ਜਿੰਦਰ
ਮੂਡ ਵਿੱਚ ਆਇਆ ਰਾਮ ਮੂਰਤੀ ਹਰਬੰਸ ਦੀ ਪਿੱਠ ’ਤੇ ਠਾਅ ਕਰਦਾ ਹੱਥ ਮਾਰਦਾ। ਸੱਜੀ ਲੱਤ ਦੇ ਜ਼ੋਰ ਨਾਲ ਕਮਰੇ ਦੇ ਸਾਰੇ ਮੇਜ਼ ਇਕੱਠੇ ਕਰ ਦਿੰਦਾ। ਆਪਣੇ ਮੇਜ਼ ’ਤੇ ਮੁੱਕਾ ਮਾਰ ਕੇ ਕਹਿੰਦਾ, ‘‘ਆਈ ਐਮ ਸਟਿਲ ਯੰਗ ਬੌਇ।’’ ਜੇ ਇਸ ਵੇਲੇ ਕੋਈ ਸਾਂਢ ਵੀ ਕਮਰੇ ਵਿੱਚ ਆ ਵੜੇ ਤਾਂ ਉਹ ਉਸ ਨਾਲ ਇਸੇ ਰੂਪ ਵਿੱਚ ਪੇਸ਼ ਆਵੇਗਾ, ‘‘ਆ ਜਾ ਪੁੱਤ। ਆ ਜਾ। ਤੈਨੂੰ ਮੈਂ ਆਪਣੇ ਹੱਥ ਦਿਖਾਵਾਂ। ਹੈ ਕੋਈ ਮਾਈ ਦਾ ਲਾਲ, ਜਿਹੜਾ ਮੇਰੇ ਨਾਲ ਦਸਤਪੰਜਾ ਲੈ ਸਕੇ।’’ ਦੇਖਣ ਨੂੰ ਉਹ ਹੱਡੀਆਂ ਦੀ ਮੁੱਠ ਲੱਗਦਾ ਸੀ। ਪਰ ਉਸ ਦੀਆਂ ਹੱਡੀਆਂ ਬੜੀਆਂ ਸਖ਼ਤ ਸਨ। ਫੌਲਾਦੀ। ਛੇ ਫੁੱਟ ਦੋ ਇੰਚ ਕੱਦ। ਗੋਰਾ ਨਿਛੋਹ ਰੰਗ। ਸਾਈਕਲ ਦੇ ਦੋਵੇਂ ਪਾਸੇ ਪੈਰ ਟਿਕਾ ਕੇ ਕੋੜਕਿਰਲੇ ਵਾਂਗੂ ਆਕੜ ਕੇ ਖੜ੍ਹ ਜਾਂਦਾ।
ਕੋਈ ਹੋਰ ਹੁੰਦਾ ਤਾਂ ਸੈਕਸ਼ਨ ਅਫ਼ਸਰ ਮਲਕੀਤ ਥਿੰਦ ਨੇ ਫੱਟ ਕਹਿ ਦੇਣਾ ਸੀ, ‘‘ਐਵੇਂ ਨ੍ਹੀਂ ਸਿਆਣਿਆਂ ਨੇ ਕਿਹਾ ਕਿ ਲੰਬੇ ਕੱਦ ਦੇ ਬੰਦੇ ਦੀ ਅਕਲ ਗਿੱਟਿਆਂ ’ਚ ਹੁੰਦੀ ਆ।’’ ਉਸ ਦੇ ਮਾਮਲੇ ਵਿੱਚ ਥਿੰਦ ਚੁੱਪ ਰਹਿੰਦਾ। ਜਿੱਦਾਂ ਉਸ ਇਸ ਗੱਲ ਦਾ ਭੇਤ ਪਾ ਲਿਆ ਹੋਵੇ ਕਿ ਰਾਮ ਮੂਰਤੀ ਨੂੰ ਦਸ-ਬਾਰ੍ਹਾਂ ਦਿਨਾਂ ਬਾਅਦ ਅਜਿਹਾ
ਝੱਸ ਉੱਠਦਾ ਰਹਿੰਦਾ। ਉਹ ਉਸ ਦੀਆਂ ਸਿਫ਼ਤਾਂ ਕਰਦਾ, ‘‘ਇਹਨੂੰ ਜਿਸ ਪਾਸੇ ਭੇਜ ਦਿਓ ਕਦੇ ਖਾਲੀ ਹੱਥ ਨ੍ਹੀਂ ਮੁੜਦਾ। ਕੰਮ ਕਰ ਕੇ ਹੀ ਆਉਂਦਾ। ਬੜੀ ਵਾਕਫ਼ੀਅਤ ਆ ਇਸ ਦੀ ਸਰਕਾਰੀ ਦਫ਼ਤਰਾਂ ’ਚ। ਬਾਜ਼ਾਰਾਂ ’ਚ ਵੀ।’’
