ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਦੁਰਗਾ ਭਾਬੀ ਨੂੰ ਸਮਰਪਿਤ ਤਿੰਨ ਦਿਨਾ ਸਿਖਿਆਰਥੀ ਚੇਤਨਾ ਕੈਂਪ ਦੀ ਸਮਾਪਤੀ ਮੌਕੇ ਜੋ ਸਰਵੇ-ਫਾਰਮ ਸਿਖਿਆਰਥੀ ਭਰ ਕੇ ਗਏ ਹਨ, ਉਨ੍ਹਾਂ ਤੋਂ ਸਮਾਜੀ ਜੀਵਨ ਦੇ ਬਹੁ-ਪੱਖਾਂ ’ਤੇ ਗੰਭੀਰ, ਤੱਥ ਭਰਪੂਰ ਖੋਜ-ਪੜਤਾਲ ਕਰਨ ਦੀਆਂ ਸੈਨਤਾਂ ਮਿਲਦੀਆਂ ਹਨ।
ਕੱਚੀ ਪੱਕੀ ਮਜ਼ਦੂਰੀ ਕਰਕੇ, ਦੋ ਡੰਗ ਰੋਟੀ ਦਾ ਮੁਸ਼ਕਿਲ ਨਾਲ ਹੀਲਾ ਕਰਦੇ ਪਰਿਵਾਰਾਂ ਵਿਚੋਂ ਸਿਖਿਆਰਥੀ ਚੇਤਨਾ ਕੈਂਪ ਵਿਚ ਸ਼ਾਮਲ ਹੋਏ 90 ਪ੍ਰਤੀਸ਼ਤ ਸਿਖਿਆਰਥੀਆਂ ਦੀ ਹਾਜ਼ਰੀ, ਸਮਾਜਿਕ ਦਰਪਣ ਅਤੇ ਪੇਂਡੂ ਆਰਥਿਕ, ਸਮਾਜਿਕ, ਸਭਿਆਚਾਰਕ ਜੀਵਨ ਸ਼ੈਲੀ ਵਿਚ ‘ਅੰਕੁਰ’ ਫਿਲਮ ਦੇ ਕਲਾਈਮੈਕਸ ਵਾਂਗ ਫੁੱਟ ਰਹੇ ਨਵੇਂ ਅੰਕੁਰ ਦੇ ਦੀਦਾਰ ਕਰਾਉਂਦੀ ਹੈ।
ਪੜ੍ਹੇ-ਲਿਖੇ, ਸਰਕਾਰੀ, ਅਰਧ-ਸਰਕਾਰੀ ਜਾਂ ਪ੍ਰਾਈਵੇਟ ਖੇਤਰ ਅੰਦਰ ਨੌਕਰੀ ਕਰਦੇ ਪਰਿਵਾਰਾਂ ਵਿਚੋਂ ਸਿਖਿਆਰਥੀ ਸਭ ਤੋਂ ਘੱਟ ਗਿਣਤੀ ਵਿਚ ਆਏ। ਖੇਤੀ ਕਿੱਤੇ ਨਾਲ ਜੁੜੇ ਪਰਿਵਾਰਾਂ ਦੀ ਹਾਜ਼ਰੀ ਵੀ ਇਕੋ ਅੰਕੜੇ ਦੇ ਪ੍ਰਤੀਸ਼ਤ ਲਾਗੇ ਹੈ। ਦਿਹਾੜੀ ਦੱਪਾ, ਰੇਹੜੀ ਫੜ੍ਹੀ ਲਾਉਂਦੇ, ਵੰਨ-ਸਵੰਨੀ ਟੁੱਟਵੀਂ ਮਜ਼ਦੂਰੀ ਕਰਦੇ ਪਰਿਵਾਰਾਂ ਵਿਚੋਂ ਆਉਣ ਵਾਲਿਆਂ ਦੀ ਗਿਣਤੀ ਸਭ ਤੋਂ ਅਵੱਲ ਦਰਜੇ ’ਤੇ ਹੈ। ਇਹ ਸਿਖਿਆਰਥੀ, ਪੜਾਈ ਵੀ ਮੈਡੀਕਲ, ਇੰਜਨੀਅਰਿੰਗ, ਟੈਕਨੀਕਲ, ਹੁਨਰਮੰਦ ਦਸਤਕਾਰੀ ਧੰਦਿਆਂ ਬਾਰੇ ਕਰਦੇ ਜਾਂ ਅਜੇ ਕਾਲਜ ਦੀਆਂ ਮੁੱਢਲੀਆਂ ਜਮਾਤਾਂ ਦੇ ਸਨ।
ਇੱਕ ਵੀ ਫਾਰਮ ਅਜਿਹਾ ਨਹੀਂ ਜਿਸ ਦੇ ਪਰਿਵਾਰਕ ਕਿੱਤਾ, ਹਾਲਤ ਦੇ ਖ਼ਾਨੇ ਵਿਚ ਇਹ ਦਰਜ ਹੋਵੇ ਕਿ ਉਹਨਾਂ ਦਾ ਪਰਿਵਾਰ ਬਾਹਰਲੇ ਮੁਲਕਾਂ ਵਿਚ ਰਹਿੰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਬਾਹਰ ਗਏ ਜਾਂ ਬਾਹਰ ਜਾਣ ਦੀਆਂ ਵਿਉਂਤਾਂ ਵਿਚ ਲੱਗੇ ਪਰਿਵਾਰਾਂ ਦੇ ਪੰਜਾਬ ਅੰਦਰ ਮੁੰਡੇ ਕੁੜੀਆਂ ਹੀ ਨਹੀਂ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਘਰਾਂ ਦੀ ਜੁਆਨੀ ਆਈਲੈੱਟਸ, ਟ੍ਰੈਵਲ ਏਜੰਟਾਂ, ਵੀਜ਼ਾ ਜਾਂ ਬਾਇਓਮੈਟਰਿਕ ਕੇਂਦਰਾਂ ਦੇ ਚੱਕਰ ਲਾ ਰਹੀ ਹੈ। ਉਹਨਾਂ ਦਾ ਅਨੇਕਾਂ ਕਾਰਨਾਂ ਕਰਕੇ ਇੱਕ ਵਾਰ ਤਾਂ ਹਾਲ ਦੀ ਘੜੀ ਇਥੋਂ ਦੇ ਆਰਥਿਕ, ਸਮਾਜਿਕ, ਇਤਿਹਾਸਕ, ਵਿਰਾਸਤ, ਸਭਿਆਚਾਰਕ ਸੁਆਲਾਂ ਨਾਲ ਗਹਿਰਾ ਤਾਂ ਦੂਰ ਦੀ ਗੱਲ, ਨੇੜ ਦਾ ਵੀ ਵਾਸਤਾ ਨਹੀਂ। ਫਾਰਮਾਂ ਵਿਚੋਂ ਬੋਲਦੀ ਇਹ ਕੌੜੀ ਸਚਾਈ ਹੈ ਕਿ ਉਹ ਦੇਸ਼ ਭਗਤਾਂ ਦੇ ਮਹਾਨ ਦਾਰਸ਼ਨਿਕ, ਰਾਜਨੀਤਕ, ਸਮਾਜਿਕ, ਸਾਂਝੀਵਾਲ ਸਮਾਜ ਦੇ ਰਾਹਾਂ ਦਾ ਪਤਾ ਪੁੱਛਣ ਦੀ ਬਜਾਇ ਅਜੇ ਹੋਰ ਕੇਂਦਰਾਂ ਤੋਂ ‘ਸੁਖੀ ਜੀਵਨ’ ਦੀ ਬੂਟੀ ਦਾ ਰਾਹ ਭਾਲ ਰਹੇ ਹਨ।
