ਮਨਮੋਹਨ
ਮਰਾਠੀ ’ਚ 1991 ’ਚ ਛਪੀ ਸਵੈਜੀਵਨੀ ‘ਅਕਰਮਾਸ਼ੀ’ ਨਾਲ ਪ੍ਰਸਿੱਧ ਹੋਏ ਭਾਰਤੀ ਦਲਿਤ ਸਾਹਿਤ ਜਗਤ ਦੇ ਸਥਾਪਿਤ ਹਸਤਾਖਰ ਸ਼ਰਵਣ ਕੁਮਾਰ ਲਿੰਬਾਲੇ ਦੇ 2018 ’ਚ ਛਪੇ ਨਾਵਲ ‘ਸਨਾਤਨ : ਭੀਮਾ ਕੋਰੇਗਾਉਂ ਅਤੇ ਇਤਿਹਾਸ ਦੀ ਨਾਇਨਸਾਫ਼ੀ’ ਨੂੰ ਸਾਲ 2020 ਦਾ ਸਰਸਵਤੀ ਸਨਮਾਨ ਮਿਲਿਆ ਹੈ। ਇਸ ਦਾ ਮਰਾਠੀ ਤੋਂ ਹਿੰਦੀ ’ਚ ਅਨੁਵਾਦ ਪਦਮਜਾ ਘੋਰਪੜੇ ਨੇ ਕੀਤਾ ਜਿਸ ਦੀ ਹਿੰਦੀ ਤੇ ਮਰਾਠੀ ’ਚ ਇਕੋ ਜਿਹੀ ਮੁਹਾਰਤ ਹੈ।
‘ਸਨਾਤਨ’ ਨਾਵਲ ਲਿਖਣ ਦਾ ਪ੍ਰੇਰਨਾ ਸਰੋਤ ਸ਼ਰਵਣ ਕੁਮਾਰ ਲਿੰਬਾਲੇ ਭਿ.ਸ਼ਿ. ਸ਼ਿੰਦੇ ਦੇ ਨਾਵਲ ‘ਅੰਮ੍ਰਿਤਨਾਕ’ ਅਤੇ ਸੰਜੈ ਸੋਨਵਾਨੀ ਦੇ ਨਾਵਲ ‘ਪਾਣੀਪਤ’ ਨੂੰ ਮੰਨਦਾ ਹੈ। ਉਸ ਦਾ ਕਹਿਣਾ ਹੈ: ‘ਨਾਵਲ ਮਹਾਰ ਜਾਤੀ ਦਾ ਇਤਿਹਾਸ ਨਹੀਂ। ਇਹ ਉਸ ਦਾ ਵਰਤਮਾਨ ਹੈ। ਇਹ ਨਾਵਲ ਖ਼ਾਸਕਰ ਦਲਿਤਾਂ ਬਾਰੇ ਕੁਝ ਕਹਿਣਾ ਚਾਹੁੰਦਾ ਹੈ। ਉਨ੍ਹਾਂ ਨੂੰ ਅਪਵਿੱਤਰ ਮੰਨਿਆ ਗਿਆ। ਉਨ੍ਹਾਂ ਨਾਲ ਵਰਤੀ ਦੂਰੀ ਭੇਦ-ਭਾਵ ਬਣ ਗਈ। ਦਲਿਤ ਅਲੱਗ ਥਲੱਗ ਹੋ ਗਏ। ਇਹੋ ਹੀ ਦਿਖਾਉਣ ਦਾ ਯਤਨ ਇਸ ਨਾਵਲ ’ਚ ਕੀਤਾ ਗਿਆ ਹੈ। ਇਤਿਹਾਸ ਅਤੇ ਪਰੰਪਰਾ ਨੇ ਦਲਿਤਾਂ ਦੀ ਬਹੁਤ ਦੁਰਗਤ ਕੀਤੀ। ਮਹਾਰ ਜਾਤੀ ਬਾਰੇ ਜੋ ਕੁਝ ਪੜ੍ਹਿਆ ਉਸ ਤੋਂ ਹੀ ਮੈਨੂੰ ਨਾਵਲ ਲਿਖਣ ਦੀ ਪ੍ਰੇਰਨਾ ਮਿਲੀ। ਮੈਂ ਡਾ. ਬਾਬਾ ਸਾਹਿਬ ਅੰਬੇਦਕਰ, ਅਲੈਗਜ਼ਾਂਡਰ ਰਾਬ੍ਰਟਸਨ, ਮਹਾਰਿਸ਼ੀ ਸ਼ਿੰਦੇ, ਮ. ਮਾਟੇ, ਸ਼ੰਕਰਰਾਉ ਖਰਾਤ, ਪੀ.ਏ. ਗਾਵਲੀ, ਅਨਿਲ ਕਠਾਰੇ, ਸਾਲੁੰਖੇ, ਬਲੀਰਾਮ ਕਾਂਬਲੇ ਅਤੇ ਸੁਧਾਕਰ ਖਾਂਬੇ ਦੀਆਂ ਲਿਖਤਾਂ ਪੜ੍ਹੀਆਂ। ਇਤਿਹਾਸ ਜਾਂ ਇਤਿਹਾਸਕ ਵਿਅਕਤੀਆਂ ਪ੍ਰਤੀ ਅਨਾਦਰ ਦਾ ਕੋਈ ਕਾਰਨ ਨਹੀਂ। ਸ਼ਿਕਾਇਤ ਏਨੀ ਹੀ ਹੈ ਕਿ ਇਸ ਦੇਸ਼ ਨੂੰ ਦਲਿਤਾਂ ਅਤੇ ਆਦਿਵਾਸੀਆਂ ਨੇ ਬਹੁਤ ਪ੍ਰੇਮ ਤੇ ਤਿਆਗ ਕੀਤਾ ਤੇ ਬਲਿਦਾਨ ਦਿੱਤਾ। ਪਰ ਇਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਇਹ ਨਾਵਲ ਇਸ ਵੱਲ ਧਿਆਨ ਦਿਵਾ ਰਿਹਾ ਹੈ’।
‘ਸਨਾਤਨ’ ਦਾ ਬਿਰਤਾਂਤ ਉਨ੍ਹਾਂ ਲੋਕਾਂ ਦੇ ਪਿਛਲੇ ਦੋ ਸੌ ਸਾਲ ਦੇ ਇਤਿਹਾਸ ਦੀਆਂ ਤਹਿਆਂ ਫਰੋਲਦਾ ਹੈ ਜਿਨ੍ਹਾਂ ਨੂੰ ਸਦੀਆਂ ਤੋਂ ਸਮਾਜ ਦੇ ਹਾਸ਼ੀਏ ’ਤੇ ਰੱਖਿਆ ਗਿਆ ਹੈ। ਐਰਿਕ ਹਾਬਸਬਾਮ ਆਪਣੀ ਕਿਤਾਬ ‘On History’ ’ਚ ਲਿਖਦਾ ਹੈ ਕਿ ਸਾਰੇ ਮਨੁੱਖਾਂ ਅਤੇ ਸਮਾਜਾਂ ਦੀਆਂ ਜੜ੍ਹਾਂ ਅਤੀਤ ਵਿਚ ਹੁੰਦੀਆਂ ਹਨ। ਇਸ ਲਈ ਜਦੋਂ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਗੱਲ ਕਰਦੇ ਹਾਂ ਤਾਂ ਉਹ ਮਹਿਜ਼ ਹੇਰਵਾ ਨਹੀਂ ਹੁੰਦਾ ਸਗੋਂ ਇਕ ਸੁਚੇਤ ਇਤਿਹਾਸਕ ਪ੍ਰੇਰਨਾ ਵੀ ਹੁੰਦੀ ਹੈ। ਕਿਸੇ ਵਿਅਕਤੀ ਦੀਆਂ ਸਿਮਰਤੀਆਂ ਅੰਦਰ ਸੁਰੱਖਿਅਤ ਘਟਨਾਵਾਂ ਵਿਚ ਪ੍ਰਾਪਤ ਇਤਿਹਾਸ ਦੀ ਚੇਤਨਾ ਪੂਰੀ ਮਨੁੱਖੀ ਜਾਤੀ ਅੰਦਰ ਹੁੰਦੀ ਹੈ ਜਿਸ ਦੀ ਉਦਾਹਰਣ ਫਰਾਂਸੀਸੀ ਚਿੰਤਕ ਯੱਕ ਦੈਰੀਦਾ ਉਦੋਂ ਦਿੰਦਾ ਹੈ ਜਦੋਂ ਉਹ ਯਾਦ ਨੂੰ ਪ੍ਰਤੀਰੋਧ ਕਰਨ ਵਾਲੇ ਅਹਿਮ ਅੰਗਾਂ ’ਚ ਸ਼ਾਮਿਲ ਕਰਦਾ ਹੈ। ਉਸ ਅਨੁਸਾਰ ਮਨੁੱਖੀ ਜੀਵਨ ’ਚ ਸਿਮਰਤੀ ਉਹ ਮਹੱਤਵਪੂਰਨ ਤੱਤ ਹੁੰਦੀ ਹੈ ਜਿਹੜੀ ਉਸ ਨੂੰ ਪ੍ਰਤੀਰੋਧ ਦੇ ਰਾਹ ਤੋਰਦੀ ਹੈ।
