ਭਰੋਸਾ
ਹਰਿੰਦਰ ਸਿੰਘ ਗੋਗਨਾ
ਮਹਿਲਾ ਮੰਡਲ ਦੀ ਯੁਵਾ ਨੇਤਾ ਆਪਣੀਆਂ ਸਾਥਣਾਂ ਨਾਲ ਕੁਝ ਦਿਨ ਪਹਿਲਾਂ ਹੀ ਸਰਹੱਦ ’ਤੇ ਸ਼ਹੀਦ ਹੋਏ ਫ਼ੌਜੀ ਦੀ ਵਿਧਵਾ ਕੋਲ ਹਮਦਰਦੀ ਕਰਨ ਉਸ ਦੇ ਘਰ ਪਹੁੰਚੀ ਤੇ ਆਪਣੀ ਸਰਕਾਰ ਵੱਲੋਂ ਉਸ ਦੇ ਪਰਿਵਾਰ ਨੂੰ ਪੂਰੀ ਮਦਦ ਦਾ ਭਰੋਸਾ ਵੀ ਦਿੱਤਾ।
ਤਦੇ ਉਸ ਦੇ ਪਤੀ ਦਾ ਫੋਨ ਆਇਆ ਜੋ ਕਹਿ ਰਿਹਾ ਸੀ, ‘‘ਮੈਂ ਸ਼ਹੀਦਾਂ ਦੇ ਸਮਾਰਕ ’ਤੇ ਫੁੱਲ ਚੜ੍ਹਾਉਣ ਜਾਣਾ ਹੈ… ਯਾਦ ਹੈ ਨਾ? ਤੇ ਫਿਰ ਤੂੰ ਕਾਕੇ ਨੂੰ ਵੀ ਸੰਭਾਲਣਾ ਹੈ… ਉਹ ਕਦੋਂ ਦਾ ਰੋਂਦਾ ਹੋਇਆ ਮਾਂ ਮਾਂ ਪੁਕਾਰ ਰਿਹੈ…।’’
‘‘ਤੁਸੀਂ ਇੱਦਾਂ ਕਰੋ… ਕਾਕੇ ਨੂੰ ਕੁਝ ਦੇਰ ਹੋਰ ਸੰਭਾਲੋ… ਅਜੇ ਮੈਂ ਇੰਨੀ ਛੇਤੀ ਇੱਥੋਂ ਨਹੀਂ ਨਿਕਲ ਸਕਦੀ…। ਮੋਇਆਂ ਦੇ ਬੁੱਤਾਂ ’ਤੇ ਫੁੱਲ ਚੜ੍ਹਾਉਣਾ ਇੰਨਾ ਜ਼ਰੂਰੀ ਨਹੀਂ ਜਿੰਨਾ ਜਿਊਂਦੇ ਬੰਦਿਆਂ ਦਾ ਭਰੋਸਾ ਜਿੱਤਣਾ… ਕੁਝ ਸਮਝੇ ਕਿ ਨਹੀਂ…? ਚੋਣਾਂ ਨੇੜੇ ਹਨ…।’’ ਉਸ ਨੇ ਇਕਾਂਤ ਵਿੱਚ ਜਾ ਕੇ ਤਲਖ਼ੀ ਭਰੇ ਲਹਿਜੇ ਵਿਚ ਕਿਹਾ ਤੇ ਫਿਰ ਇਲਾਕੇ ਦੇ ਅਫ਼ਸੋਸ ਕਰਨ ਆਏ ਲੋਕਾਂ ਵਿਚਕਾਰ ਬਹਿ ਕੇ ਸ਼ਹੀਦ ਦੀ ਵਿਧਵਾ ਨਾਲ ਹਮਦਰਦੀ ਜਤਾਉਣ ਲੱਗੀ।
ਸੰਪਰਕ: 98723-25960
ਅਸਲੀ ਸੇਵਾਦਾਰ
ਬਰਜਿੰਦਰ ਕੌਰ ਬਿਸਰਾਓ
ਦੀਸ਼ਾ ਬਹੁਤ ਹੀ ਗਰੀਬ ਜਿਹਾ ਮੁੰਡਾ ਸੀ। ਉਸ ਦਾ ਹੁਲੀਆ ਦੇਖ ਕੇ ਹਰ ਕੋਈ ਉਸ ਨੂੰ ਮੰਗਤਾ ਸਮਝ ਲੈਂਦਾ। ਉਸ ਦੀ ਉਮਰ ਮਸਾਂ ਪੰਦਰਾਂ ਕੁ ਸਾਲ ਦੀ ਹੋਵੇਗੀ। ਉਸ ਦੇ ਮੈਲੇ ਪਾਟੇ ਹੋਏ ਕੱਪੜੇ ਪਾਏ ਹੁੰਦੇ। ਪਿੰਡ ਦੇ ਬਾਹਰਵਾਰ ਇੱਕ ਨਿੱਕੀ ਜਿਹੀ ਸਲਵਾੜ ਦੀ ਛੱਤ ਵਾਲੀ ਕੱਚੀ ਕੋਠੜੀ ਵਿੱਚ ਆਪਣੀ ਮਾਂ ਨਾਲ ਰਹਿੰਦਾ ਸੀ, ਮਾਂ ਟੀ.