ਪ੍ਰਿੰ. ਸਰਵਣ ਸਿੰਘ
ਪਿਰਥੀ ਸਿੰਘ ਨੇ ਸੋਥੇ ਤੋਂ ਪ੍ਰਾਇਮਰੀ ਪਾਸ ਕਰਕੇ ਦਸਵੀਂ ਹਾਈ ਸਕੂਲ ਰੁਪਾਣੇ ਤੋਂ ਕੀਤੀ। ਪਹਿਲਾਂ ਸਰਕਾਰੀ ਕਾਲਜ ਮੁਕਤਸਰ ਪੜ੍ਹਨ ਲੱਗਾ, ਫਿਰ ਕਬੱਡੀ ਦੇ ਸਿਰ ’ਤੇ ਸਪੋਰਟਸ ਕਾਲਜ ਜਲੰਧਰ ਚਲਾ ਗਿਆ ਜਿਥੇ ਉਹਦਾ ਕਰੀਅਰ ਆਦਰਸ਼ਕ ਸਪੋਰਟਸਮੈਨ ਦੇ ਸਾਂਚੇ ਵਿਚ ਢਲ ਗਿਆ। ਉਥੋਂ ਉਹ ਕੁਠਾਲੀ ਦਾ ਸੋਨਾ ਬਣ ਕੇ ਨਿਕਲਿਆ। ਬੀਏ ਕਰਨ ਤਕ ਪੰਜਾਬ ਦੇ ਕਬੱਡੀ ਹਲਕਿਆਂ ਵਿਚ ਪਿਰਥੀ ਪਿਰਥੀ ਹੁੰਦੀ ਸੀ। ਉਹ ਜਿਹੜੇ ਵੀ ਟੂਰਨਾਮੈਂਟ ਵਿਚ ਖੇਡਣ ਜਾਂਦਾ, ਧੰਨ ਧੰਨ ਕਰਾ ਕੇ ਮੁੜਦਾ। ਅਜੇ ਤਕ ਭਾਵੇਂ ਕੋਈ ਕਿਤਾਬ ਨਹੀਂ ਛਪਵਾਈ ਪਰ ਉਸ ਦੀਆਂ ਫੁਟਕਲ ਲਿਖਤਾਂ ਇੰਨੀਆਂ ਹਨ ਕਿ ਉਨ੍ਹਾਂ ਦੀਆਂ ਕਈ ਕਿਤਾਬਾਂ ਬਣ ਸਕਦੀਆਂ ਹਨ।
ਪਿਰਥੀ ਸਿੰਘ ਬਰਾੜ ਕੇਵਲ ਕਬੱਡੀ ਖਿਡਾਰੀ, ਕਬੱਡੀ ਕੋਚ ਅਤੇ ਖੇਡ ਲੇਖਕ ਹੀ ਨਹੀਂ, ਹੋਰ ਵੀ ਬਹੁਤ ਕੁਝ ਹੈ। ਉਸ ਨੇ ‘ਨਾਨਕ ਦੁਖੀਆ ਸਭ ਸੰਸਾਰ’ ਫਿਲਮ ਵਿਚ ਪਹਿਲਵਾਨ ਦਾਰਾ ਸਿੰਘ ਨਾਲ ਭੰਗੜਾ ਪਾਇਆ, ਰਾਜ ਪੱਧਰ ਦੇ ਸਭਿਆਚਾਰਕ ਸਮਾਗਮਾਂ `ਚ ਮੋਨੋਐਕਟਿੰਗ ਕੀਤੀ ਤੇ ਨਾਟਕਾਂ ਵਿਚ ਭਾਗ ਲਿਆ। ਕੈਨੇਡਾ ਵਿਚ ਸਥਾਪਤ ਹੋਣ ਲਈ ਸਕਿਉਰਿਟੀ ਦੀ ਜੌਬ ਤੋਂ ਲੈ ਕੇ ਖੇਤਾਂ ਵਿਚ ਦਿਹਾੜੀਆਂ ਵੀ ਕੀਤੀਆਂ। ਫਿਰ ਕੈਨੇਡਾ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਦਾ ਕੋਚ ਬਣਿਆ। ਉਹੀ ਟੀਮ ਮੁੰਬਈ ਦੇ ਵਰਲਡ ਕਬੱਡੀ ਕੱਪ ਵਿਚ ਤਾਂਬੇ ਦਾ ਤਗ਼ਮਾ ਜਿੱਤੀ। ਉਸ ਨੇ ਕੈਨੇਡਾ ਦੇ ਪੰਜਾਬੀ ਅਖ਼ਬਾਰਾਂ ਵਿਚ ਖੇਡਾਂ ਬਾਰੇ ਲੇਖ ਵੀ ਲਿਖੇ। ਉਹ ਜਿਥੇ ਵੀ ਵਿਚਰਿਆ, ਸੱਚੀ-ਸੁੱਚੀ ਖੇਡ ਭਾਵਨਾ ਦਾ ਪ੍ਰਗਟਾਵਾ ਕਰਦਾ ਰਿਹਾ। ਉਸ ਦੇ ਚਿਹਰੇ ਉਤੇ ਹਮੇਸ਼ਾ ਮਿਨੀ ਮੁਸਕਰਾਹਟ ਹੱਸਦੀ ਖੇਡਦੀ ਰਹੀ। ਉਸ ਨੇ ਸੈਂਕੜੇ ਟੂਰਨਾਮੈਂਟ ਖੇਡੇ, ਸੈਂਕੜੇ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਤੇ ਹਜ਼ਾਰਾਂ ਨੌਜੁਆਨਾਂ ਨੂੰ ਚੰਗੇ ਇਨਸਾਨ ਬਣਨ ਦੇ ਰਾਹ ਪਾਇਆ। ਅਜੇ ਤਕ ਭਾਵੇਂ ਕੋਈ ਕਿਤਾਬ ਨਹੀਂ ਛਪਵਾਈ ਪਰ ਉਸ ਦੀਆਂ ਫੁਟਕਲ ਲਿਖਤਾਂ ਇੰਨੀਆਂ ਹਨ ਕਿ ਉਨ੍ਹਾਂ ਦੀਆਂ ਕਈ ਕਿਤਾਬਾਂ ਬਣ ਸਕਦੀਆਂ ਹਨ। ਪਿੱਛੇ ਜਿਹੇ ਉਸ ਦੀ ਪੋਤਰੀ ਗੁਰਪ੍ਰੀਤ ਕੌਰ ਨੇ ਪੱਕੀ ਜਿਲਦ ਵਾਲੀ ਵੱਡੀ ਨੋਟ ਬੁੱਕ ਲਿਆ ਕੇ ਦਿੱਤੀ ਤਾਂ ਜੋ ਬਾਬਾ ਜੀ ਆਪਣੀਆਂ ਜੀਵਨ ਯਾਦਾਂ ਲਿਖ ਸਕਣ ਤੇ ਉਹ ਆਪਣੇ ਖਿਡਾਰੀ ਬਾਬੇ ਦੀਆਂ ਤਸਵੀਰਾਂ ਉਹਦੇ ਵਿਚ ਸਜਾ ਸਕੇ। ਉਸ ਨੋਟ ਬੁੱਕ ਦਾ ਨਾਂ ‘ਲਾਈਫ ਇਜ਼ ਨਾਟ ਅਬਾਊਟ ਫਾਈਂਡਿੰਗ ਯੂਅਰਸੈਲਫ, ਲਾਈਫ ਇਜ਼ ਅਬਾਊਟ ਕਰੀਏਟਿੰਗ ਯੂਅਰਸੈਲਫ’ ਹੈ। ਉਸ ਦੇ ਲਗਭਗ ਦੋ ਸੌ ਸਫ਼ੇ ਭਰ ਗਏ ਹਨ ਜਿਨ੍ਹਾਂ ਦਾ ਨਾਂ ‘ਮੇਰੀ ਹੱਡਬੀਤੀ’ ਜਾਂ ‘ਮੇਰਾ ਖੇਡ ਜੀਵਨ’ ਰੱਖਿਆ ਜਾ ਸਕਦਾ ਹੈ। ਉਸ ਨੇ ਲਿਖਿਆ:
ਕਦੇ ਹੱਸ ਵੇ ਮਨਾਂ ਕਦੇ ਖੇਡ ਵੇ ਮਨਾਂ,
ਇਸ ਜੱਗ ਨਹੀਂ ਆਉਣਾ ਫੇਰ ਵੇ ਮਨਾਂ
ਇਹ ਜੱਗ ਚਰਖੇ ਦਾ ਗੇੜ ਵੇ ਮਨਾਂ…।
