ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਲੰਮੇ ਇੰਤਜ਼ਾਰ ਤੋਂ ਬਾਅਦ ਸਾਹਿਤ ਦੇ ਬੁੱਕਰ ਪੁਰਸਕਾਰ ਦਾ ਐਲਾਨ ਕੀਤਾ ਗਿਆ। ਇਹ ਪੁਰਸਕਾਰ ਇਸ ਵਾਰੀ ਅਸਲੋਂ ਨਵੇਂ ਲੇਖਕ ਡਗਲਸ ਸਟੂਅਰਟ ਨੂੰ ਦਿੱਤਾ ਗਿਆ। ਡਗਲਸ ਦੀ ਇਹ ਪਲੇਠੀ ਰਚਨਾ ਹੈ ਤੇ ਇਸ ਨੂੰ ਇਸ ਵਰ੍ਹੇ ਦੀ ਸਭ ਤੋਂ ਵੱਕਾਰੀ ਪੁਸਤਕ ਐਲਾਨਿਆ ਗਿਆ ਹੈ।
ਬੁੱਕਰ ਪੁਰਸਕਾਰ ਸਾਹਿਤ ਦਾ ਉਹ ਪੁਰਸਕਾਰ ਹੈ ਜੋ ਕਈ ਵਾਰੀ ਹੈਰਾਨ ਕਰ ਦਿੰਦਾ ਹੈ। ਇਵੇਂ ਹੀ ਇਸ ਵਾਰੀ ਹੋਇਆ ਹੈ। ਪਿਛਲੇ ਵਰ੍ਹਿਆਂ ਵਿਚ ਜਦੋਂ ਸਲਮਾਨ ਰਸ਼ਦੀ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ ਤਾਂ ਹੰਗਾਮਾ ਹੋ ਗਿਆ ਸੀ। ਪਰ ਇਸ ਵਾਰੀ ਕੋਵਿਡ ਦੇ ਸਮਿਆਂ ਵਿਚ ਅਸਹਿਮਤੀ ਦੇ ਦੌਰ ਵਿਚ ਮਾਨਵੀ ਕੀਮਤਾਂ ਨਾਲ ਭਿੱਜੇ ਹੋਏ ਨਾਵਲ ਨੂੰ ਸਨਮਾਨ ਮਿਲਣਾ ਅਸਲ ਵਿਚ ਸਾਹਿਤ ਦੀ ਗਵਾਚੀ ਹੋਈ ਸਾਖ਼ ਨੂੰ ਬਹਾਲ ਕਰਨ ਦਾ ਇਕ ਵਿਸ਼ਵ-ਵਿਆਪੀ ਯਤਨ ਹੈ।
‘ਸ਼ਗੀ ਬੈਨ’ ਨਾਵਲ ਨੂੰ ਜਦੋਂ 162 ਪੁਸਤਕਾਂ ਦੀ ਸੂਚੀ ਵਿਚੋਂ ਸ਼ਾਰਟ ਲਿਸਟ ਕੀਤਾ ਗਿਆ ਸੀ, ਉਦੋਂ ਵੀ ਇਹ ਚਰਚਾ ਵਿਚ ਸੀ। ਅਸਲ ਵਿਚ ਇਹ ਯਥਾਰਥਵਾਦੀ ਲੇਖਣੀ ਦੇ ਫੈਸ਼ਨੇਬਲ ਲੇਖਕ ਡਗਲਸ ਸਟੂਅਰਟ ਦੀ ਉਹ ਰਚਨਾ ਹੈ ਜਿਸ ਨੂੰ ਉਹ ਆਪਣੀ ਹਕੀਕੀ ਜ਼ਿੰਦਗੀ ਦੇ ਬੇਹੱਦ ਨੇੜੇ ਮੰਨਦਾ ਹੈ।
