ਪੱਤਰਕਾਰ ਅਰਨਬ ਗੋਸਵਾਮੀ ਅਤੇ ਬਾਰਕ (ਬਰੌਡਕਾਸਟ ਔਡੀਐਂਸ ਰਿਸਰਚ ਕਾਊਂਸਲ) ਦੇ ਮੁਖੀ ਪਾਰਥੋਦਾਸ ਗੁਪਤਾ ਦੀ ਲੀਕ ਹੋਈ ਵੱਟਸਐਪ ਗੱਲਬਾਤ ਨੇ ਤਰਥੱਲੀ ਮਚਾ ਦਿੱਤੀ। ਇਸ ਕਾਰਨ ਕਈ ਧਿਰਾਂ ਸ਼ੱਕ ਦੇ ਘੇਰੇ ਵਿਚ ਆਈਆਂ। ਇਸ ਮੁੱਦੇ ਨੇ ਟੈਲੀਵਿਜ਼ਨ ਪੱਤਰਕਾਰੀ ਦੀ ਭਰੋਸੇਯੋਗਤਾ ਬਾਰੇ ਵੱਡੇ ਸੁਆਲ ਸਾਹਮਣੇ ਲਿਆਂਦੇ ਹਨ। ਇਹ ਲੇਖ ਇਸੇ ਮਸਲੇ ਦੇ ਵੱਖ ਵੱਖ ਪਹਿਲੂਆਂ ਨੂੰ ਵਾਚਦਾ ਹੈ।
ਔਨਿੰਦਿਓ ਚੱਕਰਵਰਤੀ
ਡਿੱਗਦਾ ਮਿਆਰ
ਜੇ ਮੁੰਬਈ ਪੁਲੀਸ ’ਤੇ ਯਕੀਨ ਕੀਤਾ ਜਾਵੇ ਤਾਂ ਹੁਣ ਸਾਡੇ ਕੋਲ ਅਜਿਹੇ ਦਸਤਾਵੇਜ਼ੀ ਸਬੂਤ ਆ ਗਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੀ ਟੈਲੀਵਿਜ਼ਨ ਰੇਟਿੰਗ ਪ੍ਰਣਾਲੀ ਧੁਰ ਅੰਦਰ ਤੱਕ ਗ਼ਲ ਸੜ ਚੁੱਕੀ ਹੈ। ਬੇਸ਼ੱਕ, ਮੈਂ ਜਿਹੜੇ ਸਬੂਤ ਦਾ ਜ਼ਿਕਰ ਕਰ ਰਿਹਾ ਹਾਂ ਉਹ ਹੈ ਦੇਸ਼ ਦੀ ਪ੍ਰਮੁੱਖ ਟੀਵੀ ਰੇਟਿੰਗ ਏਜੰਸੀ ‘ਬਾਰਕ’ (Broadcast Audience Research Council) ਦੇ ਸਾਬਕਾ ਮੁਖੀ ਅਤੇ ਦੇਸ਼ ਦੇ ਮੋਹਰੀ ਰਿਐਲਿਟੀ ਟੀਵੀ ਮਸਖਰੇ ਅਰਨਬ ਗੋਸਵਾਮੀ ਵਿਚਕਾਰ ਹੋਈ ਕਥਿਤ ਵਟਸਐਪ ਗੁਫ਼ਤਗੂ। ਇਸ ‘ਚੈਟ’ ਤੋਂ ਗੋਸਵਾਮੀ ਅਤੇ ਦਾਸਗੁਪਤਾ ਵਿਚਕਾਰ ਗਹਿਰੀ ਗੰਢ-ਤੁੱਪ ਦਾ ਪਤਾ ਚਲਦਾ ਹੈ ਜਿਸ ਮੁਤਾਬਿਕ ‘ਬਾਰਕ’ ਦਾ ਸੀਈਓ ਦਾਸਗੁਪਤਾ ਰੇਟਿੰਗਜ਼ ਦੀ ਹੋੜ ਵਿਚ ਰਿਪਬਲਿਕ ਟੀਵੀ ਨੂੰ ਮੋਹਰੀ ਦਰਸਾਉਣ ਲਈ ਸਰਗਰਮੀ ਨਾਲ ਮਦਦ ਕਰ ਰਿਹਾ ਸੀ।
