ਪਰਵਿੰਦਰ ਸਿੰਘ ਢੀਂਡਸਾ
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਸਾਡੇ ਗੁਰੂਆਂ ਨੇ ਪੌਣ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਇਨ੍ਹਾਂ ਦੋਵਾਂ ਕੁਦਰਤੀ ਤੋਹਫਿਆਂ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਵਿਗਿਆਨ ਦੀਆਂ ਖੋਜਾਂ ਵੀ ਇਸ ਗੱਲ ਦੀ ਹਾਮੀ ਭਰਦੀਆਂ ਹਨ ਕਿ ਜੀਵਨ ਦੀ ਸ਼ੁਰੂਆਤ ਪਾਣੀ ਤੋਂ ਹੋਈ ਸੀ ਅਤੇ ਫਿਰ ਹਾਲਾਤ ਮੁਤਾਬਕ ਹਵਾ ਵਿਚ (ਪੰਛੀਆਂ ਦੇ ਰੂਪ ਵਿਚ) ਜਿ਼ੰਦਗੀ ਨੇ ਉਡਾਣ ਭਰੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਇਨ੍ਹਾਂ ਦੋਵਾਂ ਕੁਦਰਤੀ ਸਾਧਨਾਂ ਤੇ ਖਤਰੇ ਦੇ ਬੱਦਲ ਛਾਏ ਹੋਏ ਹਨ। ਇਹ ਦੋ ਕੁਦਰਤੀ ਸੌਗਾਤਾਂ, ਜੋ ਮਨੁੱਖ ਦੀ ਝੋਲੀ ਪਈਆਂ ਹਨ ਪਰ ਮੌਜੂਦਾ ਹਾਲਾਤ ਦੇਖ ਕੇ ਤਾਂ ਲੱਗਦਾ ਹੈ ਕਿ ਇਹ ਮਨੁੱਖ ਦੇ ਵੱਸ ਪੈ ਗਈਆਂ ਹਨ ਤੇ ਮਨੁੱਖ ਨੇ ਇਨ੍ਹਾਂ ਦਾ ਉਜਾੜਾ ਕਰਨ ਲਈ ਪੂਰੀ ਵਾਹ ਲਾ ਛੱਡੀ ਹੈ। ਸਮੇਂ ਸਮੇਂ ਤੇ ਪ੍ਰਕਾਸ਼ਿਤ ਕੌਮਾਂਤਰੀ ਸੰਸਥਾਵਾਂ ਦੀਆਂ ਰਿਪੋਰਟਾਂ ਪੰਜ ਪਾਣੀਆਂ ਦੀ ਧਰਤੀ ਨੂੰ ‘ਰੇਗਿਸਤਾਨ ਵੱਲ ਵਧ ਰਿਹਾ’ ਸੂਬਾ ਐਲਾਨ ਚੁੱਕੀਆਂ ਹਨ। ਪਾਣੀ ਦੀਆਂ ਛਬੀਲਾਂ ਲਾਉਣ ਵਾਲੇ ਦੇਸ਼ ਦੇ ਬਹੁਤੇ ਜਲ ਸ੍ਰੋਤਾਂ ਦਾ ਪਾਣੀ ਤਾਂ ਪੀਣ ਯੋਗ ਵੀ ਨਹੀਂ ਰਿਹਾ। ਅੱਜ ਤੋਂ ਦੋ-ਚਾਰ ਪੀੜ੍ਹੀਆਂ ਪਹਿਲਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਦਰਿਆਵਾਂ ਦੇ ਨਾਂ ਤੇ ਜਿਸ ਸੂਬੇ ਦਾ ਨਾਮਕਰਨ ਹੋਇਆ ਹੋਵੇ, ਉਸ ਸੂਬੇ ਵਿਚ ਪੀਣ ਲਈ ਪਾਣੀ ਵੀ ਬੋਤਲਾਂ ਵਿਚ ਮਿਲੇਗਾ।
