ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ
ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੀਆਂ ਪਾਰਟੀਆਂ ਦੀਆਂ ਨੀਤੀਆਂ ਕਾਰਨ ਅੱਜ ਪੰਜਾਬ ਅਰਥਚਾਰੇ ਦੇ ਨਾਲ-ਨਾਲ ਰੁਜ਼ਗਾਰ, ਸਿਹਤ, ਸਿੱਖਿਆ ਪੱਖੋਂ ਹਾਸ਼ੀਏ ’ਤੇ ਪਹੁੰਚ ਚੁੱਕਾ ਹੈ। ਨੌਜਵਾਨ ਆਪਣਾ ਭਵਿੱਖ ਸੁਰੱਖਿਅਤ ਨਜ਼ਰ ਨਾ ਲੱਗਣ ਕਾਰਨ ਵਿਦੇਸ਼ਾਂ ਵੱਲ ਜਾ ਰਹੇ ਹਨ, ਜਿਸ ਨਾਲ ਪੰਜਾਬ ਦੇ ਕਰੋੜਾਂ ਰੁਪਏ ਵੀ ਵਿਦੇਸ਼ ਜਾ ਰਹੇ ਹਨ। ਇਸ ਕਾਰਨ ‘ਆਪ’ ਸਰਕਾਰ ਸਾਹਮਣੇ ਅਨੇਕ ਚੁਣੌਤੀਆਂ ਹਨ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਰੁਜ਼ਗਾਰ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ। ਨੌਜਵਾਨਾਂ ਨੂੰ ਬੁਰਾਈਆਂ ਤੋਂ ਰੋਕਣ ਲਈ ਰੁਜ਼ਗਾਰ ਦੇਣਾ ਬਹੁਤ ਜ਼ਰੂਰੀ ਹੈ। ਸੂਬੇ ਵਿੱਚੋਂ ਨਸ਼ਿਆਂ ਦੀ ਰੋਕਥਾਮ ਲਈ ਫ਼ੌਰੀ ਤੌਰ ’ਤੇ ਸਖ਼ਤ ਕਦਮ ਚੁੱਕੇ ਜਾਣ।
ਦੀਪਕ ਸ਼ਰਮਾ, ਸਿਰਸਾ ਰੋਡ, ਏਲਨਾਬਾਦ, ਸਿਰਸਾ। ਸੰਪਰਕ: 94670-95953
ਕੇਂਦਰ ਦੀਆਂ ਨੀਤੀਆਂ ਤੋਂ ਵੀ ‘ਆਪ’ ਨੂੰ ਚੁਣੌਤੀਆਂ
ਕੇਂਦਰ ਵਿਚਲੀਆਂ ਸਰਕਾਰਾਂ ਅਕਸਰ ਹੀ ਪੰਜਾਬ ਵਿਰੋਧੀ ਕਾਰਵਾਈਆਂ ਕਰਦੀਆਂ ਹਨ ਤੇ ਹੁਣ ਕੇਂਦਰ ਦੇ ਅਜਿਹੇ ਪੰਜਾਬ ਵਿਰੋਧੀ ਫ਼ੈਸਲੇ ਆਮ ਆਦਮੀ ਪਾਰਟੀ ਲਈ ਚੁਣੌਤੀ ਬਣ ਸਕਦੇ ਹਨ। ਗ਼ੌਰਤਲਬ ਹੈ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ਵਿਚ ਵੱਡੀ ਜਿੱਤ ਪ੍ਰਾਪਤ ਕਰਕੇ ਭਾਰੀ ਚੁਣੌਤੀ ਦਿੱਤੀ ਸੀ। ਇਸ ਕਰਕੇ ਕੇਂਦਰ ਸਰਕਾਰ ਪੰਜਾਬ ਤੋਂ ਬਦਲਾ ਲੈਣ ਦੇ ਰੌਂਅ ਵਿਚ ਹੈ। ਇਸ ਲਈ ਹੀ ਕੇਂਦਰ ਸਰਕਾਰ ਦੇ ਪੰਜਾਬ ਸੂਬੇ ਖਿਲਾਫ ਫੈਸਲੇ ਆ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੇਂਦਰ ਸਰਕਾਰ ਦੀ ਵਿਰੋਧੀ ਧਿਰ ਦੀ ਸਰਕਾਰ ਹੈ ਤੇ ਇਸ ਕਾਰਨ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਪੰਜਾਬ ਦੀ ‘ਆਪ’ ਸਰਕਾਰ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਹੀ ਰਹਿਣਗੀਆਂ।
ਦਵਿੰਦਰ ਸਿੰਘ, ਪਿੰਡ ਤਲਵੰਡੀ ਅਕਲੀਆ, ਮਾਨਸਾ।
ਨਸ਼ਿਆਂ ਤੇ ਮਹਿੰਗਾਈ ਨੂੰ ਨੱਥ ਪਾਉਣੀ ਜ਼ਰੂਰੀ
