ਅਰਤਿੰਦਰ ਸੰਧੂ
ਡਾ. ਗੁਰੂਮੇਲ ਸਿੱਧੂ ਦੇ ਦੁਨੀਆਂ ਤੋਂ ਤੁਰ ਜਾਣ ਦੀ ਅਚਾਨਕ ਆਈ ਖ਼ਬਰ ਸਾਹਿਤਕ ਜਗਤ ਵਿਚ ਉਸ ਨੂੰ ਜਾਣਨ ਵਾਲਿਆਂ ਵਾਸਤੇ ਸਦਮੇ ਤੋਂ ਘੱਟ ਨਹੀਂ। ਅਸਲ ਵਿਚ ਸਾਹਿਤਕ ਜਗਤ ਵਿਚ ਉਸ ਦੇ ਬਰਾਬਰ ਦੀ ਬਹੁਪੱਖੀ ਸ਼ਖ਼ਸੀਅਤ ਲੱਭਣੀ ਮੁਸ਼ਕਿਲ ਹੀ ਹੈ। ਕੌਮਾਂਤਰੀ ਪੱਧਰ ’ਤੇ ਜਾਣਿਆ-ਪਛਾਣਿਆ ਇਹ ਨਾਮਵਰ ਬਨਸਪਤੀ ਜੈਨੇਟਿਕਸ ਵਿਗਿਆਨੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਪਾਸਲਾ ਦਾ ਜੰਮਪਲ ਸੀ। ਉਸ ਦੇ ਪਿਤਾ ਦਾ ਨਾਮ ਨੰਬਰਦਾਰ ਨਿਰੰਜਣ ਸਿੰਘ ਤੇ ਮਾਤਾ ਦਾ ਨਾਮ ਕਰਤਾਰ ਕੌਰ ਸੀ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋਂ ਪੰਜਵੀਂ ਤੇ ਬੁੰਡਾਲਾ ਦੇ ਸਰਕਾਰੀ ਹਾਈ ਸਕੂਲ ਤੋਂ ਮੈਟ੍ਰਿਕ ਪਾਸ ਕਰਨ ਪਿੱਛੋਂ ਉਹ ਲੁਧਿਆਣਾ ਦੀ ਖੇਤੀ ਯੂਨੀਵਰਸਿਟੀ ਦਾ ਵਿਦਿਆਰਥੀ ਬਣ ਗਿਆ। ਬੀ.ਐੱਸਸੀ. ਤੇ ਐੱਮ.ਐੱਸਸੀ. ਕਰ ਕੇ ਉਹ ਕੁਝ ਸਮਾਂ ਪਾਣੀਪਤ ਵਿਚ ਖੇਤੀ ਇੰਸਪੈਕਟਰ ਰਹਿਣ ਪਿੱਛੋਂ ਮੁੜ ਆਪਣੀ ਮਾਤਰੀ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਚ ਅਧਿਆਪਕ ਵਜੋਂ ਨਿਯੁਕਤ ਹੋ ਗਿਆ। ਪਰ ਜਿਵੇਂ ਕਿ ਆਮ ਤੌਰ ’ਤੇ ਹੁੰਦਾ ਹੈ, ਜ਼ਹੀਨ ਮਨੁੱਖ ਅਕਸਰ ਸਥਿਰਤਾ ਤੋਂ ਬਚਦੇ ਕਿਸੇ ਵੀ ਇੱਕ ਥਾਂ ਨਾਲ ਬੱਝੇ ਨਹੀਂ ਰਹਿੰਦੇ। ਗੁਰੂਮੇਲ ਸਿੱਧੂ ਵੀ ਇੱਥੇ ਟਿਕ ਨਾ ਸਕਿਆ ਤੇ ਜਲਦੀ ਹੀ ਕੈਨੇਡਾ ਚਲਾ ਗਿਆ।