ਹੱਸਣਾ ਜਿ਼ੰਦਾਦਿਲੀ ਦੀ ਨਿਸ਼ਾਨੀ ਹੈ। ਉਹ ਗੀਦੀ ਲੋਕ ਹੁੰਦੇ ਹਨ ਜੋ ਦੂਜਿਆਂ ਦੇ ਹਾਸੇ ’ਤੇ ਝੂਰਦੇ ਹਨ। ਹਾਸਾ ਬਹੁਤ ਸਾਰੇ ਰੋਗਾਂ ਦਾ ਇਲਾਜ ਹੈ। ਤੁਹਾਡੇ ਹੋਠਾਂ ਦੀ ਮੁਸਕਰਾਹਟ ਸਾਰੇ ਗ਼ਮ ਭੁਲਾ ਦਿੰਦੀ ਹੈ। ਐਸਾ ਹਾਸਾ ਹੱਸੋ ਕਿ ਤੁਹਾਡੇ ਮੂੰਹੋਂ ਫੁੱਲ ਕਿਰਨ ਜਿਨ੍ਹਾਂ ਨਾਲ ਦੂਸਰਿਆਂ ਦੇ ਚਿਹਰੇ ਵੀ ਖਿੜ ਜਾਣ। ਆਓ ਹਾਸੇ ਦੇ ਕੁਦਰਤੀ ਦਾਨ ਨੂੰ ਖੁੱਲ੍ਹ ਕੇ ਵੰਡੀਏ ਤੇ ਮੁਫ਼ਤ ਵਿਚ ਤੰਦਰੁਸਤ ਰਹੀਏ। ਮੈਂ ਵੀ ਹਾਸੇ ਦੀ ਇਸ ਦਾਤ ਨੂੰ ਲੋਕਾਈ ਵਿਚ ਵੰਡਣ ਲਈ ਬਹੁਤ ਸਾਰੀਆਂ ਸਟੇਜਾਂ ’ਤੇ ਮੋਨੋਐਕਟਿੰਗ ਕੀਤੀ, ਜਿਵੇਂ ‘ਚੰਦਰਾ ਸ਼ੁਕੀਨ ਹੋ ਗਿਆ ਬੰਨ੍ਹ ਕੇ ਖੱਦਰ ਦਾ ਮੂਕਾ’। ਮੋਨੋਐਕਟਿੰਗ ਨਾਲ ਮੇਰਾ ਮਨ ਵੀ ਤੰਦਰੁਸਤ ਰਿਹਾ ਤੇ ਦਰਸ਼ਕਾਂ ਨੂੰ ਵੀ ਹਾਸੇ ਦੇ ਗੱਫੇ ਮੁਫ਼ਤ ਮਿਲੇ। ਕਈ ਸਟੇਜਾਂ ’ਤੇ ਜਿ਼ੰਦਗੀ ਨੂੰ ਡਰਾਮੇ ਦੇ ਰੂਪ ਵਿਚ ਪੇਸ਼ ਕੀਤਾ। ਆਖਿ਼ਰ ਜਿ਼ੰਦਗੀ ਦੀ ਇਹ ਖ਼ਾਹਿਸ਼ ਵੀ ਪੂਰੀ ਹੋਈ… ਕੋਇਲਾਂ ਕੂਕਦੀਆਂ, ਕਿਤੇ ਬੋਲ ਚੰਦਰਿਆ ਕਾਵਾਂ…। ਉੱਚੇ ਟਿੱਬੇ ਮੇਰੀ ਬੋਤੀ ਚਰਦੀ, ਨੀਵੇਂ ਕਰਦੀ ਲੇਡੇ, ਤੋਰ ਸ਼ੁਕੀਨਾਂ ਦੀ, ਤੂੰ ਕੀ ਜਾਣੇ ਭੇਡੇ…।
ਦੁਨੀਆ ਵੱਡਾ ਖੇਡ ਮੇਲਾ
ਇਹ ਸੰਸਾਰ ਵੱਡਾ ਖੇਡ ਅਖਾੜਾ ਹੈ। ਮਨੁੱਖ ਸਮੇਤ ਜਿੰਨੇ ਵੀ ਜੀਵ ਜੰਤੂ ਇਸ ਧਰਤੀ ’ਤੇ ਪੈਦਾ ਹੋਏ, ਸਭ ਇਸ ਅਖਾੜੇ ਦੇ ਖਿਡਾਰੀ ਹਨ। ਖੇਡ ਇਨ੍ਹਾਂ ਜੀਵਾਂ ਦੀ ਪੂਜਾ ਹੈ, ਅਰਾਧਨਾ ਹੈ। ਖੇਡ ਭਗਤੀ ਹੈ, ਖੇਡ ਕਲਾ ਹੈ ਤੇ ਖੇਡ ਪਰਮ ਆਨੰਦ ਹੈ। ਖੇਡ ਮਨੁੱਖ ਦਾ ਸਿਰੜ ਅਤੇ ਸਿਦਕ ਹੈ। ਖੇਡ ਉਹ ਕਾਰਖਾਨਾ ਹੈ ਜਿਥੇ ਸੁੰਦਰ ਸਡੌਲ ਸਰੀਰਾਂ ਦੀ ਘਾੜਤ ਘੜੀ ਜਾਂਦੀ ਹੈ। ਖੇਡਾਂ ਰਾਹੀਂ ਤਨ ਤੇ ਮਨ ਦਾ ਵਿਕਾਸ ਹੁੰਦਾ ਹੈ। ਖੇਡਾਂ ਮਨੁੱਖ ਨੂੰ ਡਸਿਪਲਨ ਸਿਖਾਉਂਦੀਆਂ ਹਨ। ਖੇਡ ਪਿਆਰ ਹੈ, ਖੇਡ ਸਚਿਆਰੀ ਭਾਵਨਾ ਹੈ। ਖੇਡਾਂ ਦੇਸ਼ਾਂ ਦੀ ਅਮੀਰੀ ਗਰੀਬੀ ਮਾਪਣ ਦਾ ਪੈਮਾਨਾ ਹਨ। ਖੇਡਾਂ ਮਨੁੱਖ ਨੂੰ ਸਬਰ, ਸਿਦਕ ਅਤੇ ਭਰੋਸਾ ਸਿਖਾਉਂਦੀਆਂ ਹਨ। ਜਿਥੇ ਨਸ਼ੇਖੋਰੀ ਅਤੇ ਹੋਰ ਬੁਰੀਆਂ ਆਦਤਾਂ ਕੌਮਾਂ ਦੀ ਬਰਬਾਦੀ ਕਰਦੀਆਂ ਹਨ, ਉਥੇ ਖੇਡਾਂ ਕੌਮਾਂ ਨੂੰ ਉਸਾਰਦੀਆਂ ਹਨ।
ਖੇਡਾਂ ਰਾਹੀਂ ਖਿਡਾਰੀਆਂ ਨੂੰ ਵੱਡੇ ਮਾਣ ਸਨਮਾਨ ਮਿਲਦੇ ਹਨ। ਵਧੀਆ ਨੌਕਰੀਆਂ ਮਿਲਦੀਆਂ ਤੇ ਚੰਗੇ ਅਹੁਦੇ ਮਿਲਦੇ ਹਨ। ਮੈਨੂੰ ਵੀ ਖੇਡਾਂ ਕਰਕੇ ਕੋਚ ਦੀ ਨੌਕਰੀ ਮਿਲੀ ਤੇ ਖੇਡ ਅਫਸਰ ਬਣ ਕੇ ਰਿਟਾਇਰ ਹੋਇਆ। ਮੈਂ ਤਾਂ ਇਹੋ ਕਹਾਂਗਾ, ਜੇਕਰ ਤੁਸੀਂ ਪਰਮਾਤਮਾ ਨੂੰ ਮਿਲਣਾ ਹੈ, ਪਰਮਾਤਮਾ ਨੂੰ ਖੁਸ਼ ਕਰਨਾ ਹੈ ਤਾਂ ਵਧ ਤੋਂ ਵਧ ਖੇਡਾਂ ਖੇਡੋ। ਪਰਮਾਤਮਾ ਹਰ ਮਨੁੱਖ ਨੂੰ ਖੇਡ ਕਲਾ ਬਖਸ਼ਦਾ ਹੈ। ਬਹੁਤੇ ਲੋਕ ਇਸ ਖੇਡ ਕਲਾ ਨੂੰ ਪਰਗਟ ਨਹੀਂ ਕਰਦੇ। ਜੋ ਲੋਕ ਇਸ ਖੇਡ ਕਲਾ ਨੂੰ ਸਮੇਂ ਸਿਰ ਪਰਗਟ ਕਰ ਲੈਂਦੇ ਹਨ, ਉਹ ਖੇਡ ਮੁਕਾਬਲਿਆਂ ਦੇ ਜੇਤੂ ਬਣਦੇ ਹਨ, ਹੀਰੋ ਕਹਿਲਾਉਂਦੇ ਹਨ ਤੇ ਲੋਕਾਂ ਦੇ ਹਰਮਨ ਪਿਆਰੇ ਨਾਇਕ ਬਣ ਜਾਂਦੇ ਹਨ। ਜਦੋਂ ਤੋਂ ਸ੍ਰਿਸ਼ਟੀ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਸਭ ਜੀਵ ਜੰਤੂ ਵੱਖ ਵੱਖ ਕਿਸਮ ਦੀਆਂ ਖੇਡਾਂ ਆਪੋ-ਆਪਣੇ ਢੰਗ ਤਰੀਕੇ ਨਾਲ ਖੇਡ ਰਹੇ ਹਨ। ਕੋਈ ਉਨ੍ਹਾਂ ਨੂੰ ਖੇਡਣ ਲਈ ਨਹੀਂ ਸੀ ਕਹਿੰਦਾ ਤੇ ਨਾ ਉਦੋਂ ਕੋਈ ਖੇਡ ਮੈਦਾਨ ਹੁੰਦਾ ਸੀ। ਕੁਦਰਤ ਨੇ ਹੀ ਸਭ ਜੀਆਂ ਨੂੰ ਖੇਡਣ ਦੀ ਚੇਟਕ ਲਾਈ ਹੈ। ਪਸ਼ੂ ਪੰਛੀ ਸਭ ਆਪ-ਮੁਹਾਰੇ ਖੇਡਾਂ ’ਚ ਮਸਤ ਹੋ ਜਾਂਦੇ ਹਨ। ਕਬੂਤਰਾਂ ਦੀ ਬਾਜ਼ੀ ਪੈਂਦੀ ਹੈ, ਕੁੱਕੜਾਂ ਦੀਆਂ ਤੜ੍ਹਾਂ ਤੇ ਭੇਡੂਆਂ ਦੇ ਭੇੜ ਹੁੰਦੇ ਹਨ। ਘੋੜੇ ਜਿ਼ਦ ਜਿ਼ਦ ਕੇ ਦੌੜਦੇ ਹਨ। ਕਿਲ੍ਹਾ ਰਾਇਪੁਰ ਦੀਆਂ ਖੇਲ੍ਹਾਂ ਦੀ ਸਭ ਤੋਂ ਵੱਡੀ ਖਿੱਚ ਬੈਲ ਗੱਡੀਆਂ ਦੀ ਦੌੜ ਰਹੀ ਹੈ। ਉਥੇ ਊਠਾਂ ਦੀਆਂ ਦੌੜਾਂ ਵੀ ਲੱਗਦੀਆਂ ਰਹੀਆਂ ਅਤੇ ਬੰਦੇ ਤੇ ਸਾਨ੍ਹ ਦਾ ਭੇੜ ਵੀ ਹੁੰਦਾ ਰਿਹੈ…।
ਪਿਰਥੀ ਸਿੰਘ ਦਾ ਜਨਮ ਪਹਿਲੀ ਜਨਵਰੀ 1946 ਨੂੰ ਪਿੰਡ ਸੋਥਾ (ਜਿ਼ਲ੍ਹਾ ਮੁਕਤਸਰ ਸਾਹਿਬ) ਵਿਚ ਜਗੀਰ ਸਿੰਘ ਅਤੇ ਗੋਬਿੰਦ ਕੌਰ ਦੇ ਘਰ ਹੋਇਆ। ਉਹ ਸੱਤ ਭਰਾ ਸਨ ਤੇ ਇਕ ਭੈਣ। ਉਸ ਨੇ ਸੋਥੇ ਤੋਂ ਪ੍ਰਾਇਮਰੀ ਪਾਸ ਕਰਕੇ ਦਸਵੀਂ ਹਾਈ ਸਕੂਲ ਰੁਪਾਣੇ ਤੋਂ ਕੀਤੀ। ਪਹਿਲਾਂ ਸਰਕਾਰੀ ਕਾਲਜ ਮੁਕਤਸਰ ਪੜ੍ਹਨ ਲੱਗਾ, ਫਿਰ ਕਬੱਡੀ ਦੇ ਸਿਰ ’ਤੇ ਸਪੋਰਟਸ ਕਾਲਜ ਜਲੰਧਰ ਚਲਾ ਗਿਆ ਜਿਥੇ ਉਹਦਾ ਕਰੀਅਰ ਆਦਰਸ਼ਕ ਸਪੋਰਟਸਮੈਨ ਦੇ ਸਾਂਚੇ ਵਿਚ ਢਲ ਗਿਆ। ਉਥੋਂ ਉਹ ਕੁਠਾਲੀ ਦਾ ਸੋਨਾ ਬਣ ਕੇ ਨਿਕਲਿਆ। ਬੀਏ ਕਰਨ ਤਕ ਪੰਜਾਬ ਦੇ ਕਬੱਡੀ ਹਲਕਿਆਂ ਵਿਚ ਪਿਰਥੀ ਪਿਰਥੀ ਹੁੰਦੀ ਸੀ। ਉਹ ਜਿਹੜੇ ਵੀ ਟੂਰਨਾਮੈਂਟ ਵਿਚ ਖੇਡਣ ਜਾਂਦਾ, ਧੰਨ ਧੰਨ ਕਰਾ ਕੇ ਮੁੜਦਾ। ਮੈਨੂੰ ਯਾਦ ਹੈ, 1968 ਵਿਚ ਰਾਜਿੰਦਰਾ ਕਾਲਜ ਬਠਿੰਡੇ ਦੇ ਗਰਾਊਂਡ ਵਿਚ ਸਾਡੇ ਕਾਲਜ ਢੁੱਡੀਕੇ ਤੇ ਸਪੋਰਟਸ ਕਾਲਜ ਜਲੰਧਰ ਵਿਚਕਾਰ ਕਬੱਡੀ ਦਾ ਮੈਚ ਹੋਇਆ। ਸਾਡਾ ਕਾਲਜ ਬੇਸ਼ਕ ਨਵਾਂ ਹੀ ਖੁੱਲ੍ਹਿਆ ਸੀ ਪਰ ਅਸੀਂ ਕਬੱਡੀ ਦੀ ਤਕੜੀ ਟੀਮ ਤਿਆਰ ਕੀਤੀ ਸੀ। ਮੈਂ ਤੇ ਡੀਪੀਈ ਭਿੰਦਰ ਸਿੰਘ ਸੋਹੀ ਅਤੇ ਸਾਡੇ ਬਹੁਤ ਸਾਰੇ ਹਮਾਇਤੀ ਹੱਲਾਸ਼ੇਰੀ ਦੇਣ ਲਈ ਟੀਮ ਨਾਲ ਗਏ ਸਨ। ਉਦੋਂ ਨਾਵਲਕਾਰ ਬੂਟਾ ਸਿੰਘ ਸ਼ਾਦ ‘ਕੁੱਲੀ ਯਾਰ ਦੀ’ ਫਿਲਮ ਬਣਾ ਰਿਹਾ ਸੀ। ਉਹ ਬਠਿੰਡੇ ਦੇ ਇਕ ਚੁਬਾਰੇ ਵਿਚ ਰਹਿ ਰਿਹਾ ਸੀ ਜਿਸ ਦਾ ਨਾਂ ਹੀ ਕੁੱਲੀ ਯਾਰ ਦੀ ਰੱਖਿਆ ਹੋਇਆ ਸੀ। ਮੈਂ ਤੇ ਭਿੰਦਰ ਸੋਹੀ ਨੇ ਰਾਤ ਉਹਦੀ ਕੁੱਲੀ ਵਿਚ ਹੀ ਕੱਟੀ ਸੀ। ਅਗਲੇ ਦਿਨ ਉਹ ਵੀ ਕਬੱਡੀ ਮੈਚ ਵੇਖਣ ਸਾਡੇ ਨਾਲ ਤੁਰ ਪਿਆ ਸੀ। ਹਾਕੀ ਵਾਲੇ ਪ੍ਰੋ. ਗੁਰਸੇਵਕ ਸਿੰਘ ਉਦੋਂ ਬਠਿੰਡੇ ਕਾਲਜ ਦੇ ਪਿ੍ਰੰਸੀਪਲ ਸਨ। ਸੋ ਮੈਚ ਨਿਰਪੱਖ ਖੇਡਿਆ ਜਾਣਾ ਸੀ। ਉਦੋਂ ਸਪੋਰਟਸ ਕਾਲਜ ਦੀ ਟੀਮ ਮੰਨੀ ਦੰਨੀ ਗਿਣੀ ਜਾਂਦੀ ਸੀ ਜੋ ਢੁੱਡੀਕੇ ਕਾਲਜ ਦੀ ਟੀਮ ਨੂੰ ‘ਊਈਂ’ ਸਮਝਦੀ ਸੀ।
ਵਿਸਲ ਵੱਜੀ ਤਾਂ ਸਪੋਰਟਸ ਕਾਲਜ ਦੀ ਟੀਮ ਨੇ ਮੈਚ ਨੂੰ ਸਰਸਰੀ ਲਿਆ। ਸਾਡੇ ਕਾਲਜ ਦੀ ਟੀਮ ਦੇ ਨੰਬਰ ਵਧਣ ਦਿੱਤੇ ਕਿ ਨਵੇਂ ਮੁੰਡੇ ਦਿਲ ਨਾ ਛੱਡ ਜਾਣ। ਜਦੋਂ ਨੰਬਰ ਸੱਤ ਅੱਠ ਵਧ ਗਏ ਤਾਂ ਉਨ੍ਹਾਂ ਦੀ ਟੀਮ ਵੱਲੋਂ ਜ਼ੋਰ ਲਾਉਣ ਦੇ ਬਾਵਜੂਦ ਘਟਣ ਦਾ ਨਾਂ ਨਾ ਲੈਣ। ਜਦ ਹਾਫ ਟਾਈਮ ਹੋਇਆ ਤਾਂ ਉਹਨਾਂ ਦਾ ਕੋਚ ਆਪਣੀ ਟੀਮ ਨੂੰ ਮਿਹਣੇ ਮਾਰਨ ਲੱਗਾ, “ਓਏ ਆਹ ਜੁਆਕੜੇ ਜਿਹੇ ਈ ਤੁਹਾਥੋਂ ਲੋਟ ਨੀ ਆਉਂਦੇ!” ਦੂਜੇ ਅੱਧੇ ਸਮੇਂ ਵਿਚ ਸਪੋਰਟਸ ਕਾਲਜ ਦੀ ਟੀਮ ਪੂਰਾ ਜ਼ੋਰ ਲਾ ਥੱਕੀ ਪਰ ਅੰਕਾਂ ਦਾ ਫਰਕ ਨਾ ਘਟਿਆ। ਮੈਚ ਮੁੱਕਣ ਵਿਚ ਪੰਜ ਸੱਤ ਮਿੰਟ ਹੀ ਰਹਿ ਗਏ। ਚੈਂਪੀਅਨਸਿ਼ਪਾਂ ਜਿੱਤਣ ਵਾਲੀ ਟੀਮ ਮੁੱਢਲੇ ਮੈਚ ਵਿਚ ਹੀ ਨਵੇਂ ਕਾਲਜ ਤੋਂ ਹਾਰ ਰਹੀ ਸੀ। ਆਖਿ਼ਰ ਪਿਰਥੀ ਬਰਾੜ ਰੋਹ ਵਿਚ ਆ ਕੇ ਰੇਡਾਂ ਪਾਉਣ ਲੱਗਾ। ਉਸ ਨੇ ਲਗਾਤਾਰ ਰੇਡਾਂ ਪਾਈਆਂ ਤੇ ਕੁਝ ਜੱਫੇ ਵੀ ਲਾਏ ਜਿਨ੍ਹਾਂ ਨਾਲ ਹਾਰ ਚੱਲਿਆ ਮੈਚ ਆਖਿ਼ਰ ਉਸ ਨੇ ਜਿੱਤ ਹੀ ਲਿਆ। ਉਥੇ ਮੈਂ ਪਿਰਥੀ ਦਾ ਜਲਵਾ ਪਹਿਲੀ ਵਾਰ ਵੇਖਿਆ ਤੇ ਉਸ ਪਿੱਛੋਂ ਉਹ ਮੇਰੀਆਂ ਨਜ਼ਰਾਂ ਦਾ ਤਾਰਾ ਬਣ ਗਿਆ। ਬਾਅਦ ਵਿਚ ਬੜੀ ਵਾਰ ਸਾਨੂੰ ਮਿਲਣ ਗਿਲਣ ਦੇ ਮੌਕੇ ਮਿਲੇ। ਪੰਜਾਬ ਵਿਚ ਵੀ ਤੇ ਕੈਨੇਡਾ ਵਿਚ ਵੀ। ਉਹ ਹਰ ਸਮੇਂ ਹੱਸਦਾ ਮੁਸਕਰਾਉਂਦਾ ਮਿਲਦਾ। ਉਸ ਨੇ ਆਪਣੇ ਖੇਡ ਕਰੀਅਰ ਬਾਰੇ ਲਿਖਿਆ:
ਮੈਂ ਤੇ ਮੇਰਾ ਖੇਡ ਜੀਵਨ
ਅਣਜਾਣ ਤੇ ਅਨਾੜੀ ਹੋਣ ਕਰਕੇ ਮੈਂ ਸਹੀ ਸਮੇਂ, ਸਹੀ ਖੇਡ ਦੀ ਚੋਣ ਨਾ ਕਰ ਸਕਿਆ ਪਰ ਯਤਨ ਜ਼ਰੂਰ ਕਰਦਾ ਰਿਹਾ ਕਿ ਚੰਗਾ ਖਿਡਾਰੀ ਬਣਾਂ। ਪੰਜਵੀਂ ਜਮਾਤ ’ਚ ਜਦੋਂ ਮੈਂ ਰੁਪਾਣੇ ਹਾਈ ਸਕੂਲ ਵਿਚ ਦਾਖਲ ਹੋਇਆ ਤਾਂ ਰੁਪਾਣੇ ਦੀ ਫੁੱਟਬਾਲ ਟੀਮ ਬਹੁਤ ਵਧੀਆ ਸੀ। ਮੈਂ ਵੀ ਫੁੱਟਬਾਲ ਖੇਡਣੀ ਸ਼ਰੂ ਕਰ ਦਿੱਤੀ ਤੇ ਜੂਨੀਅਰ ਟੀਮ ਵਿਚ ਜਿ਼ਲ੍ਹਾ ਪੱਧਰ ਤਕ ਖੇਡਿਆ। ਜਦੋਂ ਮੈਂ ਸੱਤਵੀਂ ਵਿਚ ਹੋਇਆ ਤਾਂ ਸ. ਆਸਾ ਸਿੰਘ ਪੀਟੀਆਈ ਸਾਡੇ ਸਕੂਲ ਵਿਚ ਆ ਗਏ। ਉਹ ਖ਼ੁਦ ਹਾਕੀ ਦੇ ਤਕੜੇ ਖਿਡਾਰੀ ਸਨ। ਉਹਨਾਂ ਨੇ ਮੈਨੂੰ ਹਾਕੀ ਖੇਡਣ ਲਾ ਲਿਆ। ਮੈਂ ਸਕੂਲ ਵੱਲੋਂ ਜਿ਼ਲ੍ਹਾ ਪੱਧਰ ਤਕ ਹਾਕੀ ਖੇਡਿਆ। ਫਿਰ ਸਰਕਾਰੀ ਕਾਲਜ ਮੁਕਤਸਰ ਦੀ ਹਾਕੀ ਟੀਮ ਵੱਲੋਂ ਯੂਨੀਵਰਸਿਟੀ ਤਕ ਖੇਡਿਆ। ਸਕੂਲ ਵਿਚ ਸਾਇੰਸ ਮਾਸਟਰ ਸ. ਚਰਨਪਾਲ ਸਿੰਘ ਸੰਧੂ ਨੇ ਮੈਨੂੰ ਗੋਲਾ ਤੇ ਡਿਸਕਸ ਸੁੱਟਣੇ ਵੀ ਸਿਖਾ ਦਿੱਤੇ ਸਨ। ਬਲਾਕ ਟੂਰਨਾਮੈਂਟ ਵਿਚ ਮੈਂ 35 ਫੁੱਟ ਦੂਰ ਗੋਲਾ ਸੁੱਟ ਕੇ ਫਸਟ ਆ ਗਿਆ ਸਾਂ। ਨਾਗਪੁਰ ਤੋਂ ਡੀਪੀਐੱਡ ਕਰਦਿਆਂ ਮੈਂ ਨਾਗਪੁਰ ਯੂਨੀਵਰਸਿਟੀ ਦੀ ਅਥਲੈਟਿਕਸ ਮੀਟ ਵਿਚੋਂ ਡਿਸਕਸ ਸੁੱਟਣ ਵਿਚ ਫਸਟ ਤੇ ਗੋਲਾ ਸੁੱਟਣ ਵਿਚ ਸੈਕੰਡ ਪੁਜ਼ੀਸ਼ਨ ਹਾਸਲ ਕੀਤੀ। ਉਦੋਂ ਮੇਲਿਆਂ ਵਿਚ ਪਾਵਰ ਟੈਸਟਿੰਗ ਮਸ਼ੀਨ ਰੱਖੀ ਹੁੰਦੀ ਸੀ। ਮੈਂ ਉਸ ਮਸ਼ੀਨ ਨੂੰ 620 ਅੰਕਾਂ ਤਕ ਖਿੱਚ ਕੇ ਨਵਾਂ ਰਿਕਾਰਡ ਰੱਖਿਆ ਜਿਸ ਕਰਕੇ ਮੇਰੀ ਫੋਟੋ ਮਸ਼ੀਨ ’ਤੇ ਕਈ ਸਾਲ ਲੱਗੀ ਰਹੀ ਸੀ। ਸਾਡੇ ਵੇਲੇ ਪਿੰਡਾਂ ਵਿਚ ਸ਼ਾਮ ਨੂੰ ਗਭਰੂ ਪਸੇਰੀ ਸੁੱਟਦੇ ਸਨ। ਉਹ ਪਸੇਰੀ ਡਿਸਕਸ ਵਾਂਗ ਘੁੰਮ ਕੇ ਸੁੱਟੀ ਜਾਂਦੀ ਸੀ। ਉਹ ਵੀ ਮੈਂ 45 ਹੱਥ ਤਕ ਸੁੱਟ ਦਿੰਦਾ ਸੀ ਜਿਸ ਨਾਲ ਕਈ ਮੇਲਿਆਂ ਵਿਚ ਜੇਤੂ ਰਿਹਾ ਸਾਂ।
ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ। ਇਹ ਸਾਨੂੰ ਮਾਂ ਦੀ ਲੋਰੀ ਨਾਲ ਵਿਰਸੇ ਵਿਚ ਮਿਲਦੀ ਹੈ। ਸਾਡੀਆਂ ਮਾਵਾਂ ਸਾਨੂੰ ਨਿੱਕੇ ਹੁੰਦਿਆਂ ਨੂੰ ਲੋਰੀ ਦਿੰਦੀਆਂ ਸਨ- ਤੂੰ ਕੌਡੀ ਬਾਡੀ ਖੇਡ ਵੇ ਨਿੱਕੂ, ਮੈਂ ਪਾਣੀ ਦਾ ਘੜਾ ਚੁੱਕ ਲਿਆਵਾਂ। ਹਰ ਪੰਜਾਬੀ ਨੇ ਬਚਪਨ ਵਿਚ ਕਬੱਡੀ ਜ਼ਰੂਰ ਖੇਡੀ ਤੇ ਦੇਖੀ ਹੁੰਦੀ ਹੈ। ਤੁਸੀਂ ਭਾਵੇਂ ਓਲੰਪਿਕ ਵੀ ਖੇਡੇ ਹੋਵੋ ਪਰ ਆਮ ਪੰਜਾਬੀ ਉਸ ਨੂੰ ਹੀ ਤਕੜਾ ਮੰਨਦੇ ਹਨ ਜੋ ਕਬੱਡੀ ਖੇਡਣ ਵਿਚ ਤਕੜਾ ਹੋਵੇ। ਇਹੋ ਕਾਰਨ ਹੈ ਕਿ ਆਮ ਪੇਂਡੂ, ਓਲੰਪੀਅਨ ਖਿਡਾਰੀਆਂ ਦੀ ਥਾਂ ਕਬੱਡੀ ਖਿਡਾਰੀਆਂ ਦੀਆਂ ਹੀ ਵਧੇਰੇ ਗੱਲਾਂ ਕਰਦੇ ਹਨ।
ਮੈਂ ਵੀ ਮਾਂ ਖੇਡ ਕਬੱਡੀ ਆਪਣੇ ਹਾਣੀਆਂ ਨਾਲ ਪਿੰਡ ਦੀਆਂ ਗਲੀਆਂ ਤੇ ਰੇਤੇ ਦੇ ਟਿੱਬਿਆਂ ’ਤੇ ਖੇਡਣੀ ਸ਼ੁਰੂ ਕੀਤੀ। ਜਦੋਂ ਮੈਂ ਤੀਜੀ ਚੌਥੀ ਜਮਾਤ ਵਿਚ ਪੜ੍ਹਦਾ ਸਾਂ, ਉਦੋਂ ਭਾਦੋਂ ਦੇ ਮਹੀਨੇ ਪਿੰਡ ਦੋਦੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਸੀ। ਆਪਣੇ ਹਾਣੀਆਂ ਨਾਲ ਚਾਰ ਕਿਲੋਮੀਟਰ ਤੁਰ ਕੇ ਮੈਂ ਕਬੱਡੀ ਦੇਖਣ ਜਾਂਦਾ। ਉਦੋਂ ਦੋਦੇ ਦਾ ਗੁਰਨਾਮ, ਬੰਬੀ, ਗੰਗਾ ਵਾਲਾ ਰਣਜੀਤ ਸੁਨਿਆਰਾ ਤੇ ਰੁਪਾਣੇ ਦਾ ਹਰਨੇਕ ਸੁਨਿਆਰਾ ਬੜੇ ਮਸ਼ਹੂਰ ਖਿਡਾਰੀ ਸਨ। ਮੈਂ ਜਦੋਂ ਉਨ੍ਹਾਂ ਨੂੰ ਮੈਦਾਨ ਵਿਚ ਖੇਡਦੇ ਦੇਖਦਾ ਤਾਂ ਮੇਰਾ ਦਿਲ ਵੀ ਖੇਡਣ ਲਈ ਉਬਾਲੇ ਖਾਣ ਲੱਗ ਪੈਂਦਾ। ਮੈਂ ਆਪਣੇ ਵਡੇਰਿਆਂ ਤੋਂ ਪੁੱਛਦਾ ਕਿ ਕਬੱਡੀ ਦਾ ਤਕੜਾ ਖਿਡਾਰੀ ਬਣਨ ਲਈ ਕਿਹੋ ਜਿਹੀ ਖੁਰਾਕ ਖਾਣੀ ਚਾਹੀਦੀ ਹੈ। ਉਹ ਘਿਉ ਖਾਣ ’ਤੇ ਜ਼ੋਰ ਦਿੰਦੇ। ਦੋਦੇ ਵਾਲੇ ਕੋਠਿਆਂ (ਸੁਰਗਾਪੁਰੀ) ਵਿਚ ਮੇਰੀ ਮਾਸੀ ਕੇ ਘਰ ਵਧੀਆ ਨਸਲ ਦੀਆਂ 15-20 ਮੱਝਾਂ ਹੁੰਦੀਆਂ ਸਨ। ਸਾਡੇ ਘਰ ਪੰਜ ਕਿੱਲੋ ਵਾਲੀ ਡਰੰਮੀ ਹੁੰਦੀ ਸੀ, ਉਹ ਮੈਂ ਸੁਰਗਾਪੁਰੀ ਕੋਠਿਆਂ ਤੋਂ ਭਰਵਾ ਕੇ ਲੈ ਆਉਣੀ ਤੇ ਮੁੱਕ ਜਾਣ ’ਤੇ ਕੋਠਿਆਂ ਵੱਲ ਫੇਰ ਭੱਜ ਤੁਰਨਾ। ਸਾਧੂ ਮਹਾਤਮਾ ਕੋਲੋਂ ਪੁੱਛਣ ਜਾਂਦਾ ਕਿ ਚੰਗਾ ਖਿਡਾਰੀ ਬਣਨ ਲਈ ਕਿਸ ਤਰ੍ਹਾਂ ਦਾ ਜੀਵਨ ਜਿਊਣਾ ਚਾਹੀਦਾ। ਜਿਥੋਂ ਵੀ ਮੈਨੂੰ ਕੋਈ ਚੰਗਾ ਗੁਰ ਮਿਲਦਾ, ਮੈਂ ਪੱਲੇ ਬੰਨ੍ਹ ਲੈਂਦਾ। ਸਤਿਗੁਰੂ ਨੇ ਵੀ ਮੇਰੇ ਸਿਰ ’ਤੇ ਮਿਹਰ ਭਰਿਆ ਹੱਥ ਰੱਖਿਆ ਤੇ ਦੁਨੀਆ ਦੇ ਰੰਗ ਬਰੰਗੇ ਝਮੇਲਿਆਂ ਤੋਂ ਮੇਰੀ ਪੱਤ ਬਚਾ ਕੇ ਰੱਖੀ।
ਰੇਤਲੇ ਟਿੱਬਿਆਂ ਤੋਂ ਮੇਰੀ ਖੇਡ ਅੱਗੇ ਤੁਰਦੀ ਪਧਰੇ ਮੈਦਾਨਾਂ ਵੱਲ ਵਧਣ ਲੱਗੀ। ਸਾਡੇ ਪਿੰਡ ਦਾ ‘ਕੱਲੂ’ ਕਬੱਡੀ ਦਾ ਤਕੜਾ ਖਿਡਾਰੀ ਸੀ। ਉਸ ਨੇ ਰੁਪਾਣੇ ਦੇ ਹਰਨੇਕ ਹੋਰਾਂ ਨਾਲ ਕਬੱਡੀ ਦਾ ਚੈਲੰਜ ਮੈਚ ਬੰਨ੍ਹ ਲਿਆ। ਉਹ ਮੈਚ ਧਿਗਾਣੇ ਹੋਇਆ। ਮੇਰੇ ਜੀਵਨ ਦਾ ਉਹ ਪਹਿਲਾ ਵੱਡਾ ਮੈਚ ਸੀ। ਉਸ ਵਿਚ ਭਾਵੇਂ ਮੈਂ ਦੋ ਨੰਬਰ ਹੀ ਲੈ ਸਕਿਆ ਪਰ ਉਸ ਮੈਚ ਤੋਂ ਮੈਨੂੰ ਹੌਸਲਾ ਮਿਲਿਆ ਅਤੇ ਮੈਂ ਪਿੰਡਾਂ ਦੇ ਨਿੱਕੇ ਮੋਟੇ ਮੈਚ ਖੇਡਣ ਲੱਗ ਪਿਆ। ਉਦੋਂ ਮੈਂ ਨੌਵੀਂ ਵਿਚ ਪੜ੍ਹਦਾ ਸਾਂ। ਫਿਰ ਮੈਂ ਗੌਰਮਿੰਟ ਕਾਲਜ ਮੁਕਤਸਰ ਦੀ ਕਬੱਡੀ ਟੀਮ ਦਾ ਮੈਂਬਰ ਬਣਿਆ। ਸਾਡਾ ਇੰਟਰ ਕਾਲਜ ਮੈਚ ਬਰਜਿੰਦਰਾ ਕਾਲਜ ਫਰੀਦਕੋਟ ਨਾਲ ਹੋਇਆ ਤਾਂ ਸਾਡੀ ਟੀਮ ਜਿੱਤ ਗਈ ਜਿਸ ਦੇ ਕੁਲ 26 ਅੰਕਾਂ ਵਿਚੋਂ 23 ਅੰਕ ਮੇਰੇ ਇਕੱਲੇ ਦੇ ਸਨ। ਸਾਲਾਨਾ ਇਨਾਮ ਵੰਡ ਸਮਾਗਮ ਸਮੇਂ ਮੈਨੂੰ ਕਾਲਜ ਕਲਰ ਨਾਲ ਸਨਮਾਨਿਆ ਗਿਆ। ਫਿਰ ਤਾਂ ਚੱਲ ਸੋ ਚੱਲ ਹੋ ਗਈ ਤੇ ਮੈਂ ਪੰਜਾਬ ਪੱਧਰ ਦੀਆਂ ਟੀਮਾਂ ਵਿਚ ਖੇਡਣ ਲੱਗ ਪਿਆ। ਅਸੀਂ ਪੰਜਾਬ ਦੀ ਚੋਟੀ ਦੀ ਟੀਮ ਬਠਿੰਡਾ ਪੁਲੀਸ ਨੂੰ ਹਰਾ ਦਿੱਤਾ। ਉਸ ਵਿਚ ਗੰਗਾ ਵਾਲਾ ਰਣਜੀਤ ਵੀ ਖੇਡ ਰਿਹਾ ਸੀ। ਜੋ ਹੌਸਲਾ ਤੇ ਮਾਣ ਸਤਿਕਾਰ ਮੈਨੂੰ ਉਥੋਂ ਮਿਲਿਆ, ਉਹਦਾ ਵਰਣਨ ਕਰਨਾ ਔਖਾ ਹੈ।
ਫਿਰ ਸਪੋਰਟਸ ਕਾਲਜ ਜਲੰਧਰ ਦੇ ਕਬੱਡੀ ਕੋਚ ਸ. ਅਜੀਤ ਸਿੰਘ ਮਾਲੜੀ ਨੇ ਮੈਨੂੰ ਸਪੋਰਟਸ ਕਾਲਜ ਵਿਚ ਦਾਖਲ ਹੋਣ ਲਈ ਸੁਨੇਹੇ ਭੇਜੇ ਪਰ ਮੈਂ ਇਸ ਗੱਲੋਂ ਡਰਦਾ ਉਥੇ ਨਹੀਂ ਜਾ ਰਿਹਾ ਸਾਂ ਕਿ ਐਡੇ ਉੱਚ ਪੱਧਰ ਦੇ ਸਪੋਰਟਸ ਕਾਲਜ ਵਿਚ ਮੈਂ ਕਿਥੇ ਮੁਕਾਬਲਾ ਕਰ ਸਕਾਂਗਾ? ਮੈਂ ਸ਼ੁਕਰਗੁਜ਼ਾਰ ਹਾਂ ਮਨਜੀਤ ਸਿੰਘ ਬਰਕੰਦੀ ਦਾ ਜਿਸ ਨੇ ਮੈਨੂੰ ਪਛੜੀ ਸੋਚ ਵਿਚੋਂ ਕੱਢ ਕੇ ਸਪੋਰਟਸ ਕਾਲਜ ਵਿਚ ਦਾਖਲ ਕਰਵਾਇਆ। ਉਥੇ ਕੀਤੀ ਮਿਹਨਤ ਨਾਲ ਮੇਰੀ ਨਿਖੱਟੂਆਂ ਵਾਲੀ ਚਰਬੀ ਲੱਥ ਗਈ ਤੇ ਮੇਰਾ ਸਰੀਰ ਹਿਰਨ ਵਾਂਗ ਛਾਲਾਂ ਮਾਰਨ ਲੱਗ ਪਿਆ। ਬਾਅਦ ਵਿਚ ਮੈਨੂੰ ਪਛਤਾਵਾ ਰਿਹਾ ਕਿ ਮੈਂ ਦਸਵੀਂ ਕਰਨ ਸਾਰ ਸਪੋਰਟਸ ਕਾਲਜ ਕਿਉਂ ਨਾ ਗਿਆ? ਅਸਲ ਵਿਚ ਉਦੋਂ ਮੈਨੂੰ ਕੋਈ ਗਾਈਡ ਕਰਨ ਵਾਲਾ ਹੀ ਨਹੀਂ ਸੀ। ਗੁਆ ਚੁੱਕੇ ਉਸ ਸਮੇਂ ਨੂੰ ਮੈਂ ਮੁੜ ਕੇ ਨਾ ਲੱਭ ਸਕਿਆ ਜਿਸ ਦੀ ਘਾਟ ਮੈਨੂੰ ਸਾਰੀ ਉਮਰ ਰੜਕਦੀ ਰਹੀ।
ਸਰਕਾਰੀ ਸਪੋਰਟਸ ਕਾਲਜ ਜਲੰਧਰ
ਸਪੋਰਟਸ ਸਕੂਲ ਤੇ ਸਪੋਰਟਸ ਕਾਲਜ ਜਲੰਧਰ ਇੰਡੀਆ ਦੀਆਂ ਉਹ ਪਹਿਲੀਆਂ ਖੇਡ ਸੰਸਥਾਵਾਂ ਹਨ ਜਿਥੇ ਓਲੰਪੀਅਨ ਖਿਡਾਰੀਆਂ ਦੀਆਂ ਪਨੀਰੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦੀ ਦੂਰਦ੍ਰਿਸ਼ਟੀ ਨੇ ਇਨ੍ਹਾਂ ਖੇਡ ਸੰਸਥਾਵਾਂ ਦੀ ਬੁਨਿਆਦ ਰੱਖੀ ਸੀ। 1960 ਵਿਚ ਰੋਮ ਦੀਆਂ ਓਲੰਪਿਕ ਖੇਡਾਂ ਵਿਚ ਜਦੋਂ ਮਿਲਖਾ ਸਿੰਘ ਨੇ ਵਧੀਆ ਕਾਰਗੁਜ਼ਾਰੀ ਵਿਖਾਈ ਤਾਂ ਕੈਰੋਂ ਸਾਹਿਬ ਨੇ ਮਿਲਖਾ ਸਿੰਘ ਨੂੰ ਕਿਹਾ ਕਿ ਮਿਲਟਰੀ ਦੀ ਨੌਕਰੀ ਛੱਡ ਕੇ ਪੰਜਾਬ ਆ ਜਾਵੇ ਜਿਥੇ ਉਸ ਨੂੰ ਖੇਡ ਮਹਿਕਮੇ ਦੀ ਵਧੀਆ ਨੌਕਰੀ ਦਿੱਤੀ ਜਾਵੇਗੀ। ਹਾਕੀ ਵਾਲੇ ਬਲਬੀਰ ਸਿੰਘ ਨੂੰ ਵੀ ਪੰਜਾਬ ਪੁਲੀਸ ਵਿਚੋਂ ਲੈ ਆਂਦਾ ਸੀ। ਮਹਾਰਾਜਾ ਯਾਦਵਿੰਦਰ ਸਿੰਘ ਤੇ ਰਾਜਾ ਭਾਲਿੰਦਰ ਸਿੰਘ ਨੂੰ ਪ੍ਰੇਰ ਕੇ ਮੋਤੀ ਮਹੱਲ ਪਟਿਆਲੇ ਐੱਨਆਈਐੱਸ ਦੀ ਏਸ਼ੀਆ ਦੀ ਸਭ ਤੋਂ ਵੱਡੀ ਕੋਚਿੰਗ ਸੰਸਥਾ ਖੋਲ੍ਹੀ ਗਈ। ਸਪੋਰਟਸ ਸਕੂਲ ਤੇ ਸਪੋਰਟਸ ਕਾਲਜ ਵਰਗੀਆਂ ਸੰਸਥਾਵਾਂ ਨੂੰ ਜਿਥੇ ਖਿਡਾਰੀਆਂ ਦੀ ਲੋੜ ਸੀ, ਉਤੇ ਟ੍ਰੇਂਡ ਕੋਚ ਵੀ ਚਾਹੀਦੇ ਸਨ। ਸੀਪੀਐੱਡ, ਬੀਪੀਐੱਡ, ਡੀਪੀਐੱਡ ਤੇ ਐੱਮਪੀਐੱਡ ਦੇ ਕੋਰਸ ਕਰਾਉਣ ਵਾਲੀਆਂ ਸੰਸਥਾਵਾਂ ਵੀ ਪਟਿਆਲੇ ਵਿਚ ਖੋਲ੍ਹੀਆਂ ਗਈਆਂ। ਇਥੋਂ ਤਿਆਰ ਕੀਤੇ ਅਧਿਆਪਕ ਤੇ ਕੋਚ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਚਾਹੀਦੇ ਸਨ।
ਸਪੋਰਟਸ ਕਾਲਜ ਦੇ ਪਹਿਲੇ ਪ੍ਰਿੰਸੀਪਲ ਸ੍ਰੀ ਸੋਮਨਾਥ ਜੀ ਸਨ ਜੋ ਖੁਦ ਅਥਲੀਟ ਤੇ ਵਾਲੀਬਾਲ ਦੇ ਓਲੰਪੀਅਨ ਸਨ। ਉਹ ਐਨੇ ਮਿਹਨਤੀ ਤੇ ਇਮਾਨਦਾਰ ਸਨ ਕਿ ਤਾਰੀਫ਼ ਕਰਨ ਲਈ ਲਫ਼ਜ਼ ਨਹੀਂ ਲੱਭਦੇ। ਸਪੋਰਟਸ ਸਕੂਲ ਦੇ ਪਿ੍ਰੰਸੀਪਲ ਸ੍ਰੀ ਜਗਦੀਸ਼ ਚੰਦਰ ਜੀ ਸਨ। ਉਹ ਵੀ ਉੱਚ ਪੱਧਰ ਦੇ ਖਿਡਾਰੀ ਹੋਣ ਨਾਲ ਪਿਆਰ ਮੁਹੱਬਤ, ਸ਼ਰਾਫਤ ਤੇ ਸ਼ਾਂਤੀ ਦੇ ਪੁੰਜ ਸਨ। ਦੋਵੇਂ ਪ੍ਰਿੰਸੀਪਲ ਸਾਹਿਬ ਸਵੇਰੇ ਸ਼ਾਮ ਖੇਡ ਮੈਦਾਨਾਂ ਵਿਚ ਆ ਕੇ ਖਿਡਾਰੀਆਂ ਵਾਂਗ ਖੇਡਾਂ ਖੇਡਦੇ। ਉਹ ਅਫਸਰ ਘੱਟ ਤੇ ਖਿਡਾਰੀ ਵੱਧ ਸਨ। ਹੁਣ ਇਹ ਵੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਬੂਝੜ ਸਰਕਾਰਾਂ ਨੇ ਇਹ ਖੇਡ ਸੰਸਥਾਵਾਂ ਉਜਾੜ ਦਿੱਤੀਆਂ ਹਨ। ਪੰਜਾਬ ਦੀ ਉਸਾਰੀ ਤਾਂ ਕੀ ਕਰਨੀ ਸੀ, ਵੋਟਾਂ ਦੀ ਖ਼ਾਤਰ ਪੰਜਾਬ ਦੀ ਜੁਆਨੀ ਨੂੰ ਖੇਡਾਂ ਵੱਲੋਂ ਮੋੜ ਕੇ ਨਸਿ਼ਆਂ ਦੀ ਦਲਦਲ ਵਿਚ ਧੱਕ ਦਿੱਤਾ ਹੈ ਅਤੇ ਪੰਜਾਬ ਦੀ ਸ਼ਾਨ ਮਿੱਟੀ ਵਿਚ ਰੋਲ ਕੇ ਰੱਖ ਦਿੱਤੀ ਹੈ।
ਸਪੋਰਟਸ ਕਾਲਜ ਵਿਚ ਸਾਡਾ ਸਖਤ ਮਿਹਨਤ ਦਾ ਦੌਰ ਚੱਲਦਾ ਸੀ। ਸਵੇਰ ਸ਼ਾਮ ਖੇਡਾਂ ਦੇ ਸ਼ਡਿਊਲ ਮੁਤਾਬਿਕ ਮੁੜ੍ਹਕੇ ਵਹਿਣ ਲੱਗ ਪਏ ਸਨ। ਅਸੀਂ ਕਬੱਡੀ ਦੀਆਂ ਇੰਟਰਵਰਸਿਟੀ ਚੈਂਪੀਅਨਸਿ਼ਪਾਂ ਨਾਲ ਸਟੇਟ ਚੈਂਪੀਅਨਸਿ਼ਪਾਂ ਜਿੱਤਣੀਆਂ ਵੀ ਸ਼ੁਰੂ ਕਰ ਲਈਆਂ। ਸਪੋਰਟਸ ਕਾਲਜ ਉਹ ਟਕਸਾਲ ਸੀ ਜਿਥੇ ਓਲੰਪੀਅਨਾਂ ਦੀ ਘਾੜਤ ਘੜੀ ਜਾਂਦੀ ਸੀ। ਜਿਵੇਂ ਘੁਮਿਆਰ ਕੱਚੀ ਮਿੱਟੀ ਗੁੰਨ੍ਹ ਕੇ, ਚੱਕ ’ਤੇ ਚਾੜ੍ਹ ਕੇ, ਬੜੇ ਸੋਹਣੇ ਭਾਂਡਿਆਂ ਦੀ ਘਾੜਤ ਘੜਦਾ ਹੈ, ਉਵੇਂ ਇਹ ਕਾਲਜ ਕੱਚਘਰੜ ਖਿਡਾਰੀਆਂ ਨੂੰ ਮਿਹਨਤ ਦੀ ਭੱਠੀ ਵਿਚ ਤਪਾ ਕੇ ਵੱਡੇ ਮੁਕਾਬਲਿਆਂ ਲਈ ਤਿਆਰ ਕਰਦਾ ਸੀ। ਪੜ੍ਹਨਾ ਵੀ ਤੇ ਖੇਡਣਾ ਵੀ, ਬੜੀ ਸਖਤ ਤਪੱਸਿਆ ਸੀ। ਉਥੇ ਹਰ ਪੰਜਵੇਂ ਸੱਤਵੇ ਦਿਨ ਕੋਈ ਵੱਡਾ ਖੇਡ ਮੁਕਾਬਲਾ ਹੁੰਦਾ ਸੀ। ਸਾਡੀ ਟੀਮ ਖੇਡਣ ਜਾਣ ਲਈ ਬਿਸਤਰੇ ਬੰਨ੍ਹੀ ਰੱਖਦੀ ਸੀ। ਅਸੀਂ ਬੰਬਈ ਮਦਰਾਸ ਤਕ ਖੇਡਣ ਜਾਂਦੇ ਤੇ ਜਿੱਤ ਕੇ ਮੁੜਦੇ। 1969 ਵਿਚ ਜਦੋਂ ਮੈਂ ਬੀਏ ਕੀਤੀ ਤਾਂ ਮੇਰੇ ਬਾਪੂ ਜੀ ਬ੍ਰੇਨ ਟਿਊਮਰ ਨਾਲ ਬਿਮਾਰ ਹੋ ਗਏ ਜਿਨ੍ਹਾਂ ਦਾ ਇਲਾਜ ਤਿੰਨ ਮਹੀਨੇ ਪੀਜੀਆਈ ਚੰਡੀਗੜ੍ਹ ਵਿਚ ਚੱਲਿਆ। ਮੈਂ ਉਨ੍ਹਾਂ ਦੀ ਸੇਵਾ ਵਿਚ ਰਿਹਾ ਤੇ ਖੂਨ ਦਿੰਦਾ ਰਿਹਾ। 15 ਦਸੰਬਰ 1969 ਨੂੰ ਉਨ੍ਹਾਂ ਦੀ ਮ੍ਰਿਤੂ ਹੋ ਗਈ ਜਿਸ ਨਾਲ ਮੈਨੂੰ ਗਹਿਰਾ ਸਦਮਾ ਲੱਗਾ ਤੇ ਮੈਥੋਂ ਮੇਰੀਆਂ ਖੇਡਾਂ ਛੁੱਟ ਗਈਆਂ।
