ਇੱਕ ਔਰਤ ਦੀ ਮੌਤ, ਟਰੰਪੀ ਚੋਣ ਅਤੇ ਸੰਘਰਸ਼ੀ ਕਿਸਾਨ

ਇੱਕ ਔਰਤ ਦੀ ਮੌਤ, ਟਰੰਪੀ ਚੋਣ ਅਤੇ ਸੰਘਰਸ਼ੀ ਕਿਸਾਨ

ਐੱਸ ਪੀ ਸਿੰਘ*

ਕੁੱਲ ਰੌਸ਼ਨ-ਖ਼ਿਆਲ ਖ਼ਲਕਤ ਖੇਤੀ ਬਿੱਲਾਂ ਬਾਰੇ ਘੋਲ ਨੂੰ ਗਹੁ ਨਾਲ ਵਾਚ ਰਹੀ ਹੈ, ਸੋ ਵਾਜਬ ਤਾਂ ਇਹੀ ਸੀ ਕਿ ਇਸੇ ਮੁੱਦੇ ਨੂੰ ਸੰਬੋਧਿਤ ਹੁੰਦਾ ਪਰ ਇੱਕ ਮਰਗ ਹੋ ਗਈ ਹੈ, ਇਸ ਲਈ ਫੂਹੜੀ ਪਾਈ ਬੈਠਾ ਹਾਂ। ਸੱਥਰ ’ਤੇ ਤੁਹਾਡੇ ਗੋਡੇ ਨਾਲ ਗੋਡਾ ਜੋੜ ਫ਼ੌਤ ਹੋਈ ਬਾਰੇ ਗੱਲ ਕਰਨੀ ਹੈ। ਗਿੱਠੀ, ਮਾੜਚੂ ਜਿਹੀ ਸੀ; ਕੱਦ ਪੰਜ ਫੁੱਟ ਤੋਂ ਵੀ ਊਣਾ ਰਹਿ ਗਿਆ ਸੀ ਉਹਦਾ। ਪਰਵਾਸੀਆਂ ਦੀ ਧੀ ਸੀ, ਬਾਪੂ ਦੁਕਾਨਦਾਰ। ਬੱਸ ਗੁਜ਼ਾਰਾ ਚੱਲਦਾ ਸੀ। ਰੋਟੀ ਟੁੱਕਰ ਵੀ ਉਹਨੂੰ ਚੱਜ ਨਾਲ ਨਹੀਂ ਸੀ ਕਰਨਾ ਆਉਂਦਾ; ਬਾਅਦ ਵਿੱਚ ਤਾਂ ਉਹਦੇ ਬੱਚਿਆਂ ਨੇ ਉਹਨੂੰ ਰਸੋਈ ਵਿੱਚ ਵੜਨ ਤੋਂ ਹੀ ਵਰਜ ਦਿੱਤਾ ਸੀ, ਏਡਾ ਭੈੜਾ ਰਿੰਨ੍ਹਦੀ ਸੀ।

ਅਖ਼ਬਾਰਾਂ ਵਿੱਚ ਫ਼ੀ ਸ਼ਬਦ ਦੀ ਦਰ ਨਾਲ ਛਪਦੇ ‘ਰਿਸ਼ਤੇ ਹੀ ਰਿਸ਼ਤੇ’ ਵਾਲੇ ਕਾਲਮ ’ਚੋਂ ਜੀਵਨ ਸਾਥੀ, ਪਿਆਰ, ਕਾਮ ਸਾਥਣ, ਆਪਣੇ ਬੱਚਿਆਂ ਦੀ ਮਾਂ ਅਤੇ ਵਫ਼ਾਦਾਰੀ ਦੀ ਕੋਈ ਹਤਮੀ ਮੂਰਤ ਭਾਲਦਿਆਂ ਨੇ ਇਸ ਪੰਜ ਫੁੱਟ ਤੋਂ ਊਣੀ ਕੁੜੀ ਤੋਂ ਪਾਸਾ ਵੱਟ ਅੱਗੇ ਲੰਘ ਜਾਣਾ ਸੀ। ਸ਼ਨਿਚਰਵਾਰ ਉਹ ਮਰ ਗਈ। ਦੁਨੀਆਂ ਭਰ ਵਿੱਚ ਨੌਜਵਾਨ ਕੁੜੀਆਂ ਦੀ ਅੱਖ ’ਚੋਂ ਅੱਥਰੂ ਕਿਰਿਆ; ਔਰਤਾਂ ਦੀ ਬਰਾਬਰੀ ਵਾਲਾ ਸਮਾਜ ਭਾਲਦੇ, ਵਿਉਂਤਦੇ ਤੇ ਇਹਦੇ ਲਈ ਲੜਦਿਆਂ ਦੇ ਗਲੇ ’ਚੋਂ ਹਉਕਾ ਨਿਕਲਿਆ; ਜਿੱਥੇ ਕਿਤੇ ਵੀ ਲੋਕ ਸਰੋਕਾਰੀ ਲੜਾਈਆਂ ਬਾਰੇ ਸਮਝ ਵਿਕਸਤ ਹੈ, ਸਫ਼ਾਂ ਵਿੱਚ ਮਾਤਮ ਪਸਰਿਆ।

ਹਜ਼ਾਰਾਂ ਲੋਕ ਆਪ ਮੁਹਾਰੇ ਹੱਥਾਂ ਵਿੱਚ ਗੁਲਦਸਤੇ ਫੜੀ ਸੜਕਾਂ ’ਤੇ ਨਿਕਲ ਪਏ। ਉਹਦੇ ਨਾਮ ਦੇ ਬਣੇ ਪੋਸਟਰ ਧੜਾਧੜ ਵਿਕਣੇ ਸ਼ੁਰੂ ਹੋ ਗਏ। ਟੀ-ਸ਼ਰਟਾਂ ਛਪ ਗਈਆਂ। ਦੁਨੀਆਂ ਦੇ ਨੁਮਾਇਆ ਟੀਵੀ ਚੈਨਲਾਂ ਨੇ ਉਹਦੇ ’ਤੇ ਬਣੀਆਂ ਫ਼ਿਲਮਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਦੇ ਜੀਵਨ ਪ੍ਰਤੀ ਪ੍ਰਤੀਬੱਧਤਾ ਪ੍ਰਗਟ ਕਰਨ ਦਾ ਜਿਵੇਂ ਹੜ੍ਹ ਜਿਹਾ ਆ ਗਿਐ।

ਜਿਸ ਵੇਲੇ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਇਹ ਕਿਆਸਅਰਾਈ ਕੀਤੀ ਜਾ ਰਹੀ ਹੈ ਕਿ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਦੀਆਂ ਭੀੜਾਂ ਵਹੀਰਾਂ ਘੱਤ ਕੇ ਬਹੁੜਨਗੀਆਂ। ਉਹਦੇ ਆਖ਼ਰੀ ਦੀਦਾਰ ਕਰਨ ਲਈ ਉਹਦੀ ਦੇਹ ਦੋ ਦਿਨਾਂ ਲਈ ਅਮਰੀਕਾ ਦੀ ਸੁਪਰੀਮ ਕੋਰਟ ਦੇ ਵਿਹੜੇ ਰੱਖੀ ਜਾਵੇਗੀ। ਜਦੋਂ ਇਸੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਦਿਹਾਂਤ ਹੋਇਆ ਸੀ ਤਾਂ ਉਹਦੀ ਦੇਹ ਸਿਰਫ਼ ਇੱਕ ਦਿਨ ਲਈ ਰੱਖੀ ਗਈ ਸੀ ਪਰ ਇਸ ਗਿੱਠੇ ਕੱਦ ਵਾਲੀ ਦਿਓਕੱਦ ਔਰਤ ਦੀ ਗੱਲ ਹੀ ਵੱਖਰੀ ਸੀ। ਹਾਲੀਵੁੱਡ ਦੀਆਂ ਵੱਡੀਆਂ ਅਦਾਕਾਰਾਂ ਨਾਲ ਜਦੋਂ ਇਹ ਬੁੱਢੀ-ਠੇਰੀ ਔਰਤ ਕਮਰੇ ਵਿੱਚ ਬੈਠੀ ਹੁੰਦੀ ਤਾਂ ਨੌਜਵਾਨ ਮੁੰਡਿਆਂ ਕੁੜੀਆਂ ਦੀਆਂ ਭੀੜਾਂ ਉਹਦੇ ਨਾਲ ਸੈਲਫ਼ੀਆਂ ਖਿੱਚਵਾਉਂਦੀਆਂ। ਸਭ ਜਾਣਦੇ ਸਨ ਕਿ ਹੈਰੋਇਨ ਕੌਣ ਹੈ।

ਸਾਡੇ ਖਿੱਤੇ ਦੀਆਂ ਭਾਸ਼ਾਈ ਅਖ਼ਬਾਰਾਂ ਵਿੱਚ ਉਹਦੀ ਮੌਤ ਦੀ ਖ਼ਬਰ ਜਾਂ ਛੱਪਣੋਂ ਰਹਿ ਗਈ ਜਾਂ ਫਿਰ ਬਹੁਤੀਆਂ ਸੁਰਖ਼ੀਆਂ ਨਹੀਂ ਬਟੋਰ ਸਕੀ, ਇਸ ਲਈ ਅਫਸੋਸ ਅਤੇ ਯਾਦ-ਦਹਾਨੀ ਦੀ ਸਾਂਝ ਪਾ ਲਈਏ। ਇਸ 18 ਸਤੰਬਰ 2020 ਨੂੰ ਅਮਰੀਕੀ ਸੁਪਰੀਮ ਕੋਰਟ ਦੀ ਜੱਜ, ਰੁੱਥ ਬੇਦਰ ਗਿਨਜ਼ਬਰਗ (Ruth Bader Ginsburg) ਕੁੱਲ 87 ਸਾਲਾਂ ਦੀ ਉਮਰ ਭੋਗ ਕੇ ਚੱਲ ਵਸੀ ਹੈ। ਸਾਡੇ ਤੁਹਾਡੇ ਲਈ, ਆਉਣ ਵਾਲੀਆਂ ਨਸਲਾਂ ਲਈ ਗਿਨਜ਼ਬਰਗ ਦੀ, ਅਤੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਉਹਦੀ ਮੌਤ ਦੀ ਕੀ ਮਹੱਤਤਾ ਹੈ, ਇਹ ਸੰਵਾਦ ਕੁੱਲ ਦੁਨੀਆਂ ਦੇ ਮੀਡੀਏ ’ਚ ਭਖਿਆ ਪਿਆ ਹੈ।

ਇੱਕ ਮੋਟੇ ਜਿਹੇ ਨੁਕਤੇ ਦਾ ਜ਼ਿਕਰ ਕਰ ਦਿਆਂ: ਅਮਰੀਕਾ ਦੀ ਸੁਪਰੀਮ ਕੋਰਟ ਵਿੱਚ 9 ਜੱਜ ਹਨ। ਜਦੋਂ ਕੋਈ ਇਕ ਵਾਰੀ ਇੱਥੇ ਜੱਜ ਬਣ ਜਾਵੇ ਤਾਂ ਬਸ ਬਣ ਜਾਂਦਾ ਹੈ। ਫਿਰ ਰਿਟਾਇਰ ਉਹ ਆਪਣੀ ਮਰਜ਼ੀ ਨਾਲ ਹੀ ਹੁੰਦਾ ਹੈ, ਨਹੀਂ ਤਾਂ ਆਖਰੀ ਸਾਹ ਤੱਕ ਕਾਇਮ-ਮੁਕਾਮ ਰਹਿੰਦਾ ਹੈ। ਸੁਪਰੀਮ ਕੋਰਟ ਵਿੱਚ ਹਰ ਕੇਸ ਸਾਰੇ 9 ਜੱਜ ਇਕੱਠੇ ਸੁਣਦੇ ਹਨ, ਸਾਡੀ ਆਲਾ-ਅਦਾਲਤ ਵਾਂਗ ਦੋ, ਤਿੰਨ, ਪੰਜ ਜਾਂ ਸੱਤ ਜੱਜਾਂ ਦੇ ਵੱਖ-ਵੱਖ ਬੈਂਚ ਨਹੀਂ ਹੁੰਦੇ।

