ਹਰੀਸ਼ ਜੈਨ
ਮੂੰਹ ਚੜ੍ਹੇ ਬੋਲ ਕੁਝ ਸਮੇਂ ਬਾਅਦ ਆਪਣੇ ਹੋ ਜਾਂਦੇ ਹਨ ਅਤੇ ਸਮੇਂ ਦੇ ਬੀਤਣ ਨਾਲ ਸੱਚੇ ਲੱਗਣ ਲੱਗਦੇ ਹਨ। ਮਨੋਜ ਕੁਮਾਰ ਦੀ ਫਿਲਮ ‘ਸ਼ਹੀਦ’ 1965 ਵਿੱਚ ਆਈ ਸੀ। ਫਿਲਮ ਦੀ ਕਾਮਯਾਬੀ ਨੇ ਆਜ਼ਾਦੀ ਘੁਲਾਟੀਏ ਬਟੁਕੇਸ਼ਵਰ ਦੱਤ ਨੂੰ ਬੈਸਟ ਸਕੀਰਨਪਲੇ ਦਾ ਐਵਾਰਡ ਦਿਵਾਇਆ। ਫਿਲਮ ਦੇ ਗੀਤ ਜੀਅ ਜੀਅ ਦੀ ਜ਼ਬਾਨ ’ਤੇ ਚੜ੍ਹੇ ਅਤੇ ਉਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ‘ਮੇਰਾ ਰੰਗ ਦੇ ਬਸੰਤੀ ਚੋਲਾ’ ਹੋਇਆ ਸੀ ਜਿਸ ਦੇ ਬੋਲ ਸਨ:
ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ
ਓ ਮੇਰਾ ਰੰਗ ਦੇ ਬਸੰਤੀ ਚੋਲਾ
ਦਮ ਨਿਕਲੇ ਇਸ ਦੇਸ਼ ਦੀ ਖ਼ਾਤਿਰ ਬਸ ਇਤਨਾ ਅਰਮਾਨ ਹੈ
ਏਕ ਬਾਰ ਇਸ ਰਾਹ ਮੇਂ ਮਰਨਾ ਸੌ ਜਨਮੋਂ ਕੇ ਸਮਾਨ ਹੈ
ਦੇਖ ਕੇ ਵੀਰੋਂ ਕੀ ਕੁਰਬਾਨੀ ਅਪਨਾ ਦਿਲ ਭੀ ਬੋਲਾ
ਮੇਰਾ ਰੰਗ ਦੇ ਬਸੰਤੀ ਚੋਲਾ…
ਜਿਸ ਚੋਲੇ ਕੋ ਪਹਿਨ ਸ਼ਿਵਾ ਜੀ ਖੇਲੇ ਅਪਨੀ ਜਾਨ ਪੇ
ਜਿਸੇ ਪਹਿਨ ਝਾਂਸੀ ਕੀ ਰਾਨੀ ਮਿਟ ਗਈ ਅਪਨੀ ਆਨ ਪੇ
ਆਜ ਉਸੀ ਕੋ ਪਹਿਨ ਕੇ ਨਿਕਲਾ ਹਮ ਮਸਤੋਂ ਕਾ ਟੋਲਾ
ਮੇਰਾ ਰੰਗ ਦੇ ਬਸੰਤੀ ਚੋਲਾ…
ਪ੍ਰੇਮ ਧਵਨ ਦਾ ਲਿਖਿਆ, ਮੁਕੇਸ਼, ਮਹੇਂਦਰ ਕਪੂਰ ਅਤੇ ਰਾਜਿੰਦਰ ਕਪੂਰ ਦਾ ਗਾਇਆ ਅਤੇ ਪ੍ਰੇਮ ਧਵਨ ਦੇ ਹੀ ਸੰਗੀਤ ਵਿੱਚ ਸਜਿਆ ਇਹ ਗੀਤ ਸਾਰਿਆਂ ਲਈ ਸਮਾਂ ਪਾ ਕੇ ਅਸਲ ਗੀਤ ਦੀ ਥਾਂ ਲੈਂਦਾ ਗਿਆ। ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਹੀਦ ਫਿਲਮ ਦਾ ਯੂਨਿਟ ਜਦੋਂ ਖਟਕੜ ਕਲਾਂ ਭਗਤ ਸਿੰਘ ਦੀ ਮਾਤਾ ਜੀ ਨੂੰ ਮਿਲਣ ਗਿਆ ਸੀ ਤਾਂ ਪ੍ਰੇਮ ਧਵਨ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਇਸ ਮਿਲਣੀ ਦੇ ਪ੍ਰਭਾਵ ਹੇਠ ਹੀ ਉਸ ਨੇ ਇਹ ਗੀਤ ਲਿਖਿਆ ਸੀ। ਇਸ ਦੇ ਮੁਖੜੇ ਦਾ ਹਿੱਸਾ ਅਸਲ ਗੀਤ ਤੋਂ ਲਿਆ ਗਿਆ ਸੀ। ਪਰ ਮਾਂ ਨੂੰ ਪੁਕਾਰ ਪ੍ਰੇਮ ਧਵਨ ਦਾ ਭਗਤ ਸਿੰਘ ਦੀ ਮਾਂ ਨੂੰ ਮਿਲਣੀ ਨੂੰ ਸਿਜਦਾ ਸੀ ਅਤੇ ਸ਼ਾਇਦ ਇਸ ਲਈ ਹੀ ਗੀਤ ਦਾ ਪ੍ਰਭਾਵ ਹੋਰ ਜ਼ਿਆਦਾ ਹੋ ਗਿਆ ਸੀ ਭਾਵੇਂ ਗੀਤ ਦੇ ਕਈ ਹੋਰ ਰੂਪਾਂ ਵਿੱਚ ਵੀ ਮਾਂ ਵਾਲਾ ਰੂਪ ਦਰਜ ਹੈ।
ਸੰਨ 1965 ਤੋਂ ਪਿਛਾਂਹ ਗੀਤ ਦਾ ਇਤਿਹਾਸ ਧੁੰਦਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਇੱਕਾ-ਦੁੱਕਾ ਜਿਹੜਾ ਵੀ ਹਵਾਲਾ ਮਿਲਦਾ ਹੈ ਉਹ ਗੀਤ ਦੇ ਮੁਖੜੇ ਦੇ ਵਿਭਿੰਨ ਰੂਪਾਂ ਵਿੱਚ ਹੀ ਦਿਖਾਈ ਦਿੰਦਾ ਹੈ। ਇਹ ਅਕਸਰ ਕ੍ਰਾਂਤੀਕਾਰੀਆਂ ਦੇ ਜੀਵਨ ਬਿਰਤਾਂਤਾਂ ਵਿੱਚ ਦਰਜ ਟੂਕਾਂ ਵਿੱਚ ਮਿਲਦੇ ਹਨ।
ਉਪਲਬਧ ਪ੍ਰਕਾਸ਼ਨਾਵਾਂ ਵਿੱਚ ਅਜਿਹਾ ਗੀਤ ‘ਅਟਲ ਰਾਜ ਦੀ ਕੂੰਜੀ ਅਰਥਾਤ ਮਹਾਤਮਾ ਜੀ ਕੀ ਪੁਕਾਰ’ ਨਾਂ ਦੀ ਪੁਸਤਕ ਵਿੱਚ ਮਿਲਦਾ ਹੈ ਜਿਸ ਨੂੰ ਸਰਯੂ ਲਾਲ ਨੇ ਰਾਜ ਪ੍ਰੈਸ ਪਰਯਾਗ ਵਿਖੇ ਛਾਪਿਆ ਸੀ। ਗੀਤ ਦੇ ਬੋਲ ਹਨ:
ਮੇਰਾ ਰੰਗ ਦੇ ਬਸੰਤੀ ਚੋਲਾ ਮਾਈ ਰੰਗ ਦੇ ਬਸੰਤੀ ਚੋਲਾ।
ਇਸੀ ਰੰਗ ਮੇਂ ਗਾਂਧੀ ਜੀ ਨੇ ਨਮਕ ਪਰ ਧਾਵਾ ਬੋਲਾ।।
