ਦਰਬਾਰਾ ਸਿੰਘ ਕਾਹਲੋਂ*
ਕੀ ਵਿਸ਼ਵ ਅੰਦਰ ਵੱਖ-ਵੱਖ ਦੇਸ਼ਾਂ ਦੇ ਸਾਰੇ ਰਾਜਨੀਤੀਵਾਨ ਅਤਿ ਦੇ ਢੀਠ, ਭ੍ਰਿਸ਼ਟ ਅਤੇ ਆਚਰਣ ਰਹਿਤ ਹੁੰਦੇ ਹਨ? ਕੀ ਸਭ ਬੇਕਿਰਕੀ ਨਾਲ ਆਮ ਲੋਕਾਂ ਦੇ ਟੈਕਸ ਤੋਂ ਇਕੱਤਰ ਧੰਨ ਆਪਣੇ ਨਿੱਜੀ ਤੇ ਸੌੜੇ ਸਿਆਸੀ ਮੁਫ਼ਾਦਾਂ ਅਤੇ ਲਾਭਾਂ ਲਈ ਖ਼ਰਚਦੇ ਹਨ? ਜਵਾਬ ਇਹੀ ਹੈ, ਕਿਸੇ ਟਾਵੇਂ-ਟਾਵੇਂ ਨੂੰ ਛੱਡ ਕੇ ਸਭ ਇੱਕੋ ਥੈਲੀ ਦੇ ਚੱਟੇ-ਵੱਟੇ ਹਨ।
ਭਾਰਤ ਅੰਦਰ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੱਦ ਤੋਂ ਵੀ ਵੱਧ ਕਰ ਦਿੱਤੀ। ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਕੱਟੜ ਇਮਾਨਦਾਰੀ-ਸ਼ਿਸ਼ਟਾਚਾਰੀ ਦਾ ਸੰਦੇਸ਼ ਦਿੰਦੇ ਵਚਨ ਦਿੱਤਾ ਕਿ ਜੇ ਉਹ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਵਿੱਚ ਲਿਆਉਣਗੇ ਤਾਂ ਉਹ ਸਰਕਾਰੀ ਬੰਗਲੇ, ਕਾਰਾਂ, ਅੰਗ-ਰਖਿਅਕਾਂ ਅਤੇ ਕਿਸੇ ਵੀ ਤਰ੍ਹਾਂ ਦੀਆਂ ਵੀ.ਆਈ.ਪੀ. ਸਹੂਲਤਾਂ ਨਹੀਂ ਲੈਣਗੇ। ਪਰ ਸੱਤਾ ਪ੍ਰਾਪਤੀ ਤੋਂ ਬਾਅਦ ਸਭ ਕੁਝ…। ਪੰਜਾਬ ਵਿੱਚ ਆਮ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਤਾਂ ਸਿਰ ਤੋਂ ਲੋਈ ਹੀ ਲਾਹ ਕੇ ਰੱਖ ਦਿੱਤੀ। ਪੈਸਾ ਪੰਜਾਬੀ ਟੈਕਸ ਦਾਤਾਵਾਂ ਦਾ, ਪ੍ਰਚਾਰ ਪੂਰੇ ਦੇਸ਼ ’ਚ ਆਮ ਆਦਮੀ ਪਾਰਟੀ ਦਾ। ਸਰਕਾਰ ਪੰਜਾਬੀਆਂ ਦੀ, ਸਾਸ਼ਕ ਦਿੱਲੀ ਵਾਲੇ। ਪਾਰਟੀ ਸੁਪਰੀਮੋ ਨੂੰ ਦੋਹਰੀ ਜ਼ੈੱਡ ਸੁਰੱਖਿਆ। ਮਾਵਾਂ, ਭੈਣਾਂ, ਵਹੁਟੀਆਂ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਚੋਟੀ ਦੀ ਸੁਰੱਖਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਿਆਂ ਦੀਆਂ ਗੋਲਕਾਂ ਅਤੇ 28000 ਏਕੜ ਜ਼ਮੀਨਾਂ ਦੀ ਆਮਦਨ ਪੰਥਕ ਸੰਸਥਾਵਾਂ ਦੇ ਪ੍ਰਸਾਰ, ਸਿੱਖੀ ਦੇ ਪ੍ਰਚਾਰ, ਗਰੀਬ-ਲੋੜਵੰਦਾਂ ਦੀ ਸੇਵਾ-ਸੰਭਾਲ ਦੀ ਥਾਂ ਇਸ ਕਮੇਟੀ ਦੇ ਮੈਂਬਰਾਂ, ਪ੍ਰਧਾਨਾਂ, ਗ੍ਰੰਥੀਆਂ, ਸ਼੍ਰੋਮਣੀ ਅਕਾਲੀ ਦਲ ਦੇ ਇਸ ’ਤੇ ਕਾਬਜ਼ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਕਥਿਤ ਤੌਰ ’ਤੇ ਖਰਚੀ ਜਾ ਰਹੀ ਹੈ।
ਹੁਣ ਅਜਿਹਾ ਹੀ ਇੱਕ ਤਾਜ਼ਾ ਕਾਰਨਾਮਾ ਕੈਨੇਡਾ ਅੰਦਰ ਜਨਤਾ ਦੇ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਹਾਊਸ ਆਫ ਕਾਮਨਜ਼, ਸੈਨੇਟ, ਪ੍ਰੈੱਸ ਅਤੇ ਜਨਤਾ ਵਿੱਚ ਘਮਸਾਣ ਮੱਚ ਗਿਆ ਹੈ। ਕੈਨੇਡਾ ਅੰਦਰ ਖਾਣ-ਪੀਣ ਦੀਆਂ ਵਸਤਾਂ, ਪੈਟਰੋਲ-ਗੈਸ, ਢੋਆ-ਢੁਆਈ, ਘਰਾਂ, ਕਿਰਾਏ ਅਤੇ ਆਮ ਜ਼ਰੂਰੀ ਵਸਤਾਂ ਦੀਆਂ ਦਰਾਂ ਵਿੱਚ ਅਸੀਮ ਵਾਧੇ ਕਰਕੇ ਹਾਹਾਕਾਰ ਮਚੀ ਪਈ ਹੈ। ਇਹ ਮੰਹਿਗਾਈ ਆਮ ਆਦਮੀ ਦਾ ਲੱਕ ਤੋੜ ਰਹੀ ਹੈ। ਕੁਝ ਦਿਨ ਪਹਿਲਾਂ ਸੱਤਾਧਾਰੀ ਲਬਿਰਲ ਪਾਰਟੀ ਦੀ ਉੱਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੇਸ਼ ਨੂੰ ਚਿਤਾਵਨੀ ਜਾਰੀ ਕੀਤੀ ਸੀ ਕਿ ਅਸੀਂ ਬਹੁਤ ਵੱਡੇ ਆਰਥਿਕ ਸੰਕਟ ਵੱਲ ਵਧ ਰਹੇ ਹਾਂ। ਕੁਝ ਲੋਕਾਂ ਨੂੰ ਇਸ ਸੰਕਟ ਕਾਰਨ ਨੌਕਰੀਆਂ ਅਤੇ ਘਰਾਂ ਤੋਂ ਹੱਥ ਧੋਣਾ ਪੈ ਸਕਦਾ ਹੈ ਕਿਉਂਕਿ ਬੈਂਕ ਆਫ ਕੈਨੇਡਾ ਵਿਆਜ ਦੀਆਂ ਦਰਾਂ ਵਿੱਚ ਵਾਧਾ ਕਰ ਰਿਹਾ ਹੈ।
ਇਸੇ ਦੌਰਾਨ ਬਰਤਾਨੀਆ ਦੀ ਮਹਾਰਾਣੀ ਐਲਿਜ਼ਬੈੱਥ ਦਾ 8 ਦਸੰਬਰ ਨੂੰ ਦੇਹਾਂਤ ਹੋ ਗਿਆ। ਕੈਨੇਡਾ ਦੇ ਰਾਜ ਦੀ ਪ੍ਰਮੁੱਖ ਵੀ ਬਰਤਾਨੀਆ ਦੀ ਰਾਣੀ ਜਾਂ ਰਾਜਾ ਚਲੇ ਆ ਰਹੇ ਹਨ। ਇਸ ਲਈ ਇੱਥੋਂ ਵੀ ਇੱਕ ਵੱਡਾ ਵਫ਼ਦ ਮਹਾਰਾਣੀ ਦੇ 21 ਸਤੰਬਰ ਨੂੰ ਸਸਕਾਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗਿਆ। ਲੰਡਨ ਸ਼ਹਿਰ ਦੇ ਹੋਟਲ ਵਿਸ਼ਵ ਦੇ ਮਹਿੰਗਿਆਂ ਹੋਟਲਾਂ ਵਿੱਚੋਂ ਇੱਕ ਹਨ। ਇਨ੍ਹਾਂ ਹੋਟਲਾਂ ਵਿੱਚ ਪਹਿਲਾਂ ਕੀਤੀਆਂ ਬੁਕਿੰਗਾਂ ਵੱਖ-ਵੱਖ ਦੇਸ਼ਾਂ ਵਿੱਚੋਂ ਮਹਾਰਾਣੀ ਦੀਆਂ ਅੰਤਿਮ ਸੰਸਕਾਰ ਰਸਮਾਂ ਵਿੱਚ ਸ਼ਾਮਲ ਹੋਣ ਲਈ ਆਉਣ ਕਰਕੇ ਕੈਂਸਲ ਕਰਨੀਆਂ ਪਈਆਂ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਮਹਾਰਾਣੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਹੋਟਲ ਬੁਕਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਹੈਰਾਨਗੀ ਦੀ ਗੱਲ ਇਹ ਰਹੀ ਕਿ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਹਾਈ ਕਮਿਸ਼ਨਰ ਅਤੇ ਦੂਤਵਾਸ ਘਰਾਂ ਕੋਲ ਲੰਡਨ ਅੰਦਰ ਵੱਡੀਆਂ ਰਿਹਾਇਸ਼ਾਂ, ਗੈਸਟ ਹਾਊਸ ਅਤੇ ਹਰ ਤਰ੍ਹਾਂ ਦੀਆਂ ਸੇਵਾਵਾਂ ਮੌਜੂਦ ਹਨ। ਅਕਸਰ ਵੱਖ-ਵੱਖ ਦੇਸ਼ਾਂ ਦੇ ਵਫ਼ਦ ਅਜਿਹੀਆਂ ਥਾਵਾਂ ’ਤੇ ਰਹਿੰਦੇ ਹਨ। ਕੈਨੇਡਾ ਦਾ ਵੱਡਅਕਾਰੀ ਵਫ਼ਦ ਜਦੋਂ ਮਹਾਰਾਣੀ ਐਲਿਜ਼ਬੈੱਥ ਦੇ ਸਸਕਾਰ ਸਮਾਰੋਹ ਤੋਂ ਵਾਪਸ ਪਰਤਿਆ ਤਾਂ ਉੱਥੇ ਠਹਿਰ ਦਾ ਬਿੱਲ ਕੈਨੇਡਾ ਟੈਕਸ ਦਾਤਾਵਾਂ ’ਤੇ ਕਰੀਬ 4 ਲੱਖ ਡਾਲਰ ਪਾਇਆ ਗਿਆ। ਇੱਕ ਅਤਿ ਮਹਿੰਗੇ ਕੋਰੰਥੀਆ ਲੰਡਨ ਹੋਟਲ ਦਾ ਬਿੱਲ 281400 ਪੌਂਡ ਭਾਵ 35698.70 ਡਾਲਰ ਸੀ। ਜਦੋਂ ਕਿ ਦਰਜਨ ਕੁ ਮਿਲਟਰੀ ਅਤੇ ਪੁਲੀਸ ਕਰਮਚਾਰੀਆਂ ਦਾ ਜਿਨ੍ਹਾਂ ਸਸਕਾਰ ਵੇਲੇ ਘੋੜ ਚੜ੍ਹਿਆਂ ਵਿੱਚ ਸ਼ਾਮਲ ਹੋ ਕੇ ਅਗਵਾਈ ਕਰਨੀ ਸੀ, ਦਾ ਖ਼ਰਚ ਸਟੈਂਸਟੈੱਡ ਏਅਰਪੋਰਟ ਨੇੜੇ ਹਿਲਟਨ ਵਿਖੇ ਠਹਿਰਨ ਦਾ 40,000 ਡਾਲਰ ਆਇਆ ਸੀ।