ਸਾਡੇ ਵਾਲੇ ਵਾਂਗ ਹੀ ਅਮਰੀਕੀ ਸੰਵਿਧਾਨ ਵਿੱਚ ਵੀ ਨਾਗਰਿਕਾਂ ਦੀ ਪਛਾਣ ਅਸੀਂ ਦੇਸ਼ ਦੇ ਲੋਕ (We, the People) ਵਜੋਂ ਹੀ ਕੀਤੀ ਗਈ ਹੈ, ਪਰ ਸ਼ਾਇਦ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕੋਈ 130 ਸਾਲ ਤੱਕ We, the People, ਭਾਵ “ਅਧਿਕਾਰ-ਪ੍ਰਾਪਤ ਖ਼ਲਕਤ” ਵਿੱਚ ਔਰਤਾਂ ਸ਼ੁਮਾਰ ਨਹੀਂ ਸਨ। ਜਿਹੜੇ ਡੈਕਲੇਰੇਸ਼ਨ ਆਫ਼ ਇੰਡੀਪੈਂਡੈਂਸ ਦੇ ਘਾੜੇ ਥਾਮਸ ਜੈਫਰਸਨ ਦੀਆਂ ਟੂਕਾਂ ਦੇ ਹਵਾਲੇ ਦੇਂਦੇ ਅਸੀਂ ਨਹੀਂ ਥੱਕਦੇ, ਉਹ ਕਿੰਨੀ ਦਲੀਲਬਾਜ਼ੀ ਨਾਲ ਸਮਝਾਉਂਦਾ ਸੀ ਕਿ ਔਰਤਾਂ ਲਈ ਜਨਤਕ ਜੀਵਨ ਵਿੱਚ ਕੋਈ ਥਾਂ ਨਹੀਂ। ‘‘ਜੇ ਸਾਡਾ ਦੇਸ਼ ਲੋਕਤੰਤਰ ਦੀ ਕੋਈ ਖ਼ਾਲਸ ਕਿਸਮ ਵੀ ਹੋ ਨਿੱਬੜੇ, ਤਾਂ ਵੀ ਔਰਤਾਂ ਨੂੰ ਉਨ੍ਹਾਂ ਦੀ ਆਪਣੀ ਭਲਾਈ ਲਈ ਜਨਤਕ ਜੀਵਨ ’ਚੋਂ ਬਾਹਰ ਰਹਿਣਾ ਹੋਵੇਗਾ।’’ ਸਾਡੇ ਮੁਲਕ ਵਿੱਚ ਇਸੇ ਸੋਚ ਨੂੰ ਪ੍ਰਣਾਏ ਅੱਜ ਵੀ ਹਕੂਮਤੀ ਨਿਜ਼ਾਮ ਵਿੱਚ ਰਚੇ-ਵਸੇ ਹੋਏ ਹਨ।