ਮੇਰਾ ਰੰਗ ਦੇ ਬਸੰਤੀ ਚੋਲਾ।
ਇਸੀ ਰੰਗ ਮੇ ਬੀਰ ਸਿਵਾ ਨੇ ਮਾਂ ਕਾ ਬੰਧਨ ਖੋਲਾ।
ਮੇਰਾ ਰੰਗ ਦੇ ਬਸੰਤੀ ਚੋਲਾ।।
ਇਸੀ ਰੰਗ ਮੇ ਭਗਤ ਦੱਤ ਨੇ ਛੋੜਾ ਬਮ ਕਾ ਗੋਲਾ
ਮੇਰਾ ਰੰਗ ਦੇ ਬਸੰਤੀ ਚੋਲਾ।।
ਇਸੀ ਰੰਗ ਮੇ ਪੇਸ਼ਾਵਰ ਮੇ ਪਠਾਨੋਂ ਨੇ ਸੀਨਾ ਖੋਲਾ।
ਮੇਰਾ ਰੰਗ ਦੇ ਬਸੰਤੀ ਚੋਲਾ।।
ਇਸੀ ਰੰਗ ਮੇ ਬਿਸਮਿਲ ਅਸ਼ਫਾਕ ਨੇ ਸਰਕਾਰੀ ਖਜ਼ਾਨਾ ਖੋਲਾ।
ਮੇਰਾ ਰੰਗ ਦੇ ਬਸੰਤੀ ਚੋਲਾ।।
ਇਸੀ ਰੰਗ ਮੇ ਵੀਰ ਮਦਨ ਨੇ ਗੌਰਮਿੰਟ ਪਰ ਧਾਵਾ ਬੋਲਾ
ਮੇਰਾ ਰੰਗ ਦੇ ਬਸੰਤੀ ਚੋਲਾ।।
ਇਸੀ ਰੰਗ ਮੇ ਗੁਰੂ ਗੋਬਿੰਦ ਨੇ ਸਮਝਾ ਧਰਮ ਅਮੋਲਾ।
ਮੇਰਾ ਰੰਗ ਦੇ ਬਸੰਤੀ ਚੋਲਾ।।
ਇਸੀ ਰੰਗ ਮੇ ਪਦਮਕਾਂਤ ਨੇ ਮਾਡਰਨ ਪਰ ਧਾਵਾ ਬੋਲਾ
ਮੇਰਾ ਰੰਗ ਦੇ ਬਸੰਤੀ ਚੋਲਾ।।
ਇਸ ਪ੍ਰਕਾਸ਼ਨ ਦੀ ਕੋਈ ਮਿਤੀ ਨਹੀਂ ਹੈ ਪਰ ਦਰਜ ਘਟਨਾਵਾਂ ਅਨੁਸਾਰ ਇਹ ਕਿਸੇ ਸਮੇਂ 1931 ਤੋਂ ਉਪਰੰਤ ਛਪੀ ਹੋਵੇਗੀ। ਇਹੀ ਕਵਿਤਾ ‘ਅਭਯੁਦਯ’ ਦੇ ਭਗਤ ਸਿੰਘ ਵਿਸ਼ੇਸ਼ ਅੰਕ, ਜੋ ਮਾਰਚ 1931 ਵਿੱਚ ਛਪਿਆ ਸੀ, ਵਿੱਚ ਵੀ ਛਪੀ ਹੈ ਪਰ ਉਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਪੰਕਤੀ ਨਹੀਂ ਹੈ ਅਤੇ ਮੁਖੜੇ ਵਿੱਚ ‘ਮਾਈ ਰੰਗ ਦੇ ਬਸੰਤੀ ਚੋਲਾ’ ਵੀ ਨਹੀਂ ਹੈ। ਇਸ ਦਾ ਅਰਥ ਇਹ ਹੀ ਹੋ ਸਕਦਾ ਹੈ ਕਿ ਸਰਯੂ ਲਾਲ ਵਾਲਾ ਗੀਤ ‘ਅਭਯੁਦਯ’ ਦੇ ਗੀਤ ਦੇ ਪ੍ਰਕਾਸ਼ਨ ਉਪਰੰਤ ਕੁਝ ਵਧਾਉ ਤੋਂ ਬਾਅਦ ਪ੍ਰਕਾਸ਼ਿਤ ਕੀਤਾ ਗਿਆ ਹੈ। ‘ਅਭਯੁਦਯ’ ਵਿੱਚ ਨੋਟ ਦਿੱਤਾ ਗਿਆ ਹੈ ਕਿ ਇਹ ਗੀਤ ਭਗਤ ਸਿੰਘ ਨੂੰ ਬਹੁਤ ਪਸੰਦ ਸੀ ਅਤੇ ਉਨ੍ਹਾਂ ਨੇ ਇਸ ਨੂੰ ਫਾਂਸੀ ਚੜ੍ਹਦੇ ਵੇਲੇ ਗਾਇਆ ਸੀ।
‘ਅਭਯੁਦਯ’ ਦੇ ਇਸ ਅੰਕ ਵਿੱਚ ਮਾ. ਕੇ.ਐਲ. ਗੁਪਤਾ ਦਾ ਇੱਕ ਲੇਖ ‘ਸਰਦਾਰ ਭਗਤ ਸਿੰਘ- ਜ਼ਬਤ ਪੁਸਤਕ ਸੇ ਫਾਂਸੀ ਕੇ ਹਾਲਾਤ’ ਦਰਜ ਹੈ। ਇਹ ਲੇਖ ਕਿਸੇ ਚਸ਼ਮਦੀਦ ਗਵਾਹ ਦੇ ਹਵਾਲੇ ਨਾਲ ਫਾਂਸੀ ਤੋਂ ਪਹਿਲਾਂ ਦੇ ਕੁਝ ਘੰਟਿਆਂ ਦੇ ਸਮੇਂ ਦਾ ਵਰਣਨ ਕਰਦਾ ਹੈ। ਲੇਖ ਦੱਸਦਾ ਹੈ ਕਿ 6.30 ਵਜੇ ਜੇਲ੍ਹ ਵਿੱਚੋਂ ‘ਡਾਊਨ ਵਿਦ ਯੂਨੀਅਨ ਜੈਕ’ ਦੇ ਬੁਲੰਦ ਨਾਅਰੇ ਨਿਕਲੇ। ਲੇਖਕ ਨੇ ਲਿਖਿਆ ਹੈ ਕਿ ਭਗਤ ਸਿੰਘ ਨੇ ਉੱਚੀ ਆਵਾਜ਼ ਵਿੱਚ ਇਹ ਗੀਤ ਗਾਇਆ:
ਮੇਰਾ ਰੰਗ ਦੇ ਤਿਰੰਗਾ ਚੋਲਾ, ਮਾਂ ਰੰਗ ਦੇ ਤਿਰੰਗਾ ਚੋਲਾ।
ਇਸੀ ਰੰਗ ਮੇਂ ਰੰਗ ਸ਼ਿਵਾ, ਜਾਕੇ ਮਾਂ ਕਾ ਬੰਧਨ ਖੋਲਾ।।
ਯਹੀ ਰੰਗ ਹਲਦੀ ਘਾਟੀ ਪਰ, ਖੁਲਕਰ ਕੇ ਥਾ ਖੇਲਾ। ਮੇਰਾ।।
ਇਸੀ ਰੰਗ ਮੇਂ ਗਾਂਧੀ ਜੀ ਨੇ ਨਮਕ ਪਰ ਧਾਵਾ ਬੋਲਾ। ਮਾਂ।।
ਦੇਖ ਦੇਖ ਕਰ ਗਾਂਧੀ ਜੀ ਨੇ ਇਰਵਿਨ ਕਾ ਦਿਲ ਖੋਲਾ ਮਾਂ।।
ਇਸੀ ਰੰਗ ਮੇਂ ਵੀਰ ਜਵਾਹਰ ਲਿਯੇ ਫਿਰੇ ਹੈਂ ਝੋਲਾ। ਮਾਂ।।
ਇਸੀ ਰੰਗ ਮੇਂ ਭਗਤ ਨੇ ਫੇਂਕਾ ਬੰਬ ਕਾ ਗੋਲਾ। ਮਾਂ।।
ਇਸੀ ਰੰਗ ਮੇਂ ਜਤੀਂਦਰਦਾਸ ਨੇ ਅਪਨਾ ਚੋਲਾ ਛੋੜਾ। ਮਾਂ।।
ਇਸੀ ਰੰਗ ਮੇਂ ਲਾਲਾ ਜੀ ਨੇ ਸਵਰਗ ਕਾ ਰਾਸਤਾ ਖੋਲਾ। ਮਾਂ।।
ਇਸੀ ਰੰਗ ਮੇਂ ਕਿਚਲੂ ਜੀ ਨੇ ਦੇਹਲੀ ਕਾ ਰਸਤਾ ਖੋਲਾ। ਮਾਂ।।