ਆਮ ਲੋਕਾਂ ਦੇ ਉਲਟ ਉਸ ਦੀ ਉਮਰ ਘੱਟ ਲਿਖਾਈ ਹੋਈ ਸੀ। ਉਹ ਹੁੱਬ ਕੇ ਦੱਸਦਾ, ‘‘ਮੇਰਾ ਭਾਈਆ ਮੈਨੂੰ ਬਾਹੋਂ ਫੜ ਕੇ ਸਕੂਲੇ ਲੈ ਗਿਆ। ਮੇਰਾ ਕੱਦ-ਕਾਠ ਚੰਗਾ ਸੀ। ਮਾਸਟਰ ਨੇ ਪੁੱਛਿਆ, ‘ਹਾਂ, ਲਾਲਾ ਜੀ, ਕਾਕੇ ਦੀ ਉਮਰ ਕਿੰਨੀ ਲਿਖਾਂ?’ ਭਾਈਆ ਉਂਗਲਾਂ ’ਤੇ ਗਿਣਤੀ ਕਰ ਕੇ ਹਿਸਾਬ-ਕਿਤਾਬ ਲਾਉਣ ਲੱਗਾ। ਉਹ ਨੂੰ ਪੱਕਾ ਚੇਤਾ ਨਾ ਆਇਆ। ਫੇਰ ਉਸ ਨੇ ਲਾਹਪ੍ਰਵਾਹੀ
ਨਾਲ ਕਿਹਾ, ‘ਚੱਲੋ-ਲਿਖ ਦਿਉ ਪੌਣੇ ਪੰਜ ਸਾਲ।’ ਘਰ ਆ ਕੇ ਉਹਨੇ ਝਾਈ ਕੋਲੋਂ ਪੁੱਛਿਆ। ਝਾਈ ਨੇ ਉਮਰ ਸੱਤ ਸਾਲ ਦੱਸੀ। ਕੁਦਰਤ ਜੋ ਕਰਦੀ ਆ- ਠੀਕ ਹੀ ਕਰਦੀ ਆ। ਮੇਰਾ ਫਾਇਦਾ ਹੋ ਗਿਆ। ਦੋ ਸਾਲ ਹੋਰ ਨੌਕਰੀ ਕਰ ਜਾਣੀਂ।’’
ਕੋਈ ਪੁੱਛ ਲੈਂਦਾ, ‘‘ਵਿਆਹ ਵੇਲੇ ਵੀ ਐਦਾਂ ਹੀ ਟੁੱਲ ਲੱਗ ਗਿਆ ਸੀ?’’
ਉਹ ਹੁੱਬ ਕੇ ਦੱਸਦਾ, ‘‘ਐਦਾਂ ਹੀ ਹੋਇਆ ਸੀ। ਮੈਂ ਪਾਣੀ ਵਾਲੀ ਟੂਟੀ ਵੱਲ ਹੱਥ ਧੋਣ ਜਾ ਰਿਹਾ ਸੀ। ਹੱਥਾਂ ਨੂੰ ਲੱਗੀ ਗ੍ਰੀਸ ਚਿਪਚਿਪ ਕਰ ਰਹੀ ਸੀ। ਮੈਂ ਲੀਰ ਨਾਲ ਕਈ ਵਾਰ ਹੱਥ ਪੂੰਝੇ ਪਰ ਗੱਲ ਨਾ ਬਣੀ। ਮੈਂ ਸੋਚਿਆ ਕਿ ਚੱਲ ਮਨਾ ਸਾਬਣ ਨਾਲ ਹੱਥ ਧੋ ਕੇ ਆ। ਜੇ ਮਿੱਟੀ ਨਾਲ ਹੱਥ ਸਾਫ਼ ਕੀਤੇ ਤਾਂ ਪਾਟੇ ਹੱਥਾਂ ’ਚ ਮਿੱਟੀ ਜੰਮ ਜਾਣੀ। ਗ੍ਰੀਸ ਵਾਲਾ ਡਰੰਮ ਸਾਫ਼ ਕਰਦਿਆਂ ਬੁਰਾ ਹਾਲ ਹੋ ਗਿਆ ਸੀ। ਕਰਮਾ ਮੈਨੂੰ ਕਾਲਰੋਂ ਫੜ ਕੇ ਵਰਕਸ ਮੈਨੇਜਰ ਦੇ ਕਮਰੇ ਵੱਲ ਲੈ ਗਿਆ। ਉੱਥੇ ਭਾਈਏ ਨਾਲ ਤਿੰਨ-ਚਾਰ ਉਪਰੇ ਬੰਦੇ ਖੜ੍ਹੇ ਸੀ। ਉਨ੍ਹਾਂ ਮੇਰਾ ਨਾਂ, ਤਨਖਾਹ ਪੁੱਛੀ। ਜਾਂਦੇ ਹੋਏ ਮਲੋਮਲੀ ਪੰਜ ਰੁਪਏ ਦੇ ਗਏ। ਸ਼ਾਮ ਨੂੰ ਘਰੇ ਆ ਕੇ ਪਤਾ ਲੱਗਾ ਕਿ ਉਹ ਭਾਈਏ ਨਾਲ ਗੱਲ ਪੱਕੀ ਕਰ ਗਏ ਨੇ।’’
ਹੁਣ ਉਸ ਦੀ ਅਸਲ ਉਮਰ ਉਨਾਹਠ ਸਾਲ, ਤਿੰਨ ਮਹੀਨੇ ਤੇ ਸੱਤ ਦਿਨ ਸੀ। ਪਰ ਦੇਖਣ, ਚਾਖਣ, ਤੁਰਣ ਦੇ ਅੰਦਾਜ਼ ਤੋਂ ਉਹ ਪੰਜਾਹਾਂ ਦੇ ਏੜ-ਗੇੜ ਵਿੱਚ ਲੱਗਦਾ ਸੀ। ਉਹ ਇੱਕੋ ਸਾਹੇ ਦਫ਼ਤਰ ਦੀਆਂ ਪੈਂਤੀ ਪੌੜ੍ਹੀਆਂ ਚੜ੍ਹ ਜਾਂਦਾ। ਉਹ ਹਰ ਵੇਲੇ ਕੁਝ ਨਾ ਕੁਝ ਖਾਂਦਾ ਰਹਿੰਦਾ। ਭੁੱਜੇ ਹੋਏ ਛੋਲੇ, ਫੁੱਲੀਆਂ, ਮਖਾਣੇ, ਠੂੱਠੀ ਦੀਆਂ ਭਾਂਕੜਾਂ, ਮੂੰਗਫਲੀ ਦੀਆਂ ਗਿਰੀਆਂ, ਗੱਚਕ, ਸ਼ਕਰਪਾਰੇ ਜਾਂ ਕਿਤੋਂ ਮਿਲਿਆ ਹੋਇਆ ਪ੍ਰਸ਼ਾਦ। ਉਸ ਨੇ ਕੁਰਸੀ ਦੀ ਬਾਂਹ ਨਾਲ ਥੈਲਾ ਟੰਗਿਆ ਹੁੰਦਾ ਜਿਸ ਵਿੱਚ ਬੇਤਰਤੀਬ ਕਾਗਜ਼, ਪਲਾਸਟਿਕ ਦੇ ਲਿਫ਼ਾਫ਼ੇ, ਬਿੱਲ ਬੁੱਕਾਂ ਤੇ ਵੱਖ-ਵੱਖ ਇਸ਼ਤਿਹਾਰਾਂ ਦੇ ਪੇਪਰ ਹੁੰਦੇ।
ਹਰਬੰਸ ਨੂੰ ਉਸ ਦੀ ਬ੍ਰਾਂਚ ਵਿੱਚ ਆਇਆਂ ਤਿੰਨ ਹਫ਼ਤੇ ਹੋਏ ਸਨ। ਉਹ ਉਸ ਨੂੰ ਗੁਰੂ ਕਹਿੰਦਾ। ਜਦੋਂ ਕੋਈ ਰਾਜ਼ ਦੀ ਗੱਲ ਪੁੱਛਣੀ ਹੁੰਦੀ ਤਾਂ ਉਸ ਦੇ ਮੂਡ ਅਨੁਸਾਰ ਪੁੱਛਦਾ। ਇੱਕ ਦਿਨ ਉਸ ਨੇ ਪੁੱਛਿਆ, ‘‘ਗੁਰੂ, ਪਤਾ ਲੱਗਾ ਤੂੰ ਕੱਚੇ ਛੋਲੇ ਖਾਣਾਂ?’’
ਉਸ ਨੇ ਹਰਬੰਸ ਦਾ ਗੁੱਟ ਫੜ ਲਿਆ।
ਬੋਲਿਆ, ‘‘ਪਹਿਲਾਂ ਆਪਣਾ ਗੁੱਟ ਛੁਡਾ ਕੇ ਦਿਖਾ,
ਫੇਰ ਮੈਂ ਦੱਸਦਾਂ।’’
ਹਰਬੰਸ ਨੇ ਬਥੇਰਾ ਜ਼ੋਰ ਲਾਇਆ ਪਰ ਉਸ ਕੋਲੋਂ ਆਪਣਾ ਗੁੱਟ ਨਾ ਛੁਡਵਾਇਆ ਗਿਆ। ਉਸ ਨੇ ਹਾਰ ਮੰਨ ਲਈ ਤਾਂ ਉਹ ਦੱਸਣ ਲੱਗਾ, ‘‘ਮੈਂ ਸਵੇਰ ਨੂੰ ਚਾਰ ਵੱਜੇ ਉੱਠਦਾਂ। ਜੰਗਲ-ਪਾਣੀ ਜਾ ਕੇ, ਬੁਰਸ਼ ਕਰਦਾਂ। ਪਾਣੀ ਦਾ ਗਲਾਸ ਪੀ ਕੇ ਸਾਈਕਲ ਦੀ ਕਾਠੀ ’ਤੇ ਹੱਥ ਫੇਰ ਕੇ ਉਸ ਨੂੰ ਕਹਿਣਾਂ, ‘ਚੱਲ-ਪੁੱਤ ਹੁਣ ਆਪਾਂ ਚੱਲੀਏ।’ ਮੇਰੇ ਘਰ ਤੋਂ ਸ਼ਾਸਤਰੀ ਮਾਰਕੀਟ ਤਿੰਨ ਮੀਲ ਦੂਰ ਪੈਂਦਾ। ਸੱਪਾਂ ਵਾਲੇ ਮੰਦਰ ਕੋਲ ਆ ਕੇ ਸਾਈਕਲ ਖੜ੍ਹਾ ਕਰਦਾਂ। ਦੇਵਤਿਆਂ ਨੂੰ ਮੱਥਾ ਟੇਕਦਾਂ। ਫੇਰ ਕੱਚੇ ਛੋਲਿਆਂ ਦਾ ਭੋਗ ਲਾਉਣਾਂ। ਰਾਤ ਨੂੰ ਸੌਣ ਤੋਂ ਪਹਿਲਾਂ ਵੀਹ ਛੋਲਿਆਂ ਦੇ ਦਾਣੇ ਗਿਣ ਕੇ ਲਿਫ਼ਾਫ਼ੇ ’ਚ ਪਾ ਕੇ ਸਾਈਕਲ ਦੀ ਟੋਕਰੀ ’ਚ ਰੱਖਦਾਂ। ਸ਼ਾਸਤਰੀ ਮਾਰਕੀਟ ਤੱਕ ਇਹ ਦਾਨੇ ਮੁਕਾ ਦਿੰਨਾਂ। ਦੇਖ ਮੇਰੇ ਦੰਦ। ਦਿਖਾਲ ਤਾਂ ਜੇ ਇੱਕ ਵੀ ਖਰਾਬ ਹੋਇਆ ਹੋਵੇ। ਅੱਜ ਕੱਲ੍ਹ ਦੇ ਜੰਮੇ ਤਾਂ ਪੌਪਕੌਰਨ ਖਾਣ ਗਿੱਝੇ ਹੋਏ ਨੇ। ਇਨ੍ਹਾਂ ਦੇ ਦੰਦਾਂ ਦੀ ਮਜ਼ਬੂਤੀ ਕਿੱਥੋਂ ਆਉਣੀ।’’
ਉਹ ਸਟੋਰ ਬੌਇ ਵਜੋਂ ਨੌਕਰੀ ’ਤੇ ਲੱਗਾ ਸੀ। ਪੰਜ ਸਾਲਾਂ ਮਗਰੋਂ ਕਲਰਕ ਬਣ ਗਿਆ। ਇੱਥੇ ਵੀ ਉਸ ਦਾ ਤੁੱਕਾ ਲੱਗ ਗਿਆ। ਉਹ ਆਪਣੇ ਸਾਹਿਬ ਦੇ ਘਰ ਅਖ਼ਬਾਰਾਂ ਦੇਣ ਗਿਆ ਸੀ। ਜਾਂਦਾ ਤਾਂ ਰੋਜ਼ ਸੀ ਪਰ ਉਸ ਦਿਨ ਗਿਆ ਤਾਂ ਕੋਠੀ ਦੇ ਬਾਹਰ ਬਾਸਕਟਬਾਲ ਆ ਕੇ ਡਿੱਗੀ। ਉਸ ਨੇ ਸਾਈਕਲ ਖੜ੍ਹਾ ਕੇ ਬਾਸਕਟਬਾਲ ਚੁੱਕੀ ਤੇ ਅੰਦਰ ਲੰਘ ਗਿਆ। ਸਾਹਿਬ ਆਪਣੇ ਮੁੰਡੇ ਨਾਲ ਬਾਸਕਟਬਾਲ ਖੇਡ ਰਿਹਾ ਸੀ। ਉਸ ਨੇ ਇੱਕ ਨੁੱਕਰ ਵਿੱਚ ਖੜ੍ਹ ਕੇ ਬਾਲ ਨੂੰ ਐਦਾਂ ਸੁੱਟਿਆ ਕਿ ਇਹ ਬਾਸਕਟ ਵਿੱਚ ਜਾ ਡਿੱਗੀ। ਸਾਹਿਬ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ। ਫੇਰ ਉਸ ਨੂੰ ਦੂਜੇ ਪਾਸੇ ਖੜ੍ਹ ਕੇ ਬਾਸਕਟਬਾਲ ਸੁੱਟਣ ਲਈ ਕਿਹਾ। ਉਸ ਨੇ ਦਸ ਵਾਰ ਬਾਲ ਸੁੱਟੀ। ਸੱਤ ਵਾਰ ਬਾਸਕਟ ਵਿੱਚ ਸੁੱਟਣ ਵਿੱਚ ਸਫ਼ਲ ਹੋ ਗਿਆ। ਸਾਹਿਬ ਨੇ ਪੁੱਛਿਆ, ‘‘ਉਏ ਮੁੰਡਿਆ, ਤੂੰ ਕਿੱਥੇ ਕੰਮ ਕਰਦਾਂ?’’
‘‘ਤੁਹਾਡੇ ਕੋਲ ਜੀ।’’
‘‘ਮੇਰੇ ਕੋਲ ਕਿੱਥੇ? ਮੈਂ ਤਾਂ ਤੈਨੂੰ ਕਦੇ ਦਫ਼ਤਰ ’ਚ ਦੇਖਿਆ ਨ੍ਹੀਂ।’’
‘‘ਮੈਂ ਸਟੋਰ ’ਚ ਹੁਣਾ ਜੀ।’’
‘‘ਤੇਰਾ ਡੈਜੀਗਨੇਸ਼ਨ ਕੀ ਆ?’’