ਕੈਨੇਡਾ ਵਿਚ ਯੂਨੀਵਰਸਿਟੀ ਆਫ ਬ੍ਰਿਟਿ਼ਸ਼ ਕੋਲੰਬੀਆ, ਵੈਨਕੂਵਰ (ਯੂ.ਬੀ.ਸੀ.) ਤੋਂ ਉਸ ਨੇ ਪੀਐੱਚ.ਡੀ. ਕੀਤੀ। ਇਸ ਪਿੱਛੋਂ ਦੋ ਸਾਲ ਤੱਕ ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ, ਬਰਨਬੀ ਵਿਚ ਫੈਲੋ ਦੇ ਤੌਰ ’ਤੇ ਕਾਰਜ ਕਰਦਿਆਂ ਖੋਜ-ਵਿੱਦਿਆ ਦੇ ਕਾਰਜ ਵਿਚ ਰੁੱਝਿਆ ਰਿਹਾ। ਇਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਇੱਥੇ ਉਸ ਨੇ 1980-1986 ਤੱਕ ਛੇ ਸਾਲ ਯੂਨੀਵਰਸਿਟੀ ਆਫ ਨੈਬਰਾਸਕਾ ਵਿਚ ਜੈਨੇਟਿਕਸ ਦੇ ਅਸਿਸਟੈਂਟ ਪ੍ਰੋਫੈਸਰ ਦੇ ਤੌਰ ’ਤੇ ਕੰਮ ਕੀਤਾ। 1987 ਵਿਚ ਕੈਲੀਫੋਰਨੀਆ ਦੀ ਸਟੇਟ ਯੂਨੀਵਰਸਿਟੀ ਫਰੈਜ਼ਨੋ ਵਿਚ ਪੰਜ ਸਾਲ ਪ੍ਰੋਫੈਸਰ ਵਜੋਂ ਕੰਮ ਕਰਨ ਪਿੱਛੋਂ 1992 ਵਿਚ ਉਹ ਜਰਮੇਨਜ਼ ਇਨਕਾਰਪੋਰੇਟਿਡ ਦਾ ਰਿਸਰਚ ਡਾਇਰੈਕਟਰ ਬਣ ਗਿਆ। ਇਨ੍ਹਾਂ ਅਹੁਦਿਆਂ ’ਤੇ ਕੰਮ ਕਰਦਿਆਂ ਡਾ. ਗੁਰੂਮੇਲ ਸਿੱਧੂ ਨੇ ਪਲਾਂਟ ਜੈਨੇਟਿਕਸ ਦੇ ਖੇਤਰ ਵਿਚ ਨਵੀਂਆਂ ਮਾਣਯੋਗ ਪ੍ਰਾਪਤੀਆਂ ਕਰਦਿਆਂ ਆਪਣੇ ਖੇਤਰ ਵਿਚ ਬੁਲੰਦੀਆਂ ਛੋਹੀਆਂ ਤੇ ਵਿਸ਼ਵ ਪੱਧਰ ’ਤੇ ਨਿਵੇਕਲੀ ਪਛਾਣ ਬਣਾਈ।
ਵਿਗਿਆਨ ਦੇ ਖੇਤਰ ਵਿਚ ਦੁਨੀਆਂ ਭਰ ਵਿਚ ਸਤਿਕਾਰਤ, ਪੰਜਾਬ ਦੇ ਇਸ ਨਾਮਚੀਨ ਪੁੱਤਰ ਗੁਰੂਮੇਲ ਸਿੱਧੂ ਦੀ ਪਹਿਚਾਣ ਸਿਰਫ਼ ਉਸ ਦੇ ਵਿਗਿਆਨੀ ਹੋਣ ਤੱਕ ਹੀ ਸੀਮਤ ਨਹੀਂ। ਉਹ ਉੱਚ ਕੋਟੀ ਦਾ ਕਵੀ, ਵਾਰਤਾਕਾਰ, ਖੋਜੀ ਤੇ ਆਲੋਚਕ ਵੀ ਸੀ। ਉਸ ਦੇ ਕਾਵਿ ਸੰਗ੍ਰਹਿ ‘ਦੁਬਿਧਾ’, ‘ਬੇਚੈਨ ਸਦੀ’, ‘ਸਿਫ਼ਰ ਸਫ਼ਰ’ ਤੇ ‘ਸੁਰਖ਼ੀਆਂ’ ਆਪਣੇ ਸਮੇਂ ਚਰਚਾ ਦਾ ਵਿਸ਼ਾ ਰਹੇ ਸਨ। ਉਸ ਦੀ ਕਿਤਾਬ ‘ਕੁਹਰਾਮ’ ਤਾਂ ਪਾਕਿਸਤਾਨ ਵਿਚ ਸ਼ਾਹਮੁਖੀ ਵਿਚ ਵੀ ਪ੍ਰਕਾਸ਼ਿਤ ਹੋਈ ਸੀ। ਆਲੋਚਨਾ ਦੇ ਖੇਤਰ ਵਿਚ ਵੀ ‘ਆਧੁਨਿਕ ਪੰਜਾਬੀ ਕਵਿਤਾ’ ਤੋਂ ਇਲਾਵਾ ‘ਖੁੱਲ੍ਹੀ ਕਵਿਤਾ ਦੇ ਮਾਪਦੰਡ’ ਸਾਹਿਤ ਸ਼ਾਸਤਰੀ ਚਿੰਤਨ ਨਾਲ ਸਬੰਧਿਤ ਕਮਾਲ ਦੀ ਕਿਤਾਬ ਹੈ। ਇਸ ਤਰ੍ਹਾਂ ਦੀ ਪੁਸਤਕ ਦਾ ਡਾ. ਗੁਰੂਮੇਲ ਸਿੱਧੂ ਵਰਗੇ ਵਿਗਿਆਨੀ ਵੱਲੋਂ ਲਿਖੇ ਜਾਣਾ ਵੀ ਹੈਰਾਨ ਕਰਦਾ ਹੈ। ਇਹ ਕਿਤਾਬ ਸਾਹਿਤ ਰਸੀਆਂ ਦੇ ਨਾਲ ਨਾਲ ਵਿਦਿਆਰਥੀਆਂ, ਜਗਿਆਸੂਆਂ ਤੇ ਖੋਜੀਆਂ ਵਾਸਤੇ ਕਾਵਿ ਰੂਪਾਂ ਬਾਰੇ ਗਿਆਨ ਦਾ ਭੰਡਾਰ ਹੈ।
‘ਸ਼ਬਦਾਂ ਦਾ ਸ਼ਗਨ’, ‘ਨਾਟਕਕਾਰ ਰਵਿੰਦਰ ਰਵੀ’ ਤੇ ‘ਪੱਛਮੀ ਪੰਜਾਬੀ ਕਵਿਤਾ’ ਗੁਰੂਮੇਲ ਸਿੱਧੂ ਦੀਆਂ ਸੰਪਾਦਿਤ ਪੁਸਤਕਾਂ ਹਨ। ਵਿਗਿਆਨ ਦੇ ਖੇਤਰ ਵਿਚ ਉਸ ਦੀਆਂ ਕਿਤਾਬਾਂ ਹਨ: “ਏਡਜ਼ – ਇੱਕ ਨਾਮੁਰਾਦ ਬਿਮਾਰੀ’ ਤੇ ‘ਜੀਵਨ ਤੋਂ ਬਿਨਾ’। ਉਸ ਨੇ ਪਹਿਲੀ ਵਾਰ ਇਕ ਅਜਿਹੀ ਪੁਸਤਕ ਪੰਜਾਬੀ ਵਿਚ ਲਿਖੀ ਜਿਸ ਵਿਚ ਪੰਜਾਬ ਤੋਂ ਅਮਰੀਕਾ ਵਿੱਚ ਵੱਸਣ ਵਾਸਤੇ ਗਏ ਪੰਜਾਬੀਆਂ ਨੂੰ ਉਸ ਸਮੇਂ ਆਈਆਂ ਮੁਸ਼ਕਲਾਂ ਤੇ ਉਨ੍ਹਾਂ ਦੇ ਕਠਿਨ ਸੰਘਰਸ਼ ਦੀ ਬੇਬਾਕ ਗਾਥਾ ਹੈ। ਅੱਜ ਅਮਰੀਕਾ ਵਿਚ ਮਾਣ ਨਾਲ ਵੱਸਦੇ ਪੰਜਾਬੀਆਂ ਨੂੰ ਤਾਂ ਇਹ ਅੰਦਾਜ਼ਾ ਵੀ ਨਹੀਂ ਕਿ ਜਦੋਂ ਪੰਜਾਬੀਆਂ ਨੂੰ ਵੋਟ ਦਾ ਹੱਕ ਨਹੀਂ ਸੀ, ਉੱਥੇ ਕੋਈ ਉਨ੍ਹਾਂ ਨੂੰ ਕੰਮ ’ਤੇ ਰੱਖ ਕੇ ਵੀ ਰਾਜ਼ੀ ਨਹੀਂ ਸੀ, ਉਹ ਕਿਸੇ ਅਮਰੀਕੀ ਲੜਕੀ ਨਾਲ ਵਿਆਹ ਵੀ ਨਹੀਂ ਸਨ ਕਰਵਾ ਸਕਦੇ ਤਾਂ ਉਦੋਂ ਉਹ ਕਿਸ ਤਰ੍ਹਾਂ ਰਹਿੰਦੇ ਹੋਣਗੇ। ਉਨ੍ਹਾਂ ਸਮਿਆਂ ਵਿਚ ਉੱਥੇ ਰਹਿਣ ਵਾਸਤੇ ਉਨ੍ਹਾਂ ਦਾ ਸੰਘਰਸ਼ ਇਕ ਆਪਣੀ ਤਰ੍ਹਾਂ ਦਾ ਗਦਰ ਹੀ ਸੀ। ਇਸ ਬਾਰੇ ਗੁਰੂਮੇਲ ਸਿੱਧੂ ਦੀ ਕਿਤਾਬ ‘ਗਦਰ ਦਾ ਦੂਜਾ ਪੱਖ’ ਪੰਜਾਬੀਆਂ ਦੇ ਹਿੰਮਤ ਭਰੇ ਯੁੱਧ ’ਤੇ ਰੌਸ਼ਨੀ ਪਾਉਂਦਿਆਂ ਇਸ ਦੇ ਪੰਨੇ ਪਰਤ-ਦਰ-ਪਰਤ ਖੋਲ੍ਹਦੀ ਹੈ। ਇਸ ਖੋਜ ਪੁਸਤਕ ਵਿਚ ਇਸ ਗਦਰ ਵਿਚ ਸ਼ਾਮਲ ਰਹੇ ਪੰਜਾਬੀਆਂ ਦੇ ਜੀਵਨ ਵੇਰਵੇ ਤੇ ਪਰਿਵਾਰਕ ਤਸਵੀਰਾਂ ਤੱਕ ਸ਼ਾਮਲ ਹਨ। ਇਹ ਬਹੁਤ ਹੀ ਵੱਡਾ ਤੇ ਸਾਰਥਕ ਯਤਨ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਇਕ ਵੱਡ-ਆਕਾਰੀ, ਤਕਰੀਬਨ ਅੱਠ ਸੌ ਪੰਨਿਆਂ ਦੀ ਪੁਸਤਕ ‘ਹਿੰਦੋਸਤਾਨ ਦਾ ਆਜ਼ਾਦੀ ਸੰਗਰਾਮ- ਗਦਰੀ ਲਹਿਰਾਂ ਦੀ ਹਿੱਸੇਦਾਰੀ’ ਛਪੀ। ਪੰਜਾਬੀ ਵਿਚ ਇਸ ਗਰੰਥ ਵਰਗੀ ਕਿਤਾਬ ਨੂੰ ਦੁਨੀਆਂ ਦੇ ਨਾਮਵਰ ਵਿਗਿਆਨੀ ਵੱਲੋਂ ਲਿਖਿਆ ਜਾਣਾ ਅਦਭੁੱਤ ਹੈ। ਇਹ ਕਿਤਾਬ ਵੀ ਡਾ. ਗੁਰੂਮੇਲ ਸਿੱਧੂ ਦੀ ਆਪਣੇ ਕਾਰਜ ਖੇਤਰ ਤੋਂ ਇੱਕ ਦੂਜੇ ਤੋਂ ਬਿਲਕੁਲ ਵਿਪਰੀਤ ਖੇਤਰਾਂ ਵਿਚ ਸ਼ਿੱਦਤ ਨਾਲ ਕੰਮ ਕਰ ਸਕਣ ਦੀ ਸਟੀਕ ਉਦਾਹਰਣ ਹੈ।
ਗੁਰਬਾਣੀ ਦੇ ਖੇਤਰ ਵਿਚ ਕੰਮ ਕਰਨਾ ਤੇ ਉਸ ਨੂੰ ਵਿਗਿਆਨ ਨਾਲ ਜੋੜਨਾ ਉਸ ਦੀ ਲਾਜੁਆਬ ਸਮਰੱਥਾ ਦਾ ਇਕ ਹੋਰ ਕਮਾਲ ਹੈ। ਉਸ ਦੀਆਂ ਇਸ ਤਰ੍ਹਾਂ ਦੀਆਂ ਦੋ ਕਿਤਾਬਾਂ ‘ਧਰਮ ਦਾ ਵਿਗਿਆਨਕ ਪੱਖ’ ਤੇ ‘ਆਦਿ ਗਰੰਥ ਦੀ ਸੰਪਾਦਨਾ’ ਅਜੇ ਵੀ ਛਪਾਈ ਅਧੀਨ ਹਨ।
ਇਕ ਵਾਰ ਏਕਮ ਵਿਚ ਇਸ ਪੱਖ ਦਾ ਉਨ੍ਹਾਂ ਦਾ ਇਕ ਖ਼ੂਬਸੂਰਤ ਲੇਖ ਛਪਿਆ ਸੀ ‘ਰੱਬ ਦੀ ਈਮੇਲ’। ਇਸ ਵਿਚ ਧਰਮ ਨੂੰ ਆਧੁਨਿਕ ਵਿਗਿਆਨ ਨਾਲ ਜੋੜਿਆ ਗਿਆ ਸੀ।
ਕੌਮਾਂਤਰੀ ਪ੍ਰਸਿੱਧੀ ਦਾ ਵਿਗਿਆਨੀ ਹੋਣ ਕਰਕੇ ਉਸ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਕਾਨਫਰੰਸਾਂ ਤੇ ਮੀਟਿੰਗਾਂ ਆਦਿ ’ਤੇ ਬੁਲਾਇਆ ਜਾਂਦਾ ਸੀ। ਉਹ ਉੱਥੇ ਜਾ ਕੇ ਉਸ ਦੇਸ਼ ਬਾਰੇ, ਉੱਥੋਂ ਦੇ ਲੋਕਾਂ ਦੀਆਂ ਆਦਤਾਂ ਬਾਰੇ ਤੇ ਉੱਥੋਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਇਕੱਠੀ ਕਰ ਕੇ ਆਪਣੇ ਕੋਲ ਰੱਖਦਾ ਸੀ ਤੇ ਫਿਰ ਉਸ ਨੂੰ ਖ਼ੂਬਸੂਰਤ ਦਿਲਚਸਪ ਸਫ਼ਰਨਾਮਿਆਂ ਦੇ ਰੂਪ ਵਿਚ ਪੇਸ਼ ਵੀ ਕਰਦਾ ਸੀ। ਮੈਗਜ਼ੀਨ ਸਾਹਿਤਕ ਏਕਮ ਵਿਚ ਤਕਰੀਬਨ ਸੱਤ ਅੱਠ ਸਾਲ ਇਹ ਸਫ਼ਰਨਾਮੇ ਨਿਰੰਤਰ ਛਪਦੇ ਰਹੇ ਸਨ। ਇਹ ਏਨੇ ਵਧੀਆ ਹੁੰਦੇ ਸਨ ਕਿ ਜਿਸ ਵਾਰ ਮੈਟਰ ਦੇਰ ਨਾਲ ਮਿਲਣ ਕਾਰਨ ਜਾਂ ਕਿਸੇ ਹੋਰ ਕਾਰਨ ਸਫਰਨਾਮਾ ਛਪਣੋਂ ਰਹਿ ਜਾਂਦਾ, ਇਸ ਦੀ ਗ਼ੈਰਹਾਜ਼ਰੀ ਦਾ ਕਾਰਨ ਪੁੱਛਣ ਵਾਸਤੇ ਪਾਠਕਾਂ ਦੇ ਫ਼ੋਨ ਆਇਆ ਕਰਦੇ। ਏਨੀ ਉਮਰ ਅਮਰੀਕਾ ਵਿਚ ਰਹਿ ਕੇ ਅੰਗਰੇਜ਼ੀ ਬੋਲਦਿਆਂ ਪੜ੍ਹਦਿਆਂ ਸੁਣਦਿਆਂ ਵੀ ਉਸ ਨੂੰ ਮਾਂ ਬੋਲੀ ਪੰਜਾਬੀ ਨਾਲ ਇੱਥੋਂ ਦੇ ਬਹੁਤੇ ਪੰਜਾਬੀਆਂ ਤੋਂ ਵੱਧ ਪਿਆਰ ਸੀ। ਉਸ ਨੇ 2016 ਵਿਚ ਪੰਜਾਬੀ ਸਾਹਿਤ, ਸਭਿਆਚਾਰ ਤੇ ਭਾਸ਼ਾ ਬਾਰੇ ਦੋ ਦਿਨਾਂ ਦੀ ਵੱਡੀ ਕਾਨਫਰੰਸ ਦਾ ਪ੍ਰਬੰਧ ਵੀ ਕੀਤਾ ਸੀ ਜਿਸ ਵਿਚ ਪੰਜਾਬ ਤੋਂ ਬਿਨਾ ਹੋਰ ਦੇਸ਼ਾਂ ਦੇ ਅਦੀਬ ਵੀ ਸ਼ਾਮਲ ਸਨ।
ਕੌਮਾਂਤਰੀ ਪੱਧਰ ’ਤੇ ਸਤਿਕਾਰਤ ਗੁਰੂਮੇਲ ਸਿੱਧੂ ਇਨਸਾਨ ਦੇ ਤੌਰ ’ਤੇ ਸਾਫ਼ਦਿਲ, ਨਿਮਰ, ਮਹਿਮਾਨਨਿਵਾਜ਼ ਅਤੇ ਕੰਮ ਆਉਣ ਵਾਲਾ ਇਨਸਾਨ ਸੀ। ਉਹ ਇੱਥੋਂ ਗਏ ਲੇਖਕਾਂ ਦੀ ਪੂਰੀ ਆਓ-ਭਗਤ ਕਰਦਾ। ਗੁਰੂਮੇਲ ਸਿੱਧੂ ਦੇ ਨਾ ਰਹਿਣ ਦੀ ਖ਼ਬਰ ਜਾਣ ਕੇ ਪੰਜਾਬੀ ਦੇ ਸਮਰੱਥ ਕਹਾਣੀਕਾਰ/ ਨਾਵਲਕਾਰ ਜਸਬੀਰ ਭੁੱਲਰ ਹੋਰਾਂ ਦਾ ਫ਼ੋਨ ਆਇਆ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਤਾਂ ਗੁਰੂਮੇਲ ਸਿੱਧੂ ਕੈਨੇਡਾ ਵੀ ਘੁਮਾ ਕੇ ਲਿਆਇਆ ਸੀ। ਕਈ ਹੋਰ ਸਾਹਿਤਕਾਰਾਂ ਦੇ ਅਜਿਹੇ ਤਜ਼ਰਬੇ ਵੀ ਪੜ੍ਹੇ / ਸੁਣੇ ਹੋਏ ਸਨ ਕਿ ‘ਅਸੀਂ ਵੀ ਜਦੋਂ ਅਮਰੀਕਾ ਜਾਂਦੇ, ਉਹ ਉਚੇਚੇ ਤੌਰ ’ਤੇ ਫਰੈਜ਼ਨੋ ਬੁਲਾਉਂਦਾ ਰਿਹਾ। ਫ਼ੋਨ ’ਤੇ ਇੱਥੋਂ ਤੱਕ ਜ਼ੋਰ ਲਾਉਣਾ ਕਿ ਮੈਂ ਤੁਹਾਨੂੰ ਬੇਕਰਜ਼ਫੀਲਡ ਤੋਂ ਫਰੈਜ਼ਨੋ ਲੈ ਜਾਵਾਂਗਾ ਤੇ ਛੱਡ ਵੀ ਜਾਵਾਂਗਾ ਪਰ ਏਨੇ ਵੱਡੇ ਇਨਸਾਨ ਨੂੰ ਇਸ ਤਰ੍ਹਾਂ ਤਕਲੀਫ਼ ਦੇਣ ਲੱਗਿਆਂ ਆਪ ਹੀ ਸ਼ਰਮ ਆਉਂਦੀ ਸੀ ਤੇ ਇਸ ਤਰ੍ਹਾਂ ਕਰਨ ਨੂੰ ਕਦੇ ਵੀ ਮਨ ਨਹੀਂ ਸੀ ਮੰਨਿਆ। ਹਰ ਵਾਰ ਉਨ੍ਹਾਂ ਦੇ ਬੁਲਾਵੇ ’ਤੇ ਆਪ ਹੀ ਮਿਲ ਕੇ ਆਉਂਦੇ ਰਹੇ ਪਰ ਹੁਣ ਉਸ ਤਰ੍ਹਾਂ ਦੇ ਪਲ ਕਦੇ ਵੀ ਨਹੀਂ ਆਉਣਗੇ।’
