ਦਿੱਲੀ ਦਾ ਹਵਾ ਪ੍ਰਦੂਸ਼ਣ, ਸਿਆਸਤ ਤੇ ਸੁਝਾਅ

ਦਿੱਲੀ ਦਾ ਹਵਾ ਪ੍ਰਦੂਸ਼ਣ, ਸਿਆਸਤ ਤੇ ਸੁਝਾਅ

PTI

ਡਾ. ਗੁਰਿੰਦਰ ਕੌਰ*

ਹਰ ਸਾਲ ਸਰਦੀਆਂ ਸ਼ੁਰੂ ਹੁੰਦੇ ਹੀ ਦਿੱਲੀ ਹਵਾ ਦੇ ਪ੍ਰਦੂਸ਼ਣ ਦੀ ਲਪੇਟ ਵਿੱਚ ਆ ਜਾਂਦੀ ਹੈ। ਹਵਾ ਪ੍ਰਦੂਸ਼ਣ ਵਧਣ ਦੇ ਨਾਲ ਹੀ ਕੇਂਦਰ ਅਤੇ ਦਿੱਲੀ ਸਰਕਾਰਾਂ ਇਸ ਨੂੰ ਘਟਾਉਣ ਦੇ ਸਥਾਈ ਉਪਰਾਲੇ ਕਰਨ ਦੀ ਥਾਂ ਸਿਆਸਤ ਕਰਦੀਆਂ ਹੋਈਆਂ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਣ ਲੱਗ ਜਾਂਦੀਆਂ ਹਨ। ਆਖ਼ਿਰ ਇਸ ਦਾ ਸਾਰਾ ਦੋਸ਼ ਦਿੱਲੀ ਦੇ ਆਲੇ-ਦੁਆਲੇ ਦੇ ਰਾਜਾਂ ਦੇ ਕਿਸਾਨਾਂ ਸਿਰ ਮੜ੍ਹ ਦਿੰਦੀਆਂ ਹਨ। ਅਕਤੂਬਰ ਦੀ ਸ਼ੁਰੂਆਤ ਵਿੱਚ ਜਦੋਂ ਧਾਨ ਦੀ ਫ਼ਸਲ ਦੀ ਕਟਾਈ ਹੁੰਦੀ ਹੈ ਤਾਂ ਅਗਲੀ ਫ਼ਸਲ ਬੀਜਣ ਲਈ ਬਹੁਤ ਥੋੜ੍ਹਾ ਸਮਾਂ ਬਚਦਾ ਹੈ ਜਿਸ ਕਾਰਨ ਕਿਸਾਨ ਧਾਨ ਦੀ ਫ਼ਸਲ ਦੀ ਰਹਿੰਦ-ਖੂੰਹਦ (ਪਰਾਲੀ) ਨੂੰ ਅੱਗ ਲਗਾ ਕੇ ਖੇਤ ਖਾਲੀ ਕਰਕੇ ਅਗਲੀ ਫ਼ਸਲ ਦੀ ਬਿਜਾਈ ਦੀ ਤਿਆਰੀ ਕਰਨ ਲੱਗ ਜਾਂਦੇ ਹਨ। ਪਰਾਲੀ ਨੂੰ ਅੱਗ ਲਗਾਉਣ ਨਾਲ ਹਵਾ ਵਿੱਚ ਧੂੰਆਂ ਫੈਲਣ ਨਾਲ ਇਹ ਪ੍ਰਦੂਸ਼ਿਤ ਹੋ ਜਾਂਦੀ ਹੈ।

ਸੰਤਬਰ 2021 ਵਿੱਚ ਦਿੱਲੀ ਵਿੱਚ ਹਵਾ ਦੇ ਵਧ ਰਹੇ ਪ੍ਰਦੂਸ਼ਣ ਬਾਰੇ ਆਏ ਦੋ ਖੋਜ ਅਧਿਐਨਾਂ ਨੇ ਚਿੰਤਾਜਨਕ ਸਥਿਤੀ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਖੋਜ ਅਧਿਐਨ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਦਾ ਸੀ, ਜਿਸ ਅਨੁਸਾਰ ਹਵਾ ਦੇ ਪ੍ਰਦੂਸ਼ਣ ਨਾਲ ਦਮਾ, ਐਲਰਜੀ ਅਤੇ ਸਾਹ-ਨਾਲੀ ਦੀਆਂ ਬਿਮਾਰੀਆਂ ਦੇ ਨਾਲ ਨਾਲ ਵਿਅਕਤੀਆਂ ਦੀ ਔਸਤ ਉਮਰ ਵੀ ਘੱਟ ਜਾਂਦੀ ਹੈ ਅਤੇ ਜਿੰਨਾ ਜ਼ਿਆਦਾ ਕਿਸੇ ਥਾਂ ਉੱਤੇ ਹਵਾ ਦਾ ਪ੍ਰਦੂਸ਼ਣ ਹੋਵੇਗਾ, ਉਸੇ ਅਨੁਪਾਤ ਵਿੱਚ ਉੱਥੇ ਰਹਿੰਦੇ ਵਿਅਕਤੀਆਂ ਦੀ ਔਸਤ ਉਮਰ ਘਟੇਗੀ। ਇਸ ਰਿਪੋਰਟ ਅਨੁਸਾਰ ਦਿੱਲੀ ਵਿੱਚ ਰਹਿੰਦੇ ਵਿਅਕਤੀਆਂ ਦੀ ਉਮਰ 9.5 ਸਾਲ ਤੱਕ ਘਟ ਸਕਦੀ ਹੈ ਕਿਉਂਕਿ ਇੱਥੇ ਹਵਾ ਦੇ ਪ੍ਰਦੂਸ਼ਣ ਦਾ ਸਤਰ ਬਹੁਤ ਜ਼ਿਆਦਾ ਹੈ। ਦੇਸ਼ ਦੇ ਦੱਖਣੀ ਹਿੱਸੇ ਵੱਲ ਜਾਂਦਿਆਂ ਹਵਾ ਦੇ ਪ੍ਰਦੂਸ਼ਣ ਦਾ ਸਤਰ ਵੀ ਘਟਦਾ ਜਾਂਦਾ ਹੈ ਅਤੇ ਉੱਥੇ ਰਹਿਣ ਵਾਲਿਆਂ ਦੀ ਔਸਤ ਉਮਰ ਉੱਤੇ ਵੀ ਘੱਟ ਪ੍ਰਭਾਵ ਪੈਂਦਾ ਰਿਕਾਰਡ ਕੀਤਾ ਗਿਆ ਹੈ। ਦੂਜਾ ਖੋਜ ਅਧਿਐਨ ਭਾਰਤ ਦੇ ਲੰਗ ਕੇਅਰ ਫਾਊਂਡੇਸ਼ਨ ਦੇ ਡਾ. ਅਰਵਿੰਦ ਕੁਮਾਰ ਅਤੇ ਪੂਨੇ ਦੀ ਪਲਮੋਕੇਅਰ ਰਿਸਰਚ ਐਂਡ ਐਜੂਕੇਸ਼ਨ ਫਾਊਂਨੇਸ਼ਨ ਦੇ ਡਾ. ਸੰਦੀਪ ਸਾਲਵੀ ਨੇ ਮਿਲ ਕੇ ਕੀਤਾ ਹੈ। ਦੂਜਾ ਖੋਜ ਅਧਿਐਨ ਦਿੱਲੀ, ਮੈਸੂਰ ਅਤੇ ਕੋਟਾਯਾਮ ਦੇ ਸਕੂਲ ਜਾਣ ਵਾਲੇ ਬੱਚਿਆਂ ਦੀ ਸਿਹਤ ਉੱਤੇ ਹਵਾ ਦੇ ਪ੍ਰਦੂਸ਼ਣ ਦੇ ਅਸਰ ਨਾਲ ਸਬੰਧਿਤ ਹੈ। ਇਸ ਅਧਿਐਨ ਅਨੁਸਾਰ ਦਿੱਲੀ ਦੇ ਬੱਚਿਆਂ ਉੱਤੇ ਹਵਾ ਦੇ ਪ੍ਰਦੂਸ਼ਣ ਦਾ ਮੈਸੂਰ ਅਤੇ ਕੋਟਾਯਾਮ ਦੇ ਬੱਚਿਆਂ ਨਾਲੋਂ ਜ਼ਿਆਦਾ ਅਸਰ ਪੈ ਰਿਹਾ ਹੈ। ਦਿੱਲੀ ਵਿੱਚ ਸਕੂਲ ਜਾਣ ਵਾਲੇ ਤਿੰਨ ਬੱਚਿਆਂ ਵਿੱਚੋਂ ਇੱਕ ਦਮੇ ਦੀ ਬਿਮਾਰੀ ਤੋਂ ਪੀੜਤ ਹੈ, ਜਦੋਂਕਿ ਮੈਸੂਰ ਅਤੇ ਕੋਟਾਯਾਮ ਵਿੱਚ 22.6 ਫ਼ੀਸਦ ਬੱਚੇ ਦਮੇ ਦੇ ਰੋਗੀ ਹਨ।

ਇਨ੍ਹਾਂ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਵਿੱਚ ਵਧ ਰਿਹਾ ਹਵਾ ਦਾ ਪ੍ਰਦੂਸ਼ਣ ਕਿਸੇ ਇੱਕ ਮਹੀਨੇ ਅਤੇ ਰੁੱਤ ਨਾਲ ਸਬੰਧਿਤ ਨਹੀਂ ਹੈ। ਇਹ ਦਿੱਲੀ ਵਿੱਚ ਸਾਰਾ ਸਾਲ ਰਹਿੰਦਾ ਹੈ ਅਤੇ ਦਿੱਲੀ ਲੰਮੇ ਸਮੇਂ ਤੋਂ ਇਸ ਦੀ ਲਪੇਟ ਵਿੱਚ ਆਈ ਹੋਈ ਹੈ।

ਪਰਾਲੀ ਸਾੜਨ ਨਾਲ ਧੂੰਆਂਖੀ-ਧੁੰਦ ਦੀ ਸਮੱਸਿਆ ਤਾਂ ਉਦੋਂ ਪੈਦਾ ਹੁੰਦੀ ਹੈ ਜਦੋਂ ਹਵਾ ਦੇ ਚੱਲਣ ਦੀ ਗਤੀ ਬਹੁਤ ਘੱਟ ਹੋਵੇ, ਵਾਤਾਵਰਨ ਵਿੱਚ ਧੂੰਏਂ, ਅਤੇ ਮਿੱਟੀ ਦੇ ਕਣ ਅਤੇ ਹਵਾ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ 2020 ਦੀ ਇੱਕ ਖੋਜ ਅਨੁਸਾਰ 2017, 2018 ਅਤੇ 2019 ਵਿੱਚ ਹਵਾ ਦੇ ਚੱਲਣ ਦੀ ਗਤੀ ਬਹੁਤ ਘੱਟ ਸੀ ਜਿਸ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਣ ਨਾਲ ਹੋਇਆ ਪ੍ਰਦੂਸ਼ਣ ਦਿੱਲੀ ਤੱਕ ਪਹੁੰਚ ਨਹੀਂ ਸਕਦਾ ਸੀ। ਉਸ ਪ੍ਰਦੂਸ਼ਣ ਨਾਲ ਦਿੱਲੀ ਨਹੀਂ, ਸਗੋਂ ਇਨ੍ਹਾਂ ਰਾਜਾਂ ਦੀ ਹਵਾ ਹੀ ਪ੍ਰਦੂਸ਼ਿਤ ਹੋਈ ਸੀ।