1920 ਵਿੱਚ ਓਥੇ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਪਰ ਜਦੋਂ ਪਹਿਲੀ ਵਾਰ ਕਿਸੇ ਔਰਤ ਨੇ ਚਾਹਿਆ ਸੀ ਕਿ ਉਹ ਵੀ ਵਕੀਲ ਬਣੇ ਤਾਂ ਉਸ ਸੁਪਰੀਮ ਕੋਰਟ ਤੱਕ ਅਰਜ਼ੋਈ ਕੀਤੀ ਸੀ ਕਿ ਸੰਵਿਧਾਨ ਦੀ 14ਵੀਂ ਸੋਧ ਬਰਾਬਰੀ ਦਾ ਜਿਹੜਾ ਅਧਿਕਾਰ ਦਿੰਦੀ ਹੈ, ਉਸ ਵਿੱਚ ਔਰਤਾਂ ਅਤੇ ਮਰਦਾਂ ਦੀ ਬਰਾਬਰੀ ਵੀ ਸ਼ਾਮਿਲ ਹੈ। ਪਰ ਆਲਾ ਅਦਾਲਤ ਦੇ 1872 ਦੇ ਫ਼ੈਸਲੇ ਦਾ ਇਹ ਹਿੱਸਾ ਪੜ੍ਹੋ: ‘‘ਔਰਤ ਜ਼ਾਤ ਦੀ ਕੁਦਰਤ ਵੱਲੋਂ ਸਹੀ ਸਮਝ ਕੇ ਬਖਸ਼ੀ ਵਿਚਾਰਗੀ (ਡਰਾਕਲਪੁਣਾ) ਅਤੇ ਨਾਜ਼ੁਕ-ਮਜਾਜ਼ੀ ਸਪੱਸ਼ਟ ਤੌਰ ਉੱਤੇ ਉਹਨੂੰ ਜਨਤਕ ਜੀਵਨ ਵਿੱਚ ਬਹੁਤ ਸਾਰੇ ਕੰਮਾਂ/ਅਹੁਦਿਆਂ ਲਈ ਅਯੋਗ ਬਣਾ ਦਿੰਦੇ ਹਨ। ਔਰਤ ਲਈ ਸਿਖਰਲਾ ਉਦੇਸ਼ ਅਤੇ ਨਿਸ਼ਾਨਾ ਤ੍ਰੀਮਤ ਅਤੇ ਮਾਂ ਬਣਨ ਦਾ ਸੁਭਾਗ ਪ੍ਰਾਪਤ ਕਰਨਾ ਹੈ। ਸੰਸਾਰ ਦੇ ਰਚੇਤਾ ਦਾ ਇਹ ਨਿਯਮ ਹੈ।’’ ਚਾਰ ਸਾਲ ਬਾਅਦ ਬੇਲਵਾ ਲੌਕਵੁੱਡ (Belva Lockwood) ਨੇ ਚਾਹਿਆ ਕਿ ਉਹ ਸੁਪਰੀਮ ਕੋਰਟ ਵਿੱਚ ਵਕਾਲਤ ਕਰੇ, ਪਰ ਆਲਾ ਅਦਾਲਤ ਫਿਰ ਸਪੱਸ਼ਟ ਸੀ: ‘‘ਜਿਰਾਹ ਦਾ ਅਧਿਕਾਰ ਸਿਰਫ਼ ਮਰਦਾਂ ਨੂੰ ਹੀ ਸੀ।’’ ਸਮਾਂ ਬੀਤਿਆ; ਦਰਅਸਲ ਕੋਈ 100 ਸਾਲ ਬੀਤ ਗਏ। ਕਿਸੇ ਨੇ ਸੁਪਰੀਮ ਕੋਰਟ ਵਿੱਚ ਦੁਹਾਈ ਪਾਈ ਕਿ ਜਾਇਦਾਦ ਦੀ ਸੰਭਾਲ ਦੀ ਜ਼ਿੰਮੇਵਾਰੀ ਔਰਤ ਨੂੰ ਦਿੱਤੀ ਜਾ ਸਕਦੀ ਹੈ ਅਤੇ ਇਹ ਤਰਕ, ਕਿ ਆਦਮੀ ਬਾਹਰਲੀ ਦੁਨੀਆਂ ਵਿੱਚ ਵਿਚਰਨ ਦੇ ਵਧੇਰੇ ਤਜਰਬੇ ਕਾਰਨ ਬਿਹਤਰ ਸੰਭਾਲ ਕਰ ਸਕਦੇ ਹਨ, ਔਰਤਾਂ ਦੇ ਬਰਾਬਰੀ ਦੇ ਅਧਿਕਾਰ ਦੀ ਉਲੰਘਣਾ ਹੈ।

ਅੱਜ ਕੁੱਲ ਦੁਨੀਆਂ ਵਿੱਚ ਵਕਾਲਤ ਦੀ ਪੜ੍ਹਾਈ ਕਰਦੇ ਸਾਡੇ ਨੌਜਵਾਨ ਇਸ ਨੂੰ ਰੀਡ ਬਨਾਮ ਰੀਡ Reed v. Reed (1971) ਕੇਸ ਵਜੋਂ ਜਾਣਦੇ ਹਨ। ਗਿਨਜ਼ਬਰਗ ਨੇ ਇਸ ਕੇਸ ਵਿੱਚ ਜਿਹੜੀ ਤਰਕਾਂ ਵਾਲੀ ਪਟੀਸ਼ਨ ਪਾਈ ਸੀ, ਉਹ ਅੱਜ ਤੱਕ ‘‘ਦਾਦੀ-ਅੰਮਾ ਦੇ ਕਾਨੂੰਨੀ ਨੁਸਖ਼ੇ’’ (Grandmother’s brief) ਵਜੋਂ ਕਾਨੂੰਨ ਦੇ ਇਤਿਹਾਸ ਦਾ ਮਸ਼ਹੂਰ ਦਸਤਾਵੇਜ਼ ਹੈ। ਇਹ ਮਹੱਤਵਪੂਰਨ ਕੇਸ ਗਿਨਜ਼ਬਰਗ ਦੀ ਸੁਪਰੀਮ ਕੋਰਟ ਵਿੱਚ ਪਹਿਲੀ ਜਿੱਤ ਸੀ।

