ਸੂਬਾ ਸਿੰਧ ਵਿਚ ਦਹਿਸ਼ਤਵਾਦ ਦੇ ਸਿਰ ਚੁੱਕਣ ’ਤੇ ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਮਾਹਿਰਾਂ ਨੇ ਚਿੰਤਾ ਪ੍ਰਗਟਾਈ ਹੈ। ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸਿੰਧੀ ਤੇ ਬਲੋਚੀ ਵੱਖਵਾਦੀਆਂ ਦਰਮਿਆਨ ਤਾਲਮੇਲ ਵਧਦਾ ਜਾ ਰਿਹਾ ਹੈ ਅਤੇ ਇਹ ਵਰਤਾਰਾ ਸੂਬਾ ਸਿੰਧ ਵਿਚ ਬਦਅਮਨੀ ਫੈਲਾ ਸਕਦਾ ਹੈ। ਸਿੰਧੀ ਦਹਿਸ਼ਤਵਾਦ ਦੀ ਤਾਜ਼ਾਤਰੀਨ ਘਟਨਾ ਪਿਛਲੇ ਹਫ਼ਤੇ ਕਰਾਚੀ ਵਿਚ ਵਾਪਰੀ ਜਿੱਥੇ ਇਕ ਚੀਨੀ-ਪਾਕਿਸਤਾਨੀ ਜੋੜੇ ਵੱਲੋਂ ਚਲਾਏ ਜਾ ਰਹੇ ਡੈਂਟਲ ਕਲੀਨਿਕ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਇਸ ਗੋਲੀ ਕਾਂਡ ਵਿਚ ਇਕ ਚੀਨੀ ਨਾਗਰਿਕ ਮਾਰਿਆ ਗਿਆ ਅਤੇ ਤਿੰਨ ਜ਼ਖ਼ਮੀ ਹੋਏ। ਹਮਲੇ ਦੀ ਜ਼ਿੰਮੇਵਾਰੀ ਸਿੰਧੂਦੇਸ਼ ਪੀਪਲਜ਼ ਆਰਮੀ (ਐੱਸ.ਪੀ.ਏ.) ਨਾਮੀ ਗਰੁੱਪ ਨੇ ਲਈ। ਇਸ ਨੇ ਚੀਨ ਸਰਕਾਰ ਨੂੰ ‘ਚਿਤਾਵਨੀ’ ਦਿੱਤੀ ਕਿ ਉਹ ਪਾਕਿਸਤਾਨ ਨਾਲ ਸਹਿਯੋਗ ਬੰਦ ਕਰੇ ਕਿਉਂਕਿ ਪਾਕਿਸਤਾਨ ਨੇ ‘ਸਿੰਧੂਦੇਸ਼’ ਉੱਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਅੰਗਰੇਜ਼ੀ ਅਖ਼ਬਾਰ ‘ਡਾਅਨ’ ਵਿਚ ਛਪੇ ਮੁਹੰਮਦ ਅਮੀਰ ਰਾਣਾ ਦੇ ਮਜ਼ਮੂਨ ‘ਸਿੰਧ ਵਿਚ ਖਾੜਕੂਵਾਦ’ ਮੁਤਾਬਿਕ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਦਹਿਸ਼ਤੀ ਹਮਲੇ ਵਿਚ ਐੱਸ.ਪੀ.