ਫਰੈਜ਼ਨੋ ਉਨ੍ਹਾਂ ਦੇ ਘਰ ਜਾਣਾ ਮੇਰੇ ਤੇ ਮੇਰੇ ਪਤੀ ਵਾਸਤੇ ਇਕ ਖ਼ੂਬਸੂਰਤ ਉਤਸਵ ਵਾਂਗ ਹੁੰਦਾ ਸੀ। ਉਨ੍ਹਾਂ ਨੇ ਆਪਣੇ ਸਾਹਿਤਕਾਰ ਦੋਸਤਾਂ ਨੂੰ ਬੁਲਾਇਆ ਹੁੰਦਾ ਸੀ। ਸੰਤੋਖ ਸਿੰਘ ਮਿਨਹਾਸ, ਅਵਤਾਰ ਸਿੰਘ ਗੋਦਾਰਾ ਤੇ ਕੁਝ ਹੋਰ ਸਾਹਿਤਕਾਰ ਹਰ ਵਾਰ ਉੱਥੇ ਮਿਲਦੇ ਸਨ। ਇਕ ਵਾਰ ਅਵਤਾਰ ਸਿੰਘ ਗੋਦਾਰਾ ਕਹਿਣ ਲੱਗਾ, ‘‘ਦੇਖੋ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਨਵਾਦਾ ਦੇ ਮਾਰੂਥਲ ਵਿਚ ਲਾਸ ਵੇਗਸ ਵਰਗਾ ਖ਼ੂਬਸੂਰਤ ਤੇ ਰੌਣਕੀਲਾ ਸ਼ਹਿਰ ਵਸਾਇਆ ਹੋਇਆ ਹੈ, ਇੱਥੇ ਅਮਰੀਕਾ ਦੇ ਫਰੈਜ਼ਨੋ ਵਿਚ ਡਾ. ਗੁਰੂਮੇਲ ਸਿੱਧੂ ਸਾਡਾ ਸਾਹਿਤ ਦਾ ਲਾਸ ਵੇਗਸ ਹੈ’।
ਮੈਗਜ਼ੀਨ ਦੇ ਇਸ ਅੰਕ ਵਿਚ ਵੀ ਗੁਰੂਮੇਲ ਸਿੱਧੂ ਦੀਆਂ ਕਵਿਤਾਵਾਂ ਛਪੀਆਂ ਹਨ। ਮੈਗਜ਼ੀਨ ਵੀ ਉਸ ਦੇ ਘਰ ਜਾਏਗਾ ਪਰ ਇਨ੍ਹਾਂ ਕਵਿਤਾਵਾਂ ਨੂੰ ਲਿਖਣ ਵਾਲਾ ਉੱਥੇ ਨਹੀਂ ਹੋਵੇਗਾ। ਮੈਂ ਉਸ ਨੂੰ ਕਿਹਾ ਸੀ ਕਿ ਕੋਈ ਹੋਰ ਸਫ਼ਰਨਾਮਾ ਰਹਿੰਦਾ ਹੋਵੇ ਤਾਂ ਮੈਗਜ਼ੀਨ ਨੂੰ ਭੇਜ ਦਿਓ। ਉਨ੍ਹਾਂ ਕਿਹਾ ਕਿ ਇਕ ਸਫ਼ਰਨਾਮਾ ਅਜੇ ਰਹਿੰਦਾ ਹੈ, ਲਿਖ ਕੇ ਭੇਜਦਾ ਹਾਂ। ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਆਖ਼ਰੀ ਸਫ਼ਰਨਾਮਾ ਕੁਦਰਤ ਕਿਸੇ ਹੋਰ ਤਰ੍ਹਾਂ ਲਿਖ ਦੇਵੇਗੀ।
ਸੰਪਰਕ: 98153-02081