ਭਾਰਤ ਦੇ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਮੌਨਸੂਨ ਪੌਣਾਂ ਨਾਲ ਪਏ ਮੀਂਹ ਨੇ ਕਈ ਰਿਕਾਰਡ ਤੋੜ ਦਿੱਤੇ ਹਨ। ਇਸ ਸਾਲ ਇੱਥੇ ਆਮ ਨਾਲੋਂ 80 ਫ਼ੀਸਦ ਜ਼ਿਆਦਾ ਮੀਂਹ ਪਿਆ ਹੈ। ਭਾਰੀ ਮੀਂਹ ਪੈਣ ਨਾਲ ਹਵਾ ਵਿਚਲੇ ਪ੍ਰਦੂਸ਼ਿਤ ਕਣ ਧਰਤੀ ਉੱਤੇ ਆ ਕੇ ਟਿਕ ਜਾਂਦੇ ਹਨ ਜਿਸ ਨਾਲ ਏਅਰ ਕੁਆਲਿਟੀ ਇੰਡੈਕਸ ਚੰਗੀ ਸਥਿਤੀ ਵਿੱਚ ਪਹੁੰਚ ਜਾਂਦਾ ਹੈ। ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਅਨੁਸਾਰ 18 ਸਤੰਬਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਭਾਰੀ ਮੀਂਹ ਪੈਣ ਤੋਂ ਬਾਅਦ ਵੀ 69 ਹੀ ਸੀ ਜੋ ਚੰਗਾ ਨਹੀਂ, ਸਿਰਫ਼ ਤਸੱਲੀਬਖ਼ਸ਼ ਹੀ ਸੀ। ਇਸ ਤੋਂ ਇਲਾਵਾ ਪੀ.ਐੱਮ. 10 ਅਤੇ ਪੀ.ਐੱਮ. 2.5 ਦੀ ਹਵਾ ਵਿੱਚ ਘਣਤਾ 67 ਅਤੇ 27 ਪ੍ਰਤੀ ਘਣ ਮੀਟਰ ਸੀ ਜਿਨ੍ਹਾਂ ਨੂੰ ਨੈਸ਼ਨਲ ਮਾਪਦੰਡਾਂ ਅਨੁਸਾਰ ਚੰਗਾ ਤਾਂ ਨਹੀਂ ਤਸੱਲੀਬਖ਼ਸ਼ ਮੰਨਿਆ ਜਾਂਦਾ ਹੈ।

ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਅਨੁਸਾਰ 2021 ਵਿੱਚ ਜਨਵਰੀ ਤੋਂ ਲੈ ਕੇ ਅਗਸਤ ਦੇ ਅੰਤ ਤੱਕ ਇੱਕ ਦਿਨ ਵੀ ਦਿੱਲੀ ਵਾਸੀਆਂ ਨੂੰ ਚੰਗੀ ਗੁਣਵੱਤਾ ਵਾਲੀ ਹਵਾ ਨਸੀਬ ਨਹੀਂ ਹੋਈ। ਇਸ ਦੇ ਮੁਕਾਬਲੇ 2020 ਵਿੱਚ ਇਨ੍ਹਾਂ ਨੇ 5 ਦਿਨ ਸਾਫ਼ ਹਵਾ ਵਿੱਚ ਸਾਹ ਲਿਆ। ਪਿਛਲੇ ਪੰਜ ਸਾਲਾਂ ਵਿੱਚ ਸਿਰਫ਼ 9 ਦਿਨ ਹੀ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਚੰਗਾ ਰਿਹਾ ਹੈ। ਹੁਣ ਸਵਾਲ ਪੁੱਛਣਾ ਬਣਦਾ ਹੈ ਕਿ ਜੇਕਰ ਪਰਾਲੀ ਸਾੜਨ ਨਾਲ ਦਿੱਲੀ ਵਿੱਚ ਅਕਤੂਬਰ ਵਿੱਚ ਹਵਾ ਦੇ ਪ੍ਰਦੂਸ਼ਣ ਵਿੱਚ ਵਾਧਾ ਹੋ ਜਾਂਦਾ ਹੈ ਤਾਂ ਬਾਕੀ ਦੇ ਘੱਟੋ-ਘੱਟ 11 ਮਹੀਨੇ ਤਾਂ ਦਿੱਲੀ ਦੀ ਹਵਾ ਸਾਫ਼ ਰਹਿਣੀ ਚਾਹੀਦੀ ਹੈ, ਪਰ ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਦੇ ਰਿਕਾਰਡ ਤੋਂ ਸਾਬਤ ਹੁੰਦਾ ਹੈ ਕਿ ਪਿਛਲੇ 5 ਸਾਲਾਂ ਵਿੱਚ ਹਰ ਸਾਲ ਔਸਤਨ 1.8 ਦਿਨ ਹੀ ਦਿੱਲੀ ਵਾਸੀਆਂ ਨੂੰ ਸਾਫ਼ ਹਵਾ ਮਿਲੀ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਇੱਕ ਰਿਪੋਰਟ ਅਨੁਸਾਰ ਖੇਤੀਬਾੜੀ ਖੇਤਰ ਤੋਂ 2014 ਵਿੱਚ ਗਰੀਨਹਾਊਸ ਗੈਸਾਂ ਦੀ ਕੁੱਲ ਨਿਕਾਸੀ ਵਿੱਚੋਂ ਸਿਰਫ਼ 16 ਫ਼ੀਸਦ ਹੋਈ ਸੀ ਜਿਹੜੀ 2016 ਵਿੱਚ ਘਟ ਕੇ 14 ਫ਼ੀਸਦ ਹੀ ਰਹਿ ਗਈ ਹੈ। ਊਰਜਾ ਖੇਤਰ, ਜਿਸ ਵਿੱਚ ਬਿਜਲੀ ਪੈਦਾ ਕਰਨ ਅਤੇ ਆਵਾਜਾਈ ਦੇ ਸਾਧਨ ਸ਼ਾਮਲ ਹਨ, ਤੋਂ 2014 ਵਿੱਚ 72.2 ਫ਼ੀਸਦ ਅਤੇ 2016 ਵਿੱਚ 75 ਫ਼ੀਸਦ ਗਰੀਨਹਾਊਸ ਗੈਸਾਂ ਦੀ ਨਿਕਾਸੀ ਹੋਈ ਹੈ। ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਖੇਤੀਬਾੜੀ ਖੇਤਰ ਜਾਂ ਦਿੱਲੀ ਦੇ ਆਲੇ-ਦੁਆਲੇ ਦੇ ਰਾਜਾਂ ਦੇ ਕਿਸਾਨ ਨਹੀਂ, ਸਗੋਂ ਮੁੱਖ ਤੌਰ ਉੱਤੇ ਦਿੱਲੀ ਦੇ ਸਥਾਨਕ ਸਰੋਤ ਹੀ ਜ਼ਿੰਮੇਵਾਰ ਹਨ।