‘ਸਨਾਤਨ’ ਦੇ ਬਿਰਤਾਂਤ ’ਚ ਲਿੰਬਾਲੇ ਅਠਾਰਵੀਂ-ਉਨ੍ਹੀਵੀਂ ਸਦੀ ਦੇ ਬਾਹਮਨੀ (Bahmani) ਰਾਜ ਦੇ ਪਿੰਡ ਸੇਨੱਈ ਦੇ ਰਹਿਣ ਵਾਲੇ ਚਾਰ ਮਹਾਰਾਂ ਭੀਮਨਾਕ, ਯੇਸਨਾਕ, ਅੰਬਰਨਾਕ ਅਤੇ ਸਿੱਧਨਾਕ ਦੇ ਜੀਵਨ ਯਥਾਰਥ ਦੇ ਇਤਿਹਾਸਕ, ਸਭਿਆਚਾਰਕ, ਮਿਥਿਹਾਸਕ, ਰਾਜਨੀਤਕ ਅਤੇ ਸਮਾਜਿਕ ਪਾਸਾਰਾਂ ਨੂੰ ਸਬਾਲਟਰਨ (ਅਧੀਨ ਜਾਤੀਆਂ ਦੀ) ਦ੍ਰਿਸ਼ਟੀ ਤੋਂ ਆਪਣੀ ਬਿਰਤਾਂਤਕਾਰੀ ਦਾ ਆਧਾਰ ਬਣਾਉਂਦਾ ਹੈ। ਸੇਨੱਈ ਪਿੰਡ ਦੀ ਮਹਾਰ ਬਸਤੀ ਤੋਂ ਸ਼ੁਰੂ ਹੋ ਕੇ ਇਹ ਬਿਰਤਾਂਤ ਪੁਣੇ, ਮੁੰਬਈ, ਲੰਡਨ ਅਤੇ ਲਿਵਰਪੂਲ ਤੱਕ ਫੈਲੇ ਘਟਨਾਕ੍ਰਮ ਨੂੰ ਆਪਣੇ ਅੰਦਰ ਸਮੇਟਦਾ ਹੈ। ਰਣਜੀਤ ਗੁਹਾ ‘Subaltern Studies’ ’ਚ ਲਿਖਦਾ ਹੈ ਕਿ ਸਬਾਲਟਰਨ ਦ੍ਰਿਸ਼ਟੀ ਤੋਂ ਲਿਖਿਆ ਇਤਿਹਾਸਕ ਬਿਰਤਾਂਤ ਸਥਾਪਿਤ ਇਤਿਹਾਸਕਾਰੀ ਤੋਂ ਇਸ ਲਈ ਭਿੰਨ ਹੁੰਦਾ ਹੈ ਕਿ ਇਹ ਸਥਾਪਤੀ ਦੇ ਦ੍ਰਿਸ਼ਟੀਕੋਣ ਤੋਂ ਨਹੀਂ ਸਗੋਂ ਦੱਬੀਆਂ ਕੁੱਚਲੀਆਂ ਹੋਂਦਾਂ ਦੇ ਪੱਖ ਤੋਂ ਲਿਖਿਆ ਹੁੰਦਾ ਹੈ ਜੋ ਕਦੇ ਵੀ ਇਤਿਹਾਸ ਦਾ ਹਿੱਸਾ ਨਹੀਂ ਬਣਦੀਆਂ। ‘ਸਨਾਤਨ’ ਦੀ ਬਿਰਤਾਂਤਕਾਰੀ ਸਦੀਆਂ ਤੋਂ ਚੱਲ ਰਹੀ ਵਰਣ ਵਿਵਸਥਾ ਅਧੀਨ ਸਮਾਜਿਕ ਦਰਜਾਬੰਦੀ, ਬ੍ਰਾਹਮਣ ਅਤੇ ਹੋਰ ਉੱਚ ਜਾਤੀਆਂ ਵੱਲੋਂ ਛੂਤਛਾਤ, ਭੇਦ-ਭਾਵ, ਸਰੀਰਕ ਅਤੇ ਸ਼ਾਬਦਿਕ ਹਿੰਸਾ ਰਾਹੀਂ ਆਪਣੇ ਸਦੀਆਂ ਤੋਂ ਬਣੇ ਦਾਬੇ ਨੂੰ ਹਰ ਹੀਲੇ ਕਾਇਮ ਰੱਖਣ ਦਾ ਯਤਨ ਕਰਨਾ ਹੈ, ’ਤੇ ਸੁਆਲ ਕਰਦੀ ਹੈ। ਉਸ ਨੂੰ ਆਪਣੇ ਯਥਾਰਥ ਦੇ ਅਨੁਭਵਾਂ ਰਾਹੀਂ ਅਸਿੱਧੇ ਸਿੱਧੇ ਢੰਗ ਨਾਲ ਨਿਸ਼ਾਨੇ ’ਤੇ ਰੱਖਦੀ ਹੈ। ਮਹਾਰ ਦਲਿਤ ਸਦਾ ਅਖੌਤੀ ਉੱਚ ਜਾਤੀਆਂ ਦੀ ਹਿੰਸਾ ਤੇ ਜ਼ੁਲਮ ਦੇ ਨਿਸ਼ਾਨੇ ’ਤੇ ਰਹਿੰਦੇ ਹਨ। ਮਹਾਰਾਂ ਨੂੰ ਥੁੱਕਣ ਲਈ ਆਪਣੇ ਗਲ਼ੇ ਮਟਕੀ, ਆਪਣੀ ਪੈੜ ਸਾਫ਼ ਕਰਨ ਲਈ ਲੱਕ ’ਤੇ ਝਾੜੂ ਅਤੇ ਹੱਥ ’ਚ ਛਣਕਣਿਆਂ ਵਾਲੀ ਲਾਠੀ ਫੜ੍ਹਨੀ ਪੈਂਦੀ ਤਾਂ ਕਿ ਆਵਾਜ਼ ਸੁਣ ਉੱਚ ਜਾਤਾਂ ਵਾਲੇ ਲਾਂਭੇ ਹੋ ਜਾਣ ਅਤੇ ਉਨ੍ਹਾਂ ’ਤੇ ਮਹਾਰ ਦਾ ਪਰਛਾਵਾਂ ਨਾ ਪੈ ਸਕੇ। ਨਾਵਲ ਦਾ ਆਰੰਭ ਪਿੰਡ ’ਚ ਮਹਾਰਾਂ ਵੱਲੋਂ ਆਪਣੀ ਬਸਤੀ ’ਚ ਹੋਲਿਕਾ ਦਹਿਨ ਦੇ ਦ੍ਰਿਸ਼ ਨਾਲ ਹੁੰਦਾ ਹੈ। ਪੂਰੀ ਬਸਤੀ ’ਚ ਬੱਚਿਆਂ, ਕੁੱਤਿਆਂ ਅਤੇ ਸੂਰਾਂ ਦੀ ਪਲਟਨਾਂ ਦੀਆਂ ਪਲਟਨਾਂ ਘੁੰਮਦੀਆਂ। ਮਹਾਰਾਂ ਦੇ ਸਰੀਰ ਮਨੁੱਖਾਂ ਦੇ, ਪਰ ਮਨ ਪਸ਼ੂਆਂ ਜਿਹੇ ਹੋ ਚੁੱਕੇ ਹਨ। ਹਰ ਮਹਾਰ ਨੂੰ ਆਪਣੇ ਘਰ ਮੂਹਰੇ ਪਛਾਣ ਲਈ ਜਾਨਵਰ ਦੀ ਹੱਡੀ ਠੂਸਣੀ ਪੈਂਦੀ। ਹੋਲੀ ਲਈ ਮਹਾਰ ਬੱਚੇ ਪਾਥੀਆਂ ਚੁਰਾ ਹੋਲੀ ਦਾ ਜੁਗਾੜ ਕਰਦੇ ਹਨ। ਭੀਮਨਾਕ ਪਾਰਬਤੀ ਨੂੰ ਦੱਸਦਾ ਹੈ: ‘ਮਹਾਰ ਦੀ ਆਤਮਾ ਨਹੀਂ ਹੁੰਦੀ। ਉਸ ਦੀ ਆਤਮਾ ਭਟਕਦੀ ਰਹਿੰਦੀ ਹੈ! ਮਹਾਰ ਮਰ ਜਾਣ ’ਤੇ ਭੂਤ ਹੋ ਜਾਂਦਾ ਹੈ ਅਤੇ ਮੁਕਤੀ ਲਈ ਛਟਪਟਾਉਂਦਾ ਰਹਿੰਦਾ ਹੈ…!’