ਬੀ. ਦੀ ਬਿਮਾਰੀ ਨਾਲ ਮਰਨ ਕਿਨਾਰੇ ਪਈ ਸੀ। ਸਾਰਾ ਦਿਨ ਕੋਠੜੀ ਦੇ ਅੰਦਰ ਟੁੱਟੀ ਹੋਈ ਵਾਣ ਵਾਲੀ ਮੰਜੀ ’ਤੇ ਮੈਲਾ ਗਦੈਲਾ ਵਿਛਾ ਕੇ ਉਸ ਉੱਤੇ ਪਈ ਰਹਿੰਦੀ। ਦੀਸ਼ਾ ਹਰ ਰੋਜ਼ ਇੱਕ ਡੱਬਾ ਹੱਥ ਵਿੱਚ ਫੜ ਕੇ ਸਵੇਰੇ ਸ਼ਾਮ ਗੁਰਦੁਆਰੇ ਜਾਂਦਾ। ਉਹ ਗੁਰਦੁਆਰੇ ਆਪ ਦੋ ਵੇਲੇ ਲੰਗਰ ਛਕ ਕੇ ਮਾਂ ਲਈ ਪੁਰਾਣੀ ਜਿਹੀ ਡੱਬੀ ਵਿੱਚ ਪੁਆ ਲਿਆਉਂਦਾ। ਗੁਰਦੁਆਰੇ ਸੇਵਾਦਾਰਾਂ ਨੇ ਵੀ ਉਸ ਨੂੰ ਕਦੇ ਮਨ੍ਹਾਂ ਨਹੀਂ ਕੀਤਾ ਸੀ। ਦੋ ਸਾਲ ਇਸੇ ਤਰ੍ਹਾਂ ਨਿਕਲ ਗਏ ਸਨ। ਦੀਸ਼ੇ ਦਾ ਸਾਰਾ ਦਿਨ ਦਾ ਕੰਮ ਬਸ ਦੋ ਟਾਈਮ ਗੁਰਦੁਆਰੇ ਲੰਗਰ ਛਕ ਕੇ ਮਾਂ ਲਈ ਲੰਗਰ ਲੈ ਕੇ ਆਉਣਾ, ਮਾਂ ਨੂੰ ਕਦੇ ਪਾਣੀ ਪੀਣ ਨੂੰ ਦੇ ਦੇਣਾ ,ਕਦੇ ਓਹਦਾ ਮੰਜਾ ਬਾਹਰ ਡੇਕ ਥੱਲੇ ਡਾਹ ਦੇਣਾ, ਕਦੇ ਘੜੀਸ ਕੇ ਅੰਦਰ ਕਰ ਦੇਣਾ। ਅਸਲ ਵਿੱਚ ਪਿਛਲੇ ਦੋ ਸਾਲ ਤੋਂ ਹੀ ਇਨ੍ਹਾਂ ਦੇ ਇਹ ਹਾਲਾਤ ਹੋਏ ਸਨ। ਇਸ ਤੋਂ ਪਹਿਲਾਂ ਦੀਸ਼ੇ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਂਦੀ ਸੀ। ਦੀਸ਼ਾ ਵੀ ਸਕੂਲ ਸੱਤਵੀਂ ਜਮਾਤ ਵਿੱਚ ਪੜ੍ਹਨ ਜਾਂਦਾ ਹੁੰਦਾ ਸੀ। ਜਦੋਂ ਤੋਂ ਮਾਂ ਨੂੰ ਟੀ.ਬੀ. ਹੋਈ ਸੀ, ਸਾਰਿਆਂ ਨੇ ਉਸ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਸੀ ਤੇ ਡਰਦੇ ਦੀਸ਼ੇ ਨੂੰ ਵੀ ਕੋਈ ਨੇੜੇ ਨਹੀਂ ਸੀ ਲੱਗਣ ਦਿੰਦਾ। ਦੀਸ਼ੇ ਦਾ ਪਿਓ ਨਸ਼ੇੜੀ ਹੋਣ ਕਰਕੇ ਛੋਟੀ ਉਮਰੇ ਹੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ। ਪਿੰਡ ਦੀ ਮੁੰਡੀਹਰ ਵੱਲੋਂ ਟੀ.ਬੀ. ਦੇ ਡਰੋਂ ਉਸ ਨੂੰ ਨੇੜੇ ਨਾ ਲਾਉਣ ਦਾ ਇੱਕ ਫ਼ਾਇਦਾ ਤਾਂ ਹੋ ਗਿਆ ਸੀ ਕਿ ਉਸ ਨੂੰ ਹੋਰ ਮੁੰਡਿਆਂ ਵਾਂਗ ਨਸ਼ੇ ਦੀ ਆਦਤ ਨਹੀਂ ਪਈ ਸੀ। ਇੱਕ ਰਾਤ ਮਾਂ ਬਾਹਲ਼ੀ ਔਖੀ ਹੋ ਗਈ। ਸਾਰੀ ਰਾਤ ਤੜਫ਼ਦੀ ਰਹੀ। ਦੀਸ਼ਾ ਉਸ ਨੂੰ ਕਦੇ ਪਾਣੀ ਪੀਣ ਨੂੰ ਦੇਵੇ, ਕਦੇ ਉਸ ਦੀਆਂ ਲੱਤਾਂ ਘੁੱਟਦਾ। ਤੜਕਸਾਰ ਮਾਂ ਨੇ ਉਸ ਦੇ ਹੱਥਾਂ ਵਿੱਚ ਦਮ ਤੋੜ ਦਿੱਤਾ। ਉਸ ਨੇ ਗੁਰਦੁਆਰੇ ਦੇ ਸੇਵਾਦਾਰਾਂ ਨੂੰ ਦੱਸ ਕੇ ਉਨ੍ਹਾਂ ਦੀ ਮਦਦ ਨਾਲ ਸਸਕਾਰ ਕੀਤਾ। ਉਸ ਤੋਂ ਬਾਅਦ ਉਸ ਨੇ ਮੁੜ ਕਦੇ ਪਿੰਡ ਵੱਲ ਨੂੰ ਮੂੰਹ ਨਾ ਕੀਤਾ, ਆਖ਼ਰ ਉੱਥੇ ਹੈ ਹੀ ਕੀ ਸੀ। ਉਹ ਗੁਰਦੁਆਰੇ ਲੰਗਰ ਪਾਣੀ ਦੀ ਸੇਵਾ ਕਰਦਾ ਰਹਿੰਦਾ ਤੇ ਰਾਤ ਨੂੰ ਉੱਥੇ ਹੀ ਸੌਂ ਜਾਂਦਾ। ਇੱਕ ਸੇਵਾਦਾਰ ਹਾਕਮ ਸਿੰਘ ਨੂੰ ਉਸ ਤੇ ਤਰਸ ਆਇਆ ਤੇ ਆਖਿਆ, ‘‘ਓਏ ਦੀਸ਼ਿਆ! ਤੂੰ ਮੇਰੇ ਨਾਲ ਮੇਰੇ ਪਿੰਡ ਚੱਲੇਂਗਾ? ਐਥੇ ਕਿਹੜਾ ਤੂੰ ਸੇਵਾ ਕਰ ਕਰ ਕੇ ਭਾਈ ਜੀ ਬਣ ਜਾਣਾ?’’ ‘‘ਜੀ ਕੀ ਕਰਨਾ ਮੈਂ ਓਥੇ?’’ ਦੀਸ਼ੇ ਨੇ ਪੁੱਛਿਆ। ‘‘ਇਹੀ ਮਾੜੇ ਮੋਟੇ ਘਰ ਦੇ ਕੰਮ, ਕਿਤੇ ਜਾਣਾ ਹੁੰਦਾ ਘਰ ਸੰਭਾਲ ਲਿਆ ਕਰੀਂ ਮਗਰੋਂ।’’ ਦੀਸੇ ਨੇ ਹਾਂ ਕਰ ਦਿੱਤੀ। ਉਹ ਤਾਂ ਪਹਿਲਾਂ ਹੀ ਵਕਤ ਦਾ ਮਾਰਿਆ ਹੋਇਆ ਸੀ।
ਹਾਕਮ ਸਿੰਘ ਦੇ ਘਰ ਰਹਿੰਦਿਆਂ ਚਾਰ ਵਰ੍ਹੇ ਲੰਘ ਗਏ। ਹਾਕਮ ਸਿੰਘ ਨੇ ਆਪਣੀ ਔਲਾਦ ਤੇ ਦੀਸ਼ੇ ਵਿੱਚ ਕਦੇ ਕੋਈ ਫ਼ਰਕ ਨਾ ਰੱਖਿਆ। ਹੁਣ ਦੀਸ਼ਾ ਜਵਾਨ ਹੋ ਗਿਆ ਸੀ। ਸੋਹਣਾ ਖਾਣਾ, ਸਾਫ਼ ਸੁਥਰਾ ਪਹਿਨਣਾ, ਘਰ ਦੇ ਸਾਰੇ ਕੰਮ ਨੱਠ ਨੱਠ ਕੇ ਆਪ ਮੂਹਰੇ ਹੋ ਕੇ ਕਰਨੇ। ਹਾਕਮ ਸਿੰਘ ਨੂੰ ਤਾਂ ਦੀਸੇ ਦੇ ਸਿਰ ’ਤੇ ਕੋਈ ਫ਼ਿਕਰ ਨਹੀਂ ਸੀ। ਹਾਕਮ ਸਿੰਘ ਨੇ ਘਰ ਵਿੱਚ ਹੀ ਇੱਕ ਪਾਸੇ ਉਸ ਨੂੰ ਬਹੁਤ ਵਧੀਆ ਕਮਰਾ ਰਹਿਣ ਲਈ ਦਿੱਤਾ ਹੋਇਆ ਸੀ। ਹਾਕਮ ਸਿੰਘ ਦੇ ਬੱਚੇ ਵੀ ਵਿਆਹੇ ਗਏ। ਮੁੰਡਾ ਵਹੁਟੀ ਪੱਕੇ ਤੌਰ ’ਤੇ ਵਿਦੇਸ਼ ਰਹਿੰਦੇ ਸਨ। ਕੁੜੀ ਵੀ ਆਪਣੇ ਪਰਿਵਾਰ ਵਿੱਚ ਖ਼ੁਸ਼ ਸੀ। ਕਦੇ ਕਦਾਈਂ ਗੇੜਾ ਮਾਰਦੀ ਸੀ। ਪਿੰਡ ਦੇ ਹੀ ਇੱਕ ਗ਼ਰੀਬ ਘਰ ਦੀ ਕੁੜੀ ਦੇ ਮਾਪਿਆਂ ਨਾਲ ਗੱਲ ਕਰ ਕੇ ਹਾਕਮ ਸਿੰਘ ਨੇ ਦੀਸ਼ੇ ਦਾ ਵਿਆਹ ਕਰ ਦਿੱਤਾ। ਸਾਰੇ ਪਿੰਡ ਵਿੱਚ ਹਾਕਮ ਸਿੰਘ ਦੀ ਵਾਹ ਵਾਹ ਹੋ ਰਹੀ ਸੀ ਕਿ ਕਿਵੇਂ ਇੱਕ ਲਾਵਾਰਸ ਬੱਚੇ ਦੀ ਉਸ ਨੇ ਜ਼ਿੰਦਗੀ ਬਣਾ ਦਿੱਤੀ ਸੀ। ਇੱਕ ਦਿਨ ਲੰਘੇ ਜਾਂਦੇ ਨੂੰ ਬੋਹੜ ਹੇਠ ਬੈਠੇ ਬਜ਼ੁਰਗਾਂ ਨੇ ਹਾਕਮ ਸਿੰਘ ਨੂੰ ਹਾਕ ਮਾਰ ਕੇ ਕੋਲ਼ ਬਿਠਾ ਲਿਆ ਤੇ ਸਭ ਤੋਂ ਸਿਆਣੇ ਬਾਬੇ ਨੇ ਥਾਪੀ ਦਿੰਦਿਆਂ ਆਖਿਆ, ‘‘ਸ਼ਾਬਾਸ਼ੇ ਬੱਲਿਆ! ਆਹ ਜਿਹੜਾ ਤੂੰ ਇੱਕ ਰੁਲ਼ਦੇ ਫਿਰਦੇ ਜਵਾਕ ਦਾ ਘਰ ਵਸਾਤਾ… ਬਈ ਏਹਦੇ ਨਾਲ ਦੀ ਰੀਸ ਨੀ ਕੋਈ… ਪੁੱਤ ਆਪਣੇ ਕਾਰਜ ਤਾਂ ਹਰ ਕੋਈ ਕਰੀ ਜਾਂਦਾ… ਦੂਜਿਆਂ ਲਈ ਕੋਈ ਕੁਛ ਕਰੇ ਤਾਂ ਉਸੇ ਦਾ ਦੁਨੀਆਂ ਤੇ ਆਉਣਾ ਸਫਲ ਹੈ…। ਹਾਕਮ ਸਿਹੁੰ, ਤੂੰ ਤਾਂ ਰੱਬ ਦਾ ਅਸਲੀ ਸੇਵਾਦਾਰ ਐਂ।’’
ਸੰਪਰਕ: 99889-01324
ਮੁਫ਼ਤ ਦੀਆਂ ਰੋਟੀਆਂ
ਬਹਾਦਰ ਸਿੰਘ ਗੋਸਲ
ਪਵਨ ਨੂੰ ਬਚਪਨ ਤੋਂ ਹੀ ਕੰਮ ਕਰਨ ਦੀ ਆਦਤ ਨਹੀਂ ਸੀ। ਇਸ ਕਰਕੇ ਉਹ ਪੜ੍ਹਨ ਤੋਂ ਵੀ ਕੰਨੀ ਕਤਰਾਉਂਦਾ ਰਿਹਾ ਅਤੇ ਬੜੀ ਮੁਸ਼ਕਿਲ ਨਾਲ ਦਸ ਜਮਾਤਾਂ ਪਾਸ ਕਰ ਸਕਿਆ। ਜਿਉਂ-ਜਿਉਂ ਉਹ ਵੱਡਾ ਹੁੰਦਾ ਗਿਆ ਇੱਕ ਨੰਬਰ ਦਾ ਵਿਹਲੜ ਬਣਦਾ ਗਿਆ। ਉਸ ਦੇ ਮਾਂ-ਬਾਪ ਉਸ ਨੂੰ ਵਿਹਲੜ ਘੁੰਮਦਾ ਦੇਖ ਬਰਦਾਸ਼ਤ ਤਾਂ ਕਰੀ ਜਾਂਦੇ ਸਨ ਪਰ ਉਨ੍ਹਾਂ ਨੂੰ ਉਸ ਦੇ ਵਿਆਹ ਦੀ ਚਿੰਤਾ ਬਹੁਤ ਲੱਗੀ ਰਹਿੰਦੀ।
ਸਬੱਬੀਂ ਉਸ ਦਾ ਵਿਆਹ ਵੀ ਹੋ ਗਿਆ ਅਤੇ ਸਹੁਰੇ ਵੀ ਅਜਿਹੇ ਮਿਲੇ ਜਿੱਥੇ ਸੱਸ, ਸਹੁਰਾ ਅਤੇ ਉਨ੍ਹਾਂ ਦੀ ਇੱਕੋ ਇੱਕ ਧੀ ਤੋਂ ਬਿਨਾਂ ਘਰ ਵਿੱਚ ਹੋਰ ਕੋਈ ਮੈਂਬਰ ਨਹੀਂ ਸੀ। ਉਸ ਦੇ ਸਹੁਰੇ ਰਾਮ ਲਾਲ ਨੇ ਪਵਨ ਨੂੰ ਵਿਹਲੜ ਜਾਣ ਕੇ ਵੀ ਇਸ ਕਰਕੇ ਰਿਸ਼ਤਾ ਕਰ ਦਿੱਤਾ ਸੀ ਕਿ ਕੋਈ ਗੱਲ ਨਹੀਂ ਜੇ ਮੁੰਡਾ ਵਿਹਲਾ ਹੈ ਤਾਂ ਉਹ ਕਦੇ-ਕਦੇ ਉਸ ਦੀ ਕੱਪੜਿਆਂ ਦੀ ਦੁਕਾਨ ’ਤੇ ਬੈਠ ਜਾਇਆ ਕਰੇਗਾ। ਇਸ ਤਰ੍ਹਾਂ ਵਿਆਹ ਤੋਂ ਬਾਅਦ ਪਵਨ ਬਹੁਤਾ ਸਹੁਰੇ ਘਰ ਹੀ ਰਹਿੰਦਾ, ਕੰਮ ਕੋਈ ਨਾ ਕਰਦਾ, ਬਸ ਮੁਫ਼ਤ ਦੀਆਂ ਰੋਟੀਆਂ ਖਾਂਦਾ। ਕੰਮ ਕਰਨ ਦੀ ਤਾਂ ਉਸ ਨੂੰ ਪਹਿਲਾਂ ਹੀ ਆਦਤ ਨਹੀਂ ਸੀ, ਸਹੁਰੇ ਦੀ ਦੁਕਾਨ ’ਤੇ ਵੀ ਕੀ ਜਾਣਾ ਸੀ? ਇੱਕ ਦਿਨ ਪਵਨ ਨੂੰ ਉਸ ਦਾ ਦੋਸਤ ਹਰਮਨ ਮਿਲ ਗਿਆ। ਹਰਮਨ ਉਸ ਬਾਰੇ ਸਭ ਜਾਣਦਾ ਸੀ ਅਤੇ ਉਸ ਨੇ ਪਵਨ ਨੂੰ ਕਿਹਾ, ‘‘ਦੇਖ ਬਈ, ਇਹ ਤਾਂ ਠੀਕ ਹੈ ਕਿ ਤੂੰ ਸਹੁਰੇ ਘਰ ਰਹਿੰਦਾ ਏਂ, ਪਰ ਤੂੰ ਮੁਫ਼ਤ ਦੀਆਂ ਰੋਟੀਆਂ ਖਾਣ ਦੀ ਆਦਤ ਪਾ ਲਈ ਏ, ਇਹ ਚੰਗੀ ਗੱਲ ਨਹੀਂ ਹੈ। ਕੁਝ ਨਾ ਕੁਝ ਕੰਮ-ਧੰਦਾ ਕਰ ਲਿਆ ਕਰ। ਸਹੁਰੇ ਘਰ ਵਿਹਲਾ ਜੁਆਈ ਵੈਸੇ ਵੀ ਚੰਗਾ ਨਹੀਂ ਲੱਗਦਾ।’’ ਹਰਮਨ ਦੀ ਗੱਲ ਪਵਨ ਨੂੰ ਚੁਭੀ ਜ਼ਰੂਰ, ਪਰ ਉਹ ਚੁੱਪ ਹੀ ਰਿਹਾ।
ਥੋੜ੍ਹੀ ਦੇਰ ਬਾਅਦ ਮਨ ਵਿੱਚ ਗੁੱਸਾ ਲੈ ਕੇ ਪਵਨ ਘਰ ਚਲਿਆ ਗਿਆ ਅਤੇ ਆਪਣੀ ਸੱਸ ਨੂੰ ਕਹਿਣ ਲੱਗਾ, ‘‘ਅੱਜ ਜੀ ਮੈਂ ਰੋਟੀ ਨਹੀਂ ਖਾਣੀ, ਮੈਨੂੰ ਤਾਂ ਚਾਵਲ ਬਣਾ ਦਿਓ।’’ ਸੱਸ ਸੁਣ ਕੇ ਹੈਰਾਨ ਹੋ ਕੇ ਬੋਲੀ, ‘‘ਪਰ ਪੁੱਤਰ! ਤੂੰ ਤਾਂ ਚਾਵਲ ਕਦੇ ਖਾਂਦਾ ਨਹੀਂ, ਤਾਂ ਅੱਜ ਕਿਉਂ?’’ ਪਵਨ ਨੇ ਵੀ ਗੁੱਸੇ ਦੇ ਲਹਿਜੇ ਵਿੱਚ ਜਵਾਬ ਦਿੱਤਾ, ‘‘ਨਹੀਂ ਜੀ, ਮੈਂ ਰੋਟੀ ਨਹੀਂ ਖਾਣੀ। ਲੋਕ ਮਿਹਣੇ ਮਾਰਦੇ ਹਨ ਕਿ ਮੈਂ ਮੁਫ਼ਤ ਦੀਆਂ ਰੋਟੀਆਂ ਤੋੜਦਾ ਹਾਂ। ਇਸ ਲਈ ਹੁਣ ਮੈਂ ਚਾਵਲ ਹੀ ਖਾਇਆ ਕਰਾਂਗਾ।’’ ਸੱਸ ਅਤੇ ਉਸ ਦੀ ਪਤਨੀ ਹੱਸਦੀਆਂ ਹੋਈਆਂ ਕਹਿਣ ਲੱਗੀਆਂ, ‘‘ਲੱਗਦਾ ਏ, ਅੱਜ ਕਿਸੇ ਨੇ ਨੇਕ ਸਲਾਹ ਦੇ ਦਿੱਤੀ ਏ।’’
ਦੇਸ਼-ਨਿਕਾਲਾ
ਹਰਭਗਵਾਨ ਚਾਵਲਾ
ਸ਼ਹਿਰ ਤੋਂ ਇੱਕ ਪੰਛੀ ਆਪਣੇ ਪੁਰਾਣੇ ਯਾਰਾਂ-ਬੇਲੀਆਂ ਨੂੰ ਮਿਲਣ ਜੰਗਲ ਪਹੁੰਚਿਆ। ਜੰਗਲ ਨੇ ਬਾਹਾਂ ਫੈਲਾ ਕੇ ਉਹਦਾ ਸਵਾਗਤ ਕੀਤਾ। ਸਾਰੇ ਪੰਛੀ ਸ਼ਹਿਰ ਅਤੇ ਸ਼ਹਿਰ ਵਿੱਚ ਬੀਤ ਰਹੀ ਉਹਦੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਸਨ। ਉਹ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛ ਰਹੇ ਸਨ। ਸ਼ਹਿਰ ਦੇ ਪੰਛੀ ਨੂੰ ਕੁਝ ਪ੍ਰਸ਼ਨ ਸਮਝ ਵਿੱਚ ਆਏ, ਕੁਝ ਨਹੀਂ। ਉਹਨੇ ਕਿਹਾ- ‘‘ਤੁਸੀਂ ਸਾਰੇ ਇੰਨੀ ਹੌਲੀ-ਹੌਲੀ ਕਿਉਂ ਬੋਲ ਰਹੇ ਹੋ, ਕੀ ਕੋਈ ਖ਼ਤਰਾ ਹੈ?’’
