ਹਰਕੀਰਤ ਕੌਰ
ਅਸੀਂ ਸਾਰੇ ਸਮਾਜ ਸੁਧਾਰ ਦੀਆਂ ਗੱਲਾਂ ਕਰਦੇ ਹਾਂ, ਸਮਾਜ ਦੀ ਵਿਵਸਥਾ ਦੇ ਵਿਗੜਦੇ ਢਾਂਚੇ ਬਾਰੇ ਚਿੰਤਤ ਹੁੰਦੇ ਹਾਂ। ਨੌਜਵਾਨ ਪੀੜ੍ਹੀ ਦੇ ਵਿਵਹਾਰ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਘਰਾਂ ਵਿੱਚ ਜਾਂ ਹੋਰ ਜਗ੍ਹਾ ਜਿੱਥੇ ਵੀ ਅਸੀਂ ਵਿਚਰਦੇ ਹਾਂ ਵਿਚਾਰ ਚਰਚਾ ਕਰਦੇ ਹਾਂ। ਇਸ ਤਬਦੀਲੀ ਦਾ ਕਾਰਨ ਆਧੁਨਿਕੀਕਰਨ ਮੰਨਿਆ ਜਾਂਦਾ ਹੈ। ਜੇ ਗੱਲ ਅਧੁਨਿਕਤਾ ਦੇ ਵਿਗਾੜ ਦੀ ਆਉਂਦੀ ਹੈ ਤਾਂ ਮੋਬਾਈਲ ਦਾ ਖਿਆਲ ਸਭ ਤੋਂ ਪਹਿਲਾਂ ਆਉਂਦਾ ਹੈ। ਹਰ ਹੱਥ ਵਿੱਚ ਮੋਬਾਈਲ ਹੈ ਅਤੇ ਮੋਬਾਈਲ ਵਿੱਚ ਦੁਨੀਆਂ ਸਮਾਈ ਹੋਈ ਹੈ, ਹਰ ਤਰ੍ਹਾਂ ਦੇ ਲੋਕ, ਹਰ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ, ਹਰ ਤਰ੍ਹਾਂ ਦਾ ਗਿਆਨ। ਉਂਝ ਗਿਆਨ ਦਾ ਸਭ ਤੋਂ ਵੱਡਾ ਸੋਮਾ ਲਾਇਬਰੇਰੀਆਂ ਨੂੰ ਮੰਨਿਆ ਜਾਂਦਾ ਹੈ। ਜਿੰਨੇ ਵੀ ਮਹਾਨ ਲੋਕਾਂ ਦੀ ਜੀਵਨੀ ਪੜ੍ਹੀ ਜਾਵੇ ਸਿੱਟਾ ਇੱਕੋ ਹੀ ਨਿਕਲਦਾ ਹੈ ਕਿ ਉਨ੍ਹਾਂ ਦੇ ਜੀਵਨ ਵਿੱਚ ਕਿਤਾਬਾਂ ਦਾ ਖਾਸ ਮਹੱਤਵ ਸੀ। ਉਨ੍ਹਾਂ ਦੇ ਨਿੱਤ ਦੇ ਕੰਮਾਂ ਵਿੱਚ ਲਾਇਬਰੇਰੀ ਜਾਣਾ ਵੀ ਸ਼ਾਮਿਲ ਹੁੰਦਾ ਸੀ।
ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਕੀ ਕਰ ਰਹੇ ਹਾਂ? ਵਿਕਾਸ ਅਤੇ ਸਮਾਜ ਅਸੀਂ ਵਿਕਸਿਤ ਦੇਸ਼ਾਂ ਵਰਗਾ ਚਾਹੁੰਦੇ ਹਾਂ ਪਰ ਉਸ ਲਈ ਕੋਈ ਵੀ ਉਦਮ ਕਰਨ ਲਈ ਤਿਆਰ ਨਹੀਂ। ਜਿੰਨੇ ਵੀ ਵਿਕਸਿਤ ਦੇਸ਼ ਹਨ ਉਸ ਪਿੱਛੇ ਕਿਤਾਬਾਂ ਦੀ ਇੱਕ ਬਹੁਤ ਵੱਡੀ ਭੂਮਿਕਾ ਰਹੀ ਹੈ। ਪਰ ਸਾਡੇ ਸਮਾਜ ਵਿਚੋਂ ਕਿਤਾਬਾਂ ਪ੍ਰਤੀ ਸਨੇਹ ਜਿਵੇਂ ਖਤਮ ਹੀ ਹੁੰਦਾ ਜਾ ਰਿਹਾ। ਜੇ ਗੱਲ ਪੰਜਾਬ ਦੀ ਹੀ ਕਰ ਲਈ ਜਾਵੇ ਤਾਂ ਬਹੁਤ ਘੱਟ ਅਜਿਹੇ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਲਾਇਬਰੇਰੀਆਂ ਹੋਣਗੀਆਂ। ਪਿੰਡ ਤਾਂ ਸੌ ਵਿਚੋਂ ਕੋਈ ਇੱਕ-ਅੱਧ ਹੀ ਹੋਵੇਗਾ। ਜੇ ਕਿਸੇ ਪਿੰਡ, ਸ਼ਹਿਰ ਵਿੱਚ ਲਾਇਬਰੇਰੀ ਬਣੀ ਵੀ ਹੈ ਤਾਂ ਉਸ ਦੀ ਹਾਲਤ ਏਨੀ ਤਰਸਯੋਗ ਹੈ ਕਿ ਕਹਿਣਾ ਹੀ ਕੀ ਹੈ? ਲਾਇਬਰੇਰੀ ਵਿੱਚ ਕੋਈ ਲਾਇਬਰੇਰੀਅਨ ਨਹੀਂ ਹਨ, ਕੋਈ ਕਿਤਾਬਾਂ ਦੀ ਸਾਂਭ ਸੰਭਾਲ ਲਈ ਨਹੀਂ ਹੈ, ਕੋਈ ਅਜਿਹਾ ਨਹੀਂ ਜੋ ਹਿੰਮਤ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕੇ ਕਿ ਕੁਝ ਸਮਾਂ ਲਾਇਬਰੇਰੀ ਲਈ ਵੀ ਜ਼ਰੂਰ ਕੱਢੋ।
ਜਿਸ ਸਮਾਜ ਦਾ ਨੌਜਵਾਨ ਵਰਗ ਕਿਤਾਬਾਂ ਨਾਲ ਜੁੜਿਆ ਹੁੰਦਾ ਹੈ ਉਸ ਸਮਾਜ ਵਿੱਚ ਸੁਨਹਿਰੀ ਭਵਿੱਖ ਦੀ ਉਮੀਦ ਰੱਖੀ ਜਾ ਸਕਦੀ ਹੈ, ਪਰ ਜਿੱਥੇ ਜਨਤਕ ਲਾਇਬਰੇਰੀਆਂ ਹੀ ਨਾ ਹੋਣ, ਜੇ ਹੋਣ ਵੀ ਤਾਂ ਤਰਸਯੋਗ ਹਾਲਤ ਵਿੱਚ, ਤਾਂ ਉਥੇ ਅਸੀਂ ਜ਼ਿਆਦਾ ਸੁਲਝੇ ਹੋਏ ਲੋਕਾਂ ਦੇ ਸਮਾਜ ਦੀ ਆਸ ਨਹੀਂ ਰੱਖ ਸਕਦੇ।
ਲਾਇਬਰੇਰੀ ਦੀ ਉਸਾਰੀ ਅਤੇ ਸਾਂਭ ਸੰਭਾਲ ਲਈ ਬਹੁਤ ਸਾਰੇ ਕਦਮ ਚੁੱਕਣ ਦੀ ਜ਼ਰੂਰਤ ਹੈ। ਜਿਹੜੀਆਂ ਸਰਕਾਰਾਂ ਫੋਨ, ਲੈਪਟਾਪ ਜਾਂ ਅਜਿਹੀਆਂ ਹੋਰ ਨਿੱਕੀਆਂ ਮੋਟੀਆਂ ਚੀਜ਼ਾਂ ਦੇ ਲਾਲਚ ਦੇ ਤੇ ਲਾਰੇ ਲਾ ਕੇ ਵੋਟਾਂ ਮੰਗਦੀਆਂ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਭੁੱਲੇ ਚੁੱਕੇ ਕਿਤੇ ਇਹ ਵੀ ਕਹਿ ਦੇਣ ਕਿ ਹਰ ਪਿੰਡ ਹਰ ਸ਼ਹਿਰ ਵਿੱਚ ਲਾਇਬਰੇਰੀ ਬਣਾਈ ਜਾਵੇਗੀ, ਤਾਂ ਜੋ ਪੜ੍ਹਨ ਦੇ ਸ਼ੌਕੀਨ ਉਹ ਲੋਕ ਜਿਨ੍ਹਾਂ ਕੋਲ ਕਿਤਾਬਾਂ ਖਰੀਦਣ ਦੀ ਗੁੰਜਾਇਸ਼ ਨਹੀਂ ਹੈ, ਇਸਦਾ ਲਾਭ ਉਠਾ ਸਕਣ।
ਨਾਲ ਹੀ ਜਿਨ੍ਹਾਂ ਸ਼ਹਿਰਾਂ-ਪਿੰਡਾਂ ਵਿੱਚ ਲਾਇਬਰੇਰੀਆਂ ਬਣੀਆਂ ਹਨ, ਪਰ ਉਨ੍ਹਾਂ ਦੀ ਸੰਭਾਲ ਨਹੀਂ ਹੈ, ਉਥੋਂ ਦੇ ਵਸਨੀਕਾਂ ਨੂੰ ਲਾਇਬਰੇਰੀ ਨੂੰ ਵੀ ਇੱਕ ਗਿਆਨ ਦਾ ਮੰਦਰ ਸਮਝ ਕੇ ਸਾਂਭ ਸੰਭਾਲ ਕਰ ਲੈਣੀ ਚਾਹੀਦੀ ਹੈ। ਮੋਹਤਬਰਾਂ ਨੂੰ ਚਾਹੀਦਾ ਹੈ ਕਿ ਪਿੰਡ ਤੇ ਸ਼ਹਿਰਾਂ ਦੀ ਸੜਕਾਂ ਤੇ ਹੋਰ ਕੰਮਾਂ ਲਈ ਗ੍ਰਾਂਟਾ ਮੰਗਣ ਵੇਲੇ ਲਾਇਬਰੇਰੀ ਦਾ ਖਿਆਲ ਵੀ ਕਰ ਲਿਆ ਜਾਵੇ। ਮਾਪਿਆਂ ਨੂੰ ਵੀ ਬੱਚਿਆਂ ਨੂੰ ਫੋਨ ਦੇ ਆਹਰੇ ਲਗਾਉਣ ਦੀ ਬਜਾਇ ਲਾਇਬਰੇਰੀ ਵਿੱਚ ਕੁਝ ਸਮਾਂ ਜ਼ਰੂਰ ਲੈ ਕੇ ਜਾਣ।
ਸੋ ਜੇ ਅਸੀਂ ਇੱਕ ਸੁਲਝਿਆ ਹੋਇਆ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਕਿਤਾਬਾਂ ਨਾਲ ਸਾਂਝ ਪਾਉਣੀ ਪਵੇਗੀ। ਕਿਤਾਬਾਂ ਨਾਲ ਜੁੜ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਇੱਕ ਅਜਿਹਾ ਸਮਾਜ ਜੋ ਆਪਣੇ ਅਤੇ ਦੂਸਰਿਆਂ ਦੇ ਹੱਕਾਂ ਪ੍ਰਤੀ ਜਾਗਰੂਕ ਹੋਵੇ, ਇੱਕ ਅਜਿਹਾ ਸਮਾਜ ਜੋ ਫੋਕੇ ਦਿਖਾਵੇ ਤੋਂ ਕੋਹਾਂ ਦੂਰ ਹੋਵੇ ਤੇ ਪਿਆਰ, ਸਤਿਕਾਰ ਤੇ ਮਿਲਵਰਤਣ ਦੀ ਭਾਵਨਾ ਦਾ ਸੁਨੇਹਾ ਦਿੰਦਾ ਹੋਵੇ।
ਸੰਪਰਕ: 97791-18066