‘ਸਨਾਤਨ’ ਦੇ ਬਿਰਤਾਂਤ ’ਚ ਮਹਾਰਾਂ ਦੀ ਸਦੀਆਂ ਦੀ ਗ਼ੁਲਾਮੀ ਤੋਂ ਮੁਕਤੀ ਦੀ ਆਸ ਬ੍ਰਿਟਿਸ਼ ਦੀ ਈਸਟ ਇੰਡੀਆ ਕੰਪਨੀ ਦੀ ਫ਼ੌਜ ’ਚ ਭਰਤੀ ਹੋਣ ਤੋਂ ਬੱਝਦੀ ਹੈ। ਅੰਗਰੇਜ਼ ਮਹਾਰਾਂ ਨੂੰ ਫ਼ੌਜ ’ਚ ਭਰਤੀ ਕਰ ਰਹੇ ਹਨ। ਭੀਮਨਾਕ ਉਤਸ਼ਾਹ ਨਾਲ ਕਹਿਣ ਲੱਗਾ ਕਿ ਮਹਾਰਾਂ ਦੇ ਹੱਥੋਂ ਝਾੜੂ ਹਟਾ ਕੇ ਬੰਦੂਕ ਦੇ ਦੇਣਾ ਗ਼ਜ਼ਬ ਦਾ ਮਾਮਲਾ ਹੈ। ਵਿਦੇਸ਼ੀਆਂ ਦਾ ਰਾਜ ਆਉਣਾ ਚਾਹੀਦਾ ਹੈ। ਸ਼ਰਵਣ ਕੁਮਾਰ ਲਿੰਬਾਲੇ ਇਸ ਸ਼ਕਤੀਕਰਨ ਦਾ ਵਿਚਾਰ ਡਾ. ਬਾਬਾ ਸਾਹਿਬ ਅੰਬੇਡਕਰ ਤੋਂ ਲੈਂਦਾ ਹੈ ਜੋ ਇਹ ਅਕਸਰ ਕਹਿੰਦੇ ਸਨ ਕਿ ਅੰਗਰੇਜ਼ਾਂ ਨਾਲ ਆਈ ਪੱਛਮੀ ਆਧੁਨਿਕਤਾ ਨੇ ਦੇਸੀ ਜਾਤੀਗਤ ਗ਼ੁਲਾਮੀ ਅਤੇ ਦਾਸਤਾ ਦੀਆਂ ਜ਼ੰਜੀਰਾਂ ਕੱਟਣ ’ਚ ਵੱਡੀ ਭੂਮਿਕਾ ਨਿਭਾਈ। ਲਿੰਬਾਲੇ ਇਸ ਸ਼ਕਤੀਕਰਨ ਰਾਹੀਂ ਪੈਦਾ ਹੋਏ ‘ਆਸ ਦੇ ਬਿਰਤਾਂਤ’ ਨੂੰ ਕਈ ਯਥਾਰਥਕ ਦ੍ਰਿਸ਼ਾਂ ਰਾਹੀਂ ਪੇਸ਼ ਕਰਦਾ ਹੈ।
ਈਸਟ ਇੰਡੀਆ ਕੰਪਨੀ ਦੀ ਫ਼ੌਜ ‘ਬਾਂਬੇ ਨੇਟਿਵ ਇਨਫੈਂਟਰੀ’ ’ਚ ਮਹਾਰ ਮਰਾਠਾ ਅਤੇ ਮੁਸਲਮਾਨ ਸੈਨਿਕ ਭਰਤੀ ਹੁੰਦੇ, ਪਰ ਮਹਾਰਾਂ ਦੀ ਗਿਣਤੀ ਸਭ ਤੋਂ ਵੱਧ ਸੀ। ਇਸ ਆਸ ਦਾ ਸਿਖਰ ਉਦੋਂ ਆਉਂਦਾ ਹੈ ਜਦੋਂ 1 ਜਨਵਰੀ 1818 ਨੂੰ ਕੈਪਟਨ ਫਰਾਂਸਿਸ ਸਟਾਟਨ ਦੀ ਅਗਵਾਈ ਹੇਠ ਭੀਮਾ ਕੋਰੇਗਾਉਂ ਨਾਮੀ ਸਥਾਨ ’ਤੇ ਮਹਾਰਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਪੇਸ਼ਵਾ ਬਾਜੀਰਾਓ ਦੂਜੇ ਦੀਆਂ ਫ਼ੌਜਾਂ ਨੂੰ ਬੁਰੀ ਤਰ੍ਹਾਂ ਹਰਾਇਆ ਜਿਸ ਨਾਲ ਬ੍ਰਾਹਮਣੀ ਦਾਬੇ ਅਤੇ ਸਨਾਤਨੀ ਪੁਰਾਣਪੰਥੀ ਪ੍ਰਭੂਤਵ ਵਾਲੀ ਪੇਸ਼ਵਾਈ ਦਾ ਅੰਤ ਹੋ ਗਿਆ। ਇਸ ਅੰਤ ਨਾਲ ਹੀ ਮਹਾਰਾਂ ਦੀ ਦਾਸਤਾ ਦਾ ਅੰਤ ਹੋਣ ਦਾ ਨਵਾਂ ਇਤਿਹਾਸ ਰਚਿਆ ਜਾਂਦਾ ਹੈ।
ਭਾਰਤੀ ਗਿਆਨ ਪਰੰਪਰਾ ’ਚ ਸਨਾਤਨ ਦਾ ਭਾਵ ਹੈ ਉਹ ਧਾਰਾ ਜਿਸ ਦਾ ਦਾ ਆਦਿ ਨਾ ਕੋਈ ਅੰਤ। ਇਕ ਨਿਰੰਤਰਤਾ। ਅਖੰਡ ਪ੍ਰਵਾਹ। ਸ਼ਾਇਦ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਹਿੰਦੂ ਸਨਾਤਨ ਪਰੰਪਰਾ ਵਾਂਗ ਦਲਿਤਤਾ ਦਾ ਵੀ ਆਪਣਾ ਸਨਾਤਨ ਹੈ ਜਿਸਦੇ ਨਾ ਆਦਿ ਦਾ ਪਤਾ ਹੈ ਨਾ ਅੰਤ ਦਾ। ‘ਸਨਾਤਨ’ ਦੇ ਬਿਰਤਾਂਤ ’ਚ ਲਿੰਬਾਲੇ ਦਲਿਤ ਲੋਕ ਮਨ ’ਚ ਪਈ ਮਹਾਰ ਜਾਤੀ ਦੇ ਆਰੰਭ ਨਾਲ ਜੁੜੀ ਮਿਥਿਹਾਸਕ ਕਿਵਦੰਤੀ ਨੂੰ ਭੀਮਨਾਕ ਨਾਮੀ ਪਾਤਰ ਦੇ ਯਥਾਰਥ ਨੂੰ ਗਲਪੀ ਯਥਾਰਥ ’ਚ ਰੂਪਾਂਤ੍ਰਿਤ ਕਰਕੇ ਸਬਾਲਟਰਨ ਦ੍ਰਿਸ਼ਟੀਕੋਣ ਤੋਂ ਬਿਰਤਾਂਤ ਦਾ ਅੰਗ ਬਣਾਉਂਦਾ ਹੈ: ‘ਉਸ ਨੂੰ ਕਥਾ ਯਾਦ ਆਈ। ਪਾਰਵਤੀ ਨਦੀ ’ਚ ਇਸ਼ਨਾਨ ਕਰ ਰਹੀ ਸੀ। ਉਹਨੂੰ ਨਦੀ ’ਚ ਤੈਰਦਾ ਬੇਲ ਪੱਤਰ ਦਿੱਸਿਆ। ਪੱਤੇ ਦੇ ਲਹੂ ਦੀਆਂ ਬੂੰਦਾਂ ਸਨ ਲਾਲ ਸੁਰਖ਼। ਉਸ ਨੇ ਪੱਤੇ ਨੂੰ ਛੂਹਿਆ। ਪੱਤੇ ’ਤੇ ਬੱਚੇ ਦਾ ਜਨਮ ਹੋ ਗਿਆ। ਬੱਚਾ ਘਰ ਲਿਜਾ ਕੇ ਮਹਾਦੇਵ ਸ਼ਿਵ ਨੂੰ ਦਿਖਾਇਆ। ਬੱਚਾ ਸਵੀਕਾਰ ਹੋ ਗਿਆ ਤੇ ਮਹਾਦੇਵ ਦੇ ਘਰ ਪਲਦਾ ਰਿਹਾ। ਇਕ ਦਿਨ ਬੱਚਾ ਰਿੜ੍ਹਦਾ ਹੋਇਆ ਘਰ ਦੇ ਬਾਹਰ ਆ ਗਿਆ। ਓਥੇ ਗਾਂ ਮਰੀ ਪਈ ਸੀ। ਬੱਚਾ ਮਰੀ ਗਾਂ ਦਾ ਮਾਸ ਖਾਣ ਲੱਗਾ। ਮਹਾਦੇਵ ਦੇਖ ਕੇ ਕ੍ਰੋਧਿਤ ਹੋ ਗਏ। ਸਰਾਪ ਦਿੱਤਾ: ‘‘ਤੂੰ ਪਿੰਡ ਤੋਂ ਬਾਹਰ ਰਹੇਂਗਾ। ਮਰੇ ਜਾਨਵਰਾਂ ਦਾ ਮਾਸ ਖਾ ਕੇ ਜੀਵੇਂਗਾ। ਲੋਕ ਤੇਰੇ ਪਰਛਾਵੇਂ ਨੂੰ ਵੀ ਅਛੂਤ ਸਮਝਣਗੇ।’’ ਹੁਣ ਬੱਚਾ ਪਿੰਡ ਤੋਂ ਬਾਹਰ ਰਹਿਣ ਲੱਗਾ। ਮਰੇ ਜਾਨਵਰਾਂ ਦਾ ਮਾਸ ਖਾਣ ਲੱਗਾ। ਮਹਾਰ ਦਾ ਜਨਮ ਇਸ ਤਰ੍ਹਾਂ ਹੋਇਆ’।
‘ਸਨਾਤਨ’ ’ਚ ਬਿਰਤਾਂਤਕਾਰ ਮਹਾਰ ਸਭਿਆਚਾਰ ਅਤੇ ਸੰਸਕ੍ਰਿਤੀ ਦੀ ਦ੍ਰਿਸ਼ਕਾਰੀ ਬੜੇ ਪ੍ਰਮਾਣਿਕ ਢੰਗ ਨਾਲ ਕਰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੂੰ ਮਹਾਰ ਯਥਾਰਥ ਦਾ ਨਿੱਜੀ ਅਨੁਭਵ ਹੈ ਜਿਸ ਕਾਰਨ ਉਹ ਗਲਪੀ ਯਥਾਰਥ ਨੂੰ ਪ੍ਰਮਾਣਿਕ ਭਾਸ਼ਾ ਰਾਹੀਂ ਸਾਕਾਰ ਕਰਦਾ ਹੈ। ਜੌਰਜ ਲੁਕਾਚ ਆਪਣੀ ਕਿਤਾਬ ’ਚ ਲਿਖਦਾ ਹੈ ਕਿ ਪ੍ਰਮਾਣਿਕਤਾ ਨਿੱਜ ਤੇ ਆਤਮ ਦੀ ਧਰਾਤਲ ’ਤੇ ਹੰਢਾਇਆ ਹੋਇਆ ਸੱਚ ਹੁੰਦਾ ਹੈ ਜੋ ਬਿਰਤਾਂਤ ਨੂੰ ਯਥਾਰਥਕਤਾ ਪ੍ਰਦਾਨ ਕਰਦਾ ਹੈ। ਇਸੇ ਕਾਰਨ ‘ਸਨਾਤਨ’ ਦਾ ਬਿਰਤਾਂਤ ਸ਼ਰਵਣ ਕੁਮਾਰ ਲਿੰਬਾਲੇ ਦੇ ਜੀਵਨ ਦੇ ਪ੍ਰਮਾਣਿਕ ਅਨੁਭਵ ’ਤੇ ਆਧਾਰਿਤ ਹੈ। ਉਸ ਦਾ ਦਲਿਤ ਅਨੁਭਵ, ਚੇਤਨਾ, ਚਿੰਤਨ ਅਤੇ ਚਿੰਤਾ ਇਸ ਲਈ ਪ੍ਰਮਾਣਿਕ ਹੈ ਕਿ ਉਹ ਸਹਿਨੂਭਤੀ ਦਾ ਹੈ ਕਿਉਂਕਿ ਉਹ ਆਪ ਦਲਿਤ ਵਰਗ ’ਚੋਂ ਹੈ। ਜੇ ਕੋਈ ਗ਼ੈਰ ਦਲਿਤ ਲਿਖਦਾ ਤਾਂ ਇਹ ਅਨੁਭਵ ਸਹਾਨੂਭੂਤੀ ਵਾਲਾ ਹੁੰਦਾ। ਦਲਿਤ ਸਾਹਿਤ ਸ਼ਾਸਤਰ ਉਸਾਰਣ ਵਾਲੇ ਕਈ ਦਲਿਤ ਵਿਦਵਾਨਾਂ ਦਾ ਵਿਚਾਰ ਹੈ ਕਿ ਦਲਿਤ ਲੇਖਕ ਅਤੇ ਗ਼ੈਰ ਦਲਿਤ ਲੇਖਕ ਦੇ ਅਨੁਭਵ ’ਚ ਅੰਤਰ ਹੁੰਦਾ ਹੈ। ਮਹਾਰ ਪਿੰਡ ਦੀ ਹੋਂਦਸ਼ੀਲਤਾ ਦੀ ਉਹ ਬੜੀ ਯਥਾਰਥਕ ਅਤੇ ਸਭਿਆਚਾਰਕ ਦ੍ਰਿਸ਼ਕਾਰੀ ਕਰਦਾ ਹੈ: ‘ਮੁਹਾਵਰਾ ਹੀ ਬਣ ਗਿਆ ਹੈ ਜਿੱਥੇ ਪਿੰਡ ਓਥੇ ਮਹਾਰ ਬਸਤੀ! ਪਿੰਡ ਦੇ ਬਾਹਰ ਵੱਸਣ ਵਾਲੀ ਬਸਤੀ! ਮਹਾਰਾਂ ਦੀ! ਕੁੱਤਿਆਂ ਦੀ! ਸੂਰਾਂ ਦੀ! ਗਧਿਆਂ ਦੀ! ਕੂੜੇ ਦੀਆਂ ਰੂੜੀਆਂ ਦੀ! ਹੱਗਣ ਹੱਟੀਆਂ ਦੀ!’ ‘ਸਨਾਤਨ’ ਦੇ ਬਿਰਤਾਂਤ ’ਚ ਕਈ ਯਥਾਰਥ ਸਥਿਤੀਆਂ-ਪ੍ਰਸਥਿਤੀਆਂ ਨੂੰ ਅਜਿਹੀ ਗਲਪ ਭਾਸ਼ਾ ’ਚ ਬਿਰਤਾਂਤਕਤਾ ਪ੍ਰਦਾਨ ਕੀਤੀ ਕਿ ਦਲਿਤ ਸੌਂਦਰਯ ਸ਼ਾਸਤਰ ਦੇ ਸਹਿਜ ਦਰਸ਼ਨ ਹੁੰਦੇ ਹਨ। ਸ਼ਰਵਣ ਕੁਮਾਰ ਲਿੰਬਾਲੇ ਆਪਣੀ ਕਿਤਾਬ ‘ਦਲਿਤ ਸਾਹਿਤ ਕਾ ਸੌਂਦਰਯ ਸ਼ਾਸਤਰ’ (2000) ’ਚ ਇਹ ਸਥਾਪਿਤ ਕਰਦਾ ਹੈ ਕਿ ਦਲਿਤ ਸਾਹਿਤ ਦੇ ਸੌਂਦਰਯ ਸ਼ਾਸਤਰ ਦੀ ਨੀਂਹ ਉਦੋਂ ਹੀ ਰੱਖੀ ਗਈ ਸੀ ਜਦੋਂ ਦਲਿਤ ਸਾਹਿਤ ਦੀ ਪ੍ਰਵਿਰਤੀ ਆਪਣਾ ਵਿਆਪਕ ਸਰੂਪ ਧਾਰਨ ਕਰਨ ਲੱਗੀ। ਦਲਿਤ ਸਾਹਿਤ ਤੋਂ ਉਸ ਤਰ੍ਹਾਂ ਦੇ ਸੌਂਦਰਯ ਸੁਹਜ ਦੀ ਆਸ ਨਹੀਂ ਕੀਤੀ ਜਾ ਸਕਦੀ ਜੋ ਮੁੱਖ ਧਾਰਾ ਦੇ ਸਾਹਿਤ ਤੋਂ ਕੀਤੀ ਜਾਂਦੀ ਹੈ।
ਹਥਲੀ ਪੁਸਤਕ ਦੇ ਬਿਰਤਾਂਤ ’ਚ ਲਿੰਬਾਲੇ ਥਾਂ ਪੁਰ ਥਾਂ ਜਾਦੂਈ ਯਥਾਰਥ ਦੀ ਜੁਗਤ ਦਾ ਪ੍ਰਯੋਗ ਵੀ ਕਰਦਾ ਹੈ। ਜਾਦੂਈ ਯਥਾਰਥਵਾਦੀ ਬਿਰਤਾਂਤ ’ਚ ਅਸਲ ਤੇ ਨਕਲ ਦਾ ਸੁਮੇਲ ਪੇਸ਼ ਕੀਤਾ ਜਾਂਦਾ ਹੈ। ਜਾਦੂਈ ਯਥਾਰਥ ’ਚ ਯਥਾਰਥ ਨੂੰ ਜਾਦੂਈ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਵੈਂਡੀ ਬੀ. ਫੈਰਿਸ ਆਪਣੀ ਕਿਤਾਬ ‘ਮੈਜੀਕਲ ਰੀਅਲਿਜ਼ਮ’ ’ਚ ਲਿਖਦੀ ਹੈ: ‘ਜਾਦੂਈ ਯਥਾਰਥ ’ਚ ਯਥਾਰਥਵਾਦ ਅਤੇ ਅਦਭੁੱਤ ਨੂੰ ਅਜਿਹੇ ਜਾਦੂਈ ਤੱਤਾਂ ਰਾਹੀਂ ਚਿਤਰਿਆ ਜਾਂਦਾ ਹੈ ਕਿ ਇਸ ਵਿਚੋਂ ਅਸਲ ਜੀਵਨ ਯਥਾਰਥ ਝਲਕਣ ਲੱਗਦਾ ਹੈ।’ ‘ਸਨਾਤਨ’ ਦੇ ਬਿਰਤਾਂਤ ’ਚ ਭੂਤਨਾਕ ਸਿਦਰਾਮ ਕੋਰੇ ਪਟਵਾਰੀ ਦੀ ਬੀਵੀ ਦਾ ਗੋਰਾ ਰੰਗ ਦੇਖ ਉਸਦਾ ਰੂਪ ਆਪਣੇ ਮਨ ’ਚ ਸੰਜੋਣ ਲੱਗਾ। ਉਸ ਨੂੰ ਅੰਮ੍ਰਿਤਨਾਕ ਮਹਾਰ ਦੀ ਬਹਾਦਰੀ ਅਤੇ ਆਪਣੀ ਜਾਤੀ ਦੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਦੀ ਕਹਾਣੀ ਯਾਦ ਆਉਂਦੀ ਹੈ। ਭੂਤਨਾਕ ਬੈਠਾ ਬੈਠਾ ਸੌਂ ਗਿਆ। ਨੀਂਦ ’ਚ ਉਸ ਸੁਪਨਾ ਦੇਖਿਆ। ਪਟਵਾਰੀ ਦੀ ਔਰਤ ਨੂੰ ਉਹ ਭਜਾ ਕੇ ਲੈ ਗਿਆ। ਭੂਤਨਾਕ ਨੇ ਘੋੜੇ ’ਤੇ ਸਵਾਰ ਉਸ ਦਾ ਪਿੱਛਾ ਕੀਤਾ ਤੇ ਔਰਤ ਨੂੰ ਬਚਾਇਆ। ਉਸ ਨੂੰ ਘੋੜੇ ’ਤੇ ਬਿਠਾ ਕੇ ਲਿਆ ਰਿਹਾ। ਘੋੜਾ ਹਵਾ ’ਚ ਦੌੜ ਰਿਹਾ ਹੈ।’ ਇਸ ਸਹਿ-ਬਿਰਤਾਂਤ ’ਚ ਲਿੰਬਾਲੇ ਜਾਦੂਈ ਯਥਾਰਥ ਦੀ ਜੁਗਤ ਰਾਹੀਂ ਇਕ ਬਿਰਤਾਂਤ ਨੂੰ ਦੂਜੇ ਦਾ ਅੰਗ ਬਣਾ ਅਯਥਾਰਥ ਨੂੰ ਯਥਾਰਥ ’ਚ ਰੂਪਾਂਤਰਣ ਕਰਦਿਆਂ ਭੂਤਨਾਕ ਦੀ ਸੋਚ ’ਚ ਮਹਾਰ ਨਾਇਕਤਵ ਦੀ ਤਲਾਸ਼ ਦੇ ਨਾਲ ਨਾਲ ਮੁਕਤੀ ਦੀ ਕਾਮਨਾ ਨੂੰ ਜਾਦੂਈ ਰੂਪ ਵਿਚ ਦਰਸਾਉਂਦਾ ਹੈ।
ਪਿਛਲੇ ਕੁਝ ਸਮੇਂ ਤੋਂ ਦਲਿਤ ਚੇਤਨਾ, ਚਿੰਤਨ ਤੇ ਹੋਂਦ ਨਾਲ ਜੁੜੇ ਪ੍ਰਸ਼ਨਾਂ ਨੇ ਭਾਰਤੀ ਸਮਾਜ, ਸਿਆਸਤ ਤੇ ਸਾਹਿਤ ਵਿਚ ਗੰਭੀਰ ਸਵਾਲ ਪੈਦਾ ਕੀਤੇ ਹਨ। ‘ਦਲਿਤ’ ਪਰਿਭਾਸ਼ਿਤ ਕਰਨ ਲਈ ਹੁਣ ਤਕ ਤਿੰਨ ਪਹੁੰਚਾਂ ਅਪਣਾਈਆਂ ਜਾਂਦੀਆਂ ਰਹੀਆਂ ਹਨ। ਪਹਿਲੀ ਪਹੁੰਚ ਹੈ ‘ਦਲਿਤ’ ਜਮਾਤੀ/ਵਰਗੀ ਸੰਕਲਪ ਤੋਂ ਸਮਝਣਾ। ਦੂਜੀ ਪਹੁੰਚ ਹੈ ਦਲਿਤ ਵਰਣ ਦੇ ਨੁਕਤਾ ਨਿਗਾਹ ਤੋਂ ਦੇਖਣ ਦੀ ਤੇ ਤੀਜੀ ਪਹੁੰਚ ਹੈ ਦਲਿਤ ਅੰਬੇਡਕਰ ਦੀ ਦ੍ਰਿਸ਼ਟੀ ਤੋਂ ਸਮਝਣ ਦੀ ਜੋ ਅਛੂਤ/ਸ਼ੂਦਰ ਦਲਿਤ ਸਮਝਦਾ ਸੀ।