ਇਸੀ ਰੰਗ ਮੇਂ ਸਤਯਵਤੀ ਨੇ ਅਪਨਾ ਜੀਵਨ ਤੋਲਾ। ਮਾਂ।।
ਇਸੀ ਰੰਗ ਮੇਂ ਸੁਖਦੇਵ ਜੀ ਨੇ ਰੇਲ ਪਰ ਧਾਵਾ ਬੋਲਾ। ਮਾਂ।।
ਇਸੀ ਰੰਗ ਮੇਂ ਬਿਸਮਿਲ ਜੀ ਨੇ ਦਿਹਾਤ ਕਾ ਝੰਡਾ ਖੋਲਾ। ਮਾਂ।।
ਇਸੀ ਰੰਗ ਮੇਂ ਦੇਸ਼ਭਕਤੋਂ ਨੇ ਜੇਲ ਦਾ ਫਾਟਕ ਖੋਲਾ। ਮਾਂ।।
ਇਸ ਗੀਤ ਦੇ ਕਵੀ ਦਾ ਦਾਇਰਾ ਵੱਡਾ ਹੋ ਜਾਂਦਾ ਹੈ ਅਤੇ ਮੁਖੜਾ ਵੀ ਬਦਲ ਜਾਂਦਾ ਹੈ। ਬਸੰਤੀ ਰੰਗ ਦੀ ਥਾਂ ਉਹ ਤਿਰੰਗਾ ਲੈ ਆਉਂਦਾ ਹੈ। ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਤੋਂ ਲੈ ਕੇ ਉਹ ਸਾਰੇ ਦੇਸ਼ ਭਗਤਾਂ ਨੂੰ ਚੇਤੇ ਕਰਦਾ ਹੈ।
ਇਨ੍ਹਾਂ ਵੰਨ-ਸੁਵੰਨੇ ਰੂਪਾਂ ਵਿੱਚੋਂ ਮੂਲ ਗੀਤ ਦੀ ਪੈੜ ਨਹੀਂ ਮਿਲਦੀ। ਇਨ੍ਹਾਂ ਦੇ ਬੋਲ ਦੱਸਦੇ ਹਨ ਕਿ ਇਹ ਸਾਰੇ ਭਗਤ ਸਿੰਘ ਦੇ ਬੰਬ ਸੁੱਟਣ ਅਤੇ ਫਾਂਸੀ ਚੜ੍ਹਨ ਤੋਂ ਬਾਅਦ ਲਿਖੇ ਅਤੇ ਪ੍ਰਕਾਸ਼ਿਤ ਹੋਏ ਹਨ। ਇਨ੍ਹਾਂ ਵਿੱਚੋਂ ਕਿਤੇ ਵੀ ਲੇਖਕ ਦੀ ਦੱਸ ਨਹੀਂ ਪੈਂਦੀ। ਭਾਵੇਂ ਸਾਰਿਆਂ ਨੇ ਇਨ੍ਹਾਂ ਨੂੰ ਭਗਤ ਸਿੰਘ ਦਾ ਪਸੰਦੀਦਾ ਗੀਤ ਕਹਿ ਕੇ ਸਲਾਹਿਆ ਅਤੇ ਛਾਪਿਆ ਹੈ।
ਪਰ ਗੀਤਾਂ ਦੇ ਬੋਲਾਂ ਅਨੁਸਾਰ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਹਰ ਗੀਤ ਭਗਤ ਸਿੰਘ ਦੀ ਉਪਮਾ ਵਿੱਚ ਲਿਖਿਆ ਗਿਆ ਹੈ।
ਦਰਅਸਲ ਸ਼ਹੀਦ ਫਿਲਮ ਵਿੱਚ ਇਸ ਗੀਤ ਦੇ ਆਉਣ ਅਤੇ ਪ੍ਰਸਿੱਧ ਹੋ ਜਾਣ ਨਾਲ ਇਹ ਆਮ ਤੌਰ ’ਤੇ ਲੋਕ ਮਨ ਵਿੱਚ ਭਗਤ ਸਿੰਘ ਦੇ ਨਾਂ ਨਾਲ ਜੁੜ ਗਿਆ ਸੀ। ਇਸ ਦੀ ਇੱਕ ਤਾਜ਼ਾ ਉਦਾਹਰਨ 2016 ਦੀ ਇੱਕ ਡਿਜੀਟਲ ਪੋਸਟ ਵਿੱਚ ਦੇਖੀ ਜਾ ਸਕਦੀ ਹੈ। ਲੇਖਕ ਨੇ ਕਾਕੋਰੀ ਜੇਲ੍ਹ ਦਾ ਸੀਨ ਦਰਸਾਉਂਦਿਆਂ ਬਿਸਮਿਲ ਨੂੰ ਕਵਿਤਾ ਲਿਖਦੇ ਹੋਏ ਦਰਸਾਇਆ ਹੈ ਜਿਸਦੇ ਬੋਲ ਹਨ:
ਮੇਰਾ ਰੰਗ ਦੇ ਬਸੰਤੀ ਚੋਲਾ
ਹੋ ਮੇਰਾ ਰੰਗ ਦੇ ਬਸੰਤੀ ਚੋਲਾ
ਇਸੀ ਰੰਗ ਮੇਂ ਰੰਗ ਕੇ ਸ਼ਿਵਾ ਨੇ ਮਾਂ ਕਾ ਬੰਧਨ ਖੋਲਾ,
ਯਹੀ ਰੰਗ ਹਲਦੀਘਾਟੀ ਮੇਂ ਥਾ ਪ੍ਰਤਾਪ ਨੇ ਬੋਲਾ,
ਨਵ ਬਸੰਤ ਮੇਂ ਭਾਰਤ ਕੇ ਹਿਤ ਵੀਰੋਂ ਕਾ ਯਹ ਟੋਲਾ,
ਕਿਸ ਮਸਤੀ ਸੇ ਪਹਿਨ ਕੇ ਨਿਕਲਾ ਯਹ ਬਾਸੰਤੀ ਚੋਲਾ।
ਮੇਰਾ ਰੰਗ ਦੇ ਬਸੰਤੀ ਚੋਲਾ…
ਲੇਖਕ ਅਨੁਸਾਰ ਇਹ ਗੀਤ ਭਗਤ ਸਿੰਘ ਨੂੰ ਬਹੁਤ ਪਸੰਦ ਸੀ ਅਤੇ ਉਸ ਨੇ ਲਾਹੌਰ ਜੇਲ੍ਹ ਵਿੱਚ ਇਸ ਵਿੱਚ ਹੋਰ ਵਾਧਾ ਕਰ ਦਿੱਤਾ।
ਇਸੀ ਰੰਗ ਮੇਂ ਬਿਸਮਿਲ ਜੀ ਨੇ ਵੰਦੇ ਮਾਰਤਮ ਬੋਲਾ,
ਯਹੀ ਰੰਗ ਅਸ਼ਫ਼ਾਕ ਕੋ ਭਾਯਾ ਉਨਕਾ ਦਿਲ ਭੀ ਡੋਲਾ,
ਇਸੀ ਰੰਗ ਕੋ ਹਮ ਮਸਤੋਂ ਨੇ, ਹਮ ਮਸਤੋਂ ਨੇ,
ਦੂਰ ਫਿਰੰਗੀ ਕੋ ਕਰਨੇ ਕੋ,
ਲਹੂ ਮੇਂ ਅਪਨੇ ਘੋਲਾ।
ਮੇਰਾ ਰੰਗ ਦੇ ਬਸੰਤੀ ਚੋਲਾ…
ਹੋ ਮੇਰਾ ਰੰਗ ਦੇ ਬਸੰਤੀ ਚੋਲਾ…
ਮਾਇ ਰੰਗ ਦੇ ਬਸੰਤੀ ਚੋਲਾ…
ਹੋ ਮਾਇ ਰੰਗ ਦੇ ਬਸੰਤੀ ਚੋਲਾ…
ਮੇਰਾ ਰੰਗ ਦੇ ਬਸੰਤੀ ਚੋਲਾ…