23 ਅਪਰੈਲ 1971 ਨੂੰ ਪੰਜਾਬ ਪੰਚਾਇਤੀ ਰਾਜ ਖੇਡ ਪਰਿਸ਼ਦ ਵਿਚ ਮੇਰੀ ਨਿਯੁਕਤੀ ਬਤੌਰ ਕਬੱਡੀ ਕੋਚ ਜਿ਼ਲ੍ਹਾ ਫਿਰੋਜ਼ਪੁਰ ਹੋ ਗਈ। ਫਿਰ ਮੈਂ 1975-76 ਵਿਚ ਛੁੱਟੀ ਲੈ ਕੇ ਨਾਗਪੁਰ ਤੋਂ ਡੀਪੀਐੱਡ ਕੀਤੀ। 20 ਸਾਲ ਪੰਜਾਬ ਦੀ ਕਬੱਡੀ ਟੀਮ ਦਾ ਕੋਚ ਰਿਹਾ ਜਿਸ ਨੇ ਦਰਜਨਾਂ ਕੱਪ ਜਿੱਤੇ। ਮੇਰੇ ਤਿਆਰ ਕੀਤੇ ਖਿਡਾਰੀ ਦੇਸ਼ ਵਿਦੇਸ਼ ਦੀਆਂ ਟੀਮਾਂ ਵਿਚ ਖੇਡੇ ਤੇ ਖੁਸ਼ਹਾਲ ਹੋਏ। ਕਬੱਡੀ ਕੋਚ ਤੋਂ ਤਰੱਕੀ ਕਰ ਕੇ ਮੈਂ ਜਿ਼ਲ੍ਹਾ ਖੇਡ ਅਫਸਰ ਬਣਿਆ ਤਾਂ ਇਸ ਦੌਰਾਨ ਕੈਨੇਡਾ ਦੀ ਇਮੀਗ੍ਰੇਸ਼ਨ ਮਿਲ ਗਈ। ਮਾਰਚ 2002 ਵਿਚ ਪ੍ਰੀਮੈਚਿਓਰ ਰਿਟਾਇਰਮੈਂਟ ਲੈ ਕੇ ਮੈਂ ਕੈਨੇਡਾ ਪਹੁੰਚ ਗਿਆ। ਕੈਨੇਡਾ ਆ ਕੇ ਬੜੀ ਕਰੜੀ ਮਿਹਨਤ ਕਰਨੀ ਪਈ। ਤਿੰਨ ਸਾਲ ਫਾਰਮਾਂ ਵਿਚ ਗੋਡੇ ਘਸਾਏ। ਚਾਰ ਸਾਲ ਬਿਲਡਿੰਗਾਂ ਕਲੀਨਅਪ ਕਰਦਿਆਂ ਝਾੜੂ ਮਾਰੇ। ਦੋ ਸਾਲ ਸ਼ੈਰਡਨ ਨਰਸਰੀ ਵਿਚ ਫੁੱਲਾਂ ਦੀਆਂ ਸੁਗੰਧੀਆਂ ਦਾ ਅਨੰਦ ਮਾਣਿਆ। ਸ਼ੁਰੂ ਵਿਚ ਮੈਂ ਕਈ ਫੈਕਟਰੀਆਂ ਵਿਚ ਬੜੇ ਔਖੇ ਕੰਮ ਕੀਤੇ ਪਰ ਕਿਸੇ ਵੀ ਜਗ੍ਹਾ ਪੈਰ ਨਾ ਜੰਮ ਸਕੇ। ਕਿਸੇ ਸਿਆਣੇ ਦੇ ਆਖੇ ਲੱਗ ਕੇ ਮੈਂ ਫਾਰਮਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਥੇ ਵੀ ਬਹੁਤ ਖੱਜਲ ਖੁਆਰੀ ਝੱਲਣੀ ਪਈ। ਦਸ ਦਿਨ ਕਿਸੇ ਫਾਰਮ ’ਤੇ, ਵੀਹ ਦਿਨ ਕਿਸੇ ਫਾਰਮ ’ਤੇ ਧੱਕੇ ਖਾਧੇ। ਅਖ਼ੀਰ ਟੌਮ ਦੇ ਫਾਰਮ ’ਤੇ ਪੈਰ ਜੰਮ ਗਏ। ਟੌਮ ਦਾ ਫਾਰਮ ਚੰਗੀ ਮਿਹਨਤ ਖੁਣੋਂ ਵਿਰਾਨ ਹੋਇਆ ਪਿਆ ਸੀ। ਅਸੀਂ ਉਥੇ ਏਨੀ ਕਰੜੀ ਮਿਹਨਤ ਕੀਤੀ ਕਿ ਛੇ ਮਹੀਨਿਆਂ ਵਿਚ ਹੀ ਲਹਿਰਾਂ ਬਹਿਰਾਂ ਲੱਗ ਗਈਆਂ।
ਮੇਰੀ ਹੱਡਬੀਤੀ ਦੇ ਸਮਾਪਤੀ ਸ਼ਬਦ
ਜੋ ਚਲੀ ਗਈ, ਉਹ ਮੁੜ ਨਹੀਂ ਆਈ (ਜੁਆਨੀ)
ਜੋ ਆ ਗਿਆ ਹੈ, ਉਹ ਜਾ ਨਹੀਂ ਰਿਹਾ (ਬੁਢਾਪਾ)
ਜਿ਼ੰਦਗੀ ਮੰਜ਼ਲ ਹੈ। ਇਸ ਮੰਜ਼ਲ ਵੱਲ ਚਲਦਿਆਂ ਜੀਵਨ ਵਿਚ ਬਹੁਤ ਕੁਝ ਅਨੋਖਾ, ਦੁਖਦਾਈ ਤੇ ਸੁਖਦਾਈ ਵਾਪਰਦਾ ਹੈ। ਜੇਕਰ ਉਨ੍ਹਾਂ ਘਟਨਾਵਾਂ ਨੂੰ ਸਮੇਂ ਸਿਰ ਕਾਨੀਬੰਦ ਕਰ ਲਿਆ ਜਾਵੇ ਤਾਂ ਉਹ ਇਤਿਹਾਸ ਬਣ ਜਾਂਦਾ ਹੈ; ਵਰਨਾ ਉਹ ਘਟਨਾਵਾਂ ਤੁਹਾਡੇ ਚੇਤਿਆਂ ਵਿਚੋਂ ਲੋਪ ਹੋ ਜਾਂਦੀਆਂ ਹਨ। ਜਦੋਂ ਚਸ਼ਮਾ ਪਹਾੜਾਂ ’ਚੋਂ ਫੁੱਟਦਾ ਹੈ ਤਾਂ ਉਸ ਦਾ ਪਾਣੀ ਨਿਰਮਲ ਤੇ ਸਵੱਛ ਹੁੰਦਾ ਹੈ। ਜਿਵੇਂ ਜਿਵੇਂ ਉਹ ਮੈਦਾਨੀ ਇਲਾਕੇ ਵੱਲ ਆਉਂਦਾ ਹੈ ਤਾਂ ਉਸ ਵਿਚ ਆਸਿਓਂ ਪਾਸਿਓਂ ਗੰਦ-ਪਿੱਲ ਰਲਦਾ ਜਾਂਦਾ ਹੈ ਤੇ ਉਹ ਆਪਣੀ ਨਿਰਮਲਤਾ ਤੇ ਸਵੱਛਤਾ ਗੁਆ ਬਹਿੰਦਾ ਹੈ। ਇਵੇਂ ਹੀ ਸਾਡਾ ਜੀਵਨ ਹੈ। ਅਸੀਂ ਆਪਣੇ ਨਿਰਮਲ ਦਿਲ ਦਿਮਾਗ ਨੂੰ ਐਵੇਂ ਹੀ ਕਾਮ, ਕ੍ਰੋਧ, ਲੋਭ, ਮੋਹ, ਮਾਇਆ ਤੇ ਹੰਕਾਰ ਨਾਲ ਭਰ ਲੈਂਦੇ ਹਾਂ ਤੇ ਜੀਵਨ ਨੂੰ ਚੁਰਾਸੀ ਦੇ ਚੱਕਰਾਂ ਵਿਚ ਪਾ ਲੈਂਦੇ ਹਾਂ ਜਿਸ ਤੋਂ ਬਚਣ ਵਿਚ ਹੀ ਸਿਆਣਪ ਹੈ। ਹੋਈਆਂ ਭੁੱਲਾਂ-ਚੁੱਕਾਂ ਦੀ ਖਿ਼ਮਾ ਮੰਗਦਾ ਹੋਇਆ ਪ੍ਰੋ. ਮੋਹਨ ਸਿੰਘ ਦੀਆਂ ਸਤਰਾਂ ਨਾਲ ਸਮਾਪਤ ਕਰਦਾ ਹਾਂ:
ਪੂਰੀ ਸ਼ੈਅ ਨੂੰ ਡਰ ਘਾਟੇ ਦਾ, ਡਰ ਨਾ ਅੱਧੀ ਤਾਈਂ,
ਰੱਬਾ ਪਿਆਰ ਮੇਰੇ ਦੀ ਮੰਜ਼ਲ ਪੂਰੀ ਕਦੇ ਨਾ ਹੋਵੇ।
ਸੰਪਰਕ: principalsarwansingh@gmail.com