ਪਰੀਤਮ
ਪਿਛਲੇ ਸਾਲ ਸਤੰਬਰ ਵਿੱਚ ਸਹਿਜ ਦੀ ਦੁਬਈ ਵਾਸਤੇ ਉਡਾਣ ਸੀ। ਉਡਾਣ ਦਿੱਲੀ ਹਵਾਈ ਅੱਡੇ ਤੋਂ ਸੀ ਅਤੇ ਕੋਵਿਡ ਟੈਸਟ ਦੀ ਰਿਪੋਰਟ ਨਾਲ ਲੈ ਕੇ ਜਾਣੀ ਜ਼ਰੂਰੀ ਸੀ। ਸਹਿਜ ਦੀ ਧੀ ਨਿੱਕੀ ਨੇ ਟਿਕਟ ਬੁੱਕ ਕੀਤੀ ਸੀ। ਨਿੱਕੀ ਦੀ ਸੱਸ ਜੋ ਚੰਡੀਗੜ੍ਹ ਰਹਿ ਰਹੀ ਸੀ, ਨੇ ਵੀ ਨਾਲ ਜਾਣਾ ਸੀ। ਮਾਂ ਤੇ ਸੱਸ ਦੋਵਾਂ ਦੀ ਉਮਰ ਦੇ ਮੱਦੇਨਜ਼ਰ ਨਿੱਕੀ ਨੇ ਦਿੱਲੀ ਹਵਾਈ ਅੱਡੇ ਨੇੜੇ ਹੀ ਹੋਟਲ ਬੁੱਕ ਕਰ ਦਿੱਤਾ ਤਾਂ ਕਿ ਦੋਵੇਂ ਮਾਵਾਂ ਇੱਕ ਦਿਨ ਪਹਿਲਾਂ ਪਹੁੰਚ ਕੇ ਹੋਟਲ ਵਿਚ ਆਰਾਮ ਕਰ ਲੈਣ। ਨਿੱਕੀ ਨੂੰ ਜਿੰਨਾ ਫ਼ਿਕਰ ਆਪਣੀ ਜਨਮਦਾਤੀ ਦਾ ਸੀ, ਉਸ ਤੋਂ ਜ਼ਿਆਦਾ ਫ਼ਿਕਰ ਆਪਣੀ ਸੱਸ ਮਾਂ ਦਾ ਸੀ। ਇਸ ਕਰਕੇ ਉਸ ਨੇ ਚੰਡੀਗੜ੍ਹ ਤੋਂ ਦਿੱਲੀ ਦੀ ਟੈਕਸੀ ਵੀ ਬੁੱਕ ਕਰ ਦਿੱਤੀ ਤਾਂ ਜੋ ਉਹ ਰਸਤੇ ’ਚ ਅੰਬਾਲਾ ਤੋਂ ਉਸ ਦੀ ਮਾਂ ਨੂੰ ਲੈ ਕੇ ਇਕੱਠੀਆਂ ਦਿੱਲੀ ਚਲੀਆਂ ਜਾਣ।
ਦੁਬਈ ਜਾਣ ਤੋਂ ਦਸ ਦਿਨ ਪਹਿਲਾਂ ਸਹਿਜ ਦੇ ਪੁੱਤਰ ਸਨੀ ਨੇ ਸ਼ਰਾਬ ਪੀ ਕੇ ਮਾਂ ਨਾਲ ਬਹੁਤ ਝਗੜਾ ਕੀਤਾ। ਗਾਲ੍ਹਾਂ ਕੱਢੀਆਂ। ਇੱਥੋਂ ਤੱਕ ਕਿ ਸਰੀਆ ਚੁੱਕ ਕੇ ਮਾਰਨ ਵੀ ਲੱਗਾ ਸੀ। ਉਸ ਦੀ ਵਹੁਟੀ ਸੁਨੀਤਾ ਨੇ ਵਿੱਚ ਆ ਕੇ ਬਚਾਅ ਕਰ ਲਿਆ। ਲੜਾਈ ਦੀ ਵਜ੍ਹਾ ਸ਼ਰਾਬ ਵਾਸਤੇ ਪੈਸੇ ਮੰਗਣਾ ਸੀ ਜਿਸ ਤੋਂ ਸਹਿਜ ਨੇ ਸਾਫ਼ ਇਨਕਾਰ ਕਰ ਦਿੱਤਾ। ਸਹਿਜ ਦੇ ਫੋਨ ਦਾ ਲੌਕ ਪਿਨ ਸਨੀ ਨੂੰ ਪਤਾ ਸੀ। ਇੱਕ ਦਿਨ ਪਹਿਲਾਂ ਜਦੋਂ ਸਹਿਜ ਸੁੱਤੀ ਹੋਈ ਸੀ ਸਨੀ ਨੇ ਸਹਿਜ ਦੇ ਖਾਤੇ ’ਚੋਂ ਪੈਸੇ ਕੱਢ ਲਏ। ਸਹਿਜ ਸਵੇਰੇ ਉੱਠੀ ਤਾਂ ਮੈਸੇਜ ਵੇਖ ਕੇ ਹੈਰਾਨ ਰਹਿ ਗਈ। ਸਿਰਫ਼ 235 ਰੁਪਏ ਹੀ ਉਸ ਦੇ ਖਾਤੇ ’ਚ ਛੱਡੇ। ਘੱਟੋ-ਘੱਟ ਰਕਮ ਵੀ ਨਹੀਂ ਰਹਿਣ ਦਿੱਤੀ। ਸਹਿਜ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਗੁੱਸਾ ਪੀ ਗਈ ਤਾਂ ਕਿ ਸ਼ਾਂਤੀ ਰਹੇ। ਫਿਰ ਅਗਲੇ ਮਹੀਨੇ ਪੈਨਸ਼ਨ ਆ ਹੀ ਜਾਣੀ ਸੀ। ਉਸ ਨੇ ਕਿਹਾ, ‘‘ਸਿਰਫ਼ 235 ਰੁਪਏ ਹੀ ਬਾਕੀ ਨੇ। ਮੈਂ ਇਨ੍ਹਾਂ ਦਾ ਕੀ ਕਰਨਾ? ਪਰ ਸ਼ਰਾਬ ਵਾਸਤੇ ਅੱਜ ਤਾਂ ਮੈਂ ਪੈਸੇ ਨਹੀਂ ਦਿਆਂਗੀ।’’ ਇਹ ਗੱਲ ਨਹੀਂ ਸੀ ਕਿ ਉਹ ਕਮਜ਼ੋਰ ਸੀ ਅਤੇ ਇਕੱਲੀ ਨਹੀਂ ਸੀ ਰਹਿ ਸਕਦੀ। ਉਹ ਆਪਣਾ ਖਰਚਾ ਖ਼ੁਦ ਕਰ ਸਕਦੀ ਸੀ। ਸਿਹਤ ਵੀ ਠੀਕ ਸੀ। ਇਸ ਕਰਕੇ ਉਹ ਆਪਣੇ ਪੁਸ਼ਤੈਨੀ ਘਰ ਚਲੀ ਗਈ। ਬੜੇ ਆਨੰਦ ਵਿੱਚ ਰਹਿ ਰਹੀ ਸੀ। ਸਾਰੇ ਰਿਸ਼ਤੇ ਮੋਹ ਤੋੜ ਕੇ। ਪੋਤੀਆਂ ਦੀ ਯਾਦ ਤਾਂ ਬਹੁਤ ਆਈ ਸੀ ਪਰ ਉਸ ਨੇ ਆਪਣੇ ਮਨ ਨੂੰ ਕਾਬੂ ਕਰ ਲਿਆ ਸੀ। ਕੰਮਕਾਜ ਨਬਿੇੜ ਕੇ ਸਾਰਾ ਦਿਨ ਪਾਠ ਅਤੇ ਸਿਮਰਨ ਵਿੱਚ ਬਿਤਾ ਦਿੰਦੀ। ਸਨੀ ਨੂੰ ਜਦੋਂ ਵੀ ਜ਼ਰੂਰਤ ਹੁੰਦੀ ਉਹ ਸਹਿਜ ਨੂੰ ਲੈਣ ਵਾਸਤੇ ਆ ਜਾਂਦਾ। ਉਹ ਵੀ ਉਸ ਨਾਲ ਅੰਬਾਲਾ ਚਲੀ ਜਾਂਦੀ। ਨਾ ਤਾਂ ਸਨੀ ਕੋਈ ਕਮਾਈ ਕਰ ਰਿਹਾ ਸੀ ਅਤੇ ਨਾ ਹੀ ਉਸ ਦੀ ਵਹੁਟੀ। ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ। ਬੜੇ ਅਰਮਾਨਾਂ ਨਾਲ ਸਹਿਜ ਨੇ ਚਾਂਦੀ ਦੇ ਗਿਲਾਸ, ਕੌਲੀਆਂ ਤੇ ਚਮਚੇ ਖਰੀਦੇ ਸਨ। ਉਸ ਦੇ ਪਤੀ ਨੂੰ ਵੀ ਬੜਾ ਸ਼ੌਕ ਸੀ। ਸਾਰਾ ਟੱਬਰ ਚਾਂਦੀ ਦੇ ਭਾਂਡਿਆਂ ’ਚ ਹੀ ਭੋਜਨ ਕਰਦਾ। ਉਸ ਦੇ ਪਤੀ ਸਵਰਨ ਨੇ ਕਿਹਾ ਕਿ ਅਗਲੀ ਦੀਵਾਲੀ ’ਤੇ ਚਾਂਦੀ ਦੀਆਂ ਥਾਲੀਆਂ ਵੀ ਲਵਾਂਗੇ ਪਰ ਕੁਦਰਤ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ। ਦੀਵਾਲੀ ਤੋਂ ਪਹਿਲਾਂ ਹੀ ਸਾਲ 2019 ਵਿਚ ਉਹ ਅਕਾਲ ਚਲਾਣਾ ਕਰ ਗਿਆ।
ਬੜੇ ਮਜ਼ੇ ਦੀ ਜ਼ਿੰਦਗੀ ਜੀਅ ਰਹੇ ਸਨ ਸਵਰਨ ਅਤੇ ਸਹਿਜ। ਦੋਵਾਂ ਨੇ ਮਿਲ ਕੇ ਸੰਘਰਸ਼ ਵੀ ਬਹੁਤ ਕੀਤਾ ਅਤੇ ਉਸ ਸੰਘਰਸ਼ ਵਿੱਚ ਵੀ ਆਨੰਦ ਮਾਣਿਆ। ਆਪਣੀ ਮਿਹਨਤ ਸਦਕਾ ਦੋਵਾਂ ਨੇ ਚੰਗਾ ਮੁਕਾਮ ਹਾਸਲ ਕੀਤਾ। ਸਹਿਜ ਦੀ ਸਰਕਾਰੀ ਨੌਕਰੀ ਸੀ ਅਤੇ ਉਹ ਪਹਿਲੀ ਸ਼੍ਰੇਣੀ ਦੀ ਅਫ਼ਸਰ ਸੇਵਾਮੁਕਤ ਹੋਈ। ਸਵਰਨ ਨੇ 15 ਸਾਲ ਫ਼ੌਜ ਵਿੱਚ ਨੌਕਰੀ ਕਰ ਕੇ ਸੇਵਾਮੁਕਤੀ ਲੈ ਲਈ ਅਤੇ ਆਪਣਾ ਕੰਮ ਸ਼ੁਰੂ ਕੀਤਾ। ਸਰਕਾਰੀ ਇਮਾਰਤਾਂ ਬਣਾਉਣ ਅਤੇ ਮੁਰੰਮਤ ਕਰਵਾਉਣ ਦੇ ਠੇਕੇ ਲੈਣੇ ਸ਼ੁਰੂ ਕਰ ਦਿੱਤੇ। ਬੜੇ ਛੋਟੇ ਪੱਧਰ ਤੋਂ ਕੰਮ ਸ਼ੁਰੂ ਕੀਤਾ ਕਿਉਂਕਿ ਪੈਸੇ ਦੀ ਘਾਟ ਸੀ। ਸਹਿਜ ਨੇ ਆਪਣਾ ਸੋਨਾ ਵੇਚ ਕੇ ਕੰਮ ਵਿੱਚ ਲਾਇਆ। ਘਰ ਦੇ ਸਾਰੇ ਖਰਚੇ ਉਹ ਕਰਦੀ। ਸਵਰਨ ਆਪਣੀ ਕਮਾਈ ਨਾਲ ਬਿਜ਼ਨਸ ਵਧਾਉਂਦਾ। ਉਹ ਬਹੁਤ ਵੱਡਾ ਠੇਕੇਦਾਰ ਬਣ ਗਿਆ। ਉਹਦਾ ਖ਼ਾਸ ਹੀ ਰੁਤਬਾ ਸੀ। ਆਪਣੇ ਸੁਭਾਅ ਅਤੇ ਰੁਤਬੇ ਕਾਰਨ ਹੀ ਉਹ ਬਿਲਡਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਇੱਕ ਵਾਰ ਤਾਂ ਚੋਣਾਂ ਰਾਹੀਂ ਅਤੇ ਦੂਸਰੀ ਵਾਰ ਉਸ ਨੂੰ ਬਿਨਾਂ ਵਿਰੋਧ ਤੋਂ ਪ੍ਰਧਾਨ ਮਨੋਨੀਤ ਕਰ ਦਿੱਤਾ। ਸਵਰਨ ਦੀ ਮੌਤ ਪਿੱਛੋਂ ਸਹਿਜ ਦੀ ਜ਼ਿੰਦਗੀ ਪਲਟਾ ਖਾ ਗਈ। ਉਹ ਮਜ਼ਬੂਤ ਅਤੇ ਹੌਸਲੇ ਵਾਲੀ ਔਰਤ ਸੀ। ਆਪਣੇ ਦਫ਼ਤਰ ਵਿੱਚ ਉਸ ਦਾ ਰੁਤਬਾ ਸੀ। ਸਾਰੇ ਕਰਮਚਾਰੀ ਅਤੇ ਸਹਿ-ਅਧਿਕਾਰੀ ਉਸ ਦਾ ਬੜਾ ਮਾਣ ਕਰਦੇ ਸਨ ਪਰ ਸਨੀ ਦੀ ਬਦਸਲੂਕੀ, ਉਸ ਦੇ ਝਗੜਿਆਂ ਤੇ ਉਸ ਦੇ ਵਿਹਾਰ ਦੇ ਮਾਮਲੇ ਵਿੱਚ ਉਹ ਹਾਰ ਗਈ। ਦੋ ਸਾਲ ਉਹ ਸਨੀ ਦੇ ਝਗੜਿਆਂ, ਗਾਲ੍ਹਾਂ ਨੂੰ ਬਰਦਾਸ਼ਤ ਕਰਦੀ ਰਹੀ ਅਤੇ ਉਸ ਦੇ ਨਾਲ ਹੀ ਰਹੀ। ਉਸ ਦੀ ਇਹ ਕੋਸ਼ਿਸ਼ ਸੀ ਕਿ ਪਤੀ ਦੀ ਫਰਮ ਉਸ ਦੇ ਨਾਂ ’ਤੇ ਹੋ ਜਾਵੇ ਤਾਂ ਕਿ ਉਹ ਵੀ ਠੇਕੇਦਾਰੀ ਸ਼ੁਰੂ ਕਰ ਦੇਵੇ ਅਤੇ ਆਪਣਾ ਟੱਬਰ ਪਾਲੇ। ਫਰਮ ਤਬਦੀਲ ਕਰਨ ਵਿਚ ਦਫ਼ਤਰੀ ਉਚੇਚ ਜ਼ਿਆਦਾ ਸੀ। ਬੜੇ ਦਸਤਾਵੇਜ਼ ਬਣਾਉਣੇ ਪੈਂਦੇ ਸੀ ਜਿਸ ਵਾਸਤੇ ਸੰਨੀ ਨੂੰ ਹਰ ਰੋਜ਼ ਯਾਦ ਕਰਵਾਉਂਦੀ ਅਤੇ ਦਫ਼ਤਰ ਜਾਣ ਵਾਸਤੇ ਕਹਿੰਦੀ। ਸੁਸਤੀ ਅਤੇ ਸ਼ਰਾਬ ਕਾਰਨ ਸਨੀ ਦੋ ਸਾਲਾਂ ਵਿੱਚ ਵੀ ਇਹ ਕੰਮ ਨਹੀਂ ਸੀ ਕਰਵਾ ਸਕਿਆ। ਨਿੱਕੀ ਆਪਣੀ ਮਾਂ ਨੂੰ ਫੋਨ ਕਰਦੀ ਰਹਿੰਦੀ ਕਿ ਤੁਸੀਂ ਦੁਬਈ ਆ ਜਾਉ, ਸ਼ਾਂਤੀ ਦੀ ਜ਼ਿੰਦਗੀ ਬਿਤਾਉ। ਪਰ ਮਾਂ ਦੀ ਮਮਤਾ ਨੇ ਉਸ ਨੂੰ ਮਜਬੂਰ ਨੇ ਕਰ ਦਿੱਤਾ ਅੰਬਾਲਾ ਰਹਿਣ ਵਾਸਤੇ। … ਪਰ ਉਸ ਦਿਨ ਤਾਂ ਸਨੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਮਾਂ ਨੂੰ ਲੋਹੇ ਦੇ ਸਰੀਏ ਨਾਲ ਮਾਰਨ ਲੱਗਾ ਸੀ ਅਤੇ ਫਿਰ ਨਿੱਕੀ ਨੂੰ ਫੋਨ ਕਰ ਦਿੱਤਾ, ‘‘ਮੈਂ ਮਾਂ ਨੂੰ ਤਿੰਨ ਸਾਲ ਰੱਖਿਆ ਹੈ। ਹੁਣ ਤੂੰ ਰੱਖ। ਮੈਂ ਮਾਂ ਨੂੰ ਨਹੀਂ ਰੱਖ ਸਕਦਾ।’’ ਨਿੱਕੀ ਨੂੰ ਇਹ ਤਾਂ ਪਤਾ ਸੀ ਕਿ ਸਨੀ ਮਾਂ ਨਾਲ ਬਹੁਤ ਲੜਦਾ ਹੈ ਪਰ ਸਹਿਜ ਨੇ ਕਦੇ ਉਸ ਨੂੰ ਉਸ ਦੀ ਮਾਰਨ ਕੁੱਟਣ ਵਾਲੀ ਆਦਤ ਬਾਰੇ ਨਹੀਂ ਸੀ ਦੱਸਿਆ। ਸਹਿਜ ਬਹੁਤ ਘੱਟ ਫੋਨ ਕਰਦੀ ਸੀ ਨਿੱਕੀ ਨੂੰ ਸਨੀ ਬਾਰੇ। ਇਸ ਵਾਰੀ ਵੀ ਉਸ ਨੇ ਫੋਨ ਨਹੀਂ ਕੀਤਾ ਪਰ ਮਨ ਹੀ ਮਨ ਬੜੀ ਪਰੇਸ਼ਾਨ ਸੀ ਕਿ ਕੀ ਕਰੇ। ਤਿੰਨ ਦਿਨ ਬਾਅਦ ਨਿੱਕੀ ਦਾ ਫੋਨ ਆਇਆ ਤਾਂ ਉਸ ਨੇ ਪੁੱਛਿਆ ਕਿ ਸਨੀ ਨਾਲ ਕੀ ਗੱਲ ਹੋਈ ਹੈ। ਸਹਿਜ ਟਾਲ ਗਈ ਅਤੇ ਕਿਹਾ ਕਿ ਉਹੀ ਹੋਇਆ ਜੋ ਹਮੇਸ਼ਾ ਹੁੰਦਾ ਹੈ। ਨਿੱਕੀ ਨੇ ਕਿਹਾ, ‘‘ਸਨੀ ਦਾ ਫੋਨ ਆਇਆ ਸੀ। ਉਸ ਨੇ ਕਿਹਾ ਕਿ ਮੈਂ ਹੁਣ ਮਾਂ ਨੂੰ ਨਹੀਂ ਰੱਖ ਸਕਦਾ ਤੂੰ ਲੈ ਜਾ। ਤੇ ਮੈਂ ਤੁਹਾਡੀ 24 ਸਤੰਬਰ ਦੀ ਟਿਕਟ ਬੁੱਕ ਕਰ ਦਿੱਤੀ ਹੈ। ਹੁਣ ਕੋਈ ਟਾਲ-ਮਟੋਲ ਨਹੀਂ ਕਰਨੀ। ਸਵੈ-ਸਤਿਕਾਰ ਨਾਲ ਜੀਓ।’’ ਸਹਿਜ ਨੂੰ ਬੜਾ ਧੱਕਾ ਲੱਗਿਆ ਪਰ ਉਸ ਨੇ ਮਨ ਪੱਕਾ ਕਰ ਲਿਆ ਕਿ ਉਹ ਦੁਬਈ ਨਿੱਕੀ ਕੋਲ ਹੀ ਰਹੇਗੀ।