ਕੋਸ਼ਿਸ਼ ਕਰਨ ’ਤੇ ਗੀਤ ਦੀਆਂ ਅਜਿਹੀਆਂ ਹੋਰ ਬਹੁਤ ਸਾਰੀਆਂ ਵੰਨਗੀਆਂ ਮਿਲ ਸਕਦੀਆਂ ਹਨ ਅਤੇ ਜਿਸ ਨੇ ਜਿਹੜੀ ਵੰਨਗੀ ਪੜ੍ਹੀ ਜਾਂ ਸੁਣੀ ਹੁੰਦੀ ਹੈ ਉਸ ਨੂੰ ਉਹੀ ਗੀਤ ਅਸਲ ਮਹਿਸੂਸ ਹੁੰਦਾ ਹੈ। ਪਰ ਜਿਵੇਂ ਕਿ ਪਿਛਲੀਆਂ ਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਲੇਖਕ ਅਨੁਸਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਇਸ ਗੀਤ ਨੂੰ ਅਕਸਰ ਜੇਲ੍ਹ ਵਿੱਚ ਗਾਉਂਦੇ ਹੁੰਦੇ ਸਨ। ਕੁਝ ਹੋਰ ਲੇਖਕਾਂ ਨੇ ਦਰਸਾਇਆ ਹੈ ਕਿ ਫਾਂਸੀ ਵਾਲੇ ਦਿਨ ਵੀ ਜੇਲ੍ਹ ਵਿੱਚੋਂ ਇਸ ਗੀਤ ਦੀ ਗੂੰਜ ਬਾਹਰ ਹਵਾ ਵਿੱਚ ਸੁਣਾਈ ਪੈ ਰਹੀ ਸੀ ਪਰ ਬਹੁਤ ਕੋਸ਼ਿਸ਼ ਦੇ ਬਾਵਜੂਦ ਅਸੀਂ ਭਗਤ ਸਿੰਘ ਅਤੇ ਸਾਥੀਆਂ ਦੇ ਇਸ ਗੀਤ ਨਾਲ ਕਿਸੇ ਸਿੱਧੇ ਸਬੰਧ ਦਾ ਜ਼ਿਕਰ ਨਹੀਂ ਲੱਭ ਸਕੇ ਹਾਂ।
ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਉੱਤੇ ਅਸੈਂਬਲੀ ਬੰਬ ਕੇਸ ਵਿੱਚ ਦਿੱਲੀ ਦੀ ਮੈਜਿਸਟਰੇਟ ਅਤੇ ਸੈਸ਼ਨ ਅਦਾਲਤਾਂ ਵਿੱਚ ਮੁਕੱਦਮਾ ਚੱਲਿਆ। ਉਨ੍ਹਾਂ ਅਸੈਂਬਲੀ ਵਿੱਚ ਬੰਬ ਸੁੱਟਣ ਸਮੇਂ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਲਗਾਏ। 6 ਮਈ 1929 ਨੂੰ ਸਵੇਰੇ 10 ਵਜੇ ਦਿੱਲੀ ਦੀ ਜ਼ਿਲ੍ਹਾ ਜੇਲ੍ਹ ਦੇ ਯੂਰੋਪੀਅਨ ਵਾਰਡ ਵਿੱਚ ਬਣੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੁੰਦਿਆਂ ਹੀ ਉਨ੍ਹਾਂ ‘ਇਨਕਲਾਬ ਜ਼ਿੰਦਾਬਾਦ’ ਤੇ ‘ਸਾਮਰਾਜ ਮੁਰਦਾਬਾਦ’ ਦੇ ਨਾਅਰੇ ਲਗਾਏ ਅਤੇ 4 ਜੂਨ 1929 ਤੋਂ ਇਸੇ ਜੇਲ੍ਹ ਦੇ ਜੇਲਰ ਦੇ ਦਫ਼ਤਰ ਵਿੱਚ ਬਣੀ ਸੈਸ਼ਨ ਅਦਾਲਤ ਵਿੱਚ 4 ਜੂਨ ਤੋਂ ਸ਼ੁਰੂ ਹੋਈ ਕਾਰਵਾਈ ਵਿੱਚ ਵੀ ਹਰ ਰੋਜ਼ ਸਵੇਰੇ ਇਹ ਨਾਅਰੇ ਲਗਾਉਂਦੇ ਰਹੇ ਪਰ ਕੋਈ ਗੀਤ ਨਹੀਂ ਗਾਇਆ।
ਲਾਹੌਰ ਸਾਜ਼ਿਸ਼ ਮੁਕੱਦਮੇ ਵਿੱਚ ਪਹਿਲੇ ਦਿਨ ਉਹ 16 ਸਾਥੀ ਸਨ। ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਸੈਂਟਰਲ ਜੇਲ ਵਿੱਚ ਸਨ ਅਤੇ ਬਾਕੀ ਸਾਥੀ ਬੋਰਸਟਲ ਜੇਲ੍ਹ ਵਿੱਚ। ਵਿਸ਼ੇਸ਼ ਮੈਜਿਸਟ੍ਰੇਟ ਅਦਾਲਤ ਸੈਂਟਰਲ ਜੇਲ੍ਹ ਵਿੱਚ ਲੱਗਦੀ ਸੀ। ਭਗਤ ਸਿੰਘ ਅਤੇ ਦੱਤ ਦੇ ਪਹੁੰਚਣ ’ਤੇ ਸਾਰੇ ਸਾਥੀ ਮਿਲ ਕੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜ ਮੁਰਦਾਬਾਦ’ ਦਾ ਨਾਅਰਾ ਲਗਾਉਂਦੇ। ਇੱਥੇ ਉਨ੍ਹਾਂ ਨੇ ‘ਪ੍ਰੋਲਤਾਰੀ ਅਮਰ ਰਹੇ’ ਦਾ ਨਾਅਰਾ ਵੀ ਇਸ ਵਿੱਚ ਜੋੜ ਲਿਆ ਸੀ। 10 ਜੁਲਾਈ 1929 ਤੋਂ ਸ਼ੁਰੂ ਹੋਇਆ ਇਹ ਉਨ੍ਹਾਂ ਦਾ ਨਿਤਾਪ੍ਰਤੀ ਦਾ ਕਰਮ ਸੀ। ਨਾਅਰਿਆਂ ਦੇ ਨਾਲ ਹੀ ਉਹ ਰਾਸ਼ਟਰੀ ਗੀਤ ਗਾਉਂਦੇ; ‘ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਦੇਖਨਾ ਹੈ ਜ਼ੋਰ ਕਿਤਨਾ ਬਾਜ਼ੁਏ ਕਾਤਿਲ ਮੇਂ ਹੈ,’ ਬਿਸਮਿਲ ਅਜ਼ੀਮਾਬਾਦੀ ਦੀ ਇਹ ਗ਼ਜ਼ਲ ਅਦਾਲਤ ਵਿੱਚ ਅਕਸਰ ਹੀ ਪੜ੍ਹੀ ਜਾਂਦੀ ਸੀ। ਜਿਹੜਾ ਗੀਤ ਉਨ੍ਹਾਂ ਦਾ ਰਾਸ਼ਟਰੀ ਗੀਤ ਬਣ ਗਿਆ ਉਹ ਪ੍ਰੇਮ ਦੱਤ ਨੇ 6 ਅਕਤੂਬਰ 1929 ਨੂੰ ਅਦਾਲਤ ਵਿੱਚ ਗਾਇਆ ਸੀ। ਇਸ ਦਿਨ ਤੋਂ ਉਪਰੰਤ ਸਾਰੇ ਸਾਥੀ ਮਿਲ ਕੇ ਇਹ ਗੀਤ ਅਦਾਲਤ ਦੀ ਹਰ ਤਾਰੀਖ਼ ’ਤੇ ਗਾਉਂਦੇ। ਸਮਕਾਲੀ ਸਮਾਚਾਰ ਪੱਤਰਾਂ ਤੋਂ ਗੀਤ ਦੀ ਤੁਕ ਦਾ ਹੀ ਪਤਾ ਲੱਗਦਾ ਹੈ ‘‘ਭਾਰਤ ਨਾ ਰਹਿ ਸਕੇਗਾ ਹਰਗਿਜ਼ ਗ਼ੁਲਾਮਖ਼ਾਨਾ’’। ਪਰ ਪੂਰਾ ਗੀਤ ਸੰਨ 1930 ਵਿੱਚ ਪਿਆਮੇ-ਏ-ਜੰਗ ਵਿੱਚ ਛਪਿਆ ਸੀ। ਇਸ ਦੇ ਲੇਖਕ ਦਾ ਨਾਂ ਨਾਮਾਲੂਮ ਛਪਿਆ ਸੀ ਅਤੇ ਸਿਰਲੇਖ ਸੀ:
