ਫ੍ਰੀਮੋਂਟ (ਕੈਲਿਫੋਰਨੀਆ) ਵਿਚ ਸਤੰਬਰ, 2003 ਦੀ ਇਕ ਰਾਤ। ਸਿਰਾਹਣੇ ਵਾਲੇ ਪਾਸੇ ਦੇ ਸ਼ੈਲਫ਼ ’ਚ ਇਕ ਕਿਤਾਬ ਪਈ ਹੈ: Congressman from India. : ਲੇਖਕ ਹੈ ਦਲੀਪ ਸਿੰਘ ਸੌਂਧ। ਕਿਤਾਬ ਦੇ ਆਦਿ-ਸ਼ਬਦ ਹਨ : ‘‘ਇਹ ਕਿਤਾਬ ਭਾਰਤ ਤੋਂ ਅਮਰੀਕਾ ਵਿਚ ਆਉਣ ਵਾਲੇ 20 ਸਾਲਾਂ ਦੇ ਦੇਸੀ ਜਿਹੇ ਮੁੰਡੇ ਦੀਆਂ ਨਿੱਕੀਆਂ ਵੱਡੀਆਂ ਕਸ਼ਮਕਸ਼ਾਂ, ਉਦਾਸੀਆਂ, ਖੁਸ਼ੀਆਂ, ਹਾਰਾਂ ਤੇ ਜਿੱਤਾਂ ਦਾ ਬਿਰਤਾਂਤ ਹੈ ਜੋ ਚਾਲ੍ਹੀ ਸਾਲਾਂ ਦੇ ਅਰਸੇ ਬਾਅਦ ਅਮਰੀਕੀ ਵਿਧਾਨ ਸਭਾ ਦਾ ਮੈਂਬਰ (ਕਾਂਗਰਸਮੈਨ) ਬਣਦਾ ਹੈ।’’
*
ਸਾਲ 1957 ਮਹੀਨਾ ਨਵੰਬਰ ਦਾ ਹੈ। ਦਲੀਪ ਸਿੰਘ ਸੌਂਧ ਗੋਰੀ ਪਤਨੀ ਸਮੇਤ ਇੰਡੀਆ ਪਹੁੰਚਦਾ ਹੈ। ਅਖਬਾਰਾਂ ਵਿਚ ਉਹਦੇ ਬਾਰੇ ਖਬਰਾਂ ਛਪ ਰਹੀਆਂ ਹਨ। ਦਿ ਟ੍ਰਿਬਿਊਨ ਦੇ ਪਹਿਲੇ ਪੰਨੇ ’ਤੇ ਉਹਦੀ ਪੰਜਾਬ ਦੇ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨਾਲ ਫੋਟੋ ਛਪੀ ਹੈ। ਉਨ੍ਹਾਂ ਦਿਨਾਂ ਵਿਚ ਮੈਂ ਸ਼ਾਮ ਨੂੰ ਨਿਤ ਦਰਬਾਰ ਸਾਹਿਬ ਜਾਂਦਾ ਹਾਂ। ਇਕ ਦਿਨ ਵਕਤ ਰਾਤ ਨੌਂ ਵਜੇ ਦਾ ਹੈ। ਘੰਟਾ ਘਰ ਵਾਲੇ ਪਾਸੇ, ਸ਼੍ਰੋਮਣੀ ਕਮੇਟੀ ਦੇ ਸੁਆਗਤੀ ਦਫ਼ਤਰ ਦੇ ਬਾਹਰ, ਗੂੜ੍ਹੇ ਨੀਲੇ ਰੰਗ ਦੇ ਥ੍ਰੀਪੀਸ ਸੂਟ ’ਚ ਲੰਮਾ ਉੱਚਾ ਸਾਂਵਲੇ ਰੰਗ ਦਾ ਰ੍ਹੋਬਦਾਰ ਬੰਦਾ ਖੜਾ ਹੈ, ਦੁਆਲੇ ਨਿੱਕੀ ਜਿਹੀ ਭੀੜ ਹੈ। ਮੈਂ ਭੀੜ ਦੇੇ ਵਿਚਾਲੇ ਖੜੇ ਉਸ ਮਨੁੱਖ ਨੂੰ ਪਛਾਣ ਗਿਆ ਹਾਂ ਕਿ ਏਹੋ ਦਲੀਪ ਸਿੰਘ ਸੌਂਧ ਹੈ ਜੀਹਦੇ ਬਾਰੇ ਖਬਰਾਂ ਛੱਪ ਰਹੀਆਂ ਹਨ। ਇਕ ਬਜ਼ੁਰਗ ਉਹਨੂੰ ਪੁੱਛ ਰਿਹਾ ਹੈ, ‘‘ਕੈਲਿਫੋਰਨੀਆ ’ਚ ਆਪਣਾ ਦੋਸਤ ਹੈ ਭਗਵਾਨ ਸਿੰਘ, ਤੁਸੀਂ ਕਦੇ ਉਹਨੂੰ ਮਿਲੇ ਹੋ?’’ ਦਲੀਪ ਸਿੰਘ ਸਿਰ ਹੇਠ ਕਰਕੇ ਮੂੰਹ ਬਜ਼ੁਰਗ ਨੇੜੇ ਲਿਜਾ ਕੇ ਉਹਦੀ ਗੱਲ ਸੁਣ ਰਿਹਾ ਹੈ। ਮੈਂ ਉਨ੍ਹਾਂ ਦੋਨਾਂ ਦੇ ਨਿਕਟ ਹੋ ਗਿਆ ਹਾਂ। ਸੌਂਧ ਪੁੱਛਦਾ, ‘‘ਬਜ਼ੁਰਗੋ, ਕਿਹੜੇ ਭਗਵਾਨ ਸਿੰਘ ਹੋਰਾਂ ਦੀ ਗੱਲ ਕਰਦੇ ਹੋ?’’ ਇਹ ਦ੍ਰਿਸ਼ ਮੇਰੀ ਜ਼ਿਹਨੀ ਫਿਰਕੀ ’ਚ ਉੱਕਰ ਜਾਂਦਾ ਹੈ।
*
