ਮਹੇਸ਼ ਸ਼ਰਮਾ
ਛਪਾਰ ਵਿੱਚ ਕਿਸੇ ਵੇਲੇ ਗੂਗਾ ਪੀਰ ਦੀ ਪੂਜਾ ਦੇ ਮੰਤਵ ਨਾਲ ਸ਼ੁਰੂ ਹੋਇਆ ਨਰੋਲ ਧਾਰਮਿਕ ਇਕੱਠ ਡੇਢ ਸਦੀ ਦੌਰਾਨ ਸੱਭਿਆਚਾਰਕ, ਸਮਾਜਿਕ ਤੇ ਸਿਆਸੀ ਮੰਚ ਵਜੋਂ ਉਭਰਿਆ ਹੈ। ਛਪਾਰ ਦਾ ਮੇਲਾ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਮੇਲਿਆਂ ’ਚੋਂ ਇੱਕ ਹੈ। ਛਪਾਰ ਦੀ ਮੌਜੂਦਾ ਗੁੱਗਾ ਮਾੜੀ 1890 ਵਿੱਚ ਅਹਿਮਦਗੜ੍ਹ ਦੇ ਲਹਿੰਦੇ ਵੱਲ ਲੁਧਿਆਣਾ ਜ਼ਿਲ੍ਹੇ ਦੇ ਦੱਖਣੀ ਹਿੱਸੇ ’ਚ ਉਸਾਰੀ ਦੱਸੀ ਜਾਂਦੀ ਹੈ, ਜਿੱਥੇ ਭਾਦੋਂ ਦੇ ਅੱਧ ਵਿੱਚ ਚਾਰ ਦਿਨਾਂ ਦਾ ਮੇਲਾ ਲੱਗਦਾ ਹੈ। ਅੰਗਰੇਜ਼ੀ ਕੈਲੰਡਰ ਅਨੁਸਾਰ ਇਸ ਵਾਰ ਇਹ ਮੇਲਾ ਅੱਠ ਸਤੰਬਰ ਨੂੰ ਚੌਕੀਆਂ ਨਾਲ ਸ਼ੁਰੂ ਹੋਵੇਗਾ ਅਤੇ 10 ਸਤੰਬਰ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੂਬਾਈ ਆਗੂ ਆਪਣੀਆਂ ਕਾਨਫਰੰਸਾਂ ਨੂੰ ਸੰਬੋਧਨ ਕਰਨਗੇ।
ਬੀਤੇ ਚਾਰ ਦਹਾਕਿਆਂ ਦੌਰਾਨ ਮੇਲੇ ਦਾ ਰੂਪਾਂਤਰਨ ਇੰਨੀ ਤੇਜ਼ੀ ਨਾਲ ਹੋਇਆ ਹੈ ਕਿ ਹੁਣ ਉਨ੍ਹਾਂ ਦਿਨਾਂ ਦੀ ਸਿਰਫ਼ ਧੁੰਦਲੀ ਜਿਹੀ ਯਾਦ ਰਹਿ ਗਈ ਹੈ ਜਦੋਂ ਅਹਿਮਦਗੜ੍ਹ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਵਸਨੀਕ ਦੂਰ ਦਰਾਡਿਓਂ ਮੇਲਾ ਦੇਖਣ ਆਉਣ ਵਾਲੇ ਰਿਸ਼ਤੇਦਾਰਾਂ ਤੇ ਮਹਿਮਾਨਾਂ ਲਈ ਮੰਜਿਆਂ ਦੀਆਂ ਦੌਣਾਂ ਕੱਸਦੇ ਸਨ ਅਤੇ ਨਵੀਆਂ ਚਾਦਰਾਂ ਤੇ ਖੇਸਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਅਚਾਰ, ਮੁਰੱਬੇ ਆਦਿ ਵੀ ਤਿਆਰ ਕਰਦੇ ਸਨ ਤਾਂ ਕਿ ਸਾਲ ਵਿੱਚ ਇੱਕ ਵਾਰ ਆਉਣ ਵਾਲੇ ਮਹਿਮਾਨਾਂ ਦੀ ਖਾਤਿਰਦਾਰੀ ਵਿੱਚ ਕੋਈ ਕਸਰ ਨਾ ਰਹਿ ਜਾਵੇ।
ਸ਼ਰਧਾਲੂ ਵੀ ਸਿੱਧਾ ਮਾੜੀ ’ਤੇ ਜਾਣ ਦੀ ਜਗ੍ਹਾ ਆਪਣੇ ਸਾਈਕਲ ਆਦਿ ਸਥਾਨਕ ਪਰਿਵਾਰਾਂ ਦੇ ਘਰ ਖੜ੍ਹੇ ਕਰ ਕੇ ਇੱਥੋਂ ਪੈਦਲ ਜਾਂਦੇ ਸਨ। ਇਸ ਦੇ ਉਲਟ ਹੁਣ ਨਾ ਤਾਂ ਲੋਕਾ ਨੂੰ ਮਹਿਮਾਨਾਂ ਦੇ ਆਉਣ ਦਾ ਚਾਅ ਹੈ ਅਤੇ ਨਾ ਹੀ ਸ਼ਰਧਾਲੂਆਂ ਕੋਲ ਉਨ੍ਹਾਂ ਦੇ ਘਰੀਂ ਆਉਣ ਦਾ ਸਮਾਂ ਹੈ। ਜਿਹੜੇ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਖਾਣਾ ਆਦਿ ਖਾ ਕੇ ਮਾੜੀ ’ਤੇ ਜਾ ਕੇ ਮੱਥਾ ਟੇਕਦੇ ਸਨ ਉਹ ਹੁਣ ਉੱਥੇ ਲੱਗੇ ਸਟਾਲਾਂ ਆਦਿ ’ਤੇ ਪੱਛਮੀ ਪ੍ਰਭਾਵ ਵਾਲੇ ਮਸਾਲੇਦਾਰ ਪਦਾਰਥ ਖਾ ਕੇ ਖੁਸ਼ ਹੁੰਦੇ ਹਨ।
ਬੀਤੇ ਦਹਾਕਿਆਂ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਕਈ ਗੁਣਾ ਵਧ ਜਾਣ ਕਰਕੇ ਮਾੜੀ ਦੇ ਨਾਲ-ਨਾਲ ਹੋਰਨਾਂ ਇਮਾਰਤਾਂ ਦਾ ਵਿਕਾਸ ਵੀ ਜ਼ਰੂਰੀ ਹੋਇਆ ਹੈ। ਜ਼ਿਕਰਯੋਗ ਹੈ ਕਿ ਮਾੜੀ ਦਾ ਚੜ੍ਹਾਵਾ ਕਈ ਹਿੱਸੇਦਾਰਾਂ ਵਿੱਚ ਵੰਡਿਆ ਜਾਂਦਾ ਹੈ। ਇਨ੍ਹਾਂ ’ਚੋਂ ਇੱਕ ਹਿੱਸੇਦਾਰ ਪਰਿਵਾਰ ਦੇ ਮੈਂਬਰ ਅਤੇ ਧਾਰਮਿਕ ਆਗੂ ਹੈਪੀ ਬਾਬਾ ਜੀ ਨੇ ਬੀਤੇ ਦੋ-ਤਿੰਨ ਸਾਲਾਂ ਤੋਂ ਵੱਡੇ ਪੱਧਰ ’ਤੇ ਮੁਰੰਮਤਾਂ ਤੇ ਉਸਾਰੀਆਂ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਹੁਣ ਤੱਕ ਕਰੀਬ ਸੱਠ ਲੱਖ ਰੁਪਏ ਦੀ ਲਾਗਤ ਨਾਲ ਜਿੱਥੇ ਮੰਦਰ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ, ਉੱਥੇ ਸ਼ਰਧਾਲੂਆਂ ਲਈ ਵੱਖਰਾ ਲੰਗਰ ਹਾਲ ਅਤੇ ਆਰਾਮ ਕਰਨ ਲਈ ਇਮਾਰਤਾਂ ਵੀ ਬਣਾਈਆਂ ਜਾ ਰਹੀਆਂ ਹਨ।