ਤੁਸੀਂ ਦਲੀਲ ਦੇ ਸਕਦੇ ਹੋ ਕਿ ‘ਬਾਰਕ’ ਇਕ ਪ੍ਰਾਈਵੇਟ ਸੰਸਥਾ ਹੈ ਤੇ ਜੇ ਉਹ ਚਾਹਵੇ ਤਾਂ ਉਹ ਆਪਣੇ ਮੁਵੱਕਿਲਾਂ ਦੀ ਮਦਦ ਕਰਨ ਦਾ ਹੱਕ ਰੱਖਦੀ ਹੈ। ਬਹਰਹਾਲ, ਇਹ ਕੋਈ ਆਮ ਜਿਹੀ ਕੰਪਨੀ ਨਹੀਂ ਹੈ। ਇਹ ਬਰਾਡਕਾਸਟਰਾਂ ਅਤੇ ਵਿਗਿਆਪਨਦਾਤਿਆਂ ਦਾ ਇਕ ਕਿਸਮ ਦਾ ਸਾਂਝਾ ਅਦਾਰਾ ਜਾਂ ਉੱਦਮ ਹੈ। ਬਰਾਡਕਾਸਟਰਾਂ ਦੀ ਬਾਡੀ ਆਈਬੀਐਫ (Indian Broadcasters Federation) ਦਾ ਇਸ ਅਦਾਰੇ ਵਿਚ 60 ਫ਼ੀਸਦ ਹਿੱਸਾ ਹੈ ਤੇ ਬਾਕੀ ਦਾ 40 ਫ਼ੀਸਦ ਹਿੱਸਾ ਦੋ ਵਿਗਿਆਪਨ ਅਦਾਰਿਆਂ ਆਈਐੱਸਏੇ (Indian Society of Advertisers) ਅਤੇ ਏਏਏਆਈ (Advertising Agencies Association of India) ਦਾ ਹੈ। ‘ਬਾਰਕ’ ਦਾ ਤੋਰੀ ਫੁਲਕਾ ਵਿਗਿਆਪਨ ਏਜੰਸੀਆਂ ਅਤੇ ਬਰਾਡਕਾਸਟਰਾਂ ਦੇ ਸਿਰੋਂ ਚਲਦਾ ਹੈ ਜੋ ‘ਬਾਰਕ’ ਵੱਲੋਂ ਇਕੱਤਰ ਕੀਤੇ ਦਰਸ਼ਕਾਂ ਬਾਰੇ ਅੰਕੜੇ ਖਰੀਦਦੇ ਹਨ।
ਇਸ ਕਰਕੇ ਜੇ ‘ਬਾਰਕ’ ਦਾ ਤਤਕਾਲੀ ਮੁਖੀ ਦੂਜਿਆਂ ਦੀ ਕੀਮਤ ’ਤੇ ਇਕ ਚੈਨਲ ਦੀ ਮਦਦ ਕਰ ਰਿਹਾ ਸੀ ਤਾਂ ਇਹ ਸਹਿਜੇ ਹੀ ਇਕ ਆਰਥਿਕ ਅਪਰਾਧ ਬਣਦਾ ਹੈ। ਵਿਗਿਆਪਨਦਾਤਿਆਂ ਦੀ ਨਜ਼ਰ ਤੋਂ ਵੀ ਇਸ ਨੂੰ ਧੋਖਾਧੜੀ ਗਿਣਿਆ ਜਾ ਸਕਦਾ ਹੈ। ਵਿਗਿਆਪਨਦਾਤੇ ਆਪਣੇ ਸੰਭਾਵੀ ਗਾਹਕਾਂ ਤੱਕ ਅੱਪੜਨ ਵਾਸਤੇ ਆਪਣੇ ਇਸ਼ਤਿਹਾਰ ਪਰੋਸਣ ਲਈ ਰੇਟਿੰਗ ਅੰਕੜਿਆਂ ਦੀ ਵਰਤੋਂ ਕਰਦੇ ਹਨ। ਜੇ ਦਰਸ਼ਕਾਂ ਬਾਰੇ ਅੰਕੜੇ (viewership data) ਹੀ ਫ਼ਰਜ਼ੀ ਹੋਣ ਤਾਂ ਸਾਫ਼ ਹੈ ਕਿ ਵਿਗਿਆਪਨਦਾਤੇ ਗ਼ਲਤ ਮਾਰਕੀਟਿੰਗ ਫ਼ੈਸਲੇ ਲੈਣਗੇ ਜਿਨ੍ਹਾਂ ਕਰਕੇ ਉਤਪਾਦਾਂ ਦੀ ਵਿਕਰੀ ਪ੍ਰਭਾਵਿਤ ਹੋਵੇਗੀ। ਇਕ ਲੇਖੇ ਇਹ ਗੁੰਮਰਾਹਕੁਨ ਜਾਣਕਾਰੀਆਂ ਫੈਲਾਉਣ ਦਾ ਮਾਮਲਾ ਹੈ ਜਿਸ ਨਾਲ ਵਿੱਤੀ ਨੁਕਸਾਨ ਹੋ ਸਕਦਾ ਹੈ।
ਦਰਸ਼ਕਾਂ ਬਾਰੇ ਦਰਜਾਬੰਦੀ ਵਿਚ ਫ਼ਰਜ਼ੀਵਾੜੇ ਦੀ ਗੱਲ ਇੱਥੋਂ ਤਕ ਹੀ ਸੀਮਤ ਨਹੀਂ ਕਿ ਕੋਈ ਚੈਨਲ ਆਪਣੇ ਵਿਰੋਧੀ ਚੈਨਲਾਂ ਨਾਲੋਂ ਜ਼ਿਆਦਾ ਇਸ਼ਤਿਹਾਰ ਹਥਿਆ ਰਿਹਾ ਹੈ। ਇਸ ਦਾ ਆਪਣੇ ਕੰਟੈਂਟ/ਪ੍ਰੋਗਰਾਮ ਸਮੱਗਰੀ ਦੀ ਕਿਸਮ ’ਤੇ ਵੀ ਕਿਤੇ ਜ਼ਿਆਦਾ ਅਸਰ ਪੈਂਦਾ ਹੈ। ਇਸ ਨੂੰ ਸਮਝਣ ਲਈ ਸਾਨੂੰ ਰਿਪਬਲਿਕ ਟੀਵੀ ਵੱਲੋਂ ਪਰੋਸੀ ਜਾਂਦੀ ਪ੍ਰੋਗਰਾਮਿੰਗ ਹੀ ਨਹੀਂ ਸਗੋਂ ਇਸ ਦੇ ਸਿਆਸੀ ਤੇ ਵਿਚਾਰਧਾਰਕ ਉਲਾਰ ਅਤੇ ਸ਼ੋਅ ਦੇ ਫਾਰਮੈੱਟ ਦੀਆਂ ਤਰਜੀਹਾਂ ਦੀਆਂ ਗਹਿਰੀਆਂ ਪਰਤਾਂ ਵਿਚ ਵੀ ਉਤਰਨਾ ਪਵੇਗਾ।
ਫਰਾਂਸੀਸੀ ਰਾਜਨੀਤਕ ਵਿਗਿਆਨੀ ਕ੍ਰਿਸਟੋਫ ਜੈਫ਼ਰਲੇਅ ਜਿਨ੍ਹਾਂ ਪਿਛਲੇ 30 ਸਾਲਾਂ ਤੋਂ ਭਾਰਤ ਵਿਚ ਚੱਲ ਰਹੀ ਸੱਜੇਪੱਖੀ ਸਿਆਸਤ ਦਾ ਅਧਿਐਨ ਕੀਤਾ ਹੈ, ਨੇ ਹਾਲ ਹੀ ਵਿਚ ਮਈ 2017 ਤੋਂ ਅਪਰੈਲ 2020 ਤੱਕ ਦੇ ਅਰਸੇ ਦੌਰਾਨ ਰਿਪਬਲਿਕ ਟੀਵੀ ’ਤੇ ਹੁੰਦੇ ਵਾਦ ਵਿਵਾਦ ਦਾ ਅਧਿਐਨ ਕੀਤਾ ਹੈ। ਉਨ੍ਹਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੀ ਨੁਕਤਾਚੀਨੀ ਵਾਲੀ ਹਰ ਇਕ ਬਹਿਸ ਪਿੱਛੇ ਰਿਪਬਲਿਕ ਟੀਵੀ ਵੱਲੋਂ 16 ਬਹਿਸਾਂ ਕਰਵਾਈਆਂ ਗਈਆਂ ਜੋ ਭਾਜਪਾ ਦੇ ਪੱਖ ਵਿਚ ਸਨ ਜਾਂ ਵਿਰੋਧੀ ਧਿਰ ਦੇ ਖਿਲਾਫ਼। ਹਰੇਕ ਹਫ਼ਤੇ ਜਦੋਂ ‘ਬਾਰਕ’ ਵੱਲੋਂ ਆਪਣੇ ਰੇਟਿੰਗ ਅੰਕੜੇ ਜਾਰੀ ਕੀਤੇ ਜਾਂਦੇ ਸਨ ਤਾਂ ਇਹ ਸਾਹਮਣੇ ਆਉਂਦਾ ਸੀ ਕਿ ਦਰਸ਼ਕ ਇਸ ਕਿਸਮ ਦੇ ਸਰਕਾਰ ਪੱਖੀ ਜਾਂ ਵਿਰੋਧੀ ਧਿਰ ਵਿਰੋਧੀ ਪ੍ਰੋਗਰਾਮ ਦੇਖਣਾ ਪਸੰਦ ਕਰਦੇ ਹਨ। ਇਸ ਕਰਕੇ ਹਰੇਕ ਨਿਊਜ਼ ਚੈਨਲ ਨੂੰ ਵਧੇਰੇ ਦਰਸ਼ਕ ਮਿਲਣ ਦੀ ਆਸ ਨਾਲ ਆਪਣੇ ਪ੍ਰੋਗਰਾਮਾਂ ਨੂੰ ਸੱਜੇਪੱਖੀ ਝੁਕਾਅ ਦੇਣ ਤੇ ਮੋਦੀ ਸਰਕਾਰ ਦੀ ਵਾਹ-ਵਾਹ ਕਰਨ ਦੀ ਮਜਬੂਰੀ ਮਹਿਸੂਸ ਹੋਣ ਲੱਗੀ।
ਇਸ ਦਾ ਇਕ ਹੋਰ ਪਹਿਲੂ ਵੀ ਹੈ ਜੋ ਸਹਿਜੇ ਨਜ਼ਰ ਨਹੀਂ ਆਉਂਦਾ। ਉਹ ਹੈ ਨਿਊਜ਼ ਕੰਟੈਂਟ ਦਾ ਫਾਰਮੈੱਟ ਜਿਸ ਨੂੰ ਅਰਨਬ ਗੋਸਵਾਮੀ ਜਿਹੇ ਸੰਪਾਦਕ-ਐਂਕਰਾਂ ਵੱਲੋਂ ਹੱਲਾਸ਼ੇਰੀ ਦਿੱਤੀ ਜਾਂਦੀ ਹੈ। 