ਡਾ. ਕੁਲਦੀਪ ਸਿੰਘ
ਅੱਜ ਦੁਨੀਆ ਭਰ ਦੀ ਹਕੀਕਤ ਇਹ ਹੈ ਕਿ ਪੂੰਜੀਵਾਦ ਦੇ ਵਿਕਾਸ ਮਾਡਲ ਦੇ ਭਿਆਨਕ ਨਤੀਜੇ ਤਬਾਹੀ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ ਜਿਸ ਕਰਕੇ ਆਰਥਿਕਤਾ, ਮਨੁੱਖੀ ਜੀਵਨ, ਸੱਭਿਆਚਾਰ ਅਤੇ ਸਿਆਸਤ ਦੇ ਖੇਤਰ ਵਿਚ ਇਸ ਦੇ ਪ੍ਰਭਾਵ ਦਿਸ ਰਹੇ ਹਨ। ਅਗਸਤ 1944 ਨੂੰ ਨਾਗਾਸਾਕੀ ਅਤੇ ਹੀਰੋਸ਼ੀਮਾ ਉਪਰ ਅਮਰੀਕਾ ਨੇ ਪਰਮਾਣੂ ਬੰਬ ਸੁੱਟੇ ਸਨ ਜਿਨ੍ਹਾਂ ਰਾਹੀਂ ਮਨੁੱਖੀ ਜੀਵਨ ਦੇ ਨਾਲ ਨਾਲ ਕੁਦਰਤੀ ਤਬਾਹੀ ਵੀ ਹੋਈ ਸੀ; ਉਸ ਤੋਂ ਸਮੁੱਚੀ ਮਾਨਵਤਾ ਨੇ ਕੋਈ ਵੀ ਹਾਂਪੱਖੀ ਨਤੀਜਾ ਨਹੀਂ ਸੀ ਕੱਢਿਆ ਬਲਕਿ ਪ੍ਰਸਿੱਧ ਪ੍ਰੋਫੈਸਰ ਬਲਕੇਟ ਨੇ ਬਾਅਦ ਵਿਚ ਕਿਹਾ ਸੀ ਕਿ ਸੀਤ ਯੁੱਧ ਦਾ ਦੌਰ ਪਰਮਾਣੂ ਹਥਿਆਰਾਂ ਦੀ ਦੌੜ ਵਿਚ ਤਬਦੀਲ ਹੋ ਗਿਆ। ਇਸ ਪਿੱਛੋਂ ਦੁਨੀਆ ਦੇ ਵੱਖ ਵੱਖ ਕੋਨਿਆਂ ਉਪਰ ਜਿਹੜੀਆਂ ਵੀ ਜੰਗਾਂ ਲੜੀਆਂ ਗਈਆਂ ਜਾਂ ਹੁਣ ਯੂਕਰੇਨ ਉਪਰ ਹਮਲਾ ਚੱਲ ਰਿਹਾ ਹੈ, ਇਨ੍ਹਾਂ ਵਿਚ ਵੱਡੀਆਂ ਤਾਕਤਾਂ ਦੇ ਤਿਆਰ ਕੀਤੇ ਹਥਿਆਰਾਂ ਦੀ ਬੇਇੰਤਹਾ ਵਰਤੋਂ ਹੋ ਰਹੀ ਹੈ। ਸੰਸਾਰ ਪੂੰਜੀਵਾਦ ਵਿਚ ਪਰਮਾਣੂ ਰਾਜਨੀਤੀ ਆਪਣਾ ਕਰੂਪ ਰੂਪ ਦਿਖਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਇਸ ਦੀ ਭਿਆਨਕਤਾ ਕਿਸੇ ਵੀ ਰੂਪ ਵਿਚ ਸਾਹਮਣੇ ਆ ਸਕਦੀ ਹੈ। ਪਹਿਲਾਂ ਹੀ ਦੁਨੀਆ ਭਰ ਵਿਚ ਵੱਖ ਵੱਖ ਖਿੱਤਿਆਂ ਵਿਚ ਕੁਦਰਤੀ ਸਰੋਤਾਂ ਦੀ ਤਬਾਹੀ ਹੋ ਚੁੱਕੀ ਹੈ। ਪਾਣੀ ਅਤੇ ਹਵਾ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਚੁੱਕੇ ਹਨ। ਕੁਦਰਤ ਦੀਆਂ ਦਾਤਾਂ ਜਿਨ੍ਹਾਂ ਵਿਚ ਜੰਗਲ, ਦਰਿਆ, ਵੰਨ-ਸਵੰਨੇ ਜੀਵ ਜੰਤੂ ਅਤੇ ਕੁਦਰਤੀ ਊਰਜਾ ਦੇਣ ਵਾਲਾ ਬ੍ਰਹਿਮੰਡ ਸੰਕਟ ਵਿਚ ਘਿਰ ਗਿਆ ਹੈ ਜਿਸ ਕਰਕੇ ਦੁਨੀਆ ਦੇ ਵੱਖ ਵੱਖ ਖਿੱਤਿਆਂ ਵਿਚ ਕੈਂਸਰ ਤੋਂ ਲੈ ਕੇ ਦਮੇ ਤੱਕ ਦੇ ਰੋਗ ਫੈਲ ਗਏ ਹਨ। ਨਫ਼ੇ ਲਈ ਵੱਖ ਵੱਖ ਤਰ੍ਹਾਂ ਦੀਆਂ ਰਸਾਇਣਕ ਖਾਧਾਂ ਅਤੇ
ਦਵਾਈਆਂ ਨੇ ਕੁਦਰਤੀ ਵਾਤਾਵਰਨ ਵਿਚ ਨਵੇਂ ਸੰਕਟ ਪੈਦਾ ਕਰ ਦਿੱਤੇ ਹਨ।
ਪੰਜਾਬ ਦੇ ਵਿਕਾਸ ਮਾਡਲ ਵਿਚ ਪਿਛਲੇ ਪੰਜ ਦਹਾਕਿਆਂ ਤੋਂ ਸ਼ੁਰੂ ਹੋਈਆਂ ਵਾਤਾਵਰਨਕ ਤਬਦੀਲੀਆਂ ਹੁਣ ਤਬਾਹੀਆਂ ਦੇ ਰੂਪ ਵਿਚ ਤਬਦੀਲ ਹੋ ਰਹੀਆਂ ਹਨ। ਇਨ੍ਹਾਂ ਦੀਆਂ ਪਰਤਾਂ ਫਰੋਲਣ ਲਈ ‘ਪੰਜਾਬੀ ਟ੍ਰਿਬਿਊਨ’ ਵਿਚ ‘ਵਾਤਾਵਰਨ ਲੜੀ’ ਤਹਿਤ ਪੰਜਾਬ ਦੇ ਵੱਖ ਵੱਖ ਪਹਿਲੂਆਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਵਿਚ ਸਪੱਸ਼ਟ ਦਰਸਾਇਆ ਹੈ ਕਿ ਪੰਜਾਬ ਦੀ ਹੋਂਦ ਜੋ ਖੇਤੀ ਨਾਲ ਸਬੰਧਿਤ ਕੁਦਰਤੀ ਸਰੋਤਾਂ ਉਪਰ ਨਿਰਭਰ ਹੈ, ਉਹ ਜਿਥੇ ਸੰਕਟਗ੍ਰਸਤ ਹੋ ਗਈ ਹੈ, ਉਥੇ ਉਸ ਵਿਚ ਵਾਤਾਵਰਨ ਪੱਖ ਤੋਂ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਜਿਨ੍ਹਾਂ ਵਿਚ ਮਨੁੱਖ ਦਾ ਜਿਊਣਾ ਮੁਸ਼ਕਿਲ ਹੋ ਰਿਹਾ ਹੈ। ਵੱਖ ਵੱਖ ਲਿਖਤਾਂ ਵਿਚ ਤੱਥਾਂ ਸਮੇਤ ਭਰਵਾਂ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਵਿਕਾਸ ਮਾਡਲ ਰਾਹੀਂ ਸਮੁੱਚੇ ਪੰਜਾਬ ਦੀ ਹਾਲਤ ਵਾਤਾਵਰਨ ਪੱਖ ਤੋਂ ਸੰਕਟ ਵਿਚ ਹੈ। ਇਸ ਹਾਂਪੱਖੀ ਜਾਣਕਾਰੀ ਤੋਂ ਅਗਾਂਹ ਇਸ ਵਿਚ ਕਿਸ ਕਿਸਮ ਦੀ ਆਰਥਿਕ, ਸਿਆਸੀ ਅਤੇ ਸਭਿਆਚਾਰਕ ਤਬਦੀਲੀ ਕੀਤੀ ਜਾਵੇ ਤਾਂ ਕਿ ਪੰਜਾਬ ਨੂੰ ਹੋਰ ਸੰਕਟ ਵਿਚ ਘਿਰਨ ਤੋਂ ਬਚਾਇਆ ਜਾਵੇ ਅਤੇ ਇਸ ਦਾ ਬਦਲ ਉਸਾਰਿਆ ਜਾਵੇ।
ਪੰਜਾਬ ਦੀ ਅੱਜ ਦੀ ਹਕੀਕਤ ਇਹ ਵੀ ਹੈ: ਜਿਸ ਤਰ੍ਹਾਂ ਦੁਨੀਆ ਦੇ ਵੱਖ ਵੱਖ ਖਿੱਤਿਆਂ ਵਿਚ ਜੋ ਵੀ ਨਫ਼ੇ ਦੇ ਆਧਾਰ ਉਪਰ ਵਿਕਾਸ ਦੇ ਮਾਡਲ ਚਲਦੇ ਹਨ, ਉਨ੍ਹਾਂ ਵਿਚ ਇਕ ਹਿੱਸਾ ਵੱਡੇ ਪੱਧਰ ’ਤੇ ਹਰ ਕੁਦਰਤੀ ਸਰੋਤ ਤਬਾਹ ਕਰਕੇ ਆਪਣਾ ਸਰਮਾਇਆ ਵਧਾਉਂਦਾ ਹੈ ਅਤੇ ਉਸ ਸਰਮਾਏ ਨੂੰ ਅਗਾਂਹ ਹੋਰ ਵਧਾਉਣ ਲਈ ਕੁਦਰਤੀ ਸਰੋਤਾਂ ਦੀ ਤਬਾਹੀ ਕਰਦਾ ਹੈ। ਪੰਜਾਬ ਵਿਚ ਵੀ ਇਹੀ ਵਾਪਰ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਕੁਦਰਤੀ ਸਰੋਤ, ਵਿਸ਼ੇਸ਼ ਕਰਕੇ ਜ਼ਮੀਨ ਨੂੰ ਵੱਡੀ ਪੱਧਰ ’ਤੇ ਕਾਰਪੋਰੇਟ ਘਰਾਣਿਆਂ ਨੇ ਨਵੀਆਂ ਰਿਹਾਇਸ਼ੀ ਬਿਲਡਿੰਗਾਂ ਉਸਾਰ ਕੇ ਕੁਦਰਤੀ ਸਰੋਤਾਂ ਦੀ ਤਬਾਹੀ ਕੀਤੀ। ਅੰਕੜਿਆਂ ਮੁਤਾਬਕ ਮੁਲਕ ਵਿਚੋਂ ਪੰਜਾਬ ਪਹਿਲਾ ਸੂਬਾ ਹੈ ਜਿਸ ਦਾ ਸ਼ਹਿਰੀਕਰਨ ਸਭ ਤੋਂ ਵੱਧ ਹੋਇਆ ਹੈ; ਜਿਸ ਨੇ ਵੱਡੇ ਪੱਧਰ ’ਤੇ ਕੁਦਰਤੀ ਸਰੋਤਾਂ ਦੇ ਨਾਲ ਨਾਲ ਪਾਣੀ ਦੇ ਸਰੋਤ ਵੀ ਬੇਇੰਤਹਾ ਵਰਤੇ ਹਨ। ਇਸ ਦੇ ਨਾਲ ਹੀ ਪੰਜਾਬ ਦੇ ਪੇਂਡੂ ਖੇਤਰ ਦਾ ਵਿਕਾਸ ਮਾਡਲ ਜਿਸ ਵਿਚ ਮਾਹਿਰਾਂ ਅਨੁਸਾਰ ਇਕੋ ਕਿਸਮ ਦਾ ਪੈਦਾਵਾਰ ਪੈਟਰਨ ਰਿਹਾ ਹੈ, ਉਹ ਵੀ ਤਬਾਹੀ ਦਾ ਕਾਰਨ ਬਣਿਆ ਹੈ। ਇਸ ਨੇ ਧਰਤੀ ਦੀ ਸ਼ਕਤੀ ਨੂੰ ਤਾਂ ਤਬਾਹ ਕੀਤਾ ਹੀ ਹੈ, ਵਾਤਾਵਰਨ ਪੱਖ ਤੋਂ ਵੀ ਤਬਾਹੀ ਮਚਾਈ ਹੈ। ਜਦੋਂ ਅਸੀਂ ਅਜਿਹੀ ਸਥਿਤੀ ਨੂੰ ਆਪਣੇ ਸਨਮੁਖ ਦੇਖ ਰਹੇ ਹਾਂ ਤਾਂ ਉਸ ਵੇਲੇ ਸਮੁੱਚੇ ਪੰਜਾਬ ਦੇ ਵਰਗਾਂ ਦੀ ਨੈਤਿਕ ਤੇ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਿਸ ਵੀ ਖੇਤਰ ਵਿਚ ਸੰਘਰਸ਼ਸ਼ੀਲ ਹਨ, ਉਹ ਵਾਤਾਵਰਨ ਦੇ ਸਵਾਲ ਨੂੰ ਆਪਣਾ ਅਟੁੱਟ ਅੰਗ ਬਣਾਉਣ।
ਜਿਸ ਤਰ੍ਹਾਂ ਵੱਖ ਵੱਖ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਦੀਆਂ ਜਥੇਬੰਦੀਆਂ, ਬਿਜਲੀ ਬੋਰਡ ਦੇ ਕਾਮਿਆਂ ਦੀਆਂ ਲਹਿਰਾਂ, ਕਿਸਾਨਾਂ ਲਈ ਸੰਘਰਸ਼ਸ਼ੀਲ ਯੂਨੀਅਨਾਂ ਆਪੋ-ਆਪਣੇ ਸੰਘਰਸ਼ਾਂ ਦੇ ਨਾਲ ਨਾਲ ਪੰਜਾਬ ਦੇ ਵਾਤਾਵਰਨ ਏਜੰਡੇ ਨੂੰ ਆਪਣੇ ਸੰਘਰਸ਼ ਦਾ ਅਟੁੱਟ ਹਿੱਸਾ ਬਣਾਉਣ। ਇਸ ਤੋਂ ਵੀ ਵਧ, ਭਵਿੱਖ ਵਿਚ ਜਿਸ ਵੀ ਸਿਆਸੀ ਪਾਰਟੀ ਨੇ ਪੰਜਾਬ ਦੇ ਲੋਕਾਂ ਲਈ ਕੋਈ ਸਿਆਸੀ ਵਿਚਾਰ ਜਾਂ ਵਿਚਾਰਧਾਰਾ ਦੇਣੀ ਹੈ, ਉਹ ਆਪਣੇ ਏਜੰਡੇ ਵਿਚ ਪੰਜਾਬ ਦੇ ਵਿਕਾਸ ਮਾਡਲ ਵਿਚ ਵਾਤਾਵਰਨ ਦੀ ਸੁਰੱਖਿਆ ਅਤੇ ਪੰਜਾਬ ਦੀ ਆਰਥਿਕਤਾ ਨੂੰ ਮੁੜ ਤਬਦੀਲ ਕਰਨ ਲਈ ਨਵੀਂ ਯੋਜਨਾਬੰਦੀ ਦਾ ਉਲੇਖ ਕਰੇ। ਪੰਜਾਬ ਜਿਸ ਕਿਸਮ ਦੇ ਸਿਆਸੀ, ਸਮਾਜਿਕ, ਸਭਿਆਚਾਰਕ ਅਤੇ ਵਿਚਾਰਧਾਰਕ ਪਹਿਲੂਆਂ ਤੋਂ ਸੰਕਟ ਹੇਠ ਆਇਆ ਹੈ, ਇਸ ਵਿਚ ਪਹਿਲਕਦਮੀ ਕਰਨ ਲਈ ਮੁੜ ਇਕ ਤਾਕਤਵਰ ਲਹਿਰ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਦੀ ਲਹਿਰ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਵੇਲੇ ਲੜੀ ਗਈ ਸੀ। ਇਹ ਲਹਿਰ ਪੰਜਾਬ ਦੇ ਸ਼ਾਨਦਾਰ