ਇਸ ਦੇ ਨਾਲ ਹੀ ਗਿਨਜ਼ਬਰਗ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨਾਲ ਜੁੜ ਗਈ। ਬਰਾਬਰੀ ਦੀ ਜੰਗ ਸ਼ੁਰੂ ਹੋ ਚੁੱਕੀ ਸੀ। ਰਿਚਰਡ ਨਿਕਸਨ ਰਾਸ਼ਟਰਪਤੀ ਸੀ। ਸੁਪਰੀਮ ਕੋਰਟ ਵਿੱਚ ਅਸਾਮੀ ਖਾਲੀ ਸੀ। ਨਿਕਸਨ ਕਿਸੇ ਔਰਤ ਨੂੰ ਲਾਉਣਾ ਚਾਹ ਰਿਹਾ ਸੀ। ਇਸ ਲਈ ਨਹੀਂ ਕਿ ਉਹ ਕੋਈ ਫੈਮਿਨਿਸਟ ਸੀ, ਉਹ ਤਾਂ ਔਰਤਾਂ ਦੇ ਵੋਟ ਬਟੋਰਨਾ ਚਾਹ ਰਿਹਾ ਸੀ। ਵਾਟਰਗੇਟ ਸਕੈਂਡਲ ਤੋਂ ਬਾਅਦ ਹੋਏ ਇੰਕਸ਼ਾਫ਼ ਦਰਸਾਉਂਦੇ ਹਨ ਕਿ ਨਿਕਸਨ ਔਰਤਾਂ ਦੇ ਕਿਸੇ ਵੀ ਸ਼ੋਬੇ ਵਿੱਚ ਹੋਣ ਦੇ ਖ਼ਿਲਾਫ਼ ਸੀ। ‘‘ਸ਼ੁਕਰ ਹੈ ਮੇਰੀ ਕੈਬਨਿਟ ਵਿੱਚ ਕੋਈ ਔਰਤ ਨਹੀਂ,’’ ਉਹ ਮਾਣ ਨਾਲ ਕਿਹਾ ਕਰਦਾ ਸੀ। ਮੁਖ਼ਾਲਫਤ ਏਨੀ ਹੋਈ ਕਿ ਨਿਕਸਨ ਔਰਤ ਜੱਜ ਨਿਯੁਕਤ ਨਾ ਕਰ ਸਕਿਆ।

ਸ਼ਾਇਦ ਅਜੇ ਜ਼ਮੀਨ ਵੱਤਰ ਨਹੀਂ ਸੀ ਹੋਈ। ਹਰ 100 ਲੀਗਲ ਪ੍ਰੋਫੈਸ਼ਨਲਜ਼ ਵਿੱਚੋਂ ਕੋਈ ਤਿੰਨ ਹੀ ਔਰਤਾਂ ਸਨ। ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਵਿਚਲੇ ਕੋਈ 10,000 ਜੱਜਾਂ ’ਚੋਂ 200 ਤੋਂ ਵੀ ਘੱਟ ਔਰਤਾਂ ਸਨ।