‘‘ਅਸੀਂ ਤਾਂ ਸਾਰੇ ਉਵੇਂ ਹੀ ਬੋਲ ਰਹੇ ਹਾਂ, ਜਿਵੇਂ ਪਹਿਲਾਂ ਬੋਲਦੇ ਸਾਂ। ਤੂੰ ਹੀ ਕਾਫ਼ੀ ਉੱਚਾ ਬੋਲ ਰਿਹਾ ਹੈਂ, ਆਵਾਜ਼ ਵੀ ਤਿੱਖੀ ਹੋ ਗਈ ਹੈ, ਸ਼ਾਇਦ ਸੁਣਨ ਵੀ ਉੱਚਾ ਲੱਗ ਪਿਆ ਹੈਂ।’’ ਇੱਕ ਪੰਛੀ ਨੇ ਕਿਹਾ।
‘‘ਸ਼ਾਇਦ ਤੂੰ ਠੀਕ ਕਹਿ ਰਿਹਾ ਹੈਂ। ਸ਼ਹਿਰ ਵਿੱਚ ਇੰਨਾ ਰੌਲਾ ਹੈ ਕਿ ਉੱਚੀ ਬੋਲਣਾ ਹੀ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਉੱਚੀ ਬੋਲਦੇ-ਬੋਲਦੇ ਉੱਚੀ ਬੋਲਣਾ ਮੇਰਾ ਸੁਭਾਅ ਬਣ ਗਿਆ ਹੈ ਅਤੇ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਉੱਚੀ ਬੋਲ ਰਿਹਾ ਹਾਂ। ਹੋ ਸਕਦੈ, ਉੱਚਾ ਸੁਣਨ ਵੀ ਲੱਗ ਪਿਆ ਹੋਵਾਂ। ਅਤੇ ਮੇਰੀ ਆਵਾਜ਼ ਦਾ ਤਿੱਖਾਪਣ ਤਾਂ ਮੈਂ ਵੀ ਮਹਿਸੂਸ ਕੀਤਾ ਹੈ।’’
‘‘ਬੱਚੇ ਕਿਵੇਂ ਨੇ ਤੇਰੇ, ਕੀ ਕਰਦੇ ਨੇ?’’ ਦੂਜੇ ਪੰਛੀ ਨੇ ਪੁੱਛਿਆ। ‘‘ਮੈਨੂੰ ਨਹੀਂ ਪਤਾ, ਕੀ ਕਰਦੇ ਨੇ। ਸਵੇਰ ਹੁੰਦਿਆਂ ਹੀ ਪਤਾ ਨਹੀਂ ਕਿੱਥੇ ਉੱਡ ਜਾਂਦੇ ਨੇ ਅਤੇ ਦੇਰ ਰਾਤ ਨੂੰ ਮੁੜਦੇ ਨੇ। ਮੈਂ ਤਾਂ ਜਦੋਂ ਵੀ ਉਨ੍ਹਾਂ ਨੂੰ ਵੇਖਦਾ-ਸੁਣਦਾ ਹਾਂ, ਹਮੇਸ਼ਾ ਉਡਾਣ ਦੀਆਂ ਗੱਲਾਂ ਕਰਦਿਆਂ ਵੇਖਦਾ ਹਾਂ। ਪਤਾ ਹੈ, ਕੀ ਕਹਿੰਦੇ ਨੇ ਉਹ – ਜੰਗਲ ਦਾ ਆਕਾਸ਼ ਬੜਾ ਨੀਵਾਂ ਹੈ ਅਤੇ ਸ਼ਹਿਰ ਦਾ ਬੜਾ ਉੱਚਾ। ਆਪਾਂ ਬਹੁਤ ਉੱਚੀ ਉਡਾਣ ਭਰਨੀ ਹੈ।’’
‘‘ਅੱਛਾ! ਚਲੋ ਠੀਕ ਹੈ। ਆਪਣੇ ਮਨ ਦੀ ਕਰ ਰਹੇ ਹਨ। ਹੋਰ ਤਾਂ ਸਭ ਠੀਕ-ਠਾਕ ਹੈ ਨਾ! ਕੋਈ ਖ਼ਤਰਾ ਵਗੈਰਾ ਤਾਂ ਨਹੀਂ?’’
‘‘ਕਦਮ-ਕਦਮ ’ਤੇ ਖ਼ਤਰਾ ਹੈ। ਬਿਜਲੀ ਦੀਆਂ ਤਾਰਾਂ ਦਾ ਡਰ, ਕਿਸੇ ਵਾਹਨ ਹੇਠਾਂ ਕੁਚਲੇ ਜਾਣ ਦਾ ਡਰ, ਕਿਸੇ ਕੁੱਤੇ-ਬਿੱਲੀ ਦਾ ਭੋਜਨ ਬਣ ਜਾਣ ਦਾ ਡਰ। ਹਰ ਪਲ ਖ਼ਤਰੇ ਵਿੱਚ ਬੀਤਦਾ ਹੈ।’’
‘‘ਫਿਰ ਤਾਂ ਆਪਣਾ ਜੰਗਲ ਹੀ ਠੀਕ ਹੈ।’’ ਉਸ ਪੰਛੀ ਨੇ ਲੰਮਾ ਸਾਹ ਲਿਆ।
‘‘ਜੰਗਲ ਵੀ ਹੁਣ ਕਿੱਥੇ ਸੁਰੱਖਿਅਤ ਨੇ? ਹਨੇਰੀ-ਮੀਂਹ ਅਤੇ ਸ਼ਿਕਾਰੀਆਂ ਦਾ ਡਰ ਤਾਂ ਸਦਾ ਬਣਿਆ ਰਹਿੰਦਾ ਹੈ। ਹੁਣ ਜਿੰਨੀ ਤੇਜ਼ੀ ਨਾਲ ਜੰਗਲ ਕੱਟੇ ਜਾ ਰਹੇ ਹਨ, ਰਹਿਣ ਲਈ ਸੁਰੱਖਿਅਤ ਥਾਵਾਂ ਲਗਾਤਾਰ ਘਟਦੀਆਂ ਜਾ ਰਹੀਆਂ ਹਨ। ਭੋਜਨ ਦਾ ਸੰਕਟ ਵੀ ਪੈਦਾ ਹੋਣ ਲੱਗਿਆ ਹੈ।’’ ਇੱਕ ਪੰਛੀ ਨੇ ਉਸ ਪੰਛੀ ਦੀ ਗੱਲ ਦਾ ਵਿਰੋਧ ਕਰਦਿਆਂ ਕਿਹਾ।
