ਪ੍ਰਿੰ. ਸਰਵਣ ਸਿੰਘ
ਸਾਧੂ ਸਿੰਘ ਸੰਘਾ ਦਾ ਜਨਮ ਨਵੰਬਰ 1945 ਦਾ ਹੈ। ਕਾਲਜ ਵਿਚ ਪੜ੍ਹਦਿਆਂ ਉਹ ਵਿਦਿਆਰਥੀ ਜਥੇਬੰਦੀ ਦਾ ਮੈਂਬਰ ਬਣ ਗਿਆ ਅਤੇ ਮਾਰਕਸਵਾਦੀ ਸਾਹਿਤ ਦੇ ਲੜ ਲੱਗ ਗਿਆ। ਉਸ ਨੇ ਪਿੰਡ ਵਿਚ ਨੌਜਵਾਨ ਭਾਰਤ ਸਭਾ ਬਣਾਈ ਅਤੇ ਸਮਾਜ ਸੁਧਾਰ ਦੇ ਕਾਰਜ ਆਰੰਭੇ। ਉਹਨੇ ਕੁਝ ਸਾਲ ਖੇਤੀਬਾੜੀ ਅਤੇ ਨਾਲ ਬਿਜਲੀ ਬੋਰਡ ਦੀ ਨੌਕਰੀ ਕੀਤੀ। ਬਿਜਲੀ ਬੋਰਡ ਦੀ ਨੌਕਰੀ ਕਰਦਿਆਂ ਕਰਮਚਾਰੀਆਂ ਦੀ ਟੈਕਨੀਕਲ ਸਰਵਿਸਜ਼ ਯੂਨੀਅਨ ਵਿਚ ਵਧ ਚੜ੍ਹ ਕੇ ਸੰਘਰਸ਼ ਕੀਤਾ। ਸਟੇਜ ਤੋਂ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਗਾਉਂਦਾ ਉਹ ਆਪ ਵੀ ਕਵਿਤਾਵਾਂ ਲਿਖਣ ਤੇ ਸੁਣਾਉਣ ਲੱਗ ਪਿਆ। ਉਹ ਸੰਘਰਸ਼ੀ ਲੇਖਕ ਹੈ। ਉਹਨੇ ਦੋ ਨਾਵਲ ‘ਤਿੜਕਦੀ ਹਵੇਲੀ’ ਅਤੇ ‘ਸੰਘਰਸ਼ੀ ਰਾਹ’ ਲਿਖੇ। 1982 ਤੋਂ ਉਹ ਅਮਰੀਕਾ ਵਿਚ ਹੈ ਪਰ ਆਪਣਾ ਪਿੰਡ, ਪੰਜਾਬ ਤੇ ਆਪਣੇ ਲੋਕ ਉਹਨੂੰ ਕਦੇ ਨਹੀਂ ਭੁੱਲੇ।
ਸਾਧੂ ਸਿੰਘ ਸੰਘਾ ਸੰਘਰਸ਼ੀ ਲੇਖਕ ਹੈ। ਉਸ ਨੇ ਆਪਣੇ ਇਕ ਨਾਵਲ ਦਾ ਨਾਂ ‘ਸੰਘਰਸ਼ੀ ਰਾਹ’ ਰੱਖਿਆ ਹੈ। ਉਹ ਇਨਕਲਾਬੀ ਕਵੀ ਹੈ ਤੇ ਸਮਾਜਵਾਦੀ ਨਾਵਲਕਾਰ। ਖੇਡ ਪ੍ਰੇਮੀ ਵੀ ਹੈ। ਕਬੱਡੀ ਦੇ ਮੈਚ ਉਹ ਕਪੂਰਿਆਂ ਦੇ ਮੇਲੇ ਚ ਵੀ ਵੇਖਦਾ ਰਿਹਾ, ਢੁੱਡੀਕਿਆਂ ਦੇ ਲਾਜਪਤ ਰਾਏ ਖੇਡ ਮੇਲੇ ਵਿਚ ਵੀ ਤੇ ਪਤਾਲ ਦੀ ਧਰਤੀ ਅਮਰੀਕਾ ਦੇ ਕਬੱਡੀ ਮੇਲਿਆਂ ਵਿਚ ਵੀ। ਬਲਵੰਤ ਗਾਰਗੀ ਨੇ ਆਪਣੇ ਸਫ਼ਰਨਾਮੇ ‘ਪਤਾਲ ਦੀ ਧਰਤੀ’ ਦੇ ਮੁੱਢ `ਚ ਲਿਖਿਆ ਹੈ ਕਿ ਸਾਡੇ ਸਕੂਲ ਮਾਸਟਰ ਨੇ ਆਪਣੀ ਖੂੰਡੀ ਧਰਤੀ ’ਤੇ ਗੱਡ ਕੇ ਕਿਹਾ ਸੀ, ਜੇ ਇਹ ਖੂੰਡੀ ਥੱਲੇ ਈ ਥੱਲੇ ਧੱਸਦੀ ਜਾਵੇ ਤਾਂ ਪਤਾਲ ਵਿਚ ਜਾ ਨਿਕਲੇਗੀ, ਉਥੇ ਅਮਰੀਕਾ ਹੈ। ਪੰਜਾਬ ਦੇ ਪ੍ਰਸ਼ਾਸਨ ਦਾ ਸਤਾਇਆ ਸਾਧੂ ਸਿੰਘ 1982 ਵਿਚ ਅਮਰੀਕਾ ਚਲਾ ਗਿਆ। ਪਹਿਲਾਂ ਲਾਸ ਏਂਜਲਸ ਰਿਹਾ ਤੇ 1998 ਤੋਂ ਫਰਿਜ਼ਨੋ ਰਹਿ ਰਿਹੈ। ਰਹਿੰਦਾ ਭਾਵੇਂ ਕੈਲੀਫੋਰਨੀਆ ਹੈ ਪਰ ਆਪਣਾ ਪਿੰਡ, ਆਪਣਾ ਪੰਜਾਬ ਤੇ ਆਪਣੇ ਲੋਕ ਉਹਨੂੰ ਕਦੇ ਨਹੀਂ ਭੁੱਲੇ। ਉਹਦੇ ਦੋਵੇਂ ਨਾਵਲ ‘ਤਿੜਕਦੀ ਹਵੇਲੀ’ ਤੇ ‘ਸੰਘਰਸ਼ੀ ਰਾਹ’ ਇਸ ਗੱਲ ਦੇ ਗਵਾਹ ਹਨ।
ਮੈਨੂੰ ਉਹ ਢੁੱਡੀਕੇ ਦੇ ਖੇਡ ਮੇਲੇ ਵਿਚ ਵੀ ਮਿਲਦਾ ਰਿਹਾ ਅਤੇ ਮਗਰੋਂ ਸੈਲਮਾ ਤੇ ਫਰਿਜ਼ਨੋ ਦੇ ਖੇਡ ਮੇਲਿਆਂ ਵਿਚ ਵੀ ਮਿਲਿਆ। ਖੇਡ ਮੇਲੇ ਵੇਖ ਕੇ ਖੇਡਾਂ ਦੀ ਚਰਚਾ ਵੀ ਕਰਦੈ। ਖੁਦ ਵੀ ਛੇ ਫੁੱਟਾ ਜੁਆਨ ਹੈ। 1990 ਵਿਚ ਜਦੋਂ ਅਸੀਂ ਪਹਿਲੀ ਵਾਰ ਅਮਰੀਕਾ ਗਏ ਤਾਂ ਲਾਸ ਏਂਜਲਸ ਦੇ ਹਵਾਈ ਅੱਡੇ ਤੋਂ ਸਿੱਧੇ ਉਹਦੇ ਘਰ ਪਹੁੰਚੇ ਸਾਂ। ਮੈਂ ਆਪਣੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ (ਮੇਰੀ ਅਮਰੀਕਾ ਫੇਰੀ) ਵਿਚ ‘ਮਿਲਣੀ ਮਿੱਤਰਾਂ ਦੀ’ ਸਿਰਲੇਖ ਹੇਠ ਉਹਦੇ ਘਰ ਜੁੜੀ ਮਿੱਤਰਾਂ ਦੀ ਮਹਿਫ਼ਲ ਦਾ ਹੀ ਵਰਣਨ ਕੀਤਾ ਸੀ। ਫਿਰ ਉਹ ਮੇਰੇ ਭਰਾ ਭਜਨ ਸਿੰਘ ਸੰਧੂ ਦੇ ਘਰ ਮਨਾਏ ਮੇਰੇ 50ਵੇਂ ਜਨਮ ਦਿਨ ’ਤੇ ਪਰਿਵਾਰ ਸਮੇਤ ਬੇਕਰਜ਼ਫੀਲਡ ਪੁੱਜਾ। ਉਦੋਂ ਪਾਸ਼ ਦੀ ਪਤਨੀ ਰਾਣੀ, ਉਨ੍ਹਾਂ ਦੀ ਧੀ ਵਿੰਕਲ ਅਤੇ ਪਾਸ਼ ਦੇ ਮਾਤਾ ਪਿਤਾ ਭਜਨ ਦੇ ਗੁਆਂਢ ਹੀ ਰਹਿੰਦੇ ਸਨ। ਸੱਜੇ ਹੱਥ ਤੀਜਾ ਘਰ ਲਹਿੰਦੇ ਪੰਜਾਬ ਦੇ ਚੌਧਰੀ ਦਾ ਸੀ ਜਿਸ ਵਿਚ ਉਹ ਕਿਰਾਏਦਾਰ ਸਨ। ਮੇਰੇ ਜਨਮ ਦਿਨ ਦੇ ਚਾਅ ਵਿਚ ਭਜਨ ਦੀ ਪਤਨੀ ਰਵਿੰਦਰ ਨਾਲ ਰਸੋਈ ’ਚ ਹੱਥ ਵਟਾਉਂਦੀ ਰਾਣੀ ਮੈਨੂੰ ਆਪਣੀ ਨਿੱਕੀ ਭੈਣ ਜਾਪ ਰਹੀ ਸੀ। ਮੈਂ ਉਥੇ ਪਾਸ਼ ਦੇ ਪਿਤਾ ਸੋਹਣ ਸਿੰਘ ਸੰਧੂ ਅਤੇ ਰਾਣੀ ਨੂੰ ਪਹਿਲੀ ਵਾਰ ਮਿਲਿਆ ਸਾਂ। ਸਾਧੂ ਸਿੰਘ ਦੀ ਭੈਣ ਤੇ ਪਾਸ਼ ਦੀ ਭੈਣ ਢੁੱਡੀਕੇ ਦੇ ਸਰਪੰਚ ਰਾਮ ਸਿੰਘ ਦੇ ਪੁੱਤਰਾਂ ਨਛੱਤਰ ਸਿੰਘ ਤੇ ਹਰਸ਼ਰਨ ਧੀਦੋ ਨੂੰ ਵਿਆਹੀਆਂ ਦਰਾਣੀਆਂ ਜਠਾਣੀਆਂ ਸਨ। 1967 ਵਿਚ ਜਦੋਂ ਮੈਂ ਢੁੱਡੀਕੇ ਕਾਲਜ ਵਿਚ ਪੜ੍ਹਾਉਣ ਲੱਗਾ ਤਾਂ ਸਰਪੰਚ ਰਾਮ ਸਿੰਘ ਦੇ ਪੁੱਤਰ ਭੁਪਿੰਦਰ ਬੱਗੂ ਤੇ ਸਿ਼ੰਦਰਪਾਲ ਕਾਲਜ ਦੇ ਪਹਿਲੇ ਵਿਦਿਆਰਥੀ ਸਨ। ਇਨਕਲਾਬੀ ਸੋਚ ਪੱਖੋਂ ਸਾਧੂ, ਬੱਗੂ, ਪਾਸ਼ ਤੇ ਧੀਦੋ ਦਾ ਕਰੂਰਾ ਰਲ਼ਦਾ ਸੀ। ਰਲ਼ਦਾ ਤਾਂ ਬੱਗੂ ਦੇ ਭਤੀਜੇ ਨਿਰਭੈ ਤੇ ਕੁੱਕੀ ਦਾ ਵੀ ਸੀ। ਇਸੇ ਕਰਕੇ ਉਨ੍ਹਾਂ ਨੂੰ ਪੁਲੀਸ ਤੋਂ ਲੁਕਣਾ ਛਿਪਣਾ ਪੈਂਦਾ ਸੀ। ਕਾਲਜ ਵਿਚ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਬੰਤ ਸਿੰਘ ਬਰਾੜ ਕਰਦਾ ਸੀ ਤੇ ਸਟੂਡੈਂਟਸ ਯੂਨੀਅਨ ਦੀ ਭੁਪਿੰਦਰ ਸਿੰਘ ਗਿੱਲ। ਸਾਧੂ ਸਿੰਘ ਨੇ ਆਪਣੇ ਨਾਵਲ ‘ਸੰਘਰਸ਼ੀ ਰਾਹ’ ਦੇ ਪਹਿਲੇ ਪੰਨੇ `ਤੇ ਲਿਖਿਆ ਹੈ:
ਇਨਸਾਨ ਹਮੇਸ਼ਾ ਸੰਘਰਸ਼ਸ਼ੀਲ ਰਿਹਾ ਹੈ। ਪੱਥਰ ਯੁੱਗ ਤੋਂ ਲੈ ਕੇ ਮਸ਼ੀਨੀ ਯੁੱਗ ਤਕ ਦਾ ਸਾਰਾ ਬਦਲਾਅ ਮਨੁੱਖ ਦੇ ਸੰਘਰਸ਼ ਕਰਕੇ ਹੀ ਸੰਭਵ ਹੋਇਆ ਹੈ। ਅਣਸਾਵੀਆਂ ਹਾਲਤਾਂ ਜੋ ਇਨਸਾਨ ਦੇ ਅਨੁਕੂਲ ਨਾ ਹੋਣ, ਉਨ੍ਹਾਂ ਨੂੰ ਸਾਵੀਆਂ ਹਾਲਤਾਂ ’ਚ ਬਦਲਣ ਲਈ ਮਨੁੱਖ ਹਮੇਸ਼ਾ ਤੋਂ ਹੀ ਜ਼ੋਰ ਤਾਣ ਲਾਉਂਦਾ ਆ ਰਿਹਾ ਹੈ। ਕਬੀਲਿਆਂ ਦੀ ਖਹਬਿਾਜ਼ੀ ਅਤੇ ਸਰੋਤਾਂ ਨੂੰ ਹਾਸਲ ਕਰਨ ਦੀ ਨੰਗੀ ਚਿੱਟੀ ਲੜਾਈ ਤੋਂ ਬਾਅਦ, ਧਨਾਢ ਅਤੇ ਜ਼ੋਰਾਵਰ ਦੇਸ਼ਾਂ ਵੱਲੋਂ ਕਮਜ਼ੋਰ ਅਤੇ ਪਛੜੇ ਦੇਸ਼ਾਂ ਵਿਚ ਦਖਲ ਅੰਦਾਜ਼ੀ ਕਰ ਕੇ, ਲੋਕਾਂ ਦੀ ਮਿਹਨਤ ਦੀ ਲੁਕਵੀਂ ਲੁੱਟ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਜਿਸ ਨੂੰ ਸਾਮਰਾਜੀ ਲੁੱਟ ਦਾ ਨਾਂ ਵੀ ਦਿੱਤਾ ਗਿਆ। ਵਿਦੇਸ਼ੀ ਲੁਟੇਰੇ ਇਹ ਲੁੱਟ, ਦੇਸੀ ਹਾਕਮਾਂ ਦੀ ਸ਼ਹਿ ਜਾਂ ਭਾਈਵਾਲੀ ਤੋਂ ਬਿਨਾ ਨਹੀਂ ਸਨ ਕਰ ਸਕਦੇ। ਸਿੱਟੇ ਵਜੋਂ ਆਪਣੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਮਿਹਨਤ ਨੂੰ ਲੁੱਟਣ ਲਈ, ਸਮੇਂ ਸਮੇਂ ਦੀਆਂ ਹਾਕਮ ਜਮਾਤਾਂ, ਘੱਟ ਤਨਖਾਹ, ਜਿਣਸਾਂ ਦੇ ਘੱਟ ਭਾਅ, ਵੱਧ ਸਮੇਂ ਲਈ ਅਤੇ ਵੱਧ ਤੋਂ ਵੱਧ ਕੰਮ ਕਰਵਾਉਣ ਵਰਗੀਆਂ ਹਾਲਤਾਂ ਨਾਲ ਮਿਹਨਤਕਸ਼ ਜਮਾਤ ਦਾ ਖ਼ੂਨ ਨਿਚੋੜ ਕੇ, ਆਪਣੀਆਂ ਤਿਜੌਰੀਆਂ ਭਰਨ ਦੇ ਰਾਹ ਪੈ ਗਈਆਂ। ਮਿਹਨਤਕਸ਼ ਜਮਾਤ ਨੂੰ ਜਿਵੇਂ ਜਿਵੇਂ ਸਮਝ ਆਉਂਦੀ ਗਈ, ਤਿਵੇਂ ਤਿਵੇਂ ਉਹ ਜਥੇਬੰਦ ਹੋ ਕੇ ਇਨ੍ਹਾਂ ਹਾਲਤਾਂ ਨੂੰ ਬਦਲਣ ਲਈ ਸੰਘਰਸ਼ ਦਾ ਰਾਹ ਫੜਦੀ ਗਈ। ਮੇਰੀ ਇਹ ਲਿਖਤ ਵੀ ਚੇਤੰਨ ਹੋਈ ਮਜ਼ਦੂਰ ਜਮਾਤ ਵੱਲੋਂ, ਲੁਟੇਰੀਆਂ ਜਮਾਤਾਂ ਖਿ਼ਲਾਫ਼, ਆਪਣੀ ਮਿਹਨਤ ਨੂੰ ਲੁੱਟ ਤੋਂ ਬਚਾਉਣ ਲਈ, ਮੇਰੀ ਸੋਚ ਵਿਚੋਂ ਉਭਰੀ ਲੜੀਬੱਧ ਅਤੇ ਲੰਬੇ ਜਥੇਬੰਦਕ ਸੰਘਰਸ਼ ਦੀ ਦਾਸਤਾਨ ਹੈ। ਇਸ ਵਿਚ ਮਨਾਂ ਅੰਦਰ ਦੱਬੇ ਹੋਏ ਜੁਝਾਰੂਪਣ ਨੂੰ ਆਪਣੇ ਹੱਕਾਂ ਲਈ ਅਣਖ ਅਤੇ ਰੋਹ ਵਿਚ ਬਦਲ ਕੇ, ਚਾਨਣ ਦੀ ਤਲਾਸ਼ ਲਈ ਤੁਰਨ ਦਾ ਇਕ ਅਕੀਦਾ ਹੈ।
ਨਾਵਲਕਾਰ ਬਲਦੇਵ ਸਿੰਘ ਨੇ ਇਸ ਨਾਵਲ ਬਾਰੇ ਲਿਖਿਆ: ਇਸ ਨਾਵਲ ਦੀ ਸਿਰਜਣ-ਭੂਮੀ, ਪੰਜਾਬ ਦਾ ਮਲਵਈ ਖਿੱਤਾ ਹੈ; ਖ਼ਾਸ ਕਰਕੇ ਮੋਗਾ, ਉਸ ਦੇ ਆਲੇ ਦੁਆਲੇ ਦੇ ਪਿੰਡ, ਜਗਰਾਵਾਂ, ਬੱਦੋਵਾਲ, ਲੁਧਿਆਣਾ, ਖੇਤੀਬਾੜੀ ਯੂਨੀਵਰਸਿਟੀ, ਇਹ ਸਭ ਨਾਮ ਨਾਵਲ ਦੀ ਯਥਾਰਥਿਕਤਾ ਵਿਚ ਵਾਧਾ ਕਰਦੇ ਹਨ। ਅਮਰਦੀਪ ਦੇ ਜੀਵਨ ਵਿਚ ਅਨੇਕਾਂ ਦੁਸ਼ਵਾਰੀਆਂ ਆਉਂਦੀਆਂ ਹਨ। ਉਹ ਜੇਲ੍ਹ ਜਾਂਦਾ ਹੈ ਪਰ ਆਪਣੇ ਮਕਸਦ ਤੋਂ ਡੋਲਦਾ ਨਹੀਂ ਸਗੋਂ ਲੋਕਾਂ ਦੇ ਹਿਤਾਂ ਬਾਰੇ ਉਸ ਦੀ ਸਮਝ ਹੋਰ ਪੁਖ਼ਤਾ ਹੋ ਜਾਂਦੀ ਹੈ। ਇਸ ਤਰ੍ਹਾਂ ਸਾਧੂ ਸਿੰਘ ਸੰਘਾ ਨੇ ਪੰਜਾਬੀ ਬੰਦੇ ਦੀ ਹੋਣੀ ਅਤੇ ਪੰਜਾਬੀ ਨੌਜੁਆਨਾਂ ਦੀ ਜੁਝਾਰੂ ਸੋਚ ਨੂੰ ਇਸ ਢੰਗ ਨਾਲ ਪ੍ਰਸਤੁਤ ਕੀਤਾ ਹੈ ਕਿ ਆਖਿ਼ਰ ਵਿਚ ਉਹ ਆਪਣੇ ਸੰਕਟਾਂ ਉਤੇ ਫਤਿਹ ਪਾਉਂਦੇ ਹਨ। ਇਹ ਨਾਵਲ ਦਸਦਾ ਹੈ, ਜੇ ਏਕਤਾ ਹੋਵੇ, ਜਥੇਬੰਦੀਆਂ ਦੇ ਕਾਰਕੁਨ ਅਤੇ ਅਹੁਦੇਦਾਰ ਸੁਹਿਰਦ ਹੋਣ ਤਾਂ ਜਿੱਤ ਯਕੀਨੀ ਹੈ। ਮੈਨੂੰ ਮਾਣ ਹੈ, ਮੇਰੇ ਜਿ਼ਲ੍ਹੇ ਵਿਚ ਇਕ ਹੋਰ ਨਾਵਲਕਾਰ ਨੇ ਪੱਕੇ ਪੈਰੀਂ ਆਪਣੀ ਦਸਤਕ ਦਿੱਤੀ ਹੈ।
ਜਦੋਂ ਮੈਂ ਇਹ ਨਾਵਲ ਪੜ੍ਹਿਆ ਤਾਂ ਮੈਨੂੰ ਲੱਗਾ ਜਿਵੇਂ ‘ਸੰਘਰਸ਼ੀ ਰਾਹ’ ਦਾ ਨਾਇਕ ਅਮਰਦੀਪ ਸਾਧੂ ਸਿੰਘ ਆਪ ਹੀ ਹੋਵੇ। ਡਾ. ਪ੍ਰਿਥੀਪਾਲ ਸਿੰਘ ਸੋਹੀ ਦੀ ‘ਸੰਘਰਸ਼ੀ ਰਾਹ’ ਦੇ ਸਰਵਰਕ ਉਤੇ ਟਿੱਪਣੀ ਹੈ: ਸਾਧੂ ਸਿੰਘ ਦਾ ਇਹ ਨਾਵਲ ਮੁੱਖ ਰੂਪ ਵਿਚ ਪੰਜਾਬ ਰਾਜ ਬਿਜਲੀ ਬੋਰਡ ਦੀ ਇਕ ਮੁਲਾਜ਼ਮ ਜਥੇਬੰਦੀ ਦੇ ਸੰਘਰਸ਼ ਅਤੇ ਚੁਣੌਤੀਆਂ ਦੁਆਲੇ ਘੁੰਮਦਾ ਹੈ ਪਰ ਇਸ ਦੇ ਨਾਲ ਨਾਲ ਇਸ ਵਿਚ ਪਿੰਡ ਦੇ ਰਾਜਨੀਤਕ ਅਤੇ ਸਮਾਜਿਕ ਧਰਾਤਲ ਨੂੰ ਵੀ ਬੜੀ ਖੂਬੀ ਨਾਲ ਬਿਆਨ ਕੀਤਾ ਗਿਆ ਹੈ। ਇਸ ਤੋਂ ਪਤਾ ਲੱਗਦਾ ਕਿ ਅੱਜ ਤੋਂ ਅੱਧੀ ਸਦੀ ਪਹਿਲਾਂ ਪਿੰਡ ਦੇ ਨੌਜੁਆਨ ਸੱਤਾ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਕਿਵੇਂ ਪਿੰਡ ਦੀ ਭਲਾਈ ਲਈ ਸੋਚਦੇ ਸਨ। ਪਿੰਡ ਦੀ ਸੱਤਾ ’ਤੇ ਕਾਬਜ਼ ਧਿਰਾਂ ਕਿਵੇਂ ਕੁਰੱਪਸ਼ਨ ਤੇ ਹੇਰਾਫੇਰੀਆਂ ਵਿਚ ਗ੍ਰਸਤ ਹੋ ਜਾਂਦੀਆਂ ਸਨ। ਹਥਲਾ ਨਾਵਲ ਇਕ ਵਾਰ ਫਿਰ ਸਮਾਜਵਾਦੀ ਸਿਧਾਂਤ ਦੀਆਂ ਜੜ੍ਹਾਂ ਨੂੰ ਪਾਣੀ ਲਾਉਂਦਾ ਵਿਖਾਈ ਦਿੰਦਾ ਹੈ। ਭਾਰਤ ਦਾ ਕਿਸਾਨੀ ਸੰਘਰਸ਼ ਜਿਸ ਤਰ੍ਹਾਂ ਕਾਰਪੋਰੇਟੀ ਅਦਾਰਿਆਂ ਨੂੰ ਚੁਣੌਤੀ ਦੇ ਰਿਹਾ ਸੀ ਅਤੇ ਲੋਕ ਸੱਤਾ ਦੇ ਪਰਦੇ ਨੂੰ ਨੰਗਾ ਕਰ ਰਿਹਾ ਸੀ ਜੋ ਲੋਕਾਂ ਦੀਆਂ ਵੋਟਾਂ ਤੋਂ ਸੱਤਾ ਲੈ ਕੇ ਵੱਡੇ ਘਰਾਣਿਆਂ ਦੇ ਹਿਤਾਂ ਦੀ ਪੂਰਤੀ ਕਰਦਾ ਹੈ, ਉਸ ਸਮੇਂ ਅਜਿਹੇ ਨਾਵਲ ਦਾ ਲੋਕਾਂ ਸਾਹਮਣੇ ਪੇਸ਼ ਹੋਣਾ ਵਿਸ਼ੇਸ਼ ਮਾਇਨੇ ਰੱਖਦਾ ਹੈ। ਕਰੋਨਾਵਾਇਰਸ ਨੇ ਵੀ ਸਮੁੱਚੀ ਦੁਨੀਆ ਵਿਚ ਸਾਮਰਾਜਵਾਦੀ ਵਿਵਸਥਾ ਦੇ ਮਾੜੇ ਪੱਖ ਉਜਾਗਰ ਕੀਤੇ ਹਨ।