ਪੰਜਾਬ ਦੀ ‘ਆਪ’ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਅਨੇਕਾਂ ਚੁਣੌਤੀਆਂ ਹਨ। ਸਭ ਤੋਂ ਵੱਡੀ ਚੁਣੌਤੀ ਪੰਜਾਬ ਵਿੱਚੋਂ ਨਸ਼ਿਆਂ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਨਾ ਹੈ, ਜਿਨ੍ਹਾਂ ਕਰਕੇ ਪੰਜਾਬ ਪੂਰੀ ਦੁਨੀਆਂ ਵਿੱਚ ਬਦਨਾਮ ਹੋ ਰਿਹਾ ਹੈ ਤੇ ਇਸ ਕਾਰਨ ਅਨੇਕਾਂ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ। ਪਰ ਹਾਲੇ ਤੱਕ ਇਸ ਪਾਸੇ ਸਰਕਾਰ ਕੋਈ ਠੋਸ ਕਦਮ ਚੁੱਕਦੀ ਨਜ਼ਰ ਆਈ। ਪੰਜਾਬ ਸਿਰ ਦਿਨੋਂ ਦਿਨ ਭਾਰੀ ਹੋ ਰਹੀ ਕਰਜ਼ੇ ਦੀ ਪੰਡ ਤੋਂ ਖਹਿੜਾ ਛੁਡਾਉਣਾ ਵੀ ਜ਼ਰੂਰੀ ਹੈ। ਅੱਜ ਜ਼ਮੀਨ ਬਹੁਤ ਮਹਿੰਗੀ ਹੋ ਜਾਣ ਕਾਰਨ ਗਰੀਬ ਲੋਕ ਘਰ ਬਣਾਉਣ ਜੋਗੀ ਥਾਂ ਵੀ ਨਹੀਂ ਖਰੀਦ ਸਕਦੇ। ਸਰਕਾਰ ਨੂੰ ਤੁਰੰਤ ਇਸ ਚੁਣੌਤੀ ਨੂੰ ਕਬੂਲਦਿਆਂ ਖਾਸ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਨੂੰ ਗੁਰੂਆਂ, ਪੀਰਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ, ਪਰ ਇੱਥੇ ਬਹੁਤ ਜ਼ਿਆਦਾ ਜਾਤਪਾਤ ਅਤੇ ਬੇਇਨਸਾਫ਼ੀ ਵਧ ਰਹੀ ਹੈ, ਜਿਸ ਨੂੰ ਬਿਨਾਂ ਦੇਰ ਨੱਥ ਪਾਉਣੀ ਚਾਹੀਦੀ ਹੈ।
ਜਗਦੀਪ ਸਿੰਘ, ਪਿੰਡ ਤੇ ਡਾਕ ਮਸੀਤਾਂ, ਸਿਰਸਾ। ਸੰਪਰਕ: 85700-40243
ਬੇਰੁਜ਼ਗਾਰੀ ਦੂਰ ਕਰਨ ਦੀ ਪਹਿਲ ਕਰੇ ਸਰਕਾਰ
ਆਮ ਆਦਮੀ ਸਰਕਾਰ ਸਾਹਮਣੇ ਸਭ ਤੋਂ ਵੱਡੀ ਚਣੌਤੀ ਬੇਰੁਜ਼ਗਾਰੀ ਹੈ। ਅੱਜ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਤੇ ਵਤਨ ਛੱਡ ਕੇ ਵਿਦੇਸ਼ੀਂ ਪਰਵਾਸ ਕਰਨ ਲਈ ਮਜਬੂਰ ਹਨ। ਇਸ ਨਾਲ ਪੰਜਾਬ ਭਵਿੱਖ ਵਿੱਚ ਨੌਜਵਾਨ ਪੀੜ੍ਹੀ ਤੋਂ ਵਿਰਵਾ ਹੋ ਸਕਦਾ ਹੈ, ਜਦਕਿ ਨੌਜਵਾਨ ਸਮਾਜ ਦੀ ਰੀੜ੍ਹ ਦੀ ਹੱਢੀ ਹੁੰਦੇ ਹਨ। ਬੇਸ਼ੱਕ ਬੇਰੁਜ਼ਗਾਰੀ ਦੇ ਖ਼ਾਤਮੇ ਲਈ ਸਰਕਾਰ ਕੋਲ ਬਜਟ ਹੋਣਾ ਜ਼ਰੂਰੀ ਹੈ। ਇਸ ਦਾ ਹੱਲ ਵੱਡੇ ਸਰਮਾਏਦਾਰਾਂ ਤੇ ਕਾਰਪੋਰੇਟਾਂ ‘ਤੇ ਟੈਕਸ ਦਰ ਵਧਾ ਕੇ ਹੋ ਸਕਦਾ ਹੈ। ਦੂਜਾ, ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਧ ਤੋਂ ਵੱਧ ਭਰਤੀ ਕਰਕੇ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਚਾਹੀਦਾ ਹੈ। ਇਸ ਲਈ ਗਰੀਬਾਂ ਨੂੰ ਛੱਡ ਕੇ ਦੂਸਰੇ ਲੋਕਾਂ ਦੇ ਬੱਚਿਆਂ ਤੋਂ ਘੱਟੋ ਘੱਟ 500 ਰੁਪਏ ਫੀਸ ਰੱਖਣੀ ਚਾਹੀਦੀ ਹੈ, ਕਿਉਂਕਿ ਪ੍ਰਾਈਵੇਟ ਸਕੂਲਾਂ ਵਿੱਚ ਲੋਕ ਦੋ ਤੋਂ ਢਾਈ ਹਜ਼ਾਰ ਰੁਪਏ ਤੱਕ ਫੀਸਾਂ ਭਰਦੇ ਹਨ ਤੇ ਜੇ ਚੰਗੀ ਸਿੱਖਿਆ ਮਿਲੇ ਤਾਂ ਉਹ ਸਰਕਾਰੀ ਸਕੂਲਾਂ ਲਈ ਵੀ ਇੰਨੀ ਕੁ ਫ਼ੀਸ ਖੁਸ਼ ਹੋ ਕੇ ਭਰਨਗੇ।
ਹਰਨੰਦ ਸਿੰਘ ਬੱਲਿਆਂਵਾਲਾ, ਪਿੰਡ ਬੱਲਿਆਂਵਾਲਾ, ਤਰਨ ਤਾਰਨ। ਸੰਪਰਕ: 70870-70050
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)