2000 ਦੇ ਅਖੀਰ ਤੋਂ ਲੈ ਕੇ ਵਾਦ-ਵਿਵਾਦ (debate shows) ਨੇ ਨਿਊਜ਼ ਬੁਲੇਟਿਨਾਂ ਦੀ ਜਗ੍ਹਾ ਲੈ ਲਈ ਸੀ। ਦਰਸ਼ਕਾਂ ਨੂੰ ਹੁਣ ਇਹ ਪਤਾ ਨਹੀਂ ਲੱਗਦਾ ਸੀ ਕਿ ਦੇਸ਼ ਜਾਂ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਵਿਚ ਕੀ ਕੁਝ ਵਾਪਰਿਆ ਹੈ ਸਗੋਂ ਉਨ੍ਹਾਂ ਨੂੰ ਮਹਿਜ਼ ਇਕ ਮੁੱਦੇ ਬਾਰੇ ਕੁਝ ‘ਮਾਹਿਰਾਂ’ ਵੱਲੋਂ ਕੀਤੀ ਜਾਂਦੀ ਬਹਿਸ ਦੇਖਣ ਨੂੰ ਮਿਲਦੀ ਹੈ ਤੇ ਸ਼ਾਇਦ ਹੀ ਕਿਸੇ ਭਲੇ ਦਿਨ ਇਹ ‘ਮਾਹਿਰ’ ਪੂਰਾ ਤਾਣ ਲਾ ਕੇ ਵੀ ਆਪਣੀ ਗੱਲ ਰੱਖਣ ਵਿਚ ਕਾਮਯਾਬ ਹੁੰਦੇ। ਅਸਲ ਵਿਚ ਇਹ ਇਕ ਕਿਸਮ ਦੀ ‘ਸਮਾਚਾਰ ਸਰਕਸ’ ਹੁੰਦੀ ਹੈ ਜਿਸ ਦੇ ਤਮਾਸ਼ੇ ਵਿਚ ਕਿਸੇ ਭਾਵੁਕ ਮੁੱਦੇ ਨੂੰ ਲੈ ਕੇ ਦੋਸਤਾਂ ਦਰਮਿਆਨ ਤੂੰ ਤੂੰ ਮੈਂ ਮੈਂ ਕਰਵਾਈ ਜਾਂਦੀ ਹੈ। ਫ਼ਰਜ਼ੀ ਦਰਜਾਬੰਦੀ ਸਹਾਰੇ ਬੁਣੀ ਜਾਂਦੀ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਜ਼ਾਹਰਾ ਸਫ਼ਲਤਾ ਦਾ ਮਤਲਬ ਹੈ ਕਿ ਪੁਰਾਣੇ ਜ਼ਮਾਨੇ ਦੀ ਪੱਤਰਕਾਰੀ ਹੁਣ ਭਾਰਤੀ ਟੀਵੀ ਪਰਦੇ ਤੋਂ ਗੁਆਚ ਗਈ ਹੈ। ਅੱਜਕੱਲ੍ਹ ਬਹੁਤੀ ਬਰਾਡਕਾਸਟ ਪੱਤਰਕਾਰੀ ਬਸ ਖ਼ਬਰ ਬਣਾਉਣ ਵਾਲਿਆਂ (newsmakers) ਪਿੱਛੇ ਨੱਸਦੇ, ਉਨ੍ਹਾਂ ਦੇ ਚਿਹਰਿਆਂ ਵੱਲ ਆਪਣੇ ਕੈਮਰੇ ਤੇ ਮਾਈਕ ਘੁਸੇੜਦਿਆਂ ਤੇ ਫਿਰ ਮਿਰਚ ਮਸਾਲਾ ਲੈ ਕੇ ਲਾਈਵ ਟੈਲੀਵਿਜ਼ਨ ’ਤੇ ਪਰੋਸਦੇ ਪੱਤਰਕਾਰਾਂ ਤਕ ਸਿਮਟ ਕੇ ਰਹਿ ਗਈ ਹੈ। ‘ਖੋਜੀ ਪੱਤਰਕਾਰੀ’ ਦਾ ਜ਼ਮਾਨਾ ਬੀਤ ਗਿਆ ਹੈ ਤੇ ਉਸ ਦੀ ਥਾਂ ਨਾਮਾਲੂਮ ਨੇਤਾਵਾਂ, ਬਾਬੂਆਂ ਤੇ ਸੁਰੱਖਿਆ ਏਜੰਸੀਆਂ ਵੱਲੋਂ ਮੁਹੱਈਆ ਕਰਵਾਏ ਜਾਂਦੇ ਬਿਆਨਾਂ ਨੇ ਲੈ ਲਈ ਹੈ ਜਿਨ੍ਹਾਂ ਦੇ ਆਪੋ ਆਪਣੇ ਏਜੰਡੇ ਹੁੰਦੇ ਹਨ। ‘ਸੂਤਰਾਂ ਤੋਂ ਮਿਲੀ ਜਾਂ ਫਿਰ ਅੰਦਰਲੀ ਜਾਣਕਾਰੀ’ ਦੇ ਆਧਾਰ ’ਤੇ ਗਿਣ-ਮਿੱਥ ਕੇ ਅਜਿਹੀਆਂ ‘ਸਟੋਰੀਆਂ’ ਮੁੜ-ਮੁੜ ਪੇਸ਼ ਕੀਤੀਆਂ ਜਾਂਦੀਆਂ ਹਨ।
ਇਸ ਸਭ ਕਾਸੇ ਨਾਲ ਟੀਵੀ ਨਿਊਜ਼ਰੂਮਾਂ ਦਾ ਤਵਾਜ਼ਨ ਵਿਗੜ ਗਿਆ ਹੈ। ਖ਼ਬਰਾਂ ਇਕੱਤਰ ਕਰਨ ਵਾਲੇ ਪੱਤਰਕਾਰਾਂ ਦੀ ਹੁਣ ਕੋਈ ਅਹਿਮੀਅਤ ਨਹੀਂ ਰਹੀ। ਨਿਊਜ਼ ਐਡੀਟਰਾਂ ਦੀ ਅੱਖ ਸੌਖੀਆਂ ਰੇਟਿੰਗਜ਼ ਹਾਸਲ ਕਰਨ ’ਤੇ ਲੱਗੀ ਰਹਿੰਦੀ ਹੈ ਤੇ ਮਦਾਰੀ ਕਿਸਮ ਦੇ ਐਂਕਰ ਇਹ ਫ਼ੈਸਲਾ ਕਰਦੇ ਹਨ ਕਿ ਦਰਸ਼ਕਾਂ ਨੂੰ ਕੀ ਦੇਖਣ ਨੂੰ ਮਿਲੇਗਾ। ਉਹ ਮਨੋਰੰਜਨ ਦੀ ਡੁਗਡੁਗੀ ਵਜਾਉਂਦੇ ਹਨ ਤੇ ਦਰਸ਼ਕਾਂ ਨੂੰ ਇਸ ’ਚ ਸਰਾਬੋਰ ਹੋ ਜਾਣ ਦੀ ‘ਸਿਖਲਾਈ’ ਦਿੰਦੇ ਹਨ। ਲੋਕਾਂ ਨੂੰ ਭਾਵੁਕ ਕਿੱਲੀਆਂ ’ਤੇ ਲਟਕਾ ਕੇ ਰੱਖਣ ਵਾਲੇ ਸਮਾਚਾਰ
ਉਦੋਂ ਤੱਕ ਚਲਦੇ ਰਹਿੰਦੇ ਹਨ ਜਦੋਂ ਤੱਕ ਦਰਸ਼ਕਾਂ
ਦਾ ਸਬਰ ਜਵਾਬ ਨਹੀਂ ਦੇ ਜਾਂਦਾ ਜਾਂ ਅਜਿਹੀਆਂ ਸਟੋਰੀਆਂ ਆਪਣੇ ਆਪ ਹੀ ਪਰਲੋਕ ਨਹੀਂ ਸਿਧਾਰ ਜਾਂਦੀਆਂ। ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਹੱਤਿਆ ਦੀ ‘ਸਟੋਰੀ’ ਇਸ ਦੀ ਇਕ ਸ਼ਾਹਕਾਰ ਮਿਸਾਲ ਹੈ।