‘‘ਸਟੋਰ ਬੌਇ।’’
‘‘ਕੱਲ੍ਹ ਤੋਂ ਤੂੰ ਮੇਰੇ ਨਾਲ ਬਾਸਕਟਬਾਲ ਖੇਡਣ ਆਇਆ ਕਰੀਂ। ਦਫ਼ਤਰ ਭਾਵੇਂ ਅੱਧਾ ਘੰਟਾ ਲੇਟ ਚਲਿਆ ਜਾਈਂ, ਮੈਂ ਵਰਕਸ ਮੈਨੇਜਰ ਨੂੰ ਕਹਿ ਦਊਂਗਾ।’’ ਸਾਹਿਬ ਦਾ ਕਿਹਾ ਸਿਰ ਮੱਥੇ ’ਤੇ। ਉਹ ਰੋਜ਼ਾਨਾ ਇੱਕ ਘੰਟਾ ਸਾਹਿਬ ਨਾਲ ਖੇਡਣ ਲੱਗਾ। ਸਾਹਿਬ ਨੇ ਉਸ ਕੋਲੋਂ ਉਸ ਦੇ ਪਰਿਵਾਰ ਬਾਰੇ ਪੁੱਛਿਆ। ਉਸ ਨੇ ਦੱਸਿਆ, ‘‘ਬਾਪੂ ਜੀ, ਸਿਆਲਕੋਟ ਵੱਲੋਂ ਉੱਜੜ-ਪੁੱਜੜ ਕੇ ਇੱਧਰ ਆਏ। ਉਹ ਪੰਜ ਭਰਾ ਸਨ। ਚਾਰ ਵੱਢ-ਵਢਾਂਗੇ ’ਚ ਮਾਰੇ ਗਏ। ਜਿੱਦਾਂ ਕਿੱਦਾਂ ਬਾਪੂ ਜੀ ਆਪਣੀ ਜਾਨ ਬਚਾ ਕੇ ਜਲੰਧਰ ਆਏ। ਅਸੀਂ ਦੋ ਭਰਾ ਸੀ। ਮੈਥੋਂ ਵੱਡੇ ਦੇ ਵੱਡੀ ਮਾਤਾ ਨਿਕਲੀ। ਸਾਰਾ ਜਿਸਮ ਫੋੜਿਆਂ ਨਾਲ ਭਰ ਗਿਆ। ਅੱਖਾਂ ਦੀ ਰੌਸ਼ਨੀ ਚਲੀ ਗਈ। ਫੇਰ ਉਹ ਪ੍ਰਲੋਕ ਸਿਧਾਰ ਗਿਆ। ਬਾਪੂ ਜੀ ਨੇ ਮੈਨੂੰ ਸਮਝਾਇਆ ਕਿ ਆਪਣੀ ਭਰਜਾਈ ਵੀ ਰੱਖ ਲੈ। ਕਿੱਥੇ ਵਿਚਾਰੀ ਧੱਕੇ ਖਾਂਦੀ ਫਿਰੇਗੀ। ਮੈਂ ਆਪ ਵਿਆਹਿਆ ਹੋਇਆ ਸੀ। ਭਰਜਾਈ ਦੇ ਮਾਂ-ਪਿਓ ਉਸ ਨੂੰ ਲੈ ਜਾਣ ਲੱਗੇ ਤਾਂ ਮੇਰੀ ਭਤੀਜੀ, ਮੇਰੀਆਂ ਲੱਤਾਂ ਨੂੰ ਚੁੰਬੜ ਗਈ, ‘ਮੈਂ ਨ੍ਹੀਂ ਜਾਣਾ। ਮੈਨੂੰ ਨਾਨੀ ਕੁੱਟਦੀ ਹੁੰਦੀ।’ ਮੇਰਾ ਮਨ ਪਸੀਜ ਗਿਆ। ਮੈਂ ਉਸ ਨੂੰ ਘਰੋਂ ਨਾ ਜਾਣ ਦਿੱਤਾ। ਉਸ ਦੀ ਰੋਟੀ-ਪਾਣੀ, ਕੱਪੜਿਆਂ ਦੀ ਜ਼ਿੰਮੇਵਾਰੀ ਸਾਂਭ ਲਈ। ਹੁਣ ਅਖ਼ਬਾਰਾਂ ਦੀ ਕਮਾਈ ਉਨ੍ਹਾਂ ਦੇ ਲੇਖੇ ਲਾਉਂਦਾ ਹਾਂ। ਚੱਲੋ- ਮੈਂ ਸਮਝ ਲਿਆ ਕਿ ਇਹ ਵੀ ਪੁੰਨ ਵਾਲਾ ਕੰਮ ਆ।’’ ਸਾਹਿਬ ਉਸ ’ਤੇ ਮਿਹਰਬਾਨ ਹੋ ਗਿਆ। ਉਸ ਨੂੰ ਟਾਈਪ ਸਿੱਖਣ ਲਾਇਆ। ਡਾਇਰੈਕਟਰ ਕੋਲੋਂ ਕਲਰਕ ਦੇ ਆਰਡਰ ਕਰਵਾ ਕੇ ਦਿੱਤੇ। ਸਪੋਰਟਸ ਕੋਟੇ ਵਿੱਚੋਂ।
ਉਹ ਪਝੰਤਰ ਫ਼ੀਸਦੀ ਸਰਕਾਰੀ ਮੁਲਾਜ਼ਮ ਸੀ। ਪੱਚੀ ਫ਼ੀਸਦੀ ਅਖ਼ਬਾਰਾਂ ਦਾ ਹਾਕਰ। ਉਸ ਨੇ ਕਦੇ ਰੱਜ ਕੇ ਸੌਂ ਕੇ ਨਹੀਂ ਦੇਖਿਆ ਸੀ। ਸ਼ਾਸਤਰੀ ਮਾਰਕੀਟ ਤੋਂ ਅਖ਼ਬਾਰਾਂ ਚੁੱਕਦਾ। ਅਖ਼ਬਾਰਾਂ ਵਿੱਚ ਇਸ਼ਤਿਹਾਰ ਪਾਉਂਦਾ। ਆਪਣੇ ਨੌਕਰ ਨੂੰ ਅਖ਼ਬਾਰਾਂ ਦਿੰਦਾ। ਆਪਣੇ ਇਲਾਕੇ ਵਿੱਚ ਵੰਡਣ ਵਾਲੀਆਂ ਅਖ਼ਬਾਰਾਂ ਨੂੰ ਸਾਈਕਲ ਦੇ ਕੈਰੀਅਰ ’ਤੇ ਰੱਖਦਾ। ਸਾਈਕਲ ’ਤੇ ਲੱਤ ਦੇ ਕੇ ਬੁੱਬ ਮਾਰਦਾ, ‘‘ਆਹ ਚਲਿਆ ਜੇ.ਪੀ. ਕਾਲੋਨੀ ਵਾਲਾ ਸੇਠ ਰਾਮ ਮੂਰਤੀ। ਚੱਲ- ਪੁੱਤ ਚੱਕ ਦੇ ਫੱਟੇ।’’ ਉਹ ਸ਼ਾਮ ਨੂੰ ਦਿੱਲੀ ਤੋਂ ਆਈਆਂ ਅਖ਼ਬਾਰਾਂ ‘ਦਿ ਹਿੰਦੂ’, ‘ਹਿੰਦੋਸਤਾਨ ਟਾਈਮਜ਼’, ‘ਟਾਈਮਜ਼ ਆਫ਼ ਇੰਡੀਆ’ ਆਪਣੇ ਗ੍ਰਾਹਕਾਂ ਦੇ ਘਰੇ ਸੁੱਟ ਕੇ, ਘਰੇ ਆਉਂਦਾ। ਜੇ ਕਿਸੇ ਨਾਲ ਗੱਲੀਂ ਲੱਗ ਜਾਂਦਾ ਤਾਂ ਰਾਤ ਵੀ ਪੈ ਜਾਂਦੀ।
ਉਸ ਨੂੰ ਆਪਣੇ ਅਧੀਨ ਪੈਂਦੇ ਇਲਾਕੇ ਦੇ ਇਕੱਲੇ ਇਕੱਲੇ ਘਰ ਦੇ ਇਕੱਲੇ ਇਕੱਲੇ ਜੀਅ ਦਾ ਪਤਾ ਸੀ। ਉਸ ਨੇ ਹਰੇਕ ਘਰ ਨਾਲ ਸਾਂਝ ਬਣਾ ਰੱਖੀ ਸੀ। ਕਿਸੇ ਦਾ ਪੁੱਤ ਬਣਿਆ ਹੋਇਆ ਸੀ। ਕਿਸੇ ਦਾ ਭਤੀਜਾ। ਕਿਸੇ ਦਾ ਅੰਕਲ। ਕਿਸੇ ਦਾ ਭਾਈ ਸਾਹਿਬ। ਕਿਸ ਘਰ ਦਾ ਕਿਹੜਾ ਮੁੰਡਾ ਕਿਹੜੇ ਕਾਲਜ ਵਿੱਚ ਪੜ੍ਹਦਾ। ਕਿਹੜਾ ਮੁੰਡਾ ਬਾਹਰ ਜਾਣ ਦੀ ਤਿਆਰੀ ਕਰ ਰਿਹਾ। ਕਿਹੜਾ ਬਿਮਾਰ ਚੱਲ ਰਿਹਾ। ਕਿਸ ਦਾ ਕੰਮ ਮੰਦਾ ਪਿਆ। ਕਿਸ ਦੀਆਂ ਪੌਂ-ਬਾਰ੍ਹਾਂ ਪੈ ਰਹੀਆਂ। ਕਿਸ ਨੇ ਕਿਸ ਪਾਰਟੀ ਨੂੰ ਵੋਟ ਪਾਉਣੀ। ਕਿਹੜਾ ਮਾਤਾ ਚਿੰਤਪੁਰਣੀ ਦੇ ਗਿਆ ਜਾਂ ਵੈਸ਼ਨੋ ਦੇਵੀ ਜਾ ਰਿਹਾ। ਕਿਹੜਾ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਇਆ। ਕਿਸ ਦਾ ਘਰ ਕਿੰਨੇ ਦਿਨਾਂ ਲਈ ਬੰਦ ਰਹੇਗਾ। ਕਿਸ ਘਰ ਦਾ ਬਜ਼ੁਰਗ ਢਿੱਲਾ-ਮੱਠਾ ਚੱਲ ਰਿਹਾ ਜਾਂ ਕਿਹੜੇ ਹਸਪਤਾਲ ਵਿੱਚ ਦਾਖ਼ਲ ਹੈ। ਉਸ ਨੂੰ ਹਰੇਕ ਘਰ ਦਾ ਪਤਾ ਹੁੰਦਾ।
