਸ ਨਹੀਂ ਸੀ ਲਿਆ। ਮੈਂ ਸੋਚਿਆ ਕਿ ਮੇਰੇ ਦੋਸਤ ਨੂੰ ਕੰਮ ਮਿਲੂ ਤਾਂ ਮੈਨੂੰ ਵੀ ਭਾਅ ਐ ਕਿਉਂਕਿ ਉਹ ਮੇਰੇ ਕੋਲੋਂ ਅੱਗੇ ਵੀ ਕਈ ਤਰ੍ਹਾਂ ਕੰਮ ਵਗੈਰਾ ਕਰਵਾ ਕੇ ਲੈ ਜਾਂਦਾ ਸੀ।
ਤੀਜੇ ਦਿਨ ਮੈਂ ਦੁਕਾਨ ’ਤੇ ਕੰਮ ਕਰਨ ਲੱਗਿਆ ਹੋਇਆ ਸੀ ਕਿ ਉਹੀਓ ਬਾਬੂ ਮੇਰੇ ਕੋਲ ਦੁਕਾਨ ਉੱਤੇ ਫੇਰ ਆ ਗਿਆ, ਆ ਕੇ ਮੈਨੂੰ ਕਹਿਣ ਲੱਗਾ, ‘‘ਭਾਈ ਸਾਬ੍ਹ, ਮੇਰੀ ਗੱਲ ਸੁਣਿਓ ਜ਼ਰਾ ਕੁ।’’ ਮੈਂ ਮਸ਼ੀਨ ਬੰਦ ਕੀਤੀ ਤੇ ਉਸ ਨੂੰ ਪੁੱਛਿਆ, ‘‘ਹਾਂ ਜੀ ਦੱਸੋ?’’ ਉਹ ਕਹਿਣ ਲੱਗਾ, ‘‘ਇਸ ਮਸ਼ੀਨ ਦੇ ਕਾਗਜ਼ ਵਗੈਰਾ ਹੈਗੈ ਨੇ?’’
ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ, ਪਰ ਮੈਂ ਕਿਹਾ, ‘‘ਹਾਂ ਜੀ ਹੈਗੇ ਨੇ…।’’
ਉਸ ਨੇ ਕਿਹਾ ਕਿ ਮੈਨੂੰ ਦਿਖਾ ਦਿਉ। ਮੈਂ ਕਿਹਾ, ‘‘ਕਾਗਜ਼ ਤਾਂ ਘਰ ਪਏ ਨੇ। ਮੈਂ ਲਿਆ ਕੇ ਦਿਖਾ ਦਿੰਦਾ ਹਾਂ, ਪਰ ਵਿੱਚੋਂ ਗੱਲ ਕੀ ਐ…?’’ ਉਹ ਕਹਿਣ ਲੱਗਾ, ‘‘ਇਸ ਨਾਲ ਤੁਹਾਨੂੰ ਕੀ? ਮਾਲਕਾਂ ਨੇ ਲੋਨ ਪਾਸ ਕਰਵਾਇਆ ਹੈ ਆਪਣੀ ਦੁਕਾਨ ’ਤੇ, ਤੁਸੀਂ ਕਾਗਜ਼ ਪੱਤਰ ਲਿਆ ਕੇ ਦਿਖਾ ਦਿਉ, ਬਸ।
ਮੈਨੂੰ ਤਾਂ ਚੱਕਰ ਆਉਣ ਲੱਗੇ, ‘‘ਮੈਂ ਕਿਹਾ, ਭਾਈ ਸਾਬ੍ਹ ਕੀ ਕਹਿ ਰਹੇ ਹੋ? ਦੁਕਾਨ ਦਾ ਮਾਲਕ ਤਾਂ ਮੈਂ ਹਾਂ… ਮੈਂ ਤਾਂ ਕੋਈ ਲੋਨ ਪਾਸ ਨੀਂ ਕਰਵਾਇਆ।’’
‘‘ਭਾਈ ਸਾਬ੍ਹ ਕੀ ਗੱਲ ਕਰਦੇ ਹੋ? ਪਰਸੋਂ ਅਸੀਂ ਆ ਕੇ ਨਹੀਂ ਗਏ ਮਾਲਕ ਨਾਲ, ਤੁਸੀਂ ਨੌਕਰੀ ਨਹੀਂ ਕਰਦੇ ਇਸ ਦੁਕਾਨ ’ਤੇ…? ਤੁਹਾਨੂੰ ਤਾਂ ਉਹ ਆਪਣਾ ਨੌਕਰ ਕਹਿ ਰਿਹਾ ਸੀ।’’