‘‘ਮੁਕੱਦਮਾ ਸਾਜ਼ਿਸ਼-ਏ-ਲਾਹੌਰ ਕੇ ਅਸੀਰੋਂ ਕੀ ਆਵਾਜ਼’’
ਭਾਰਤ ਨਾ ਰਹਿ ਸਕੇਗਾ ਹਰਗਿਜ਼ ਗ਼ੁਲਾਮਖ਼ਾਨਾ
ਆਜ਼ਾਦ ਹੋਗਾ, ਹੋਗਾ, ਆਤਾ ਹੈ ਵੋ ਜ਼ਮਾਨਾ
ਅਬ ਭੇੜ ਔਰ ਬਕਰੀ ਮਿਲ ਕਰ ਨ ਰਹਿ ਸਕੇਂਗੇ
ਕਰ ਦੇਂਗੇ ਜ਼ਾਲਿਮੋਂ ਕਾ ਅਬ ਬੰਦ ਜ਼ੁਲਮ ਢਾਨਾ
ਖ਼ੂੰ ਖੌਲਨੇ ਲਗੇਗਾ ਹਿੰਦੋਸਤਾਨੀਯੋਂ ਕਾ
ਇਸ ਪਸਤ-ਹਿੰਮਤੀ ਕਾ ਹੋਗਾ ਕਹਾਂ ਠਿਕਾਨਾ
ਭਾਰਤ ਕੇ ਹਮ ਹੈਂ ਬੱਚੇ ਭਾਰਤ ਹਮਾਰੀ ਮਾਤਾ
ਇਸਕੇ ਹੀ ਵਾਸਤੇ ਹੈ ਮੰਜ਼ੂਰ ਸਰ ਕਟਾਨਾ
ਉਰੂਜ਼-ਏ-ਕਾਮਯਾਬੀ ਪਰ ਕਭੀ ਹਿੰਦੁਸਤਾਨ ਹੋਗਾ
ਬਹਾਰ ਆ ਜਾਏਗੀ ਉਸ ਦਿਨ ਜਬ ਅਪਨਾ ਬਾਗਬਾਂ ਹੋਗਾ
ਚਖਾਏਂਗੇ ਮਜ਼ੇ ਬਰਬਾਦੀ-ਏ-ਗੁਲਸ਼ਨ ਕੇ ਗੁਲਚੀਂ ਕੋ
ਜਬ ਅਪਨੀ ਹੀ ਜ਼ਮੀਂ ਹੋਗੀ ਔਰ ਅਪਨਾ ਆਸਮਾਂ ਹੋਗਾ
ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪਰ ਮਿਟਨੇ ਵਾਲੋਂ ਕਾ ਯਹੀ ਨਾਮੋਨਿਸ਼ਾਂ ਹੋਗਾ।
ਪਿਆਮ-ਏ-ਜੰਗ ਦੇ ਸੰਪਾਦਕ ਨਰਾਇਣ ਸਿੰਘ ‘ਮੁਸਾਫਿਰ’ ਨੇ ਨਜ਼ਮ ਦੀ ਵਾਕਫ਼ੀਅਤ ਵਜੋਂ ਇਹ ਵੀ ਲਿਖਿਆ ਕਿ ਕਾਮਰੇਡ ਪ੍ਰੇਮ ਦੱਤ ਇਸ ਨੂੰ ਆਪਣੀ ਸਿੱਧੀ ਆਵਾਜ਼ ਵਿੱਚ ਮੁਕੱਦਮੇ ਦੀ ਕਰਵਾਈ ਦੌਰਾਨ ਬੋਲਿਆ ਕਰਦੇ ਸਨ ਅਤੇ ਪਿੱਛੋਂ ਸਾਰੇ ਸਾਥੀ ਮਿਲ ਕੇ ਗਾਉਂਦੇ ਸਨ।
ਇਹ ਨਜ਼ਮ ਕਾਕੋਰੀ ਕੇਸ ਦੇ ਸਾਥੀ ਵੀ ਅਦਾਲਤ ਨੂੰ ਆਉਂਦੇ ਜਾਂਦੇ ਰਸਤੇ ਵਿੱਚ ਗਾਇਆ ਕਰਦੇ ਸਨ। ਰਾਹਾਂ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰਦੇ ਲੋਕ ਵੀ ਉਨ੍ਹਾਂ ਨਾਲ ਮਿਲ ਕੇ ਗਾਉਂਦੇ ਅਤੇ ਲਖਨਊ ਦੇ ਬਾਜ਼ਾਰਾਂ ਦੀ ਹਵਾ ਰਾਸ਼ਟਰ ਪ੍ਰੇਮ ਨਾਲ ਰਮ ਜਾਂਦੀ। ਉਨ੍ਹਾਂ ਵੱਲੋਂ ਗਾਈ ਜਾਂਦੀ ਇਸ ਨਜ਼ਮ ਦੀ ਸਮਕਾਲੀ ਸਮਾਚਾਰ ਪੱਤਰਾਂ ਤੋਂ ਦੱਸ ਪੈਂਦੀ ਹੈ।
ਅਮਰਨਾਥ ਸ਼ਰਮਾ ਅਤੇ ਮਧੂ ਬਾਲਾ ਜੋਸ਼ੀ ਦੀ 1955 ਵਿੱਚ ਛਪੀ ਪੁਸਤਕ ‘ਬਾਜਾਨਾਮਾ’ ਇਕ ਅਹਿਮ ਖੁਲਾਸਾ ਕਰਦੀ ਹੈ ਕਿ ਅੰਮ੍ਰਿਤਸਰ ਤੋਂ ਲੈ ਕੇ ਅਲਾਹਾਬਾਦ ਤਕ ਬਹੁਤ ਸਾਰੀਆਂ ਤਵਾਇਫ਼ਾਂ ਨੇ ਆਪਣੇ ਗਾਉਣ ਵਿੱਚ ਦੇਸ਼ਭਗਤੀ ਅਤੇ ਰਾਸ਼ਟਰਵਾਦ ਦੇ ਗੀਤ ਤੇ ਨਜ਼ਮਾਂ ਸ਼ਾਮਿਲ ਕਰ ਲਈਆਂ ਸਨ ਅਤੇ ਅਕਸਰ ਆਪਣਾ ਪ੍ਰੋਗਰਾਮ ਅਜਿਹੇ ਹੀ ਕਿਸੇ ਗੀਤ ਤੋਂ ਸ਼ੁਰੂ ਕਰਦੀਆਂ ਸਨ। ਹੁਸਨ ਜਾਨ ਬਨਾਰਸ ਦੀ ਤਵਾਇਫ਼ ਸਭਾ ਦੀ ਪ੍ਰਧਾਨ ਬਣੀ। ਉਹ ਖ਼ੁਦ ਵੀ ਆਪਣੇ ਪ੍ਰੋਗਰਾਮ ਦੇਸ਼ਭਗਤੀ ਦੇ ਗੀਤਾਂ ਤੋਂ ਸ਼ੁਰੂ ਕਰਦੀ ਸੀ ਅਤੇ ਸਭਾ ਦੇ ਸਾਰੇ ਮੈਂਬਰਾਂ ਨੂੰ ਵੀ ਅਜਿਹਾ ਕਰਨ ਨੂੰ ਕਹਿੰਦੀ ਸੀ। ਰਾਸ਼ਟਰਵਾਦ ਦੇ ਗੀਤਾਂ ਲਈ ਉਹ ਬਨਾਰਸ ਦੀ ਵਿਦਯਾਧਾਰੀ ਬਾਈ ਤਕ ਪਹੁੰਚ ਕਰਦੀ ਸੀ ਜਿਹੜੀ ਖ਼ੁਦ ਵੀ ਬਹੁਤ ਚੰਗਾ ਗਾਉਂਦੀ ਸੀ। ਜਿਸ ਦੀ ਪ੍ਰਸਿੱਧ ਨਜ਼ਮ:
ਭਾਰਤ ਨਾ ਰਹਿ ਸਕੇਗਾ ਹਰਗਿਜ਼ ਗ਼ੁਲਾਮਖ਼ਾਨਾ,
ਆਜ਼ਾਦ ਹੋਗਾ-ਹੋਗਾ ਆਇਆ ਹੈ, ਵੋਹ ਜ਼ਮਾਨਾ
ਪਰਵਾਹ ਅਬ ਕਿਸੇ ਹੈ ਇਸ ਜੇਲ ਔਰ ਦਮਨ ਕੀ,
