ਡਾ. ਮਹਿੰਦਰ ਸਿੰਘ*
ਮਾਣਮੱਤਾ ਇਤਿਹਾਸ
ਪੰਜਾਬ ਅਤੇ ਸਿੱਖਾਂ ਨੇ ਆਜ਼ਾਦੀ ਦੇ ਸੰਘਰਸ਼ ਵਿਚ ਅਹਿਮ ਹਿੱਸਾ ਪਾਇਆ। ਭਾਈ ਮਹਾਰਾਜ ਸਿੰਘ ਅਤੇ ਅਹਿਮਦ ਖਾਨ ਖਰਲ ਦੇ ਆਰੰਭਕ ਯਤਨਾਂ ਤੋਂ ਲੈ ਕੇ ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਜਲ੍ਹਿਆਂਵਾਲੇ ਬਾਗ਼ ਨਾਲ ਸਬੰਧਿਤ ਰੌਲਟ ਐਕਟ ਵਿਰੋਧੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਭਗਤ ਸਿੰਘ ਨਾਲ ਸਬੰਧਿਤ ਲਹਿਰ ਅਤੇ ਹੋਰ ਲਹਿਰਾਂ ਅਤੇ ਮੋਰਚਿਆਂ ਵਿਚ ਹਿੱਸਾ ਲੈਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਦਾ ਯੋਗਦਾਨ ਸੂਰਮਗਤੀ ਵਾਲਾ, ਵਿਆਪਕ ਅਤੇ ਬਹੁਪਰਤੀ ਸੀ। ਇਹ ਲੇਖ ਇਸ ਯੋਗਦਾਨ ਦੇ ਅਜਿਹੇ ਕੁਝ ਪੱਖਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਹੈ।
ਜਦੋਂ ਤੱਕ ਸ਼ੇਰਾਂ ਦਾ ਇਤਿਹਾਸ ਲਿਖਣ ਵਾਲੇ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਨਹੀਂ ਜੰਮਦੇ, ਸ਼ਿਕਾਰ ਵਿਚ ਜਿੱਤ ਹਮੇਸ਼ਾ ਸ਼ਿਕਾਰੀ ਦੀ ਹੀ ਹੋਵੇਗੀ।
– ਅਫ਼ਰੀਕਨ ਲੋਕ-ਗਾਥਾ
ਹਿੰਦੋਸਤਾਨ ਦੀ ਆਜ਼ਾਦੀ ਵਿਚ ਸਿੱਖਾਂ ਦੇ ਯੋਗਦਾਨ ਬਾਰੇ ਮੁੜ ਵਿਚਾਰ ਕਰਦਿਆਂ ਸਾਨੂੰ ਪੰਜਾਬ ਦੇ ਬਰਤਾਨਵੀ ਸਾਮਰਾਜ ਵਿਚ ਸ਼ਾਮਲ ਕਰਨ ਉਪਰੰਤ ਉਸ ਦੇ ਪ੍ਰਬੰਧਕੀ ਕਾਰਜ ਕਰਨ ਹਿਤ ਅੰਗਰੇਜ਼ਾਂ ਵੱਲੋਂ ਬਣਾਏ ਗਏ ਮਾਡਲ ਦਾ ਅਧਿਐਨ ਕਰਨਾ ਵੀ ਜ਼ਰੂਰੀ ਹੋਵੇਗਾ ਜਿਸ ਅਧੀਨ ਉਨ੍ਹਾਂ ਨੇ ਸਿੱਖਾਂ ਦੇ ਮਨਾਂ ਨੂੰ ਜਿੱਤਣ ਦੀ ਕੋਸ਼ਿਸ਼ ਦੇ ਨਾਲ ਇਕ ਤਾਂ ਰਵਾਇਤੀ ਜਾਗੀਰਦਾਰਾਂ ਤੇ ਧਾਰਮਿਕ ਨੇਤਾਵਾਂ ਨੂੰ ਖੁੱਲ੍ਹੀਆਂ ਜਗੀਰਾਂ ਦਿੱਤੀਆਂ ਤੇ ਦੂਜਾ, ਉਨ੍ਹਾਂ ਦੇ ਧਾਰਮਿਕ ਅਸਥਾਨਾਂ ’ਤੇ ਅਸਿੱਧੇ ਤੌਰ ’ਤੇ ਕਾਬਜ਼ ਹੋਣ ਲਈ ਕਈ ਤਰ੍ਹਾਂ ਦੀਆਂ ਮਿੱਥਾਂ ਪ੍ਰਚਲਿਤ ਕੀਤੀਆਂ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਮਿੱਥ ਹੈ ਬਰਤਾਨਵੀ ਰਾਜ ਪ੍ਰਤੀ ਸਿੱਖਾਂ ਦੀ ਵਫ਼ਾਦਾਰੀ। ਇਸ ਆਸ਼ੇ ਨੂੰ ਮੁੱਖ ਰੱਖ ਕੇ ਹੀ ਬਰਤਾਨਵੀ ਹਾਕਮਾਂ ਤੇ ਇਤਿਹਾਸਕਾਰਾਂ ਨੇ ਹਿੰਦੋਸਤਾਨ ਦੇ ਲੋਕ ਉਭਾਰਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਅਤੇ ਮੁਲਕ ਦੀ ਅਨੇਕਤਾ ਵਿਚ ਏਕਤਾ ਦੀ ਤਸਵੀਰ ਘਿਣਾਉਣੀ ਬਣਾ ਕੇ ਪੇਸ਼ ਕੀਤੀ। ਬੇਸ਼ੱਕ ਆਜ਼ਾਦ ਭਾਰਤ ਵਿਚ ਦੇਸ਼ ਦੇ ਸੁਤੰਤਰਤਾ ਸੰਗਰਾਮ ਬਾਰੇ ਬਹੁਤ ਸਾਰਾ ਸਾਹਿਤ ਲਿਖਿਆ ਗਿਆ ਹੈ।
ਸੂਰਬੀਰ ਪੰਜਾਬੀਆਂ ਨੇ ਆਜ਼ਾਦੀ ਦੀ ਭਾਵਨਾ ਨੂੰ ਜਿਉਂਦੀ ਰੱਖਿਆ ਅਤੇ ਬਰਤਾਨਵੀ ਹਕੂਮਤ ਖਿਲਾਫ਼ ਰੋਸ ਦੀਆਂ ਵੱਖ ਵੱਖ ਲਹਿਰਾਂ ਦੇ ਰੂਪ ਵਿਚ ਇਸ ਦਾ ਪ੍ਰਗਟਾਵਾ ਹੋਇਆ। ਇਹ ਮਹਿਸੂਸ ਕਰਨ ਮਗਰੋਂ ਕਿ ਆਜ਼ਾਦੀ ਲਈ ਪੰਜਾਬੀਆਂ ਦੇ ਪ੍ਰੇਮ ਨੂੰ ਕੁਚਲ ਸਕਣਾ ਉਨ੍ਹਾਂ ਲਈ ਸੰਭਵ ਨਹੀਂ, ਬਰਤਾਨਵੀ ਹਾਕਮਾਂ ਨੇ ਨਵੇਂ ਪੈਂਤੜੇ ਆਪਣਾ ਕੇ ਡਟਵਾਂ ਵਿਰੋਧ ਕਰਨ ਵਾਲੇ ਜੁਝਾਰੂਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਹੋ ਕਾਰਨ ਸੀ ਕਿ ਨੌਜਵਾਨ ਬਰਤਾਨਵੀ ਪ੍ਰਸ਼ਾਸਕਾਂ ਦਾ ਇਕ ਦਲ, ਖ਼ਾਸਕਰ ਲਾਰੈਂਸ ਭਰਾ, ਹੈਨਰੀ ਤੇ ਜੌਨ ਨੂੰ ਉਚੇਚੇ ਤੌਰ ’ਤੇ ਪੰਜਾਬ ਲਿਆਂਦਾ ਗਿਆ। ਉਨ੍ਹਾਂ ਨੂੰ ਜਿਸ ਢੰਗ ਦਾ ਰਾਜ ਪ੍ਰਬੰਧ ਕਰਨ ਲਈ ਸਿਖਲਾਈ ਦਿੱਤੀ ਸੀ ਉਹ ਮਗਰੋਂ Punjab School of Administration ਕਰਕੇ ਜਾਣਿਆ ਜਾਣ ਲੱਗਾ। ਪੰਜਾਬ ਦੇ ਇਤਿਹਾਸ ਅਤੇ ਪੰਜਾਬੀ ਸੁਭਾਅ ਦੇ ਖ਼ਾਸ ਲੱਛਣਾਂ ਦਾ ਅਧਿਐਨ ਕਰਨ ਮਗਰੋਂ ਇਹ ਨੌਜਵਾਨ ਪ੍ਰਸ਼ਾਸਕ ਇਸ ਨਿਰਣੇ ’ਤੇ ਅੱਪੜੇ ਕਿ ਪੰਜਾਬੀਆਂ ਨੂੰ ਤਾਕਤ ਨਾਲ ਦਬਾਉਣ ਦੀ ਥਾਂ ਇਨ੍ਹਾਂ ਨੂੰ ਬੰਗਾਲੀ ਜਾਗੀਰਦਾਰਾਂ ਦੇ ਮਾਡਲ ਉੱਤੇ ਪੰਜਾਬ ਵਿਚ ਕੁਦਰਤੀ ਆਗੂਆਂ ‘Natural leaders’ ਦੀ ਇਕ ਜਮਾਤ ਖੜ੍ਹੀ ਕਰ ਕੇ ਚੰਗੀ ਤਰ੍ਹਾਂ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਇਸੇ ਨੀਤੀ ਦਾ ਨਤੀਜਾ ਸੀ ਕਿ ਪੰਜਾਬੀ ਸਮਾਜ ਵਿਚ ਗ਼ੈਰ-ਕੁਦਰਤੀ ਵੰਡੀਆਂ ਪਾਈਆਂ ਗਈਆਂ ਜਿਵੇਂ ਸ਼ਹਿਰੀ ਤੇ ਪੇਂਡੂ, ਜ਼ਰਈ ਤੇ ਗੈਰ-ਜ਼ਰਈ, ਜੱਟ ਤੇ ਗ਼ੈਰ-ਜੱਟ ਅਤੇ ਜੁਝਾਰੂ ਤੇ ਅਜੁਝਾਰੂ ਜਾਤੀਆਂ ਦੀਆਂ ਮਿੱਥਾਂ ਪ੍ਰਚਾਰੀਆਂ ਗਈਆਂ। ਫਿਰ ਇਸੇ ਗੱਲ ਨੂੰ ਮੁੱਖ ਰੱਖ ਕੇ ਬਰਤਾਨਵੀ ਹਾਕਮਾਂ ਨੇ ਪਹਿਲਾਂ 1857 ਦੀ ਬਗ਼ਾਵਤ ਦੌਰਾਨ ਪੰਜਾਬ ਦੇ ਲੋਕ-ਉਭਾਰ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਅਤੇ ਇਸ ਵਿਚ ਅਸਫਲ ਹੋ ਕੇ ਉਨ੍ਹਾਂ ਨੇ ਸੂਬੇ ਵਿਚ ਰਾਸ਼ਟਰਵਾਦ ਦੀਆਂ ਪ੍ਰਫੁੱਲਤ ਹੋ ਰਹੀਆਂ ਸ਼ਕਤੀਆਂ ਨੂੰ ਕਮਜ਼ੋਰ ਕਰਨ ਲਈ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਦੀ ਵਫ਼ਾਦਾਰੀ ਦੀ ਮਿੱਥ ਦਾ ਪ੍ਰਚਾਰ ਕੀਤਾ।
ਜਰਮਨ ਵਿਦਵਾਨ ਡੋਲਰਸ ਡੋਮਿਨ ਨੇ 1857 ਦੀ ਲਹਿਰ ਵਿਚ ਸਿੱਖਾਂ ਦੀ ਭੂਮਿਕਾ ਨੂੰ ਆਪਣੇ ਨਬਿੰਧ ਵਿਚ ਪੂਰੇ ਦਸਤਾਵੇਜ਼ੀ ਸਬੂਤਾਂ ਨਾਲ ਉਜਾਗਰ ਕੀਤਾ ਹੈ। ਬੜੇ ਤਰਕਸ਼ੀਲ ਢੰਗ ਨਾਲ ਡੋਮਿਨ ਨੇ ਸਰਕਾਰੀ ਰਿਕਾਰਡ ਖ਼ਾਸ ਤੌਰ ’ਤੇ ‘ਗਦਰ ਤੇ ਪਾਰਲੀਮੈਂਟਰੀ ਪੱਤਰਾਂ’ ਦਾ ਅਧਿਐਨ ਕਰ ਕੇ ਸਿੱਧ ਕੀਤਾ ਹੈ ਕਿ ਆਪਣੇ ਬਾਕੀ ਦੇਸ਼ ਵਾਸੀਆਂ ਦੇ ਨਾਲ ਸਿੱਖਾਂ ਨੇ ਵੀ ਵੱਖ-ਵੱਖ ਯੂਨਿਟਾਂ ਵਿਚ ਬਗ਼ਾਵਤ ਕੀਤੀ ਸੀ। ਉਸ ਨੇ ਬਗ਼ਾਵਤ ਵਿਚ ਉੱਠਣ ਵਾਲੇ ਸਥਾਨਕ ਪਿਆਦਾ, ਝਾਂਸੀ, ਦੀ 12ਵੀਂ ਰੈਜੀਮੈਂਟ ਦੇ ਸੈਂਕੜੇ ਜਵਾਨਾਂ ਦੀਆਂ ਮਿਸਾਲਾਂ ਪੇਸ਼ ਕੀਤੀਆਂ ਹਨ। ਦਿੱਲੀ ਦੇ ਪਤਨ ਤੋਂ ਪਿੱਛੋਂ 25 ਗਦਰੀ ਗ੍ਰਿਫ਼ਤਾਰ ਕੀਤੇ ਗਏ ਸਨ ਜਿਨ੍ਹਾਂ ਵਿਚੋਂ 21 ਨੂੰ ਚੀਫ ਕਮਿਸ਼ਨਰ ਜੌਨ ਲਾਰੈਂਸ ਦੇ ਸਾਹਮਣੇ 5 ਫਰਵਰੀ 1957 ਨੂੰ ਲੁਧਿਆਣੇ ਵਿਚ ਫਾਹੇ ਲਾਇਆ ਗਿਆ। ਇਸੇ ਤਰ੍ਹਾਂ ਮਊ ਵਿਚ 124 ਪੰਜਾਬੀਆਂ ਨੇ ਬਗ਼ਾਵਤ ਕੀਤੀ ਸੀ ਜਿਨ੍ਹਾਂ ਵਿਚੋਂ 68 ਸਿੱਖ ਸਨ। ਪਹਿਲੀ ਜੁਲਾਈ 1858 ਨੂੰ ਲੁਧਿਆਣਾ ਰੈਜੀਮੈਂਟ ਦੇ ਜਵਾਨਾਂ ਨੇ ਬਨਾਰਸ ਵਿਚ ਬਗ਼ਾਵਤ ਕੀਤੀ। ਡੋਮਿਨ ਦੇ ਸ਼ਬਦਾਂ ਵਿਚ, ‘‘37ਵੀਂ ਰੈਜੀਮੈਂਟ ਐਨ.ਆਈ. ਨੂੰ ਤੋੜਨ ਦੀ ਅਸਫ਼ਲ ਕੋਸ਼ਿਸ਼ ਵਿਚ ਸਿੱਖ ਆਪ ਬਗ਼ਾਵਤ ਵਿਚ ਸ਼ਾਮਲ ਹੋਏ ਸਨ।’’
