ਸੂਬਾ ਪੰਜਾਬ ਦੇ 34 ਜ਼ਿਲ੍ਹਿਆਂ ਵਿਚ ਕਾਲਜ ਅੱਜ (ਸੋਮਵਾਰ) ਤੋਂ ਖੁੱਲ੍ਹ ਜਾਣਗੇ। ਸੂਬਾਈ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਲਏ ਫ਼ੈਸਲੇ ਮੁਤਾਬਿਕ ਸੂਬੇ ਦੇ ਸਿਰਫ਼ ਦੋ ਜ਼ਿਲ੍ਹਿਆਂ- ਖ਼ਾਨੇਵਾਲ ਤੇ ਰਹੀਮ ਯਾਰ ਖ਼ਾਨ ਵਿਚ ਕਾਲਜ ਅਜੇ ਬੰਦ ਰੱਖੇ ਜਾਣਗੇ। ਬਾਕੀ 34 ਜ਼ਿਲ੍ਹਿਆਂ ਵਿਚ ਕਾਲਜਾਂ ਨੂੰ ‘ਕੋਵਿਡ-19’ ਸਬੰਧੀ ਬੰਦਸ਼ਾਂ ਤੇ ਮਿਆਰਾਂ ਦੀ ਪਾਲਣਾ ਵੱਲ ਉਚੇਚਾ ਧਿਆਨ ਦੇਣ ਦੀ ਹਦਾਇਤ ਕੀਤੀ ਗਈ ਹੈ। ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਉਪਰੋਕਤ ਨਿਰਣਾ ਸੂਬੇ ਵਿਚ ਕੋਵਿਡ-19 ਦੇ ਪਸਾਰੇ ਦੀ ਸਥਿਤੀ ਕਾਬੂ ਹੇਠ ਆ ਜਾਣ ਸਦਕਾ ਸੰਭਵ ਹੋਇਆ ਹੈ। ਵਿਭਾਗ ਵੱਲੋਂ ਮੈਟਰਿਕ (10ਵੀਂ) ਅਤੇ ਇੰਟਰ (+2) ਦੇ ਸਾਲਾਨਾ ਇਮਤਿਹਾਨ ਲੈਣ ਸਬੰਧੀ ਫ਼ੈਸਲਾ ਵੀ ਇਸੇ ਹਫ਼ਤੇ ਦੌਰਾਨ ਲੈ ਲਿਆ ਜਾਵੇਗਾ।
ਇਸੇ ਦੌਰਾਨ ਪੰਜਾਬ ਦੀ ਸਿਹਤ ਮੰਤਰੀ ਡਾ. ਯਾਸਮੀਨ ਰਸ਼ੀਦ ਨੇ ਉਮੀਦ ਜਤਾਈ ਹੈ ਕਿ ਸੂਬੇ ਵਿਚ ‘ਕੋਵਿਡ-19’ ਸਬੰਧੀ ਸਥਿਤੀ ਅਗਲੇ 10 ਦਿਨਾਂ ਦੌਰਾਨ ਬਹੁਤ ਵੱਡੀ ਹੱਦ ਤਕ ਸੁਧਰ ਜਾਵੇਗੀ। ਅਖ਼ਬਾਰ ‘ਡੇਲੀ ਐਕਸਪ੍ਰੈਸ’ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ ਡਾ. ਰਸ਼ੀਦ ਨੇ ਕਿਹਾ ਕਿ 23 ਤੋਂ 29 ਜੂਨ ਤਕ ਦੇ ਹਫ਼ਤੇ ਦੌਰਾਨ ਸੂਬੇ ਵਿਚ ਕੋਵਿਡ ਕੇਸ ਪੰਜ ਫ਼ੀਸਦੀ ਘਟੇ। ਸਭ ਤੋਂ ਵੱਧ 