ਮੈਨੂੰ ‘ਗਾਰਡੀਅਨ’ ਲੰਡਨ ਦੀ ਪੱਤਰਕਾਰ ਜਸਟਿਨ ਦਾ ਉਹ ਕਥਨ ਯਾਦ ਆਉਂਦਾ ਹੈ ਜੋ ਉਸ ਨੇ ਇਸ ਮਾਣਮੱਤੀ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਕਿਹਾ ਸੀ। ਜਸਟਿਨ ਨੇ ਕਿਹਾ ਸੀ: ਇਹ ਕਿਤਾਬ ਅਸਲ ਵਿਚ ਪ੍ਰੇਮ ਤੇ ਸੰਘਰਸ਼ ਦੀ ਉਹ ਦਾਸਤਾਨ ਹੈ ਜਿਸ ਵਿਚੋਂ ਨਵੀਂ ਜ਼ਿੰਦਗੀ ਦਾ ਆਗਾਜ਼ ਹੁੰਦਾ ਹੈ। ਅੱਜ ਇਹ ਕਹਾਣੀ ਸਮਾਜ ਦੀਆਂ ਬਿਖਰੀਆਂ ਉਦਰੇਵੇਂ ਭਰੀਆਂ ਉਦਾਸੀਆਂ ਦਾ ਚਿੱਤਰਹਾਰ ਹੈ। ਇਹ ਲਾਜ਼ਮੀ ਹੈ ਕਿ ਅਜਿਹੇ ਸਾਹਿਤ ਨੂੰ ਮਨੁੱਖ ਦੀਆਂ ਅਗਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕੀਤਾ ਜਾਵੇ।’’ ਇਹ ਹੀ ਸਮੇਂ ਦਾ ਆਇਨਾ ਹੈ। ਜਸਟਿਨ ਦਾ ਇਹ ਸੱਚ ਡਗਲਸ ਦੀ ਬਿਰਤਾਂਤਕ ਸ਼ੈਲੀ ਤੋਂ ਵੱਖਰਾ ਨਹੀਂ ਹੈ। ਅਸਲ ਵਿਚ ਇਹ ਹੀ ਮਾਨਵੀ ਤ੍ਰਾਸਦੀ ਦਾ ਚਿਹਰਾ ਹੈ।
ਡਗਲਸ ਨੂੰ ਇਹ ਵੱਕਾਰੀ ਪੁਰਸਕਾਰ ਦੇਣ ਦਾ ਐਲਾਨ ਕਰਦਿਆਂ ਜਿਊਰੀ ਮੈਂਬਰਾਂ ਨੇ ਕਿਹਾ ਕਿ ਇਹ ਨਾਵਲ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਸੱਚ ਹੈ ਅਤੇ ਅਸੀਂ ਇਸ ਨੂੰ ਸਾਹਿਤ ਦੇ ਮਾਣਮੱਤੇ ਅੱਖਰਾਂ ਦੀ ਚੰਗੇਰ ’ਚ ਰੱਖਦੇ ਹਾਂ।
ਬੁੱਕਰ ਪੁਰਸਕਾਰ ਦੇ ਐਲਾਨ ਵੇਲੇ ਬਰਾਕ ਓਬਾਮਾ ਵਰਗੀ ਰਾਜਨੀਤਿਕ ਸ਼ਖ਼ਸੀਅਤ ਨੂੰ ਵੀ ਪਹਿਲੀ ਵਾਰੀ ਬੁਲਾਇਆ ਗਿਆ ਜਿਸ ਵਿਚ ਉਨ੍ਹਾਂ ਨੇ ਸਾਹਿਤ ਦੀ ਮਿਆਰੀ ਵੰਨ-ਸੁਵੰਨਤਾ ਨੂੰ ਸਰਾਹਿਆ।
ਡਗਲਸ ਖ਼ੁਦ ਇਕ ਫੈਸ਼ਨ ਡਿਜ਼ਾਈਨਰ ਲੇਖਕ ਵੀ ਹੈ ਜਿਸ ਨੇ ਮਹਿਜ਼ 44 ਵਰ੍ਹਿਆਂ ਦੀ ਉਮਰ ’ਚ ਇਹ ਸ਼ਾਹਕਾਰ ਰਚਨਾ ਲਿਖੀ ਹੈ। ‘ਸ਼ਗੀ ਬੈਨ’ ਅਸਲ ਵਿਚ ਪੁਸਤਕ ਹੀ ਨਹੀਂ ਹੈ ਸਗੋਂ ਉਸ ਦੇ ਤੇ ਉਸ ਦੀ ਮਾਂ ਦੇ ਸੰਘਰਸ਼ ਦੀ ਦਾਸਤਾਨ ਵੀ ਹੈ ਜਿਸ ਨੂੰ ਦੋਵਾਂ ਨੇ ਜ਼ਿੰਦਗੀ ਦੀ ਤ੍ਰਾਸਦੀ ਦੇ ਪਲਾਂ ’ਚੋਂ ਗੁਜ਼ਰਦਿਆਂ ਹੰਢਾਇਆ।
ਸਕਾਟਲੈਂਡ ਦੇ ਮੂਲ ਦਾ ਇਹ ਲੇਖਕ ਹੁਣ ਅਮਰੀਕੀ ਨਾਗਰਿਕ ਹੈ ਤੇ ਨਵੇਂ ਸਾਹਿਤ ਦੇ ਨਵੇਂ ਦਿਸਹੱਦਿਆਂ ਦਾ ਸ਼ਾਹ-ਅਸਵਾਰ ਲੇਖਕ ਵੀ। ਅਸਲ ਵਿਚ ‘ਸ਼ਗੀ ਬੈਨ’ ਨੂੰ ਪੜ੍ਹਦਿਆਂ ਤੁਸੀਂ ਮਹਿਸੂਸ ਕਰਦੇ ਹੋ ਕਿ ਦੁੱਖ ਦੀ ਪਰਿਭਾਸ਼ਾ ਆਦਮੀ ਦੇ ਆਸ-ਪਾਸ ਹੀ ਕਿਧਰੇ ਬਿਖਰੀ ਹੋਈ ਹੈ। ਦੁੱਖ ਤੇ ਦੁੱਖ ਦੀ ਦਾਸਤਾਨ ਦਾ ਬਿਖਰਿਆ ਇਹ ਸੱਚ ‘ਸ਼ਗੀ ਬੈਨ’ ਦਾ ਮੁੱਖ ਵਿਸਤਾਰੀ ਪਹਿਲੂ ਹੈ ਜੋ ਇਸ ਨਾਵਲ ਨੂੰ ਪੜ੍ਹਦਿਆਂ ਦ੍ਰਿਸ਼ਟੀ ਨੂੰ ਵਾਰ-ਵਾਰ ਕਟੋਚਦਾ ਹੈ।
‘ਸ਼ਗੀ ਬੈਨ’ ਨਾਵਲ ਵਿਚ ਮਨੁੱਖੀ ਰਿਸ਼ਤਿਆਂ ਦਾ ਉਲਝਿਆ ਹੋਇਆ ਤਾਣਾ-ਬਾਣਾ ਹੀ ਨਹੀਂ ਹੈ ਸਗੋਂ ਰਿਸ਼ਤਿਆਂ ਦੀ ਖ਼ੂਬਸੂਰਤੀ ਵੀ ਸ਼ੁਭਾਇਮਾਨ ਹੁੰਦੀ ਹੈ। ਭਾਸ਼ਾ ਦਾ ਸਤਰੰਗੀ ਜਲੌਅ ਤੇ ਕੜਵਾਹਟ ਵੀ ਵਿਖਾਈ ਦਿੰਦੀ ਹੈ, ਪਰ ਖੱਟਾਸ ਚਟਪਟੀ ਹੈ- ਕਿਉਂਕਿ ਜ਼ਿੰਦਗੀ ਤਾਂ ਜਿਊਣ ਦਾ ਹੀ ਨਾਂ ਹੈ… ਤੇ ਜਿਊਣਾ ਹੀ ਤਾਂ ਜ਼ਿੰਦਗੀ ਹੈ।
ਇਸ ਪੁਸਤਕ ਦੀ ਪਿਛੋਕੜ ਕਹਾਣੀ ਉਸ ਦੀ ਆਪਣੀ ਜ਼ਮੀਨ ਗਲਾਸਗੋ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ। ਡਗਲਸ ਦਾ ਇਹ ਬਿਆਨ ਵੀ ਬੜਾ ਮਹੱਤਵਪੂਰਨ ਹੈ ਕਿ ਇਹ ਇਕ ਕਲਪਨਾਸ਼ੀਲ ਬਿਰਤਾਂਤ ਦੀ ਪੁਸਤਕ ਹੈ, ਪਰ ਮੇਰੀ ਮਾਂ ਦੀ ਰੂਹ ਜ਼ਰੂਰ ਸ਼ਾਂਤ ਹੋਈ ਹੋਵੇਗੀ ਕਿਉਂਕਿ ਇਹ ਮੇਰੇ ਤੇ ਮੇਰੀ ਮਾਂ ਦੇ ਬਹੁਤ ਨੇੜੇ ਹੈ। ਇਹ ਕਿਤਾਬ ਉਸ ਨੇ ਆਪਣੀ ਮਾਂ ਨੂੰ ਹੀ ਸਮਰਪਿਤ ਕੀਤੀ ਹੈ। ਪੁਸਤਕ ‘ਸ਼ਗੀ ਬੈਨ’ ਬਾਰੇ ਲੇਖਕ ਡਗਲਸ ਨੇ ਇਕ ਮੁਲਾਕਾਤ ’ਚ ਫੋਨ ’ਤੇ ਕਿਹਾ ਕਿ ਉਹਦੇ ਲਈ ਬੇਹੱਦ ਭਾਵਨਾਵਾਂ ਨਾਲ ਭਰੀਆਂ ਹੋਈਆਂ ਸਮੇਂ ਦੀਆਂ ਖ਼ੁਸ਼ੀਆਂ ਹਨ ਕਿਉਂਕਿ ਉਸ ਨੇ ‘ਸ਼ਗੀ ਬੈਨ’ ਦੇ ਬਹਾਨੇ ਵਾਰ-ਵਾਰ ਆਪਣੀ ਮਾਂ ਨੂੰ ਯਾਦ ਕੀਤਾ ਹੈ।
44 ਵਰ੍ਹਿਆਂ ਦੇ ਡਗਲਸ ਨੇ 16 ਵਰ੍ਹਿਆਂ ਦੀ ਉਮਰ ਵਿਚ ਹੀ ਆਪਣੀ ਮਾਂ ਨੂੰ ਗੁਆ ਦਿੱਤਾ ਸੀ। ਤ੍ਰਾਸਦੀ ਦਾ ਪਹਿਲੂ ਇਹ ਸੀ ਕਿ ਉਸ ਨੇ ਆਪਣੀ ਮਾਂ ਨੂੰ ਸ਼ਰਾਬ ਦੀ ਬਹੁਤਾਤ ਨਾਲ ਮਰਦਿਆਂ ਵੇਖਿਆ ਸੀ। ਆਪਣੀ ਮਾਂ ਨੂੰ ਸਮਰਪਿਤ ਆਪਣੀ ਇਸ ਪੁਸਤਕ ਵਿਚ ਡਗਲਸ ਲਿਖਦਾ ਹੈ: ‘‘ਰਿਸ਼ਤਿਆਂ ਦਾ ਸੱਚ ਕੀ ਹੁੰਦਾ ਹੈ ਤੇ ਸਮਾਜ ਕਿਵੇਂ ਉਸ ਨੂੰ ਖ਼ਤਮ ਕਰਦਾ ਹੈ, ਇਹ ਮੈਂ ਆਪਣੀ ਮਾਂ ਦੇ ਅੰਤ ਤੋਂ ਵੇਖਿਆ ਹੈ। ਜ਼ਿੰਦਗੀ ਮਹਿਜ਼ ਉਹ ਨਹੀਂ ਜੋ ਸਾਹਮਣੇ ਹੈ। ਜ਼ਿੰਦਗੀ ਦੁੱਖ ਦੇ ਦਰਵਾਜ਼ਿਆਂ ਓਹਲੇ ਵੀ ਹੈ, ਜ਼ਿੰਦਗੀ ਤੁਹਾਡੀ ਘੁਟਣ ਤੇ ਅਸਫ਼ਲਤਾਵਾਂ ਵਿਚ ਵੀ ਜ਼ਿੰਦਾ ਰਹਿੰਦੀ ਹੈ।’’ ਸ਼ਗੀ ਬੈਨ ਇਸ ਉਧੇੜਬੁਣ ਦੀ ਵੀ ਪੁਸਤਕ ਹੈ।
ਭਾਰਤੀ ਮੂਲ ਦੀ ਦੁਬਈ ’ਚ ਰਹਿਣ ਵਾਲੀ ਲੇਖਕਾ ਅਵਨੀ ਦੋਸ਼ੀ ਵੀ ਆਪਣੀ ਪਲੇਠੀ ਪੁਸਤਕ (ਰਾਊਂਡ ਹਾਊਸ) ਨਾਲ ਇਸ ਦੌੜ ਵਿਚ ਸ਼ਾਮਲ ਸੀ, ਪਰ ਬਾਜ਼ੀ ਡਗਲਸ ਦੇ ਹੱਥ ਲੱਗੀ।