ਸਬੂਤ ਮਿਲਦੇ ਹਨ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਬਗ਼ਾਵਤ ਲਈ ਲੋਕ ਉੱਠੇ। ਅੰਮ੍ਰਿਤਸਰ ਵਿਚ ਵੈਰਾਗੀ ਵੱਡੀ ਗਿਣਤੀ ਵਿਚ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿਚ ਪਾਏ ਗਏ। ਲੁਧਿਆਣੇ ਵਿਚ ਲੋਕਾਂ ਨੇ ਬਾਗ਼ੀਆਂ ਨਾਲ ਸਿਰਫ਼ ਹਮਦਰਦੀ ਹੀ ਨਹੀਂ ਦਿਖਾਈ ਸਗੋਂ ਹਥਿਆਰ ਵੀ ਇਕੱਠੇ ਕੀਤੇ ਜਿਹੜੇ ਮਗਰੋਂ ਸਰਕਾਰ ਦੇ ਕਾਬੂ ਆ ਗਏ। ਪੂਰੇ ਬਾਈ ਬੰਦਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਫਿਰੋਜ਼ਪੁਰ ਵਿਚ ਇਕ ਸਾਧੂ ਨੇ ਵਿਦਰੋਹੀ ਇਰਾਦੇ ਨਾਲ ਆਪਣੇ ਕੁਝ ਪੈਰੋਕਾਰ ਇਕੱਠੇ ਕੀਤੇ। ਉਸ ਨੂੰ ਫਾਹੇ ਲਾਇਆ ਗਿਆ ਤੇ ਉਹਦੇ ਪੈਰੋਕਾਰਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਮੁਕਾਇਆ ਗਿਆ। ਰੋਪੜ (ਹੁਣ ਰੂਪਨਗਰ) ਵਿਚ ਮੋਹਰ ਸਿੰਘ ਨਾਂ ਦੇ ਸਿੱਖ ਨੇ ਬਰਤਾਨਵੀ ਹਕੂਮਤ ਦੇ ਖ਼ਾਤਮੇ ਦਾ ਐਲਾਨ ਕਰਦਿਆਂ ਗਊਕੁਸ਼ੀ ਬੰਦ ਕਰਨ ਤੇ ਮੁਗ਼ਲ ਖਾਲਸਾ ਸਰਕਾਰ ਦੀ ਸਥਾਪਨਾ ਕਰਨ ਦਾ ਐਲਾਨ ਕਰ ਦਿੱਤਾ। ਉਸ ਨੂੰ ਉਸ ਦੇ ਦੋ ਸਾਥੀਆਂ ਸਮੇਤ ਫਾਹੇ ਲਾਇਆ ਗਿਆ। ਸਿਆਲਕੋਟ ਵਿਚ ਤਾਂ ਪੰਜਾਬੀ ਸੈਨਾ ਪੁਲੀਸ ਨੇ ਵੀ ਬਗ਼ਾਵਤ ਕਰ ਦਿੱਤੀ ਸੀ। ਖ਼ਜ਼ਾਨਾ ਲੁੱਟਿਆ ਗਿਆ, 12 ਪਾਉਂਡੀ ਗੋਲੇ ਵਾਲੀ ਤੋਪ ਚੁਰਾ ਲਈ ਗਈ ਤੇ ਅਸਲਾਖਾਨੇ ਉਡਾ ਦਿੱਤੇ ਗਏ। ਪਿੰਡਾਂ ਦੇ ਬਹੁਤ ਸਾਰੇ ਮੁਖੀਏ ਫਾਹੇ ਲਾਏ ਗਏ ਤੇ ਲਗਭਗ ਪੰਝੀ ਪਿੰਡਾਂ ਨੂੰ ਕੋਰੜੇ ਮਾਰੇ ਗਏ। ਪੰਜਾਬ ਵਿਚ ਬਗ਼ਾਵਤ ਨੂੰ ਦਬਾਉਣ ਲਈ ਤਕਰੀਬਨ ਪੰਝੀ ਦਿਨ ਲੱਗੇ ਸਨ।
1907 ਦੀ ਜ਼ਰਈ ਬੇਚੈਨੀ ਸ਼ਾਇਦ ਅੰਗਰੇਜ਼ ਰਾਜ ਖਿਲਾਫ਼ ਪੰਜਾਬੀ ਰੋਸ ਦਾ ਪਹਿਲਾ ਜਥੇਬੰਦ ਪ੍ਰਗਟਾਵਾ ਸੀ। ਸੂਬੇ ਵਿਚ ਵੀ ਤੇ ਬਾਹਰ ਵੀ ਕੌਮੀ ਅਖ਼ਬਾਰਾਂ ਨੇ ਉਨ੍ਹਾਂ ਦੇ ਉਦੇਸ਼ ਦੀ ਹਮਾਇਤ ਕੀਤੀ ਅਤੇ ਬਿਲ ਵਾਪਸ ਲੈਣ ਦੀ ਮੰਗ ਕੀਤੀ। ਲਾਲਾ ਲਾਜਪਤ ਰਾਏ, ਸਰਦਾਰ ਅਜੀਤ ਸਿੰਘ ਤੇ ਸਈਅਦ ਹੈਦਰ ਮਿਰਜ਼ਾ ਵਰਗੇ ਕੌਮੀ ਆਗੂਆਂ ਨੇ ਕਿਸਾਨਾਂ ਨੂੰ ਰਾਜਸੀ ਤੌਰ ’ਤੇ ਚੇਤੰਨ ਕਰਨ ਲਈ ਇਸ ਮੌਕੇ ਨੂੰ ਵਰਤਿਆ। ਬਾਂਕੇ ਦਿਆਲ ਦੇ ਪ੍ਰਸਿੱਧ ਗੀਤ ‘ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ’ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਤਰਸਯੋਗ ਹਾਲਤ ਅਤੇ ਬਰਤਾਨੀਆ-ਪੱਖੀ ਜਾਗੀਰੂ ਰਈਸਾਂ ਵੱਲੋਂ ਕੀਤੀ ਜਾਂਦੀ ਲੁੱਟ-ਖਸੁੱਟ ਦਾ ਚੇਤਾ ਕਰਾਇਆ ਅਤੇ ਉਨ੍ਹਾਂ ਨੂੰ ਬਰਤਾਨਵੀ ਹਕੂਮਤ ਦੀਆਂ ਬੇਇਨਸਾਫ਼ੀਆਂ ਵਿਰੁੱਧ ਮੈਦਾਨ ਵਿਚ ਨਿਤਰਣ ਲਈ ਹਲੂਣਿਆ। ਪੰਜਾਬ ਦੇ ਅਧਿਕਾਰੀਆਂ ਨੇ ਅੰਦੋਲਨਕਾਰੀਆਂ ਤੇ ਉਨ੍ਹਾਂ ਦੇ ਆਗੂਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਅਤੇ ਲਾਲਾ ਲਾਜਪਤ ਰਾਏ ਤੇ ਸ. ਅਜੀਤ ਸਿੰਘ ਨੂੰ ਦੇਸ਼ ਬਦਰ ਕਰ ਦਿੱਤਾ। ਪਰ ਜਦੋਂ ਦਿੱਲੀ ਦੇ ਉੱਚ ਅਧਿਕਾਰੀਆਂ ਨੇ ਮਹਿਸੂਸ ਕੀਤਾ ਕਿ ਚੁੱਕੇ ਗਏ ਕਦਮਾਂ ਨਾਲ ਸਿੱਖ ਸੈਨਿਕਾਂ ਵਿਚ ਬੇਚੈਨੀ ਪੈਦਾ ਹੋ ਗਈ ਹੈ ਤਾਂ ਹਿੰਦੁਸਤਾਨ ਦੇ ਵਾਇਸਰਾਏ ਨੇ ਆਬਾਦਕਾਰੀ ਬਿੱਲ ਵਾਪਸ ਲੈ ਲਿਆ।
ਬਿੱਲ ਦੀ ਵਾਪਸੀ ’ਤੇ ਜ਼ਮੀਨ ਤੇ ਪਾਣੀ ਦੀਆਂ ਦਰਾਂ ਘੱਟ ਕਰਨ ਨਾਲ ਅੰਦੋਲਨ ਠੰਢਾ ਪੈ ਗਿਆ ਪਰ ਜ਼ਰਈ ਬੇਚੈਨੀ ਨੇ ਬਰਤਾਨਵੀ ਹਕੂਮਤ ਵੱਲ ਪੰਜਾਬੀ ਕਿਸਾਨੀ ਦੀ ਵਫ਼ਾਦਾਰੀ ਦੀ ਇਕ ਹੋਰ ਮਿੱਥ ਵੀ ਤੋੜ ਦਿੱਤੀ। ਇਸ ਨਾਲ ਪੰਜਾਬ ਦੇ ਲੋਕਾਂ ਵਿਚ ਬੇਚੈਨੀ ਦਾ ਆਰੰਭ ਹੋਇਆ। ਇਹ ਬੇਚੈਨੀ ਅਤੇ ਸਰਕਾਰ ਪ੍ਰਤੀ ਰੋਹ ਵੱਖ ਵੱਖ ਲਹਿਰਾਂ ਜਿਵੇਂ ਗਦਰ ਲਹਿਰ, ਰੋਲਟ ਐਕਟ ਅੰਦੋਲਨ, ਜਲ੍ਹਿਆਂਵਾਲਾ ਬਾਗ਼ ਦਾ ਦੁਖਾਂਤ, ਅਕਾਲੀ ਲਹਿਰ ਦੇ ਰੂਪ ’ਚ ਉਭਰਿਆ ਅਤੇ ਇਸ ਰੋਹ ਦਾ ਸਿਖਰ ਜਾਂ ਅਤਿ-ਇਨਕਲਾਬੀ ਤੇ ਜੂਝਾਰੂ ਰੂਪ ਬੱਬਰ ਅਕਾਲੀ ਲਹਿਰ, ਕਿਰਤੀ ਕਿਸਾਨ ਅਤੇ ਭਾਰਤ ਨੌਜਵਾਨ ਸਭਾ ’ਚ ਵੇਖਣ ਨੂੰ ਮਿਲਿਆ। ਵਧ ਰਹੀ ਰਾਜਨੀਤਕ ਬੇਚੈਨੀ ਦੇ ਫਲਸਰੂਪ ਅਕਾਲੀ ਸੰਘਰਸ਼ ਵਰਗੀ ਨਿਰੋਲ ਧਾਰਮਿਕ ਲਹਿਰ ਬਰਤਾਨੀਆ ਵਿਰੋਧੀ ਮੋੜ ਕੱਟ ਗਈ ਅਤੇ ਪੰਜਾਬ ਅੰਦਰ ਕੌਮੀ ਸੰਗਰਾਮ ਦਾ ਅਤਿਅੰਤ ਸ਼ਕਤੀਸ਼ਾਲੀ ਪ੍ਰਗਟਾਵਾ ਹੋ ਨਬਿੜੀ। ਇਸ ਗੱਲ ਦਾ ਸਿਹਰਾ ਉਨ੍ਹਾਂ ਦਿਨਾਂ ਦੇ ਆਗੂਆਂ ਦੇ ਸਿਰ ਬੱਝਦਾ ਹੈ ਕਿ ਉਹ ਸਿੱਖਾਂ ਵਿਚਲੀ ਬੇਚੈਨੀ ਨੂੰ ਕਾਬੂ ਵਿਚ ਰੱਖ ਕੇ ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤਮਈ ਅਕਾਲੀ ਲਹਿਰ ਦੀ ਸ਼ਕਲ ਵਿਚ ਸੂਬੇ ਅੰਦਰ ਸ਼ਕਤੀਸ਼ਾਲੀ ਬਰਤਾਨੀਆ ਵਿਰੋਧੀ ਸੰਗਰਾਮ ਵਿਚ ਬਦਲ ਸਕੇ। ਅਕਾਲੀ ਪੰਜਾਬ ਦੇ ਅੰਦਰ ਵੀ ਤੇ ਬਾਹਰ ਵੀ ਧਿਆਨ ਦਾ ਕੇਂਦਰ ਬਣੇ ਰਹੇ, ਇਸ ਲਈ ਉਨ੍ਹਾਂ ਦੇ ਸੰਗਰਾਮ ਦੇ ਵੱਖ-ਵੱਖ ਪਹਿਲੂ ਜਾਣਨੇ ਚਾਹੀਦੇ ਹਨ। ਇਹ ਵੀ ਚਰਚਾ ਕਰਨੀ ਚਾਹੀਦੀ ਹੈ ਕਿ ਕਿਵੇਂ ਪੰਜਾਬ ਦੇ ਇਤਿਹਾਸ ਨੂੰ, ਖ਼ਾਸਕਰ ਨਿਕਟਵਰਤੀ ਸਿੱਖ ਅਤੀਤ ਨੂੰ ਇਉਂ ਪੁਨਰ-ਨਿਰਮਤ ਕੀਤਾ ਜਾ ਰਿਹਾ ਹੈ ਜਿਸ ਦੇ ਸਿੱਖ ਭਾਈਚਾਰੇ ਤੇ ਭਾਰਤੀ ਰਾਜ ਦੋਵਾਂ ਲਈ ਤਬਾਹਕੁੰਨ ਸਿੱਟੇ ਨਿਕਲ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਦਸੰਬਰ 1920 ਵਿਚ ਆਪਣੇ ਜਨਮ ਤੋਂ ਹੀ ਸ਼ਕਤੀਸ਼ਾਲੀ ਧਾਰਮਿਕ-ਰਾਜਨੀਤਕ ਅੰਦੋਲਨ ਲੜੇ ਹਨ। ਇਸ ਦੇ ਤਿੰਨ ਅਤਿ ਜ਼ਬਰਦਸਤ ਅੰਦੋਲਨਾਂ ਦੇ ਤੁਲਨਾਤਮਕ ਅਧਿਐਨ ਦੇ ਕੁਝ ਦਿਲਚਸਪ ਤੱਥ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚ ਸਭ ਤੋਂ ਅਹਿਮ ਇਸ ਦੇ ਆਗੂਆਂ ਦੀ ਭੂਮਿਕਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬੀਤੇ ਵਿਚ ਅਕਾਲੀ ਆਗੂ ਗੁਰਦੁਆਰਾ ਸੁਧਾਰ ਲਹਿਰ ਦੌਰਾਨ (1920-1925) ਲੋਕਾਂ ਦੇ ਧਾਰਮਿਕ ਉਭਾਰ ਨੂੰ ਆਜ਼ਾਦੀ ਲਈ ਹਿੰਦੁਸਤਾਨ ਦੇ ਸੰਗਰਾਮ ਦਾ ਸ਼ਕਤੀਸ਼ਾਲੀ ਸਾਧਨ ਬਣਾ ਦੇਣ ਅਤੇ ਸਿੱਖ ਭਾਈਚਾਰੇ ਨੂੰ ਭਾਰਤੀ ਰਾਸ਼ਟਰਵਾਦ ਦੀ ਮੁੱਖ ਧਾਰਾ ਵਿਚ ਲਿਆਉਣ ਵਿਚ ਸਫ਼ਲ ਹੋਏ ਸਨ। ਬੀਤੇ ਸੰਗਰਾਮ ਦੇ ਤਿੰਨ ਨਿੱਖੜਵੇਂ ਲੱਛਣਾਂ ਨੇ ਇਸ ਨੂੰ ਬਾਅਦ ਦੇ ਅਕਾਲੀ ਅੰਦੋਲਨ ਨਾਲੋਂ ਵਧੇਰੇ ਕਾਰਗਰ ਬਣਾਇਆ। ਪਹਿਲੀ ਗੱਲ ਕਿ ਅਕਾਲੀ ਆਗੂਆਂ ਨੇ ਅਖ਼ਬਾਰਾਂ ਤੇ ਲੋਕ-ਰਾਇ ਦੀ ਲੋੜ ਨੂੰ ਅਨੁਭਵ ਕਰ ਲਿਆ ਸੀ। ਉਨ੍ਹਾਂ ਨੇ ਦੋ ਸਥਾਨਕ ਬੋਲੀਆਂ ਦੇ ਅਖ਼ਬਾਰਾਂ ਅਕਾਲੀ (ਉਰਦੂ) ਅਤੇ ਅਕਾਲੀ ਤੇ ਪਰਦੇਸੀ (ਪੰਜਾਬੀ) ਤੋਂ ਇਲਾਵਾ ਨਾ ਕੇਵਲ ਅੰਗਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਹੀ ਸ਼ੁਰੂ ਕੀਤਾ ਸਗੋਂ ਟ੍ਰਿਬਿਊਨ ਅਖ਼ਬਾਰ ਦੇ ਟਰੱਸਟੀ ਪ੍ਰੋ. ਰੁਚੀ ਰਾਮ ਸਾਹਨੀ ਤੇ ਹੋਰ ਗ਼ੈਰ-ਸਿੱਖ ਜਨਤਾ ਅਤੇ ਰਾਸ਼ਟਰੀ ਆਗੂਆਂ ਨੂੰ ਵੀ ਆਪਣੇ ਨਾਲ ਜੋੜਿਆ। ਦੂਜੇ, ਉਨ੍ਹਾਂ ਨੇ ਸ਼ੁਰੂ ਤੋਂ ਹੀ ਹਿੰਸਾ ਦਾ ਤਿਆਗ ਕੀਤਾ ਅਤੇ ਆਪਣੇ ਨਾਲੋਂ ਵੱਖਰੇ ਹੋਏ ਦਲ ਬੱਬਰ ਅਕਾਲੀਆਂ ਦੀਆਂ ਹਿੰਸਕ ਸਰਗਰਮੀਆਂ ਨੂੰ ਤੁਰੰਤ ਅਪ੍ਰਵਾਨ ਕੀਤਾ। ਤੀਜੀ ਗੱਲ, ਲਹਿਰ ਨੂੰ ਕਦੇ ਵੀ ਸੰਪਰਦਾਇਕ ਰੁਖ਼ ਅਪਣਾਉਣ ਨਹੀਂ ਦਿੱਤਾ ਗਿਆ।