ਸ਼ਨਿੱਚਰਵਾਰ ਤੇ ਐਤਵਾਰ ਬਾਬੂ ਲੋਕ ਆਪਣੇ ਘਰਾਂ ਦੇ ਕੰਮ ਕਰਦੇ। ਰਿਸ਼ਤੇਦਾਰੀਆਂ ਵਿੱਚ ਜਾਂਦੇ। ਕੋਈ ਥੀਏਟਰ ਵਿੱਚ ਫ਼ਿਲਮ ਦੇਖਣ ਚੱਲਾ ਜਾਂਦਾ ਜਾਂ ਘੁੰਮਣ-ਫਿਰਣ, ਪਰ ਉਸ ਦਾ ਅੱਧਾ ਦਿਨ ਅਖ਼ਬਾਰਾਂ, ਮੈਗਜ਼ੀਨ ਵੰਡਣ ਜਾਂ ਬਿੱਲ ਇਕੱਠੇ ਕਰਨ ਵਿੱਚ ਲੰਘ ਜਾਂਦਾ। ਜੇ ਕਿਸੇ ਨੇ ਬਿੱਲ ਦੇ ਪੈਸੇ ਮਹੀਨੇ ਬਾਅਦ ਦੇ ਦਿੱਤੇ ਤਾਂ ਵੀ ਠੀਕ। ਜੇ ਕਿਸੇ ਨੇ ਦੋ ਮਹੀਨਿਆਂ ਦੇ ਇਕੱਠੇ ਦਿੱਤੇ ਤਾਂ ਵੀ ਉਹ ਮੱਥੇ ’ਤੇ ਵੱਟ ਨਾ ਪਾਉਂਦਾ।
ਇੱਕ ਵਾਰ ਉਸ ਦੀ ਡਿਊਟੀ ਚੋਣਾਂ ’ਤੇ ਲੱਗ ਗਈ। ਪ੍ਰੀਜ਼ਾਇਡਿੰਗ ਅਫ਼ਸਰ ਦੂਜੇ ਸ਼ਹਿਰ ਤੋਂ ਸੀ। ਰਾਮ ਮੂਰਤੀ ਨੇ ਉਸ ਦੀ ਖ਼ੂਬ ਸੇਵਾ ਕੀਤੀ। ਉਸ ਨੇ ਖ਼ੁਸ਼ ਹੋ ਕੇ ਰਾਮ ਮੂਰਤੀ ਤੋਂ ਪੁੱਛਿਆ, ‘‘ਹਾਂ ਬਈ, ਰਾਮ ਮੂਰਤੀ- ਤੂੰ ਲੋਕਲ ਬੰਦਾ। ਮੈਂ ਬਾਹਰੋਂ ਆਉਣਾ। ਮੈਨੂੰ ਰਾਤ ਸਾਮਾਨ ਨਾਲ ਹੀ ਕੱਟਣੀ ਪੈਣੀ। ਤੂੰ ਭਾਵੇਂ ਰਾਤ ਨੂੰ ਘਰ ਜਾ ਕੇ ਸੌਂ ਜਾਈਂ। ਸਵੇਰ ਨੂੰ ਛੇ ਵਜੇ ਤੋਂ ਪਹਿਲਾਂ ਆ ਜਾਈਂ। ਮੈਂ ਤੇਰੇ ਲਈ ਐਨਾ ਕੁ ਕਰ ਸਕਦਾਂ। ਤੂੰ ਵੀ ਕੀ ਯਾਦ ਕਰੇਂਗਾ। ਹੋਰ ਸੇਵਾ ਦੱਸ?’’
‘‘ਸਰ ਜੀ ਸਵੇਰ ਨੂੰ ਮੈਨੂੰ ਦੋ ਘੰਟਿਆਂ ਦੀ ਛੁੱਟੀ ਦੇ ਦਿਓ।’’ ਉਸ ਨੇ ਹੱਥ ਜੋੜ ਕੇ ਕਿਹਾ।
‘‘ਕਾਸ ਲਈ?’’
‘‘ਇਹੀ ਵੇਲਾ ਮੇਰਾ ਅਖ਼ਬਾਰਾਂ ਵੰਡਣ ਦਾ ਹੁੰਦਾ।’’
‘‘ਅੱਠ ਵੱਜੇ ਵੋਟਿੰਗ ਸ਼ੁਰੂ ਹੋ ਜਾਣੀਂ। ਮੈਂ ਤੈਨੂੰ ਛੁੱਟੀ ਦੇ ਕੇ ਆਪ ਮਰਣਾ।’’
ਉਸ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਉਹਨੇ ਕਦੇ ਜਲੰਧਰ ਦੀ ਸਰਹੱਦ ਟੱਪ ਕੇ ਨਹੀਂ ਦੇਖੀ। ਉਸ ਦੀ ਤੇਤੀ ਸਾਲ ਦੀ ਨੌਕਰੀ ਹੋ ਚੱਲੀ ਸੀ। ਕੰਮ ਵੀ ਜ਼ਿਆਦਾ ਕਰਕੇ ਡਿਸਪੈਚ ਦਾ ਕੀਤਾ। ਇੱਕ ਵਾਰ ਕਿਸੇ ਦੂਜੀ ਸੀਟ ’ਤੇ ਆਰਡਰ ਹੋਏ ਤਾਂ ਉਹ ਕਹਾਵਤ ਸੁਣਾਉਣ ਲੱਗਾ, ‘‘ਤੂੰ ਕਿਉਂ ਰੋਨੀਂ ਏਂ ਰੰਗੜ ਦੀਏ ਮਾਏਂ, ਆਪੇ ਰੋਣਗੇ ਉਹ, ਜਿਨ੍ਹਾਂ ਰੰਗੜ ਕਾਮੇ ਲਾਏ।’’