‘‘ਹੁਣ ਅਸੀਂ ਕਿਤੇ ਵੀ ਸੁਰੱਖਿਅਤ ਨਹੀਂ ਹਾਂ। ਬੱਸ ਇੱਕ ਤਸੱਲੀ ਹੈ ਕਿ ਕਿੰਨੀ ਵੀ ਵੱਡੀ ਮੁਸੀਬਤ ਆਵੇ, ਅਸੀਂ ਮਿਲ ਕੇ ਮੁਕਾਬਲਾ ਕਰਦੇ ਹਾਂ। ਇਕੱਠੇ ਮਿਲ ਕੇ ਉਡਦੇ ਹਾਂ, ਇਕੱਠੇ ਮਿਲ ਕੇ ਗਾਉਂਦੇ ਹਾਂ, ਇਕੱਠੇ ਤਾਰਿਆਂ-ਭਰਿਆ ਅਸਮਾਨ ਵੇਖਦੇ ਹਾਂ।’’ ਇੱਕ ਹੋਰ ਪੰਛੀ ਨੇ ਕਿਹਾ।
‘‘ਇਕੱਠੇ ਮਿਲ ਕੇ ਰਹਿਣਾ, ਇਕੱਠਿਆਂ ਮੁਸੀਬਤ ਦਾ ਸਾਹਮਣਾ ਕਰਨਾ, ਇੱਕ-ਦੂਜੇ ਦੇ ਦੁਖ-ਸੁਖ ਨੂੰ ਮਹਿਸੂਸ ਕਰਨਾ। ਇਕੱਠਿਆਂ ਉੱਡਣਾ ਅਤੇ ਗਾਉਣਾ- ਇਹ ਕੋਈ ਛੋਟੀਆਂ ਗੱਲਾਂ ਨਹੀਂ ਹਨ। ਦੋਸਤੋ! ਇਹੋ ਤਾਂ ਅਸਲ ਜੀਵਨ ਹੈ। ਸ਼ਹਿਰ ਵਿੱਚ ਇਹੀ ਸਭ ਤਾਂ ਨਹੀਂ ਹੈ। ਹਰ ਕੋਈ ਇਕੱਲਾ ਹੈ ਉੱਥੇ – ਦੁੱਖ ਵਿੱਚ ਵੀ, ਸੁਖ ਵਿੱਚ ਵੀ।’’ ਸ਼ਹਿਰੀ ਪੰਛੀ ਨੇ ਜਦੋਂ ਇਹ ਕਿਹਾ ਤਾਂ ਉਹਦੀ ਆਵਾਜ਼ ਦੀ ਨਮੀ ਨਾਲ ਸਾਰੇ ਪੰਛੀ ਗੰਭੀਰ ਹੋ ਗਏ। ਕੁਝ ਚਿਰ ਡੂੰਘੀ ਖ਼ਾਮੋਸ਼ੀ ਛਾਈ ਰਹੀ।
ਫਿਰ ਇੱਕ ਪੰਛੀ ਨੇ ਉਹਨੂੰ ਕਿਹਾ, ‘‘ਤੂੰ ਫਿਰ ਜੰਗਲ ਵਿੱਚ ਵਾਪਸ ਕਿਉਂ ਨਹੀਂ ਆ ਜਾਂਦਾ?’’
‘‘ਜੋ ਆਪਣੀ ਜਲਾਵਤਨੀ ਖ਼ੁਦ ਚੁਣਦੇ ਨੇ, ਉਨ੍ਹਾਂ ਦਾ ਪਰਤਣਾ ਸੰਭਵ ਨਹੀਂ ਹੁੰਦਾ।’’ ਸ਼ਹਿਰੀ ਪੰਛੀ ਦੇ ਇਸ ਕਥਨ ਪਿੱਛੋਂ ਪਸਰੀ ਖ਼ਾਮੋਸ਼ੀ ਫਿਰ ਨਹੀਂ ਟੁੱਟੀ।
– ਪੰਜਾਬੀ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015
ਸੋਚ ਦਾ ਪੱਧਰ
ਹਰਿੰਦਰ ਪਾਲ ਸਿੰਘ
ਮੈਂ ਰੋਜ਼ ਦੀ ਤਰ੍ਹਾਂ ਪਾਰਕ ਵਿੱਚ ਸੈਰ ਕਰ ਰਿਹਾ ਸਾਂ। ਨਿੱਤ ਕਾਫ਼ੀ ਲੋਕ ਸੈਰ ਕਰਨ ਆਉਂਦੇ, ਦੋ-ਚਾਰ ਨਵੇਂ ਚਿਹਰੇ ਹੁੰਦੇ ਤੇ ਕਈ ਹਰ ਰੋਜ਼ ਵਾਲੇ ਪਰ ਅੱਜ ਮੈਨੂੰ ਪਾਰਕ ਛੱਡਣ ਵੇਲੇ ਕੁਝ ਦੇਰੀ ਹੋ ਗਈ ਕਿਉਂਕਿ ਮੈਂ ਥੋੜ੍ਹੀ ਦੇਰ ਨਾਲ ਪਾਰਕ ਵਿੱਚ ਆਇਆ ਸੀ। ਲੋਕ ਕਾਫ਼ੀ ਘਟ ਗਏ ਸਨ। ਇੰਨੇ ਨੂੰ ਇੱਕ ਲੜਕੀ, ਜਿਸ ਨੇ ਜੀਨ-ਟੌਪ ਪਾਈ ਹੋਈ ਸੀ ਅਤੇ ਹੱਥ ਵਿੱਚ ਪਲਾਸਟਿਕ ਦਾ ਲਿਫ਼ਾਫ਼ਾ ਚੁੱਕਿਆ ਹੋਇਆ ਸੀ, ਬੈਂਚ ’ਤੇ ਆ ਬੈਠੀ। ਇਧਰ ਮੇਰੇ ਨਾਲ ਮੇਰੀ ਸੋਚ ਨੇ ਚੱਲਣਾ ਸ਼ੁਰੂ ਕਰ ਦਿੱਤਾ। ਲਿਫ਼ਾਫ਼ੇ ’ਚ ਕਿਤਾਬਾਂ ਨਹੀਂ ਸਨ ਲੱਗ ਰਹੀਆਂ।