ਸੁਣ ਕੇ ਮੇਰੇ ਪੈਰਾਂ ਹੇਠ ਜ਼ਮੀਨ ਤੇਜ਼ੀ ਨਾਲ ਘੁੰਮਣ ਲੱਗੀ ਤੇ ਦੋਸਤ ਉਪਰ ਗੁੱਸਾ ਵੀ ਚੜ੍ਹਨ ਲੱਗਿਆ। ਮੈਂ ਫਟਾਫਟ ਆਪਣੀ ਦੁਕਾਨ ਦੇ ਮਾਲਕ ਕੋਲ ਗਿਆ। ਉਸ ਨੂੰ ਸਾਰੀ ਗੱਲ ਦੱਸੀ ਤਾਂ ਉਹ ਆ ਕੇ ਬਾਬੂ ਨੂੰ ਕਹਿਣ ਲੱਗਾ, ‘‘ਭਾਈ ਸਾਬ੍ਹ ਇਹ ਨੌਕਰ ਨਹੀਂ, ਮਾਲਕ ਐ। ਮੈਨੂੰ ਪਿਛਲੇ ਦੋ ਸਾਲਾਂ ਤੋਂ ਕਿਰਾਇਆ ਦਿੰਦਾ ਆ ਰਿਹੈ, ਮੈਂ ਇਨ੍ਹਾਂ ਦੁਕਾਨਾਂ ਦਾ ਮਾਲਕ ਹਾਂ।’’
ਮਾਲਕ ਦੀ ਗੱਲ ਸੁਣ ਕੇ ਬਾਬੂ ਸ਼ਸ਼ੋਪੰਜ ਵਿੱਚ ਪੈ ਗਿਆ, ‘‘ਭਰਾਵਾ, ਅਸੀਂ ਤਾਂ ਕੱਲ੍ਹ ਲੋਨ ਪਾਸ ਕਰਵਾ ਦਿੱਤਾ। ਜਦੋਂ ਉਸ ਤੋਂ ਅਸੀਂ ਇਸ ਮਸ਼ੀਨ ਦੇ ਕਾਗਜ਼ ਪੱਤਰ ਦੇਖਣ ਲਈ ਮੰਗੇ ਤਾਂ ਉਹ ਕਹਿਣ ਲੱਗਾ ਕਿ ਮੈਂ ਕਾਹਲੀ ਵਿੱਚ ਦੁਕਾਨ ’ਤੇ ਭੁੱਲ ਆਇਆ, ਕੋਈ ਗੱਲ ਨਹੀਂ ਲਿਆ ਕੇ ਦਿਖਾ ਦੇਵਾਂਗਾ ਕਿਸੇ ਦਿਨ…। ਮੈਨੂੰ ਉਸ ਦੀ ‘ਕਿਸੇ ਦਿਨ’ ਵਾਲੀ ਗੱਲ ਕੱਚੀ ਜਿਹੀ ਲੱਗੀ। ਇਸ ਕਰਕੇ ਮੈਂ ਸੋਚਿਆ ਆਪ ਹੀ ਜਾ ਕੇ ਦੇਖ ਆਉਂਦਾ ਹਾਂ। ਮੈਂ ਤਾਂ ਇਸੇ ਲਈ ਆਇਆ ਸੀ। ਇਹ ਤਾਂ ਬੜੀ ਮਾੜੀ ਗੱਲ ਹੋਗੀ ਯਾਰ…।’’ ਉਸ ਨੇ ਆਪਣਾ ਸਿਰ ਏਧਰ ਓਧਰ ਨੂੰ ਘੁਮਾਇਆ।
ਮੈਂ ਉਸ ਨੂੰ ਕਿਹਾ, ‘‘ਜੀ ਇਹ ਮੇਰੀ ਮਸ਼ੀਨ ਹੈ। ਮੇਰੇ ਨਾਂ ਬਿੱਲ ਕੱਟਿਆ ਹੋਇਐ ਇਸ ਦਾ ਤੇ ਮੈਂ ’ਕੱਲਾ ਦੁਕਾਨ ਉੱਤੇ ਕੰਮ ਕਰਦਾ ਹਾਂ।’’