ਦੁਨੀਆ ਵਿਚ ਵਰਤੋਂ ਯੋਗ ਕੁੱਲ ਪਾਣੀ 3% ਹੀ ਹੈ ਅਤੇ ਇਸ ਦਾ ਵੀ ਬਹੁਤਾ ਹਿੱਸਾ (ਤਕਰੀਬਨ 79%) ਬਰਫ ਹੈ। ਅਜਿਹੀ ਹਾਲਤ ਵਿਚ ਕਸ਼ਮੀਰ ਦੀ ਡੱਲ ਝੀਲ, ਚੰਡੀਗੜ੍ਹ ਦੀ ਸੁਖਨਾ ਝੀਲ, ਉੜੀਸਾ ਦੀ ਚਿਲਕਾ ਝੀਲ, ਪੰਜਾਬ ਦੇ ਸਤਲੁਜ ਦਰਿਆ, ਇੱਥੋਂ ਤੱਕ ਕਿ ਭਾਰਤ ਦੀਆਂ ਸਭ ਤੋਂ ਲੰਮੀਆਂ ਨਦੀਆਂ ਵਿਚੋਂ ਇੱਕ, ਗੰਗਾ ਦੇ ਪਾਣੀ ਦਾ ਵੀ ਚਿੰਤਾਜਨਕ ਪੱਧਰ ਤੱਕ ਗੰਧਲਾ ਹੋਣਾ ਰੀੜ੍ਹ ਸਰਦ ਕਰਦਾ ਹੈ। ਕੁਦਰਤ ਦੇ ਸਾਮਰਾਜ ਵਿਚ ਬੇਇਨਸਾਫੀ ਨਹੀਂ ਹੁੰਦੀ। ਇਹ ਇਨਸਾਨ ਹੀ ਹੈ ਜੋ ਕੁਦਰਤੀ ਨਿਆਮਤਾਂ ਨੂੰ ਬੇਸਮਝੀ ਨਾਲ ਵਰਤ ਕੇ ਘਰ ਫੂਕ ਕੇ ਤਮਾਸ਼ਾ ਦੇਖ ਰਿਹਾ ਹੈ। ਆਮ ਤੌਰ ਤੇ ਸੁਣਨ ਵਿਚ ਆਉਂਦਾ ਹੈ ਕਿ ਤੀਜੀ ਆਲਮੀ ਜੰਗ ਪਾਣੀ ਲਈ ਹੋਵੇਗੀ। ਪਾਣੀ ਲਈ ਹੁੰਦੇ ਦੰਗੇ, ਵਿਅਕਤੀਗਤ ਲੜਾਈਆਂ ਇਸ ਦੇ ਸੰਕੇਤ ਹਨ। ਪਾਣੀ ਦਾ ਸੰਕਟ ਸਿਰਫ ਆਪਣੇ-ਆਪ ਤੱਕ ਹੀ ਸੀਮਤ ਨਹੀਂ ਸਗੋਂ ਸਾਫ ਸੁਥਰੇ ਤੇ ਪੀਣ ਯੋਗ ਪਾਣੀ ਦੀ ਘਾਟ ਬਹੁਤ ਸਾਰੀਆਂ ਹੋਰ ਅਲਾਮਤਾਂ ਪੈਦਾ ਕਰਦੀ ਹੈ ਜਿਨ੍ਹਾਂ ਵਿਚ ਕੁਪੋਸ਼ਣ, ਖਾਧ ਖੁਰਾਕ ਨਾਲ ਸਬੰਧਿਤ ਰੋਗ ਆਦਿ ਮੁੱਖ ਹਨ।