ਇਹ ਗੱਲ ਬੜੀ ਦਿਲਚਸਪ ਹੈ ਕਿ ਬੀਤੇ ਵਿਚ ਵੀ ਅਕਾਲੀ ਆਗੂਆਂ ਵਿਚਕਾਰ ਮਤਭੇਦ ਰਹੇ, ਪਰ ਉਹ ਬਹੁਤ ਹਾਲਤਾਂ ਵਿਚ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉੱਠਣ ਅਤੇ ਬਹੁਤ ਅਹਿਮ ਮਸਲਿਆਂ ਉੱਤੇ ਸਹਿਮਤੀ ਬਣਾਉਣ ਵਿਚ ਸਫ਼ਲ ਹੋਏ। ਇਸ ਤੋਂ ਇਲਾਵਾ ਵੱਖ ਵੱਖ ਆਗੂ ਭਿੰਨ ਭਿੰਨ ਮਸਲਿਆਂ ਵੱਲ ਮਤਭੇਦ ਰੱਖਦੇ ਸਨ, ਪਰ ਉਹ ਆਪਣੇ ਮੁੱਖ ਨਿਸ਼ਾਨਿਆਂ ਬਾਰੇ ਸਪਸ਼ਟ ਸਨ ਅਤੇ ਸਾਂਝੀ ਸਹਿਮਤੀ ਵਾਲੇ ਪ੍ਰੋਗਰਾਮ ਲਈ ਇਕਮੁੱਠ ਹੋ ਕੇ ਖਲੋ ਸਕਦੇ ਸਨ। ਇਸ ਦੇ ਮੁਕਾਬਲੇ ਵਰਤਮਾਨ ਆਗੂ ਇਕ ਤੋਂ ਵਧੇਰੇ ਮੌਕਿਆਂ ਉੱਤੇ ਇਕਮੁੱਠ ਨਹੀਂ ਹੋ ਸਕੇ ਤੇ ਉਨ੍ਹਾਂ ਨੇ ਆਮ ਤੌਰ ’ਤੇ ਆਪਣੇ ਨਿੱਜੀ ਹਿੱਤਾਂ ਤੇ ਹਉਮੈਂ ਨੂੰ ਭਾਈਚਾਰੇ ਦੇ ਵਿਸ਼ਾਲ ਹਿੱਤਾਂ ਨਾਲੋਂ ਤਰਜੀਹ ਦਿੱਤੀ ਹੈ।
ਮਹਾਤਮਾ ਗਾਂਧੀ ਨੇ ਉਸ ਵੇਲੇ ਅਹਿਸੰਕ ਨਾ-ਮਿਲਵਰਤਣ (1920-22) ਦੀ ਵਿਸ਼ਾਲ ਲਹਿਰ ਚਲਾ ਰੱਖੀ ਸੀ। ਉਹ ਸਿੱਖਾਂ ਵੱਲੋਂ ਅਹਿੰਸਕ ਵਿਰੋਧ ਦੀ ਮਿਸਾਲ ਤੋਂ ਬੇਹੱਦ ਪ੍ਰਭਾਵਿਤ ਹੋਇਆ। ਨਨਕਾਣੇ ਦੇ ਸਾਕੇ ਵਿਚ ਸਿੱਖਾਂ ਦੇ ਬੁਲੰਦ ਹੌਸਲੇ ਤੋਂ ਉਹ ਦਿਲ ਦੀਆਂ ਡੂੰਘਾਈਆਂ ਤੱਕ ਟੁੰਬਿਆ ਗਿਆ ਸੀ ਅਤੇ ਅਕਾਲੀ ਸੁਧਾਰਕਾਂ ਨਾਲ ਹਮਦਰਦੀ ਪ੍ਰਗਟਾਉਣ ਲਈ 3 ਮਾਰਚ 1921 ਨੂੰ ਨਨਕਾਣਾ ਸਾਹਿਬ ਆਇਆ ਸੀ। ਵਿਸ਼ੇਸ਼ ਤੌਰ ’ਤੇ ਸਜਾਏ ਗਏ ਇਕ ਸ਼ਹੀਦੀ ਦੀਵਾਨ ਵਿਚ ਹਿੰਦੋਸਤਾਨੀ ਵਿਚ ਸੰਖੇਪ ਜਿਹਾ ਭਾਸ਼ਨ ਦਿੰਦਿਆਂ ਉਸ ਨੇ ਆਖਿਆ ਸੀ ਕਿ ਨਨਕਾਣੇ ਦੀ ਖ਼ਬਰ ਏਨੀ ਹੈਰਾਨ ਕਰਨ ਵਾਲੀ ਸੀ ਕਿ ਅੱਖੀਂ ਡਿੱਠੇ ਬਗ਼ੈਰ ਉਸ ਨੂੰ ਯਕੀਨ ਨਹੀਂ ਸੀ ਆਉਂਦਾ। ਮਹਾਤਮਾ ਗਾਂਧੀ ਨੇ ਮਹੰਤ ਨਰਾਇਣ ਦਾਸ ਤੇ ਉਹਦੇ ਭਾੜੇ ਦੇ ਗੁੰਡਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਅਕਾਲੀ ਸੁਧਾਰਕਾਂ ਦੀ ਸ਼ਹੀਦੀ ਨੂੰ ‘ਰਾਸ਼ਟਰੀ ਸੂਰਬੀਰਤਾ ਦਾ ਅਮਲ’ (An act of national bravery) ਆਖਿਆ।
ਗਾਂਧੀ ਨੇ ਅਕਾਲੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸਥਾਨਕ ਸੰਗਰਾਮ ਦੇ ਘੇਰੇ ਨੂੰ ਵੱਡਾ ਕਰਨ ਅਤੇ ਨਾ-ਮਿਲਵਰਤਣ ਲਹਿਰ ਵਿਚ ਸ਼ਾਮਲ ਹੋ ਕੇ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ। ਅਕਾਲੀ ਆਗੂਆਂ ਉਹਦੀ ਸਲਾਹ ਮੰਨਦਿਆਂ 5 ਮਈ 1921 ਨੂੰ ਨਾ-ਮਿਲਵਰਤਣ ਦੇ ਪੱਖ ਵਿਚ ਰਸਮੀ ਮਤਾ ਪਾਸ ਕਰ ਕੇ ਤੁਰੰਤ ਰਾਸ਼ਟਰੀ ਸੰਗਰਾਮ ਵਿਚ ਸ਼ਾਮਲ ਹੋ ਗਏ। ਅਕਾਲੀਆਂ ਵੱਲੋਂ ਅਹਿੰਸਾ ਦੀ ਸਖ਼ਤ ਪਾਲਣਾ ਨੇ ਗਾਂਧੀ ਨੂੰ ਏਨਾ ਪ੍ਰਭਾਵਿਤ ਕੀਤਾ ਸੀ ਕਿ ਉਹ ਬੜਾ ਚਿਰ ਆਪਣੀਆਂ ਲਿਖਤਾਂ ਤੇ ਤਕਰੀਰਾਂ ਵਿਚ ਨਨਕਾਣੇ ਦੇ ਸਾਕੇ ਦਾ ਜ਼ਿਕਰ ਕਰਦਾ ਰਿਹਾ। ਮੁਲਸ਼ੀ ਪੇਟਾ ਦੇ ਸਤਿਆਗ੍ਰਹਿਆਂ ਨੂੰ ਸੰਬੋਧਨ ਕਰਦਿਆਂ ਉਸ ਆਖਿਆ ਸੀ, ‘‘ਮੈਂ ਮੁਲਸ਼ੀ ਪੇਟਾ ਵਿਚ ਲਛਮਣ ਸਿੰਘ ਤੇ ਦਲੀਪ ਸਿੰਘ ਦੀ ਸੂਰਬੀਰਤਾ ਦੇਖਣਾ ਚਾਹੁੰਦਾ ਹਾਂ। ਆਪਣੀ ਚੀਚੀ ਉਠਾਏ ਬਗ਼ੈਰ ਇਹ ਦੋਵੇਂ ਸੂਰਮੇ ਨਨਕਾਣਾ ਸਾਹਿਬ ਦੇ ਮਹੰਤ ਨਰਾਇਣ ਦਾਸ ਦੇ ਹਮਲੇ ਅੱਗੇ ਬੇਖ਼ੌਫ਼ ਡਟੇ ਰਹੇ ਅਤੇ ਸ਼ਹੀਦੀਆਂ ਪਾ ਗਏ।’’ ਉਨ੍ਹਾਂ ਦੀ ਇਸ ਬਹਾਦਰੀ ਦੀ ਮੇਲਾਗਾਉਂ ਦੇ ਵਸਨੀਕਾਂ ਦੇ ਹਿੰਸਕ ਅਮਲਾਂ ਨਾਲ ਤੁਲਨਾ ਕਰਦਿਆਂ ਗਾਂਧੀ ਨੇ ਆਖਿਆ ਸੀ: ‘‘ਜੇ ਇਨ੍ਹਾਂ ਦੋਹਾਂ ਭਾਈਆਂ (ਲਛਮਣ ਸਿੰਘ ਤੇ ਦਲੀਪ ਸਿੰਘ) ਨੇ ਨਨਕਾਣਾ ਸਾਹਿਬ ਵਿਚ ਅਤਿ ਦੇ ਸਾਊਆਂ ਵਾਲਾ ਵਿਹਾਰ ਕੀਤਾ ਤਾਂ ਮੇਲਾਗਾਉਂ ਦੇ ਵਾਸੀਆਂ ਨੇ ਓਨਾ ਹੀ ਅਤਿ ਦਾ ਘਿਨੌਣਾਪਣ ਦਰਸਾਇਆ ਹੈ।’’
ਅਕਾਲੀ ਲਹਿਰ ਦੌਰਾਨ ਕਾਂਗਰਸ ਨੂੰ ਮਹਾਤਮਾ ਗਾਂਧੀ ਦੇ ਸ਼ੁਰੂ ਕੀਤੇ ਨਾ-ਮਿਲਵਰਤਣ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਅਤੇ ਪੰਜਾਬ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਮਿਲਿਆ। ਅਕਾਲੀ ਆਗੂਆਂ ਨੂੰ ਆਪਣੇ ਨਾਲ ਜੋੜ ਕੇ ਉਹ ਸਿੱਖ ਜਨ-ਸਮੂਹ, ਜਿਹੜਾ ਹੁਣ ਤੱਕ ਕਾਂਗਰਸ ਦੇ ਪ੍ਰੋਗਰਾਮ ਤੋਂ ਦੂਰ ਹੀ ਸੀ, ਦੇ ਬਹੁਤੇ ਹਲਕਿਆਂ ਨੂੰ ਪ੍ਰਭਾਵਿਤ ਕਰਨ ਵਿਚ ਕਾਮਯਾਬ ਹੋਏ।
ਅਕਾਲੀਆਂ ਨੂੰ ਸਰਕਾਰ ਖਿਲਾਫ਼ ਉਨ੍ਹਾਂ ਦੇ ਅਹਿੰਸਕ ਸੰਗਰਾਮ ਵਿਚ ਇਖ਼ਲਾਕੀ ਹਮਾਇਤ ਦੇਣ ਲਈ ਕਾਂਗਰਸੀ ਆਗੂਆਂ ਨੇ ਰਸਮੀ ਮਤੇ ਪਾਸ ਕੀਤੇ ਤੇ ਆਪਣੀ ਪੂਰਨ ਸਮਰੱਥਾ ਨਾਲ ਉਸ ਦੀ ਹਮਾਇਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਸਰਕਾਰੀ ਹਮਲਿਆਂ ਨੂੰ ਸਾਰੇ ਹਿੰਦੋਸਤਾਨੀਆਂ ਦੇ ਸੁਤੰਤਰ ਸੰਗਠਨ ਬਣਾਉਣ ਦੇ ਅਧਿਕਾਰ ਲਈ ਚੁਣੌਤੀ ਅਤੇ ਆਜ਼ਾਦੀ ਦੀਆਂ ਸਭਨਾਂ ਲਹਿਰਾਂ ਉੱਤੇ ਇਕ ਸੱਟ ਆਖਿਆ। ਸੱਤਿਆਗ੍ਰਹਿ ਕਮੇਟੀ ਦੇ ਕਨਵੀਨਰ ਡਾ. ਕਿਚਲੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ‘‘ਅਕਾਲੀ ਸੰਗਰਾਮ ਹੁਣ ਇਕ ਰਾਸ਼ਟਰੀ ਸੰਗਰਾਮ ਹੈ।’’
ਇਖ਼ਲਾਕੀ ਸਹਾਇਤਾ ਦੇਣ ਦੇ ਰਸਮੀ ਮਤੇ ਪਾਸ ਕਰਨ ਦੇ ਨਾਲ ਨਾਲ ਕਾਂਗਰਸੀ ਆਗੂਆਂ ਨੇ ਅਕਾਲੀਆਂ ਦੇ ਪ੍ਰਚਾਰ ਦੇ ਕੰਮ ਵਿਚ ਹੱਥ ਵਟਾਉਣ ਲਈ ਕਾਂਗਰਸੀ ਵਾਲੰਟੀਅਰ ਭੇਜ ਕੇ ਉਨ੍ਹਾਂ ਦੀ ਨਿੱਗਰ ਵਿਹਾਰਕ ਮਦਦ ਕੀਤੀ। ਅਕਾਲੀਆਂ ਤੇ ਕਾਂਗਰਸ ਦੀਆਂ ਸਰਗਰਮੀਆਂ ਵਿਚ ਤਾਲਮੇਲ ਰੱਖਣ ਅਤੇ ਪ੍ਰਚਾਰ ਮਸ਼ੀਨਰੀ ਸੁਗਠਿਤ ਕਰਨ ਵਿਚ ਸਮਕਾਲੀਆਂ ਦੀ ਮਦਦ ਲਈ ਅੰਮ੍ਰਿਤਸਰ ਵਿਖੇ ਅਕਾਲੀ ਸਹਾਇਕ ਬਿਊਰੋ ਕਾਇਮ ਕੀਤਾ ਗਿਆ ਸੀ। ਤਕਰੀਬਨ ਸਾਰੇ ਅਹਿਮ ਰਾਸ਼ਟਰੀ ਆਗੂ, ਜਿਨ੍ਹਾਂ ਵਿਚ ਮਹਾਤਮਾ ਗਾਂਧੀ, ਪੰਡਿਤ ਮਦਨ ਮੋਹਨ ਮਾਲਵੀਆ, ਪੰਡਿਤ ਜਵਾਹਰ ਲਾਲ ਨਹਿਰੂ, ਮੌਲਾਨਾ ਮੁਹੰਮਦ ਅਲੀ ਅਤੇ ਹਕੀਮ ਅਜਮਲ ਖਾਂ ਸ਼ਾਮਲ ਸਨ, ਨਨਕਾਣੇ, ਗੁਰੂ ਕਾ ਬਾਗ਼ ਅਤੇ ਅਕਾਲੀ ਸਰਗਰਮੀ ਦੀਆਂ ਦੂਜੀਆਂ ਥਾਵਾਂ ਉੱਤੇ ਘਟਨਾਵਾਂ ਦੀ ਸਿੱਧੀ ਜਾਣਕਾਰੀ ਪ੍ਰਾਪਤ ਕਰਨ ਅਤੇ ਸਲਾਹ ਮਸ਼ਵਰਾ ਤੇ ਇਖ਼ਲਾਕੀ ਸਮਰਥਨ ਦੇ ਕੇ ਅਕਾਲੀਆਂ ਦੀ ਮਦਦ ਕਰਨ ਲਈ ਪੁੱਜੇ। ਸਤੰਬਰ 1923 ਵਿਚ ਦਿੱਲੀ ਵਿਖੇ ਹੋਏ ਕਾਂਗਰਸ ਦੇ ਇਕ ਵਿਸ਼ੇਸ਼ ਸਮਾਗਮ ਵਿਚ ਨਾਭੇ ਦੀ ਸਿੱਖ ਰਿਆਸਤ ਵਿਚ ਅਕਾਲੀ ਅੰਦੋਲਨ ਦੀ ਹਮਾਇਤ ਦਾ ਇਕ ਮਤਾ ਪਾਸ ਕੀਤਾ ਗਿਆ। ਇਹ ਫ਼ੈਸਲਾ ਵੀ ਕੀਤਾ ਗਿਆ ਕਿ ਰਾਜਸੀ ਘਟਨਾ-ਪ੍ਰਵਾਹ ਦੀ ਸਿੱਧੀ ਜਾਣਕਾਰੀ ਪ੍ਰਾਪਤ ਕਰਨ ਲਈ ਕਾਂਗਰਸ ਨਿਰੀਖਕ ਭੇਜੇ ਜਾਣ। ਇਸ ਉਦੇਸ਼ ਲਈ ਭੇਜੇ ਗਏ ਜਵਾਹਰਲਾਲ ਨਹਿਰੂ, ਏ.