ਇਕ ਖੇਲ ਹੋ ਰਹਾ ਹੈ, ਫਾਸੀ ਪੇ ਝੂਲ ਜਾਨਾ
ਭਾਰਤ ਵਤਨ ਹਮਾਰਾ ਭਾਰਤ ਕੇ ਹਮ ਹੈਂ ਬੱਚੇ,
ਮਾਤਾ ਕੇ ਵਾਸਤੇ ਹੈ, ਮਨਜ਼ੂਰ ਸਰ ਕਟਾਨਾ
ਵਿਦਯਾਧਾਰੀ ਬਾਈ ਬਾਰੇ ਹਵਾਲਾ ਇੰਨਾ ਹੀ ਹੈ ਕਿ ਗੀਤ ਉਸ ਕੋਲੋਂ ਆਇਆ। ਉਹ ਇਸ ਗੀਤ ਦੀ ਲੇਖਕ ਸੀ ਜਾਂ ਸੰਗ੍ਰਿਹਕਰਤਾ ਇਸ ਬਾਰੇ ਨਹੀਂ ਕਿਹਾ ਜਾ ਸਕਦਾ। ਕੋਸ਼ਿਸ਼ ਕਰਨ ’ਤੇ ਨਜ਼ਮ ਦੀਆਂ ਹੋਰ ਵੰਨਗੀਆਂ ਵੀ ਲੱਭ ਸਕਦੀਆਂ ਹਨ ਪਰ ਜ਼ਿਆਦਾਤਰ ਥਾਵਾਂ ’ਤੇ ਮੁਖੜਾ ਹੀ ਦਰਜ ਮਿਲਦਾ ਹੈ।
‘ਲੈਨਿਨ ਡੇ’ ਵਾਂਗ ਭਗਤ ਸਿੰਘ ਹੋਰੀਂ ਪਹਿਲਾਂ ‘ਕਾਕੋਰੀ ਡੇ’ 21 ਦਸੰਬਰ 1929 ਨੂੰ ਵੀ ਲਾਲ ਸਕਾਰਫ ਪਹਿਨ ਕੇ ਅਦਾਲਤ ਵਿੱਚ ਆਏ ਸਨ ਅਤੇ ਕਾਕੋਰੀ ਕੇਸ ਦੇ ਸਾਥੀਆਂ ਲਈ ਤਾਰ ਭੇਜੀ ਸੀ। ਇਸ ਮੌਕੇ ਉਨ੍ਹਾਂ ਨੇ ਕਾਕੋਰੀ ਗੀਤ ਗਾਇਆ ਸੀ ਜਿਹੜਾ ਉਹ ਅਕਸਰ ਗਾਉਂਦੇ ਸਨ। ਪਰ ਇਹ ਗੀਤ ਕਿਹੜਾ ਸੀ ਇਸ ਦੀ ਪਛਾਣ ਨਹੀਂ ਹੈ। ਇਹ ਗੀਤ ਕਾਕੋਰੀ ਦੇ ਵੀਰਾਂ ਦੇ ਗਾਇਆਂ ਗੀਤਾਂ ਵਿੱਚੋਂ ਕੋਈ ਸੀ ਜਾਂ ਕਾਕੋਰੀ ਦੇ ਵੀਰਾਂ ਦੇ ਬਾਰੇ ਸੀ ਇਸ ਦਾ ਵੇਰਵਾ ਨਹੀਂ ਹੈ। ਜ਼ਿਆਦਾ ਸੰਭਾਵਨਾ ‘ਸਰਫਰੋਸ਼ੀ ਕੀ ਤਮੰਨਾ’ ਗ਼ਜ਼ਲ ਨੂੰ ਹੀ ਇਹ ਦਰਜਾ ਮਿਲਿਆ ਹੋ ਸਕਦਾ ਹੈ।
ਦਿੱਲੀ ਦੀ ਜ਼ਿਲ੍ਹਾ ਜੇਲ੍ਹ, ਲਾਹੌਰ ਦੀ ਜੇਲ੍ਹ ਅਤੇ ਫਾਂਸੀ ਘਰ ਦੇ ਟੁੱਟਣ ਵਾਂਗ ਜਦੋਂ ਲਖਨਊ ਦੀ ਜ਼ਿਲ੍ਹਾ ਜੇਲ੍ਹ ਟੁੱਟਣ ਲੱਗੀ ਤਾਂ ਉੱਥੇ ਵੀ ਕਾਫ਼ੀ ਵਿਰੋਧ ਹੋਇਆ ਤੇ ਇਸ ਨਾਲ ਜੁੜੀ ਵਿਰਾਸਤ ਨੂੰ ਸੰਭਾਲਣ ਉੱਤੇ ਜ਼ੋਰ ਦਿੱਤਾ ਗਿਆ। ਲਖਨਊ ਦੀ ਪੱਤਰਕਾਰ ਤਰੰਨੁਮ ਮੰਜੁਲ ਨੇ 12 ਜੁਲਾਈ 2009 ਦੇ ਇੰਡੀਅਨ ਐਕਸਪ੍ਰੈਸ ਵਿੱਚ ਜੇਲ੍ਹ ਦੀ 11 ਨੰਬਰ ਬੈਰਕ ਦੀ ਕਹਾਣੀ ਦੁਹਰਾਈ ਸੀ ਜਿੱਥੇ ਕਾਕੋਰੀ ਕੇਸ ਦੇ ਸਾਰੇ ਸਾਥੀ ਇਕੱਠੇ ਹੁੰਦੇ ਸਨ। ਰਾਮ ਕ੍ਰਿਸ਼ਨ ਖੱਤਰੀ ਦੀ ਪੁਸਤਕ ਦੇ ਹਵਾਲੇ ਨਾਲ ਉਹ ਕਹਿੰਦੀ ਹੈ ਕਿ ‘‘ਅਸੀਂ ਸਾਰੇ ਇਕੱਠੇ ਬਹਿ ਕੇ ਗੀਤ ਗਾਉਂਦੇ ਸਾਂ ਜੋ ਜੇਲ੍ਹ ਵਿੱਚ ਬੰਦ ਦੂਸਰੇ ਕੈਦੀਆਂ ਵਿੱਚ ਵੀ ਦੇਸ਼ਭਗਤੀ ਦੀ ਭਾਵਨਾ ਭਰ ਦਿੰਦੇ ਸਨ। ਅਸੀਂ ਜਦ ਵੀ ਅਦਾਲਤ ਨੂੰ ਜਾਂਦੇ ਸੀ ਅਸੀਂ ਸਾਰੇ ਰਸਤੇ ਗਾਉਂਦੇ ਜਾਂਦੇ ਸੀ।’’
ਮਨਮਥਨਾਥ ਗੁਪਤਾ ਵੀ ਆਪਣੀਆਂ ਯਾਦਾਂ ਵਿੱਚ ਦੱਸਦਾ ਹੈ ਕਿ ਉਹ ਨਜ਼ਰੁਲ ਇਸਲਾਮ, ਰਾਬਿੰਦਰਨਾਥ ਟੈਗੋਰ ਸਮੇਤ ਬਹੁਤ ਸਾਰੇ ਕਵੀਆਂ ਦੇ ਗੀਤ ਗਾਉਂਦੇ ਸਨ। ਕਾਜ਼ੀ ਨਜ਼ਰੁਲ ਦਾ ਗੀਤ: ਸਿਖਲ ਪਰਾ ਛਲ ਅਮਾਦੇਰ, ਓ ਸਿਖਲ ਪਰਾ ਛਲ, ਓ ਸਿਖਲ ਪਰੇ ਸਿਖਲ ਤੋਦਰ ਕੋਰਬਾ ਰੇ ਬਿਕਲ (ਬੇੜੀਆਂ ਪਹਿਨਣਾ ਸਾਡੀ ਕਿਸਮਤ ਹੈ: ਪਰ ਬੇੜੀਆਂ ਪਹਿਨ ਕੇ ਅਸੀਂ ਇਨ੍ਹਾਂ ਨੂੰ ਅਸਰਹੀਣ ਬਣਾ ਦੇਵਾਂਗੇ।) ਪੰਜਾਬੀ ਵਿੱਚ ਆਮ ਤੌਰ ’ਤੇ ‘ਜੋ ਲੜੇ ਦੀਨ ਕੇ ਹੇਤ, ਸੂਰਾ ਸੋਈ ਸੂਰਾ ਸੋਈ’ ਗਾਉਂਦੇ ਸਨ। ਮਨਮਥਨਾਥ ਗੁਪਤਾ ਦੱਸਦਾ ਹੈ ਕਿ ਉਨ੍ਹਾਂ ਨੇ ‘ਭਾਰਤੀ ਪ੍ਰਜਾਤੰਤਰ ਕੀ ਜੈ’ ਦਾ ਨਾਅਰਾ ਲਗਾਉਣਾ ਸ਼ੁਰੂ ਕੀਤਾ ਸੀ। ਉਸ ਸਮੇਂ ਉਹ ‘‘ਜੈ’’ ਬੋਲਦੇ ਸਨ। ‘ਜ਼ਿੰਦਾਬਾਦ’ ਬਾਅਦ ਵਿੱਚ ਭਗਤ ਸਿੰਘ ਨੇ ਪ੍ਰਚਲਿਤ ਕੀਤਾ ਸੀ। ਸਭ ਤੋਂ ਜ਼ਿਆਦਾ ਉਹ ‘ਸਰਫਰੋਸ਼ੀ ਕੀ ਤਮੰਨਾ’ ਹੀ ਗਾਉਂਦੇ ਸਨ।