ਫ੍ਰੀਮੋਂਟ ਵਾਲੀ ਉਸ ਰਾਤ ਮੈਂ ਸੌਂਧ ਦਾ ਲਿਖਿਆ ਸਵੈ-ਬਿਰਤਾਂਤ ਪੜ੍ਹੀ ਜਾਂਦਾ ਹਾਂ। ਕੈਲਿਫੋਰਨੀਆ ਵਿਚ ਗੁਜ਼ਰੇ ਉਹਦੇ ਦਿਨਾਂ ਬਾਰੇ ਮੈਨੂੰ ਅਦਭੁਤ ਜਾਣਕਾਰੀ ਹੋਣ ਲੱਗਦੀ ਹੈ। ਮੈਨੂੰ ਲੱਗਦਾ ਕਿ ਦਲੀਪ ਸਿੰਘ ਸੌਂਧ ਇਤਿਹਾਸ ਨੂੰ ਮੋੜਾ ਦੇਣ ਵਾਲਾ ਮਨੁੱਖ ਹੈ। ਪੰਜਾਬ ਦੇ ਮਾਮੂਲੀ ਪਿਛੋਕੜ ਵਾਲੇ 20 ਸਾਲਾਂ ਦੇ ਮੁੰਡੇ ਨੇ ਅਮਰੀਕਾ ਵਿਚ ਪਹੁੰਚ ਕੇ ਗ਼ੈਰ-ਮਾਮੂਲੀ ਕਾਰਨਾਮੇ ਕੀਤੇ ਹਨ। ਅਮਰੀਕੀ ਕਾਂਗਰਸ ਦਾ ਮੈਂਬਰ ਬਣਨ ਵਾਲਾ ਉਹ ਪਹਿਲਾ ਏਸ਼ੀਅਨ ਹੈ। ਉਹਦੀ ਜੱਦੋਜਹਿਦ ਨੂੰ ਸਮਝਣ ਲਈ ਗੱਲ ਮੁੱਢੋਂ ਸ਼ੁਰੂ ਕਰਦੇ ਹਾਂ।
ਅੰਮ੍ਰਿਤਸਰ ਤੋਂ 20-22 ਕਿਲੋਮੀਟਰ ਦੀ ਵਿੱਥ ’ਤੇ ਜੀ.ਟੀ. ਰੋਡ ਕੋਲੇ ਪਿੰਡ ਹੈ ਛੱਜਲਵਡੀ। ਦਲੀਪ ਸਿੰਘ ਜੰਮੂ ਦੇ ਪ੍ਰਿੰਸ ਔਫ ਵੇਲਜ਼ ਕਾਲਜ ਤੋਂ ਖੇਤੀਬਾੜੀ ’ਚ ਗ੍ਰੈਜੂਏਟ ਹੋ ਕੇ ਪਿੰਡ ਪੁੱਜਾ ਹੈ। ਪਿਤਾ ਵੱਡੇ ਭਰਾ ਨਾਲ ਮਿਲ ਕੇ ਠੇਕੇਦਾਰੀ ਕਰਦਾ ਹੈ। ਯੁਵਕ ਦਲੀਪ ਪਿਤਾ ਤੇ ਤਾਏ ਨੂੰ ਕਹਿੰਦਾ ਕਿ ਅਮਰੀਕਾ ’ਚ ਤਿੰਨ ਸਾਲ ਪੜ੍ਹਾਈ ਕਰਕੇ ਵਾਪਸ ਪਰਤ ਆਵੇਗਾ। ਮਾਂ ਨੂੰ ਡੋਬੂ ਪੈਂਦੇ ਹਨ। ਘਰੋਂ ਤੁਰਨ ਲੱਗੇ ਦਲੀਪ ਮਾਤਾ ਨੂੰ ਸਟੂਲ ’ਤੇ ਬੈਠੀ ਨੂੰ ਰੋਂਦਿਆਂ ਦੇਖਦਾ ਹੈ। ਰੋਂਦੀ ਮਾਂ ਦਾ ਇਹ ਦ੍ਰਿਸ਼ ਦਲੀਪ ਸਿੰਘ ਨੂੰ ਜ਼ਿੰਦਗੀ ਭਰ ਤੜਪਾਈ ਰੱਖਦਾ ਹੈ। 27 ਸਾਲ ਗੁਜ਼ਰ ਜਾਂਦੇ ਹਨ, ਪੁਤਰ ਵਾਪਸ ਨਹੀਂ ਪਰਤਦਾ। ਮਾਂ 1947 ਵਿਚ ਗੁਜ਼ਰ ਜਾਂਦੀ ਹੈ।
ਦੇਸ ਬਦਲ ਚੁੱਕਾ ਹੈ। ਦਲੀਪ ਸਿੰਘ ਸੌਂਧ ਬਦਲ ਚੁੱਕਾ ਹੈ। ਉਹਦੀ ਹੈਸੀਅਤ ਵਿਚ ਵੱਡਾ ਫ਼ਰਕ ਪੈ ਚੁਕਾ ਹੈ। ਇਸ ਫ਼ਰਕ ਨੇ ਸੰਸਾਰ ਭਰ ਵਿਚ ਧੁੰਮਾਂ ਪਾ ਦਿੱਤੀਆਂ ਹਨ। ਪੰਜਾਬ ਦਾ ਸਰਦਾਰ ਦਲੀਪ ਸਿੰਘ ਉਸ ਅਮਰੀਕਾ ਦੀ ਉੱਚ ਵਿਧਾਨ ਸਭਾ ਦਾ ਮੈਂਬਰ ਹੈ ਜੋ ਦੇਸ ਦੇ ਕਾਨੂੰਨ ਬਣਾਂਦੀ ਹੈ, ਜਿਸ ਸਭਾ ਤੋਂ ਅਮਰੀਕੀ ਰਾਸ਼ਟਰਪਤੀ ਆਪਣੇ ਕੀਤੇ ਜਾਣ ਵਾਲੇ ਖਰਚੇ ਤੇ ਕੰਮਾਂ ਦੀ ਮਨਜ਼ੂਰੀ ਲੈਂਦਾ ਹੈ। ਇਹ ਉਹੀ ਅਮਰੀਕਾ ਹੈ ਜਿੱਥੇ ਪੰਜਾਬੀ ਬੰਦੇ ਦੇ ਆਉਣ ’ਤੇ ਰੁਕਾਵਟਾਂ ਲੱਗਦੀਆਂ ਰਹੀਆਂ ਤੇ ਸਿਖਰ ਦਾ ਨਸਲੀ ਵਿਤਕਰਾ ਤੇ ਬੇਗ਼ਾਨਗੀ ਸਹਿਣੀ ਪੈਂਦੀ ਰਹੀ ਹੈ। ਕੁਝ ਦਹਾਕੇ ਪਹਿਲਾਂ ਦੀ ਹੀ ਤਾਂ ਗੱਲ ਹੈ ਇਹ। ਪੰਜਾਹਾਂ ਦੇ ਅੱਧ ’ਚ ਦਲੀਪ ਸਿੰਘ ਸੌਂਧ ਪੰਜਾਬੀ ਬੰਦੇ ਦੀ ਜੱਦੋਜਹਿਦ ਤੇ ਅਗਾਂਹਵਧੂ ਸੋਚ ਦਾ ਚਿੰਨ੍ਹ ਬਣ ਕੇ ਚਮਕਣ ਲੱਗਦਾ ਹੈ ਤੇ ਪੰਜਾਬੀ ਪਰਵਾਸ ਦੇ ਬਿਰਤਾਂਤ ਵਿਚ ਨਵਾਂ ਚੈਪਟਰ ਬਣਦਾ ਹੈ। ਇਸ ਤਬਦੀਲੀ ਪਿੱਛੇ ਅਨੇਕ ਉਤਰਾ-ਚੜ੍ਹਾਅ, ਦੁੱਖ, ਦਰਦ, ਹਾਰਾਂ ਜਿੱਤਾਂ, ਖੁਸ਼ੀਆਂ ਉਦਾਸੀਆਂ ਹਨ।