7.5 ਫ਼ੀਸਦੀ ਕਮੀ ਸਾਹੀਵਾਲ ਡਿਵੀਜ਼ਨ ਵਿਚ ਸਾਹਮਣੇ ਆਈ। ਲਾਹੌਰ ਡਿਵੀਜ਼ਨ ਵਿਚ ਇਹ ਕਮੀ 7.00 ਫ਼ੀਸਦੀ ਦੇ ਆਸ-ਪਾਸ ਰਹੀ। ਸਿਰਫ਼ ਤਿੰਨ ਜ਼ਿਲ੍ਹਿਆਂ ਵਿਚ ਟੈਸਟਾਂ ਰਾਹੀਂ ਮਰੀਜ਼ ਨਿਕਲਣ ਵਾਲਿਆਂ ਦੀ ਦਰ (ਪਾਜ਼ੇਟਿਵਟੀ ਰੇਟ) 5.00 ਫ਼ੀਸਦੀ ਤੋਂ ਵੱਧ ਰਹੀ। ਇਹ ਜ਼ਿਲ੍ਹੇ ਹਨ: ਮੁਲਤਾਨ, ਰਹੀਮ ਯਾਰ ਖ਼ਾਨ ਅਤੇ ਖ਼ਾਨੇਵਾਲ। ਡਾ. ਰਸ਼ੀਦ ਨੇ ਲਾਹੌਰ ਮਹਾਂਨਗਰ ਦੀ ਸਥਿਤੀ ਵਿਚ ਸੁਧਾਰ ਉੱਤੇ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਲਾਹੌਰ ਵਿਚ ਪਾਜ਼ੇਟਿਵਟੀ ਰੇਟ 1.5 ਫ਼ੀਸਦੀ ’ਤੇ ਆ ਜਾਣਾ ਦਰਸਾਉਂਦਾ ਹੈ ਕਿ ਕੋਵਿਡ ਲਹਿਰ ਹੁਣ ਮੱਠੀ ਪੈਂਦੀ ਜਾ ਰਹੀ ਹੈ।
ਫ਼ਵਾਦ ਤੇ ਵਿਵਾਦ
ਫੈਡਰਲ ਸਰਕਾਰ ਵਿਚ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਇਹ ਦੋਸ਼ ਰੱਦ ਕੀਤੇ ਹਨ ਕਿ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ, ਹਰ ਫੈ਼ਸਲਾ ਫੌ਼ਜ ਦੀ ਸਹਿਮਤੀ ਨਾਲ ਲੈਂਦੀ ਹੈ। ਫੌ਼ਜ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਅਜਿਹਾ ਵੱਡਾ ਫ਼ੈਸਲਾ ਨਹੀਂ ਲਿਆ ਜਾਂਦਾ ਜਿਹੜਾ ਕਾਰਜਪਾਲਿਕਾ ਦੀ ਆਜ਼ਾਦੀ ਦਾ ਸੂਚਕ ਹੋਵੇ।
ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਅਨੁਸਾਰ ਬੀ.ਬੀ.ਸੀ. ਦੇ ਪ੍ਰੋਗਰਾਮ ‘ਲਫ਼ਜ਼ੋਂ ਕੇ ਤੀਰ’ (‘ਹਾਰਡ ਟਾਕ’- ਅੰਗਰੇਜ਼ੀ ਨਾਮ) ਵਿਚ ਮੇਜ਼ਬਾਨ ਦੇ ਸਖ਼ਤ ਸਵਾਲਾਂ ਦੇ ਜਵਾਬ ਦਿੰਦਿਆਂ ਫ਼ਵਾਦ ਚੌਧਰੀ ਨੇ ਕਿਹਾ ਕਿ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਕੈਬਨਿਟ ਨੂੰ ਹਰ ਕੰਮ, ਹਰ ਫੈ਼ਸਲਾ ਲੈਣ ਦੀ ਪੂਰੀ ਆਜ਼ਾਦੀ ਹੈ, ਬਸ਼ਰਤੇ ਉਹ ਫੈ਼ਸਲਾ ਕੌਮੀ ਹਿੱਤ ਵਿਚ ਹੋਵੇ। ਇਮਰਾਨ ਖ਼ਾਨ ਦੀ ਕੋਸ਼ਿਸ਼ ਰਹੀ ਹੈ ਕਿ ਫੌ਼ਜ ਨਾਲ ਮਤਭੇਦ ਪੈਦਾ ਹੀ ਨਾ ਹੋਣ। ਉਨ੍ਹਾਂ ਦਾਅਵਾ ਕੀਤਾ ਕਿ ਵਿਚਾਰ ਪ੍ਰਗਟਾਵੇ ਦੀ ਖੁੱਲ੍ਹ ਜਿੰਨੀ ਪਾਕਿਸਤਾਨ ਵਿਚ ਹੈ, ਓਨੀ ਕਿਸੇ ਵੀ ਹੋਰ ਏਸ਼ਿਆਈ ਮੁਲਕ ਵਿਚ ਨਹੀਂ। ਇੰਜ ਹੀ ਪਾਕਿਸਤਾਨੀ ਮੀਡੀਆ ਜਿੰਨਾ ਆਜ਼ਾਦ ਹੈ, ਓਨਾ ਹੋਰ ਕਿਸੇ ਦੱਖਣ ਏਸ਼ਿਆਈ ਮੁਲਕ ਦਾ ਨਹੀਂ। ਚੌਧਰੀ ਨੇ ਦੋਸ਼ ਲਾਇਆ ਕਿ ਇਮਰਾਨ ਖ਼ਾਨ ਤੋਂ ਪਹਿਲੀਆਂ ਸਰਕਾਰਾਂ ਫੌ਼ਜ ਦੀ ਪਰਵਾਹ ਨਾ ਕਰਨ ਦਾ ਪ੍ਰਭਾਵ ਜ਼ਰੂਰ ਦਿੰਦੀਆਂ ਸਨ, ਪਰ ਅਮਲੀ ਤੌਰ ’ਤੇ ਫੌ਼ਜ ਉਪਰ ਲੋੜੋਂ ਵੱਧ ਨਿਰਭਰ ਸਨ। ਇਮਰਾਨ ਖ਼ਾਨ ਦੀ ਕੋਸ਼ਿਸ਼ ਇਹ ਰਹਿੰਦੀ ਆਈ ਹੈ ਕਿ ਕੋਈ ਵੀ ਕਦਮ ਲੈਣ ਤੋਂ ਪਹਿਲਾਂ ਇਸ ਕਦਮ ਦੇ ਅਸਰ ਹੇਠ ਆਉਣ ਵਾਲੀਆਂ ਸਾਰੀਆਂ ਧਿਰਾਂ ਨਾਲ ਰਾਬਤਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਰਾਇ ਲਈ ਜਾਵੇ। ਜਦੋਂ ਪ੍ਰੋਗਰਾਮ ਦੇ ਸੰਚਾਲਕ ਨੇ ਚੌਧਰੀ ਦਾ ਧਿਆਨ ਉੱਘੀ ਪੱਤਕਾਰ ਫ਼ਰਜ਼ਾਨਾ ਸ਼ੇਖ਼ ਦੀ ਇਸ ਟਿੱਪਣੀ ਵੱਲ ਦਿਵਾਇਆ ਕਿ ਪਿਛਲੀਆਂ ਸਰਕਾਰਾਂ ਤਾਂ ਆਜ਼ਾਦਾਨਾ ਸੋਚ ਤੇ ਕਦਮਾਂ ਦਾ ਮੁਜ਼ਾਹਰਾ ਕਰਦੀਆਂ ਸਨ ਜਦੋਂਕਿ ਇਮਰਾਨ ਖ਼ਾਨ ਸਰਕਾਰ ਤਾਂ ਫੌ਼ਜ ਅੱਗੇ ਵਿਛੀ ਪਈ ਹੈ ਤਾਂ ਚੌਧਰੀ ਦਾ ਜਵਾਬ ਸੀ: ‘‘ਸ਼ੇਖ਼ ਤੇ ਉਸ ਵਰਗੇ ਕਈ ਹੋਰ ਸੀਨੀਅਰ ਪੱਤਰਕਾਰ ਭਾਰਤੀ ਪ੍ਰਾਪੇਗੰਡੇ ਤੋਂ ਪ੍ਰਭਾਵਿਤ ਹਨ। ਆਪਣੇ ਆਪ ਨੂੰ ‘ਥਿੰਕ ਟੈਂਕ’ ਦੱਸਣ ਵਾਲੀਆਂ ਕਈ ਨੀਮ ਸਰਕਾਰੀ ਸੰਸਥਾਵਾਂ ਵੀ ਇਸੇ ਮਰਜ਼ ਦੀਆਂ ਸ਼ਿਕਾਰ ਹਨ।’’
ਇਸੇ ਦੌਰਾਨ ਪਾਕਿਸਤਾਨ ਦੇ ਕਈ ਮੀਡੀਆ ਸੰਗਠਨਾਂ ਨੇ ਫ਼ਵਾਦ ਚੌਧਰੀ ਦੇ ਕਥਨਾਂ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਚੌਧਰੀ ਦਾ ਇਕ ਵੀ ਜਵਾਬ ਸਹੀ ਨਹੀਂ ਸੀ। ਉਸ ਨੇ ‘ਹਾਰਡ ਟਾਕ’ ਦੌਰਾਨ ਪੈਰ ਪੈਰ ’ਤੇ ਝੂਠ ਬੋਲੇ।
ਮੀਡੀਆ ਕਰਮੀ ਉੱਤੇ ਹਮਲਾ
ਡਿਜੀਟਲ ਮੀਡੀਆ ਨਾਲ ਸਬੰਧਤ ਕਰਮੀ ਅਸਦ ਅਲੀ ਤੂਰ ਉੱਪਰ ਪਿਛਲੇ ਹਫ਼ਤੇ ਹੋਏ ਹਮਲੇ ਦੇ ਪ੍ਰਸੰਗ ਵਿਚ ਪਾਕਿਸਤਾਨੀ ਖੁਫ਼ੀਆ ਏਜੰਸੀ ‘ਇੰਟਰ ਸਰਵਿਸਿਜ਼ ਇੰਟੈਲੀਜੈਂਸ’ (ਆਈ.ਐੱਸ. ਆਈ.) ਨੇ ਸਪਸ਼ਟੀਕਰਨ ਜਾਰੀ ਕੀਤਾ ਹੈ ਕਿ ਹਮਲੇ ਨਾਲ ਉਸ ਦਾ ਕੋਈ ਸਬੰਧ ਨਹੀਂ। ਏਜੰਸੀ ਨੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਰਾਹੀਂ ਜਾਰੀ ਕਰਵਾਏ ਇਕ ਬਿਆਨ ਵਿਚ ਦਾਅਵਾ ਕੀਤਾ ਹੈ ਕਿ ਤੂਰ ਉੱਤੇ ਹਮਲੇ ਦੀ ਸੀਸੀਟੀਵੀ ਫੁਟੇਜ ਮੌਜੂਦ ਹੈ। ਇਸ ਫੁਟੇਜ ਤੋਂ ਹਮਲਾਵਰਾਂ ਦੀ ਸ਼ਨਾਖ਼ਤ ਹੋ ਸਕਦੀ ਹੈ। ਇਸ ਫੁਟੇਜ ਦੇ ਅਧਿਐਨ ਤੇ ਵਿਸ਼ਲੇਸ਼ਣ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਹਮਲਾਵਰ ਕੌਣ ਸਨ। ਸ਼ਨਾਖ਼ਤ ਸੰਭਵ ਬਣਾਉਣੀ ਪੁਲੀਸ ਦਾ ਕੰਮ ਹੈ। ਆਈਐੱਸਆਈ ਇਸ ਵਿਚ ਦਖ਼ਲ ਨਹੀਂ ਦੇਵੇਗੀ।