ਏ. ਦਾ ਨਾਮ ਸਾਹਮਣੇ ਆਇਆ ਹੈ। ਜਿਸ ਢੰਗ ਨਾਲ ਹਮਲੇ ਨੂੰ ਅੰਜਾਮ ਦਿੱਤਾ ਗਿਆ, ਉਸ ਉੱਪਰ ਬਲੋਚ ਦਹਿਸ਼ਤੀ ਗਰੁੱਪਾਂ ਦੀ ਛਾਪ ਸਪਸ਼ਟ ਨਜ਼ਰ ਆਉਂਦੀ ਹੈ। ਇਸੇ ਛਾਪ ਤੋਂ ਸੁਰੱਖਿਆ ਏਜੰਸੀਆਂ ਅੰਦਰ ਇਹ ਪ੍ਰਭਾਵ ਪੈਦਾ ਹੋਇਆ ਹੈ ਕਿ ਬਲੋਚੀ ਦਹਿਸ਼ਤੀ ਗਰੁੱਪ, ਸਿੰਧੀ ਇੰਤਹਾਪਸੰਦਾਂ ਨੂੰ ਸਰਪ੍ਰਸਤੀ ਤੇ ਸਿਖਲਾਈ ਪ੍ਰਦਾਨ ਕਰਨ ਲੱਗੇ ਹਨ। ਸਿੰਧੀ ਇੰਤਹਾਪਸੰਦ ਪਹਿਲਾਂ ਗ਼ੈਰ-ਸਿੰਧੀਆਂ ਨੂੰ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਸਨ, ਹੁਣ ਉਹ ਚੀਨੀ ਅਦਾਰਿਆਂ ਅਤੇ ਨਾਗਰਿਕਾਂ, ਖ਼ਾਸ ਕਰਕੇ ਅਕਾਦਮੀਸ਼ਨਾਂ, ਪ੍ਰਾਜੈਕਟ ਮੈਨੇਜਰਾਂ ਤੇ ਹੋਰਨਾਂ ਪੇਸ਼ੇਵਰਾਂ ਨੂੰ ਧਮਕੀ ਪੱਤਰ ਭੇਜਣ ਲੱਗ ਪਏ ਹਨ। ਇਹ ਰਣਨੀਤੀ ਪਿਛਲੀ ਇਕ ਦਹਾਈ ਤੋਂ ਬਲੋਚ ਦਹਿਸ਼ਤੀਆਂ ਦੀ ਹੈ। ਬਲੋਚਿਸਤਾਨ ਵਿਚ ਕੋਈ ਹਫ਼ਤਾ ਅਜਿਹਾ ਨਹੀਂ ਲੰਘਦਾ ਜਦੋਂ ਕਿਸੇ ਚੀਨੀ ਪ੍ਰਾਜੈਕਟ ਜਾਂ ਚੀਨੀ ਮੋਟਰ-ਗੱਡੀ ਜਾਂ ਚੀਨੀ ਇੰਜੀਨੀਅਰਾਂ/ਕਾਮਿਆਂ ਉਪਰ ਹਮਲਾ ਨਾ ਹੋਇਆ ਹੋਵੇ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਦੀ ਉਸਾਰੀ ਦੀ ਮੱਠੀ ਰਫ਼ਤਾਰ ਨੂੰ ਬਲੋਚ ਦਹਿਸ਼ਤਗ਼ਰਦਾਂ ਦੀਆਂ ਗਤੀਵਿਧੀਆਂ ਨਾਲ ਜੋੜਿਆ ਜਾਂਦਾ ਰਿਹਾ ਹੈ। ਹੁਣ ਸਿੰਧ ਵਿਚ ਵੀ ਅਜਿਹੇ ਵਰਤਾਰੇ ਦੇ ਉਭਾਰ ਤੋਂ ਸੁਰੱਖਿਆ ਏਜੰਸੀਆਂ ਦਾ ਫ਼ਿਕਰਮੰਦ ਹੋਣਾ ਸੁਭਾਵਿਕ ਹੀ ਹੈ।
ਸਿੰਧ ਵਿਚ 1970ਵਿਆਂ ਦੌਰਾਨ ਜੀਏ ਸਿੰਧ ਲਹਿਰ ਪੂਰੀ ਪ੍ਰਚੰਡਤਾ ਨਾਲ ਉਭਰੀ ਸੀ, ਪਰ ਇਹ ਸੁਭਾਅ ਤੇ ਸੁਹਜ ਪੱਖੋਂ ਵੱਖਵਾਦੀ ਨਹੀਂ ਸੀ। ਇਹ ਮੁੱਖ ਤੌਰ ’ਤੇ ਸਿੰਧੀ ਜ਼ੁਬਾਨ ਤੇ ਸਿੰਧੀ ਸਭਿਆਚਾਰ ਦਾ ਧਰਾਤਲ ਸੀਮਤ ਕਰਨ ਦੀਆਂ ‘ਕੁਚਾਲਾਂ’ ਦੇ ਖ਼ਿਲਾਫ਼ ਸੀ। ਇਸ ਲਹਿਰ ਵਿਚ ਹਿੰਸਾ ਦੇ ਅੰਸ਼ ਮੌਜੂਦ ਰਹੇ, ਪਰ ਇਸ ਹਿੰਸਾ ਨੂੰ ਸਿੰਧੀ ਜਨ-ਮਾਨਸ ਤੋਂ ਬਹੁਤਾ ਹੁੰਗਾਰਾ ਨਹੀਂ ਮਿਲਿਆ। ਪਿਛਲੇ ਦੋ ਦਹਾਕਿਆਂ ਤੋਂ ਜਿਹੜੇ ਗਰੁੱਪ ਸਿੰਧੀ ਰਾਸ਼ਟਰਵਾਦ ਨੂੰ ਹੁਲਾਰਾ ਦੇਣ ਦਾ ਯਤਨ ਕਰਦੇ ਆ ਰਹੇ ਹਨ, ਉਨ੍ਹਾਂ ਵਿਚ ਸਿੰਧੂਦੇਸ਼ ਰੈਵੋਲਿਊਸ਼ਨਰੀ ਆਰਮੀ, ਸਿੰਧੂਦੇਸ਼ ਲਬਿਰੇਸ਼ਨ ਆਰਮੀ ਤੇ ਜੀਏ ਸਿੰਧ ਕੌਮੀ ਮੁਹਾਜ਼ ਪ੍ਰਮੁੱਖ ਹਨ। ਇਨ੍ਹਾਂ ਵਿਚੋਂ ਪਹਿਲੇ ਦੋਵਾਂ ਗਰੁੱਪਾਂ ਉੱਤੇ ਪਾਕਿਸਤਾਨ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ। ਸੂਬਾਈ ਪੁਲੀਸ ਨੂੰ ਸ਼ੱਕ ਹੈ ਕਿ ਸਿੰਧੂਦੇਸ਼ ਪੀਪਲਜ਼ ਆਰਮੀ (ਐੱਸ.ਪੀ.ਏ.), ਪਾਬੰਦੀਸ਼ੁਦਾ ਗਰੁੱਪਾਂ ਵਿਚੋਂ ਅਲਹਿਦਾ ਹੋਇਆ ਇਕ ਧੜਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਸਰਕਾਰੀ ਏਜੰਸੀ ਨੇ ਸਿੰਧੀ ਵੱਖਵਾਦੀਆਂ ਦੀਆਂ ਤਾਜ਼ਾਤਰੀਨ ਸਰਗਰਮੀਆਂ ਜਾਂ ਐੱਸ.ਪੀ.ਏ. ਦੇ ਉਭਾਰ ਲਈ ਭਾਰਤੀ ਖ਼ੁਫ਼ੀਆਂ ਏਜੰਸੀਆਂ ਖ਼ਾਸ ਕਰਕੇ ‘ਰਾਅ’ ਨੂੰ ਅਜੇ ਤੱਕ ਦੋਸ਼ੀ ਨਹੀਂ ਦੱਸਿਆ। ਉਂਜ, ਸੁਰੱਖਿਆ ਮਾਹਿਰ ਇਸ ਗੱਲ ਨੂੰ ਲੈ ਕੇ ਇਕ-ਮੱਤ ਹਨ ਕਿ ਜੇਕਰ ਸਿੰਧੀ ਖਾੜਕੂਆਂ ਦੀਆਂ ਗਤੀਵਿਧੀਆਂ ਜ਼ੋਰ ਫੜਦੀਆਂ ਹਨ ਤਾਂ ਭਾਰਤੀ ਏਜੰਸੀਆਂ ਵੀ ਇਨ੍ਹਾਂ ਦੀ ਸਹਾਇਤਾ ਲਈ ਸਰਗਰਮ ਹੋ ਜਾਣਗੀਆਂ। ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ ਪੁਲੀਸ ਦੀ ਮਦਦ ਲਈ (ਪਾਕਿਸਤਾਨ) ਰੇਂਜਰਜ਼ ਨੂੰ ਤਾਇਨਾਤ ਕਰਨ ਦੀ ਸੂਬਾਈ ਮੁੱਖ ਮੰਤਰੀ ਦੀ ਮੰਗ ਨੂੰ ਉਪਰੋਕਤ ਖ਼ਦਸ਼ੇ ਦੇ ਪ੍ਰਸੰਗ ਵਿਚ ਦਰੁਸਤ ਮੰਨਿਆ ਜਾ ਰਿਹਾ ਹੈ।