ਧਰਤੀ ਦੁਆਲੇ ਫੈਲੇ ਹਵਾ ਦੇ ਗਿਲਾਫ ਨੂੰ ਵਾਤਾਵਰਨ ਦਾ ਨਾਮ ਦਿੱਤਾ ਜਾਂਦਾ ਹੈ। ਇਹ ਹਵਾ ਕਈ ਗੈਸਾਂ ਦਾ ਮਿਸ਼ਰਨ ਹੁੰਦੀ ਹੈ। ਜੀਵਨ ਦੀ ਹੋਂਦ ਲਈ ਇਹ ਗੈਸਾਂ ਹਵਾ ਵਿਚ ਨਿਸ਼ਚਿਤ ਅਨੁਪਾਤ ਵਿਚ ਹੋਣੀਆਂ ਜ਼ਰੂਰੀ ਹਨ। ਸਾਡੇ ਬ੍ਰਹਿਮੰਡ ਵਿਚ ਸਿਰਫ ਧਰਤੀ ਹੀ ਅਜਿਹਾ ਗ੍ਰਹਿ ਹੈ ਜਿੱਥੇ ਇਹ ਅਨੁਪਾਤ ਸਹੀ ਰੂਪ ਵਿਚ ਮੌਜੂਦ ਹੈ ਅਤੇ ਇਸੇ ਕਰ ਕੇ ਹੀ ਸਿਰਫ ਸਾਡੇ ਇਸ ਗ੍ਰਹਿ ਤੇ ਹੀ ਜੀਵਨ ਲਈ ਅਨੁਕੂਲ ਹਾਲਾਤ ਹਨ ਅਤੇ ਜੀਵਨ ਦੀ ਹੋਂਦ ਬਣਾਈ ਰੱਖਣ ਲਈ ਇਹ ਅਨੁਪਾਤ ਬਣਿਆ ਰਹਿਣਾ ਜ਼ਰੂਰੀ ਹੈ ਪਰ ਪਿਛਲੇ ਕੁਝ ਦਹਾਕਿਆਂ ਦੇ ਕੌੜੇ ਤਜਰਬੇ ਦੱਸਦੇ ਹਨ ਕਿ ਸਭ ਕੁਝ ਠੀਕ ਨਹੀਂ ਹੈ। ਪਰਿੰਦਾ ਜਿਸ ਟਾਹਣੀ ਤੇ ਬੈਠਾ ਹੋਵੇ, ਤੇ ਉਸੇ ਟਾਹਣੀ ਨੂੰ ਚੁੰਜਾਂ ਮਾਰ ਮਾਰ ਭੋਰਨ ਦਾ ਯਤਨ ਕਰਨ ਲੱਗੇ ਤਾਂ ਮਾੜੇ ਸਮੇਂ ਦੀ ਕਲਪਨਾ ਕੀਤੀ ਜਾ ਸਕਦੀ ਹੈ। ਉਦਯੋਗਿਕ ਕ੍ਰਾਂਤੀ ਨੇ ਬੇਸ਼ੱਕ ਮਨੁੱਖੀ ਜਿ਼ੰਦਗੀ ਨੂੰ ਹੈਰਾਨੀਜਨਕ ਢੰਗ ਨਾਲ ਬਦਲਿਆ ਹੈ ਪਰ ਸ਼ਾਇਦ ਅਸੀਂ ਇਸ ਗੱਲ ਨੂੰ ਅੱਖੋਂ ਪਰੋਖੇ ਕਰ ਰਹੇ ਹਾਂ ਕਿ ਕੁਦਰਤੀ ਸੰਤੁਲਨ ਦਾ ਵਿਗਾੜ ਮਨੁੱਖ ਜਾਤੀ ਲਈ ਕਿੰਨਾ ਭਿਆਨਕ ਹੋ ਸਕਦਾ ਹੈ। ਅੱਜ ਬੇਸ਼ੱਕ ਉਦਯੋਗਿਕ ਸਹਾਰੇ ਤੋਂ ਬਿਨਾਂ ਸੱਭਿਅਤਾ ਦਾ ਵਿਕਾਸ ਮੁਮਕਿਨ ਨਹੀਂ ਲੱਗਦਾ ਪਰ ਇਸ ਕਥਨ ਨਾਲ ਅਸੀਂ ਕੁਦਰਤ ਪ੍ਰਤੀ ਸਾਡੀ ਜਿ਼ੰਮੇਵਾਰੀ ਤੋਂ ਮੂੰਹ ਨਹੀਂ ਮੋੜ ਸਕਦੇ। ਦੁਨੀਆ ਦੀ ਲੱਗਭਗ ਹਰ ਇਕ ਸਰਕਾਰ ਨੇ ਉਦਯੋਗ ਜਗਤ ਲਈ ਕੁਝ ਮਾਪਦੰਡ ਨਿਰਧਾਰਤ ਕੀਤੇ ਹਨ। ਸਾਡੇ ਦੇਸ਼ ਵਿਚ ਵੀ ਵਾਤਾਵਰਨ ਦੀ ਸੰਭਾਲ ਅਤੇ ਸੁਰੱਖਿਆ ਦੇ ਨਾਂ ਤੇ ਬਹੁਤ ਸਾਰੇ ਕਾਨੂੰਨ ਅਤੇ ਬਹੁਤ ਸਾਰੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਹੈ ਪਰ ਇਸਦੇ ਬਾਵਜੂਦ ਜ਼ਮੀਨੀ ਹਕੀਕਤ ਤੋਂ ਅਸੀਂ ਸਭ ਭਲੀਭਾਂਤ ਜਾਣੂ ਹਾਂ। ਸਾਰੇ ਵਾਤਾਵਰਨ ਪ੍ਰੇਮੀਆਂ ਨੂੰ ਇਸ ਦਿਸ਼ਾ ਵਿਚ ਸੁਹਿਰਦਤਾ ਨਾਲ ਕੰਮ ਕਰਨ ਦੀ ਲੋੜ ਹੈ। ਆਮ ਲੋਕਾਂ ਨੂੰ ਵੀ ਆਪਣੀ ਸਭਿਅਤਾ ਦੀ ਹੋਂਦ ਉੱਪਰ ਲੱਗੇ ਇਸ ਪ੍ਰਸ਼ਨ ਚਿੰਨ੍ਹ ਨੂੰ ਪਛਾਣਦੇ ਹੋਏ ਵਾਤਾਵਰਨ ਸੰਤੁਲਨ ਬਣਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।
ਧਰਤੀ ਨੂੰ ਮਾਂ ਦਾ ਦਰਜਾ ਪ੍ਰਾਪਤ ਹੈ। ਇਸ ਸੰਖੇਪ ਜਿਹੇ ਫਿਕਰੇ ਦੇ ਸ਼ਬਦ ਸੀਮਿਤ ਹਨ ਪਰ ਇਸ ਦੇ ਅਰਥਾਂ ਨੂੰ ਸਮਝਣ ਸਮਝਾਉਣ ਲਈ ਵੱਡੀਆਂ ਵੱਡੀਆਂ ਕਿਤਾਬਾਂ ਵੀ ਛੋਟੀਆਂ ਪੈ ਜਾਂਦੀਆਂ ਹਨ। ਗੱਲ ਆਪਣੇ ਦੇਸ਼ ਤੱਕ ਸੀਮਤ ਕਰ ਕੇ ਸਮਝਣ ਦਾ ਯਤਨ ਕਰੀਏ ਤਾਂ ਸਮਝਣ ਵਿਚ ਆਸਾਨੀ ਰਹੇਗੀ। 1960ਵਿਆਂ ਵਿਚ ਭਾਰਤ ਅੰਨ ਦੀ ਥੁੜ੍ਹ ਦਾ ਸਾਹਮਣਾ ਕਰ ਰਿਹਾ ਸੀ। ਆਬਾਦੀ ਦੇ ਵਿਸਫੋਟ ਦੇ ਨਾਲ ਨਾਲ ਦੋ ਸੰਸਾਰ ਯੁੱਧਾਂ ਨੇ ਅਜਿਹੀ ਹਾਲਤ ਪੈਦਾ ਕਰ ਦਿੱਤੀ ਕਿ ਭਾਰਤ ਨੂੰ ਆਪਣੀ ਇਸ ਕਮਜ਼ੋਰੀ ਲਈ ਬਹੁਤ ਸਾਰੇ ਦੇਸ਼ਾਂ ਦੀਆਂ ਅਜਿਹੀਆਂ ਸ਼ਰਤਾਂ ਨਾਲ ਵੀ ਸਹਿਮਤ ਹੋਣਾ ਪਿਆ ਜੋ ਸ਼ਾਇਦ ਆਮ ਹਾਲਤ ਵਿਚ ਨਾ ਹੁੰਦਾ। ਇਸ ਲਈ ਵੇਲੇ ਦੇ ਭਾਰਤੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਹਰੀ ਕ੍ਰਾਂਤੀ ਦਾ ਸੱਦਾ ਦਿੱਤਾ। ਇਸ ਹਰੀ ਕ੍ਰਾਂਤੀ ਦੀ ਸਫਲਤਾ ਨੇ ਭਾਰਤ ਨੂੰ ਅਨਾਜ ਵਿਚ ਤਾਂ ਆਤਮ ਨਿਰਭਰ ਬਣਾ ਦਿੱਤਾ ਪਰ ਖੇਤੀ ਸੈਕਟਰ ਵਿਚ ਉਦਯੋਗੀਕਰਨ ਦੇ ਦਾਖਲੇ ਨੇ ਆਉਣ ਵਾਲੇ ਸਮੇਂ ਵਿਚ ਭਿਆਨਕ ਮੰਜ਼ਰ ਖੜ੍ਹਾ ਹੋਣ ਦੇ ਬੀਜ ਬੀਜ ਦਿੱਤੇ। ਹਰੀ ਕ੍ਰਾਂਤੀ ਨੇ ਸਭ ਤੋਂ ਵੱਧ ਸਫਲਤਾ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਪ੍ਰਾਪਤ ਕੀਤੀ ਸੀ। ਇਸ ਨਾਲ ਆਪਣੀ ਆਰਥਿਕਤਾ ਵਿਚ ਆਈ ਖੁਸ਼ਹਾਲੀ ਨੇ ਇਨ੍ਹਾਂ ਕਿਸਾਨਾਂ ਦੀ ਮਾਨਸਿਕਤਾ ਹੀ ਬਦਲ ਦਿੱਤੀ ਅਤੇ ਉਹ ਖੇਤੀ ਨਾਲ ਸਬੰਧਤ ਕੁਦਰਤੀ ਸਾਧਨਾਂ ਦਾ ਬੇਰਹਿਮੀ ਨਾਲ ਸ਼ੋਸ਼ਣ ਕਰਨ ਲੱਗੇ। ਹਰੀ ਕ੍ਰਾਂਤੀ ਦਾ ਇੱਕ ਹੋਰ ਪ੍ਰਭਾਵ ਇਹ ਪਿਆ ਕਿ ਇਸ ਨਾਲ ਪੈਸਟੀਸਾਈਡ ਉਦਯੋਗ ਜੋ ਪੰਜਾਬ, ਹਰਿਆਣਾ ਲਈ ਉਸ ਵੇਲੇ ਤੱਕ ਇੱਕ ਅਣਜਾਣਿਆ ਸ਼ਬਦ ਹੀ ਸੀ, ਨੂੰ ਜਨਮ ਦੇਣ ਦੇ ਨਾਲ ਨਾਲ ਵਧਣ ਫੁੱਲਣ ਦਾ ਮੌਕਾ ਵੀ ਦਿੱਤਾ। ਜ਼ਮੀਨ ਤੋਂ ਵੱਧ ਉਪਜ ਲੈਣ ਲਈ ਖਾਦਾਂ ਦੀ ਵਰਤੋਂ ਜ਼ਰੂਰੀ ਸੀ। ਆਬਾਦੀ ਦੇ ਬੇਤਹਾਸ਼ਾ ਵਾਧੇ ਕਾਰਨ ਵੱਧ ਰਹੀ ਮੰਗ ਕਰ ਕੇ ਮਹਿੰਗਾਈ ਵੀ ਆਸਮਾਨੀ ਚੜ੍ਹਨ ਲੱਗੀ। ਮਹਿੰਗਾਈ ਵਧਣ ਨਾਲ ਘਰੇਲੂ ਜ਼ਰੂਰਤਾਂ ਦੀ ਪੂਰਤੀ ਲਈ ਕੀਟ ਨਾਸ਼ਕਾਂ ਦੀ ਵਰਤੋਂ ਖੇਤੀ ਦਾ ਅਨਿਖੜਵਾਂ ਅੰਗ ਬਣ ਗਈ ਅਤੇ ਜਦ ਤੱਕ ਲੋਕਾਂ ਨੂੰ ਇਸ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਦਾ ਇਲਮ ਹੁੰਦਾ ਤਾਂ ਉਹ ਚਾਹੁੰਦੇ ਹੋਏ ਵੀ ਆਪਣੀ ਆਰਥਿਕਤਾ ਤੋਰਨ ਲਈ ਕੀਟ ਨਾਸ਼ਕਾਂ ਦੀ ਵਰਤੋਂ ਕਰਨ ਤੋਂ ਇਨਕਾਰ ਨਹੀਂ ਸੀ ਕਰ ਸਕਦੇ। ਭਿਆਨਕ ਰੂਪ ਧਾਰ ਕੇ ਸਾਡੇ ਸਾਹਮਣੇ ਖੜ੍ਹਾ ਵਪਾਰੀਕਰਨ ਅਤੇ ਵਿਸ਼ਵੀਕਰਨ ਦਾ ਦੈਂਤ ਸਾਨੂੰ ਕੁਦਰਤੀ ਖੇਤੀ ਵੱਲ ਨਹੀਂ ਮੁੜਨ ਦਿੰਦਾ। ਮੌਜੂਦਾ ਸਮੇਂ ਵਿਚ ਲੋੜ ਹੈ ਕਿ ਪੰਜਾਬ, ਹਰਿਆਣਾ ਦੀ ਕਿਸਾਨੀ ਸਾਹਮਣੇ ਅਜਿਹਾ ਬਦਲ ਰੱਖਿਆ ਜਾਵੇ ਜੋ ਇੱਕ ਤੀਰ ਨਾਲ ਦੋਵੇਂ ਸ਼ਿਕਾਰ ਕਰਨ ਦੀ ਸਮਰੱਥਾ ਰੱਖਦਾ ਹੋਵੇ।
ਵਾਤਾਵਰਨ ਸੰਭਾਲ ਦਾ ਮੁੱਦਾ ਸਿਰਫ ਇਨ੍ਹਾਂ ਕੁਝ ਮਸਲਿਆਂ ਤੱਕ ਹੀ ਮਹਿਦੂਦ ਨਹੀਂ ਸਗੋਂ ਉਹ ਸਾਰੇ ਕੰਮ ਜੋ ਕਿਸੇ ਵੀ ਰੂਪ ਵਿਚ ਕੁਦਰਤੀ ਸੰਤੁਲਨ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ, ਉਹ ਸਾਰੇ ਹੀ ਬਰਾਬਰ ਧਿਆਨ ਮੰਗਦੇ ਹਨ। ਇਨ੍ਹਾਂ ਵਿਚ ਆਵਾਜ਼ ਪ੍ਰਦੂਸ਼ਣ, ਆਵਾਜਾਈ ਪ੍ਰਦੂਸ਼ਣ, ਆਲਮੀ ਤਪਸ਼, ਰੁੱਖਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ, ਉਦਯੋਗਿਕ ਵਿਕਾਸ ਦੇ ਨਾਂ ਤੇ ਕੁਦਰਤ ਨਾਲ ਹੋ ਰਿਹਾ ਖਿਲਵਾੜ ਇਸ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਹ ਸਭ ਕੁਦਰਤੀ ਨੇਮਾਂ ਦੇ ਖਿਲਾਫ ਜਾ ਕੇ ਮਨੁੱਖ ਜਾਤੀ ਲਈ ਖਤਰੇ ਦੀ ਘੰਟੀ ਵਜਾਉਂਦੇ ਹਨ। ਕੁਦਰਤ ਆਪਣੇ ਤਰੀਕੇ ਨਾਲ ਬਦਲਾ ਲੈਂਦੀ ਹੈ। ਪਿਛਲੇ ਸਮਿਆਂ ਦੌਰਾਨ ਹੋਏ ਕੁਝ ਕੌੜੇ ਤਜਰਬੇ ਸੰਕੇਤ ਕਰਦੇ ਹਨ ਕਿ ਕੁਦਰਤ ਦਾ ਮਨੁੱਖ ਨੂੰ ਸਮਝਾਉਣ ਦਾ ਤਰੀਕਾ ਬਹੁਤੀ ਵਾਰ ਵਿਨਾਸ਼ਕਾਰੀ ਹੁੰਦਾ ਹੈ। ਮੈਡੀਸਨ ਵਿਚ ਨੋਬੇਲ ਇਨਾਮ ਵਿਜੇਤਾ ਜਾਰਜ ਵਾਲਡ ਦਾ ਕਥਨ ਹੈ, “ਕੁਦਰਤ ਨਾਲ ਛੇੜ-ਛਾੜ ਮਹਿੰਗੀ ਪੈ ਸਕਦੀ ਹੈ। ਇਹ ਨਵੇਂ ਕੀਟਾਣੂ, ਨਵੀਆਂ ਬਿਮਾਰੀਆਂ, ਕੈਂਸਰ ਦੇ ਨਵੇਂ ਸ੍ਰੋਤ ਅਤੇ ਮਹਾਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ।”