ਵਿਰਸੇ, ਵਿਰਾਸਤ ਅਤੇ ਭਵਿੱਖ ਦੇ ਕਾਰਜਾਂ ਨਾਲ ਜੁੜੀ ਹੋਈ ਹੋਵੇ। ਇਹ ਹਕੀਕਤ ਹੈ ਕਿ ਪੰਜਾਬ ਦੇ ਅਜੋਕੇ ਸੰਕਟ ਦਾ ਹੱਲ ਸਭ ਕੁਝ ਨੂੰ ਨਿੱਜੀ ਹੱਥਾਂ ਵਿਚ ਦੇਣ ਅਤੇ ਮੰਡੀ ਦੀਆਂ ਤਾਕਤਾਂ ਨੂੰ ਖੁੱਲ੍ਹੇ ਰੂਪ ਵਿਚ ਛੱਡਣ ਨਾਲ ਨਹੀਂ ਹੈ।
ਪਿਛਲੇ ਪੰਜ ਦਹਾਕਿਆਂ ਵਿਚ ਵੱਖ ਵੱਖ ਪੱਧਰ ’ਤੇ ਜੋ ਤਬਾਹੀ ਹੋਈ ਹੈ ਜਾਂ ਭਵਿੱਖ ਵਿਚ ਜਿਸ ਦੇ ਹੋਣ ਦਾ ਖ਼ਦਸ਼ਾ ਹੈ, ਉਹ ਪੰਜਾਬ ਦੇ ਸਮੁੱਚੇ ਸਰੋਤ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨੇ ਅਤੇ ਹਰ ਚੀਜ਼ ਦਾ ਨਿੱਜੀਕਰਨ ਹੈ। ਇਸ ਵਿਚ ਸਮਾਜ ਦੇ ਇਕ ਹਿੱਸੇ ਨੇ ਤਾਂ ਬੇਇੰਤਹਾ ਨਫ਼ਾ ਕਮਾਇਆ ਅਤੇ ਅਗਾਂਹ ਉਸ ਨੂੰ ਵਧਾਉਣ ਲਈ ਹਰ ਕਿਸਮ ਦੇ ਕੁਦਰਤੀ ਸਰੋਤਾਂ ਨੂੰ ਤਬਾਹ ਕਰਕੇ ਆਪਣੇ ਸਰਮਾਏ ਦੀ ਤੋਰ ਜਾਰੀ ਰੱਖੀ ਹੈ। ਅੱਜ ਪੰਜਾਬ ਅਜਿਹੀਆਂ ਪੀੜਾਂ ਵਿਚੋਂ ਗੁਜ਼ਰ ਕੇ ਆਰਥਿਕ ਸੰਕਟ ਤੋਂ ਲੈ ਕੇ ਵਾਤਾਵਰਨ ਸੰਕਟ ਵਿਚ ਤਬਦੀਲ ਹੋ ਗਿਆ ਹੈ। ਇਸ ਸਮੇਂ ਜਿਥੇ ਵੱਖ ਵੱਖ ਖੋਜਾਂ ’ਤੇ ਆਧਾਰਿਤ ਵਾਤਾਵਰਨਕ ਸਵਾਲਾਂ ਨੂੰ ਲੈ ਕੇ
ਅੰਕੜੇ ਦਰਸਾਏ ਗਏ ਹਨ, ਉਹ ਪੰਜਾਬ ਦੀ
ਹਕੀਕਤ ਤਾਂ ਬਿਆਨਦੇ ਹਨ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਦੇ ਵਿਕਾਸ ਮਾਡਲ ਦੀ ਨਵੀਂ ਦਿਸ਼ਾ ਕਿਵੇਂ ਅਪਣਾਈ ਜਾਵੇ ਤਾਂ ਕਿ ਸੰਕਟਾਂ ਵਿਚੋਂ
ਉਭਰਿਆ ਜਾ ਸਕੇ।