We, the People ਵਾਲੇ ਸੰਵਿਧਾਨ ਤੋਂ ਬਾਅਦ ਅਦਾਲਤ-ਏ-ਆਲੀਆ ਤੱਕ 1981 ਵਿਚ ਪਹਿਲੀ ਔਰਤ ਜੱਜ ਦੇ ਪਹੁੰਚਦਿਆਂ-ਪਹੁੰਚਦਿਆਂ ਕੋਈ ਦੋ ਸਦੀਆਂ ਲੱਗ ਗਈਆਂ ਸਨ। ਫਿਰ 1993 ਵਿੱਚ ਗਿਨਜ਼ਬਰਗ ਸੁਪਰੀਮ ਕੋਰਟ ਦੀ ਜੱਜ ਬਣੀ। ਨੌਂ ਵਿੱਚੋਂ ਕੋਈ ਮਰੇ ਜਾਂ ਕੁਰਸੀ ਛੱਡੇ ਤਾਂ ਵਾਰੀ ਆਵੇ। ਹੁਣ ਉਹਦੀ ਮੌਤ ਤੋਂ ਬਾਅਦ ਬਾਕੀ ਅੱਠਾਂ ਵਿੱਚੋਂ ਦੋ ਔਰਤਾਂ ਹਨ। ਖਾਲੀ ਹੋਈ ਸੀਟ ਉੱਤੇ ਟਰੰਪ ਫਟਾਫਟ ਆਪਣੀ ਮਨਪਸੰਦ ਸੱਜੇ-ਪੱਖੀ ਔਰਤ ਜੱਜ ਲਾਉਣਾ ਚਾਹ ਰਿਹਾ ਹੈ। ਗਿਨਜ਼ਬਰਗ ਦੀ ਲਾਸ਼ ਅਜੇ ਦਫ਼ਨ ਨਹੀਂ ਹੋਈ ਪਰ ਬਹਿਸ ਭਖ ਗਈ ਹੈ। ਬਰਾਕ ਓਬਾਮਾ ਨੂੰ ਸੁਪਰੀਮ ਕੋਰਟ ਦੀ ਖਾਲੀ ਹੋਈ ਸੀਟ ਭਰਨ ਤੋਂ ਸੱਜੇ-ਪੱਖੀਆਂ ਇਹ ਕਹਿ ਰੋਕ ਦਿੱਤਾ ਸੀ ਕਿ ਨਵੇਂ ਰਾਸ਼ਟਰਪਤੀ ਦੀ ਚੋਣ ਸਿਰਫ਼ ਨੌਂ ਮਹੀਨੇ ਦੂਰ ਸੀ। ਹੁਣ ਉਹੀ ਧਿਰ ਚੋਣ ਤੋਂ ਕੁਝ ਦਿਨ ਪਹਿਲਾਂ ਹੀ ਨਵੀਂ ਨਿਯੁਕਤੀ ਕਰਨਾ ਚਾਹ ਰਹੀ ਹੈ। ਗਿਨਜ਼ਬਰਗ ਨੇ ਆਪਣੀ ਮੌਤ ਨਾਲ ਲੋਕਤੰਤਰ ਅਤੇ ਜਨਤਕ ਨੈਤਿਕਤਾ ਬਾਰੇ ਬਹਿਸ ਫਿਰ ਮਘਾ ਦਿੱਤੀ ਹੈ।

