ਡਾ. ਸ਼ਿਆਮ ਸੁੰਦਰ ਦੀਪਤੀ
ਨਸ਼ਿਆਂ ਦੇ ਮੁੱਦੇ ਨੇ ਪੰਜਾਬ ਦੀ ਸਿਆਸਤ ਨੂੰ ਉਥਲ ਪੁਥਲ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਅਕਾਲੀਆ ਤੋਂ ਕਾਂਗਰਸੀ ਅਤੇ ਹੁਣ ਕਾਂਗਰਸ ਤੋਂ ਆਮ ਆਦਮੀ ਪਾਰਟੀ ਇਸੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਦੇ ਰਹੇ ਹਨ ਤੇ ਜਿੱਤੇ ਹਨ। ਮੁੱਦਾ ਹੈ ਹੀ ਇਸ ਕਿਸਮ ਦਾ ਜੋ ਸਮਾਜ ਨੂੰ ਖੋਖਲਾ ਤਾਂ ਕਰਦਾ ਹੀ ਹੈ ਤੇ ਵਿਸ਼ੇਸ਼ ਕਰਕੇ ਜਦੋਂ ਇਸ ਨਾਲ ਨੌਜਵਾਨ ਆ ਜੁੜਦੇ ਹਨ ਤੇ ਇਸ ਦਾ ਪਸਾਰ ਵੱਧ ਜਾਂਦਾ ਹੈ।
ਆਮ ਆਦਮੀ ਪਾਰਟੀ ਆਪਣੇ ਮੁੱਦਿਆਂ ਵਿਚ ਸਿਹਤ ਨੂੰ ਮੁਹਰਲੀ ਥਾਂ ’ਤੇ ਰੱਖਦੀ ਆਈ ਹੈ, ਉਹ ਹਰ ਸਭਾ ਵਿਚ ਦਿੱਲੀ ਦੇ ਸਿਹਤ ਮਾਡਲ ਦੀ ਗੱਲ ਕਰਦੇ ਹਨ, ਜਿਥੇ ਉਨ੍ਹਾਂ ਦਾ ਮੁਹੱਲਾ ਕਲੀਨਿਕ ਦਾ ਤਜਰਬਾ ਨਵੀਂ ਗੱਲ ਸੀ। ਨਸ਼ੇ ਦਾ ਇਕ ਰਿਸ਼ਤਾ ਸਿਹਤ ਨਾਲ ਵੀ ਹੈ। ਆਪਣੀ ਉਤਸ਼ਾਹਜਨਕ ਸਕੀਮ ਦੇ ਤਹਿਤ ਆਮ ਆਦਮੀ ਪਾਰਟੀ ਦੇ ਕਾਰਕੁਨ ਅਤੇ ਜੇਤੂ ਉਮੀਦਵਾਰ, ਸੱਤਾ ਵਿੱਚ ਆਉਣ ਤੋਂ ਬਾਅਦ, ਹਸਪਤਾਲਾਂ ਵਿਚ ਗਏ ਵੀ, ਨਾਲ ਹੀ ਸਰਕਾਰ ਵੱਲੋਂ ਇਹ ਚਿੱਠੀ ਆਈ ਕਿ ਕੋਈ ਵੀ ਟੈਸਟ ਬਾਹਰ ਦਾ ਨਾ ਲਿਖਿਆ ਜਾਵੇ ਤੇ ਦਵਾਈਆਂ ਵੀ ਹਸਪਤਾਲੋਂ ਮੁਹੱਈਆ ਹੋਣ। ਸਿਹਤ ਵਿਵਸਥਾ ਨੂੰ ਲੈ ਕੇ ਇਹ ਵੀ ਇਕ ਠੋਸ ਮੁੱਦਾ ਹੈ, ਲੋਕਾਂ ਨਾਲ ਜੁੜਿਆ ਮੁੱਦਾ, ਜਿਸ ਨੂੰ ਲੈ ਕੇ ਡਾਕਟਰ ਜਾਂ ਹੋਰ ਸਿਹਤਕਾਮੇ ਨਿਸ਼ਾਨੇ ’ਤੇ ਰਹਿੰਦੇ ਹਨ।