ਆਪਣਾ ਘਰ ਛੱਡਣ ਲੱਗਿਆਂ ਸਹਿਜ ਦਾ ਮਨ ਬੜਾ ਦੁਖੀ ਹੋਇਆ। ਜੋ ਘਰ ਇੰਨੇ ਅਰਮਾਨਾਂ ਨਾਲ ਆਪਣੇ ਦਫ਼ਤਰ ਤੋਂ ਕਰਜ਼ਾ ਲੈ ਕੇ ਬਣਾਇਆ ਹੋਵੇ ਜਿੱਥੇ ਆਪਣੇ ਜੀਵਨਸਾਥੀ ਨਾਲ 30 ਸਾਲ ਗੁਜ਼ਾਰੇ ਹੋਣ। ਉਸ ਘਰ ਨੂੰ ਬੇਆਬਰੂ ਹੋ ਕੇ ਛੱਡਣ ’ਤੇ ਕਿੰਨਾ ਭਾਰੀ ਦੁੱਖ ਲੱਗਦਾ ਹੈ ਇਹ ਤਾਂ ਉਹ ਮਾਵਾਂ ਹੀ ਜਾਣਦੀਆਂ ਹਨ ਜਿਨ੍ਹਾਂ ਦੇ ਪੁੱਤਰ ਉਨ੍ਹਾਂ ਦੇ ਦੁੱਧ ਦਾ ਕਰਜ਼ ਉਨ੍ਹਾਂ ਨੂੰ ਘਰੋਂ ਕੱਢ ਕੇ ਉਤਾਰਦੇ ਨੇ।
ਸਹਿਜ ਹੁਣ ਆਪਣੀ ਧੀ ਕੋਲ ਦੁਬਈ ਰਹਿ ਰਹੀ ਹੈ। ਸੱਤਰ ਸਾਲ ਦੀ ਉਮਰ ਵਿੱਚ ਨਿੱਕੀ ਉਸ ਨੂੰ ਇਕੱਲੀ ਰਹਿਣ ਨਹੀਂ ਦਿੰਦੀ। ਸਾਡੇ ਸੰਸਕਾਰ ਧੀਆਂ ਕੋਲ ਰਹਿਣਾ ਠੀਕ ਨਹੀਂ ਸਮਝਦੇ। ਸਹਿਜ ਦੇ ਮਨ ਵਿੱਚ ਵੀ ਇਹੀ ਕਸਕ ਹੈ ਪਰ ਨਿੱਕੀ ਹਮੇਸ਼ਾ ਮਾਂ ਨੂੰ ਸਮਝਾਉਂਦੀ ਹੈ ਕਿ ‘‘ਤੁਸੀਂ ਪੜ੍ਹਾਇਆ ਲਿਖਾਇਆ, ਇਸ ਕਾਬਿਲ ਬਣਾਇਆ ਕਿ ਮੈਂ ਆਪਣੀਆਂ ਦੋਵਾਂ ਮਾਵਾਂ ਦੀ ਸੇਵਾ ਕਰ ਸਕਾਂ। ਇਹ ਤੁਹਾਡੀ ਇਨਵੈਸਟਮੈਂਟ ਹੈ। ਹੁਣ ਬੈਠ ਕੇ ਖਾਉ।’’ ਨਿੱਕੀ ਨੇ ਸਾਬਿਤ ਕਰ ਦਿੱਤਾ ਕਿ ਧੀਆਂ ਪੁੱਤਰਾਂ ਤੋਂ ਘੱਟ ਨਹੀਂ। ਉਨ੍ਹਾਂ ਤੋਂ ਜ਼ਿਆਦਾ ਜ਼ਿੰਮੇਵਾਰੀ ਚੁੱਕ ਸਕਦੀਆਂ ਨੇ। ਜ਼ਰੂਰਤ ਹੈ ਆਪਣੀ ਮਾਨਸਿਕਤਾ ਬਦਲਣ ਦੀ। ਪੁੱਤਰ ਅਤੇ ਧੀ ਨੂੰ ਬਰਾਬਰ ਦਰਜਾ ਦੇਣ ਦੀ ਅਤੇ ਦੋਵਾਂ ਨੂੰ ਬਰਾਬਰ ਹੱਕ ਦੇਣ ਦੀ। ਨਿੱਕੀ ਨੇ ਇਹ ਕਰ ਵਿਖਾਇਆ ਅਤੇ ਅੱਜ ਸਹਿਜ ਬੜੇ ਪਿਆਰ ਸਤਿਕਾਰ ਨਾਲ ਧੀ ਕੋਲ ਆਪਣਾ ਬੁਢਾਪਾ ਗੁਜ਼ਾਰ ਰਹੀ ਹੈ।