ਸਾਧੂ ਸਿੰਘ ਦਾ ਜਨਮ ਫੁੱਮਣ ਸਿੰਘ ਅਤੇ ਕਰਤਾਰ ਦੇ ਘਰ ਮੋਗੇ ਨੇੜਲੇ ਪਿੰਡ ਦੋਸਾਂਝ ਵਿਚ ਨਵੰਬਰ 1945 ’ਚ ਹੋਇਆ ਸੀ। ਪ੍ਰਾਇਮਰੀ ਦੀ ਪੜ੍ਹਾਈ ਉਸ ਨੇ ਪਿੰਡ ਦੇ ਸਕੂਲ ਤੋਂ ਕੀਤੀ ਤੇ ਹਾਇਰ ਸਕੰਡਰੀ, ਭੁਪਿੰਦਰਾ ਖਾਲਸਾ ਹਾਇਰ ਸਕੰਡਰੀ ਸਕੂਲ ਮੋਗੇ ਤੋਂ ਕਰ ਕੇ ਡੀਐੱਮ ਕਾਲਜ ਮੋਗੇ ਵਿਚ ਦਾਖਲ ਹੋ ਗਿਆ। ਉਸ ਦੇ ਪਿਤਾ ਦੀ ਰੀਝ ਸੀ ਕਿ ਮੇਰਾ ਇਕਲੌਤਾ ਪੁੱਤਰ ਵਧ ਤੋਂ ਵਧ ਪੜ੍ਹੇ। ਉਸ ਨੂੰ ਇੰਜਨੀਅਰ ਬਣਾਉਣ ਲਈ ਪ੍ਰੀ-ਇੰਜਨੀਅਰਿੰਗ ਕਲਾਸ ਵਿਚ ਪੜ੍ਹਨੇ ਪਾਇਆ ਗਿਆ ਪਰ ਕੁਦਰਤ ਦਾ ਗੇੜ ਅਜਿਹਾ ਬਣਿਆ ਕਿ ਉਸ ਦੇ ਬਾਪ ਦੀ ਅਧੇੜ ਉਮਰ ਵਿਚ ਹੀ ਮ੍ਰਿਤੂ ਹੋ ਗਈ। ਕਬੀਲਦਾਰੀ ਦਾ ਬੋਝ ਸਾਧੂ ਸਿੰਘ ਦੇ ਸਿਰ ਆਣ ਪਿਆ ਜਿਸ ਕਰਕੇ ਉਹ ਇੰਜਨੀਅਰਿੰਗ ਕਾਲਜ ਲੁਧਿਆਣੇ ਦਾਖਲਾ ਨਾ ਲੈ ਸਕਿਆ। ਏਨੀ ਕੁ ਢਾਰਸ ਜ਼ਰੂਰ ਰਹੀ ਕਿ ਉਸ ਦੀ ਭੈਣ, ਬਾਪ ਦੇ ਜਿਊਂਦੇ ਜੀਅ ਢੁੱਡੀਕੇ ਦੇ ਵੱਡੇ ਪਰਿਵਾਰ ਵਿਚ ਵਿਆਹੀ ਗਈ।
ਉਸ ਨੇ ਕੁਝ ਸਾਲ ਖੇਤੀਬਾੜੀ ਤੇ ਨਾਲ ਬਿਜਲੀ ਬੋਰਡ ਦੀ ਨੌਕਰੀ ਕੀਤੀ। ਕਾਲਜ ਵਿਚ ਪੜ੍ਹਦਿਆਂ ਉਹ ਵਿਦਿਆਰਥੀ ਜਥੇਬੰਦੀ ਦਾ ਮੈਂਬਰ ਬਣ ਗਿਆ ਸੀ ਅਤੇ ਮਾਰਕਸਵਾਦੀ ਸਾਹਿਤ ਦੇ ਲੜ ਲੱਗ ਗਿਆ ਸੀ। ਉਸ ਨੇ ਪਿੰਡ ਸੁਧਾਰ ਲਈ ਨੌਜਵਾਨ ਭਾਰਤ ਸਭਾ ਬਣਾਈ ਤੇ ਪਿੰਡ ਵਿਚ ਸਮਾਜ ਸੁਧਾਰ ਦੇ ਕਾਰਜ ਆਰੰਭੇ। ਬਿਜਲੀ ਬੋਰਡ ਦੀ ਨੌਕਰੀ ਕਰਦਿਆਂ ਕਰਮਚਾਰੀਆਂ ਦੀ ਟੈਕਨੀਕਲ ਸਰਵਿਸਜ਼ ਯੂਨੀਅਨ ਵਿਚ ਵਧ ਚੜ੍ਹ ਕੇ ਸੰਘਰਸ਼ ਕੀਤਾ। ਸਟੇਜ ਤੋਂ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਗਾਉਂਦਾ ਉਹ ਆਪ ਵੀ ਕਵਿਤਾਵਾਂ ਲਿਖਣ ਤੇ ਸੁਣਾਉਣ ਲੱਗ ਪਿਆ। ਸੂਹੀਏ ਬਿੜਕਾਂ ਲੈਣ ਲੱਗੇ। ਢੁੱਡੀਕੇ ਵਾਲੇ ਪਰਿਵਾਰ ਨਾਲ ਉਹਦੀ ਭੈਣ ਅਮਰੀਕਾ ਗਈ ਤਾਂ ਸਾਧੂ ਸਿੰਘ ਦਾ ਵੀ ਅਮਰੀਕਾ ਜਾਣ ਦਾ ਗੇੜ ਬਣ ਗਿਆ ਤੇ 1982 ਵਿਚ ਉਹ ਪਰਿਵਾਰ ਸਮੇਤ ਅਮਰੀਕਾ ਜਾ ਪੁੱਜਾ। ਪਾਸ਼ ਦੀ ਭੈਣ ਵੀ ਅਮਰੀਕਾ ਸੀ ਪਰ ਉਹ ਉਸ ਤੋਂ ਚਾਰ ਸਾਲ ਬਾਅਦ ਪੁੱਜਾ। ਸਾਧੂ ਨੂੰ ਪਹਿਲੀ ਨੌਕਰੀ ਇਲੈਕਟ੍ਰੌਨਿਕ ਕੰਪਨੀ ਵਿਚ ਮਿਲੀ ਜਿਥੇ ਕੰਮ ਕਰਦਿਆਂ ਇਲੈਕਟ੍ਰੌਨਿਕ ਟੈਕਨੀਸ਼ਨ ਦਾ ਡਿਪਲੋਮਾ ਕਰ ਲਿਆ। ਉਸ ਡਿਪਲੋਮੇ ਸਦਕਾ ਨਾਰਥੋਰੇਪ ਏਅਰ ਕਰਾਫਟ ਕਾਰਪੋਰੇਸ਼ਨ ਵਿਚ ਨੌਕਰੀ ਅਤੇ ਕੁਆਲਟੀ ਇੰਜਨੀਅਰਿੰਗ ਦੀ ਪੜ੍ਹਾਈ ਨਾਲ ਕੁਆਲਟੀ ਕੰਟਰੋਲ ਇੰਸਪੈਕਟਰ ਦੀ ਹੋਰ ਚੰਗੇਰੀ ਨੌਕਰੀ ਮਿਲ ਗਈ। 1998 ਤੋਂ 2012 ਤਕ ਉਹ ਕੈਲੀਫੋਰਨੀਆ ਸਟੇਟ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵਿਚ ਡਿਜ਼ਾਈਨ ਇੰਜਨੀਅਰ ਲੱਗਾ ਰਿਹਾ। ਨੌਕਰੀ ਤੋਂ ਰਿਟਾਇਰ ਹੋ ਕੇ ਉਹ ਗ਼ਦਰ ਲਹਿਰ ਨੂੰ ਸਮਰਪਿਤ ਸੰਸਥਾ ਇੰਡੋ-ਯੂਐੱਸਏ ਹੈਰੀਟੇਜ ਫਰਿਜ਼ਨੋ ਅਤੇ ਸਾਹਿਤ ਸਭਾਵਾਂ ਵਿਚ ਭਾਗ ਲੈਣ ਲੱਗਾ। ਹੁਣ ਉਹ ਕੈਲੀਫੋਰਨੀਆ ਦੇ ਪੰਜਾਬੀ ਕਵੀ ਦਰਬਾਰਾਂ ਦੀ ਸ਼ਾਨ ਤੇ ਸਾਹਿਤ ਸਭਾਵਾਂ ਦਾ ਰੂਹੇ-ਰਵਾਂ ਹੈ।
‘ਸੰਘਰਸ਼ੀ ਰਾਹ’ ਤੋਂ ਪਹਿਲਾਂ ਉਸ ਨੇ ਨਾਵਲ ‘ਤਿੜਕਦੀ ਹਵੇਲੀ’ ਛਪਵਾਇਆ ਸੀ। ਉਹ ਨਾਵਲ ਪਿੰਡ ਤਲਵੰਡੀ ਦੀ ‘ਹਵੇਲੀ’ ਦੁਆਲੇ ਘੁੰਮਦੈ। ਸਾਧੂ ਸਿੰਘ ਖ਼ੁਦ ਤਲਵੰਡੀ ਦੋਸਾਂਝ ਦਾ ਜੰਮਪਲ ਹੈ। ਉਥੋਂ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਪਿੰਡ ਢੁੱਡੀਕੇ ਵੀ ਨੇੜੇ ਹੀ ਪੈਂਦਾ ਹੈ। ਉਸ ਉਤੇ ਕੰਵਲ ਦੇ ਨਾਵਲਾਂ ਦਾ ਪ੍ਰਭਾਵ ਪੈਣਾ ਸੁਭਾਵਿਕ ਸੀ। ਸਾਹਿਤ ਸਭਾਵਾਂ ਦਾ ਸ਼ੌਕ ਉਸ ਨੂੰ ਮੋਗੇ ਤੋਂ ਹੀ ਲੱਗਾ ਸੀ ਜੋ ਫਰਿਜ਼ਨੋ ਵਿਚ ਵੀ ਕਾਇਮ ਹੈ। ਕੰਵਲ ਦੇ ਨਾਵਲਾਂ, ਖ਼ਾਸ ਕਰਕੇ ‘ਪੂਰਨਮਾਸ਼ੀ’ ਨੇ ਕਈ ਨਵੇਂ ਲੇਖਕਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਆ ਜਿਨ੍ਹਾਂ ’ਚ ਸੰਘਾ ਵੀ ਸ਼ਾਮਲ ਹੈ। ਨਾਵਲ ਪੂਰਨਮਾਸ਼ੀ ਦੀ ਕਹਾਣੀ `ਚ ਨਵੇਂ ਪਿੰਡ (ਢੁੱਡੀਕੇ) ਦਾ ਬਣਦਾ ਫਬਦਾ ਜੁਆਨ ‘ਰੂਪ’ ਆਪਣੇ ਨਾਨਕੇ ਪਿੰਡ ਦਾਤੇ ਨੂੰ ਜਾਂਦਾ ਹੈ। ਖੇਤਾਂ ’ਚ ਪਿੰਡ ਕਪੂਰੇ ਦੀਆਂ ਕੁੜੀਆਂ ਚੰਨੋ ਤੇ ਸ਼ਾਮੋ ਸਾਗ ਤੋੜਦੀਆਂ ਹਨ। ਚੰਨੋ ਤੇ ਰੂਪ ਦੀ ਨਜ਼ਰ ਹੀਰ ਰਾਂਝੇ ਵਾਂਗ ਮਿਲਦੀ ਹੈ ਤਾਂ ਹੀਰ ਹੱਸ ਕੇ ਤੇ ਮਿਹਰਬਾਨ ਹੋਈ ਵਾਂਗ ਉਨ੍ਹਾਂ ਦਾ ਪਿਆਰ ਪੈ ਜਾਂਦਾ ਹੈ। ਪਿਆਰ ਕਹਾਣੀ ਅੱਗੇ ਵਧਦੀ ਹੈ ਪਰ ਉਨ੍ਹਾਂ ਦਾ ਵਿਆਹ ਹੋਣੋ ਰਹਿ ਜਾਂਦਾ ਹੈ। ਚੰਨੋ ਦੀ ਸਹੇਲੀ ਸ਼ਾਮੋ ਪਿੰਡ ਦੇ ਸ਼ੁਕੀਨ ਮੁੰਡੇ ਦਿਆਲੇ ਨੂੰ ਪਿਆਰ ਕਰਦੀ ਹੈ। ਪੰਜਾਬੀ ਸਮਾਜ ਦੇ ਪੁਰਾਣੇ ਸਭਿਆਚਾਰਕ ਵਰਤਾਰੇ ਵਿਚ ਨਾ ਸ਼ਾਮੋ ਤੇ ਦਿਆਲੇ ਦਾ ਵਿਆਹ ਹੋ ਸਕਦਾ ਹੈ, ਨਾ ਚੰਨੋ ਤੇ ਰੂਪ ਦਾ ਵਿਆਹ ਸਿਰੇ ਚੜ੍ਹਦਾ ਹੈ। ਹਾਲਾਤ ਚੰਨੋ ਨੂੰ ਬੁੱਟਰ ਦੇ ਕਰਮੇ ਨਾਲ ਵਿਆਹ ਦਿੰਦੇ ਹਨ ਤੇ ਰੂਪ ਨੂੰ ਰਾਏਕੋਟ ਦੀ ਪ੍ਰਸਿੰਨੀ ਨਾਲ। ਰੂਪ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਤੇ ਚੰਨੋ ਦੇ ਘਰ ਧੀ। ਰੂਪ ਤੇ ਚੰਨੋ ਆਪਣੇ ਅਧੂਰੇ ਪਿਆਰ ਨੂੰ ਆਪਣੇ ਬੱਚਿਆਂ ਦੇ ਆਪਸ ਵਿਚ ਵਿਆਹ ਕਰ ਕੇ ਪ੍ਰਵਾਨ ਚੜ੍ਹਾਉਂਦੇ ਹਨ। ਇੰਜ ਪਹਿਲੀ ਪੀੜ੍ਹੀ ਦਾ ਅਧੂਰਾ ਪਿਆਰ ਅਗਲੀ ਪੀੜ੍ਹੀ ਰਾਹੀਂ ਪੂਰਾ ਕਰ ਲਿਆ ਜਾਂਦਾ ਹੈ। ਕੰਵਲ ਨੇ ‘ਪੂਰਨਮਾਸ਼ੀ’ ਵਿਚ ਚੰਨੋ ਦੇ ਪਿੰਡ ਕਪੂਰਿਆਂ ਦੇ ਮੇਲੇ ਦਾ ਵੀ ਵਰਣਨ ਕੀਤਾ ਹੈ। ਪੇਸ਼ ਹੈ ਸਾਧੂ ਸਿੰਘ ਸੰਘਾ ਦੀ ਉਸ ਮੇਲੇ ਬਾਰੇ ਖੇਡ ਲਿਖਤ:
ਕਪੂਰਿਆਂ ਦਾ ਮੇਲਾ ਵੇਖਦਿਆਂ
ਮੈਂ ਅਜੇ ਸਵੇਰ ਦੀ ਚਾਹ ਪੀ ਰਿਹਾ ਸੀ ਕਿ ਮੁੰਡਿਆਂ ਨੇ ਬਾਹਰਲੇ ਬਾਰ ’ਚੋਂ ਆਵਾਜ਼ ਮਾਰੀ, “ਬਾਈ ਘਰੇ ਈ ਐਂ।” ਮੈਂ ਉੱਠ ਕੇ ਬਾਰ ਵੱਲ ਗਿਆ ਤੇ ਉਨ੍ਹਾਂ ਨੂੰ ਅੱਗੇ ਲੰਘ ਆਉਣ ਲਈ ਕਿਹਾ। ਉਹ ਸਾਰੇ ਹੀ ਮੈਥੋਂ ਪੰਜ ਚਾਰ ਸਾਲ ਛੋਟੇ ਸਨ।ਸੁਵੱਖਤੇ ਹੀ ਆਉਣ ਦਾ ਕਾਰਨ ਪੁੱਛਣ ਤੇ ਉਹ ਕਹਿਣ ਲੱਗੇ, “ਅੱਜ ਕਪੂਰਿਆਂ ਦਾ ਮੇਲਾ ਐ, ਬਾਈ ਤੂੰ ਚੱਲੇਂਗਾ?”
ਮੈਂ ਆਖਿਆ, “ਜ਼ਰੂਰ ਚੱਲਾਂਗੇ ਪਰ ਦੋ ਕੁ ਵਜੇ ਸਹੀ।” ਉਹ ਕਹਿਣ ਲੱਗੇ, “ਨਹੀਂ, ਦੋ ਵਜੇ ਨਹੀਂ। ਆਪਾਂ ਕਬੱਡੀ ਟੀਮ ਦੀ ਐਂਟਰੀ ਪਾਉਣੀ ਹੈ, ਇਸ ਲਈ ਜਲਦੀ ਜਾਣਾ ਪੈਣਾ ਹੈ।” ਸਾਡੇ ਪਿੰਡ ਦੀ ਉਸ ਸਮੇਂ ਕੋਈ ਤਕੜੀ ਕਬੱਡੀ ਟੀਮ ਨਹੀਂ ਸੀ। ਮੇਰੇ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਫ਼ਲਾਣੇ ਫ਼ਲਾਣੇ ਖਿਡਾਰੀ ਅਸੀਂ ਟੀਮ ਵਿਚ ਹੋਵਾਂਗੇ। ਮੈਂ ਸੋਚਣ ਲੱਗਾ, ਟੀਮ ਦੇ ਜਿਹੜੇ ਮੈਂਬਰ ਇਹ ਗਿਣਾ ਰਹੇ ਹਨ, ਇਨ੍ਹਾਂ ਦੇ ਜਿੱਤਣ ਦਾ ਕੋਈ ਆਸਾਰ ਨਹੀਂ ਦਿਸਦਾ। ਐਵੇਂ ਬੇਇੱਜ਼ਤੀ ਕਰਵਾਣ ਵਾਲੀ ਹੀ ਗੱਲ ਹੋਵੇਗੀ ਪਰ ਮੈਂ ਉਨ੍ਹਾਂ ਦਾ ਹੌਸਲਾ ਵੀ ਢਾਹੁਣਾ ਨਹੀਂ ਸੀ ਚਾਹੁੰਦਾ। ਮੈਨੂੰ ਤੇ ਕੁਝ ਹੋਰਨਾਂ ਨੂੰ ਉਹ ਸਿਰਫ਼ ਆਪਣੀ ਮਦਦ ਲਈ ਹੀ ਨਾਲ ਲਿਜਾਣਾ ਚਾਹੁੰਦੇ ਸਨ ਤਾਂ ਕਿ ਖੇਡ ਦੌਰਾਨ ਕਿਸੇ ਕਿਸਮ ਦਾ ਰੌਲਾ ਰੱਪਾ ਪੈਣ ਦੀ ਸੂਰਤ ਵਿਚ ਅਸੀਂ ਅੱਗੇ ਹੋ ਕੇ ਉਨ੍ਹਾਂ ਦੀ ਮਦਦ ਕਰ ਸਕੀਏ। ਹੌਸਲਾ ਅਫ਼ਜ਼ਾਈ ਲਈ ਪਾਛੂ ਵੀ ਤਾਂ ਚਾਹੀਦੇ ਹਨ। ਇਸ ਗੱਲ ਦਾ ਭਾਵੇਂ ਪਹਿਲਾਂ ਹੀ ਅੰਦੇਸ਼ਾ ਸੀ ਕਿ ਸਾਡੇ ਪਿੰਡ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਨਹੀਂ ਕਰਨਾ, ਫ਼ਿਰ ਵੀ ਮੈਂ ਨਾਲ ਜਾਣ ਦੀ ਹਾਮੀ ਭਰ ਦਿੱਤੀ।
ਸੰਧੂਆਂ ਦਾ ਇਹ ਮੇਲਾ ਆਪਣੇ ਪਿੰਡ ਕਪੂਰੇ ਹਰ ਸਾਲ ਲਗਦਾ ਸੀ। ਨੇੜ ਤੇੜ ਦੇ ਪਿੰਡਾਂ ਦੇ ਲੋਕ ਮੇਲਾ ਵੇਖਣ ਲਈ ਕਈ ਦਿਨ ਪਹਿਲਾਂ ਹੀ ਤਿਆਰੀਆਂ ਬੰਨ੍ਹ ਲੈਂਦੇ ਸਨ। ਦੂਰੋਂ ਦੂਰੋਂ ਕਬੱਡੀ ਟੀਮਾਂ ਖੇਡਣ ਲਈ ਆਉਂਦੀਆਂ ਸਨ। ਕਪੂਰੇ ਪਿੰਡ ਦੀ ਉਸ ਸਮੇਂ ਆਪਣੀ ਟੀਮ ਵੀ ਬਹੁਤ ਤਕੜੀ ਹੁੰਦੀ ਸੀ। ਉਥੋਂ ਦੇ ਦਾਦੇ ਦੀ ਖੇਡ ਅਜੇ ਵੀ ਲੋਕ ਮਨਾਂ ਵਿਚ ਵਸੀ ਹੋਈ ਹੈ। ਕਈ ਵਾਰੀ ਇਸ ਗੱਲ ’ਤੇ ਵੀ ਰੌਲਾ ਪੈ ਜਾਂਦਾ ਸੀ ਕਿ ਰੈਫਰੀ ਕਪੂਰਿਆਂ ਦੀ ਟੀਮ ਦੀ ਰਈ ਕਰਦੇ ਹਨ। ਮੇਲੇ ਦੀ ਖਿੱਚ ਦਾ ਵੱਡਾ ਕਾਰਨ ਭਾਵੇਂ ਕਬੱਡੀ ਦੇ ਮੈਚ ਹੁੰਦੇ ਸਨ ਪਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੇਲੀ ਗੇਲੀ, ਪਕੌੜੇ, ਜਲੇਬੀਆਂ ਤੇ ਹੋਰ ਖਾਣ ਪੀਣ ਦੇ ਸਮਾਨ ਦੁਆਲੇ ਜੁੜ ਜਾਂਦੇ ਤੇ ਮੇਲੇ ਦਾ ਤੁਰ ਫਿਰ ਕੇ ਅਨੰਦ ਮਾਣਦੇ। ਭੁੰਜੇ ਹੀ ਕੱਪੜਾ ਵਿਛਾ ਕੇ ਕਿੱਸਿਆਂ ਦੇ ਸਟਾਲ ਲਾਏ ਹੁੰਦੇ ਸਨ। ਸਾਡੇ ਵਰਗੇ ਆਪਣੇ ਮਨਪਸੰਦ ਕਿੱਸੇ ਖਰੀਦ ਕੇ ਲਿਆਉਂਦੇ ਤੇ ਘਰ ਆ ਕੇ ਘਰਦਿਆਂ ਤੋਂ ਚੋਰੀ ਚੋਰੀ ਪੜ੍ਹਨ ਦਾ ਭੁਸ ਪੂਰਾ ਕਰਦੇ।
ਅਸੀਂ ਮੇਲੇ ’ਚ ਗਿਆਰਾਂ ਕੁ ਵਜੇ ਪਹੁੰਚ ਗਏ। ਪਹਿਲਾਂ ਛੋਟੀਆਂ ਟੀਮਾਂ ਦੇ ਮੈਚ ਸ਼ੁਰੂ ਹੋਏ। ਸਾਡੇ ਪਿੰਡ ਦੀ ਟੀਮ 65 ਕਿਲੋਗਰਾਮ ਵਜ਼ਨ ਵਾਲੀ ਸੀ। ਜਿਨ੍ਹਾਂ ਦਾ ਭਾਰ ਕੁਝ ਵੱਧ ਸੀ, ਉਨ੍ਹਾਂ ਨੇ ਕੱਲ੍ਹ ਦਾ ਕੁਝ ਵੀ ਨਹੀਂ ਸੀ ਖਾਧਾ। ਉਹ ਭੱਜ ਭੱਜ ਕੇ ਆਪਣਾ ਭਾਰ ਥੱਲੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਆਖਰ ਨੂੰ ਸਾਡੀ ਟੀਮ ਦੀ ਵਾਰੀ ਵੀ ਆ ਗਈ। ਮੁਕਾਬਲਾ ਪਿੰਡ ਭਿੰਡਰਾਂ ਦੀ ਟੀਮ ਨਾਲ ਸੀ। ਸਾਡੇ ਪਿੰਡ ਦੀ ਟੀਮ ਨੇ ਮੈਨੂੰ ਕਿਹਾ ਕਿ ਦਾਇਰੇ ਵਿਚ ਬੈਠ ਕੇ ਪੁਆਇੰਟ ਤੂੰ ਲਿਖਣੇ ਹਨ। ਮੈਂ ਕਾਪੀ ਤੇ ਪੈੱਨ ਲੈ ਕੇ ਗਰਾਊਂਡ ਵਿਚ ਚਲਾ ਗਿਆ। ਭਿੰਡਰਾਂ ਦੀ ਟੀਮ ਵੱਲੋਂ ਵੀ ਇਕ ਜਣਾ ਪੁਆਇੰਟ ਲਿਖਣ ਲਈ ਮੇਰੇ ਕੋਲ ਬੈਠ ਗਿਆ। ਗਰਾਊਂਡ ਵਿਚ ਬੈਠ ਕੇ ਪੁਆਇੰਟ ਲਿਖਣ ਦਾ ਕੰਮ ਮੈਂ ਪਹਿਲੀ ਵਾਰ ਕਰ ਰਿਹਾ ਸਾਂ। ਪਹਿਲੀ ਕਬੱਡੀ ਭਿੰਡਰਾਂ ਦੇ ਖਿਡਾਰੀ ਨੇ ਪਾਈ ਜੋ ਬਿਨਾ ਕਿਸੇ ਜੱਦੋਜਹਿਦ ਦੇ ਪੁਆਇੰਟ ਲੈ ਕੇ ਵਾਪਸ ਚਲਾ ਗਿਆ। ਇਧਰੋਂ ਸਾਡਾ ਖਿਡਾਰੀ ਕਬੱਡੀ ਪਾਉਣ ਗਿਆ ਤਾਂ ਉਨ੍ਹਾਂ ਨੇ ਝਕਾਨੀ ਦੇ ਕੇ ਉਸ ਨੂੰ ਪਕੜ ਲਿਆ। ਇਉਂ ਸਾਡੇ ਪਿੰਡ ਦੇ ਸਭ ਤੋਂ ਤਕੜੇ ਖਿਡਾਰੀ ਨੂੰ ਜੱਫਾ ਲੱਗ ਚੁੱਕਾ ਸੀ। ਬੱਸ ਫਿਰ ਉਸ ਤੋਂ ਬਾਅਦ ਸਾਡੇ ਖਿਡਾਰੀ ਦੂਜਿਆਂ ਦੇ ਮੁਕਾਬਲੇ ਵਿਚ ਖੜ੍ਹਨ ਜੋਗੇ ਨਹੀਂ ਸਨ। ਮੇਰੇ ਨਾਲ ਬੈਠਾ ਪਿੰਡ ਭਿੰਡਰਾਂ ਦਾ ਪੁਆਇੰਟ ਲਿਖਣ ਵਾਲਾ, ਪੁਆਇੰਟ ਦਾ ਫੈਸਲਾ ਹੋਣ ਤੋਂ ਪਹਿਲਾਂ ਹੀ ਮੈਨੂੰ ਚਿੜਾਉਣ ਲਈ ਕਹਿ ਦਿਆ ਕਰੇ, ਬਾਈ ਆਹ ਪਆਇੰਟ ਵੀ ਮੈਂ ਆਪਣੇ ਪਿੰਡ ਦੇ ਨਾਂ ਲਿਖ ਦਿਆਂ? ਭਿੰਡਰ 19 ਤੇ ਸਾਡੇ ਪਿੰਡ ਦੇ 6 ਪੁਆਇੰਟਾਂ ਨਾਲ ਹਾਫ-ਟਾਈਮ ਹੋ ਗਿਆ। ਮੈਨੂੰ ਖਿਡਾਰੀ ਕਹਿਣ ਲੱਗੇ, ਹੁਣ ਹਾਰ ਤਾਂ ਜਾਣਾ ਹੀ ਹੈ, ਗਰਾਊਂਡ ਵਿਚ ਜਾ ਕੇ ਪੁਆਇੰਟ ਲਿਖਣ ਨੂੰ ਰਹਿਣ ਦੇਹ। ਖੇਡ ਖਤਮ ਹੋਣ ਤੋਂ ਪਿੱਛੋਂ ਅਸੀਂ ਆਪਣੇ ਖਿਡਾਰੀਆਂ ਨੂੰ ਹੌਸਲਾ ਦੇਣ ਲਈ ਕਿਹਾ, ਤੁਸੀਂ ਤਾਂ ਆਪਣੇ ਪਿੰਡ ਦੇ ਹੀਰੋ ਹੋ, ਹਰ ਕੋਈ ਕੱਪੜੇ ਉਤਾਰ ਕੇ ਮੈਦਾਨ ਵਿਚ ਨਹੀਂ ਆ ਸਕਦਾ, ਇਹ ਜੁਅਰਤ ਵੀ ਕੋਈ ਮਾਈ ਦਾ ਲਾਲ ਹੀ ਕਰ ਸਕਦਾ ਹੈ।
ਪਿੰਡ ਵਿਚ ਕਈ ਦਿਨ ਹਾਸਾ ਮਖੌਲ ਅਤੇ ਟਿੱਚਰਾਂ ਦਾ ਮਾਹੌਲ ਬਣਿਆ ਰਿਹਾ। ਕਬੱਡੀ ਦੀਆਂ ਗੱਲਾਂ ਚਲਦੀਆਂ ਰਹੀਆਂ। ਇੱਕ ਦਿਨ ਵਡੇਰੀ ਉਮਰ ਦਾ ਇਕ ਰੌਣਕੀ ਬੰਦਾ ਕਹਿਣ ਲੱਗਾ- ਆਪਣੇ ਪਿੰਡ ਦੀ ਕਬੱਡੀ ਪਹਿਲਾਂ ਤੋਂ ਹੀ ਇਹੋ ਜਿਹੀ ਐ। ਤੁਹਾਨੂੰ ਪੁਰਾਣੀ ਗੱਲ ਦੱਸਦਾਂ। ਇੱਕ ਵਾਰ ਆਪਣੇ ਪਿੰਡ ਦੀ ਟੀਮ ਕਬੱਡੀ ਖੇਡਣ ਇਸੇ ਮੇਲੇ ’ਤੇ ਗਈ। ਟੀਮ ’ਚ ਸਾਰੇ ਖਿਡਾਰੀ ਲੰਬੇ ਸਨ। ਵੈਸੇ ਵੀ ਆਪਣੇ ਪਿੰਡ ਦੇ ਲੋਕ ਬਾਕੀ ਪਿੰਡਾਂ ਨਾਲੋਂ ਲੰਬੇ ਕੱਦ ਦੇ ਹਨ। ਜਦ ਮੈਚ ਸ਼ੁਰੂ ਹੋਇਆ ਤਾਂ ਆਪਣੇ ਪਿੰਡ ਦਾ ਛੇ ਫੁੱਟ ਦੋ ਇੰਚ ਲੰਬਾ ਕੁੱਲਾ ਕੌਡੀ ਪਾਉਣ ਚਲਾ ਗਿਆ। ਦੂਜੀ ਟੀਮ ਦੇ ਸਾਰੇ ਖਿਡਾਰੀ, ਲੰਮ ਸਲੰਮਾ ਗੱਭਰੂ ਦੇਖ ਕੇ ਡਰਦੇ ਪਿੱਛੇ ਹਟ ਕੇ 75 ਦੇ ਦਾਇਰੇ ਕੋਲ ਜਾ ਖੜੇ੍ਹ ਹੋਏ। ਲੰਬੀਆਂ ਅਤੇ ਪਤਲੀਆਂ ਲੱਤਾਂ ਵਾਲਾ ਕੁੱਲ੍ਹਾ ਜਦ ਕੌਡੀ ਕੌਡੀ ਕਰਦਾ 25 ਦੇ ਦਾਇਰੇ ਕੋਲ ਗਿਆ ਤਾਂ ਗਿੱਟੇ ਨਾਲ ਗਿੱਟਾ ਭਿੜਨ ਕਰਕੇ ਡਿੱਗ ਪਿਆ। ਜਦ ਦੂਜੀ ਟੀਮ ਦੇ ਖਿਡਾਰੀ ਡਿੱਗੇ ਪਏ ਨੂੰ ਨੱਪਣ ਲਈ ਭੱਜੇ ਤਾਂ ਉਹ ਉਥੇ ਪਿਆ ਹੀ ਡੰਡ ਲਾਉਣ ਲੱਗ ਪਿਆ ਤੇ ਦੂਜੀ ਟੀਮ ਵਾਲਿਆਂ ਨੂੰ ਕਹਿਣ ਲੱਗ ਪਿਆ, ਮੈਂ ਤਾਂ ਅਜੇ ਵਾਰਮ-ਅੱਪ ਹੀ ਹੋ ਰਿਹਾਂ! ਦੂਜੀ ਟੀਮ ਦੇ ਖਿਡਾਰੀ ਪਿੱਛੇ ਹਟੇ ਤਾਂ ਕੁੱਲ੍ਹਾ ਪੰਜ ਸੱਤ ਡੰਡ ਲਾ ਕੇ ਵਾਪਸ ਆਪਣੇ ਪਾਲੇ ’ਚ ਆ ਗਿਆ।ਕੁੱਲ੍ਹੇ ਦੀ ਡਿੱਗ ਕੇ ਡੰਡ ਲਾਉਣ ਵਾਲੀ ਫ਼ੁਰਤੀ ਨੇ ਮੇਲੇ ਵਿਚ ਹਾਸੜ ਮਚਾ ਦਿੱਤੀ। ਕਬੱਡੀ ਦੀ ਗੱਲ ਚੱਲੇ ਤਾਂ ਸਾਡੇ ਪਿੰਡ ਦੇ ਲੋਕ ਉਸ ਨੂੰ ਅਜੇ ਵੀ ਯਾਦ ਕਰਦੇ ਹਨ।