ਸੱਜੇਪੱਖੀ ਸਿਆਸੀ ਏਜੰਡਾ, ਮਦਾਰੀ ਨੁਮਾ ਬੜਬੋਲਾ ਐਂਕਰ ਅਤੇ ਰੇਟਿੰਗਜ਼ ਦਾ ਫ਼ਰਜ਼ੀਵਾੜਾ- ਜਦੋਂ ਤੁਸੀਂ ਇਨ੍ਹਾਂ ਤਿੰਨਾਂ ਦਾ ਜੋੜ ਬਿਠਾ ਦਿੰਦੇ ਹੋ ਤਾਂ ਇਕ ਅਜਿਹਾ ਖ਼ਤਰਨਾਕ ਘੋਲ ਤਿਆਰ ਹੁੰਦਾ ਹੈ ਜੋ ਟੀਵੀ ਪੱਤਰਕਾਰੀ ਦੀਆਂ ਨੀਂਹਾਂ ਬਰਬਾਦ ਕਰ ਕੇ ਰੱਖ ਦਿੰਦਾ ਹੈ। ਜਦੋਂ ਇਸ ਘੋਲ ਦੇ ਨਮੂਨੇ ਨਿਊਜ਼ ਚੈਨਲ ਸਫ਼ਲਤਾ ਦੇ ਝੰਡੇ ਗੱਡਣੇ ਸ਼ੁਰੂ ਕਰ ਦਿੰਦੇ ਹਨ ਤਾਂ ਇਕ ਅਜਿਹਾ ਮਾਡਲ ਸਥਾਪਤ ਹੋ ਜਾਂਦਾ ਹੈ ਜਿਸ ਦੀ ਹਰੇਕ ਚੈਨਲ ਨੂੰ ਪਾਲਣਾ ਕਰਨੀ ਪੈਂਦੀ ਹੈ। ਭਾਰਤ ਵਿਚ ਇਹ ਚੰਦ ਚੜ੍ਹ ਚੁੱਕਿਆ ਹੈ ਜਿੱਥੇ ਬਹੁਤੇ ਚੈਨਲ ਸਰਕਾਰ ਦੀ ਇਕ ਵਡੇਰੀ ਲੋਕ ਸੰਪਰਕ ਸ਼ਾਖਾ ਬਣ ਚੁੱਕੇ ਹਨ ਤੇ ਜਿਨ੍ਹਾਂ ਚੈਨਲਾਂ ਨੇ ਇਸ ਸਿਆਸੀ ਏਜੰਡੇ ਸਾਹਮਣੇ ਅਜੇ ਤੱਕ ਸਿਰ ਨਹੀਂ ਨਿਵਾਇਆ ਉਨ੍ਹਾਂ ਨੇ ਵੀ ਖਰੀ ਪੱਤਰਕਾਰੀ ਦੀ ਝਲਕ ਦਿਖਾਉਂਦੇ ਭਲੇ ਜ਼ਮਾਨੇ ਦੇ ਨਿਊਜ਼ ਬੁਲੇਟਿਨਾਂ ਦੀ ਪਿਰਤ ਖ਼ਤਮ ਕਰ ਦਿੱਤੀ ਹੈ।
ਭਾਰਤ ਦੇ ਲੋਕਤੰਤਰ ਲਈ ਇਹ ਇਕ ਖ਼ਤਰਨਾਕ ਮੋੜ ਹੈ ਕਿਉਂਕਿ ਇਹ ਫ਼ਰਜ਼ੀ ਸਹਿਮਤੀ ਘੜਨ ਵਿਚ ਮਦਦਗਾਰ ਸਾਬਿਤ ਹੋ ਰਿਹਾ ਹੈ। ਇਸ ਨੇ ਸੱਤਾ ਵਿਚ ਬੈਠੇ ਲੋਕਾਂ ਤੇ ਧਨ ਕੁਬੇਰਾਂ ਦੀ ਪਿੱਠ ਪੂਰੀ ਹੈ ਤੇ ਉਨ੍ਹਾਂ ਤੋਂ ਸਵਾਲ ਪੁੱਛਣ ਵਾਲਿਆਂ, ਅਸਹਿਮਤੀ ਰੱਖਣ ਵਾਲਿਆਂ ਜਾਂ ਵਿਰੋਧ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਨੇ ਇਕ ਅਜਿਹਾ ਜਨਤਕ ਬਿਰਤਾਂਤ ਘੜਿਆ ਹੈ ਜੋ ਜੰਗਬਾਜ਼ੀ ਦੇ ਸਹਿਮੇ ਮੁਹਾਂਦਰੇ ਨਾਲ ਗ੍ਰਸਿਆ ਪਿਆ ਹੈ। ਇਸ ਨੇ ਸੱਤਾ ਸਾਹਮਣੇ ਜੀ ਹਜ਼ੂਰੀ ਅਤੇ ਆਤਮਸਮਰਪਣ ਦੇ ਸਭਿਆਚਾਰ ਨੂੰ ਪੱਠੇ ਪਾਏ ਹਨ ਜੋ ਆਪਣੇ ਆਪ ਵਿਚ ਹੀ ਲੋਕਤੰਤਰ ਵਿਰੋਧੀ ਖਾਸਾ ਹੈ।
ਕੀ ਰਿਪਬਲਿਕ ਟੀਵੀ ਦਾ ਟੀਆਰਪੀ ਫਰਜ਼ੀਵਾੜਾ ਬੇਨਕਾਬ ਹੋਣ ਨਾਲ ਇਹ ਖਲਾਰਾ ਹੂੰਝਣ ਵਿਚ ਕੋਈ ਮਦਦ ਮਿਲੇਗੀ? ਇਹ ਤਾਂ ਹੀ ਹੋ ਸਕੇਗਾ ਜੇ ਨਿਊਜ਼ ਚੈਨਲਾਂ ਨੂੰ ਵਿੱਤੀ ਆਕਸੀਜਨ (ਵਿਗਿਆਪਨ) ਮੁਹੱਈਆ ਕਰਵਾਉਣ ਵਾਲਾ ਭਾਰਤ ਦਾ ਕਾਰਪੋਰੇਟ ਖੇਤਰ ਸਮੂਹਿਕ ਤੌਰ ’ਤੇ ਸਿਰਫ਼ ਖਰੀ ਪੱਤਰਕਾਰੀ ਦੀ ਹਮਾਇਤ ਕਰਨ ਦਾ ਫ਼ੈਸਲਾ ਕਰ ਲਵੇ। ਖ਼ਰੀ ਪੱਤਰਕਾਰੀ ਦਾ ਮਤਲਬ ਸਿਰਫ ਸੱਤਾ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਸੱਚ ਬੋਲਣਾ ਹੀ ਨਹੀਂ ਸਗੋਂ ਪਰਤਾਂ ਥੱਲੇ ਪਿਆ ਸੱਚ ਸਾਡੇ ਸਾਹਮਣੇ ਲਿਆਉਣਾ ਵੀ ਹੈ। ਇਸ ਦਾ ਮਤਲਬ ਹੋਵੇਗਾ ਕਿ ਪੱਤਰਕਾਰੀ ਨੂੰ ਸਟੂਡੀਓਜ਼ ’ਚੋਂ ਕੱਢ ਕੇ ਮੈਦਾਨ ’ਤੇ ਲਿਆਂਦਾ ਜਾਵੇ ਜਿੱਥੇ ਅਸਲੀ ਭਾਰਤ ਵਸਦਾ ਹੈ ਤੇ ਉਸ ਦੀਆਂ ਹਕੀਕੀ ਆਸ਼ਾਵਾਂ ਅਤੇ ਦੁੱਖ ਦਰਦਾਂ ਦੀ ਬਾਤ ਪੈਂਦੀ ਹੈ।
* ਲੇਖਕ ਸੀਨੀਅਰ ਆਰਥਿਕ ਸਮੀਖਿਅਕ ਹੈ।