ਨਸ਼ੇ, ਸਿਹਤ ਨਾਲ ਜੁੜੇ ਹੋਣ ਦੇ ਬਾਵਜੂਦ, ਵਿਸ਼ੇਸ਼ ਤੌਰ ’ਤੇ ਸਮਝਣ ਅਤੇ ਨਜਿੱਠੇ ਜਾਣ ਦੀ ਮੰਗ ਕਰਦਾ ਹੈ। ਇਹ ਸਮੱਸਿਆ, ਸਹੀ ਅਰਥਾਂ ਵਿਚ, ਮੈਡੀਕਲ ਤੋਂ ਵੱਧ ਸਮਾਜਿਕ ਸਮੱਸਿਆ ਹੈ। ਇਸ ਨੂੰ ਜੇਕਰ 10-90 ਦੇ ਅਨੁਪਾਤ ਵਿਚ ਸਮਝੀਏ ਤਾਂ ਮੈਡੀਕਲ ਦਾ ਹਿੱਸਾ ਸਿਰਫ਼ ਦਸ ਫੀਸਦੀ ਹੈ, ਜਦੋਂਕਿ ਨਸ਼ੱਈ (ਬਿਮਾਰ) ਨੂੰ ਕਿਸੇ ਹਸਪਤਾਲ ਜਾਂ ਨਸ਼ਾ ਛਡਾਊ ਮਾਹਿਰ ਦੀ ਲੋੜ ਪੈਂਦੀ ਹੈ। ਉਸ ਦਾ ਕੰਮ ਵੀ ਸਰੀਰ ਵਿਚ ਨਸ਼ੇ ਦੇ ਪ੍ਰਭਾਵ ਨੂੰ ਘੱਟ ਕਰਨਾ ਹੈ ਤਾਂ ਜੋ ਵਿਅਕਤੀ ਨੂੰ ਨਸ਼ਾ ਛੱਡਣ ਦੇ ਰਾਹ ਪਾਇਆ ਜਾ ਸਕੇ। ਅਸਲੀ ਅਤੇ ਪ੍ਰਭਾਵਸ਼ਾਲੀ ਨਤੀਜਾ ਦੇਣ ਵਾਲਾ ਕੰਮ ਤਾਂ ਬਾਅਦ ਵਿੱਚ ਸ਼ੁਰੂ ਹੁੰਦਾ ਹੈ। ਕਈ ਅਧਿਐਨ ਇਹ ਦੱਸਦੇ ਹਨ ਕਿ ਨਸ਼ਾ ਛੱਡਣ ਤੋਂ ਬਾਅਦ, ਦੁਬਾਰਾ ਸ਼ੁਰੂ ਕਰਨ ਦੀ ਤਦਾਦ 80-85 ਫ਼ੀਸਦੀ ਹੈ। ਇਸ ਲਈ ਉਹ ਮਾਹਿਰ ਇਸ ਨਤੀਜੇ ’ਤੇ ਪਹੁੰਚਦੇ ਹਨ ਕਿ ਨਸ਼ਾ ਛੱਡਣਾ ਬਹੁਤ ਮੁਸ਼ਕਿਲ ਹੈ। ਦਰਅਸਲ ਜਿੰਨਾ ਜ਼ੋਰ ਦੂਸਰੇ ਪੱਖ ’ਤੇ ਲਗਾਉਣ ਦੀ ਲੋੜ ਚਾਹੀਦੀ ਹੈ, ਉਹ ਨਹੀਂ ਲਗਦਾ ਜੋ ਕਿ ਔਖਾ ਵੀ ਹੈ ਤੇ ਸਮਾਂ ਵੀ ਮੰਗਦਾ ਹੈ ਤੇ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ।
ਇਸ ਲਈ ਨਸ਼ਿਆਂ ਦੇ ਮੁੱਦੇ ਨੂੰ ਵੱਖਰੇ ਤੌਰ ’ਤੇ ਲੈਣ ਦੀ ਲੋੜ ਹੈ ਭਾਵੇਂ ਕਿ ਨਸ਼ਾ ਛੁਡਾਓ ਕੇਂਦਰ ਬਣ ਰਹੇ ਹਨ ਅਤੇ ਪੁਲੀਸ ਮਹਿਕਮੇ ਵਿਚ ਵੀ ਇਸ ਦਾ ਇਕ ਵੱਖਰਾ ਹੀ ਵਿਭਾਗ ਹੈ ਪਰ ਇਨ੍ਹਾਂ ਪੱਖਾਂ ਤੋਂ ਇਲਾਵਾ ਵੀ ਹੋਰ ਪਹਿਲੂਆਂ ਨੂੰ ਜੋੜਣ ਦੀ ਲੋੜ ਹੈ, ਜਿਵੇਂ ਪਰਿਵਾਰ ਅਤੇ ਸਕੂਲ। ਇਸ ਤੋਂ ਵੀ ਮਹੱਤਵਪੂਰਨ ਹੈ ਨੌਜਵਾਨਾਂ ਨੂੰ ਕਿਸੇ ਕੰਮ ਰੁਝੇਵੇਂ ਵਿਚ ਲਗਾਉਣ ਦਾ ਪ੍ਰੋਗਰਾਮ।
ਨਸ਼ਿਆਂ ਨੂੰ ‘ਡਿਮਾਂਡ ਅਤੇ ਸਪਲਾਈ’ ਨਾਲ ਜੋੜ ਕੇ ਸੋਚਣ ਅਤੇ ਨੀਤੀ ਬਣਾਉਣ ਤੱਕ ਮਹਿਦੂਦ ਕਰਨਾ ਵੀ, ਨਸ਼ਿਆਂ ਪ੍ਰਤੀ ਪੂਰੀ ਸਮਝ ਦਾ ਪ੍ਰਗਟਾਵਾ ਨਹੀਂ ਹੈ। ਗੱਲ ਇਹ ਹੋਈ ਕਿ ਬਾਜ਼ਾਰ ਵਿਚ ਨਸ਼ੇ ਦੀ ਮੰਗ ਹੈ। ਮਤਲਬ ਲੋਕ ਨਸ਼ੇ ਬਗੈਰ ਰਹਿ ਨਹੀਂ ਸਕਦੇ। ਇਸ ਲਈ ਉਹ ਨਸ਼ਿਆਂ ਲਈ ਮੂੰਹ ਮੰਗੇ ਪੈਸੇ ਦੇਣ ਨੂੰ ਵੀ ਤਿਆਰ ਰਹਿੰਦੇ ਹਨ। ਸ਼ਰਾਬ ਉਪਰ ਹਰ ਸਾਲ ਹੀ ਟੈਕਸ ਵਧਦਾ ਹੈ ਤੇ ਖਜ਼ਾਨਾ ਭਰਿਆ ਜਾਂਦਾ ਹੈ। ਲੋਕ ਵਿਰੋਧ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ। ਇਥੇ ਸਵਾਲ ਹੈ ਕਿ ਉਹ ਮੰਗ ਪੈਦਾ ਕਿਵੇਂ ਹੋਈ, ਕਿਸ ਨੇ ਕੀਤੀ? ਹੁਣ ਜੇਕਰ ਸਮੈਕ, ਹੈਰੋਇਨ, ਕੈਮੀਕਲ ਨਸ਼ਿਆਂ ਦੀ ਗੱਲ ਕਰੀਏ ਤਾਂ ਉਹ ਗੈਰਕਾਨੂੰਨੀ ਹਨ ਤੇ ਗੈਰ ਸਮਾਜਿਕ ਵੀ। ਉਹ ਅਜਿਹੇ ਭੇੜੇ ਨਸ਼ੇ ਹਨ ਕਿ ਲਤ ਲੱਗਣ ਪਿਛੋਂ ਨਾ ਮਿਲਣ ਤਾਂ ਬੰਦਾ ਮਰਨ ਤਕ ਜਾ ਪਹੁੰਚਦਾ। ਅੰਦਾਜ਼ਾ ਲਗਾਓ ਕਿ ਹੈਰੋਈਨ ਦੇ ਟੀਕੇ, ਜਿੰਨੇ ਇਕ ਦਿਨ ਲਈ ਚਾਹੀਦੇ ਹੁੰਦੇ ਹਨ 1500 ਤੋਂ 2000 ਰੁਪਏ ਦੇ ਮਿਲਦੇ ਹਨ। ਇਹ ਸਾਰੀ ਕਮਾਈ, ਬਾਜ਼ਾਰ ਵਿਚ ਇਸ ਦਾ ਮਿਲਣਾ, ਕਾਲਾਧਨ ਹੈ ਨਾ ਕਿ ਸਰਕਾਰ ਦੇ ਖਜ਼ਾਨੇ ਭਰਨ ਵਾਲਾ।