1990 ਵਿਚ ਮੁੱਢਲੇ ਰੂਪ ਵਿਚ ਲਿਖਿਆ ਗਿਆ ਇਹ ਨਾਵਲ, ਨਾਵਲੀ ਜੁਗਤਬੰਦੀ ਦੀ ਸੰਰਚਨਾ ਨੂੰ ਵੀ ਵਿਖਾਉਂਦਾ ਹੈ। ਜ਼ਿੰਦਗੀ ’ਚ ਗ਼ਰੀਬੀ ਤੇ ਹਨੇਰੀਆਂ ਰਾਤਾਂ ਕਿਵੇਂ ਜ਼ਿੰਦਗੀ ਨੂੰ ਤੋੜਦੀਆਂ ਹਨ, ਇਸ ਦਾ ਬਾਖ਼ੂਬੀ ਚਿਤਰਣ ਹੈ ਇਸ ਪੁਸਤਕ ਵਿਚ।
ਇਸ ਤੋਂ ਪਹਿਲਾਂ ਸਕਾਟਲੈਂਡ ਦੇ ਇਕ ਹੋਰ ਲੇਖਕ ਜੇਮਜ਼ ਕਲੇਮਨ ਦੀ ਪੁਸਤਕ ਨੂੰ ਬੁੱਕਰ ਪੁਰਸਕਾਰ ਲਈ ਚੁਣਿਆ ਗਿਆ ਸੀ। ਡਗਲਸ ਦਾ ਕਹਿਣਾ ਹੈ ਕਿ ਇਸ ਕਿਤਾਬ ਨੇ ਉਸ ਦਾ ਨਜ਼ਰੀਆ ਬਦਲਿਆ। ਆਪਣੀ ਮਾਤ-ਭਾਸ਼ਾ, ਆਪਣੇ ਲੋਕ, ਆਪਣਾ ਲਹਿਜਾ ਤੇ ਆਪਣਾਪਣ ਜੋ ਸਕਾਲਟੈਂਡ ਵਿਚ ਹੈ, ਉਹ ਕਿਧਰੇ ਨਹੀਂ ਹੈ।
ਉਹ ‘ਸ਼ਗੀ ਬੈਨ’ ਨੂੰ ਆਪਣੀਆਂ ਅਦਭੁੱਤ ਖ਼ੁਸ਼ੀਆਂ ਅਤੇ ਦੁੱਖ ਦੀ ਕਹਾਣੀ ਮੰਨਦਾ ਹੈ। ਡਗਲਸ ਦੁਨੀਆਂ ਭਰ ਦੀਆਂ ਮਸ਼ਹੂਰ ਫੈਸ਼ਨ ਕੰਪਨੀਆਂ ਨਾਲ ਕੰਮ ਕਰ ਚੁੱਕਾ ਹੈ। ਉਸ ਦਾ ਮੰਨਣਾ ਹੈ ਕਿ ਫੈਸ਼ਨ ਇਕ ਗਲੈਮਰ ਦੀ ਮਹਿਕ ਤੇ ਚਹਿਕ ਦੋਵੇਂ ਹੈ, ਪਰ ਅੱਖਰਾਂ ਦੀ ਸੁਹਬਤ ਅਜਿਹੀ ਹੈ ਜੋ ਕਦੇ ਨਹੀਂ ਬਦਲਦੀ। ਰੰਗ ਤੇ ਮਹਿਕ ਤਾਂ ਸਮੇਂ ਨਾਲ ਫਿੱਕੇ ਪੈ ਜਾਂਦੇ ਹਨ, ਪਰ ਇਹ ਅੱਖਰਾਂ ਦੀ ਅਹਿਮੀਅਤ ਸਦਾਬਹਾਰ ਹੈ।
ਬੁੱਕਰ ਅਤੇ ਪੁਰਾਣੇ ਸਾਹਿਤ ਦਾ ਮੁਲਾਂਕਣ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਡਗਲਸ ਦੀ ਇਕ ਅਜਿਹੀ ਰਚਨਾ ਦੀ ਚੋਣ ਕੀਤੀ ਗਈ ਹੈ ਜੋ ਅਦਭੁੱਤ ਹੈ।
ਡਗਲਸ ਨੂੰ ਇਹ ਪੁਰਸਕਾਰ ਪ੍ਰਸਿੱਧ ਅਮਰੀਕੀ ਲੇਖਕ ਡਿਆਨੇ ਕੁੱਕ, ਬ੍ਰੈਡਨ ਟੇਲਰ, ਜ਼ਿੰਬਾਬਵੇ ਦੇ ਤਸਾਤੀ ਡੇਜ਼ਰਬਗਾ ਅਤੇ ਭਾਰਤੀ ਅਵਨੀ ਦੋਸ਼ੀ ਦੇ ਨਾਲ ਇਥੋਪੀਅਨ ਅਮਰੀਕੀ ਮਾਜ਼ਾ ਮੈਂਜਸਟੇ ਨੂੰ ਪਿੱਛੇ ਛੱਡ ਕੇ ਦਿੱਤਾ ਗਿਆ ਹੈ। ਉਹ ਵੀ ਕਿਸੇ ਲੇਖਕ ਦੀ ਪਹਿਲੀ ਪੁਸਤਕ ਨੂੰ, ਜੋ ਆਪਣੇ ਆਪ ਵਿਚ ਵੱਡੀ ਗੱਲ ਹੈ।