ਉਹ ਅਕਸਰ ਪੰਜਾਹ-ਪੰਜਾਹ ਪੈਸਿਆਂ ਦੀ ਕਿਰਸ ਕਰਦਾ। ਕੋਈ ਬਾਬੂ ਉਸ ਨੂੰ ਟੋਕਦਾ, ਅੱਗੋਂ ਉਹ ਕਹਿੰਦਾ, ‘‘ਭਾਈ ਬੂੰਦ-ਬੂੰਦ ਨਾਲ ਦਰਿਆ ਭਰ ਜਾਂਦਾ।’’
‘‘ਅਖ਼ਬਾਰਾਂ ਵਾਂਗੂ।’’
‘‘ਐਦਾਂ ਹੀ ਸਮਝ ਲੈ।’’
‘‘ਮਹੀਨੇ ਦਾ ਅੱਠ-ਦੱਸ ਹਜ਼ਾਰ ਬਣ ਜਾਂਦਾ ਹੋਣਾ।’’
‘‘ਕਿੱਥੇ ਜੀ।’’ ਉਹ ਐਦਾਂ ਜ਼ਾਹਿਰ ਕਰਦਾ ਜਿੱਦਾਂ ਪੈਸੇ ਉਸ ਲਈ ਬਹੁਤੀ ਅਹਿਮੀਅਤ ਨਾ ਰੱਖਦੇ ਹੋਣ।
‘‘ਚਾਰ-ਪੰਜ ਹਜ਼ਾਰ ਤਾਂ ਕਿਤੇ ਗਿਆ ਹੀ ਨ੍ਹੀਂ?’’ ਪੁੱਛਣ ਵਾਲਾ ਆਪਣਾ ਅੰਦਾਜ਼ਾ ਲਾਉਂਦਾ।
‘‘ਨਾ-ਜੀ-ਨਾ।’’ ਉਹ ਸਿਰ ਮਾਰੀ ਜਾਂਦਾ।
‘‘ਚਾਹ ਪਾਣੀ ਦਾ ਖਰਚਾ ਮੰਨ ਲੈ।’’
‘‘ਬੁੱਤਾ ਸਰ ਜਾਂਦਾ।’’ ਉਹ ਗੋਲਮੋਲ ਗੱਲ ਕਰੀ ਜਾਂਦਾ। ‘‘ਫੇਰ ਇਹ ਕੰਮ ਕਿਉਂ ਕਰਦਾਂ?’’ ਪੁੱਛਣ ਵਾਲਾ ਔਖਾ ਹੋ ਕੇ ਪੁੱਛਦਾ।
‘‘ਲੋਕ ਜਿੰਮ ’ਚ ਜਾਂਦੇ ਨੇ। ਉੱਥੇ ਜਾ ਕੇ ਖੜ੍ਹਾ ਸਾਈਕਲ ਚਲਾਉਂਦੇ ਨੇ। ਕੋਲੋਂ ਹਜ਼ਾਰ ਦੇ ਕੇ ਆਉਂਦੇ ਨੇ। ਮੋਟਰਸਾਈਕਲ ਜਾਂ ਸਕੂਟਰ ਦੇ ਤੇਲ ’ਤੇ ਅੱਡ ਖਰਚਾ ਆਉਂਦਾ। ਮੈਂ ਤਿੰਨ ਘੰਟੇ ਸਾਈਕਲ ਚਲਾਉਣਾਂ। ਮੁੜਕੋ ਮੁੜਕੀ ਹੁੰਨਾਂ। ਖ਼ੂਬ ਭੁੱਖ ਲੱਗਦੀ। ਰਾਤ ਨੂੰ ਘੋੜੇ ਵੇਚ ਕੇ ਸੌਂਈਦਾ। ਐਨਾ ਥੋੜ੍ਹਾ। ਹੈ ਕੋਈ ਮਾਈ ਦਾ ਲਾਲ- ਜਿਹੜਾ ਮੇਰੇ ਵਾਂਗੂ ਕੱਚੇ ਛੋਲੇ ਖਾ ਕੇ ਦਿਖਾਏ। ਆਈ ਐਮ ਸਟਿਲ ਯੰਗਮੈਨ।’’ ਉਹ ਇੱਕ ਲੱਤ ਦੇ ਜ਼ੋਰ ਨਾਲ ਸਾਰੇ ਮੇਜ਼ਾਂ ਨੂੰ ਭਿੜਾ ਦਿੰਦਾ। ਜ਼ੋਰ ਦੇਣੀ ਆਪਣੇ ਮੇਜ਼ ’ਤੇ ਮੁੱਕਾ ਮਾਰਦਾ, ‘‘ਸਾਰੇ ਟੌਹਰਾਂ ਦੇ ਪੱਟੇ ਹੋਏ ਨੇ। ਕੋਈ ਮੇਰੇ ਜਿੰਨਾ ਸਾਈਕਲ ਚਲਾ ਕੇ ਦਿਖਾਏ- ਮੈਂ ਉਸ ਦੀ ਲੱਤ ਹੇਠਾਂ ਦੀ ਲੰਘ ਜਾਵਾਂਗਾ।’’
ਕਮਰੇ ਵਿੱਚ ਚੁੱਪ ਛਾ ਜਾਂਦੀ। ਕਿਸੇ ਕੋਲ ਵੀ ਉਸ ਦੀਆਂ ਗੱਲਾਂ ਦਾ ਕੋਈ ਜੁਆਬ ਨਾ ਹੁੰਦਾ।
ਸੰਪਰਕ: 98148-03254