ਇਸ ਸੰਦਰਭ ਵਿਚ ਨਸ਼ੇ ਅਤੇ ਨੌਜਵਾਨ ਦੀ ਗੱਲ, ਇਕ ਮਹੱਤਵਪੂਰਨ ਪਹਿਲੂ ਸਾਹਮਣੇ ਲਿਆਉਂਦੀ ਹੈ ਤੇ ਮੁੱਦੇ ਨੂੰ ਗੰਭੀਰ ਮੋੜ ’ਤੇ ਲਿਆ ਖੜ੍ਹਾ ਕਰਦੀ ਹੈ। ਨਸ਼ੇ ਸਮਾਜ ਦੇ ਹਰ ਵਰਗ, ਔਰਤਾਂ ਅਤੇ ਬੱਚਿਆਂ ਨੂੰ ਕਾਫੀ ਹੱਦ ਤੱਕ ਛੱਡ ਕੇ ਪ੍ਰਭਾਵਿਤ ਕਰਦਾ ਹੈ ਪਰ ਉਸ ਵਿਚੋਂ ਵੀ ਬਹੁਗਿਣਤੀ 16 ਤੋਂ 35 ਸਾਲ ਦੇ ਵਰਗ ਦੇ ਨੌਜਵਾਨਾਂ ਦੀ ਹੈ। ਇਸ ਉਮਰ ਦੇ ਬਹੁਤੇ ਲੋਕ ਪੜ੍ਹ ਰਹੇ ਹੁੰਦੇ ਹਨ, ਵਿਦਿਆਰਥੀ ਜੋ ਕਿ ਇਕ ਸੁਪਨੇ ਨਾਲ ਅੱਗੇ ਵੱਧ ਰਹੇ ਹੁੰਦੇ ਹਨ। ਉਨ੍ਹਾਂ ਦੀ ਟੇਕ ਭਵਿੱਖ ’ਤੇ ਹੁੰਦੀ ਹੈ। ਹੋਰ ਲੋਕ ਹਨ, ਜੋ ਕੰਮ ਦੇ ਤਲਾਸ਼ ਵਿਚ ਭਟਕ ਰਹੇ ਹਨ, ਜੋ ਆਪਣੀ ਯੋਗਤਾ ਮੁਤਾਬਕ ਕੰਮ ਨਹੀਂ ਕਰਦੇ ਸਗੋਂ ਗੁਜ਼ਾਰੇ ਜੋਗਾ ਜੁਗਾੜ ਕਰਦੇ, ਇਕ ਪ੍ਰੇਸ਼ਾਨੀ ਵਾਲੀ ਜ਼ਿੰਦਗੀ ਜੀ ਰਹੇ ਹੁੰਦੇ ਹਨ। ਇਹ ਵਰਗ ਅਸਲ ਵਿਚ ਸਮਾਜ ਦਾ ਕਮਾਉ ਵਰਗ ਹੈ। ਪਰਿਵਾਰ ਦਾ ਸਹਾਰਾ ਹੈ ਤੇ ਦੇਸ਼ ਦੇ ਆਰਥਿਕ ਵਿਕਾਸ ਵਿਚ ਹਿੱਸਾ ਪਾਉਣ ਵਾਲਾ। ਇਹ ਦੇਖਣ ਵਿਚ ਆਇਆ ਹੈ ਕਿ ਮਾੜਾ ਮੋਟਾ ਕੰਮ ਕਰਕੇ, ਉਹ ਜੋ ਵੀ ਕਮਾਉਂਦਾ ਹੈ, ਨਸ਼ੇ ਵਿਚ ਲਾ ਦਿੰਦਾ ਹੈ ਤੇ ਜੋ ਨੌਜਵਾਨ ਇਸ ਵਿਚ ਲਾ ਦਿੱਤੇ ਜਾਂਦੇ ਹਨ, ਉਹ ਫਿਰ ਆਪਣੀ ਲਤ ਪੂਰੀ ਕਰਨ ਲਈ ਲੁੱਟਾ-ਖੋਹਾਂ ਵਾਲੇ ਪਾਸੇ ਵੀ ਲਗ ਜਾਂਦੇ ਹਨ। ਇਸ ਤਰ੍ਹਾਂ ਇਹ ਇਕ ਦੂਰ ਚੱਕਰ ਹੈ, ਜਿਸ ਵਿਚ ਨੌਜਵਾਨ ਪ੍ਰੇਸ਼ਾਨ, ਬੇਚੈਨ ਕੀਤੇ ਜਾਂਦੇ ਹਨ, ਫਿਰ ਨਸ਼ਿਆਂ ਵੱਲ ਮੋੜੇ ਜਾਂਦੇ ਹਨ ਤੇ ਉਨ੍ਹਾਂ ਨੂੰ ਇਸ ਦਾ ਹਿੱਸਾ ਬਣਾਇਆ ਜਾਂਦਾ ਹੈ।
ਸਮੈਕ ਹੈਰੋਇਨ ਵਰਗੇ ਨਸ਼ਿਆਂ ਜਾਂ ਇਸੇ ਤਰ੍ਹਾਂ ਦਾ ਹੁਲਾਰਾ ਦੇਣ ਵਾਲੇ ਕੁਝ ਹੋਰ ਰਸਾਈਣਿਕ ਨਸ਼ੇ ਬਾਜ਼ਾਰ ਵਿਚ ਉਤਾਰੇ ਜਾਂਦੇ ਹਨ। ਇਹ ਉਤਾਰਨੇ ਇੰਨੇ ਆਸਾਨ ਹਨ ਕਿ ਘਰੇ-ਕਾਲਜ ਕੈਂਪਸ ਤਕ ਪਹੁੰਚ ਜਾਂਦੇ ਹਨ। ਕਈਆਂ ਨੂੰ ਤਜਰਬੇ ਦੇ ਨਾਂ ’ਤੇ ਤਿਆਰ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਨਸ਼ਿਆਂ ਦਾ ਇਕ ਵਾਰੀ ਸੇਵਨ ਵੀ, ਵਿਅਕਤੀ ਨੂੰ ਇਨ੍ਹਾਂ ਨਸ਼ਿਆਂ ਦੇ ਪਿੱਛੇ ਲਗਾ ਸਕਦਾ ਹੈ। ਇਸ ਲਈ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਦਸਣ ਸਮਝਾਉਣ ਦੀ ਲੋੜ ਹੈ ਕਿ ਕਿਸੇ ਦੇ ਬਹਿਕਾਵੇ ਵਿਚ ਆ ਕੇ, ਇਸ ਦਾ ਤਜਰਬਾ ਵੀ ਨਾ ਕਰਨ।
ਨਸ਼ੇ ਅਤੇ ਨੌਜਵਾਨੀ, ਇਕ ਪਹਿਲੂ ਹੈ। ਇਸ ਦੇ ਨਾਲ ਹੀ ਰਲਦਾ, ਨੌਜਵਾਨਾਂ ਦਾ ਪਰਵਾਸ ਹੈ। ਇਹ ਗੱਲ ਕਹਿਣੀ ਵਧੀਆ ਹੈ ਕਿ ਪੰਜਾਬ ਨੂੰ ਅਜਿਹਾ ਮਾਹੌਲ ਦਿਆਂਗੇ ਕਿ ਵਿਦੇਸ਼ ਤੋਂ ਲੋਕੀਂ ਇਥੇ ਆ ਕੇ ਰਹਿਣਾ ਚਾਹੁੰਣਗੇ। ਚੰਗੀ ਮੰਸ਼ਾ ਹੈ ਤੇ ਪੂਰੀ ਹੋਣ ਦੀ ਆਸ ਕਰਦੇ ਹਾਂ ਪਰ ਫਿਲਹਾਲ, ਪੰਜਾਬ ਦਾ ਮਾਹੌਲ ਹੀ, ਖਾਸ ਕਰ ਨਸ਼ੇ ਹੀ ਨੌਜਵਾਨਾਂ ਨੂੰ ਪੰਜਾਬ ਛੱਡਣ ਦੇ ਰਾਹ ਪਾ ਰਹੇ ਹਨ। ਭਾਵੇਂ ਕਿ ਬਾਹਰ ਜਾਣ ਦਾ ਪੈਂਡਾ ਵੀ ਕੋਈ ਆਸਾਨ ਨਹੀਂ ਹੈ ਪਰ ਮਾਪੇ ਵੀ ਸੋਚਦੇ ਹਨ ਕਿ ਇਸ ਨਸ਼ਿਆਂ ਦੀ ਦਲਦਲ ਵਿਚੋਂ ਬਚ ਕੇ ਬਾਹਰ (ਵਿਦੇਸ਼) ਚਲਾ ਜਾਵੇ।