ਉਪਰੋਕਤ ਵਰਣਿਤ ਮਸਲਿਆਂ ਵਿਚੋਂ ਕੁਝ ਕੁ ਦੇ ਬਦਲ ਸਾਡੇ ਕੋਲ ਮੌਜੂਦ ਹਨ ਪਰ ਕਿਸੇ ਨਾ ਕਿਸੇ ਕਾਰਨ ਉਹ ਸਭ ਲੋਕਾਂ ਦੀ ਪਹੁੰਚ ਤੋਂ ਦੂਰ ਹਨ। ਇਸ ਲਈ ਸਾਨੂੰ ਅਜਿਹੇ ਬਦਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਆਮ ਲੋਕਾਂ ਦੀ ਪਹੁੰਚ ਵਿਚ ਆਉਂਦੇ ਹੋਣ। ਕੁਝ ਕੁ ਮਸਲੇ ਅਜਿਹੇ ਵੀ ਹਨ ਜੋ ਸਿੱਧੇ ਜਾਂ ਅਸਿੱਧੇ ਰੂਪ ਵਿਚ ਇੱਕ ਤੋਂ ਵੱਧ ਕੁਦਰਤੀ ਸਾਧਨਾਂ ਤੇ ਚੋਟ ਕਰ ਰਹੇ ਹਨ। ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਅਜਿਹੇ ਕੁਦਰਤੀ ਸੋਮੇ ਹਨ ਜੋ ਅਥਾਹ ਸਮਰੱਥਾ ਦੇ ਬਾਵਜੂਦ ਅਜਾਈਂ ਜਾ ਰਹੇ ਹਨ। ਇਸ ਲਈ ਇਨ੍ਹਾਂ ਅਣਮੁੱਲੇ ਪਰ ਕਿਸੇ ਨਾ ਕਿਸੇ ਕਾਰਨ ਅਣਵਰਤੇ ਜਾ ਰਹੇ ਇਨ੍ਹਾਂ ਕੁਦਰਤੀ ਸੋਮਿਆਂ ਨੂੰ ਵੱਧ ਤੋਂ ਵੱਧ ਲੋਕਾਂ ਦੀ ਜਾਣਕਾਰੀ ਵਿਚ ਲਿਆਂਦਾ ਜਾਵੇ ਤਾਂ ਜੋ ਮਾਨਵ ਜਾਤੀ ਇਨ੍ਹਾਂ ਕੁਦਰਤੀ ਸ੍ਰੋਤਾਂ ਦਾ ਜਿ਼ਆਦਾ ਤੋਂ ਜਿ਼ਆਦਾ ਫਾਇਦਾ ਉਠਾ ਸਕੇ ਅਤੇ ਉਨ੍ਹਾਂ ਕੁਦਰਤੀ ਸ੍ਰੋਤਾਂ ਨੂੰ ਬਚਾਇਆ ਜਾ ਸਕੇ ਜੋ ਸੀਮਤ ਮਾਤਰਾ ਵਿਚ ਹੀ ਸਾਡੇ ਕੋਲ ਮੌਜੂਦ ਹਨ। ਇਸ ਸੰਕਟ ਦੇ ਹੱਲ ਲਈ ਸਾਨੂੰ ਨਵਿਆਉਣਯੋਗ ਸਾਧਨਾਂ ਦੀ ਵਰਤੋਂ ਵਧਾਉਣੀ ਚਾਹੀਦੀ ਹੈ।
ਸੰਪਰਕ: 98148-29005