‘ਸਨਾਤਨ’ ਦੇ ਬਿਰਤਾਂਤ ’ਚ ਸ਼ਰਵਣ ਕੁਮਾਰ ਲਿੰਬਾਲੇ ਦੀਆਂ ਦਲਿਤ ਸੰਕਲਪਨਾ ਬਾਰੇ ਪਰਿਭਾਸ਼ਾਈ ਟਿੱਪਣੀਆਂ ਕਈ ਥਾਈਂ ਪਾਤਰਾਂ ਦੇ ਆਪਸੀ ਸੰਵਾਦ ’ਚ ਹਾਜ਼ਰੀ ਲਵਾਉਂਦੀਆਂ ਹਨ। ਇਨ੍ਹਾਂ ਸਦਕਾ ਬਿਰਤਾਂਤ ਸਿਰਫ਼ ਘਟਨਾਵੀ ਗਲਪੀ ਯਥਾਰਥ ਬਣੇ ਰਹਿਣ ਦੀ ਬਜਾਏ ਇਸ ’ਤੇ ਮੀਮਾਂਸਕ ਗਿਆਨਾਤਮਕਤਾ ਦੀ ਪੁੱਠ ਵੀ ਚੜ੍ਹਨ ਲੱਗਦੀ ਹੈ ਜਿਸ ਕਾਰਨ ਬਿਰਤਾਂਤ ਹੋਰ ਪੜ੍ਹਨਯੋਗ ਹੋ ਜਾਂਦਾ ਹੈ। ਇਸ ਨਾਲ ਬਿਰਤਾਂਤ ਆਪਣੇ ਇਕਾਂਗੀਪਣ ਅਤੇ ਸਥਾਨਕਤਾ ਤੋਂ ਪਾਰਗਾਮੀ ਹੋ ਕੇ ਸਾਰਵਭੌਮਿਕ ਅਤੇ ਸਰਬਕਾਲੀ ਹੋ ਨਬਿੜਦਾ ਹੈ। ਗਾਂ ਮਾਰ ਕੇ ਗਾਂ ਦਾ ਮਾਸ ਖਾਣ ਤੋਂ ਜਦੋਂ ਮਹਾਰਾਂ ਨੂੰ ਪਿੰਡ ਦੇ ਬ੍ਰਾਹਮਣ ਮਾਰ ਰਹੇ ਹੁੰਦੇ ਹਨ ਤਾਂ ਮਹਾਰਾਂ ਦੀਆਂ ਚੀਕਾਂ ਸੁਣ ਪਿੰਡ ਦੀ ਮਸਜਿਦ ’ਚ ਸੁੱਤੇ ਮੁਸਲਮਾਨ ਜਾਗ ਪੈਂਦੇ ਹਨ ਤੇ ਮਹਾਰਾਂ ਨੂੰ ਬ੍ਰਾਹਮਣਾਂ ਤੋਂ ਛੁਡਵਾਉਂਦੇ ਹਨ। ਮੁਸਲਮਾਨ ਕਹਿ ਰਹੇ ਨੇ: ਉਹ ਕੌਣ ਹੁੰਦੇ ਹਨ ਕਿ ਤੁਸੀਂ ਕੀ ਖਾਓ ਕੀ ਨਾ ਖਾਓ। ਗਾਂ ਉਨ੍ਹਾਂ ਲਈ ਮਾਤਾ ਤਾਂ ਫਿਰ ਮਹਾਰਾਂ ਨੂੰ ਕਿਉਂ ਕਹਿੰਦੇ ਨੇ ਮਰੀ ਗਾਂ ਉਠਾਉਣ ਲਈ? ਇਸ ਘਟਨਾ ਦੀ ਦ੍ਰਿਸ਼ਕਾਰੀ ’ਚ ਬਿਰਤਾਂਤਕਾਰ ਦੀ ਸਿਧਾਂਤਕ ਸਮਝ ਤੇ ਦਲਿਤ ਦਾਸਤਾ ਤੋਂ ਮੁਕਤੀ ਦੀ ਸੂਝ ਜੋ ਉਸ ਨੇ ਆਪਣੇ ਅਨੁਭਵ ਅਤੇ ਅਧਿਐਨ ਤੋਂ ਗ੍ਰਹਿਣ ਕੀਤੀ ਹੈ, ਯਥਾਰਥ ਦੇ ਪ੍ਰਭਾਵ ਨੂੰ ਹੋਰ ਤਿੱਖਿਆਂ ਕਰਦੀ ਹੈ: ‘‘ਧਰਮ ਸ਼ਾਸਤਰ ਨੂੰ ਝੁਠਲਾਉਣ ਬਗੈਰ ਦਲਿਤਾਂ ਦੀ ਗ਼ੁਲਾਮੀ ਖ਼ਤਮ ਨਹੀਂ ਹੋਵੇਗੀ।’’ ਡਾ. ਭੀਮ ਰਾਓ ਅੰਬੇਡਕਰ ਵੀ ਆਪਣੀ ਕਿਤਾਬ ‘Annihilation Of Caste’ ’ਚ ਵੀ ਲਿਖਦਾ ਹੈ ਕਿ ਮਨੂਵਾਦੀ ਸ਼ਾਸਤਰਾਂ ਦਾ ਬਹਿਸ਼ਕਾਰ ਕਰਨ ਦੇ ਨਾਲ ਨਾਲ ਦਲਿਤਾਂ ਨੂੰ ਸਿੱਖਿਅਤ, ਸੰਗਠਿਤ ਅਤੇ ਸੰਘਰਸ਼ਸ਼ੀਲ ਬਣਨਾ ਪਵੇਗਾ।
‘ਸਨਾਤਨ’ ਦੇ ਬਿਰਤਾਂਤ ’ਚ ਭੀਮਾ ਕੋਰੇਗਾਉਂ ਦੀ ਘਟਨਾ ਤੋਂ ਬਾਅਦ ਮਹਾਰਾਂ ਦਾ ਮਿਸ਼ਨਰੀਆਂ ਰਾਹੀਂ ਈਸਾਈਅਤ ਨਾਲ ਸੰਪਰਕ ’ਚ ਆਉਣਾ, ਕਈ ਮਹਾਰਾਂ ਦਾ ਬੰਧੂਆ ਮਜ਼ਦੂਰ/ਇੰਡੈਂਚਰਡ ਲੇਬਰ ਅਤੇ ਗਿਰਮਿਟੀਆ ਮਜ਼ਦੂਰ ਬਣ ਕੈਰੀਬੀਅਨ ਮੁਲਕਾਂ ’ਚ ਜਾਣਾ ਅਤੇ ਫਿਰ ਯੂਰਪ ’ਚ ਲੰਡਨ ਆਦਿ ਸਥਾਨਾਂ ’ਤੇ ਵੱਸਣ ਦਾ ਬਿਰਤਾਂਤ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਤੱਕ ਫੈਲਦਾ ਹੈ। ਭੀਮਨਾਕ ਦੀ ਅਗਲੀ ਪੀੜ੍ਹੀ ’ਚ ਉਸ ਦਾ ਪੋਤਾ ਇਸਾਈ ਹੋ ਜਾਂਦਾ ਹੈ। ਸਨਾਤਨੀ ਹਿੰਦੂ, ਇਸਾਈ ਮਿਸ਼ਨਰੀਆਂ ਦਾ ਵਿਰੋਧ ਕਰਦੇ ਹਨ। ਪੁਣੇ ਦੇ ਬ੍ਰਾਹਮਣ ਫਾਦਰ ਐਡਮੰਡ ਦੀ ਹੱਤਿਆ ਕਰ ਦਿੰਦੇ ਹਨ ਕਿਉਂਕਿ ਫਾਦਰ ਉਨ੍ਹਾਂ ਦੇ ਪਵਿੱਤਰ ਧਰਮ ਗ੍ਰੰਥਾਂ ਦਾ ਅਧਿਐਨ ਕਰਨ ਮਗਰੋਂ ਅਛੂਤ ਨੌਕਰਾਂ ਦੇ ਹੱਥ ਫੜਾ ਦਿੰਦਾ ਜੋ ਉਨ੍ਹਾਂ ਨੂੰ ਪਲੀਤ ਕਰ ਦਿੰਦੇ ਹਨ। ਕੱਟੜ ਸਨਾਤਨੀ ਨਰਸੋਪੰਤ ਬੜਾ ਜ਼ੋਰ ਦੇ ਕੇ ਕਹਿੰਦਾ ਹੈ ਕਿ ਜੇਕਰ ਬ੍ਰਾਹਮਣ ਛੂਤਛਾਤ ਨਾ ਕਰੇ ਤਾਂ ਹਿੰਦੂ ਧਰਮ ’ਚ ਬਾਕੀ ਕੀ ਬਚੇਗਾ?
ਹਥਲੀ ਪੁਸਤਕ ਵਿਚ ਸ਼ਰਵਣ ਕੁਮਾਰ ਲਿੰਬਾਲੇ ਹਿੰਦੂ, ਅਦਿਵਾਸੀ, ਈਸਾਈਅਤ ਅਤੇ ਦਲਿਤਾਂ ਦੇ ਆਪਸੀ ਸੰਘਰਸ਼ ਦੇ ਮਿਲਗੋਭੇ ਨੂੰ ਬੜੇ ਰੌਚਿਕ ਢੰਗ ਨਾਲ ਬਿਆਨ ਕਰਦਾ ਹੈ। ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਆਦਿਵਾਸੀਆਂ ਦੇ ਜ਼ਮੀਨੀ ਅਤੇ ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਲਈ ਉਨ੍ਹਾਂ ਨੂੰ ਲੜਾਈ ’ਚ ਹਰਾਉਣਾ ਚਾਹੁੰਦੇ ਹਨ। ਮਹਾਰ ਅੰਗਰੇਜ਼ਾਂ ਦੀ ਫ਼ੌਜ ’ਚ ਭਰਤੀ ਹੋ ਕੇ ਬ੍ਰਾਹਮਣਾਂ ਦੀ ਦਾਸਤਾ ਤੋਂ ਮੁਕਤੀ ਦੀ ਤਲਾਸ਼ ’ਚ ਹਨ। ਬ੍ਰਾਹਮਣ ਆਪਣਾ ਦਾਬਾ ਤੇ ਧੌਂਸ ਬਣਾਈ ਰੱਖਣ ਲਈ ਆਦਿਵਾਸੀਆਂ ਦੇ ਨਾਲ ਖੜ੍ਹੇ ਹਨ। ਸਮੇਂ ਨਾਲ ਇਸ ਸੰਘਰਸ਼ ਦਾ ਦੂਜਾ ਸਰੂਪ 1857 ਦਾ ਗ਼ਦਰ (ਜੋ 10 ਮਈ ਤੋਂ ਸ਼ੁਰੂ ਹੋ ਕੇ 8 ਜੁਲਾਈ 1859 ਤੱਕ ਚੱਲਿਆ) ਵੀ ਬਿਰਤਾਂਤ ਦਾ ਇਕ ਹੋਰ ਪਾਸਾਰ ਖੋਲ੍ਹਦਾ ਹੈ।
‘ਸਨਾਤਨ’ ਦਾ ਬਿਰਤਾਂਤ ਅੱਗੇ ਇੰਝ ਵਿਕਸਤ ਹੁੰਦਾ ਹੈ ਕਿ ਮਾਣਿਕ ਅੰਗਰੇਜ਼ਾਂ ਦੀ ਫ਼ੌਜ ਲਈ ਰਹਬਿਰੀ ਦਾ ਕੰਮ ਕਰਦਾ ਰਿਹਾ। ਫ਼ੌਜ ਦੇ ਨਾਲ ਨਾਲ ਰਹਿਣ ਕਾਰਨ ਉਹ ਬ੍ਰਾਹਮਣੀ ‘ਉੱਚ ਸੰਸਕ੍ਰਿਤੀ’ ਸਿੱਖਣ ਲੱਗਦਾ ਹੈ। ਪ੍ਰਸਿੱਧ ਸਮਾਜ ਵਿਗਿਆਨੀ ਐਮ.ਐਨ. ਸੀਨਿਵਾਸ ਨੀਵੀਆਂ ਜਾਤੀਆਂ ਵੱਲੋਂ ਉੱਚ ਜਾਤੀਆਂ ਦੀ ਜੀਵਨ ਜਾਚ ਅਪਣਾਉਣ ਦੀ ਪ੍ਰਕਿਰਿਆ ਨੂੰ ‘ਸੰਸਕ੍ਰਿਤੀਕਰਣ’ ਕਹਿੰਦਾ ਹੈ। ਇਸ ਨਾਲ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ’ਚ ਗਤੀਸ਼ੀਲਤਾ ਨੂੰ ਹੁਲਾਰਾ ਮਿਲਦਾ ਹੈ। ਲਿੰਬਾਲੇ ਹੌਲੀ ਹੌਲੀ ਹੋ ਰਹੇ ਸਮਾਜਿਕ ਪਰਿਵਰਤਨ ਅਤੇ ਰੂਪਾਂਤਰਣ ਨੂੰ ਬਿਰਤਾਂਤਕਤਾ ਪ੍ਰਦਾਨ ਕਰਦਿਆਂ 1909 ’ਚ ਹੋਏ ਮਿੰਟੋ-ਮਾਰਲੇ ਸੁਧਾਰਾਂ ਦਾ ਵਰਣਨ ਕਰਦਾ ਹੈ ਜਿਸ ਕਾਰਨ ਮੁਸਲਮਾਨਾਂ ਨੂੰ ਰਾਖਵਾਂਕਰਨ ਮਿਲਦਾ ਹੈ। 1918 ’ਚ ਬੰਬਈ ’ਚ ਸਾਉਥ ਬਿਓਰੋ ਕਮਿਸ਼ਨ ਆਪਣੀ ਰਾਇ ਬਣਾਉਣ ਆਇਆ ਸੀ ਕਿ ਕੀ ਅਛੂਤਾਂ ਨੂੰ ਹਿੰਦੂ ਸਮਝਿਆ ਜਾਵੇ ਜਾਂ ਨਾ। ਮਹਾਰਿਸ਼ੀ ਸ਼ਿੰਦੇ ਅਤੇ ਨਾਰਾਇਣ ਚੰਦਰਾਵਰਕਰ ਨੇ ਮੰਗ ਕੀਤੀ ਕਿ ਅਛੂਤਾਂ ਨੂੰ ਹਿੰਦੂ ਹੀ ਸਮਝਿਆ ਜਾਵੇ। ਦੂਜੇ ਪਾਸੇ ਉਸ ਸਮੇਂ ਡਾ. ਅੰਬੇਦਕਰ ਨੇ ਗਵਰਨਰ ਨੂੰ ਖ਼ਤ ਲਿਖਿਆ ਕਿ ਅਛੂਤਾਂ ਦੀ ਪੱਖ ਰੱਖਣ ਲਈ ਉਸ ਨੂੰ ਚੁਣਿਆ ਜਾਵੇ। ਅੰਬੇਦਕਰ ਨੇ ਕਮਿਸ਼ਨ ਨੂੰ ਕਿਹਾ, ‘‘ਅਛੂਤਾਂ ਨੂੰ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਚੋਣਾਂ ’ਚ ਖੜ੍ਹੇ ਹੋਣ ਉਨ੍ਹਾਂ ਨੂੰ ਸੁਤੰਤਰ ਮੱਤਦਾਨ ਦੇਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਅਛੂਤ ਆਪਣੇ ਰਹਿਨੁਮਾ ਖ਼ੁਦ ਚੁਣਨਗੇ। ਭਾਰਤ ਦਾ ਸਮਾਜਿਕ ਯਥਾਰਥ ਪਿਘਲ ਰਿਹਾ ਸੀ। ਹਿੰਦੂ, ਅਛੂਤ ਅਤੇ ਮੁਸਲਮਾਨ ਤਿੰਨ ਸਮਾਜਿਕ ਧਾਰਵਾਂ ਚੱਲ ਪਈਆਂ ਸਨ’।