ਦਿੱਲੀ ਦੇ ਮੁੱਖ ਮੰਤਰੀ ਨੇ ਜਿਹੜਾ ਦਿੱਲੀ ਦੇ ਸਰਦੀਆਂ ਦੇ ਪ੍ਰਦੂਸ਼ਣ ਨਾਲ ਨਜਿੱਠਣ ਦਾ 10 ਨੁਕਾਤੀ ਵਿੰਟਰ ਐਕਸ਼ਨ ਪਲਾਨ ਬਣਾਇਆ ਹੈ, ਉਸ ਵਿੱਚ ਸ਼ਾਮਲ ਨੁਕਤੇ (1) ਪਰਾਲੀ ਤੋਂ ਖਾਦ ਬਣਾਉਣਾ, (2) ਉਸਾਰੀ ਦੇ ਕੰਮਾਂ ਤੋਂ ਪੈਦਾ ਹੋਣ ਵਾਲੇ ਧੂੜ ਅਤੇ ਮਿੱਟੀ ਦੇ ਕਣਾਂ ਨੂੰ ਘਟਾਉਣਾ, (3) ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਉੱਤੇ ਰੋਕ ਲਗਾਉਣੀ, (4) ਪਟਾਖੇ ਬਣਾਉਣ ਅਤੇ ਚਲਾਉਣ ਉੱਤੇ ਰੋਕ ਲਗਾਉਣਾ, (5) ਮੋਟਰ-ਗੱਡੀਆਂ ਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਉਪਰਾਲੇ ਕਰਨਾ, (6) ਦਿੱਲੀ ਵਿੱਚ ਹੋਰ ਸਮੌਗ ਟਾਵਰ ਲਗਾਉਣੇ, (7) ਹਵਾ ਦਾ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਹਰ ਤਰ੍ਹਾਂ ਦੀਆਂ ਇਕਾਈਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਉੱਤੇ ਨਿਗਰਾਨੀ ਰੱਖਣੀ, (8) ਈਕੋ ਵੇਸਟ ਪਾਰਕ ਬਣਾਉਣਾ, (9) ਗਰੀਨ ਵਾਰ ਰੂਮਜ਼ ਨੂੰ ਮਜ਼ਬੂਤ ਕਰਨਾ ਅਤੇ (10) ਗਰੀਨ ਐਪ ਹਨ।