ਰਾਮਕ੍ਰਿਸ਼ਨ ਖੱਤਰੀ ਜਾਂ ਮਨਮਥਨਾਥ ਗੁਪਤਾ ਦੀਆਂ ਯਾਦਾਂ ਜਾਂ ਰਾਮ ਪ੍ਰਸਾਦ ਬਿਸਮਿਲ ਦੀ ਸਵੈ-ਜੀਵਨੀ ਵਿੱਚ ਕਿਤੇ ਵੀ ‘ਰੰਗ ਦੇ ਬਸੰਤੀ ਚੋਲਾ’ ਦੇ ਲਿਖੇ ਜਾਂ ਗਾਏ ਜਾਣ ਦਾ ਜ਼ਿਕਰ ਨਹੀਂ ਮਿਲਦਾ। ਭਾਰਤ ਦੇ ਪ੍ਰਸਿੱਧ ਇਤਿਹਾਸਕਾਰ ਸ੍ਰੀ ਬਿਪਿਨ ਚੰਦਰ ਆਪਣੀ ਸਾਂਝੀ ਪੁਸਤਕ ‘ਇੰਡੀਆ: ਏ ਸਟਰਗਲ ਫਾਰ ਇੰਡੀਪੈਂਡੈਂਸ’ (1857-1947) ਵਿੱਚ ਕਹਿੰਦੇ ਹਨ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ‘ਰੰਗ ਦੇ ਬਸੰਤੀ ਚੋਲਾ’ ਗੀਤ ਗਾਉਂਦੇ ਸਨ। ਪਰ ਉਨ੍ਹਾਂ ਇਸ ਲਈ ਕੋਈ ਸਰੋਤ ਜਾਂ ਹਵਾਲਾ ਦਰਜ ਨਹੀਂ ਕੀਤਾ। ਇੰਝ ਹੀ ਹਰ ਵਰ੍ਹੇ ਲਖਨਊ ਤੋਂ ਛਪਣ ਵਾਲੇ ਅਖ਼ਬਾਰੀ ਲੇਖ ਦੱਸਦੇ ਹਨ ਕਿ ਰਾਮਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਂ, ਠਾਕੁਰ ਰੌਸ਼ਨ ਸਿੰਘ, ਸ਼ਚਿੰਦਰਨਾਥ ਬਖਸ਼ੀ, ਰਾਮ ਕ੍ਰਿਸ਼ਨ ਖੱਤਰੀ ਅਤੇ ਉਨ੍ਹਾਂ ਦੇ 14 ਹੋਰ ਸਾਥੀਆਂ ਨੇ 11 ਨੰਬਰ ਬੈਰਕ ਵਿੱਚ ਬਹਿ ਕੇ ਇਸ ਗੀਤ ਦੀ ਰਚਨਾ ਕੀਤੀ। ਪਰ ਅੱਜ ਤਕ ਕਿਸੇ ਵੀ ਲੇਖ ਵਿੱਚ ਕੋਈ ਵੀ ਹਵਾਲਾ ਦਰਜ ਨਹੀਂ ਹੈ। ਸਿਰਫ਼ ਦੰਦਕਥਾ ਰੂਪ ਵਿੱਚ ਇਹ ਹਵਾਲਾ ਪਿਛਲੇ ਕਈ ਦਹਾਕਿਆਂ ਤੋਂ ਇੰਝ ਹੀ ਤੁਰਿਆ ਆਉਂਦਾ ਹੈ।
ਫਿਰ ਇਹ ਗੀਤ ਕਿੱਥੋਂ ਅਤੇ ਕਦੋਂ ਆਇਆ?
ਇਹ ਸਵਾਲ ਦਾ ਉੱਤਰ ਸਾਨੂੰ 1 ਫਰਵਰੀ 1926 ਦਾ ਕਾਨਪੁਰ ਤੋਂ ਛਪਣ ਵਾਲਾ ਅਖ਼ਬਾਰ ਪ੍ਰਤਾਪ ਦਿੰਦਾ ਹੈ ਜਿਸ ਦੇ ਸੰਪਾਦਕ ਪ੍ਰਸਿੱਧ ਦੇਸ਼ ਭਗਤ ਗਣੇਸ਼ਸ਼ੰਕਰ ਵਿਦਿਆਰਥੀ ਸਨ ਅਤੇ ਜਿੱਥੇ ਭਗਤ ਸਿੰਘ ਨੇ ਘਰ ਤੋਂ ਭੱਜ ਕੇ ਕੁਝ ਸਮਾਂ ਸਹਾਇਕ ਦੇ ਤੌਰ ’ਤੇ ਕੰਮ ਕੀਤਾ ਸੀ। ਪ੍ਰਤਾਪ ਦੇ ਪਹਿਲੇ ਪੰਨੇ ’ਤੇ ਪਹਿਲੀ ਮੁੱਖ ਖ਼ਬਰ ਹੈ:
‘‘ਕਾਕੋਰੀ ਰੇਲ-ਡਕੈਤੀ ਦਾ ਮਾਮਲਾ!
ਦੋਸ਼ੀਆਂ ਦਾ ਬਸੰਤ-ਰਾਗ!!
ਦੋ ਦੋਸ਼ੀ ਹੋਰ ਬਰੀ ਹੋਏ’’
‘‘ਲਖਨਊ ਵਿੱਚ ਕਾਕੋਰੀ ਰੇਲ ਡਕੈਤੀ ਦੇ ਦੋਸ਼ੀ ਜੇਲ੍ਹ ਤੋਂ ਅਦਾਲਤ ਤਕ ਜਾਂਦੇ ਹੋਏ ਗਾਉਂਦੇ ਹੋਏ ਜਾਂਦੇ
ਹਨ। ਮੁੜਦੇ ਹੋਏ ਵੀ ਉਨ੍ਹਾਂ ਦਾ ਮਧੁਰ ਰਾਗ ਸ਼ੁਰੂ ਹੋ ਜਾਂਦਾ ਹੈ। ਅੱਜ ਉਹ ਸਾਰੇ ਦੋਸ਼ੀ ਬਸੰਤੀ ਟੋਪੀ ਪਹਿਨੀ, ਬਸੰਤ ਦੀ ਖ਼ੁਸ਼ੀ ਵਿੱਚ, ਬਸੰਤੀ ਰਾਗ ਗਾਉਂਦੇ ਹੋਏ ਅਦਾਲਤ ਨੂੰ ਜਾ ਰਹੇ ਸਨ। ਸੈਂਕੜੇ ਦਰਸ਼ਕ ਉਨ੍ਹਾਂ ਦਾ ਮਸਤਾਨਾ ਰਾਗ ਸੁਣਨ ਲਈ ਸੜਕ ’ਤੇ ਇਕੱਠੇ ਹੋ ਗਏ ਸਨ। ਉਨ੍ਹਾਂ ਨੇ ਗਾਇਆ:
ਮੇਰਾ ਰੰਗ ਦੇ ਬਸੰਤੀ ਚੋਲਾ,
ਇਸੀ ਰੰਗ ਮੇਂ ਰੰਗ ਕਰ ਸ਼ਿਵਾ ਨੇ ਮਾਂ ਕਾ ਬੰਧਨ ਖੋਲਾ।
ਯਹੀ ਰੰਗ ਹਲਦੀ ਘਾਟੀ ਮੇਂ ਖੁਲ ਕਰ ਕੇ ਥਾ ਖੇਲਾ
ਨਵ ਬਸੰਤ ਮੇ ਭਾਰਤ ਕੇ ਹਿਤ ਵੀਰੋ, ਹੈ ਯਹ ਮੇਲਾ।
ਮੇਰਾ ਰੰਗ ਦੇ ਬਸੰਤੀ ਚੋਲਾ।
ਇੱਕ ਦੂਸਰੇ ਦਿਨ ਅਦਾਲਤ ਜਾਂਦੇ ਹੋਏ ਸ੍ਰੀ ਰਾਮਦੁਲਾਰੇ ਤ੍ਰਿਵੇਦੀ ‘ਭਾਰਤ ਨ ਰਹਿ ਸਕੇਗਾ, ਹਰਗਿਜ਼ ਗ਼ੁਲਾਮਖ਼ਾਨਾ’ ਨਾਂ ਦਾ ਗੀਤ ਗਾ ਰਹੇ ਸਨ। ਨਾਲ ਨਾਲ ਹੋਰ ਲੋਕ ਵੀ ਗਾਉਂਦੇ ਜਾਂਦੇ ਸਨ। ਕਚਹਿਰੀ ਤੋਂ ਮੁੜਦੇ ਹੋਏ ਰਾਮ ਪ੍ਰਸਾਦ ਬਿਸਮਿਲ ਨੇ ਆਪਣੇ ਹੋਰ ਸਾਥੀਆਂ ਨਾਲ ਮੌਲਾਨਾ ਹਸਰਤ ਦਰਅਸਲ (ਬਿਸਮਿਲ ਅਜ਼ੀਮਾਬਾਦੀ) ਦੀ ਗ਼ਜ਼ਲ ‘ਸਰਫ਼ਰੋਸ਼ੀ ਕੀ ਤਮੰਨਾ’ ਗਾਈ।’’