ਮੇਲੇ ਦੇ ਸੱਭਿਆਚਾਰਕ ਰੂਪ ਵਿੱਚ ਵੀ ਬਹੁਤ ਬਦਲਾਅ ਆਇਆ ਹੈ। ਤੂੰਬੀਆਂ, ਅਲਗੌਜ਼ਿਆਂ, ਚਿਮਟੇ ਤੇ ਢੋਲਕੀਆਂ ਨਾਲ ਚੱਲਦੇ ਲੋਕ ਸੰਗੀਤ ਦੀ ਥਾਂ ਕੰਨ ਪਾੜਵੇਂ ਫਿਲਮੀ ਅਤੇ ਪੱਛਮੀ ਸੰਗੀਤ ਨੇ ਲੈ ਲਈ ਹੈ। ਕਿਸੇ ਵੇਲੇ ਮੇਲੇ ਦੀ ਜਿੰਦ-ਜਾਨ ਸਮਝੇ ਜਾਂਦੇ ਲੋਕ ਗਾਇਕਾਂ ਨੂੰ ਆਪਣੀ ਪਛਾਣ ਬਚਾ ਕੇ ਰੱਖਣ ਲਈ ਮੇਲੇ ਵਾਲੀ ਥਾਂ ਤੋਂ ਬਹੁਤ ਦੂਰ ਪਿੱਪਲਾਂ ਬਰੋਟਿਆਂ ਹੇਠ ਅਖਾੜੇ ਲਗਾਉਣੇ ਪੈਂਦੇ ਹਨ। ਭੰਗੜਾ, ਗਿੱਧਾ ਅਤੇ ਢਾਡੀਆਂ ਦੀਆਂ ਵਾਰਾਂ ਹੁਣ ਮੇਲੇ ’ਚੋਂ ਅਲੋਪ ਹੁੰਦੇ ਜਾ ਰਹੇ ਹਨ। ਇਸ ਮੇਲੇ ਦਾ ਜ਼ਿਕਰ ਲੋਕ-ਬੋਲੀਆਂ ਵਿੱਚ ਵੀ ਮਿਲਦਾ ਹੈ। ਆਮ ਪ੍ਰਚੱਲਿਤ ਬੋਲੀ ਹੈ:
ਆਰੀ ਆਰੀ ਆਰੀ,
ਮੇਲਾ ਤਾਂ ਛਪਾਰ ਲੱਗਦਾ,
ਜਿਹੜਾ ਲੱਗਦਾ ਜਗਤ ਤੋਂ ਭਾਰੀ।
80ਵਿਆਂ ਵਿੱਚ ਅੱਪੜੇ ਮਾਸਟਰ ਰਮੇਸ਼ਵਰ ਦਾਸ ਸ਼ਰਮਾ ਅਤੇ ਸਾਥੀਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਪ੍ਰਬੰਧਕਾਂ ਵੱਲੋਂ ਮੇਲੇ ਦੀ ਮੌਲਿਕਤਾ ਨੂੰ ਬਚਾਉਣ ਲਈ ਕੋਈ ਉਪਰਾਲੇ ਨਹੀਂ ਕੀਤੇ ਗਏ। ਧਾਰਮਿਕ ਅਕੀਦਾ, ਆਪਸੀ ਭਾਈਚਾਰਾ ਅਤੇ ਸੂਬੇ ਦੀ ਸੱਭਿਆਚਾਰਕ ਵਿਰਾਸਤ ਦੀ ਥਾਂ ਮੇਲੇ ਨਾਲ ਜੁੜੀਆਂ ਲਗਪਗ ਸਾਰੀਆਂ ਧਿਰਾਂ ਨੇ ਇਸ ਨੂੰ ਆਮਦਨ ਦਾ ਹੀਲਾ ਮੰਨ ਲਿਆ ਹੈ। ਵੱਡੇ-ਵੱਡੇ ਵਪਾਰਕ ਅਦਾਰਿਆਂ, ਸਰਕਸਾਂ, ਚੰਡੋਲਾਂ, ਸਟਾਲਾਂ ਵਾਲਿਆਂ ਅਤੇ ਰੇਸਤਰਾਂ ਮਾਲਕਾਂ ਲਈ ਮੇਲਾ ਥੋੜ੍ਹੇ ਸਮੇਂ ਵਿੱਚ ਚੋਖੀ ਕਮਾਈ ਦਾ ਸਾਧਨ ਬਣ ਗਿਆ ਹੈ। ਪਿੰਡ ਦੀ ਪੰਚਾਇਤ ਤੋਂ ਇਲਾਵਾ ਵੱਖ ਵੱਖ ਪੱਤੀਆਂ ਦੀਆਂ ਕਮੇਟੀਆਂ ਨੂੰ ਕਿਰਾਏ ਵਜੋਂ ਹਰ ਸਾਲ ਲੱਖਾਂ ਰੁਪਏ ਦੀ ਆਮਦਨ ਹੁੰਦੀ ਹੈ।
ਵੱਖ ਵੱਖ ਦਿਨਾਂ ਦੌਰਾਨ ਸ਼ਰਧਾਲੂਆਂ ਦੇ ਆਉਣ ਦਾ ਰੁਝਾਨ ਵੀ ਹੁਣ ਬਦਲ ਗਿਆ ਹੈ। ਕਿਸੇ ਵੇਲੇ ਮੇਲੇ ਦਾ ਪਹਿਲਾ ਦਿਨ ਚੌਂਕੀਆਂ, ਸਿਰਫ਼ ਬੱਚਿਆਂ ਅਤੇ ਮਹਿਲਾਵਾਂ ਲਈ ਰਾਖਵਾਂ ਹੁੰਦਾ ਸੀ ਅਤੇ ਬਾਕੀ ਦਿਨਾਂ ਦੌਰਾਨ ਵੀ ਸਿਰਫ਼ ਦਿਨ ਵੇਲੇ ਸ਼ਰਧਾਲੂ ਮਿੱਟੀ ਕੱਢਣ ਆਉਂਦੇ ਸਨ। ਹੁਣ ਇਹ ਲਗਪਗ ਖਤਮ ਹੋ ਗਿਆ ਜਾਪਦਾ ਹੈ ਅਤੇ ਦਿਨ ਨਾਲੋਂ ਰਾਤਾਂ ਨੂੰ ਜ਼ਿਆਦਾ ਰੌਣਕ ਲੱਗਦੀ ਹੈ।