ਟੀ. ਗਿਡਵਾਨੀ ਅਤੇ ਕੇ. ਸਨਥਾਨਮ ਰਿਆਸਤ ਦੇ ਇਲਾਕੇ ਵਿਚ ਦਾਖ਼ਲ ਹੁੰਦਿਆਂ ਹੀ ਗ੍ਰਿਫ਼ਤਾਰ ਕਰ ਲਏ ਗਏ ਅਤੇ ਨਾਭਾ ਦੇ ਬਰਤਾਨਵੀ ਪ੍ਰਸ਼ਾਸਕ ਦੀ ਆਗਿਆ ਲਏ ਬਗ਼ੈਰ ਰਿਆਸਤ ਵਿਚ ਦਾਖ਼ਲ ਹੋਣ ਦੇ ਜੁਰਮ ਵਿਚ ਸੀਖਾਂ ਪਿੱਛੇ ਡੱਕ ਦਿੱਤੇ ਗਏ। ਨਾਭਾ ਜੇਲ੍ਹ ਵਿਚ ਰਹਿੰਦਿਆਂ ਅਤੇ ਫੇਰ ਆਪਣੇ ਮੁਕੱਦਮਿਆਂ ਦੌਰਾਨ ਕਾਂਗਰਸੀ ਨਿਰੀਖਕਾਂ ਨੇ ਅਕਾਲੀਆਂ ਦੇ ਉਦੇਸ਼ ਤੇ ਉਨ੍ਹਾਂ ਦੀਆਂ ਮੁਸੀਬਤਾਂ ਦੀ ਸੱਚਾਈ ਬਾਰੇ ਸਿੱਧੀ ਜਾਣਕਾਰੀ ਹੀ ਨਹੀਂ ਸੀ ਪ੍ਰਾਪਤ ਕੀਤੀ ਸਗੋਂ ਉਨ੍ਹਾਂ ਨੂੰ ਬਰਤਾਨਵੀ ਪ੍ਰਸ਼ਾਸਕ ਦੇ ਕੰਟਰੋਲ ਹੇਠ ਨਾਭੇ ਦੀ ਸਿੱਖ ਰਿਆਸਤ ਵਿਚ ਪ੍ਰਸ਼ਾਸਨ ਦੇ ਆਪਹੁਦਰੇਪਣ ਅਤੇ ਨੌਕਰਸ਼ਾਹੀ ਦੀ ਧੱਕੇਸ਼ਾਹੀ ਬਾਰੇ ਜਾਣਨ ਦਾ ਮੌਕਾ ਵੀ ਮਿਲਿਆ। ਜਜ਼ਬਾਤ ਨਾਲ ਗੜੁੱਚ ਅਤੇ ਅਕਾਲੀਆਂ ਦੀ ਅਤਿ ਦੀ ਆਜ਼ਾਦੀ ਸੰਘਰਸ਼ ਵਿਚ ਪੰਜਾਬ ਤੇ ਸਿੱਖਾਂ ਦਾ ਯੋਗਦਾਨ ਪ੍ਰਸ਼ੰਸਾ ਕਰਦੇ ਇਕ ਲੰਮੇ ਹੱਥ-ਲਿਖਤ ਬਿਆਨ ਵਿਚ ਨਹਿਰੂ ਨੇ ਨਾਭੇ ਦੇ ਬਰਤਾਨਵੀ ਪ੍ਰਸ਼ਾਸਕ ਤੇ ਰਿਆਸਤ ਦੀ ਅਦਾਲਤੀ ਮਸ਼ੀਨਰੀ ਉੱਤੇ ਉਨ੍ਹਾਂ ਦੇ ‘ਬੇਅਸੂਲੇ ਤੇ ਫਰੇਬੀ ਤੌਰ ਤਰੀਕਿਆਂ’ ਦੀ ਸਖ਼ਤ ਨਿਖੇਧੀ ਕੀਤੀ। ਅਕਾਲੀਆਂ ਬਾਰੇ ਸਿੱਧੀ ਜਾਣਕਾਰੀ ਪ੍ਰਾਪਤ ਕਰ ਕੇ ਨਹਿਰੂ ਉਨ੍ਹਾਂ ਦਾ ਵੱਡਾ ਪ੍ਰਸ਼ੰਸਕ ਬਣ ਗਿਆ। ਉਸ ਦੀ ਕਾਮਨਾ ਸੀ ਕਿ ਉਹ ‘ਉਨ੍ਹਾਂ ਦੀ ਉੱਚ ਪਰੰਪਰਾ ਅਤੇ ਸ਼ਲਾਘਾਯੋਗ ਦਲੇਰੀ ਦੇ ਕਾਬਲ’ ਸਿੱਧ ਹੋਵੇ। ਤੇਈ ਨਵੰਬਰ 1923 ਨੂੰ ਨਾਭਾ ਜੇਲ੍ਹ ਵਿਚ ਲਿਖੇ ਉਸ ਦੇ ਮੂਲ ਬਿਆਨ ਦਾ ਆਖ਼ਰੀ ਪੈਰ੍ਹਾ ਇਉਂ ਹੈ:
ਮੈਂ ਜੇਲ੍ਹ ਵਿਚ ਸਾਂ ਜਦੋਂ ਸਿੱਖਾਂ ਨੇ ਗੁਰੂ ਕਾ ਬਾਗ਼ ਦਾ ਸੰਗਰਾਮ ਬਹਾਦਰੀ ਨਾਲ ਲੜਿਆ ਤੇ ਜਿੱਤਿਆ। ਮੈਨੂੰ ਅਕਾਲੀਆਂ ਦੀ ਦਲੇਰੀ ਤੇ ਕੁਰਬਾਨੀ ’ਤੇ ਰਸ਼ਕ ਆਉਂਦਾ ਸੀ। ਮੇਰੀ ਕਾਮਨਾ ਸੀ ਕਿ ਮੈਨੂੰ ਕਿਸੇ ਸੇਵਾ ਦੇ ਰੂਪ ਵਿਚ ਉਨ੍ਹਾਂ ਦੀ ਹਾਰਦਿਕ ਪ੍ਰਸ਼ੰਸਾ ਕਰਨ ਦਾ ਮੌਕਾ ਮਿਲੇ। ਇਹ ਮੌਕਾ ਹੁਣ ਮੇਰੇ ਹੱਥ ਆ ਗਿਆ ਹੈ ਅਤੇ ਤੀਬਰ ਆਸ ਹੈ ਕਿ ਮੈਂ ਉਨ੍ਹਾਂ ਦੀ ਉੱਚ ਪਰੰਪਰਾ ਤੇ ਸ਼ਲਾਘਾਯੋਗ ਦਲੇਰੀ ਦੇ ਕਾਬਲ ਸਿੱਧ ਹੋਵਾਂਗਾ। ਸਤਿ ਸ੍ਰੀ ਅਕਾਲ।
ਅਕਾਲੀ ਲਹਿਰ ਨੂੰ ਦਿੱਤੀ ਸਹਾਇਤਾ ਬਦਲੇ ਕਾਂਗਰਸੀ ਆਗੂ ਅਕਾਲੀ ਆਗੂਆਂ ਵਿਚ ਚੰਗਾ ਅਸਰ ਰਸੂਖ਼ ਬਣਾਉਣ ਦੇ ਯੋਗ ਹੋਏ ਅਤੇ ਉਨ੍ਹਾਂ ਰਾਹੀਂ ਕਾਂਗਰਸ ਦਾ ਪ੍ਰੋਗਰਾਮ ਸਿੱਖ ਜਨ-ਸਮੂਹ ਤੱਕ ਲੈ ਗਏ। ਇਹ ਮੁੱਖ ਰੂਪ ਵਿਚ ਅਕਾਲੀ ਆਗੂਆਂ ਉੱਤੇ ਰਾਸ਼ਟਰਵਾਦੀ ਪ੍ਰਭਾਵ ਦਾ ਹੀ ਸਿੱਟਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਂਤਮਈ ਨਾ-ਮਿਲਵਰਤਣ ਨੂੰ ਇਕ ਹਥਿਆਰ ਵਜੋਂ ਅਪਣਾ ਸਕੀ ਜਿਸ ਨਾਲ ਉਹ ਪੰਜਾਬ ਵਿਚ ਸ਼ਕਤੀਸ਼ਾਲੀ ਨੌਕਰਸ਼ਾਹੀ ਖਿਲਾਫ਼ ਲੜੀ ਅਤੇ ਗੁਰਦੁਆਰਾ ਸੁਧਾਰ ਦੇ ਆਪਣੇ ਪਹਿਲੇ ਪ੍ਰੋਗਰਾਮ ਦੇ ਘੇਰੇ ਨੂੰ ਵਿਸ਼ਾਲ ਬਣਾ ਸਕੀ।