ਇਸ ਬਾਰੇ ਸੋਚਦਿਆਂ-ਸੋਚਦਿਆਂ ਅੱਜ ਸੈਰ ਵੀ ਵੱਧ ਹੋ ਗਈ ਸੀ ਤੇ ਮੇਰੇ ਉਸ ਬਾਰੇ ਵਿਚਾਰ ਹੋਰ ਵੀ ਨੀਵੇਂ ਸਤਰ ਦੇ ਹੁੰਦੇ ਜਾ ਰਹੇ ਸਨ। ਬੈਂਚ ਕੋਲੋਂ ਲੰਘਦਿਆਂ ਲਿਫ਼ਾਫ਼ੇ ਦੇ ਖੁੱਲ੍ਹੇ ਹੋਏ ਮੂੰਹ ’ਚ ਝਾਤ ਮਾਰੀ ਤਾਂ ਕੁਝ ਕੱਪੜੇ ਦਿਖਾਈ ਦਿੱਤੇ। ਸ਼ਾਇਦ ਕਿਤੋਂ ਰਾਤ ਬਿਤਾ ਕੇ ਆਈ ਜਾਂ ਹੁਣ ਕਿਤੇ ਜਾ ਰਹੀ ਲੱਗੀ। ਸੋਚ ਹੋਰ ਡੂੰਘੀ ਹੁੰਦੀ ਜਾ ਰਹੀ ਸੀ ਕਿਉਂ ਜੋ ਹਾਵ-ਭਾਵ ਸ਼ਕਲ ਸੂਰਤ ਪਹਿਰਾਵੇ ਤੇ ਬੇਪ੍ਰਵਾਹੀ ਤੋਂ ਪੀਜੀ ’ਚ ਰਹਿੰਦੀ ਲੱਗਦੀ ਸੀ।
ਅੰਤ ਪਾਰਕ ਵਿੱਚ ਸਿਰਫ਼ ਤਿੰਨ ਜਣੇ ਹੀ ਰਹਿ ਗਏ, ਮੈਂ ਉਹ ਕੁੜੀ ਤੇ ਇਕ ਬਜ਼ੁਰਗ ਯੋਗਾ ਕਰ ਰਿਹਾ ਸੀ। ਨਵੀਂ ਪੀੜ੍ਹੀ ਤੇ ਪੀਜੀ ਕਲਚਰ ਬਾਬਤ ਲੋਕਾਂ ਤੋਂ ਸੁਣੀਆਂ-ਸੁਣਾਈਆਂ ਗੱਲਾਂ ਅਤੇ ਬਦਲੇ ਮਾਹੌਲ ਬਾਰੇ ਸੋਚਿਆ ਤਾਂ ਮੇਰੀ ਸੋਚ ਘਟੀਆ ਪੱਧਰ ਤੱਕ ਚਲੀ ਗਈ। ਥੋੜ੍ਹੀ ਦੇਰ ਬਾਅਦ ਸਿਰ ਨੂੰ ਝਟਕਾ ਦਿੱਤਾ ਤੇ ਖ਼ਿਆਲਾਂ ਦੀ ਲੜੀ ਤੋੜੀ। ਕੀ ਲੈਣਾ ਅਸੀਂ ਇਨ੍ਹਾਂ ਦੇ ਕਾਰਿਆਂ ਤੋਂ ਜੋ ਕਰਨਗੇ ਸੋ ਭਰਨਗੇ। ਇਨ੍ਹਾਂ ਵਿਚਾਰਾਂ ਨਾਲ ਪਾਰਕ ਤੋਂ ਬਾਹਰ ਨਿਕਲ ਆਇਆ ਪਰ ਫਿਰ ਜਗਿਆਸਾਵੱਸ ਪਿੱਛੇ ਮੁੜ ਕੇ ਦੇਖਿਆ ਤਾਂ ਲੜਕੀ ਨੇ ਬੈਂਚ ਛੱਡ ਦਿੱਤਾ ਸੀ ਅਤੇ ਮੇਰੇ ਮਗਰ ਹੀ ਥੋੜ੍ਹੀ ਦੂਰੀ ’ਤੇ ਮੇਰੇ ਪਿੱਛੇ ਆ ਰਹੀ ਸੀ। ਮਨ ਨੇ ਮੈਨੂੰ ਕਿਹਾ, ‘ਦੇਖੀ ਜਾ ਕਿੱਧਰ ਜਾਵੇਗੀ, ਸ਼ਾਇਦ ਕੋਈ ਮਿੱਤਰ ਯਾਰ ਲੈਣ ਆਵੇਗਾ।’ ਦੋ-ਤਿੰਨ ਵਾਰ ਪਿੱਛੇ ਮੁੜ ਕੇ ਵੇਖਦਾ ਰਿਹਾ ਪਰ ਇਹ ਕੀ? ਪਾਰਕ ਨਾਲ ਥੋੜ੍ਹੀ ਦੂਰੀ ’ਤੇ ਇੱਕ ਝੁੱਗੀ ਵੱਲ ਕੁੜੀ ਜਾ ਰਹੀ ਸੀ। ਵੇਖਦੇ-ਵੇਖਦੇ ਕੱਪੜਿਆਂ ਵਾਲਾ ਉਹ ਲਿਫ਼ਾਫ਼ਾ ਕੁੜੀ ਨੇ ਝੁੱਗੀ ਅੰਦਰ ਖੜ੍ਹੇ ਬੰਦੇ ਵੱਲ ਵਧਾ ਦਿੱਤਾ ਜੋ ਉਸ ਨੇ ਇਕ ਹੱਥ ਨਾਲ ਫੜ ਲਿਆ ਤੇ ਦੂਜਾ ਹੱਥ ਗਰਮ ਹੋਈ ਪ੍ਰੈੱਸ ਵੱਲ ਵਧਾਇਆ। ਲੜਕੀ ਕੱਪੜੇ ਪ੍ਰੈੱਸ ਕਰਨ ਵਾਲੇ ਦੇ ਕੰਮ ਸ਼ੁਰੂ ਕਰਨ ਦੀ ਉਡੀਕ ’ਚ ਪਾਰਕ ਅੰਦਰ ਬੈਠੀ ਇੰਤਜ਼ਾਰ ਕਰ ਰਹੀ ਸੀ। ਮੈਂ ਖ਼ੁਦ ਦੀਆਂ ਨਜ਼ਰਾਂ ’ਚ ਸ਼ਰਮਿੰਦਾ ਹੋਇਆ ਤੇ ਮਨ ਵਿੱਚ ਵਿਚਾਰਨ ਲੱਗਾ, ‘ਅਜੇ ਨਵੀਂ ਪੀੜ੍ਹੀ ਓਨੀ ਘਟੀਆ ਨਹੀਂ ਹੋਈ, ਜਿੰਨੀ ਸਾਡੀ ਸੋਚ ਦਾ ਪੱਧਰ ਨੀਵਾਂ ਹੋ ਚੱਲਿਆ ਏ।’
ਸੰਪਰਕ: 97806-44040