ਸਾਡੀਆਂ ਸੜਕਾਂ ’ਤੇ ਅੱਜ ਜਿਹੜੇ ਕਾਰਕੁੰਨ ਪੰਜਾਬੀ ਕਿਸਾਨ ਮਜ਼ਦੂਰ ਦੀ ਤ੍ਰਾਸਦੀ ਅਤੇ ਖੇਤੀ ਬਿੱਲਾਂ ਦੇ ਮੁੱਦੇ ’ਤੇ ਸੱਚ ਦੀ ਅਜਾਰੇਦਾਰੀ ਵਾਲੇ ਘੋਲ ਵਿੱਚ ਕੁੱਦੇ ਹੋਏ ਹਨ, ਉਹ ਵੀ ਕਿਰਪਾ ਕਰਕੇ ਗਿਨਜ਼ਬਰਗ ਦੇ ਰੀਡ ਬਨਾਮ ਰੀਡ ਅਤੇ ਵਿਰਜੀਨੀਆ ਮਿਲਟਰੀ ਇੰਸਟੀਚਿਊਟ ਵਾਲੇ ਕੇਸ ਬਾਰੇ ਜ਼ਰੂਰ ਪੜ੍ਹਨ। ਕਿਸੇ ਅਖੌਤੀ ਆਦਰਸ਼ਾਂ ਵਾਲੇ ਸਮਾਜ ਵਿੱਚ ਜਾਇਦਾਦ ਵਿੱਚ ਧੀਆਂ ਦੇ ਹੱਕ ਬਾਰੇ ਲੜਾਈ ਤੋਂ ਭਗੌੜਿਆਂ ਨੂੰ ਇੱਕ ਦਿਨ ਕਾਨੂੰਨ ਨੇ ਵੀ ਅੱਗੋਂ ਟਕਰਨਾ ਹੈ ਤੇ ਸਾਡੀਆਂ ਆਪਣੀਆਂ ਰੁੱਥ ਬੇਦਰ ਗਿਨਜ਼ਬਰਗਾਂ ਨੇ ਵੀ। ਖ਼ੁਦਕੁਸ਼ੀ ਕਰ ਕੇ ਅੰਨਦਾਤਾ ਦੀ ਘਰ ਵਾਲੀ ਦਾ ਵਿਆਹ ਕਿਉਂ ਸਹਿਜੇ ਹੀ ਉਹਦੇ ਛੋਟੇ ਭਰਾ ਨਾਲ ਹੋ ਜਾਂਦਾ ਹੈ, ਇਹ ਚਾਦਰ ਕਿਵੇਂ ਪੈ ਜਾਂਦੀ ਹੈ, ਨੌਜਵਾਨ ਵਿਧਵਾ ਦਾ ਆਪਣੇ ਮ੍ਰਿਤਕ ਪਤੀ ਦੇ ਬਜ਼ੁਰਗ ਮਾਂ-ਬਾਪ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਕਿਉਂ ਸਹਿਜ ਵਰਤਾਰਾ ਹੋ ਨਿਬੜਦੀ ਹੈ, ਇਹ ਚਿੰਗਾੜੇ ਛੱਡਦੇ ਸਵਾਲ ਮੂੰਹ-ਅੱਡੀ ਖੜ੍ਹੇ ਹਨ। ਸਾਈਆਂ ਨੂੰ 200 ਸਾਲ ਲੱਗੇ ਹੋਣਗੇ। ਸਾਡੇ ਵਾਲੀਆਂ ਕਾਲਜਾਂ, ਯੂਨੀਵਰਸਿਟੀਆਂ ਤੇ ਜਨਤਕ ਘੋਲਾਂ ਵਿੱਚ ਬੜੇ ਪਿੰਜਰੇ ਤੋੜ ਬਾਹਰ ਆ ਚੁੱਕੀਆਂ ਹਨ। ਮੈਂ ਤੁਹਾਨੂੰ ਡਰਾਉਣਾ ਨਹੀਂ ਚਾਹੁੰਦਾ ਪਰ ਤੁਸੀਂ ਬੰਦੇ ਦੇ ਨਾਲ ਨਾਲ ਜਨਾਨੀ ਦੇ ਵੀ ਪੁੱਤ ਬਣ ਜਾਓ - ਇਹ ਪੰਜ ਫੁੱਟ ਤੋਂ ਊਣੀਆਂ ਵੀ ਨਹੀਂ, ਅਕਲਾਂ ਦੀ ਰੌਸ਼ਨੀ ਨਾਲ ਲੈਸ ਛੈਲ-ਛਬੀਲੀਆਂ ਗਿਨਜ਼ਬਰਗ ਦੀਆਂ ਧੀਆਂ ਹਨ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਗਿਨਜ਼ਬਰਗ ਨੂੰ ਯਾਦ ਕਰਦਿਆਂ ਸੋਚ ਰਿਹਾ ਹੈ ਕਿ ਸਾਡੀਆਂ ਕਿਸਾਨ, ਮਜ਼ਦੂਰ, ਕਾਮਿਆਂ ਦੀਆਂ ਯੂਨੀਅਨਾਂ ਦਾ ਪ੍ਰਧਾਨ ਬਣਨ ਲਈ ਔਰਤਾਂ ਨੂੰ ਅਮਰੀਕੀ ਸੁਪਰੀਮ ਕੋਰਟ ਵਿੱਚ ਪਹੁੰਚਣ ਤੋਂ ਵਧੇਰੇ ਸਮਾਂ ਲੱਗੇਗਾ ਕਿ ਘੱਟ?)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All