ਕਾਕੋਰੀ ਕੇਸ ਵਿੱਚ ਦੇਸ਼ ਭਗਤਾਂ ਨੇ ਸੜਕ ਨੂੰ ਆਪਣਾ ਰਾਜਨੀਤਕ ਥੀਏਟਰ ਬਣਾ ਲਿਆ ਸੀ। ਇਸ ਕੇਸ ਦੀ ਕਾਰਵਾਈ ਦੀ ਦੇਸ਼ ਭਰ ਵਿੱਚ ਕਾਫ਼ੀ ਰਿਪੋਰਟਿੰਗ ਹੋਈ। ਦੇਸ਼ਭਗਤਾਂ ਨੇ ਜੇਲ੍ਹ ਤੋਂ ਅਦਾਲਤ ਜਾਣ ਅਤੇ ਜੇਲ੍ਹ ਮੁੜਨ ਦੀ ਯਾਤਰਾ ਨੂੰ ਪੂਰੀ ਸ਼ਿੱਦਤ ਨਾਲ ਵਰਤਿਆ ਅਤੇ ਸ਼ਹਿਰ ਨੂੰ ਆਪਣੇ ਨਾਲ ਜੋੜ ਲਿਆ। ਕਹਿੰਦੇ ਹਨ ਕਿ ਲੋਕ ਉਨ੍ਹਾਂ ਦੇ ਅਦਾਲਤ ਜਾਣ ਦੇ ਸਮੇਂ ਤੋਂ ਕਾਫ਼ੀ ਪਹਿਲਾਂ ਉਸ ਸੜਕ ’ਤੇ ਇਕੱਤਰ ਹੋਣਾ ਸ਼ੁਰੂ ਕਰ ਦਿੰਦੇ ਸਨ ਪਰ ਸਾਮਰਾਜੀ ਸਰਕਾਰ ਇਸ ਨੂੰ ਕਿੰਨਾ ਸਮਾਂ ਬਰਦਾਸ਼ਤ ਕਰ ਸਕਦੀ ਸੀ।
ਭਗਤ ਸਿੰਘ ਅਤੇ ਦੱਤ ਦਾ ਅਸੈਂਬਲੀ ਬੰਬ ਦਾ ਮੁਕੱਦਮਾ ਚਲਾਉਣ ਲਈ ਜੇਲ੍ਹ ਦੇ ਵਾਰਡ ਅਤੇ ਜੇਲ੍ਹਰ ਦੇ ਕਮਰੇ ਵਿੱਚ ਹੀ ਅਦਾਲਤ ਬਣਾਈ ਗਈ ਸੀ ਤਾਂ ਜੋ ਦੋਵਾਂ ਨੂੰ ਸੜਕ ’ਤੇ ਲਿਆਉਣ ਨਾ ਪਵੇ। ਲਾਹੌਰ ਸਾਜ਼ਿਸ਼ ਕੇਸ ਵਿੱਚ ਵੀ ਅਦਾਲਤ ਸੈਂਟਰਲ ਜੇਲ੍ਹ ਵਿੱਚ ਹੀ ਬਣਾਈ ਗਈ ਸੀ ਜਿੱਥੇ ਭਗਤ ਸਿੰਘ ਅਤੇ ਦੱਤ ਬੰਦ ਸਨ। ਬਾਕੀ ਸਾਥੀਆਂ ਨੂੰ ਨਾਲ ਦੀ ਬੋਰਸਟਲ ਜੇਲ੍ਹ ਤੋਂ ਲਿਆਉਣਾ ਪੈਂਦਾ ਸੀ ਜਿਹੜੀ ਉਸ ਜੇਲ੍ਹ ਕੰਪਲੈਕਸ ਦਾ ਹੀ ਹਿੱਸਾ ਸੀ। ਸਿਰਫ਼ ਟ੍ਰਿਬਿਊਨਲ ਵੇਲੇ ਅਦਾਲਤ ਕੁਝ ਫਾਸਲੇ ’ਤੇ ਪੁੰਛ ਹਾਊਸ ਵਿੱਚ ਬਣੀ ਕਿਉਂਕਿ ਹਾਈ ਕੋਰਟ ਦੇ ਜੱਜ ਜੋ ਟ੍ਰਿਬਿਊਨਲ ਦੇ ਮੈਂਬਰ ਸਨ ਉਹ ਜੇਲ੍ਹ ਵਿੱਚ ਬਣੀ ਅਦਾਲਤ ਵਿੱਚ ਆਉਣ ਲਈ ਤਿਆਰ ਨਹੀਂ ਸਨ। ਭਗਤ ਸਿੰਘ ਹੁਰਾਂ ਨੂੰ ਸੜਕ ਨਾ ਮਿਲੀ ਪਰ ਉਨ੍ਹਾਂ ਗਾਉਣ ਦੀ ਪਰੰਪਰਾ ਨਾ ਟੁੱਟਣ ਦਿੱਤੀ ਅਤੇ ਗਾਉਣ ਦਾ ਇਹ ਸਿਲਸਿਲਾ ਅਦਾਲਤ ਵਿੱਚ ਜਾਰੀ ਰੱਖਿਆ।
‘ਰੰਗ ਦੇ ਬਸੰਤੀ’ ਬਸੰਤ ਦੀ ਆਮਦ ਦਾ ਜਸ਼ਨੀ ਗੀਤ ਸੀ, ਜਿੱਤ ਦੀ ਹੁੰਕਾਰ ਸੀ ਅਤੇ ਦੁਸ਼ਮਣ ਵਿਰੁੱਧ ਯੁੱਧ ਦਾ ਨਾਦ ਸੀ।
ਇਸ ਨੂੰ ਕਦੋਂ ਅਤੇ ਕਿਸ ਨੇ ਲਿਖਿਆ ਇਹ ਸ਼ਾਇਦ ਪੱਕੇ ਤੌਰ ’ਤੇ ਨਹੀਂ ਕਿਹਾ ਜਾ ਸਕਦਾ, ਪਰ ਇਹ ਨਿਸ਼ਚਿਤ ਤੌਰ ’ਤੇ ਰਾਮ ਪ੍ਰਸਾਦ ਬਿਸਮਿਲ ਤੇ ਉਨ੍ਹਾਂ ਦੇ ਸਾਥੀਆਂ ਦੀ ਆਪਣੇ ਦੇਸ਼ ਅਤੇ ਸਾਥੀਆਂ ਨੂੰ ਦਿਲਕਸ਼ ਭੇਟ ਸੀ। ਲਿਖਣ ਸਮੇਂ ਇਹ ਗੀਤ ਸ਼ਾਇਦ ਇੱਕ ਬੰਦ ਦਾ ਹੀ ਰਿਹਾ ਹੋਵੇਗਾ ਅਤੇ ਜਿਵੇਂ ਕਿ ਇਸ ਦੀਆਂ ਪ੍ਰਾਪਤ ਵੰਨਗੀਆਂ ਤੋਂ ਮਹਿਸੂਸ ਹੁੰਦਾ ਹੈ ਇਸ ਦਾ ਕੇਂਦਰ ਵੀ ਉਸ ਸਮੇਂ ਉੱਤਰ ਪ੍ਰਦੇਸ਼ ਹੀ ਰਿਹਾ ਹੋਵੇਗਾ ਜਿਸ ਵਿੱਚ 1930 ਤਕ ਭਗਤ ਸਿੰਘ, ਦੱਤ ਦੇ ਕਾਰਨਾਮੇ ਅਤੇ ਹੋਰ ਬੰਦ ਜੁੜ ਚੁੱਕੇ ਸਨ ਜਿਹੜੇ 1931 ਵਿੱਚ ‘ਅਭਯੁਦਯ’ ਵਿੱਚ ਛਪੀਆਂ ਵੰਨਗੀਆਂ ਤੋਂ ਦਿਖਾਈ ਦਿੰਦੇ ਹਨ। ਦਰਅਸਲ ਭਗਤ ਸਿੰਘ ਦੀ ਸ਼ਹਾਦਤ ਨੇ ਇਸ ਗੀਤ ਵਿੱਚ ਨਵੀਂ ਜਾਨ ਪਾ ਦਿੱਤੀ ਕਿਉਂਕਿ ਇਹ ਉਸ ਦੇ ਕਿਰਦਾਰ ’ਤੇ ਉਸ ਦੇ ਕਾਕੋਰੀ ਦੇ ਸਾਥੀਆਂ ਵਾਂਗ ਪੂਰਾ ਢੁਕਦਾ ਸੀ ਅਤੇ ਇਸ ਗੀਤ ਵਿੱਚ ਹੌਲੀ ਹੌਲੀ ਸ਼ਹਾਦਤ ਦੇ ਦੋਵੇਂ ਕਾਂਡ ਮਿਲ ਕੇ ਇੱਕ ਹੋ ਗਏ। ਬਿਸਮਿਲ ਤੇ ਭਗਤ ਸਿੰਘ ਅਭੇਦ ਹੋ ਗਏ।