ਕਪੂਰਿਆਂ ਦੇ ਮੇਲੇ ਨਾਲ ਫਿਰ ਹੋਰਨਾਂ ਪਿੰਡਾਂ ਵਿਚ ਵੀ ਕਬੱਡੀ ਟੂਰਨਾਮੈਂਟ ਹੋਣ ਲੱਗ ਪਏ। ਉਨ੍ਹਾਂ ਵਿਚੋਂ ਲਾਲਾ ਲਾਜਪਤ ਰਾਏ ਦੀ ਯਾਦ ਵਿਚ ਲੱਗਣ ਵਾਲਾ ਢੁੱਡੀਕੇ ਦਾ ਖੇਡ ਮੇਲਾ ਬਹੁਤ ਮਸ਼ਹੂਰ ਹੋਇਆ ਜਿਥੇ ਸਾਰੇ ਪੰਜਾਬ ’ਚੋਂ ਕਬੱਡੀ ਦੀਆਂ ਟੀਮਾਂ ਭਾਗ ਲੈਂਦੀਆਂ। ਮੇਰੇ ਪਿੰਡ ਦੇ ਸਾਥੀ ਮੈਨੂੰ ਕਹਿਣ ਲੱਗੇ, ਢੁੱਡੀਕਿਆਂ ਦੇ ਮੇਲੇ ’ਚ ਕੱਲ੍ਹ ਨੂੰ ਫਾਈਨਲ ਮੈਚ ਹੋਣੇ ਐਂ। ਤੁਹਾਡੀ ਉਥੇ ਰਿਸ਼ਤੇਦਾਰੀ ਹੈ, ਕੱਲ੍ਹ ਨੂੰ ਆਪਾਂ ਢੁੱਡੀਕੇ ਮੇਲਾ ਵੇਖਣ ਚੱਲੀਏ। ਅਗਲੇ ਦਿਨ ਅਸੀਂ ਬੱਸ ਚੜ੍ਹ ਕੇ ਅਜੀਤਵਾਲ, ਤੇ ਉੱਥੋਂ ਤਾਂਗਾ ਲੈ ਕੇ ਢੁੱਡੀਕੇ ਮੇਲੇ ’ਚ ਪਹੁੰਚ ਗਏ। ਜਿ਼ਲ੍ਹਿਆਂ ਦੇ ਮੈਚ ਹੋ ਰਹੇ ਸਨ ਤੇ ਅੰਤਾਂ ਦਾ ’ਕੱਠ ਸੀ। ਹਰੇਕ ਇੱਕ ਦੂਜੇ ਦੇ ਵਿਚ ਦੀ ਘੁਸੜ ਕੇ, ਅੱਗੇ ਹੋ ਕੇ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਸਵੰਤ ਸਿੰਘ ਕੰਵਲ, ਰੈਫਰੀ ਬਣੇ ਖੜ੍ਹੇ ਸਨ ਤੇ ਪ੍ਰੋ. ਸਰਵਣ ਸਿੰਘ ਕੁਮੈਂਟਰੀ ਕਰ ਰਹੇ ਸਨ। ਕਦੇ ਕੰਵਲ ਸਾਹਿਬ ਵੀ ਕੁਮੈਂਟਰੀ ਕਰਨ ਲੱਗ ਜਾਂਦੇ ਤੇ ਬਾਘੇ ਪੁਰਾਣੇ ਵਾਲੇ ਜਸਵੰਤ ਸਿੰਘ ਬਰਾੜ ਰੈਫਰੀ ਕਰਨ। ਉਹ ਢੁੱਡੀਕੇ ਹੀ ਵਿਆਹੇ ਹੋਏ ਸਨ। ਮੈਚ ਮੁੱਕਿਆ ਤਾਂ ਮੇਰੇ ਪਿੰਡ ਵਾਲੇ ਕਹਿਣ ਲੱਗੇ- ਚਲੋ ਚਾਹ ਪੀ ਆਈਏ। ਸਾਡੇ ਪਿੰਡ ਦੇ ਕੁਝ ਹੋਰ ਬੰਦੇ ਵੀ ਨਾਲ ਰਲ ਗਏ। ਪਿੰਡ ਦੀਆਂ ਗਲੀਆਂ ਵਿਚ ਆਉਣ ਜਾਣ ਵਾਲਿਆਂ ਦੀ ਰੌਣਕ ਲੱਗੀ ਹੋਈ ਸੀ। ਕੋਈ ਰਿਸ਼ਤੇਦਾਰਾਂ ਤੇ ਜਾਣ ਪਛਾਣ ਵਾਲਿਆਂ ਦੇ ਘਰਾਂ ਵੱਲ ਜਾ ਰਿਹਾ ਸੀ, ਕੋਈ ਚਾਹ ਪਾਣੀ ਪੀ ਕੇ ਆ ਰਿਹਾ ਸੀ। ਹਰੇਕ ਘਰ ਪ੍ਰਾਹੁਣਿਆਂ ਨਾਲ ਭਰਿਆ ਹੋਇਆ ਸੀ। ਅਸੀਂ ਪੱਚੀ-ਤੀਹ ਜਣੇ ਸਰਪੰਚ ਰਾਮ ਸਿੰਘ ਦੇ ਘਰ ਪਹੁੰਚ ਗਏ। ਉਸ ਘਰ ਮੇਰੀ ਭੈਣ ਵਿਆਹੀ ਹੋਈ ਸੀ। ਪਹਿਲਾਂ ਸਭ ਨੂੰ ਰੋਟੀ ਖੁਆਈ ਤੇ ਪਿੱਛੋਂ ਚਾਹ ਵਰਤਾਈ ਗਈ। ਘਰ ਵਿਚ ਹੋਰ ਵੀ ਪ੍ਰਾਹੁਣੇ ਆਏ ਹੋਏ ਸਨ। ਅਸੀਂ ਰੱਜ ਪੁੱਜ ਕੇ ਫਿਰ ਮੇਲੇ ’ਚ ਆ ਗਏ। ਕਬੱਡੀ ਦੇ ਬੜੇ ਫਸਵੇਂ ਮੁਕਾਬਲੇ ਸਨ। ਫਾਈਨਲ ਮੈਚ ਦੇਖ ਕੇ ਸਭ ਆਪੋ ਆਪਣੇ ਘਰਾਂ ਨੂੰ ਮੁੜ ਗਏ ਪਰ ਮੈਂ ਰਾਤ ਨੂੰ ਉੱਥੇ ਹੀ ਰਹਿ ਪਿਆ। ਹਰ ਸਾਲ ਮੈਂ ਇਹ ਮੇਲਾ ਦੇਖਣ ਜਾਂਦਾ। ਪਹਿਲੇ ਦਿਨ ਲਾਲਾ ਲਾਜਪਤ ਰਾਏ ਦੀ ਜਗ੍ਹਾ ’ਚ ਡਰਾਮੇ ਤੇ ਹੋਰ ਪ੍ਰੋਗਰਾਮ ਹੁੰਦੇ ਅਤੇ ਅਗਲੇ ਦੋ ਦਿਨ ਚੋਟੀ ਦੀਆਂ ਟੀਮਾਂ ਦੀ ਕਬੱਡੀ ਹੁੰਦੀ। ਮੇਰੀ ਦਿਲੀ ਕਾਮਨਾ ਹੈ ਕਿ ਕਬੱਡੀ ਨੂੰ ਡਰੱਗ ਤੇ ਗੈਂਗਸਟਰਾਂ ਦੀ ਮਾਰ ਕਦੇ ਨਾ ਪਵੇ। ਕਬੱਡੀ ਦੇ ਕੁੰਭ ਹੁੰਦੇ ਰਹਿਣ ਤੇ ਮੇਲੀਆਂ ਨੂੰ ਮਿਲਾਉਣ ਵਾਲੇ ਇਹ ਮੇਲੇ ਮਹਿਕਾਂ ਖਿਲਾਰਦੇ ਰਹਿਣ।
ਸੰਪਰਕ: principalsarwansingh@gmail.com