ਸਰਦੀਆਂ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਨ੍ਹਾਂ 10 ਨੁਕਤਿਆਂ ਵਿੱਚੋਂ ਸਿਰਫ਼ ਇੱਕ ਨੁਕਤਾ ਖੇਤੀ ਅਤੇ ਦਿੱਲੀ ਦੇ ਨਾਲ ਲੱਗਦੇ ਰਾਜਾਂ ਨਾਲ ਸਬੰਧਿਤ ਹੈ। ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ, ਪਰ ਸਾਰਾ ਦੋਸ਼ ਇਸ ਉੱਤੇ ਮੜ੍ਹ ਦੇਣਾ ਨਿਆਂਪੂਰਨ ਨਹੀਂ। ਪਿਛਲੇ ਸਾਲ ਕੇਂਦਰ ਸਰਕਾਰ ਨੇ ਆਪ ਮੰਨਿਆ ਕਿ ਪਰਾਲੀ ਸਾੜਨ ਨਾਲ ਦਿੱਲੀ ਦੇ ਹਵਾ ਦੇ ਕੁੱਲ ਪ੍ਰਦੂਸ਼ਣ ਵਿੱਚ 4-6 ਫ਼ੀਸਦ ਦਾ ਵਾਧਾ ਹੁੰਦਾ ਹੈ ਅਤੇ ਬਾਕੀ 94-96 ਫ਼ੀਸਦ ਵਾਧਾ ਹੋਰ ਸਰੋਤਾਂ ਤੋਂ ਹੁੰਦਾ ਹੈ। ਦਿੱਲੀ ਦੇ ਮੁੱਖ ਮੰਤਰੀ ਦਾ ਇਹ 10 ਨੁਕਤੀ ਪ੍ਰੋਗਰਾਮ ਵੀ ਇਹ ਸਾਫ਼ ਦੱਸਦਾ ਹੈ ਕਿ ਨੌਂ ਨੁਕਤੇ ਦਿੱਲੀ ਸ਼ਹਿਰ ਦੀਆਂ ਸਥਾਨਕ ਗਤੀਵਿਧੀਆਂ ਨਾਲ ਜੁੜੇ ਹਨ। ਇਸ ਲਈ ਦਿੱਲੀ ਸਰਕਾਰ ਨੂੰ ਚਾਹੀਦਾ ਹੈ ਕਿ ਦਿੱਲੀ ਵਿੱਚ ਵਧਦੇ ਹਵਾ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਸਥਾਨਕ ਪ੍ਰਦੂਸ਼ਣ ਸਰੋਤਾਂ ਦੀ ਨਿਸ਼ਾਨਦੇਹੀ ਕਰ ਕੇ ਉਪਰਾਲੇ ਕਰੇ, ਨਾ ਕਿ ਸਾਰਾ ਦੋਸ਼ ਗੁਆਂਢੀ ਰਾਜਾਂ ਉੱਤੇ ਮੜ੍ਹ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਵਿੱਚ ਸਮਾਂ ਨਸ਼ਟ ਕਰੇ। ਇਸ 10 ਨੁਕਾਤੀ ਵਿੰਟਰ ਪਲਿਊਸ਼ਨ ਕੰਟਰੋਲ ਐਕਸ਼ਨ ਪਲਾਨ ਨੂੰ ਸਿਰਫ਼ ਸਰਦੀਆਂ ਵਿੱਚ ਹੀ ਨਹੀਂ, ਸਗੋਂ ਨਿਯਮਬੱਧ ਤਰੀਕੇ ਨਾਲ ਪੱਕੇ ਤੌਰ ਉੱਤੇ ਲਾਗੂ ਕਰ ਦੇਵੇ। ਇਸ ਤਰ੍ਹਾਂ ਕਰਨ ਨਾਲ ਦਿੱਲੀ ਵਿਚਲਾ ਹਵਾ ਦਾ ਪ੍ਰਦੂਸ਼ਣ ਘਟਣਾ ਸ਼ੁਰੂ ਹੋ ਜਾਵੇਗਾ।

