ਹਰਕੰਵਲ ਸਿੰਘ ਕੰਗ
ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਸਮੇਂ ਦਾ ਚੱਕਰ ਚੱਲਦਾ ਰਹਿੰਦਾ ਹੈ। ਪਾਲੇ ਦੇ ਪੁੱਤ ਅੱਸੂ ਤੋਂ ਬਾਅਦ ਕੱਤਕ ਦਾ ਮਹੀਨਾ ਦਸਤਕ ਦਿੰਦਾ ਹੈ। ਅੰਗਰੇਜ਼ੀ ਮਹੀਨੇ ਅਕਤੂਬਰ ਦੇ ਅੱਧ ਤੋਂ ਲੈ ਕੇ ਅੱਧ ਨਵੰਬਰ ਤੱਕ ਇਹ ਮਹੀਨਾ 30 ਦਿਨ ਦਾ ਹੁੰਦਾ ਹੈ। ਇਸ ਮਹੀਨੇ ਪਾਲਾ ਜਵਾਨ ਹੋਣ ਲੱਗਦਾ ਹੈ। ਰਾਤਾਂ ਲੰਮੀਆਂ ਤੇ ਦਿਨ ਛੋਟੇ ਹੋਣ ਲੱਗਦੇ ਨੇ। ਦਿਨ ਵਿੱਚ ਚਮਕਦੀ ਧੁਪ ਦਾ ਤੇਜ਼ ਤਾਪ ਸਰਦੀ ਰੁੱਤ ਅੱਗੇ ਖ਼ਤਮ ਹੋਇਆ ਜਾਪਦਾ ਹੈ। ਇਸ ਮਹੀਨੇ ਦਿਨ ਛਿਪਦੇ ਦਾ ਪਤਾ ਹੀ ਨਹੀਂ ਲੱਗਦਾ।
ਕੱਤਕ ਦਾ ਮਹੀਨਾ ਕਿਸਾਨ ਅਤੇ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਲੋਕਾਂ ਲਈ ਬੇਹੱਦ ਰੁਝੇਵਿਆਂ ਭਰਪੂਰ ਹੁੰਦਾ ਹੈ। ਸਾਉਣੀ ਦੀਆਂ ਫ਼ਸਲਾਂ ਨੂੰ ਸਾਂਭਣ ਅਤੇ ਹਾੜ੍ਹੀ ਦੀਆਂ ਫਸਲਾਂ ਬੀਜਣ ਦਾ ਕੰਮ ਇਸ ਮਹੀਨੇ ਦੇ ਹਿੱਸੇ ਹੀ ਆਇਆ ਹੈ। ਕਿਸਾਨ ਨੂੰ ਪੁਰਾਤਨ ਸਮਿਆਂ ਵਿੱਚ ਇਸ ਮਹੀਨੇ ਵਿੱਚ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਮਿਲਦੀ ਸੀ। ਹੁਣ ਭਾਵੇਂ ਰੀਪਰ ਅਤੇ ਰੋਟਾਵੇਟਰ ਵਰਗੀਆਂ ਮਸ਼ੀਨਾਂ ਨਾਲ ਖੇਤ ਇੱਕ ਹੀ ਦਿਨ ਵਿੱਚ ਤਿਆਰ ਕਰਕੇ ਕਣਕ ਬੀਜ ਦਿੱਤੀ ਜਾਂਦੀ ਹੈ। ਇਸ ਮਹੀਨੇ ਖੇਤਾਂ ਵਿੱਚ ਖੜ੍ਹੇ ਤੂਤਾਂ, ਕਿੱਕਰਾਂ ਟਾਹਲੀਆਂ ਤੇ ਹੋਰ ਦਰੱਖਤ ਛਾਂਗ ਕੇ ਖੇਤਾਂ ਦੇ ਵੱਟ ਬੰਨੇ ਸੰਵਾਰੇ ਜਾਂਦੇ ਹਨ। ਬਰਸੀਮ ਵਾਲੇ ਖੇਤਾਂ ਵਿੱਚ ਹਰੀ ਕਚੂਰ ਸਰ੍ਹੋਂ ਕਿਸਾਨਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਐ। ਸ਼ਾਇਰ ਨੇ ਸ਼ਾਇਦ ਇਸ ਹਾਕਾਂ ਮਾਰਦੀ ਹਰਿਆਈ ਨੂੰ ਦੇਖ ਕੇ ਹੀ ਗੀਤ ਲਿਖਿਆ ਹੋਵੇਗਾ: ਤਾਰਾ ਮੀਰਾ ਪਾਵੇ ਬੋਲੀਆਂ।
ਇਸ ਮਹੀਨੇ ਮਾਲਵੇ ਵਿੱਚ ਕਪਾਹ ਦੇ ਖੇਤਾਂ ਵਿੱਚ ਲੱਗੀਆਂ ਰੌਣਕਾਂ ਕਿਸਾਨਾਂ ਦੀਆਂ ਆਸਾਂ-ਉਮੰਗਾਂ ਨੂੰ ਬੂਰ ਪਾਊਂਦੀਆਂ ਨੇ। ਜਦੋਂ ਦੇਸੀ ਕਪਾਹ ਦੀ ਥਾਂ ਨਵੇਂ ਸੁਧਰੇ ਹੋਏ ਬੀਜ ਆਏ ਤਾਂ ਕਪਾਹ ਦੇ ਰੇਸ਼ੇ ਵਿੱਚ ਆਈ ਨਰਮਾਈ ਕਰਕੇ ਹੀ ਕਪਾਹ ਨੂੰ ਨਰਮਾ ਕਿਹਾ ਜਾਣ ਲੱਗਿਆ।
ਇਸ ਮਹੀਨੇ ਕਿਸਾਨ ਦੇ ਰੁਝੇਵੇਂ ਵਧ ਜਾਂਦੇ ਹਨ। ਸਾਉਣੀ ਦੀ ਫ਼ਸਲ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਦਾ ਫਿਕਰ ਜੱਟ ਨੂੰ ਵੱਢ ਵੱਢ ਖਾਂਦਾ ਹੈ। ਸਾਉਣੀ ਸੰਭਾਲਣੀ ਅਤੇ ਹਾੜ੍ਹੀ ਬੀਜਣੀ ਸਭ ਤੋਂ ਅਹਿਮ ਕਾਰਜ ਹੁੰਦਾ ਹੈ। ਇਸੇ ਕਰਕੇ ਹੀ ਇਹ ਗੱਲ ਮਸ਼ਹੂਰ ਹੈ ਕਿ ਕੱਤਕ ਦੇ ਮਹੀਨੇ ਜੱਟ ਨੇ ਆਪਣੀ ਮਰੀ ਹੋਈ ਮਾਂ ਨੂੰ ਭੜੋਲੇ ਵਿੱਚ ਪਾ ਕੇ ਰੱਖ ਦਿੱਤਾ ਸੀ। ਇਸ ਦੇ ਪਿੱਛੇ ਵੀ ਇਹ ਵਿਚਾਰ ਹੀ ਭਾਰੂ ਸੀ ਕਿ ਪਹਿਲਾਂ ਕੰਮ ਮੁਕਾ ਲਿਆ ਜਾਵੇ। ਕਿਸਾਨ ਤੋਂ ਲੈ ਕੇ ਹਰ ਪਿੰਡ ਵਾਸੀ ਨੂੰ ਬਾਲਣ ਦੀ ਸੰਭਾਲ ਲਈ ਵੱਖਰੇ ਤੌਰ ’ਤੇ ਤਰੱਦਦ ਕਰਨਾ ਪੈਂਦਾ ਹੈ। ਕਪਾਹ ਦੀਆਂ ਛਿਟੀਆਂ, ਗੰਨੇ ਦੇ ਗੁੱਲਰੇ ਅਤੇ ਮੱਕੀ ਦੇ ਟਾਂਡੇ ਆਦਿ ਪੰਜਾਬ ਦੇ ਪਿੰਡਾਂ ਵਿੱਚ ਮੁੱਖ ਬਾਲਣ ਰਿਹਾ ਹੈ। ਪਾਥੀਆਂ ਤਾਂ ਹਾਲੇ ਵੀ ਪੱਥੀਆਂ ਜਾਂਦੀਆਂ ਹਨ। ਭਾਵੇਂ ਕਿ ਸਮੇਂ ਦੀ ਚਾਲ ਨਾਲ ਰਸੋਈ ਗੈਸ ਨੇ ਰਵਾਇਤੀ ਬਾਲਣ ਦੀ ਕਮੀ ਨੂੰ ਕਿਸੇ ਹੱਦ ਤੱਕ ਪੂਰਾ ਕਰ ਦਿੱਤਾ ਹੈ ਪਰ ਗਰੀਬਾਂ ਲਈ ਬਾਲਣ ਇਕੱਠਾ ਕਰਨਾ ਅਜੇ ਵੀ ਵੱਡਾ ਮਸਲਾ ਹੈ। ਕੱਤਕ ਦੇ ਮਹੀਨੇ ਦਿਨ ਛੋਟੇ ਹੋਣ ਲੱਗਦੇ ਨੇ ਅਤੇ ਰਾਤਾਂ ਲੰਮੀਂਆਂ ਹੋਣ ਲੱਗਦੀਆਂ ਨੇ। ਤੀਜੇ ਪਹਿਰ ਤੋਂ ਬਾਅਦ ਤਾਂ ਦਿਨ ਖੜ੍ਹਦਾ ਹੀ ਨਹੀਂ।
ਮੱਕੀ ਦੀ ਫ਼ਸਲ ਵੀ ਇਸ ਮਹੀਨੇ ਹੀ ਆਉਂਦੀ ਹੈ। ਸਾਊਣੀ ਦੀ ਫ਼ਸਲ ਦੀ ਆਮਦ ਨਾਲ ਦੇਸ਼ ਦੇ ਅਰਥਚਾਰੇ ਨੂੰ ਹੁਲਾਰਾ ਮਿਲਦਾ ਹੈ। ਕਿਸਾਨ ਕੋਲ ਪੈਸੇ ਆਉਣ ਨਾਲ ਅਰਥਚਾਰਾ ਚੱਲਦਾ ਹੈ। ਸ਼ਾਇਦ ਇਸੇ ਕਰਕੇ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਜਾਦਾ ਹੈ।
ਕਿਸਾਨ, ਜੋ ਦਿਨ ਭਰ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਹੈ, ਉਸ ਦੀ ਇੱਕ ਤਰ੍ਹਾਂ ਭੂਤਨੀ ਭੁੱਲੀ ਰਹਿੰਦੀ ਹੈ। ਜਦੋਂ ਕੋਈ ਹਾਲੀ ਬਲਦਾਂ ਦੀ ਪੰਜਾਲੀ ਟੰਗ ਕੇ ਪਿੰਡ ਵੱਲ ਆਉਂਦਾ ਤਾਂ ਪਹੀ ਵਿੱਚੋਂ ਉਡਦੀ ਹਲਕੀ ਹਲਕੀ ਧੂੜ ਰੂਹ ਨੂੰ ਨਸ਼ਿਆ ਦਿੰਦੀ ਹੈ। ਇਸ ਮਹੀਨੇ ਗਊ ਦੇ ਜਾਇਆਂ ਦੀ ਕਦਰ ਵੀ ਵੱਧ ਜਾਂਦੀ ਹੈ। ਜੇ ਕਿਤੇ ਮਾੜੇ ਕਰਮੀਂ ਕਿਸੇ ਜੱਟ ਦਾ ਬਲਦ ਮਰ ਜਾਂਦਾ ਜਾਂ ਬਿਮਾਰ ਹੋ ਜਾਂਦਾ ਤਾਂ ਜੱਟ ਨੂੰ ਬਲਦ ਦੇ ਬਰਾਬਰ ਆਪ ਵੀ ਜੁੜਨਾ ਪੈਂਦਾ।
ਕੱਤਕ ਮਹੀਨੇ ਪਿੰਡਾਂ ਦੇ ਲੋਕਾਂ ਦੇ ਕੰਮ ਧੰਦੇ ਬੇਹੱਦ ਵਧ ਜਾਂਦੇ ਹਨ। ਪੁਰਾਤਨ ਸਮਿਆਂ ਵਿੱਚ ਕਿਰਤ ਦੇ ਜਿਣਸ ਨਾਲ ਤਬਾਦਲੇ ਦਾ ਜ਼ਮਾਨਾ ਸੀ। ਕਿਸਾਨੀ ’ਤੇ ਨਿਰਭਰ ਬਾਕੀ ਦੇ ਭਾਈਚਾਰੇ ਵੀ ਅਸਿੱਧੇ ਤੌਰ ਉੱਤੇ ਖੇਤੀ ’ਤੇ ਨਿਰਭਰ ਹੁੰਦੇ ਸਨ। ਇਸ ਤਰ੍ਹਾਂ ਅੱਗੇ ਆਉਂਦੀ ਤਿਉਹਾਰਾਂ ਦੀ ਰੁੱਤ ਅਤੇ ਵਿਆਹ ਮੁਕਲਾਵਿਆਂ ਦੇ ਖਰਚੇ ਇਹ ਫਸਲ ਹੀ ਪੂਰੇ ਕਰਦੀ ਹੈ। ਨਰਾਤੇ ਆਊਣ ਨਾਲ ਵਿਆਹਾਂ ਦਾ ਸਾਹਾ ਨਿਕਲ ਜਾਂਦਾ ਹੈ। ਦਸਹਿਰੇ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਵੀ ਇਸ ਮਹੀਨੇ ਆਉਂਦਾ ਹੈ। ਲੋਕ ਆਪਣੇ ਘਰਾਂ ਵਿੱਚ ਦੀਵੇ ਬਾਲਦੇ ਨੇ। ਪਟਾਕੇ ਕਦੋਂ ਚੱਲਣ ਲੱਗੇ ਇਹ ਸੋਚਣ ਦਾ ਵਿਸ਼ਾ ਹੈ। ਇਸ ਦਿਨ ਜਿੱਥੇ ਭਗਵਾਨ ਰਾਮ 14 ਸਾਲ ਦਾ ਬਣਵਾਸ ਕੱਟ ਕੇ ਅਯੁੱਧਿਆ ਪਰਤੇ ਉੱਥੇ ਗੁਰੂ ਹਰਗੋਬਿੰਦ ਜੀ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋਏ। ਇਹ ਗੱਲ ਵੱਖਰੀ ਹੈ ਕਿ ਜਿੱਥੇ ਸਾਰੇ ਭਾਈਚਾਰੇ ਦੀਵਾਲੀ ਮਨਾਉਂਦੇ ਹਨ, ਉੱਥੇ ਇੱਕ ਭਾਈਚਾਰਾ ਦੀਵਾਲੀ ਲਾਉਂਦਾ ਹੈ।