ਸ਼ਾਂਤਮਈ ਅਕਾਲੀ ਅੰਦੋਲਨ ਨੂੰ ਠੱਲ੍ਹ ਪਾਉਣ ਵਿਚ ਅਸਫ਼ਲ ਹੋ ਕੇ, ਸਰਕਾਰ ਨੇ ਸਾਰੇ ਗ੍ਰਿਫ਼ਤਾਰ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਕੇ ਅਤੇ ਤੋਸ਼ੇਖਾਨੇ ਦੀਆਂ ਚਾਬੀਆਂ ਬਾਬਾ ਖੜਕ ਸਿੰਘ ਦੇ ਹਵਾਲੇ ਕਰ ਕੇ ਸਿੱਖਾਂ ਵਿਚ ਫੁੱਟ ਪਾਉਣ ਦੀ ਸੋਚੀ। ਸਰਕਾਰ ਦੀ ਹਾਰ ਨੂੰ ਰਾਸ਼ਟਰੀ ਆਗੂਆਂ ਨੇ ਭਾਰਤੀ ਰਾਸ਼ਟਰਵਾਦ ਦੀਆਂ ਸ਼ਕਤੀਆਂ ਦੀ ਨਿਰਣਾਇਕ ਜਿੱਤ ਦੱਸਿਆ। ਮਹਾਤਮਾ ਗਾਂਧੀ ਨੇ ਇਸ ਮੌਕੇ ਬਾਬਾ ਖੜਕ ਸਿੰਘ ਨੂੰ ਤਾਰ ਭੇਜੀ ਜਿਸ ਵਿਚ ਕਿਹਾ ਸੀ, ‘‘ਭਾਰਤ ਦੀ ਆਜ਼ਾਦੀ ਦੀ ਪਹਿਲੀ ਫੈਸਲਾਕੁਨ ਲੜਾਈ ਜਿੱਤ ਲਈ ਗਈ। ਵਧਾਈ।’’
ਜੁਲਾਈ 1925 ਵਿਚ ਸਿੱਖ ਗੁਰਦੁਆਰਾ ਬਿੱਲ ਪਾਸ ਹੋਣ ਨਾਲ ਪੰਜ ਸਾਲ ਤੋਂ ਚੱਲ ਰਿਹਾ ਅਕਾਲੀ ਅੰਦੋਲਨ ਖ਼ਤਮ ਹੋ ਗਿਆ ਅਤੇ ਅਕਾਲੀ ਆਗੂਆਂ ਦੀ ਰਿਹਾਈ ਉੱਤੇ ਲਾਈਆਂ ਸ਼ਰਤਾਂ ਨਾਲ ਉਨ੍ਹਾਂ ਵਿਚ ਪਾਟੋ-ਧਾੜ ਪੈ ਗਿਆ। ਨਰਮ ਦਲੀਆਂ ਨੇ ਸ਼ਰਤਾਂ ਉੱਤੇ ਰਿਹਾਈ ਮੰਨ ਲਈ ਤੇ ਜੇਲ੍ਹਾਂ ਤੋਂ ਰਿਹਾਅ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰ ਲਿਆ ਪਰ ਇਕ ਸਾਲ ਮਗਰੋਂ ਗਰਮ ਦਲੀਆਂ ਨੇ ਆਪਣੀ ਬੇਸ਼ਰਤ ਰਿਹਾਈ ਮਗਰੋਂ ਉਨ੍ਹਾਂ ਨੂੰ ਗੱਦੀਓਂ ਲਾਹ ਦਿੱਤਾ। ਬਰਤਾਨਵੀ ਸਰਕਾਰ ਨੇ ਨਰਮ ਦਲ ਦੀ ਸਹਾਇਤਾ ਕਰਨ ਲਈ ਪੂਰੀ ਵਾਹ ਲਾਈ ਪਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਮੁੜ ਕਦੇ ਗਾਲਬ ਨਹੀਂ ਹੋ ਸਕੀ। 1907 ਦੇ ਕਿਸਾਨੀ ਅੰਦੋਲਨ, ਗ਼ਦਰ ਲਹਿਰ ਦੇ ਜੁਝਾਰੂਆਂ ਅਤੇ ਅਕਾਲੀਆਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾ ਕੇ ਅੰਗਰੇਜ਼ੀ ਸਰਕਾਰ ਵੱਲੋਂ ਪ੍ਰਚਾਰੀਆਂ ਗਈਆਂ ਸਿੱਖਾਂ ਦੀ ਰਾਜ ਪ੍ਰਤੀ ਵਫ਼ਾਦਾਰੀ ਦੀਆਂ ਸਾਰੀਆਂ ਮਿੱਥਾਂ ਤੋੜੀਆਂ ਗਈਆਂ।
ਅਕਾਲੀ ਲਹਿਰ ਨੇ ਅਹਿੰਸਕ ਨਾ-ਮਿਲਵਰਤਣ ਦੇ ਸਿਧਾਂਤ ਦੀ ਕਾਰਗਰਤਾ ਦਾ ਓਦੋਂ ਸਪੱਸ਼ਟ ਵਿਖਾਲਾ ਕਰ ਦਿੱਤਾ, ਜਦੋਂ ਪੰਜਾਬ ਵਿਚ ਅਕਾਲੀਆਂ ਨੇ ਸ਼ਾਂਤਮਈ ਸਾਧਨ ਵਰਤ ਕੇ ਮਹੰਤਾਂ ਨੂੰ ਸਿੱਖ ਧਰਮ-ਅਸਥਾਨਾਂ ਵਿਚ ਉਨ੍ਹਾਂ ਦੀਆਂ ਵਿਰਾਸਤੀ ਪੁਜ਼ੀਸ਼ਨਾਂ ਅਤੇ ਸਰਕਾਰ ਨੂੰ ਉਸ ਦੇ ਨਾ-ਮੁਨਾਸਬਿ ਪੈਂਤੜੇ ਤੋਂ ਉਖਾੜ ਦਿੱਤਾ। ਰਾਸ਼ਟਰਵਾਦ ਦੀਆਂ ਸ਼ਕਤੀਆਂ ਨੂੰ ਮਜ਼ਬੂਤ ਕਰਨ ਵਿਚ ਅਕਾਲੀਆਂ ਦੀ ਦੇਣ ਬਾਰੇ ‘ਅਕਾਲੀ ਤੇ ਪਰਦੇਸੀ’ ਨੇ ਥੋੜ੍ਹੇ ਸ਼ਬਦਾਂ ਵਿਚ ਲਿਖਿਆ: ‘‘ਅਕਾਲੀਆਂ ਨੇ ਹਿੰਦੋਸਤਾਨੀਆਂ ਨੂੰ ਦਿਖਾ ਦਿੱਤਾ ਹੈ ਕਿ ਕਿਵੇਂ ਸ਼ਾਂਤਮਈ ਸੱਤਿਆਗ੍ਰਹਿ ਦੁਆਰਾ ਅਤਿਅੰਤ ਘੁਮੰਡੀ, ਦਮਨਕਾਰੀ, ਚਲਾਕ ਤੇ ਮੱਕਾਰ ਨੌਕਰਸ਼ਾਹੀ ਦੇ ਗੋਡੇ ਲਵਾਏ ਜਾ ਸਕਦੇ ਹਨ। ਗੁਰੂ ਕਾ ਬਾਗ਼ ਵਿਖੇ ਕੁਰਬਾਨੀਆਂ ਦੇ ਕੇ ਉਨ੍ਹਾਂ ਨੇ ਨੌਕਰਸ਼ਾਹੀ ਦੇ ਵੱਕਾਰ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ ਅਤੇ ਹਿੰਦੋਸਤਾਨ ਦੀ ਸ਼ਾਨ ਵਧਾਈ ਹੈ।’’
* ਡਾਇਰੈਕਟਰ, ਨੈਸ਼ਨਲ ਇੰਸਟੀਟਿਊਟ ਆਫ ਪੰਜਾਬ ਸਟਡੀਜ਼, ਭਾਈ ਵੀਰ ਸਿੰਘ ਸਾਹਿੱਤ ਸਦਨ, ਨਵੀਂ ਦਿੱਲੀ।