ਦੇਸ਼ ਅੰਦਰ ਆਰਥਿਕ ਸੰਕਟ ਦੇ ਚੱਲਦੇ, ਇਸ ਫਜ਼ੂਲਖਰਚੀ ਦਾ ਪਰਦਾ ਉਦੋਂ ਫਾਸ਼ ਹੋਇਆ ਜਦੋਂ ਹਾਊਸ ਆਫ ਕਾਮਨਜ਼ ਵਿੱਚ ਵਿਰੋਧੀ ਧਿਰ ਦੇ ਆਗੂ ਪੈਰੇ ਪੋਲੀਵਰ ਨੇ ਖੜ੍ਹੇ ਹੋ ਕੇ ਪੁੱਛਿਆ, ‘‘6000 ਡਾਲਰ ਪ੍ਰਤੀ ਰਾਤ ਵਾਲੇ ਕਮਰੇ ਵਿੱਚ ਕੌਣ ਠਹਿਰਿਆ ਸੀ?’’ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੀਤੇ ਬੁੱਲ੍ਹਾਂ ਦਾ ਜਵਾਬ ਸੀ ਕਿ ਕੈਨੇਡਾ ਇੱਕ ਵੱਡੇ ਵਫ਼ਦ ਨਾਲ ਸਸਕਾਰ ਸਮਾਰੋਹ ’ਤੇ ਗਿਆ ਸੀ। ਇਸ ਵਿੱਚ ਦੋ ਗਵਰਨਰ ਜਨਰਲ, ਸਾਬਕਾ ਗਵਰਨਰ ਜਨਰਲ, ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਜੀਨ ਕਰੀਟਨ, ਪਾਲਮਾਰਟਨ, ਕਿਮ ਕੈਂਪਬੈੱਲ ਆਦਿ ਸ਼ਾਮਲ ਸਨ। ਅਸੀਂ ਸਭ ਹੋਟਲ ਵਿੱਚ ਰਹੇ। ਸਭ ਨੂੰ ਕੈਨੇਡਾ ਤੋਂ ਵੱਡੇ ਵਫ਼ਦ ਸ਼ਮੂਲੀਅਤ ਦੀ ਤਵੱਕੋ ਸੀ।
ਜਦੋਂ ਸੈਨੇਟ ਵਿੱਚ ਟੋਰੀ ਸੈਨੇਟਰ ਡਾਨ ਪਲੈੱਟ ਨੇ ਇਸ ਵੱਡੇ ਬਿੱਲ ਦੀ ਅਦਾਇਗੀ ਬਾਰੇ ਸਵਾਲ ਕੀਤਾ ਤਾਂ ਸੱਤਾਧਾਰੀ ਧਿਰ ਦੇ ਆਗੂ ਮਾਰਕ ਗੋਲਡ ਦਾ ਕਹਿਣਾ ਸੀ ਕਿ ਕੈਨੇਡਾ ਤੋਂ ਮਹਾਰਾਣੀ ਐਲਿਜ਼ਬੈੱਥ ਦੇ ਸਸਕਾਰ ’ਤੇ ਗਵਰਨਰ ਜਨਰਲ ਅਤੇ ਉਸ ਦੇ ਵੱਡੇ ਵਫ਼ਦ ਦਾ ਭਾਗ ਲੈਣਾ ਸੁਭਾਵਿਕ ਸੀ। ਬਹੁਤ ਲੋਕ ਸਮਝਦੇ ਸਨ ਕਿ ਸ਼ਾਇਦ ਗਵਰਨਰ ਜਨਰਲ ਬੀਬੀ ਸਾਇਮੋ, ਪਤੀ ਸਮੇਤ ਉਸ ਹੋਟਲ ਵਿੱਚ ਠਹਿਰੇ ਹੋਣ। ਪਰ ਗਵਰਨਰ ਜਨਰਲ ਹਾਊਸ ਨੇ ਜਵਾਬ ਦਿੱਤਾ ਕਿ ਉਹ ਉਸ ਮਹਿੰਗੇ ਹੋਟਲ ਵਿੱਚ ਨਹੀਂ ਸਨ ਠਹਿਰੇ। ਪਰ ਉਨ੍ਹਾਂ ’ਤੇ ਇਹ ਦੋਸ਼ ਸੀ ਕਿ ਦੁਬਈ ਯਾਤਰਾ ਸਮੇਂ ਹਵਾਈ ਜਹਾਜ਼ ਅੰਦਰ ਖਾਣੇ ਦਾ ਬਿੱਲ ਉਨ੍ਹਾਂ ਨੇ ਵੀ ਕੈਨੇਡਾ ਟੈਕਸ ਦਾਤਾਵਾਂ ’ਤੇ ਇੱਕ ਲੱਖ ਡਾਲਰ ਦਾ ਪਾਇਆ ਸੀ।