ਵਾਤਾਵਰਨ ਸੰਕਟ ਦਾ ਬਦਲ ਅਜਿਹੇ ਸਮਾਜਵਾਦੀ ਮਾਡਲ ਵਿਚ ਸੰਭਵ ਹੋ ਸਕਦਾ ਹੈ ਜਿਸ ਵਿਚ ਆਰਥਿਕਤਾ ਲੋਕਾਂ ਦੀਆਂ ਲੋੜਾਂ ਉਪਰ ਆਧਾਰਿਤ ਹੋਵੇ ਨਾ ਕਿ ਮੰਡੀ ਦੀਆਂ ਲੋੜਾਂ ਅਨੁਸਾਰ ਚੱਲੇ। ਸਿਆਸਤ ਦੇ ਸਰੋਕਾਰ ਬਹੁਗਿਣਤੀ ਜਨ ਸਮੂਹ ਦੀਆਂ ਬੁਨਿਆਦੀ ਲੋੜਾਂ ਹੋਣ ਜਿਨ੍ਹਾਂ ਵਿਚ ਲੋਕਾਂ ਦੀ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਉਨ੍ਹਾਂ ਲਈ ਜੀਵਨ ਦੀ ਹਰ ਪੱਖ ਤੋਂ ਸੁਰੱਖਿਆ ਮੁੱਖ ਹੋਵੇ। ਪੰਜਾਬ ਦੇ ਸਮੁੱਚੇ ਸਰਮਾਏ ਦੀ ਵਰਤੋਂ ਉਨ੍ਹਾਂ ਖੇਤਰਾਂ ਲਈ ਕੀਤੀ ਜਾਵੇ ਜਿਹੜੇ ਪੰਜਾਬ ਦੇ ਵਿਕਾਸ ਮਾਡਲ ਨੂੰ ਸਮੁੱਚੇ ਰੂਪ ਵਿਚ ਰੇਖਾਂਕਤ ਕਰਦੇ ਹੋਣ। ਇਸ ਕਾਰਜ ਦੀ ਪੂਰਤੀ ਲਈ ਵੱਖ ਵੱਖ ਖੇਤਰਾਂ ਦੇ ਵਿਦਵਾਨਾਂ ਨੂੰ ਇਕਜੁਟ ਹੋ ਕੇ ਜਿਥੇ ਵਿਚਾਰਧਾਰਕ ਬਦਲ ਉਸਾਰਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ, ਉਥੇ ਸਮੁੱਚੇ ਸੰਘਰਸ਼ਸ਼ੀਲ ਹਿੱਸਿਆਂ ਨੂੰ ਨਾਲ ਜੋੜ ਕੇ ਵੱਖ ਵੱਖ ਖੇਤਰਾਂ ਵਿਚ ਪਹਿਲਕਦਮੀ ਕਰਨੀ ਚਾਹੀਦੀ ਹੈ। ਇਹ ਅਜੋਕੇ ਪੰਜਾਬ ਦੀ ਅਣਸਰਦੀ ਲੋੜ ਹੈ। ਜੇ ਅਸੀਂ ਸਿਰਫ਼ ਤੇ ਸਿਰਫ਼ ਸੰਕਟਾਂ ਦੀ ਗੱਲ ਕਰਦੇ ਰਹਾਂਗੇ, ਉਨ੍ਹਾਂ ਨੂੰ ਸਮਝਦੇ ਰਹਾਂਗੇ, ਕੋਈ ਕਾਰਜ ਨਹੀਂ ਕਰਾਂਗੇ ਤਾਂ ਇਹ ਸੰਕਟ ਹੋਰ ਗੰਭੀਰ ਹੋ ਜਾਣਗੇ। ਇਹ ਪੰਜਾਬ ਲਈ ਭਿਆਨਕ ਨਤੀਜੇ ਲਿਆ ਸਕਦੇ ਹਨ। ਇਸ ਸਮੇਂ ਪੰਜਾਬ ਮੁੜ ਸ਼ਾਨਦਾਰ ਲਹਿਰ ਦੀ ਮੰਗ ਕਰਦਾ ਹੈ ਜਿਹੜੀ ਵੱਖ ਵੱਖ ਖੇਤਰਾਂ ਵਿਚ ਦੁਨੀਆ ਦੇ ਸ਼ਾਨਦਾਰ ਨਤੀਜਿਆਂ ਤੋਂ ਸਬਕ ਲੈ ਕੇ ਉਨ੍ਹਾਂ ਨੂੰ ਵਰਤੋਂ ਵਿਚ ਲਿਆ ਕੇ ਲੜੀ ਜਾਵੇ। ਅਜਿਹੀ ਪਹਿਲਕਦਮੀ ਤੋਂ ਬਿਨਾਂ ਪੰਜਾਬ ਦਾ ਕੋਈ ਵੀ ਭਲਾ ਨਹੀਂ ਹੈ।
ਸੰਪਰਕ: 98151-15429