ਭਾਵੇਂ ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਬਲ ਲਗਾ ਕੇ ਸ਼ਰਾਰਤੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਸ਼ਰਧਾਲੂਆਂ ਦੇ ਰੂਪ ਵਿੱਚ ਸ਼ਰਾਰਤੀਆਂ, ਲੁਟੇਰਿਆਂ ਅਤੇ ਆਪਸੀ ਰੰਜਿਸ਼ ਵਾਲੇ ਨੌਜਵਾਨਾਂ ਦਾ ਪਲੜਾ ਖਾਸ ਕਰਕੇ ਰਾਤਾਂ ਨੂੰ ਭਾਰੂ ਹੋ ਜਾਂਦਾ ਹੈ। ਸੈਂਕੜੇ ਸਟਾਲਾਂ, ਝੂਟੇ, ਚੰਡੋਲਾਂ, ਸਰਕਸਾਂ ਅਤੇ ਪਸ਼ੂ ਮਾਲਕਾਂ ਵੱਲੋਂ ਮੇਲੇ ਦੌਰਾਨ ਕਰੋੜਾਂ ਰੁਪਏ ਦੀ ਤਜਾਰਤ ਕੀਤੀ ਜਾਂਦੀ ਹੈ ਪਰ ਸਰਕਾਰ ਦੇ ਖਜ਼ਾਨੇ ਵਿੱਚ ਟੈਕਸ ਵਜੋਂ ਸ਼ਾਇਦ ਹੀ ਕੋਈ ਰਕਮ ਜਾਂਦੀ ਹੋਵੇ।
ਮੇਲੇ ਦੇ ਪਿਛੋਕੜ ਬਾਰੇ ਕਈ ਦੰਦ ਕਥਾਵਾਂ ਪ੍ਰਚੱਲਿਤ ਹਨ। ਇਹ ਮੰਨਿਆ ਜਾਂਦਾ ਹੈ ਕਿ ਗੁੱਗਾ ਪੀਰ ਰਾਜਸਥਾਨ ਦਾ ਇੱਕ ਚੌਹਾਨ ਰਾਜਪੂਤ ਸੀ, ਜੋ ਕਿ ਆਪਣੇ ਘੋੜੇ ਸਮੇਤ ਧਰਤੀ ਵਿੱਚ ਸਮਾ ਗਿਆ ਸੀ। ਗੁੱਗਾ ਪੀਰ ਨੂੰ ਨਾਗਾਂ ਦਾ ਦੇਵਤਾ ਮੰਨਿਆ ਜਾਂਦਾ ਹੈ ਅਤੇ ਇਸੇ ਲਈ ਸ਼ਰਧਾਲੂ ਮਾੜੀ ’ਤੇ ਮੱਥਾ ਟੇਕਣ ਤੋਂ ਪਹਿਲਾਂ ਸੱਤ ਵਾਰ ਮਿੱਟੀ ਕੱਢਦੇ ਹਨ। ਇਸ ਥਾਂ ਦੀ ਪੂਜਾ ਕਰਨ ਨਾਲ ਸੱਪ ਦੇ ਡੰਗੇ ਦਾ ਇਲਾਜ ਅਤੇ ਹੋਰਨਾਂ ਚਮੜੀ ਦੀਆਂ ਬਿਮਾਰੀਆਂ ਦਾ ਇਲਾਜ ਹੋ ਜਾਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ।
ਅਜੋਕੇ ਸਮੇਂ ਦੌਰਾਨ ਭਾਵੇਂ ਲੋਕ ਧਰਮਾਂ ਦੇ ਨਾਂ ’ਤੇ ਵੰਡੇ ਗਏ ਹਨ ਛਪਾਰ ਦਾ ਮੇਲਾ ਉਨ੍ਹਾਂ ਧਾਰਮਿਕ ਥਾਵਾਂ ’ਚੋਂ ਅੱਗੇ ਹੋ ਕੇ ਉੱਭਰਿਆ ਹੈ, ਜਿੱਥੇ ਆ ਕੇ ਸਾਰੇ ਧਰਮਾਂ ਦੇ ਲੋਕ ਸਿਰ ਝੁਕਾਉਂਦੇ ਹਨ।
ਸੰਪਰਕ: 96466-88060