* * *
ਬਾਇਡਨ ਨਾਲ ਨਾਰਾਜ਼ਗੀ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਤਕਰੀਬਨ ਸਾਰੇ ਪਾਕਿਸਤਾਨੀ ਨਾਰਾਜ਼ ਹਨ। ਪੂਰੇ ਮੁਲਕ ਵਿਚ ਇਤਫ਼ਾਕ-ਰਾਇ ਹੈ ਕਿ ਬਾਇਡਨ ਨੇ ਪਾਕਿਸਤਾਨ ਨੂੰ ‘ਨਾਜਾਇਜ਼ ਤੌਰ ’ਤੇ ਬਦਨਾਮ’ ਕੀਤਾ ਹੈ। ਅੰਗਰੇਜ਼ੀ ਅਖ਼ਬਾਰ ‘ਦਿ ਨਿਊਜ਼’ ਦੀ ਐਤਵਾਰ ਦੀ ਸੰਪਾਦਕੀ ਮੁਤਾਬਿਕ ‘‘ਬਾਇਡਨ ਨੇ ਪਾਕਿਸਤਾਨ ਬਾਰੇ ਰਾਇ ਪ੍ਰਗਟਾਉਣ ਲੱਗਿਆਂ ਉਸ ਕੂਟਨੀਤਕ ਜ਼ਬਤ ਦਾ ਮੁਜ਼ਾਹਰਾ ਨਹੀਂ ਕੀਤਾ ਜੋ ਕਿ ਕਿਸੇ ਵੀ ਮੁਲਕ ਦੇ ਰਾਸ਼ਟਰ-ਪ੍ਰਮੁੱਖ ਦੀ ਜ਼ੁਬਾਨ ਦਾ ਹਿੱਸਾ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਦੀ ਸਿਰਫ਼ ਇਕ ਟਿੱਪਣੀ ਨੇ ਅਮਰੀਕੀ-ਪਾਕਿਸਤਾਨੀ ਸਬੰਧਾਂ ਨੂੰ ਬਹੁਤ ਵੱਡੀ ਢਾਹ ਲਾਈ ਹੈ।’’ ਜ਼ਿਕਰਯੋਗ ਹੈ ਕਿ ਬਾਇਡਨ ਨੇ ਲੰਘੇ ਵੀਰਵਾਰ ਨੂੰ ਲਾਸ ਏਂਜਲਸ (ਕੈਲੀਫੋਰਨੀਆ) ਵਿਚ ਡੈਮੋਕਰੈਟਸ ਦੇ ਇਕ ਸਵਾਗਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ‘‘ਪਾਕਿਸਤਾਨ ਨੂੰ ਦੁਨੀਆ ਦੇ ਸਭ ਤੋਂ ਖ਼ਤਰਨਾਕ ਮੁਲਕਾਂ ਵਿਚੋਂ ਇਕ’’ ਦੱਸਿਆ ਸੀ ਅਤੇ ਕਿਹਾ ਸੀ ਕਿ ਇਸ ਮੁਲਕ ਦੇ ‘‘ਪਰਮਾਣੂ ਹਥਿਆਰ ਬਿਨਾਂ ਇਕਜੁੱਟ ਕਮਾਂਡ ਦੇ ਹਨ।’’ ਬਾਇਡਨ ਦੀ ਇਸ ਟਿੱਪਣੀ ’ਤੇ ਪਾਕਿਸਤਾਨੀ ਵਜ਼ੀਰੇ ਆਜ਼ਮ ਸ਼ਹਬਿਾਜ਼ ਸ਼ਰੀਫ਼ ਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ। ਦੋਵਾਂ ਨੇ ਇਹ ਉਮੀਦ ਵੀ ਜਤਾਈ ਕਿ ਬਾਇਡਨ ਆਪਣੇ ਸ਼ਬਦ ਵਾਪਸ ਲੈਣਗੇ, ਪਰ ਐਤਵਾਰ ਤੱਕ ਅਮਰੀਕਾ ਨੇ ਕੋਈ ਸਪਸ਼ਟੀਕਰਨ ਜਾਰੀ ਨਹੀਂ ਸੀ ਕੀਤਾ। ਅਖ਼ਬਾਰ ‘ਡਾਅਨ’ ਨੇ ਬਾਇਡਨ ਦੇ ‘ਫਤਵੇ’ ਨੂੰ ਚੀਨ ਤੇ ਰੂਸ ਨਾਲ ਪਾਕਿਸਤਾਨ ਦੀ ਵਧ ਰਹੀ ਨੇੜਤਾ ਨਾਲ ਜੋੜਿਆ ਹੈ ਅਤੇ ਲਿਖਿਆ ਹੈ ਕਿ ‘‘ਪਾਕਿਸਤਾਨ ਨੂੰ ਆਪਣੇ ਹਿਤਾਂ ’ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਦੀਆਂ ਭਬਕੀਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ।’’
* * *
ਸਾਬਕਾ ਚੀਫ ਜਸਟਿਸ ਦਾ ਕਤਲ
ਬਲੋਚਿਸਤਾਨ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਮੁਹੰਮਦ ਨੂਰ ਮਿਸਕਾਨਜ਼ਈ, ਜੋ ਇਸ ਸਾਲ ਅਪਰੈਲ ਮਹੀਨੇ ਤੱਕ ਫੈਡਰਲ ਸ਼ਰੀਅਤ ਕੋਰਟ ਦੇ ਚੀਫ ਜਸਟਿਸ ਵੀ ਰਹੇ, ਦੀ ਖ਼ਰਾਨ (ਬਲੋਚਿਸਤਾਨ) ਵਿਚ ਹੱਤਿਆ ਨੇ ਨਿਆਂਇਕ ਹਲਕਿਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਅਖ਼ਬਾਰ ‘ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਿਕ ਜਸਟਿਸ ਮਿਸਕਾਨਜ਼ਈ, ਖ਼ਰਾਨ ਦੇ ਗ਼ਜ਼ਾਲਾ ਇਲਾਕੇ ਵਿਚ ਸਥਿਤ ਆਪਣੀ ਰਿਹਾਇਸ਼ਗਾਹ ਨੇੜਲੀ ਮਸਜਿਦ ਵਿਚ ਜੁੰਮੇ ਦੀ ਨਮਾਜ਼ ਪੜ੍ਹਨ ਗਏ ਸਨ ਕਿ ਦੋ ਹਮਲਾਵਰਾਂ ਨੇ ਉਨ੍ਹਾਂ ਵੱਲ ਗੋਲੀ ਚਲਾ ਕੇ ਉਨ੍ਹਾਂ ਨੂੰ ਢੇਰ ਕਰ ਦਿੱਤਾ। ਪੁਲੀਸ ਐਤਵਾਰ ਤੱਕ ਹਮਲਾਵਰਾਂ ਦਾ ਸੁਰਾਗ਼ ਲਾਉਣ ਵਿਚ ਨਾਕਾਮ ਰਹੀ ਸੀ। ਪਾਕਿਸਤਾਨੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਉਮਰ ਅਤਾ ਬੰਦਿਆਲ ਤੇ ਹੋਰਨਾਂ ਜੱਜਾਂ ਨੇ ਜਸਟਿਸ ਮਿਸਕਾਨਜ਼ਈ ਦੀ ਹੱਤਿਆ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ।