*
ਦਲੀਪ ਸਿੰਘ ਸੌਂਧ ਦੇ ਅਮਰੀਕਾ ਪੁੱਜਣ ਵੇਲੇ ਤੱਕ ਦਰਜਣਾਂ ਗ਼ਦਰੀਆਂ ਨੂੰ ਇੰਡੀਆ ਵਿਚ ਫਾਂਸੀ ਲੱਗ ਚੁੱਕੀ ਹੈ; ਤੇ ਬਾਕੀ ਦੇ ਕਾਲੇ ਪਾਣੀ ਦੀ ਸਜ਼ਾ ਕਟ ਰਹੇ ਹਨ। ਘਟਨਾਵਾਂ ਨੂੰ ਬੀਤਿਆਂ 7-8 ਸਾਲ ਗੁਜ਼ਰ ਚੁੱਕੇ ਹਨ। ਬਰਕਲੇ ਵਿਚ ਚਰਚੇ ਹਨ, ਪਰ ਗਰਮ-ਜੋਸ਼ੀ ਮੱਠੀ ਪੈ ਚੁੱਕੀ ਹੈ। ਦਲੀਪ ਗਣਿਤ ਵਿਗਿਆਨ ਦੀ ਐਮ.ਏ. ਵਿਚ ਦਾਖਲਾ ਲੈਂਦਾ ਹੈ। ਖਾਧ ਵਸਤਾਂ ਦੀ ਸੰਭਾਲ ਕਰਨ ਦਾ ਮਜ਼ਮੂਨ ਵੀ ਪੜ੍ਹਣ ਲੱਗਦਾ ਹੈ। ਗੁਰਦੁਆਰਾ ਸਟੌਕਟਨ ਦੇ ਪ੍ਰਬੰਧਕਾਂ ਨੇ ਸਾਨ ਫ੍ਰਾਂਸਿਸਕੋ ਵਿਚ ਪੰਜਾਬ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਇਕ ਬਿਲਡਿੰਗ ਕਿਰਾਏ ’ਤੇ ਲੈ ਰੱਖੀ ਹੈ। ਇਸ ਨੂੰ ਕਲੱਬ ਹਾਊਸ ਕਹਿੰਦੇ ਹਨ। ਦਲੀਪ ਸਿੰਘ ਕਲੱਬ ਹਾਊਸ ’ਚ ਰਹਿਣ ਲੱਗਦਾ ਹੈ। ਵਿਦਿਆਰਥੀ ਕਿਚਨ ਨੂੰ ਸਹਿਕਾਰੀ ਢੰਗ ਨਾਲ ਚਲਾਂਦੇ ਹਨ। ਵਾਰੋ ਵਾਰੀ ਕੁਝ ਮੁੰਡਿਆਂ ਦੀ ਢਾਣੀ ਕਿਚਨ ’ਚ ਕੰਮ ਕਰਦੀ ਹੈ। ਜਦੋਂ ਤਰੀ ਵਾਲਾ ਚਿਕਨ ਬਨਾਣਾ ਹੋਵੇ ਤਾਂ ਉਸ ਦਿਨ ਦਲੀਪ ਸਿੰਘ ਰਸੋਈ ਦਾ ਇਨਚਾਰਜ ਹੁੰਦਾ ਹੈ।
ਉਹ ਸੁਚੇਤ ਵਿਦਿਆਰਥੀਆਂ ਦੀ ਢਾਣੀ ’ਚੋਂ ਹੈ। ਬਰਕਲੇ ਵਿਚ ‘ਹਿੰਦੋਸਤਾਨੀ ਐਸੋਸੀਏਸ਼ਨ ਔਫ ਅਮੈਰਿਕਾ’ ਦਾ ਦੋ ਸਾਲ ਪ੍ਰਧਾਨ ਬਣਦਾ ਹੈ। ਉਹ ਦੇਖਦਾ ਹੈ ਕਿ ਹਿੰਦੀਆਂ ਨੂੰ ਅਜਿਹੇ ਕੰਮਾਂ ਦੇ ਯੋਗ ਸਮਝਿਆ ਜਾਂਦਾ ਹੈ ਜੋ ਗੋਰੇ ਕਰਨਾ ਨਹੀਂ ਚਾਹੁੰਦੇ। ਜਾਪਾਨ, ਚੀਨ, ਫ਼ਿਲਪਾਈਨ, ਮੈਕਸੀਕੋ ਤੇ ਪੰਜਾਬ ਤੋਂ ਪੁੱਜੇ ਹਜ਼ਾਰਾਂ ਦੀ ਗਿਣਤੀ ਵਿਚ ਆਵਾਸੀਆਂ ਦੇ ਵੱਖੋ ਵੱਖਰੇ ਝੁੰਡ ਹਨ। ਜੋ ਯੂਨੀਵਰਸਟੀਆਂ ਵਿਚ ਉੱਚੀ ਤਾਲੀਮ ਲੈਂਦੇ ਹਨ ਉਨ੍ਹਾਂ ਨੂੰ ਵੀ ਯੋਗਤਾ ਅਨੁਸਾਰ ਕੰਮ ਮਿਲਣ ਲਈ ਬਹੁਤ ਖਵਾਰ ਹੋਣਾ ਪੈਂਦਾ ਹੈ।
ਐਮ.ਏ. ਕਰਨ ਬਾਅਦ ਦਲੀਪ ਸਿੰਘ ਨੌਕਰੀ ਕਰਨੀ ਚਾਹੁੰਦਾ ਹੈ। ਕਈ ਥਾਵਾਂ ’ਤੇ ਦਰਖ਼ਾਸਤ ਭੇਜਦਾ ਹੈ। ਹੁੰਗਾਰਾ ਨਹੀਂ ਮਿਲਦਾ ਤਾਂ ਪੀ-ਐਚ.