ਅੰਗਰੇਜ਼ੀ ਅਖ਼ਬਾਰ ‘ਦਿ ਸੰਡੇ ਟਾਈਮਜ਼’ ਦੀ ਰਿਪੋਰਟ ਮੁਤਾਬਿਕ ਆਈਐੱਸਆਈ ਵੱਲੋਂ ਸਪਸ਼ਟੀਕਰਨ ਜਾਰੀ ਕਰਨਾ ਅਸਾਧਾਰਨ ਘਟਨਾ ਹੈ। ਇਸ ਤੋਂ ਪਹਿਲਾਂ ਪਿਛਲੇ ਪੰਜ ਵਰ੍ਹਿਆਂ ਦੌਰਾਨ ਆਈਐੱਸਆਈ ਨੇ ਕਦੇ ਅਜਿਹਾ ਸਪਸ਼ਟੀਕਰਨ ਜਾਰੀ ਨਹੀਂ ਕੀਤਾ। ਜ਼ਾਹਿਰ ਹੈ ਕਿ ਇਸ ਹਮਲੇ ਦੇ ਪ੍ਰਸੰਗ ਵਿਚ ਹੋ ਰਹੀ ਪਾਕਿਸਤਾਨ ਦੀ ਆਲੋਚਨਾ ਨੇ ਆਈਐੱਸਆਈ ਨੂੰ ਆਪਣਾ ਪੱਖ ਸਪਸ਼ਟ ਕਰਨ ਵਾਸਤੇ ਮਜਬੂਰ ਕੀਤਾ ਹੈ।
ਤੂਰ ਉਪਰ ਹਮਲਾ ਇਸਲਾਮਾਬਾਦ ਦੇ ਸੈਕਟਰ 10 ਵਿਚਲੇ ਉਸ ਦੇ ਘਰ ਦੇ ਬਾਹਰ ਹੋਇਆ। ਉਹ ਡਿਜੀਟਲ ਲਈ ਕੰਮ ਕਰਦਾ ਹੈ ਅਤੇ ਯੂ-ਟਿਊਬ ਰਾਹੀਂ ਪ੍ਰਸਾਰਿਤ ਪ੍ਰੋਗਰਾਮਾਂ ਰਾਹੀਂ ਸਰਕਾਰੀ ਜਾਂ ਗ਼ੈਰ-ਸਰਕਾਰੀ ਅਲਗਰਜ਼ੀ ਦੇ ਮਾਮਲੇ ਵੀ ਉਠਾਉਂਦਾ ਰਹਿੰਦਾ ਹੈ। ਘਟਨਾਕ੍ਰਮ ਅਨੁਸਾਰ ਕਾਰ ’ਤੇ ਆਏ ਦੋ ਹਮਲਾਵਰਾਂ ਨੇ ਤੂਰ ਦੀ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਚੁੱਕ ਕੇ ਇਕ ਵੈਨ ਵਿਚ ਸੁੱਟ ਲਿਆ। ਇਸ ਵੈਨ ਦਾ ਲੋਕਾਂ ਵੱਲੋਂ ਪਿੱਛਾ ਕੀਤੇ ਜਾਣ ’ਤੇ ਤੂਰ ਨੂੰ ਚਲਦੀ ਵੈਨ ਤੋਂ ਬਾਹਰ ਸੁੱਟ ਦਿੱਤਾ ਗਿਆ।