ਆਈਕਿਊਏਅਰ ਸੰਸਥਾ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ 2021 ਵਿੱਚ 30,000 ਲੋਕਾਂ ਦੀ ਮੌਤ ਹਵਾ ਦੇ ਪ੍ਰਦੂਸ਼ਣ ਕਾਰਨ ਹੋਈ ਅਤੇ 5 ਬਿਲੀਅਨ ਅਮਰੀਕੀ ਡਾਲਰਾਂ ਦਾ ਆਰਥਿਕ ਘਾਟਾ ਪਿਆ ਹੈ। ਦਿੱਲੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਆਵਾਜਾਈ ਦੇ ਜਨਤਕ ਸਾਧਨ ਜਨਸੰਖਿਆ ਦੇ ਅਨੁਪਾਤ ਵਿੱਚ ਵਧਾਵੇ ਅਤੇ ਇਨ੍ਹਾਂ ਨੂੰ ਇੰਨੇ ਚੁਸਤ-ਦਰੁਸਤ ਕਰ ਦੇਵੇ ਤਾਂ ਕਿ ਲੋਕ ਨਿੱਜੀ ਸਾਧਨਾਂ ਦੀ ਥਾਂ ਉੱਤੇ ਜਨਤਕ ਸਾਧਨਾਂ ਨੂੰ ਤਰਜੀਹ ਦੇਣ। ਤੇਲ ਅਤੇ ਕੋਲੇ ਨਾਲ ਚੱਲਣ ਵਾਲੀਆਂ ਸਾਰੇ ਤਰ੍ਹਾਂ ਦੀਆਂ ਉਦਯੋਗਿਕ ਇਕਾਈਆਂ, ਆਵਾਜਾਈ ਦੇ ਸਾਧਨਾਂ, ਬਿਜਲੀ ਪੈਦਾ ਕਰਨ ਵਾਲੇ ਪਲਾਟਾਂ ਵਿੱਚ ਨਵਿਆਉਣ-ਯੋਗ ਸਾਧਨਾਂ ਤੋਂ ਊਰਜਾ ਪੈਦਾ ਕਰਨ। ਦਿੱਲੀ ਵਿੱਚ ਪੁਰਾਣੇ ਦਰੱਖਤ ਪੁੱਟਣ ਉੱਤੇ ਪੂਰਨ ਰੋਕ ਲਗਾਵੇ ਅਤੇ ਸਜਾਵਟੀ ਦੀ ਬਜਾੲੇ ਰਵਾਇਤੀ ਦਰੱਖਤ ਲਗਾਉਣ ਦੀ ਵਿਉਂਤਬੰਦੀ ਕਰੇ। ਅਰਾਵਲੀ ਪਹਾੜ ਅਤੇ ਉੱਥੋਂ ਦੇ ਜੰਗਲਾਂ ਦੀ ਉਚੇਚੇ ਤੌਰ ਉੱਤੇ ਸਾਂਭ-ਸੰਭਾਲ ਕਰੇ ਤਾਂਕਿ ਰਾਜਸਥਾਨ ਤੋਂ ਆਉਣ ਵਾਲੀਆਂ ਰੇਤ ਨਾਲ ਭਰੀਆਂ ਹਵਾਵਾਂ ਅਤੇ ਦਿੱਲੀ ਵਿੱਚ ਵਧਦੀਆਂ ਗਰੀਨਹਾਊਸ ਗੈਸਾਂ ਸੋਖ ਕੇ ਇੱਥੋਂ ਦਾ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲੇਗੀ। ਇਸ ’ਤੇ ਅਮਲ ਕਰਕੇ ਸਹਿਜੇ ਹੀ ਹਵਾ ਦੇ ਪ੍ਰਦੂਸ਼ਣ ਉੱਪਰ ਕਾਬੂ ਪਾਇਆ ਜਾ ਸਕਦਾ ਹੈ।

*ਸਾਬਕਾ ਪ੍ਰੋਫ਼ੈਸਰ, ਜਿਓਗ੍ਰਾਫ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