ਡੀ. ਕਰਦਾ ਹੈ। ਉਹ ਕਾਲਜ ਜਾਂ ਯੂਨੀਵਰਸਟੀ ਵਿਚ ਨੌਕਰੀ ਕਰਨ ਦੇ ਯੋਗ ਹੈ। ਅਨੇਕ ਦਰਖ਼ਾਸਤਾਂ ਭੇਜਣ ਬਾਅਦ ਵੀ ਕਿਤੋਂ ਉਤਸ਼ਾਹ ਦੇਣ ਵਾਲਾ ਜੁਆਬ ਨਹੀਂ ਮਿਲਦਾ। ਨਸਲੀ ਵਿਤਕਰਾ ਅਜਿਹੀ ਵੰਗਾਰ ਹੈ ਜੀਹਦਾ ਸਾਹਮਣਾ ਕਰਨਾ ਹੀ ਪੈਣਾ ਹੈ, ਪਰ ਅਜੇ ਉਹ ਸਪਸ਼ਟ ਨਹੀਂ ਕਿ ਸਥਿਤੀ ਨੂੰ ਨਜਿੱਠਣ ਦਾ ਰਾਹ ਕੀ ਅਪਣਾਇਆ ਜਾਵੇ, ਸਿਵਾਏ ਇਸ ਦੇ ਕਿ ਹੁਣ ਅਮਰੀਕਾ ਵਿਚ ਰਹਿਣਾ ਹੈ, ਪਿਛਾਂਹ ਨਹੀਂ ਦੇਖਣਾ। ਉਹ ਨੌਕਰੀ ਨਾ ਮਿਲਣ ਕਰਕੇ ਨਿਰਾਸ਼ ਨਹੀਂ ਹੁੰਦਾ। ਵੰਗਾਰ ਨੂੰ ਵਿਚਾਲੇ ਛੱਡ ਕੇ ਇੰਡੀਆ ਜਾਣ ਦੇ ਕੋਈ ਅਰਥ ਨਹੀਂ।
ਇੱਧਰ ਭਗਤ ਸਿੰਘ ਥਿੰਦ ਬਨਾਮ ਅਮਰੀਕੀ ਸਟੇਟ ਵਾਲੇ ਸਿਟੀਜ਼ਨ ਬਣਨ ਦੇ ਮਸਲੇ ਬਾਰੇ ਚੱਲ ਰਹੇ ਮੁਕੱਦਮੇ ਦਾ ਫੈਸਲਾ 1923 ਵਿਚ ਆਉਂਦਾ ਹੈ। ਜਸਟਿਸ ਸਦਰਲੈਂਡ ਦੀ ਜੱਜਮੈਂਟ ਹੈ ਕਿ ਅਮਰੀਕੀ ਸਟੇਟ ਦੀ ਨੀਂਹ ਰੱਖਣ ਵਾਲਿਆਂ ਨੇ ਇਸ ਮੁਲਕ ਵਿਚ ਕੌਕੇਸ਼ਿਅਨ ਨਸਲ ਦੇ ਗੋਰਿਆਂ ਨੂੰ ਸ਼ਹਿਰੀ ਬਨਾਣ ਬਾਰੇ ਨਿਰਣਾ ਲਿਆ ਸੀ। ਜੱਜ ਦਾ ਕਹਿਣਾ ਹੈ ਕਿ ਭਗਤ ਸਿੰਘ ਥਿੰਦ ਇੰਡੀਅਨ ਹੈ ਤੇ ਕੌਕੇਸ਼ਿਅਨ ਨਸਲ ਦਾ ਹੈ ਪਰ ਗੋਰਾ ਨਹੀਂ, ਇਸ ਕਰਕੇ ਅਮਰੀਕਾ ਦਾ ਸਿਟੀਜ਼ਨ ਨਹੀਂ ਬਣ ਸਕਦਾ।
ਦਲੀਪ ਸਿੰਘ ਸੌਂਧ ਨੂੰ ਉਨ੍ਹਾਂ ਵਾਰਦਾਤਾਂ ਦਾ ਪਤਾ ਚਲਦਾ ਹੈ ਜਿਨ੍ਹਾਂ ਨੇ ਗ਼ਦਰ ਲਹਿਰ ਲਈ ਭੋਇੰ ਤਿਆਰ ਕੀਤੀ। ਪਰ ਹੁਣ ਸੁਆਲ ਅਮਰੀਕੀ ਭੋਇੰ ’ਤੇ ਆਵਾਸੀ ਮਜ਼ਦੂਰਾਂ ਨਾਲ ਹੁੰਦੇ ਦੁਰਵਿਹਾਰ ਦਾ ਹੈ। ਉਹ ਅਮਰੀਕੀ ਆਰਥਿਕਤਾ ਵਿਚ ਵੱਡਾ ਹਿੱਸਾ ਪਾ ਰਹੇ ਹਨ ਪਰ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਜੂਦਗੀ ਅਮਰੀਕੀ ਸਮਾਜਿਕਤਾ ਤੇ ਜਨ ਜੀਵਨ ਵਿਚ ਵਿਘਨ ਹੈ।
ਚਾਰ ਸਤੰਬਰ 1907 ਦੀ ਗੱਲ ਹੈ। ਸਿਆਟਲ ਲਾਗੇ, ਕੈਨੇਡਾ ਦੀ ਸਰਹੱਦ ਕੋਲੇ, ਜਿੱਥੇ ਬੈਲਿੰਘਮ ਨਾਂ ਦਾ ਸ਼ਹਿਰ ਹੈ, ਉੱਥੇ ਮਿਲਾਂ ਵਿਚ ਕੰਮ ਕਰਦੇ ਪੰਜਾਬੀ ਭਾਈਬੰਦ ਰਾਤ ਨੂੰ ਸੁੱਤੇ ਪਏ ਹਨ ਕਿ ਗੋਰੇ ਉਨ੍ਹਾਂ ’ਤੇ ਸੋਟੀਆਂ, ਹਾਕੀਆਂ ਤੇ ਹੋਰ ਹਥਿਆਰਾਂ ਨਾਲ ਟੁੱਟ ਪੈਂਦੇ ਹਨ। ਇਹ ਗੋਰੇ ਆਪ ਮਿੱਲਾਂ/ਫੈਕਟਰੀਆਂ ਵਿਚ ਮਜ਼ਦੂਰੀ ਕਰਨ ਵਾਲੇ ਹਨ। ਉਹ ਪੰਜਾਬੀ ਕਾਮਿਆਂ ਤੋਂ ਚਿੜ੍ਹਦੇ ਹਨ। ਵੱਡਾ ਕਾਰਣ ਹੈ ਕਿ ਜਦ ਗੋਰੇ ਜ਼ਿਆਦਾ ਉਜਰਤ ਲਈ ਹੜਤਾਲ ਕਰਦੇ ਹਨ ਤਾਂ ਮਿਲ ਮਾਲਕ ਚੀਨੀ ਜਾਪਾਨੀ ਵਰਕਰਾਂ ਨੂੰ ਰੱਖ ਲੈਂਦੇ ਹਨ। ਆਪਣੇ ਪੰਜਾਬੀ ਸਭ ਤੋਂ ਬਾਅਦ ਵਿਚ ਗਏ ਹੋਣ ਕਰਕੇ ਤੇਜ਼ੀ ਨਾਲ ਆਪਣੀ ਥਾਂ ਬਨਾਣਾ ਚਾਹੁੰਦੇ ਹਨ। ਉਹ 25 ਸੈਂਟ ਤੋਂ 50 ਸੈਂਟ ਪ੍ਰਤਿ ਘੰਟਾ ਘਟ ਉਜਰਤ ਦੀ ਮੰਗ ਕਰਕੇ ਹੋਰ ਕਾਮਿਆਂ ਨੂੰ ਪਿਛਾੜ ਦੇਂਦੇ ਹਨ। ਹੋਰ ਕਾਮਿਆਂ ਨੂੰ, ਖਾਸ ਕਰਕੇ ਗੋਰਿਆਂ ਨੂੰ, ਦਸਤਾਰਧਾਰੀ ਪੰਜਾਬੀ ਕਾਮੇ ਦੇਖਣ ਨੂੰ ਵੀ ਅਜੀਬ ਲੱਗਦੇ ਹਨ। ਖੁੰਦਕ ਇਸ ਗੱਲ ਦੀ ਕਿ ਇਹ ਹੋਰਾਂ ਨਾਲੋਂ ਵੱਧ ਤੇਜ਼ੀ ਨਾਲ ਕੰਮ ਕਰਦੇ ਹਨ। ਵੈਸੇ ਵੀ ਇਹ ਨਸਲੀ ਵਿਤਕਰੇ ਦਾ ਦੌਰ ਹੈ। ਉਕਤ ਵਾਰਦਾਤ ਦਾ ਪਿਛੋਕੜ ਇਹ ਹੈ। ਬੜੀ ਬੇਰਹਿਮੀ ਨਾਲ ਪੰਜਾਬੀ ਕਾਮਿਆਂ ਵਿਰੁੱਧ ਅੱਧੀ ਰਾਤੀ ਹਿੰਸਕ ਧਾਵਾ ਬੋਲਿਆ ਜਾਂਦਾ ਹੈ ਜਦ ਉਹ ਸੁੱਤੇ ਹੋਏ ਹਨ। 500-700 ਦੀ ਗਿਣਤੀ ਵਿਚ ਆਪਣੇ ਬੰਦੇ ਪਿਛਾਂਹ ਨਿਕਸੁਕ ਛੱਡ ਕੇ ਆਪਣਾ ਬਚਾਅ ਕਰਦੇ ਵੈਨਕੂਵਰ ਵਾਲੇ ਪਾਸੇ ਦੌੜ ਪੈਂਦੇ ਹਨ।
*
ਦਲੀਪ ਸਿੰਘ ਦੇ ਮਿਤਰ ਨੇ ਉਹਨੂੰ ਕਪਾਹ ਚੁਗਣ ਦੇ ਕੰਮ ਲਈ ਫੋਰਮੈਨੀ ਦੀ ਪੇਸ਼ਕਸ਼ ਕੀਤੀ ਹੈ। ਉਹ ਕੈਲਿਫੋਰਨੀਆ ਦੇ ਦੱਖਣ ਵਾਲੇ ਰੇਤਲੇ ਭੂਖੰਡ ’ਚ, ਇੰਪੀਰੀਅਲ ਵੈਲੀ ਵਿਚ, ਜਿੱਥੇ ਪੰਜਾਬੀ ਭਾਈਬੰਦ ਕਾਫ਼ੀ ਗਿਣਤੀ ਵਿਚ ਖੇਤਾਂ ਵਿਚ ਕੰਮ ਕਰਦੇ ਹਨ, ਪੁੱਜਦਾ ਹੈ। ਇਕ ਪੌਂਡ ਕਪਾਹ ਚੁਗਣ ਦੇ 50 ਸੈਂਟ ਉਜਰਤ ਮਿਲਦੀ ਹੈ। ਉਹ ਲਿਖਦਾ ਹੈ ਕਿ ‘‘ਮੈਂ ਉੱਥੇ ਢੇਰ ਮਿਹਨਤ ਕੀਤੀ। ਇਕ ਦਿਨ ਵਿਚ 18 ਤੋਂ 20 ਡਾਲਰ ਬਣਾ ਲੈਂਦਾ ਸੀ।’’ ਉਹ ਮੌਸਮ ਤਬਦੀਲ ਹੋਣ ਤੱਕ ਕਾਫ਼ੀ ਰਕਮ ਜੋੜ ਲੈਂਦਾ ਹੈ; ਤੇ ਹੁੁਣ ਆਪ ਖੇਤੀ ਕਰਨਾ ਚਾਹੁੰਦਾ ਹੈ, ਪਰ ਕਾਨੂੰਨ ਮੁਤਾਬਿਕ ਆਪਣੇ ਨਾਂ ਜ਼ਮੀਨ ਨਹੀਂ ਖ੍ਰੀਦ ਸਕਦਾ। ਕੈਲਿਫੋਰਨੀਆ ਵਿਚ ਪੰਜਾਬੀਆਂ ਦੇ ਜੋ ਖੇਤ ਹਨ ਉਹ ਉਨ੍ਹਾਂ ਦੇ ਆਪਣੇ ਨਾਂ ਨਹੀਂ ਹਨ; ਸਭਨਾਂ ਨੇ ਕਿਸੇ ਗੋਰੇ ਜਾਂ ਆਪਣੇ ਕਿਸੇ ਵਕੀਲ ਦੇ ਨਾਂ ’ਤੇ ਜ਼ਮੀਨ ਖ੍ਰੀਦ ਰੱਖੀ ਹੈ। ਦਲੀਪ ਸਿੰਘ ਵੀ ਅਜਿਹਾ ਕਰਦਾ ਹੈ। ਕਿਸੇ ਨਾਲ ਮਿਲਕੇ ਉਹ 80 ਏਕੜ ਜ਼ਮੀਨ ਖ੍ਰੀਦ ਲੈਂਦਾ ਹੈ ਜਿਸ ਵਿਚ ਸਲਾਦ ਪੱਤਾ (ਲੈਟੁਸ) ਦੀ ਕਾਸ਼ਤ ਸ਼ੁਰੂ ਕਰਦਾ ਹੈ। ਬਾਅਦ ਵਿਚ ਉਹ ਕਾਸ਼ਤਕਾਰਾਂ ਨੂੰ ਰਸਾਇਣਕ ਪਦਾਰਥ ਸਪਲਾਈ ਕਰਨ ਦਾ ਬਿਜ਼ਨਸ ਸ਼ੁਰੂ ਕਰਦਾ ਹੈ। ਉਸ ਨੂੰ ਚੰਗੀ ਕਮਾਈ ਹੋਣ ਲੱਗਦੀ ਹੈ। ਉਹ ਆਦਰਯੋਗ ਜੀਵਨ ਗੁਜ਼ਾਰਨ ਦੇ ਸਮਰਥ ਹੋ ਚੁੱਕਾ ਹੈ।