ਬੇਜ਼ਮੀਨੇ, ਬੇ-ਮਸ਼ੀਨੇ, ਸਾਧਨ-ਵਿਹੁਣੇ, ਹੱਥੀਂ ਕਿਰਤ ਕਰਕੇ, ਦਰ ਦਰ, ਗਲੀ ਗਲੀ, ਹਰ ਚੌਕ ਕਿਰਤ ਵੇਚਣ ਲਈ ਖੜ੍ਹੇ ਮਜ਼ਦੂਰ ਪਰਿਵਾਰਾਂ ਵਿਚੋਂ 90 ਪ੍ਰਤੀਸ਼ਤ ਸਿਖਿਆਰਥੀਆਂ ਦੀ ਹਾਜ਼ਰੀ ਅਰਥ ਸ਼ਾਸਤਰੀਆਂ, ਰਾਜਨੀਤੀਵਾਨਾਂ, ਸਮਾਜ ਸ਼ਾਸਤਰੀਆਂ ਅਤੇ ਸਮਾਜਿਕ ਤਬਦੀਲੀ ਲਈ ਜੂਝਦੀਆਂ ਸ਼ਕਤੀਆਂ ਲਈ ਗੰਭੀਰਤਾ ਨਾਲ ਸੋਚਣ ਦਾ ਵੇਲਾ ਹੈ ਕਿ ਸਾਡੀ ਕਰਮ ਭੂਮੀ, ਸਾਡੀ ਸੰਘਰਸ਼ਸ਼ੀਲ ਭੂਮੀ ਦੇ ਅਖ਼ਾੜੇ ਕਿੱਥੇ ਮਘਣਗੇ। ਸਿਖਿਆਰਥੀ ਚੇਤਨਾ ਕੈਂਪ ਵਿਚ ਜੁੜਿਆਂ ਦੇ ਸਰੀਰ, ਉਹਨਾਂ ਦੇ ਨੈਣਾਂ ਵਿਚ ਅੰਬਰੋਂ ਟੁੱਟੇ ਤਾਰਿਆਂ ਵਾਂਗ ਟੁੱਟਦੇ ਬੁਝਦੇ ਸੁਪਨੇ, ਉਦਾਸੀ ਦੀਆਂ ਕਾਲ਼ੀਆਂ ਘਟਾਵਾਂ ਇੱਕ ਵੱਖਰੇ ਸੰਸਾਰ ਦਾ ਕੈਨਵਸ ਸਿਰਜ ਰਹੇ ਸਨ। ਭੱਠ ਝੋਕਦੀ ਜ਼ਿੰਦਗੀ ਉਹਨਾਂ ਦੇ ਨੈਣਾਂ ਦੀ ਕਿਤਾਬ ‘ਚੋਂ ਪੜ੍ਹੀ ਜਾ ਸਕਦੀ ਸੀ।
ਆਪਣੇ ਪਿਤਾ ਨਾਲ ਸਬਜ਼ੀ ਦੀ ਰੇੜ੍ਹੀ ’ਤੇ ਹੱਥ ਵਟਾਉਂਦੀਆਂ ਕੁੜੀਆਂ ਕੈਂਪ ਵਿਚ ਆਈਆਂ ਜੋ ਆਪਣੇ ਘਰ ਦਾ ਹਨੇਰਾ ਦੂਰ ਕਰਨ ਲਈ ਪੜ੍ਹ ਵੀ ਰਹੀਆਂ ਹਨ। ਮਜ਼ਦੂਰੀ ਅਤੇ ਪੜ੍ਹਾਈ ਕਰਦੇ 17 ਵਰ੍ਹਿਆਂ ਦੇ ਜਸ਼ਨਦੀਪ ਨੇ ਭਗਤ ਸਿੰਘ ਦੀ ਜੇਲ੍ਹ ਡਾਇਰੀ ਪੜ੍ਹੀ ਹੋਈ ਸੀ। ਯੂਨੀਵਰਸਿਟੀ ਕਾਲਜ ਮੂਨਕ ਦਾ 21 ਵਰ੍ਹਿਆਂ ਦਾ ਕੁਲਵੀਰ ‘ਮਾਂ’ ਨਾਵਲ ਪੜ੍ਹ ਕੇ ਆਇਆ। ਮਜ਼ਦੂਰੀ ਕਰਦਾ 13 ਵਰ੍ਹਿਆਂ ਦਾ ਸੁਰਖ਼ਾਬ ‘ਅਜਿਹਾ ਸੀ ਸਾਡਾ ਭਗਤ ਸਿੰਘ’ ਪੜ੍ਹ ਚੁੱਕਾ ਹੈ। ਹਰਿਆਣਾ ਤੋਂ ਆਏ ਕਿਰਤੀ ਪਰਿਵਾਰਾਂ ਦੇ ਜਾਏ ਲਿਖ ਕੇ ਗਏ ਹਨ ਕਿ ਜਿਵੇਂ ਕਿਸਾਨ ਘੋਲ਼ ਨੇ ਸੂਬਿਆਂ, ਧਰਮਾਂ, ਫ਼ਿਰਕਿਆਂ ਦੇ ਵੱਟਾਂ ਬੰਨੇ ਭੰਨ ਸੁੱਟਣ ਦਾ ਮਾਰਗ ਖੋਲ੍ਹਿਆ ਸੀ, ਉਸੇ ਤਰ੍ਹਾਂ ਸਿਖਿਆਰਥੀ ਚੇਤਨਾ ਕੈਂਪ ਵਿਚ ਪੰਜਾਬੀ, ਹਰਿਆਣਵੀ, ਹਿੰਦੂ, ਸਿੱਖ, ਮੁਸਲਮਾਨ, ਗੋਰੇ ਕਾਲ਼ੇ, ਜਾਤ-ਪਾਤ ’ਤੇ ਆਧਾਰਿਤ ਵਖਰੇਵੇਂ ਜਾਂ ਸ਼ਨਾਖ਼ਤ ਦਾ ਕੋਈ ਨਾਮੋ-ਨਿਸ਼ਾਨ ਨਹੀਂ। ਇਹ ਨਵੇਂ ਸਮਾਜ ਬਾਰੇ ਜਾਨਣ ਵਾਲੀ ਕਿਤਾਬ ਦਾ ਮੁੱਖ ਬੰਦ ਹੈ।
ਬੱਬਰ ਅਕਾਲੀ ਕਰਮ ਸਿੰਘ ਦੇ ਪਿੰਡ ਮਾਣਕੋ (ਜਲੰਧਰ) ਤੋਂ ਚੇਤਨਾ ਕੈਂਪ ਵਿਚ ਤਿੰਨ ਦਿਨ ਰਿਹਾ 12 ਵਰ੍ਹਿਆਂ ਦਾ ਸਨੀ ਫਾਰਮ ਵਿਚ ਲਿਖ ਕੇ ਗਿਆ- ‘ਮੈਂ ਚਾਏ ਬਨਾਉਨਾ ਹਾਂ।’
13 ਵਰ੍ਹਿਆਂ ਦੀ ਜੱਸੀ, ਜੀਐੱਨਐੱਮ ਕਰਦੀ ਜਸਪ੍ਰੀਤ ਕੌਰ ‘ਸਮਤਾ’ ਮਜ਼ਦੂਰ ਪਰਿਵਾਰ ਵਿਚੋਂ ਨੇ। ਉਹ ਦਸਤਖ਼ਤ ਕਰਕੇ ਗਈਆਂ ਨੇ ਕਿ ‘ਪੰਜਾਬ ਦੇ ਸ਼ਹਿਰ ਜਲੰਧਰ ਅੰਦਰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਤਿੰਨ ਦਿਨ ਜਿਵੇਂ ਜ਼ਿੰਦਗੀ ਨਾਲ ਜੁੜੇ ਮੁੱਦਿਆਂ ’ਤੇ ਪ੍ਰਭਾਵਸ਼ਾਲੀ ਭਾਸ਼ਣਾਂ ਅਤੇ ਵਿਚਾਰ-ਚਰਚਾ ਦਾ ਸਿਲਸਿਲਾ ਚੱਲਿਆ, ਜਿਹੋ ਜਿਹਾ ਮੋਹ ਪਿਆਰ, ਸਤਿਕਾਰ, ਪ੍ਰਬੰਧ ਅਤੇ ਸਾਂਭ-ਸੰਭਾਲ ਹੋਈ, ਮੈਨੂੰ ਲੱਗਿਆ ਕਿ ਜੇ ਇਹੋ ਜਿਹਾ ਪੂਰਾ ਸਮਾਜ ਬਣ ਜਾਏ ਤਾਂ ਧਰਤੀ ’ਤੇ ਬਹਾਰਾਂ ਆ ਜਾਣਗੀਆਂ।’
ਪਹਿਲੀ ਵਾਰ ਚੇਤਨਾ ਕੈਂਪ ਵਿਚ ਆਈ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ 18 ਵਰ੍ਹਿਆਂ ਦੀ ਅਮਨਦੀਪ ਸਿੱਧੂਵਾਲਾ ਨੇ ਲਿਖਿਆ ਹੈ ਕਿ ਮੈਨੂੰ ਨਵਾਂ ਜੀਵਨ ਮਿਲ ਗਿਆ। ਸਕੂਲਾਂ, ਕਾਲਜਾਂ ਦੇ ਸਿਲੇਬਸਾਂ ਵਿਚ ਇਹ ਕੁਝ ਨਹੀਂ ਪੜ੍ਹਾਇਆ ਜਾਂਦਾ। ਸੱਚ ਜਾਣੋਂ, ਮੇਰੀਆਂ ਤਾਂ ਅੱਖਾਂ ਖੁੱਲ੍ਹ ਗਈਆਂ। 16 ਵਰ੍ਹਿਆਂ ਦੇ ਨਵਦੀਪ ਦੀਆਂ ਅੱਖਾਂ ਅੰਦਰ ਨਵੀਂ ਚੇਤਨਾ ਦੇ ਚਿਰਾਗ਼ ਬਲ਼ੇ ਜਾਪਦੇ ਨੇ। ਜਾਂਦਾ ਹੋਇਆ ਲਿਖ ਗਿਆ ਕਿ ਮੁੰਡੇ ਕੁੜੀਆਂ ਇਉਂ ਮਿਲ ਕੇ ਵਿਚਾਰਾਂ ਕਰਦੇ, ਆਪਣੇ ਘਰ ਪਰਿਵਾਰ ਤੋਂ ਉਪਰ ਉੱਠ ਕੇ ਸਮਾਜ ਬਾਰੇ ਸੋਚਦੇ ਅਤੇ ਇੱਕ ਦੂਜੇ ਦਾ ਬਣਦਾ ਮਾਣ ਕਰਦੇ ਤੱਕ ਕੇ ਮੇਰੀ ਪਹਿਲੀ ਸੋਚ ਹੀ ਬਦਲ ਗਈ। ਸਾਢੇ ਅਠਾਰਾਂ ਵਰ੍ਹਿਆਂ ਦਾ ਸੋਨੂੰ ਮਾਪਿਆਂ ਨਾਲ ਮਜ਼ਦੂਰੀ ਕਰਦਾ ਕੈਂਪ ‘ਚ ਆਇਆ, ਜਾਂਦਾ ਹੋਇਆ ਅਹਿਦ ਲੈ ਕੇ ਗਿਆ- ‘ਕਿਤਾਬਾਂ ਬਿਨਾ ਕਾਹਦੀ ਜ਼ਿੰਦਗੀ?’
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਹਮਣੀਵਾਲਾ, ਜਲਾਲਾਬਾਦ (ਫਾਜ਼ਿਲਕਾ) ਤਾਂ ਜਾਣੋਂ ਸਾਰਾ ਸਕੂਲ ਹੀ ਰੇਲ ਗੱਡੀ ਚੜ੍ਹ ਆਇਆ। 55 ਮੁੰਡੇ ਕੁੜੀਆਂ ਆਏ। ਕੋਈ 50 ਕਿਰਤੀ ਪਰਿਵਾਰਾਂ ਵਿਚੋਂ ਦੋ ਤਿੰਨ ਖੇਤੀਬਾੜੀ ਕਰਦੇ ਪਰਿਵਾਰ ਅਤੇ ਹੋਰ ਧੰਦਿਆਂ ਨਾਲ ਸਬੰਧਿਤ। ਇਹ ਆਪਣੇ ਆਪ ਵਿਚ ਨਵੀਂ ਮਿਸਾਲ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਿਰਫ਼ ਦੇਸ਼ ਭਗਤ ਯਾਦਗਾਰ ਹਾਲ ਵਿਚ ਹੀ ਚੇਤਨਾ ਕੈਂਪ ਕਿਉਂ ਹੋਵੇ? ਕਿੰਨਾ ਚੰਗਾ ਹੋਵੇ ਜੇ ਸਥਾਨਕ ਪੱਧਰਾਂ ’ਤੇ ਵੀ ਛੁੱਟੀਆਂ ਜਾਂ ਹੋਰ ਢੁਕਵੇਂ ਮੌਕਿਆਂ ’ਤੇ ਚੇਤਨਾ ਕੈਂਪ ਲੱਗਣ। ਜੇ 16-17 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਮੁੰਡੇ ਕੁੜੀਆਂ ਜਲੰਧਰ ਕੈਂਪ ’ਚ ਸ਼ਮੂਲੀਅਤ ਕਰਕੇ ਡੁੱਲ੍ਹ ਡੁੱਲ੍ਹ ਪੈਂਦੇ ਉਤਸ਼ਾਹ ਦੀਆਂ ਝਲਕਾਂ ਪੇਸ਼ ਕਰਕੇ ਗਏ ਹਨ; ਸਥਾਨਕ ਪੱਧਰ ’ਤੇ ਤਾਂ ਇਸ ਕਾਰਜ ਨੂੰ ਹੋਰ ਵੀ ਭਰਵਾਂ ਹੁੰਗਾਰਾ ਮਿਲੇਗਾ। ਪੁੰਗਰਦੀ ਪਨੀਰੀ ਅਤੇ ਚੜ੍ਹਦੀ ਜੁਆਨੀ, ਨਸ਼ਿਆਂ, ਗੈਂਗਸਟਰ ਅਤੇ ਹੋਰ ਅਨੇਕਾਂ ਕੁਰਾਹਿਆਂ ਤੋਂ ਬਚ ਕੇ ਜ਼ਿੰਦਗੀ ਦੇ ਹੁਸੀਨ ਰਾਹਾਂ ’ਤੇ ਖੁਸ਼ਬੂਆਂ ਲੱਦੇ ਫੁੱਲ ਖਿੜਾ ਸਕਦੀ ਹੈ।