ਇਸ ਤਰ੍ਹਾਂ ਨਸ਼ੇ ਦੀ ਸਮੱਸਿਆ ਬਹੁ-ਪਰਤੀ ਹੈ। ਇਹ ਬਿਮਾਰੀ ਅਤੇ ਇਲਾਜ (ਨਸ਼ਾ ਛੁਡਾਉ ਕੇਂਦਰਾਂ ਨੂੰ ਵਧੀਆ ਅਤੇ ਸਹੂਲਤ ਭਰਪੂਰ ਬਣਾਉਣਾ) ਤਕ ਹੀ ਸੀਮਤ ਨਹੀਂ ਹੈ।
ਜੇਕਰ ਇਸ ਨੂੰ ਸਮਝਣਾ ਤੇ ਇਸ ਨਾਲ ਨਜਿੱਠਣਾ ਹੈ ਤਾਂ ਇਸ ਦੇ ਤਿੰਨ ਪਹਿਲੂ ਹਨ। ਨਸ਼ਿਆਂ ਦਾ ਮਿਲਣਾ, ਬੇਚੈਨ ਪ੍ਰੇਸ਼ਾਨ ਨੌਜਵਾਨ ਜਾਂ ਹੋਰ ਵਿਅਕਤੀ ਅਤੇ ਨਸ਼ਿਆਂ ਵੱਲ ਧੱਕਣ ਵਾਲਾ ਮਾਹੌਲ। ਇਸ ਤਰੀਕੇ ਨਾਲ ਸਮਝਣ ਦਾ ਇਕ ਫਾਇਦਾ ਇਹ ਹੈ ਕਿ ਜੇਕਰ ਪੂਰੀ ਤਨਦੇਹੀ ਨਾਲ ਇਕ ਪੱਖ ’ਤੇ ਵੀ ਨਿੱਠ ਕੇ ਕੰਮ ਹੋਵੇ ਤਾਂ ਸਮੱਸਿਆ ਦੂਰ ਹੋ ਸਕਦੀ ਹੈ।
ਕਹਿਣ ਤੋਂ ਭਾਵ ਨਸ਼ੇ ਹੀ ਨਾ ਹੋਣ, ਸ਼ਰਾਬ ਸਿਗਰੇਟ ਤੋਂ ਲੈ ਕੇ ਹੋਰ ਵੱਡੇ ਨਸ਼ੇ। ਸਾਡੇ ਲੋਕ, ਵਿਸ਼ੇਸ਼ ਕਰ ਨੌਜਵਾਨ ਬੇਚੈਨ ਪ੍ਰੇਸ਼ਾਨ ਨਾ ਹੋ ਕੇ, ਮਾਨਸਿਕ ਤੌਰ ’ਤੇ ਤਾਕਤਵਰ ਹੋਣ ਤਾਂ ਜੋ ਨਸ਼ੇ ਹੋਣ ਦੇ ਬਾਵਜੂਦ ਇਸਤੇਮਾਲ ਨਾ ਕਰਨ। ਪਰਿਵਾਰ, ਸਕੂਲ ਅਤੇ ਸਮਾਜ ਦਾ ਵਾਤਾਵਰਨ ਅਜਿਹਾ ਹੋਵੇ ਕਿ ਨੌਜਵਾਨਾਂ ਨੂੰ ਕਿਸੇ ਵੀ ਮੁਸੀਬਤ ਵੇਲੇ ਹੱਲਾ ਸ਼ੇਰੀ ਦੇਵੇ, ਉਨ੍ਹਾਂ ਨੂੰ ਨਿਰਾਸ਼ਾ ਵੱਲ ਨਾ ਜਾਣ ਦੇਵੇ। ਉਨ੍ਹਾਂ ਨੂੰ ਲੱਗੇ ਕਿ ਸਾਡੀ ਪਿੱਠ ’ਤੇ ਕੋਈ ਹੱਥ ਰੱਖਣ ਵਾਲਾ ਮੌਜੂਦ ਹੈ।
ਉਂਜ ਜਿਵੇਂ ਕਿਹਾ ਕਿ ਕਿਸੇ ਇਕ ਪੱਖ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇ ਪਰ ਲੱਗਦਾ ਹੈ ਕਿ ਤਾਣਾ ਬਾਣਾ ਇੰਨਾ ਉਲਝਿਆ ਹੈ ਕਿ ਫਿਲਹਾਲ ਇਕ ’ਤੇ ਕੰਮ ਕਰਨ ਦੀ ਗੁੰਜਾਇਸ਼ ਅਤੇ ਸਮਾਜ, ਸਰਕਾਰ ਦੀ ਚਾਹਤ ਸਪੱਸ਼ਟ ਨਜ਼ਰ ਨਹੀਂ ਆਉਂਦੀ ਪਰ ਇਕ ਛੋਟੀ ਜਿਹੀ ਇਕਾਈ (ਪਿੰਡ ਪੱਧਰੀ) ਇਹ ਬਹੁਪਰਤੀ ਕੋਸ਼ਿਸ਼ ਕਰਕੇ ਦੇਖੀ ਜਾ ਸਕਦੀ ਹੈ ਤੇ ਨਤੀਜੇ ਮਿਲ ਸਕਦੇ ਹਨ।
ਇਸ ਦੇ ਕੁਝ ਇਹ ਧਿਰਾਂ ਹਨ, ਜਿਨ੍ਹਾਂ ਨੂੰ ਨਾਲ ਲੈ ਕੇ ਵਿਉਂਤ ਬਣਾਉਣ ਦੀ ਲੋੜ ਹੈ।
-ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਦੀ ਪਛਾਣ
-ਨਸ਼ੇ ਵਿਚ ਗ੍ਰਿਫਤ ਹੋਣ ਦੀ ਉਮਰ ਅਤੇ ਪੜਾਅ ਵਿਚ ਲੰਘ ਰਹੇ ਨੌਜਵਾਨ
-ਨਸ਼ਾ ਵੇਚਣ ਵਾਲੇ, ਘਰ ਤੱਕ ਮੁਹੱਈਆ ਕਰਵਾਉਣ ਵਾਲੇ ਲੋਕ
-ਨਸ਼ਾ ਵੇਚਣ ਵਾਲਿਆਂ ਨੂੰ ਸ਼ੈਅ ਦੇਣ ਵਾਲੇ ਲੋਕ
-ਨਾਜ਼ੁਕ ਪੜਾਅ ਵਿਚ ਨਿਕਲ ਰਹੇ ਬੱਚਿਆਂ ਦੇ ਮਾਪੇ
-ਨਾਜ਼ੁਕ ਪੜਾਅ (15-16 ਸਾਲ), ਨੌਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸਕੂਲ ਦੇ ਅਧਿਆਪਕ।
-ਕੁਝ ਫ਼ਿਕਰਮੰਦ ਲੋਕ, ਸਮਾਜ ਸੇਵੀ
ਇਨ੍ਹਾਂ ਸਾਰੇ ਵਰਗਾਂ ’ਤੇ ਕੰਮ ਕਰਨ ਦੀ ਲੋੜ ਹੈ। ਪਹਿਲੇ ਪੜਾਅ ਵਿਚ, ਜੋ ਪਿੰਡ ਚਾਹੁੰਦਾ ਹੋਵੇ ਕਿ ਉਹ ਨਸ਼ਾ ਮੁਕਤ ਹੋਣਾ ਚਾਹੁੰਦਾ ਹੈ (ਵੈਸੇ ਤਾਂ ਸ਼ਰਾਬ ਵੀ ਸ਼ਾਮਲ ਹੋਵੇ), ਫਿਲਹਾਲ ਸ਼ਰਾਬ ਦੇ ਸਭਿਆਚਾਰਕ ਪੱਖ ਨੂੰ ਦੇਖਦੇ ਹੋਏ, ਇਸ ਨੂੰ ਪਾਸੇ ਰੱਖ ਦੇਈਏ ਤਾਂ ਜੋ ਨਸ਼ੇ ਦੇ ਆਦੀ ਹੋ ਚੁੱਕੇ ਹਨ, ਉਹ ਪਿੰਡ ਦੀ ਦੇਖ-ਰੇਖ ਵਿਚ ਨਸ਼ਾ ਛੁਡਾਉਣ ਲਈ ਪ੍ਰੇਰੇ ਜਾਣ ਤੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਇਆ ਜਾਵੇ।