‘ਸਨਾਤਨ’ ਦਾ ਬਿਰਤਾਂਤ ਅੰਤ ਵੱਲ ਵੱਧਦਿਆਂ ਅਤੀਤ ਦੀਆਂ ਤਹਿਆਂ ’ਚੋਂ ਨਿਕਲ ਵਰਤਮਾਨ ਦੇ ਯਥਾਰਥ ਦਾ ਰੂਪ ਲੈਣ ਲੱਗਦਾ ਹੈ। ਭੀਮਨਾਕ ਦਾ ਪੋਤਾ ਕਾਰਟਰ ਇੰਗਲੈਂਡ ਤੋਂ ਆਪਣੇ ਪੁਰਖਾਂ ਦੀ ਤਲਾਸ਼ ਲਈ ਸੇਨਈ ਪਿੰਡ ਪਹੁੰਚਦਾ ਹੈ ਅਤੇ ਸਥਾਨਕ ਚਰਚ ’ਚ ਕਿਆਮ ਕਰਦਾ ਹੈ। ਪਿੰਡ ’ਚ ਸਨਾਤਨੀ ਦੱਖਣਪੰਥੀ ਨੇਤਾ ਵੇਦਾਂਤ ਦੀ ਅਗਵਾਈ ’ਚ ਅਛੂਤਾਂ ਦੀ ਸਭਾ ਕਰ ਰਹੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਕਾਰਟਰ ਮਹਾਰਾਂ ਦਾ ਇਸਾਈ ’ਚ ਧਰਮ ਪਰਿਵਰਤਨ ਕਰਨ ਆਇਆ ਹੈ। ਉਹ ਭਾਸ਼ਣ ਦੇ ਰਹੇ ਸਨ ਕਿ ਅਛੂਤ ਤੇ ਅਸੀਂ ਸਾਰੇ ਬੰਧੂ ਹਾਂ। ਇਨ੍ਹਾਂ ’ਚ ਸਾਡੇ ਕੁਝ ਯੁਵਕ ਪਿਛੜੀਆਂ ਜਾਤੀਆਂ ਦੇ ਹਨ। ਉਹ ‘ਬੰਧੂਤਾ’ ਨੂੰ ਲੈ ਕੇ ਭ੍ਰਮਿਤ ਹੋ ਜਾਂਦੇ ਹਨ’। ਇਸ ਦੌਰਾਨ ਕਾਰਟਰ ਦਾ ਕਤਲ ਹੋ ਜਾਂਦਾ ਹੈ। ‘ਸਨਾਤਨ’ ਨਾਵਲ ਦਾ ਅੰਤ ਇਸ ਦ੍ਰਿਸ਼ ਨਾਲ ਹੁੰਦਾ ਹੈ: ‘ਕਾਰਟਰ ਦੀ ਲਾਸ਼ ਕੋਲ ਮਹਾਰਾਂ ਦੀ ਭੀੜ ਵਧ ਗਈ ਹੈ। ਯਲੱਮਾ ਮਾਈ ਬੋਲ ਰਹੀ ਹੈ; ਪਿੰਡ ਵਾਲਿਆਂ ਨੇ ਇਸ ਨੂੰ ਮਾਰਿਆ, ਪਰ ਇਸ ਨੇ ਹੱਥ ਨਹੀਂ ਉਠਾਇਆ। ਗਾਂ ਦਾ ਜਨਮ ਧਾਰਨ ਕਰੇਗਾ।’ ਕਾਰਟਰ ਦੀ ਲਾਸ਼ ਬੰਦਰਗਾਹ ’ਚ ਲੰਗਰ ਸੁੱਟੀ ਖੜ੍ਹੇ ਜਹਾਜ਼ ਵਾਂਗ ਦਿਸ ਰਹੀ ਹੈ। ਫਿਰ ਤੋਂ ਫਾਲਗੁਨੀ ਨਦੀ ਦੇ ਕੋਲ ਹਨੇਰੀ ਉੱਠੀ ਹੈ !!’
ਇੰਝ ‘ਸਨਾਤਨ’ ਦਾ ਬਿਰਤਾਂਤ ਦਲਿਤਾਂ ਆਦਿਵਾਸੀਆਂ ਦੇ ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਯਥਾਰਥ ਸਥਿਤੀਆਂ ਦੇ ਨਾਲ ਜੁੜੀ ਦੋ ਸੌ ਸਾਲ ਦੀ ਇਤਿਹਾਸਕ ਸਮ-ਸਾਮਿਅਕਤਾ ਦਾ ਬਹੁਧੁਨੀਆਤਮਕ ਬਿਰਤਾਂਤ ਹੋ ਨਬਿੜਦਾ ਹੈ। ਇਸ ਬਿਰਤਾਂਤ ਅਣਗਿਣਤ ਧੁਨੀਆਂ ਕਾਰਨ ‘ਸ਼ਬਦ ਸੰਚਾਰੀ ਵੰਨਸੁਵੰਨਤਾ’ ਬਣ ਜਾਂਦਾ ਹੈ। ਬਿਰਤਾਂਤ ਸ਼ਾਸਤਰੀ ਮਿਖਾਇਲ ਮਿਖਾਈਲੋਵਿਚ ਬਾਖ਼ਤਿਨ ਇਸ ਤਰ੍ਹਾਂ ਦੇ ਬਿਰਤਾਂਤ ਨੂੰ ਬਹੁਧੁਨੀਆਤਮਕ ਕਹਿੰਦਾ ਹੈ। ਇਕ ਬਿਰਤਾਂਤ ਆਪਣੇ ਅੰਦਰ ਕਈ ਤਰ੍ਹਾਂ ਦੀਆਂ ਧੁਨੀਆਂ ਸਾਂਭੀ ਬੈਠਾ ਹੁੰਦਾ ਹੈ।
ਸ਼ਰਵਣ ਕੁਮਾਰ ਲਿੰਬਾਲੇ ਨੇ ‘ਸਨਾਤਨ’ ਰਾਹੀਂ ਭਾਰਤ ’ਚ ਦਲਿਤ ਸਥਿਤੀ ਦੀ ਸਾਰਵਭੌਮਿਕਤਾ ਨੂੰ ਤਲਾਸ਼ਦਿਆਂ ਅਜਿਹਾ ਪ੍ਰਮਾਣਿਕ-ਯਥਾਰਥਕ ਬਿਰਤਾਂਤ ਸਿਰਜਿਆ ਹੈ ਜਿਸ ਨਾਲ ਦਲਿਤ ਸੰਵੇਦਨਾਵਾਂ ਦੀ ਪ੍ਰਸੰਗਿਕਤਾ ਹੀ ਨਹੀਂ ਦ੍ਰਿੜ੍ਹ ਹੋਈ ਸਗੋਂ ਭਾਰਤੀ ਦਲਿਤ ਸਾਹਿਤ ’ਚ ਨਿੱਗਰ ਵਾਧਾ ਹੋਇਆ ਹੈ। ਪੰਜਾਬੀ ਪਾਠਕਾਂ ਨੂੰ ‘ਸਨਾਤਨ’ ਦਲਿਤ ਸੰਵੇਦਨਾਵਾਂ ਨੂੰ ਹੋਰ ਪ੍ਰਖਰ ਕਰਨ ਦੇ ਦ੍ਰਿਸ਼ਟੀਬਿੰਦੂ ਤੋਂ ਜ਼ਰੂਰ ਪੜ੍ਹਨਾ ਚਾਹੀਦਾ ਹੈ।
ਸੰਪਰਕ: 82839-48811