* * *
ਪੰਜਾਬ ਦੇ ਜ਼ਿਲ੍ਹੇ ਵਧੇ
ਸੂਬਾ ਪੰਜਾਬ ਦੇ ਬੋਰਡ ਆਫ਼ ਰੈਵੇਨਿਊ ਨੇ ਵਜ਼ੀਰਾਬਾਦ, ਮੱਰੀ, ਕੋਟ ਅੱਦੂ ਤੇ ਤਾਲਾਗੰਗ ਨੂੰ ਜ਼ਿਲ੍ਹਿਆਂ ਦਾ ਦਰਜਾ ਦੇਣ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਜਦੋਂਕਿ ਟੌਂਸਾ ਸ਼ਰੀਫ ਬਾਰੇ ਨੋਟੀਫਿਕੇਸ਼ਨ ਬਾਅਦ ਵਿਚ ਜਾਰੀ ਹੋਵੇਗੀ। ਇਨ੍ਹਾਂ ਪੰਜਾਂ ਨੂੰ ਜ਼ਿਲ੍ਹੇ ਬਣਾਉਣ ਦਾ ਐਲਾਨ ਪਿਛਲੇ ਹਫ਼ਤੇ ਵਜ਼ੀਰੇ ਆਲ੍ਹਾ (ਮੁੱਖ ਮੰਤਰੀ) ਚੌਧਰੀ ਪਰਵੇਜ਼ ਇਲਾਹੀ ਨੇ ਕੀਤਾ ਸੀ। ਟੌਂਸਾ ਸ਼ਰੀਫ ਬਾਰੇ ਨੋਟੀਫਿਕੇਸ਼ਨ ਫੋਰਟ ਮੁਨਰੋ ਤਹਿਸੀਲ ਨਾਲ ਜੁੜੇ ਰੇੜਕੇ ਕਾਰਨ ਰੁਕ ਗਈ ਹੈ। ਉਰਦੂ ਅਖ਼ਬਾਰ ‘ਦੁਨੀਆ’ ਮੁਤਾਬਿਕ ਪਹਿਲਾਂ ਇਸ ਨੂੰ ਟੌਂਸਾ ਸ਼ਰੀਫ ਦਾ ਹਿੱਸਾ ਬਣਾਉਣ ਦੀ ਯੋਜਨਾ ਸੀ, ਪਰ ਇੱਥੋਂ ਦੇ ਵਸਨੀਕ ਡੇਰਾ ਗ਼ਾਜ਼ੀ ਖ਼ਾਨ ਜ਼ਿਲ੍ਹੇ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਹ ਮੰਗ ਜਾਇਜ਼ ਵੀ ਹੈ ਕਿਉਂਕਿ ਫੋਰਟ ਮੁਨਰੋ, ਡੇਰਾ ਗ਼ਾਜ਼ੀ ਖ਼ਾਨ ਤੋਂ ਮਹਿਜ਼ 30 ਕਿਲੋਮੀਟਰ ਦੂਰ ਹੈ ਜਦੋਂਕਿ ਟੌਂਸਾ ਤੋਂ ਇਸ ਦੀ ਦੂਰੀ 100 ਕਿਲੋਮੀਟਰ ਹੈ। ਇਨ੍ਹਾਂ ਨਵੇਂ ਪੰਜ ਜ਼ਿਲ੍ਹਿਆਂ ਨਾਲ ਪੰਜਾਬ ਦੇ ਜ਼ਿਲ੍ਹਿਆਂ ਦੀ ਗਿਣਤੀ 41 ਹੋ ਗਈ ਹੈ। ਸੂਬੇ ਦੀਆਂ ਡਿਵੀਜ਼ਨਾਂ ਵੀ ਹੁਣ 10 ਹਨ ਕਿਉਂਕਿ ਗੁਜਰਾਤ ਨੂੰ ਡਿਵੀਜ਼ਨ ਦਾ ਦਰਜਾ ਵੀ ਪਿਛਲੇ ਹਫ਼ਤੇ ਮਿਲਿਆ ਹੈ।
– ਪੰਜਾਬੀ ਟ੍ਰਿਬਿਊਨ ਫੀਚਰ