ਨਾਜ਼ੁਕ ਉਮਰ ਵਿਚ ਲੰਘ ਰਹੇ ਬੱਚਿਆਂ ਨੂੰ, ਜ਼ਿੰਦਗੀ ਵਿਚ ਤਨਾਅ, ਬੇਚੈਨੀ, ਪ੍ਰੇਸ਼ਾਨੀ ਬਾਰੇ ਦੱਸ ਕੇ, ਉਨ੍ਹਾਂ ਨਾਲ ਸਿਹਤਮੰਦ ਤਰੀਕੇ ਨਾਲ ਨਜਿੱਠਣ ਦੀ ਤਰਕੀਬ ਤੋਂ ਜਾਣੂ ਕਰਵਾਇਆ ਜਾਵੇ। ਇਸ ਦੇ ਲਈ ਅਧਿਆਪਕ ਵੀ ਅੱਗੇ ਆ ਸਕਦੇ ਹਨ ਜਾਂ ਕੁਝ ਮਾਹਿਰਾਂ ਨੂੰ ਬੁਲਾ ਕੇ ਕੌਂਸਲਿੰਗ ਹੋ ਸਕਦੀ ਹੈ।
ਨਸ਼ੇ ਵੇਚਣ ਵਾਲਿਆਂ ਦੀ ਨਿਸ਼ਾਨਦੇਹੀ ਕਰਕੇ, ਉਨ੍ਹਾਂ ਨੂੰ ਪਿੰਡ ਵਿਚ ਵੜਣ ਤੋਂ ਰੋਕਿਆ ਜਾਵੇ। ਸਾਰੇ ਲੋਕ ਰਲ ਕੇ, ਪਿੰਡ ’ਤੇ ਨਾਕਾ ਲਗਾ ਸਕਦੇ ਹਨ ਤੇ ਵਾਰੀ ਵਾਰੀ ਆਪਣੀ ਜ਼ਿੰਮੇਵਾਰੀ ਨਾਲ ਇਸ ਦੇ ਲਈ ਅੱਗੇ ਆ ਸਕਦੇ ਹਨ। ਮਾਪਿਆਂ ਦੀ ਵਿਸ਼ੇਸ਼ ਤੌਰ ’ਤੇ ਪਰਵਰਿਸ਼ ਲਈ ਸਿਖਲਾਈ ਦਾ ਬੰਦੋਬਸਤ ਵੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਪਰਿਵਾਰ ਵੀ ਤਨਾਅ ਵਧਾਉਣ ਦਾ ਵੱਡਾ ਕਾਰਨ ਬਣਦੇ ਜਾ ਰਹੇ ਹਨ।
ਇਹ ਕੁਝ ਕੁ ਨੁਕਤੇ ਹਨ, ਜਿਨ੍ਹਾਂ ਦੇ ਮੱਦੇਨਜ਼ਰ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ। ਪੂਰੇ ਰਾਜ ਦੀ ਵਿਉਂਤਬੰਦੀ, ਕੋਈ ਖਾਸ ਨੀਤੀ ਸਰਕਾਰ ਬਣਾਵੇ, ਉਹ ਇਕ ਵਧੀਆ ਗੱਲ ਹੈ ਪਰ ਜੋ ਪਿੰਡ ਫ਼ਿਕਰਮੰਦ ਹਨ ਤੇ ਮਿਲਕੇ ਚੱਲ ਸਕਦੇ ਹਨ, ਉਹ ਇਸ ਵਿਚ ਅੱਗੇ ਵੱਧ ਸਕਦੇ ਹਨ।
ਸੰਪਰਕ: 98158-08506