ਫਿਰ ਉਹ ਵਾਪਸ ਜਾਂਦਾ ਹੋਇਆ ਮੈਨੂੰ ਇੱਕ ਨਸੀਹਤ ਦੇ ਗਿਆ। ਕਹਿਣ ਲੱਗਾ, ‘‘ਜੋ ਹੋਇਆ ਸੋ ਹੋਇਆ, ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ। ਅਸੀਂ ਲੋਨ ਪਾਸ ਕੀਤਾ ਹੈ, ਕਾਕਾ ਵੁੱਡ ਵਰਕਸ ਦੇ ਨਾਂ, ਥਾਂ ਵੀ ਇਹੀ ਲਿਖਿਆ ਹੈ ਅਤੇ ਸਾਹਮਣੇ ਸਾਬਣ ਫੈਕਟਰੀ ਵੀ ਲਿਖੀ ਹੈ,’’ ਕਹਿੰਦਿਆਂ ਉਸ ਨੇ ਸਾਬਣ ਫੈਕਟਰੀ ਵੱਲ ਹੱਥ ਕੀਤਾ।
‘‘ਤੁਸੀਂ ਹੁਣ ਇਹ ਨਾਂ ਛੱਡ ਕੇ, ਕਿਸੇ ਹੋਰ ਨਾਂ ਦਾ ਬੋਰਡ ਆਪਣੀ ਦੁਕਾਨ ਉੱਤੇ ਕਿਸੇ ਪੇਂਟਰ ਤੋਂ ਪੱਕਾ ਲਿਖਵਾ ਲਉ, ਪਰ ਕੱਚਾ ਬੋਰਡ ਲਿਖਵਾ ਕੇ ਨਾ ਲਮਕਾ ਦੇਣਾ ਕਿਉਂਕਿ ਉਸ ਨੂੰ ਸਾਡੇ ਅਫ਼ਸਰ ਨਹੀਂ ਮੰਨਦੇ, ਤੁਸੀਂ ਇੱਕ ਦੋ ਦਿਨਾਂ ਵਿੱਚ ਇਹ ਕੰਮ ਕਰਵਾ ਲਉ, ਨਹੀਂ ਤਾਂ ਰਗੜੇ ਜਾਵੋਗੇ। ਜੇ ਉਸ ਨੇ ਲੋਨ ਮੋੜਨਾ ਚਾਲੂ ਨਾ ਕੀਤਾ, ਤਾਂ ਹੋ ਸਕਦੈ ਗੱਲ ’ਗਾਹਾਂ ਵੀ ਕਿਤੇ ਪਹੁੰਚ ਜਾਵੇ,’’ ਇਉਂ ਕਹਿ ਕੇ ਉਹ ਚਲਾ ਗਿਆ ਸੀ।
ਉਸ ਦੀ ਇਹ ਗੱਲ ਸੁਣ ਕੇ ਮੈਂ ਤਾਂ ਸੱਚਮੁੱਚ ਡਰ ਗਿਆ ਸੀ, ਮੇਰੇ ਮੂੰਹੋਂ ਨਿਕਲਿਆ, ‘‘ਵਾਹ ਉਏ, ਆਹ ਦਿਖਾਤਾ ਦੋਸਤੀ ਦਾ ਨਵਾਂ ਰੰਗ।’’
ਫਿਰ ਅਗਲੇ ਤਿੰਨ ਚਾਰ ਕੁ ਦਿਨਾਂ ਦੇ ਵਿੱਚ ਵਿੱਚ ਮੈਂ ਇੱਕ ਪੇਂਟਰ ਬੁਲਾ ਕੇ ਆਪਣੇ ਬੇਟੇ ਦੇ ਨਾਂ ਦਾ ਬੋਰਡ ’ਤੇ ਲਿਖਵਾ ਦਿੱਤਾ। ਹੁਣ ਮਾਲਕ ਨੇ ਵੀ ਕੁਝ ਨਹੀਂ ਕਿਹਾ ਸੀ। ਪਰ ਮੈਨੂੰ ਇਹ ਓਪਰੀ ਦੋਸਤੀ ‘ਦੁਕਾਨਦਾਰੀ’ ਚਲਾਉਣ ਦਾ ਨਵਾਂ ਸਬਕ ਦੇ ਗਈ ਸੀ। ਉਸ ਤੋਂ ਬਾਅਦ ਮੈਂ ਸੁਚੇਤ ਹੋ ਕੇ ਆਪਣੀ ਦੁਕਾਨਦਾਰੀ ਕਰਨ ਲੱਗਿਆ, ਪਰ ਮੇਰਾ ਦੋਸਤ ਅਮਲੋਹ ਰੋਡ ਉਪਰੋਂ ਦੀ ਲੰਘਦਾ ਹੋਇਆ ਮੈਨੂੰ ਫਿਰ ਕਦੇ ਨਜ਼ਰ ਨਹੀਂ ਸੀ ਪਿਆ।
ਸੰਪਰਕ: 93162-88955