ਅਸਲ ਵਿਚ ਡਗਲਸ ਹੱਸਾਸ ਮਨ ਦੀਆਂ ਖੱਟੀਆਂ-ਮਿੱਠੀਆਂ ਕਤਰਨਾਂ ਵਾਲਾ ਚਮਕਦਾ ਹੋਇਆ ਸਿਤਾਰਾ ਲੇਖਕ ਹੈ ਜੋ ਇਕ ਪਾਸੇ ਫੈਸ਼ਨ ਸ਼ੋਅ ਦੀ ਚਕਾਚੌਂਧ ਵੇਖਦਾ ਹੈ ਤੇ ਦੂਸਰੇ ਪਾਸੇ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ। ਇੱਛਾਵਾਂ ਦੇ ਸਮੁੰਦਰ ਵਿਚ ਤਾਕਤ ਤੇ ਉਹ ਵੀ ਆਦਮੀ ਦੀਆਂ ਹੋਣੀਆਂ ਦੀ ਤਕਰਾਰ- ਇਸ ਨਾਵਲ ਦੀ ਤਾਕਤ ਹੈ। ‘ਸ਼ਗੀ ਬੈਨ’ ਬਾਰੇ ਨਿਊੁਯਾਰਕ ਟਾਈਮਜ਼ ਨੇ ਆਪਣੇ ਰੀਵਿਊ ਵਿਚ ਲਿਖਿਆ: ‘‘ਜ਼ਿੰਦਗੀ ਛੋਟੀ ਹੋ ਸਕਦੀ ਹੈ, ਪਰ ਜ਼ਿੰਦਗੀ ਦੇ ਅਰਥ ਛੋਟੇ ਨਹੀਂ ਹੋ ਸਕਦੇ।’’
‘ਸ਼ਗੀ ਬੈਨ’ ਨੂੰ ਪੜ੍ਹਦਿਆਂ ਡਗਲਸ ਦੀ ਫੈਸ਼ਨ ਸ਼ੈਲੀ ਤੇ ਰੰਗਾਂ ਦੇ ਕੋਲਾਜ ਪ੍ਰਤੱਖ ਵਿਖਾਈ ਦਿੰਦੇ ਹਨ। ਸਾਹਿਤ ਹਾਲੇ ਜ਼ਿੰਦਾ ਹੈ, ਪਰ ਅਸੀਂ ਖ਼ੁਦ ਹੀ ਪੜ੍ਹਦੇ ਨਹੀਂ ਹਾਂ। ਇਹ ਪੁਸਤਕ ਮਨੁੱਖ ਅੰਦਰ ਇਹ ਤਸਵੀਰ ਵੀ ਰੂਪਮਾਨ ਕਰਦੀ ਹੈ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ, ਪਰ ਜ਼ਿੰਦਗੀ ਸਭ ਤੋਂ ਉਪਰ ਹੈ।
ਕਾਸ਼! ਪੰਜਾਬੀ ਭਾਸ਼ੀ ਸਾਹਿਤ ਪ੍ਰੇਮੀਆਂ ਨੂੰ ਇਹੋ ਜਿਹੀਆਂ ਪੁਸਤਕਾਂ ਮਿਲਣ ਸਕਣ। ਇਸ ਲਈ ਡਗਲਸ ਵਧਾਈ ਦਾ ਪਾਤਰ ਹੈ ਜੋ ਇਸ ਮੀਡੀਆ ਦੀ ਧੁੰਦ ਵਿਚ ਅੱਖਰਾਂ ਦੀ ਨਵੀਂ ਇਬਾਰਤ ਲਿਖ ਰਿਹਾ ਹੈ।
* ਲੇਖਕ ਮੀਡੀਆ ਵਿਗਿਆਨੀ ਤੇ ਵਿਸ਼ਵ ਸਾਹਿਤ ਦਾ ਟਿੱਪਣੀਕਾਰ।
ਸੰਪਰਕ: 94787-30156