ਸ਼ਿਵਾਨੀ ਸ਼ਰਮਾ, ਐਸ ਕਪੂਰ ਤੇ ਐੱਚਐੱਸ ਸੋਢੀ*
ਖੁੰਬਾਂ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਅਤੇ ਕਾਰਬੋਹਾਈਡਰੇਟ, ਔਸ਼ਦਿਕ ਗੁਣਾਂ ਭਰਪੂਰ ਇੱਕ ਪੌਸ਼ਟਿਕ ਖ਼ੁਰਾਕ ਵਜੋਂ ਜਾਣੀਆਂ ਜਾਦੀਆਂ ਹਨ। ਖੁੰਬਾਂ ਵਿੱਚ ਘੱਟ ਕੈਲੋਰੀਜ਼, ਚਰਬੀ, ਸੋਡੀਅਮ, ਕੋਲੈਸਟਰੋਲ ਮੁਕਤ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਖੁੰਬਾਂ ਤੋਂ ਬਹੁਤ ਸਾਰੇ ਖ਼ੁਰਾਕੀ ਤੱਤ ਜਿਵੇਂ ਪੋਟਾਸ਼ੀਅਮ, ਰਬਿੋਫਲੇਵਿਨ, ਵਿਟਾਮਿਨ ਡੀ ਅਤੇ ਰੇਸ਼ੇ ਮਿਲਦੇ ਹਨ। ਖੁੰਬਾਂ ਖਾਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਗਰਮ ਰੁੱਤ ਦੀਆਂ ਦੋ ਕਿਸਮ ਦੀਆਂ ਮਿਲਕੀ ਅਤੇ ਪਰਾਲੀ ਖੁੰਬਾਂ ਨੂੰ ਉਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਖੁੰਬਾਂ ਦੀ ਕਾਸ਼ਤ ਕਰਨ ਖੇਤੀਬਾੜੀ ਦੀ ਰਹਿੰਦ-ਖੂੰਹਦ ਪਰਾਲੀ ਅਤੇ ਤੂੜੀ ਨੂੰ ਸੁਚੱਜੇ ਢੰਗ ਨਾਲ ਵਰਤ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕਦਾ ਹੈ। ਮੌਸਮ ਅਨੁਸਾਰ ਖੁੰਬਾਂ ਦੀ ਕਾਸ਼ਤ ਬੇਰੁਜ਼ਗਾਰ, ਛੋਟੇ ਕਿਸਾਨਾਂ ਅਤੇ ਨੌਜਵਾਨਾਂ ਲਈ ਇੱਕ ਸਹਾਇਕ ਧੰਦਾ ਹੈ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ। ਮਿਲਕੀ ਅਤੇ ਪਰਾਲੀ ਖੁੰਬ ਦੀ ਕਾਸ਼ਤ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ:
ਮਿਲਕੀ ਖੁੰਬ ਦੀ ਕਾਸ਼ਤ (ਕੈਲੋਸਾਇਬ ਇੰਡੀਕਾ, ਦੁੱਧ ਛਾਤਾ): ਮਿਲਕੀ ਖੁੰਬ ਦੇ ਦੁੱਧ ਵਰਗੇ ਰੰਗ ਅਤੇ ਛੱਤਰੀ ਵਰਗੀ ਸ਼ਕਲ ਹੋਣ ਕਾਰਨ ਇਸ ਨੂੰ ਆਮ ਤੌਰ ’ਤੇ ਦੁੱਧ ਛਾਤਾ ਕਿਹਾ ਜਾਂਦਾ ਹੈ। ਇਹ ਖੁੰਬ ਪੰਜਾਬ ਦੇ ਪੌਣ-ਪਾਣੀ ਅਨੁਸਾਰ ਗਰਮ ਰੁੱਤ ਲਈ ਸਹੀ ਬੈਠਦੀ ਹੈ। ਇਸ ਖੁੰਬ ਦੀ ਕਾਸ਼ਤ ਦਾ ਸਮਾਂ ਗਰਮ ਰੁੱਤ ਵਿੱਚ ਅਪਰੈਲ ਤੋਂ ਅਕਤੂਬਰ ਤੱਕ ਹੁੰਦਾ ਹੈ। ਇਸ ਨੂੰ ਚਿੱਟੇ ਰੰਗ, ਜ਼ਿਆਦਾ ਝਾੜ ਅਤੇ ਚੰਗੀ ਸ਼ੈਲਫ ਲਾਈਫ ਹੋਣ ਕਾਰਨ ਵਧੀਆ ਮੰਨਿਆ ਜਾਂਦਾ ਹੈ। ਇਸ ਦੀ ਕਾਸ਼ਤ ਲਈ ਤੂੜੀ ਨੂੰ ਪੱਕੇ ਫਰਸ਼ ’ਤੇ 16-20 ਘੰਟਿਆਂ ਲਈ 75 ਪ੍ਰਤੀਸ਼ਤ ਨਮੀ ਲੈਣ ਲਈ ਗਿੱਲਾ ਕਰੋ। ਗਿੱਲੀ ਤੂੜੀ ਨੂੰ ਬੋਰੀ ਵਿੱਚ ਭਰ ਕੇ ਉਬਲਦੇ ਪਾਣੀ ਵਿਚ 45-50 ਮਿੰਟ ਲਈ ਡੁਬੋ ਕੇ ਬਾਹਰ ਕੱਢ ਲਵੋ ਤੂੜੀ ਨੂੰ ਠੰਢਾ ਹੋਣ ਦਿਉ ਤਾਂ ਜੋ ਵਾਧੂ ਪਾਣੀ ਬਾਹਰ ਨਿਕਲ ਜਾਵੇ। ਠੰਢੀ ਕੀਤੀ ਤੂੜੀ ਵਿੱਚ 10 ਪ੍ਰਤੀਸ਼ਤ ਸੁੱਕੀ ਤੂੜੀ ਦੇ ਹਿਸਾਬ ਨਾਲ ਖੁੰਬਾਂ ਦਾ ਬੀਜ ਰਲਾ ਦਿਓ। ਮੋਮੀ ਲਿਫਾਫਿਆਂ (12*18 ਇੰਚ) ਵਿੱਚ 2 ਕਿਲੋ ਬੀਜ ਰਲੀ ਗਿੱਲੀ ਤੂੜੀ ਭਰ ਲਵੋ। ਲਿਫਾਫੇ ਦਾ ਉਪਰਲਾ ਸਿਰਾ ਸੇਬੇ ਨਾਲ ਬੰਨ ਦਿਓ। ਲਿਫਾਫੇ ਦੇ ਹੇਠਲੇ ਦੋਵੇਂ ਕੋਨੇ ਵਾਧੂ ਪਾਣੀ ਨਿਕਲਣ ਲਈ ਕੱਟ ਦਿਓ। ਬਿਜਾਈ ਤੋਂ ਬਾਅਦ ਲਿਫਾਫੇ ਕਮਰੇ ਵਿੱਚ ਰੱਖ ਦਿਓ। ਸਪਾਨ ਫੈਲਣ ਤੋਂ ਬਾਅਦ ਲਿਫਾਫਿਆਂ ਦਾ ਮੂੰਹ ਖੋਲ੍ਹ ਕੇ ਕੀਟਾਣੂੰ ਰਹਿਤ ਕੇਸਿੰਗ ਮਿੱਟੀ (ਰੂੜੀ ਅਤੇ ਰੇਤਲੀ ਮਿੱਟੀ 4:1) ਦੀ ਇੱਕ ਇੰਚ ਮੋਟੀ ਤਹਿ ਪਾ ਦਿਓ। ਦਿਨ ਵਿੱਚ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਤਾਪਮਾਨ 28 ਤੋਂ 35 ਡਿਗਰੀ ਸੈਂਟਗਰੇਡ ਅਤੇ ਨਮੀ 75 ਤੋਂ 80 ਫ਼ੀਸਦੀ ਹੋਣੀ ਚਾਹੀਦੀ ਹੈ। 10 ਤੋਂ 15 ਦਿਨਾਂ ਬਾਅਦ ਛੋਟੇ-ਛੋਟੇ ਕਿਣਕੇ ਦਿੱਸਣ ਲੱਗ ਪੈਂਦੇ ਹਨ। ਜੋ ਕਿ ਖੁੰਬ ਦਾ ਰੂਪ ਧਾਰਨ ਕਰ ਲੈਂਦੇ ਹਨ। ਖੁੰਬ ਉੱਪਰ ਤੋਂ ਘੁਮਾ ਕੇ ਤੋੜ ਲਵੋ। 35 ਤੋਂ 40 ਦਿਨ ਲਗਾਤਾਰ ਤਾਜ਼ੀਆਂ ਖੁੰਬਾਂ ਦੀ ਤੁੜਾਈ ਕੀਤੀ ਜਾ ਸਕਦੀ ਹੈ।
ਪਰਾਲੀ ਖੁੰਬ ਦੀ ਕਾਸ਼ਤ (ਵਾਲਵੋਰੇਲਾ ਵੋਲਵੇਸ਼ੀਆ): ਪਰਾਲੀ ਖੁੰਬ ਨੂੰ ਚੀਨੀ ਖੂੰਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪੰਜਾਬ ਵਿੱਚ ਪਰਾਲੀ ਖੁੰਬ ਅਪਰੈਲ ਤੋਂ ਅਗਸਤ ਤੱਕ ਉਗਾਈ ਜਾਂਦੀ ਹੈ। ਇਹ ਖਾਣ ਨੂੰ ਸਵਾਦ ਹੁੰਦੀ ਹੈ ਅਤੇ ਪ੍ਰੋਟੀਨ ਦੀ ਘਾਟ ਨੂੰ ਪੂਰਾ ਕਰਦੀ ਹੈ। ਇਸ ਦੀ ਉਪਜ ਅਤੇ ਜੀਵਨ ਚੱਕਰ ਛੋਟਾ ਹੁੰਦਾ ਹੈ। ਇਸ ਦੀ ਕਾਸ਼ਤ ਲਈ ਜਮ੍ਹਾਂ ਕੀਤੀ ਹੋਈ ਪਰਾਲੀ ਦੇ ਪੂਲੇ 0.75-1.00 ਕਿਲੋ (80 ਤੋਂ 95 ਸੈਂਟੀਮੀਟਰ ਲੰਮਾ ਅਤੇ 12 ਤੋਂ 15 ਸੈਂਟੀਮੀਟਰ ਚੌੜਾ) ਬਣਾ ਲੈਣੇ ਚਾਹੀਦੇ ਹਨ।
ਇਨ੍ਹਾਂ ਪੂਲਿਆਂ ਨੂੰ ਸਾਫ਼ ਪਾਣੀ ਦੇ ਟੈਂਕ ਵਿੱਚ 14 ਤੋਂ 18 ਘੰਟਿਆਂ ਲਈ 70 ਤੋਂ 75 ਪ੍ਰਤੀਸ਼ਤ ਨਮੀ ਚੂਸਣ ਲਈ ਰੱਖ ਦਿੱਤਾ ਜਾਂਦਾ ਹੈ। ਪੂਲਿਆਂ ਨੂੰ ਵਾਧੂ ਪਾਣੀ ਨਿਕਲਣ ਲਈ ਢਲਵੀਂ ਥਾਂ ਪੱਕੇ ਪਲੇਟਫਾਰਮ ’ਤੇ ਰੱਖ ਦਿੱਤਾ ਜਾਂਦਾ ਹੈ। ਕਿਆਰੀ ਤਿਆਰ ਕਰਨ ਲਈ 5-5 ਪੂਲੇ ਰੱਖੇ ਜਾਂਦੇ ਹਨ ਜਿਨ੍ਹਾਂ ਦੇ ਮੁੱਢ ਵਾਲੇ ਸਿਰੇ ਇੱਕ ਪਾਸੇ ਹੋਣ। ਫਿਰ ਉਨ੍ਹਾਂ ’ਤੇ 5-5 ਪੂਲੇ ਹੋਰ ਰੱਖੋ ਜਿਨ੍ਹਾਂ ਦੇ ਮੁੱਢ ਵਾਲੇ ਸਿਰੇ ਦੂਜੇ ਪਾਸੇ ਹੋਣ। ਇਸ ਤਰ੍ਹਾਂ ਚਾਰ ਤਹਿਆਂ ਤਿਆਰ ਕਰੋ। ਹਰ ਤਹਿ ਵਿੱਚ 75 ਗ੍ਰਾਮ ਬੀਜ ਪਾਓ। ਉੱਪਰਲੀ ਤਹਿ ’ਤੇ ਖਿਲਾਰ ਕੇ ਖੁੱਲ੍ਹੀ ਪਰਾਲੀ ਪਾ ਦਿਓ।
ਦੋ ਦਿਨ ਤੋਂ ਬਾਅਦ ਦਿਨ ਵਿੱਚ ਦੋ ਵਾਰ ਫੁਹਾਰੇ ਨਾਲ ਪਾਣੀ ਦਿਓ ਤਾਂ ਜੋ ਕਮਰੇ ਦਾ ਤਾਪਮਾਨ 28-32 ਡਿਗਰੀ ਅਤੇ ਨਮੀ 80% ਬਣੀ ਰਹੇ। 7 ਤੋਂ 9 ਦਿਨਾਂ ਬਾਅਦ ਛੋਟੇ ਛੋਟੇ ਕਿਣਕੇ ਦਿੱਸਣ ਲੱਗ ਜਾਂਦੇ ਹਨ। ਇਸ ਤਰ੍ਹਾਂ 15 ਦਿਨਾਂ ਤੱਕ ਖੁੰਬਾਂ ਫੁੱਟਦੀਆਂ ਰਹਿੰਦੀਆਂ ਹਨ।
*ਮਾਈਕ੍ਰੋਬਾਇਓਲੋਜੀ ਵਿਭਾਗ, ਪੀਏਯੂ।
ਸੰਪਰਕ: 88728-63025