ਉਹਦੀ ਦੋਸਤੀ ਚੈੱਕ ਮੂਲ ਦੀ ਅਮੀਕਨ ਕੁੜੀ ਮਿਰੀਅਨ ਨਾਲ ਪੈ ਚੁੱਕੀ ਹੈ। ਦੋਨਾਂ ਦਾ ਸੰਗ ਸਾਥ ਗੂੜ੍ਹਾ ਹੋ ਜਾਂਦਾ ਹੈ। ਮਿਰੀਅਨ ਅਮਰੀਕੀ ਸਿਟੀਜ਼ਨ ਹੈ। ਕਾਨੂੰਨ ਅਨੁਸਾਰ ਦਲੀਪ ਨਾਲ ਵਿਆਹ ਕਰਵਾ ਕੇ ਉਹਨੂੰ ਸਿਟੀਜ਼ਨ ਦੀ ਹੈਸੀਅਤ ਤੋਂ ਵਿਰਵਾ ਹੋਣਾ ਪੈਣਾ ਹੈ। ਲਾੱਸ ਐਂਜਲਸ ਵਿਚ ਦੋਨਾਂ ਦਾ ਵਿਆਹ ਹੋ ਜਾਂਦਾ ਹੈ। ਵਿਆਹ ਵੇਲੇ ਦਲੀਪ ਸਿੰਘ ਦੀ ਉਮਰ 28 ਸਾਲ ਹੈ ਤੇ ਉਹ ਕੈਲਿਫੋਰਨੀਆ ਦੇ ਦੱਖਣ ਵਿਚ ਵੈਸਟਮੋਰਲੈਂਡ ਵਿਚ ਰਹਿੰਦਾ ਹੈ। ਮਿਰੀਅਨ ਪਤੀ ਦੀ ਜੱਦੋਜਹਿਦ ਵਿਚ ਹਿੱਸੇਦਾਰ ਬਣ ਜਾਂਦੀ ਹੈ ਤੇ ਉਹਦੇ ਵਾਂਗ ਹੀ ਗ਼ੈਰ-ਸਿਟੀਜ਼ਨ ਵਾਲੀ ਹੈਸੀਅਤ ਵਿਚ ਰਹਿਣ ਲੱਗਦੀ ਹੈ। ਬੱਚੇ ਪੈਦਾ ਹੋ ਜਾਂਦੇ ਹਨ। ਪਤੀ ਪਤਨੀ ਦੋਵੇਂ ਸ਼ਾਮ ਨੂੰ ਟੈਨਿਸ ਖੇਡਦੇ ਹਨ, ਹੋਰ ਅਮਰੀਕੀ ਪ੍ਰਵਾਰਾਂ ਨਾਲ ਸਾਂਝ ਪੈਦਾ ਕਰਦੇ ਹਨ।
ਅਮਰੀਕੀ ਸੁਪਨਾ (The American Dream) ਆਮ ਵਰਤੇ ਜਾਣ ਵਾਲਾ ਮੁਹਾਵਰਾ ਬਣਿਆ ਹੋਇਆ ਹੈ। ਇਹਦਾ ਮਤਲਬ ਅਜੇ ਤੱਕ ਇਹੀ ਸਮਝਿਆ ਜਾ ਰਿਹਾ ਕਿ ਕੋਈ ਵੀ ਬੰਦਾ ਮਿਹਨਤ ਕਰਕੇ ਤੇ ਕਾਨੂੰਨ ਮੁਤਾਬਿਕ ਚਲ ਕੇ ਇਸ ਮੁਲਕ ਵਿਚ ਬੁਲੰਦੀ ਛੁਹ ਸਕਦਾ ਹੈ। ਪਰ ਅਮਰੀਕੀ ਸੁਪਨੇ ਦੇ ਅਰਥ ਦਲੀਪ ਸਿੰਘ ਸੌਂਧ ਵਰਗਿਆਂ ਲਈ ਹੋਰ ਤਰ੍ਹਾਂ ਦੇ ਹਨ। ਪਰ ਉਹਦੀ ਪ੍ਰਕ੍ਰਿਤੀ ਸਹਿਜਤਾ+ਠਰ੍ਹੰਮੇ ਵਾਲੀ ਹੈ। ਹਰ ਸਥਿਤੀ ਨੂੰ ਡਾਂਗ-ਸੋਟੇ ਜਾਂ ਹਥਿਆਰ ਨਾਲ ਨਹੀਂ ਨਜਿੱਠਿਆ ਜਾ ਸਕਦਾ। ਉਸ ਦਾ ਵਿਸ਼ਵਾਸ ਹੈ ਕਿ ਜੋ ਰੁਕਾਵਟਾਂ ਭਾਰਤੀਆਂ ਨੂੰ ਅਮਰੀਕਾ ਵਿਚ ਹਨ ਉਨ੍ਹਾਂ ਦਾ ਮੁਕਾਬਲਾ iਮਹੂਰੀ ਢੰਗ ਨਾਲ ਕੀਤਾ ਜਾ ਸਕਦਾ ਹੈ। ਕਿਸੇ ਮੁਲਕ ਵਿਚ ਸਾਰੇ ਲੋਕ ਇੱਕੋ ਤਰ੍ਹਾਂ ਦੀ ਸੋਚ ਵਾਲੇ ਨਹੀਂ ਹੁੰਦੇ। ਬਹੁਤੇ ਨਿਆਂ ਤੇੇ ਮਾਨਵੀ ਮੁਹੱਬਤ ਵਿਚ ਵਿਸ਼ਵਾਸ ਰੱਖਣ ਵਾਲੇ ਹੁੰਦੇ ਹਨ। ਜੋ ਸੁਵਿਧਾਵਾਂ ਤੇ ਅਵਸਰ ਅਮਰੀਕਾ ਵਿਚ ਉਹਨੂੰ ਪ੍ਰਾਪਤ ਹਨ ਉਨ੍ਹਾਂ ਨੂੰ ਸਵੀਕਾਰ ਕਰਕੇ ਸਿਆਸੀ ਪੱਧਰ ’ਤੇ ਲੜਾਈ ਵਿੱਢੀ ਜਾ ਸਕਦੀ ਹੈ ਤੇ ਵਕਤ ਆਉਣ ’ਤੇ ਅਗਾਂਹ ਕਿਸੇ ਵੱਡੀ ਪੁਲਾਂਘ ਬਾਰੇ ਸੋਚਿਆ ਜਾ ਸਕਦਾ ਹੈ।
ਦਲੀਪ ਸਿੰਘ ਦਾ ਜੀਣ ਥੀਣ ਉਨ੍ਹਾਂ ਪੰਜਾਬੀ ਪਰਵਾਸੀਆਂ ਤੋਂ ਕਾਫ਼ੀ ਵੱਖਰਾ ਹੋ ਚੁੱਕਾ ਹੈ ਜਿਨ੍ਹਾਂ ਲਈ ਅਮਰੀਕਾ ਸਿਰਫ਼ ਕੰਮ+ਕਮਾਈ ਦਾ ਅੱਡਾ ਹੈ। ਆਮ ਭਾਈਬੰਦ ਸੀਮਤ ਇਰਾਦੇ ਨਾਲ ਅਮਰੀਕਾ ਜਿਹੇ ਵਿਸ਼ਾਲ+ਵਿਰਾਟ ਭੂਖੰਡ ਵਿਚ ਰਹਿੰਦਾ ਹੈ ਤੇ ਆਪ ਸੀਮਤ ਹੋ ਜਾਂਦਾ ਹੈ; ਏਨੇ ਵੱਡੇ ਸੰਸਾਰ ਵਿਚ ਉੜਾਨ ਮੁਕਤ ਹੋ ਕੇ ਰਹਿੰਦਾ ਹੈ, ਜਦ ਕਿ ਕਾਇਨਾਤੀ ਪੱਧਰ ਦੀ ਵਿਸ਼ਾਲਤਾ ਬਿਨਾਂ ਉੜਾਨ ਦੇ ਗਾਹੀ ਨਹੀਂ ਜਾ ਸਕਦੀ। ਦਲੀਪ ਸਿੰਘ ਦੇ ਵਿਹਾਰ ਤੋਂ ਪਤਾ ਚਲਦਾ ਹੈ ਕਿ ਪੰਜਾਬੀ ਬੰਦੇ ਨੂੰ ਉੱਚੀ-ਤਾਲੀਮ ਦੀ ਕਿੰਨੀ ਲੋੜ ਹੈ; ਤਾਲੀਮ ਦੇ ਨਾਲ ਅਜਿਹੇ ਗਿਆਨ ਦੀ ਜ਼ਰੂਰਤ ਹੈ ਜੋ ਉਹਨੂੰ ਅਸੀਮਤਾ ਵੱਲ ਲਿਜਾਏ, ਫੈਲਾਏ ਤੇ ਉਹਦੀ ਸੋਚ ਨੂੰ ਅਗਾਂਹ ਵਧਣ ਵਾਲੇ ਪਾਸੇ ਤੋਰੇ। ਇਵੇਂ ਸੌਂਧ ਰਾਹੀਂ ਆਮ ਪੰਜਾਬੀ ਪਰਵਾਸ ਤੋਂ ਵੱਖਰਾ ਪਰਵਾਸ ਦਾ ਮਾੱਡਲ ਸਾਹਮਣੇ ਆਉਂਦਾ ਹੈ। ਪੰਜਾਬੀ ਪਰਵਾਸ ਆਮ ਤੌਰ ’ਤੇ ਸਿੱਧੜ ਬੰਦੇ ਵਾਲਾ ਹੈ ਜੋ ਵੀਹਵੀਂ ਸਦੀ ਦੇ ਅੰਤ ਜਾਂ ਉਸ ਤੋਂ ਬਾਅਦ ਤੱਕ ਕਾਇਮ ਰਹਿਣਾ ਹੈ। ਇਹਦੇ ਅਨੁਸਾਰ ਪਰਵਾਸ ਦਾ ਮਤਲਬ ਕਮਾਈ ਹੈ। ਆਮ ਪਰਵਾਸੀ ਪੰਜਾਬੀ ਬੰਦਾ ਜਿੱਥੋਂ ਜ਼ਿੰਦਗੀ ਸ਼ੁਰੂ ਕਰਦਾ ਉੱਥੇ ਹੀ ਗੱਡਿਆ ਰਹਿੰਦਾ ਹੈ, ਜਾਂ ਹੋਰ ਪਿਛਾਂਹ ਵੱਲ ਤੁਰ ਪੈਂਦਾ ਹੈ। ਉਹ ਤਬਦੀਲ ਹੋਈ ਸਥਿਤੀ ਨਾਲ ਸੰਤੁਲਨ ਪੈਦਾ ਨਹੀਂ ਕਰਦਾ, ਨਾ ਇਹਦੇ ਬਾਰੇ ਯਤਨ ਕਰਦਾ ਹੈ, ਤੇ ਆਪਣੀ ਸੀਮਾ ਵਿਚ ਸੁੰਗੜਿਆ ਰਹਿੰਦਾ ਹੈ। ਦਲੀਪ ਸਿੰਘ ਦੇ ਪਰਵਾਸ ਦਾ ਮਾੱਡਲ ਗ਼ਦਰ ਲਹਿਰ ਦੇ ਚੇਤੰਨ ਪੰਜਾਬੀਆਂ ਵਾਂਗ ਹੈ, ਅਤੇ ਕਈ ਪੱਖਾਂ ਤੋਂ ਚੋਖਾ ਅਗਾਂਹ ਵਾਲਾ ਵੀ ਹੈ।
ਸੌਂਧ ਦੇ ਪਰਵਾਸ ਮਾੱਡਲ ਅਨੁਸਾਰ ਸਭ ਧਰਤੀ ਧਰਮਸਾਲ ਹੈ, ਕਿ ਬੰਦੇ ਦਾ ਕਰਮ ਸਮੇਂ ਦੇ ਗਿਆਨ ਨਾਲ ਹੀ ਬੁਲੰਦੀ ਛੁਹੰਦਾ ਹੈ, ਕਿ ਆਧੁਨਿਕ ਯੁੱਗ ਦੀ ਗਤੀ ਨੂੰ ਸਮਝ ਕੇ ਇਹਨੂੰ ਵਿਕਾਸ ਦਾ ਸਰੋਤ ਬਣਾਇਆ ਜਾ ਸਕਦਾ ਹੈ, ਕਿ ਪ੍ਰਿਥਵੀ ਦਾ ਕੋਨਾ ਚਾਹੇ ਕੋਈ ਹੋਵੇ, ਜਾਂ ਆਕਾਸ਼ ਪਰਾਇਆ ਹੋਵੇ, ਉੱਥੇ ਚਮਕਣ ਵਾਲੇ ਤਾਰੇ ਹਰ ਥਾਂ ਇਕੋ ਜਿਹੇ ਹਨ, ਤੇ ਸਭ ਦੇ ਸਾਂਝੇ ਹਨ। ਤਦ ਪਰਵਾਸ ਤੇ ਦੇਸਵਾਸ ਵਿਚ ਬਹੁਤਾ ਫ਼ਰਕ ਨਹੀਂ ਰਹਿੰਦਾ।
*
ਸਮਾਂ ਗੁਜ਼ਰ ਰਿਹਾ ਹੈ। ਸਿਟੀਜ਼ਨ ਨਾ ਬਣ ਸਕਣ ਦੀ ਰੜਕ ਕਾਇਮ ਹੈ। ਇਸ ਰੜਕ ਨੂੰ ਦੂਰ ਕਰਨ ਲਈ ਸੌਂਧ 1940 ਦੇ ਕਰੀਬ ਇੰਡੀਅਨ ਐਸੋਸੀਏਸ਼ਨ ਔੌਫ਼ ਅਮੈਰਿਕਾ ਨਾਂ ਦੀ ਸੰਸਥਾ ਦਾ ਗਠਣ ਕਰਦਾ ਹੈ। ਅਮਰੀਕਾ ਵਿਚ ਹੀ ਜੇ ਜੇ ਸਿੰਘ ਦੀ ਇੰਡੀਅਨ ਲੀਗ ਔਫ ਅਮੈਰਿਕਾ ਅਤੇ ਮੁਬਾਰਕ ਅਲੀ ਖਾਨ ਦੀ ਇੰਡੀਆ ਵੈਲਫੇਅਰ ਲੀਗ ਵੀ ਸਿਟੀਜ਼ਨਸ਼ਿਪ ਪ੍ਰਾਪਤ ਕਰਨ ਵਾਲੀ ਮੁਹਿੰਮ ਵਿਚ ਸ਼ਾਮਲ ਹਨ। ਦਲੀਪ ਸਿੰਘ ਦੀ ਸੰਸਥਾ ਵੱੱਡੀ ਰਕਮ ਖਰਚ ਕਰਕੇ ਨਿਊਯੌਰਕ ਦੇ ਕੁਝ ਨਾਮਵਰ ਵਕੀਲਾਂ ਦੀ ਢਾਣੀ ਨੂੰ ਸਿਟੀਜ਼ਨ ਵਾਲੀ ਮੁਹਿੰਮ ਵਿਚ ਮਦਦ ਕਰਨ ਲਈ ਤਿਆਰ ਕਰਦੀ ਹੈ। ਅਮਰੀਕਾ ਦੇ ਵਿਧਾਨਕਾਰਾਂ ਨੂੰ ਮਿਲਿਆ ਜਾਂਦਾ ਹੈ। ਅਖਬਾਰਾਂ ਵਿਚ ਲੇਖ ਲਿਖੇ ਜਾਂਦੇ ਹਨ। ਅਮਰੀਕੀ ਜਮਹੂਰੀਅਤ ਵਿਚ ਵਿਤਕਰੇ ਦੀ ਊਣ ਬਾਰੇ ਚਿਤਾਵਨੀ ਦਿੱਤੀ ਜਾਂਦੀ ਹੈ। ਮਾਹੌਲ ਭਾਰਤੀਆਂ ਤੇ ਏਸ਼ੀਅਨ ਲੋਕਾਂ ਨੂੰ ਸਿਟੀਜ਼ਨ ਬਨਾਣ ਦੇ ਹੱਕ ਵਿਚ ਤਿਆਰ ਹੋਈ ਜਾ ਰਿਹਾ ਹੈ। ਅੰਤ 1946 ਵਿਚ ਕਾਨੂੰਨ ਪਾਸ ਹੁੰਦਾ ਹੈ ਤੇ ਪ੍ਰੈਜ਼ੀਡੈਂਟ ਇਸ ’ਤੇ ਦਸਤਖ਼ਤ ਕਰਦਾ ਹੈ, ਜਿਸ ਅਨੁਸਾਰ ਭਾਰਤੀ ਮੂਲ ਦੇ ਅਮਰੀਕਾ ਵਾਸੀਆਂ ਨੂੰ ਸਿਟੀਜ਼ਨ ਬਣਨ ਦਾ ਹੱਕ ਪ੍ਰਾਪਤ ਹੁੰਦਾ ਹੈ। ਤਿੰਨ ਸਾਲਾਂ ਬਾਅਦ 1949 ਵਿਚ ਦਲੀਪ ਸਿੰਘ ਨੂੰ ਸਿਟੀਜ਼ਨ ਹੋਣ ਦੇ ਦਸਤਾਵੇਜ਼ ਪ੍ਰਾਪਤ ਹੁੰਦੇ ਹਨ।
ਹੁਣ ਛੱਜਲਵਡੀ ਦੇ ਰਾਮਗੜ੍ਹੀਆ ਪ੍ਰਵਾਰ ਦੇ ਇਸ ਸਪੂਤ ਦਾ ਵਾਸ਼ਿੰਗਟਨ ਕਦਮ ਧਰਨ ਵਾਲਾ ਪੜਾਅ ਸ਼ੁਰੂ ਹੁੰਦਾ ਹੈ। ਉਹ 1950 ਵਿਚ ਜੱਜ ਦੀ ਚੋਣ ਲੜਦਾ ਹੈ ਤੇ ਜਿੱਤ ਪ੍ਰਾਪਤ ਕਰਦਾ ਹੈ। 25 ਸਾਲਾਂ ਦਾ ਮੁੰਡਾ ਬਰਕਲੇ ਵਿਚ ਪਹਿਲਾਂ ਆਪਣੀ ਮਿਹਨਤ ਨਾਲ ਡਾਕਟਰ ਸੌਂਧ ਬਣਦਾ ਹੈ; ਹੁਣ ਅਮਰੀਕੀ ਲੋਕਾਂ ਨੇ ਹੀ ਉਹਨੂੰ ਜੱਜ ਸੌਂਧ ਬਣਾ ਦਿੱਤਾ ਹੈ। ਉਹ ਆਪਣੇ ਇਲਾਕੇ ਵਿਚ ਚੋਖਾ ਹਰਮਨ ਪਿਆਰਾ ਹੋ ਚੁੱਕਾ ਹੈ। ਮਿਤਰ ਤੇ ਪੈਰੋਕਾਰ ਵੱਧਦੇ ਜਾ ਰਹੇ ਹਨ। ਅਗਲਾ ਨਿਸ਼ਾਨਾ ਉਹਦਾ ਵਾਸ਼ਿੰਗਟਨ ਹੈ। ਅਮਰੀਕੀ ਕਾਂਗਰਸ ਦੀ ਚੋਣ ਲੜਨ ਦੀ ਤਿਆਰੀ ਹੁੰਦੀ ਹੈ। ਇੰਪੀਰੀਅਲ ਵੈਲੀ ਤੋਂ ਉਹ 1957 ਵਿਚ ਹਾਊਸ ਔਫ ਰੈਪ੍ਰੈਜ਼ੈਂਟੇਟਿਵ (ਕਾਂਗਰਸ) ਦੀ ਚੋਣ ਜਿੱਤਦਾ ਹੈ। ਜੱਜ ਸੌਂਧ ਤੋਂ ਉਹ ਕਾਂਗਰਸਮੈਨ ਸੌਂਧ ਬਣ ਗਿਆ ਹੈ।
ਸੌਂਧ ਤਿੰਨ ਵੇਰ ਲਗਾਤਾਰ ਕਾਂਗਰਸ ਦੀ ਚੋਣ ਜਿੱਤਦਾ ਹੈ। ਉਹਦੇ ਮੁਕਾਬਲੇ ’ਚ ਕੋਈ ਨਹੀਂ ਖੜ ਸਕਦਾ। ਪਰ ਭਾਣਾ ਕੁਝ ਹੋਰ ਵਾਪਰ ਜਾਂਦਾ ਹੈ। ਚੌਥੀ ਵੇਰ ਚੋਣ ਦੀ ਤਿਆਰੀ ’ਚ ਹੈ ਤਾਂ ਉਹਨੂੰ ਸਟ੍ਰੋਕ ਹੋ ਜਾਂਦਾ ਹੈ। ਜਿਸਮ ਕੰਮ ਕਰਨ ਤੋਂ ਨਕਾਰਾ ਹੋ ਜਾਂਦਾ ਹੈ। ਉਹਦਾ ਸਿਆਸੀ ਜੀਵਨ ਸਮਾਪਤ ਹੋ ਜਾਂਦਾ ਹੈ। 22 ਅਪ੍ਰੈਲ 1973 ਵਾਲੇ ਦਿਨ ਉਹ ਕਾਲਵਾਸ ਹੋ ਜਾਂਦਾ ਹੈ। ਆਪਣੇ ਪਿੱਛੇ ਪੰਜਾਬੀ ਪਰਵਾਸ ਦਾ ਸ਼ਾਨਦਾਰ ਅਕਸ ਛੱਡ ਜਾਂਦਾ ਹੈ।