ਇਹ ਮਾਮਲਾ ਫ਼ਵਾਦ ਚੌਧਰੀ ਦੇ ‘ਹਾਰਡ ਟਾਕ’ ਪ੍ਰੋਗਰਾਮ ਦੌਰਾਨ ਵੀ ਉੱਠਿਆ। ਚੌਧਰੀ ਨੇ ਜਵਾਬ ਵਿਚ ਕਿਹਾ ਕਿ ਪੁਲੀਸ ਵੱਲੋਂ ਜਾਂਚ ਜਾਰੀ ਹੈ ਅਤੇ ਛੇਤੀ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ। ਉਸ ਨੇ ਇਹ ਵੀ ਕਿਹਾ ਕਿ ਮੀਡੀਆ ਕਰਮੀਆਂ ਨਾਲ ਜੁੜੀਆਂ ਘਟਨਾਵਾਂ ਲਈ ਆਈਐੱਸਆਈ ਨੂੰ ਦੋਸ਼ੀ ਦੱਸਣਾ ਅੱ-ਕੱਲ੍ਹ ‘‘ਫੈਸ਼ਨੇਬਲ’’ ਹੋ ਗਿਆ ਹੈ।
ਭਾਰਤੀ ਵੰਨਗੀ ਵਾਲਾ ਕੇਸ
ਪਾਕਿਸਤਾਨ ਦੇ ਨੈਸ਼ਨਲ ਇੰਸਟੀਟਿਊਟ ਆਫ਼ ਹੈਲਥ (ਐਨਆਈਐੱਚ) ਨੇ ਕੋਵਿਡ-19 ਫੈਲਾਉਣ ਵਾਲੇ ਕਰੋਨਾ ਵਾਇਰਸ ਦੀ ਬੀ.ਆਈ.617.2 ਵੰਨਗੀ ਵਾਲੇ ਪਹਿਲੇ ਕੇਸ ਦੀ ਸ਼ਨਾਖ਼ਤ ਕੀਤੀ ਹੈ। ਇਸ ਵੰਨਗੀ ਨੂੰ ਭਾਰਤੀ ਵੰਨਗੀ ਵੀ ਕਿਹਾ ਜਾਂਦਾ ਹੈ। ‘ਡਾਅਨ’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਹ ਵੰਨਗੀ ਥਾਈਲੈਂਡ ਨਾਲ ਸਬੰਧਤ ਇਕ ਮਹਿਲਾ ਮੁਸਾਫ਼ਰ ਦੇ ਸੈਂਪਲਾਂ ਵਿਚੋਂ ਮਿਲੀ। ਕਿਉਂਕਿ ਇਹ ਔਰਤ ਥਾਈਲੈਂਡ ਪਰਤ ਚੁੱਕੀ ਹੈ, ਇਸ ਲਈ ਉੱਥੋਂ ਦੀ ਸਰਕਾਰ ਨੂੰ ਚੌਕਸ ਕੀਤਾ ਗਿਆ ਕਿ ਇਸ ਔਰਤ ਦੀ ਹੋਰ ਜਾਂਚ-ਪੜਤਾਲ ਕੀਤੀ ਜਾਵੇ। ਇਸੇ ਰਿਪੋਰਟ ਮੁਤਾਬਿਕ ਐਨਆਈਐੱਚ ਨੇ ਦੱਖਣ ਅਫਰੀਕੀ ਵੰਨਗੀ (ਬੀ.ਆਈ.351) ਵਾਲੇ ਸੱਤ ਕੇਸਾਂ ਦੀ ਵੀ ਸ਼ਨਾਖ਼ਤ ਕੀਤੀ ਹੈ। ਇਹ ਦੋਵੇਂ ਵੰਨਗੀਆਂ ਇਸ ਪੱਖੋਂ ਵੱਧ ਖ਼ਤਰਨਾਕ ਮੰਨੀਆਂ ਜਾਂਦੀਆਂ ਹਨ ਕਿ ਇਨ੍ਹਾਂ ਤੋਂ ਪੀੜਤ ਵਿਅਕਤੀ ਅੱਗੇ ਬਹੁਤ ਸਾਰੇ ਵਿਅਕਤੀਆਂ ਨੂੰ ਲਾਗ ਦਾ ਸ਼ਿਕਾਰ ਬਣਾ ਸਕਦਾ ਹੈ।
– ਪੰਜਾਬੀ ਟ੍ਰਿਬਿਊਨ ਫੀਚਰ