ਕੱਤੇ ਦੇ ਮਹੀਨੇ ਪ੍ਰਭੂ ਪ੍ਰੀਤਮ ਨਾਲ ਮਿਲਾਪ ਦੀ ਤਾਂਘ ਦਾ ਪ੍ਰਗਟਾਵਾ ਕਰਦੇ ਪੰਜਾਬੀ ਦੇ ਸਿਰਮੌਰ ਕਵੀ ਤੇ ਸੰਤ ਸ਼ੇਖ ਫਰੀਦ ਫੁਰਮਾੳਂਦੇ ਨੇ:
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ।
ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ।
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਬਾਰਾਹ ਮਾਹ ਤੁਖਾਰੀ ਵਿੱਚ ਜੀਵ ਇਸਤਰੀ ਨੂੰ ਸਮਝਾਉਂਦੇ ਨੇ:
ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ॥
ਦੀਪਕੁ ਸਹਜਿ ਬਲੈ ਤਤਿ ਜਲਾਇਆ॥
ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ॥
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ॥
ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ॥
ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ।।
ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਨੇ:
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥
ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥
ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥
ਕੱਤਕ ਮਹੀਨੇ ਵਿੱਚ ਕੂੰਜਾਂ ਦਾ ਬਹੁਤ ਜ਼ਿਕਰ ਆਉਂਦਾ ਹੈ। ਇੱਕ ਲੰਬੀ ਧੌਣ, ਲੰਬੀਆਂ ਟੰਗਾਂ ਅਤੇ ਲੰਬੇ ਖੰਭਾਂ ਵਾਲਾ ਵੱਡ ਅਕਾਰੀ ਕਾਸ਼ਨੀ ਰੰਗ ਦਾ ਪੰਛੀ ਸਾਇਬੇਰੀਅਨ ਮੁਲਕਾਂ ਤੋਂ ਇਸ ਮਹੀਨੇ ਪੰਜਾਬ ਅਤੇ ਹੋਰ ਗੁਆਂਢੀ ਸੂਬਿਆਂ ਵਿੱਚ ਆਉਂਦਾ ਹੈ। ਕੂੰਜਾਂ ਪੰਜਾਬ ਦੇ ਸਭਿਆਚਾਰ ਨਾਲ ਇੰਨੀਆਂ ਨੇੜਿਓਂ ਜੁੜੀਆਂ ਨੇ ਕਿ ਕੁੜੀਆਂ ਦੀ ਤੁਲਨਾ ਵੀ ਕੂੰਜਾਂ ਨਾਲ ਕੀਤੀ ਗਈ ਹੈ। ਇਹ ਪੰਛੀ ਜੋ ਝੁੰਡਾਂ ਦੇ ਰੂਪ ਵਿੱਚ ਹੁੰਦਾ ਹੈ, ਕਈ ਵਾਰੀ ਖੇਤਾਂ ਵਿੱਚ ਉੱਤਰ ਕੇ ਕਣਕ ਦੇ ਖੇਤਾਂ ਦਾ ਭਾਰੀ ਨੁਕਸਾਨ ਕਰ ਦਿੰਦਾ ਹੈ।
ਭਾਵੇਂ ਹੁਣ ਇਸ ਮਹੀਨੇ ਪ੍ਰਦੂਸ਼ਣ ਦੀ ਭਰਮਾਰ ਹੁੰਦੀ ਹੈ ਪਰ ਪਹਿਲਾਂ ਲੰਘੀ ਬਰਸਾਤ ਦੀ ਰੁੱਤ ਸਦਕਾ ਦਰੱਖਤਾਂ ਅਤੇ ਅੰਬਰ ਤੋਂ ਮਿੱਟੀ-ਘੱਟਾ ਝੜ ਚੁੱਕਿਆ ਹੋਣ ਕਾਰਨ ਦੂਰ ਦੂਰ ਤੱਕ ਸਾਫ਼ ਆਸਮਾਨ ਧਰਤੀ ਨੂੰ ਕਲਾਵੇ ਵਿੱਚ ਲੈਂਦਾ ਨਜ਼ਰ ਆਉਂਦਾ ਹੈ। ਕੱਤਕ ਦੀ ਮੱਸਿਆ ਨੂੰ ਆਉਂਦੇ ਦੀਵਾਲੀ ਦੇ ਤਿਉਹਾਰ ਕਰਕੇ ਉੱਤਰੀ ਭਾਰਤ ਵਿੱਚ ਵਿਸ਼ੇਸ਼ ਤਰ੍ਹਾਂ ਦੀ ਖਿੱਚ ਵਧ ਜਾਂਦੀ ਹੈ। ਹਰ ਕੋਈ ਆਪਣੇ ਘਰ ਨੂੰ ਦੀਵਾਲੀ ਤੋਂ ਪਹਿਲਾਂ ਸ਼ਿੰਗਾਰਨਾ ਲੋਚਦਾ ਹੈ। ਇਸ ਦਿਨ ਦੀਵੇ ਦੀ ਅਹਿਮੀਅਤ ਵਿਸ਼ੇਸ਼ ਹੁੰਦੀ ਹੈ। ਸ਼ਾਇਦ ਇਸੇ ਕਰਕੇ ਹੀ ਇੱਕ ਪੰਜਾਬੀ ਲੋਕ ਗੀਤ ਦੇ ਵਿੱਚ ਆਪਣੇ ਪਰਦੇਸੀ ਪਤੀ ਦੇ ਪਿਆਰ ਵਿੱਚ ਬਿਹਬਲ ਪਤਨੀ ਗਾਉਂਦੀ ਹੈ:
ਚੜ੍ਹਿਆ ਮਹੀਨਾ ਕੱਤਕ ਮਾਹੀ ਮੇਰਾ ਅਟਕ ਕਿ ਆਈ ਦਿਵਾਲੀ ਏ।
ਪੀਆ ਵਸੇ ਪਰਦੇਸ ਕੀ ਦੀਵੇ ਬਾਲੀਏ।
ਇਸ ਮਹੀਨੇ ਹੀ ਕਰਵਾਚੌਥ ਦਾ ਤਿਉਹਾਰ ਆਉਂਦਾ ਹੈ, ਜਿਸ ਨੂੰ ਆਪਣੇ ਪਤੀ ਦੀ ਸੁੱਖ ਮੰਗਦੀਆਂ ਸੁਹਾਗਣਾਂ ਬੜੇ ਚਾਅ ਨਾਲ ਮਨਾਉਂਦੀਆਂ ਨੇ। ਸੁਹਾਗਣਾਂ ਦਿਨ ਚੜ੍ਹਨ ਤੋਂ ਪਹਿਲਾਂ ਖਾ ਲੈਂਦੀਆਂ ਨੇ ਰਾਤ ਨੂੰ ਚੰਨ੍ਹ ਚੜ੍ਹਨ ਮਗਰੋਂ ਉਸ ਨੂੰ ਲਰਗ ਦੇਣ ਬਾਅਦ ਹੀ ਮੂੰਹ ਨੂੰ ਅੰਨ ਲਾਉਂਦੀਆਂ ਨੇ।
ਸੰਪਰਕ: 97819-78123