ਦਰਅਸਲ, ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਆਪਣੇ ਹਾਈ ਕਮਿਸ਼ਨਰ ਦੀ ਰਿਹਾਇਸ਼ ਵਿੱਚ ਰਹਿਣ ਦੀ ਥਾਂ ਲੰਡਨ ਵਿੱਚ ਸਭ ਤੋਂ ਮਹਿੰਗਾ ਹੋਟਲ ਕੋਰੰਥੀਆ ਲੰਡਨ ਬੁੱਕ ਕੀਤਾ। ਉਸ ਦੇ ਆਮ ਸਵੀਟ ਦਾ ਕਿਰਾਇਆ 2000 ਡਾਲਰ ਪ੍ਰਤੀ ਰਾਤ ਹੈ ਜਦੋਂ ਕਿ ਵਿਸ਼ੇਸ਼ ਸਵੀਟ ਦਾ ਕਿਰਾਇਆ 6000 ਡਾਲਰ ਪ੍ਰਤੀ ਰਾਤ ਹੈ ਜਿਸ ਵਿੱਚ 900 ਵਰਗ ਫੁੱਟ ਰਿਵਰ ਸਵੀਟ ਪੂਰੀ ਬਟਲਰ ਸੇਵਾ, ਮਾਰਬਲ ਬਾਥਰੂਮ, ਬਾਥਰੂਮ ਟੱਬ , ਟੀ.ਵੀ. ਸਮੇਤ ਅਤੇ ਰੇਨ ਸ਼ਾਵਰ ਸੈਂਟਰਲੀ ਹੌਟ ਮੌਜੂਦ ਹੈ। ਇਸੇ ਕਮਰੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਠਹਿਰੇ। ਇੱਥੇ ਵਰਣਨਯੋਗ ਹੈ ਕਿ ਬਕਿੰਘਮ ਪੈਲੇਸ ਨੇੜੇ ਕਲੇਰਿਜ ਹੋਟਲ ਇਸ ਤੋਂ ਸਸਤਾ ਸੀ।
ਕੈਨੇਡਾ ਦੇ ਕਰ ਦਾਤਾ, ਵਿਰੋਧੀ ਧਿਰ ਇਸ ਗੱਲੋਂ ਹੈਰਾਨ ਹਨ ਕਿ ਅਮਰੀਕੀ ਪ੍ਰਧਾਨ ਜੋਅ ਬਾਈਡਨ ਵੀ ਆਪਣੇ ਵੱਡੇ ਵਫ਼ਦ ਸਮੇਤ ਅਮਰੀਕਾ ਵੱਲੋਂ ਇਸ ਸਸਕਾਰ ਸਮਾਰੋਹ ਵਿੱਚ ਸ਼ਾਮਲ ਹੋਏ ਸਨ ਜੋ ਆਪਣੇ ਵਿਨਫੀਲਡ ਦੂਤ ਹਾਊਸ ਵਿੱਚ ਠਹਿਰੇ ਜੋ ਲੰਡਨ ਟਾਊਨ ਹਾਊਸ ਵਜੋਂ ਮਸ਼ਹੂਰ ਹੈ। ਉਨ੍ਹਾਂ ਇੱਕ ਪੈਸਾ ਵੀ ਵਾਧੂ ਆਪਣੇ ਅਮਰੀਕੀ ਕਰ ਦਾਤਾਵਾਂ ’ਤੇ ਨਹੀਂ ਪਾਇਆ।
ਕੈਨੇਡਾ ਹਾਈ ਕਮਿਸ਼ਨਰ ਕੋਲ ਟਰਾਫਲਗਾਰ ਚੌਕ ਦੀ ਨੁੱਕਰ ’ਤੇ ਵੱਡੀ ਹਾਈ ਕਮਿਸ਼ਨਰ ਰਿਹਾਇਸ਼ ਗੈਸਟ ਹਾਊਸ ਸਮੇਤ ਮੌਜੂਦ ਹੈ। ਗਵਰਨਰ ਜਨਰਲ ਅਤੇ ਪ੍ਰਧਾਨ ਮੰਤਰੀ ਸਟਾਫ ਅਤੇ ਵਫ਼ਦ ਸਮੇਤ ਉੱਥੇ ਠਹਿਰ ਸਕਦੇ ਸਨ। ਜਿਸ ਸਵੀਟ ਦਾ ਕਿਰਾਇਆ 6000 ਡਾਲਰ ਪ੍ਰਤੀ ਰਾਤ ਹੈ, ਏਨੀ ਤਾਂ ਆਮ ਕੈਨੇਡੀਅਨਾਂ ਦੀ ਮਹੀਨੇ ਦੀ ਕਮਾਈ ਨਹੀਂ। ਸੋ ਲਾਹਨਤ ਹੈ ਅਜਿਹੀ ਸਰਕਾਰ ਨੂੰ ਜੋ ਆਮ ਕੈਨੇਡੀਅਨਾਂ ਦਾ ਖੂਨ ਚੂਸ ਕੇ ਐਸ਼ ਕਰਦੀ ਹੈ। ਇਸ ਦੌਰਾਨ ਇੱਕ ਸੈਨੇਟਰ ਨੇ ਸੰਤਰੇ ਦੇ ਜੂਸ ਦੀ ਗੱਲ ਕੀਤੀ। ਇਹ ਇੱਕ ਦਹਾਕੇ ਪਹਿਲਾਂ ਦਾ ਮਾਮਲਾ ਹੈ। ਫੈਡਰਲ ਲਬਿਰਲ ਕੰਜ਼ਰਵੇਟਿਵ ਕੈਬਨਿਟ ਮੰਤਰੀ ਬੇਵ ਓਡਾ. ਨੇ ਲੰਡਨ ਵਿੱਚ ਠਾਠ-ਬਾਠ ਵਾਲੇ ਹੋਟਲ ਵਿੱਚ 16 ਡਾਲਰ ਸੰਤਰੇ ਦੇ ਜੂਸ ਦੇ ਪ੍ਰਤੀ ਗਲਾਸ ਦਾ ਆਨੰਦ ਮਾਣਿਆ ਅਤੇ 1000 ਡਾਲਰ ਰੋਜ਼ਾਨਾ ਲਿਮੋਜੀਨ ’ਤੇ ਖਰਚੇ ਸਨ। ਸ਼ਾਇਦ ਕੰਜ਼ਰਵੇਟਿਵ ਭੁੱਲ ਗਏ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ 2012 ਵਿੱਚ ਚੀਨ ਵਿੱਚ ਆਰਥਿਕ ਫੋਰਮ ਵਿੱਚ ਭਾਗ ਲੈਣ ਵੇਲੇ 1 ਮਿਲੀਅਨ ਡਾਲਰ ਦਾ ਮਹਿੰਗਾ ਬਿਲ ਕੈਨੇਡੀਅਨ ਕਰ ਦਾਤਾਵਾਂ ਸਿਰ ਪਾਇਆ ਸੀ। ਕੀ ਤੁਸੀਂ ਜਾਣਦੇ ਹੋ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਨਿਕਸਨ ਚੀਨੀ ਰਾਸ਼ਟਰਪਤੀ ਮਾਓਜੇ ਤੁੰਗ ਨੂੰ ਪੇਈਚਿੰਗ ਵਿਖੇ ਫਰਵਰੀ, 1972 ਨੂੰ ਮਿਲਿਆ ਤਾਂ ਮਾਓ ਨੇ ਟਾਕੀਆ ਲੱਗਾ ਕੋਟ-ਪੈਂਟ ਪਾਇਆ ਹੋਇਆ ਸੀ। ਜਦੋਂ ਨਿਕਸਨ ਨੇ ਇਸ ਬਾਰੇ ਸਵਾਲ ਕੀਤਾ ਤਾਂ ਮਾਓ ਬੋਲੇ, ਮੈਂ ਕਿਵੇਂ ਸੂਟ-ਬੂਟ ਪਹਿਨ ਸਕਦਾ ਜਦੋਂ ਕਰੋੜਾਂ ਚੀਨੀ ਗੁਰਬਤ ਵਿੱਚ ਪਿਸ ਰਹੇ ਹਨ। ਇਹ ਹੈ ਰਾਜਨੀਤਕ ਆਚਰਣ ਜੋ ਟਰੂਡੋ, ਕੇਜਰੀਵਾਲ, ਭਗਵੰਤ ਮਾਨ ਨਹੀਂ ਅਪਣਾ ਸਕੇ, ਜੋ ਜਨਤਕ ਟੈਕਸ ਦਾਤਾਵਾਂ ਦੇ ਖੂਨ ਪਸੀਨੇ ਦੀ ਕਮਾਈ ਤੋਂ ਸੱਤਾਧਾਰੀਆਂ ਵੱਲੋਂ ਐਸ਼ੋ ਇਸ਼ਰਤ ਦਾ ਘਮਸਾਣ ਕੈਨੇਡਾ ਵਿੱਚ ਮਚਿਆ ਹੈ, ਉਸ ਤੋਂ ਭਾਰਤੀ ਨੇਤਾਵਾਂ ਨੂੰ ਵੀ ਸਬਕ ਸਿੱਖਣ ਦੀ ਲੋੜ ਹੈ।
*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।