16 ਵਰ੍ਹਿਆਂ ਦੀ ਪਾਇਲਪ੍ਰੀਤ ਬਾਬਾ ਨਾਨਕ ਦੀ ਰਚਨਾ ਮੰਚ ਤੋਂ ਸਾਂਝੀ ਕਰਦੀ ਹੈ। ਆਪਣੇ ਫਾਰਮ ਵਿਚ ਦਰਜ ਕਰਕੇ 55 ਸਾਥੀਆਂ ਦੇ ਜੱਥੇ ਨਾਲ ਜਲਾਲਾਬਾਦ ਲਾਗੇ ਆਪਣੇ ਪਿੰਡ ਜਾਂਦੀ ਹੋਈ ਇਹ ਹਲਫ਼ ਲੈ ਕੇ ਗਈ ਹੈ, ‘ਮੈਂ, ਤਿੰਨ ਦਿਨ ਨਵੀਂ ਦੁਨੀਆ ’ਚ ਰਹੀ, ਅੰਕਲ ਤੁਸੀਂ ਸਾਡੇ ਇਲਾਕੇ ਵਿਚ ਕਦੋਂ ਅਜਿਹਾ ਕੈਂਪ ਲਗਾਉਗੇ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਆ ਸਕਣ।’
ਰਣਬੀਰ ਰੰਧਾਵਾ, ਹੁਸ਼ਿਆਰ ਸਲੇਮਗੜ੍ਹ, ਮੰਗਲਜੀਤ, ਰਮਨ ਕਾਲਾ ਝਾੜ, ਪਾਵੇਲ ਸਿਹੌੜਾ, ਧਰਮਿੰਦਰ ਮਸਾਣੀ ਸਮੇਤ ਕਿੰਨੇ ਹੀ ਸਿਖਿਆਰਥੀ, ਜੂਨੀਅਰ ਸੀਨੀਅਰ ਗਰੁੱਪਾਂ ਦੇ ਅਲੱਗ ਅਲੱਗ ਕੈਂਪ ਲਾਉਣ ਦੇ ਸੁਝਾਅ ਦੇ ਕੇ ਗਏ ਹਨ। ਝੋਨੇ ਦੀ ਲੁਆਈ ਦੇ ਦਿਨਾਂ ਵਿਚ ਕੰਮ ਕਾਰਨ ਭਾਵੇਂ ਚੇਤਨਾ ਕੈਂਪ ਅਗਸਤ ਵਿਚ ਲਾਇਆ ਪਰ ਸਕੂਲ, ਕਾਲਜ ਲੱਗੇ ਹੋਣ ਅਤੇ ਇਮਤਿਹਾਨਾਂ ਕਾਰਨ ਹਾਜ਼ਰੀ ਦੀਆਂ ਆਈਆਂ ਕੁੱਝ ਦਿੱਕਤਾਂ ਵੀ ਅਗਾਉਂ ਸੋਚਣ ਦਾ ਇਸ਼ਾਰਾ ਕਰਦੀਆਂ ਹਨ।
ਗ਼ਦਰ ਲਹਿਰ ਦਾ 1913 ਵਿਚ ਹੋਇਆ ਉਠਾਣ, ਦੇਸ਼ ਭਗਤ ਯਾਦਗਾਰ ਹਾਲ ਵੱਲੋਂ ਇਤਿਹਾਸ ਦਾ ਚਿਰਾਗ਼ ਜਗਦਾ ਰੱਖਣ ਦੇ ਉੱਦਮ, ਵਿਸ਼ਵ ਆਰਥਿਕ ਸੰਕਟ, ਫ਼ਿਰਕੂ ਫਾਸ਼ੀ ਹੱਲੇ ਅਤੇ ਲੋਕ ਆਵਾਜ਼, ਲੋਕ ਦੋਖੀ ਨਵੀਂ ਸਿੱਖਿਆ ਨੀਤੀ, ਪਾਣੀ ਤੇ ਵਾਤਾਵਰਨ ’ਤੇ ਹੱਲੇ ਆਦਿ ਵਿਸ਼ਿਆਂ ’ਤੇ ਸਿਖਿਆਰਥੀਆਂ ਨੇ ਅਨੇਕਾਂ ਸੁਆਲ ਕੀਤੇ ਅਤੇ ਸਵਾਲਾਂ ਜਵਾਬਾਂ ਦੇ ਸਿਲਸਿਲੇ ਨੇ ਸਿਖਿਆਰਥੀਆਂ ਨੂੰ ਰਵਾਇਤੀ ਕਲਾਸਾਂ ਨਾਲੋਂ ਬਹੁਤ ਕੁਝ ਨਵੇਂ ਅਤੇ ਵੱਖਰੇਪਣ ਦਾ ਅਹਿਸਾਸ ਕਰਾਇਆ। ਜਿਹੜੇ ਸਿਖਿਆਰਥੀ ਪੰਜਾਬ ਹਰਿਆਣਾ ਦੇ ਦੂਰ-ਦੁਰਾਡੇ ਖੇਤਰਾਂ ਤੋਂ ਪਹਿਲੀ ਵਾਰ ਜਾਣ-ਪਛਾਣ ਦੇਣ ਲਈ ਵੀ ਮੰਚ ’ਤੇ ਆਉਣ ਤੋਂ ਝਿਜਕਦੇ ਸਨ, ਕੈਂਪ ਦੀ ਸਮਾਪਤੀ ’ਤੇ ਸਵੈ-ਵਿਸ਼ਵਾਸ ਦਾ ਨੂਰ ਉਹਨਾਂ ਦੇ ਚਿਹਰਿਆਂ ’ਤੇ ਖਿੜਿਆ ਹੋਇਆ ਸੀ।
ਇੱਕ ਸਿਖਿਆਰਥੀ ਜਿਸ ਨੇ ਕਈ ਗੁੰਝਲਦਾਰ ਸਵਾਲ ਕੀਤੇ, ਚੇਤਨਾ ਕੈਂਪ ਮਗਰੋਂ ਇਹ ਲਿਖ ਕੇ ਗਿਆ ਕਿ ‘ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਇਹ ਨਵੀਂ ਗੱਲ ਸਿੱਖੀ ਹੈ ਕਿ ਧਰਮ, ਫ਼ਿਰਕੇ, ਇਲਾਕੇ, ਅੰਧ-ਰਾਸ਼ਟਰਵਾਦ ਦੀਆਂ ਤੰਗ ਗਲੀਆਂ ਵਿਚ ਭਟਕਣ ਇੱਕ ਦੂਜੇ ਨਾਲ ਵੈਰ ਕਮਾਉਣ ਦੀ ਬਜਾਇ ਮੁਲਕ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਨਵਾਂ ਮਾਰਗ ਇਹਨਾਂ ਤੋਂ ਉਪਰ ਉੱਠ ਕੇ ਹੀ ਫੜਿਆ ਜਾ ਸਕਦਾ ਹੈ।’
ਪੀਪਲਜ਼ ਵਾਇਸ ਵੱਲੋਂ ਦਿਖਾਈਆਂ ਫਿਲਮਾਂ ‘ਸਰਚਿੰਗ ਫਾਰ ਸਰਸਵਤੀ’ ਅਤੇ ‘ਇਨਕਲਾਬ’ ਸਿਖਿਆਰਥੀਆਂ ਦੇ ਮਨ ਦੀ ਡਾਇਰੀ ’ਤੇ ਅਮਿਟ ਪ੍ਰਭਾਵ ਛੱਡ ਗਈਆਂ।
ਤਿੰਨ ਰੋਜ਼ਾ ਕੈਂਪ ਦੇ ਸਮੁੱਚੇ ਪ੍ਰਬੰਧ ਅਤੇ ਸਿਖਿਆਰਥੀਆਂ ਨੂੰ ਤਲੀਆਂ ’ਤੇ ਚੋਗ ਚੁਗਾਉਂਦੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਮੁੱਚੇ ਪ੍ਰਬੰਧਕਾਂ ਦੀ ਯਾਦ ਜੋ ਉਹ ਨਾਲ ਲੈ ਕੇ ਗਏ ਹਨ, ਉਹਨਾਂ ਵੱਲੋਂ ਭਰੇ ਫਾਰਮਾਂ ਦੇ ਅੱਖਰ ਅੱਖਰ ਵਿਚੋਂ ਬੋਲਦੀ ਹੈ।
ਸੰਪਰਕ: 98778-68710