ਸੁਰਜੀਤ ਜੱਸਲ
ਪੰਜਾਬੀ ਗਾਇਕੀ ’ਚ ਮੱਖਣ ਟਿੱਬੇ ਵਾਲਾ ਅਜਿਹਾ ਗੀਤਕਾਰ ਹੈ, ਜਿਸ ਨੂੰ ਗਿਣਵੇਂ ਰਿਕਾਰਡ ਗੀਤਾਂ ਨੇ ਦਿਨਾਂ ਵਿਚ ਹੀ ਦੋਗਾਣਾ ਗਾਇਕੀ ਦਾ ‘ਸ਼ਾਹ-ਅਸਵਾਰ’ ਬਣਾ ਦਿੱਤਾ ਸੀ। ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬਾ (ਨੇੜੇ ਸ਼ੇਰਪੁਰ) ਵਿਖੇ 70 ਦਹਾਕੇ ਪਹਿਲਾਂ ਪੈਦਾ ਹੋਏ ਮੱਖਣ ਦਾ ਬਹੁਤਾ ਸਮਾਂ ਲੁਧਿਆਣਾ ਹੀ ਬੀਤਿਆ। ਨਿੱਕੇ ਹੁੰਦਿਆਂ ਹੀ ਮਾਂ ਦਾ ਸਾਇਆ ਸਿਰ ਤੋਂ ਉੱਠ ਜਾਣ ਕਰਕੇ ਉਹ ਆਪਣੇ ਨਾਨਕੇ ਪਿੰਡ ਆ ਗਿਆ। ਇੱਥੇ ਹੀ ਉਸ ਦਾ ਬਚਪਨ ਬੀਤਿਆ। ਘਰ ਦੇ ਹਾਲਾਤ ਬਹੁਤੇ ਵਧੀਆ ਨਾ ਹੋਣ ਕਰਕੇ ਉਹ ਪੰਜਵੀਂ ਪਾਸ ਕਰ ਕੇ ਆਪਣੇ ਪਿਤਾ ਨਾਲ ‘ਫੇਰੀ ਦਾ ਕੰਮ’ (ਤੁਰਦੇ ਫਿਰਦੇ ਕੱਪੜਾ ਵੇਚਣਾ) ਕਰਨ ਲੱਗਿਆ। ਚੜ੍ਹਦੀ ਜਵਾਨੀ ਉਸ ਨੂੰ ਜਸਵੰਤ ਸਿੰਘ ਕੰਵਲ ਦੇ ਨਾਵਲ ਪੜ੍ਹਣ ਦਾ ਜਾਗ ਲੱਗਿਆ। ਗੀਤ ਲਿਖਣ ਬਾਰੇ ਉਸ ਨੇ ਕਦੇ ਨਹੀਂ ਸੀ ਸੋਚਿਆ, ਪਰ ਨਿੱਕੀ ਜਿਹੀ ਘਟਨਾ ਨੇ ਉਸ ਨੂੰ ਗੀਤ ਜੋੜਨ ਲਾ ਦਿੱਤਾ। ਉਹ ਨੇੜਲੇ ਪਿੰਡ ਦੇਤਵਾਲ ਜੋੜ ਮੇਲਾ ਵੇਖਣ ਗਿਆ, ਜਿੱਥੇ ਉਸ ਪਿੰਡ ਦੇ ਗਾਇਕ ਨੇ ਇਕ ਧਾਰਮਿਕ ਗੀਤ ਗਾਇਆ। ਉਸ ਸਮੇਂ ਉਹ ਕਾਫ਼ੀ ਮਕਬੂਲ ਸੀ। ਮੱਖਣ ਨੇ ਉਸਨੂੰ ਮਿਲਣਾ ਚਾਹਿਆ, ਪਰ ਜਦੋਂ ਉਹ ਬਿਨਾਂ ਮਿਲੇ ਆਪਣੀ ਹੀ ਮੜ੍ਹਕ ’ਚ ਅੱਗੇ ਲੰਘ ਗਿਆ ਤਾਂ ਉਸ ਦੇ ਮਨ ਨੂੰ ਸੱਟ ਵੱਜੀ। ਇਸੇ ਚੁਣੌਤੀ ਨੂੰ ਸਵੀਕਾਰਦਿਆਂ ਉਸ ਨੇ ਗੀਤ ਲਿਖਣ ਦਾ ਪ੍ਰਣ ਕੀਤਾ। ਪਹਿਲਾਂ ਉਸ ਨੇ ਇਕ ਚਰਚਿਤ ਗੀਤ ਦੀ ਤਰਜ਼ ’ਤੇ ਗੀਤ ਲਿਖਿਆ ਤੇ ਗੀਤ ਸੰਗੀਤ ਬਾਰੇ ਗੂੜ੍ਹਾ ਗਿਆਨ ਰੱਖਦੇ ਆਪਣੇ ਮਿੱਤਰ ਦਾਰੇ ਨੂੰ ਸੁਣਾਇਆ। ਉਸ ਨੇ ਹੱਲਾਸ਼ੇਰੀ ਦਿੰਦਿਆਂ ਇਹ ਗੀਤ ਕਿਸੇ ਕਲਾਕਾਰ ਤੋਂ ਰਿਕਾਰਡ ਕਰਾਉਣ ਦੀ ਸਲਾਹ ਦਿੱਤੀ। ਫਿਰ ਉਹ ਲੁਧਿਆਣਾ ਸੁਰਿੰਦਰ ਛਿੰਦੇ ਦੇ ਦਫ਼ਤਰ ਗਿਆ, ਜਿੱਥੇ ਕਈ ਵਾਰ ਜਾਣ ’ਤੇ ਉਸ ਨੂੰ ਲਾਰੇ ਲਾ ਕੇ ਮੋੜ ਦਿੱਤਾ ਜਾਂਦਾ। ਬੜੀ ਭੱਜਦੌੜ ਮਗਰੋਂ ਉਸ ਨੇ ਛਿੰਦੇ ਦੀ ਵਾਕਫ਼ੀਅਤ ਵਾਲਾ ਬੰਦਾ ਲੱਭਿਆ ਜਿਸਨੇ ਮੱਖਣ ਤੇ ਛਿੰਦੇ ਨੂੰ ਆਹਮੋ ਸਾਹਮਣੇ ਮਿਲਾਇਆ। ਜਦੋਂ ਛਿੰਦੇ ਨੇ ਮੱਖਣ ਦੇ ਗੀਤ ਪੜ੍ਹੇ ਤਾਂ ਉਸ ਨੇ ਪ੍ਰਸੰਸਾ ਕਰਦਿਆਂ ਕਿਹਾ,‘ਦਸ ਦਿਨਾਂ ਨੂੰ ਰਿਕਾਰਡਿੰਗ ਆ, ਤੇਰਾ ਇਹ ਗੀਤ ਪੱਕਾ ਰਿਕਾਰਡ ਹੋਊ।’
ਕੁਝ ਹੀ ਦਿਨਾਂ ’ਚ ਉਸ ਦਾ ਗੀਤ ਗੋਰੇ-ਕਾਲੇ ਰੰਗ ਦੀ ਵਾਰਤਾਲਾਪ ਪੇਸ਼ ਕਰਦਾ ਦੋਗਾਣਾ ‘ਦਿੱਤਾ ਭੂੰਡ ਚਮੇੜ ਵਿਚੋਲੇ’ ਰਿਕਾਰਡ ਹੋ ਕੇ ਮਾਰਕੀਟ ਵਿਚ ਆਇਆ। ਫਿਰ ਇਸੇ ਤਰ੍ਹਾਂ ਕਰਤਾਰ ਰਮਲਾ ਤੇ ਸੁਖਵੰਤ ਸੁੱਖੀ ਦੀ ਆਵਾਜ਼ ਵਿਚ ਦੋਗਾਣਾ ‘ਤੇਰਾ ਨਸ਼ਾ…’ ਵੀ ਰਿਕਾਰਡ ਹੋਇਆ। ਇਸ ਤਰ੍ਹਾਂ ਮੱਖਣ ਦੀ ਕਲਮ ਰਿਕਾਰਡ ਹੋਣ ਲੱਗੀ ਤੇ ਗੀਤ ਸਰੋਤਿਆਂ ਦੀ ਪਸੰਦ ਬਣਨ ਲੱਗੇ।
ਸੁਰਿੰਦਰ ਛਿੰਦਾ-ਗੁਲਸ਼ਨ ਕੋਮਲ, ਕਰਤਾਰ ਰਮਲਾ-ਸੁਖਵੰਤ ਸੁੱਖੀ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਵੀ ਉਸ ਦੇ ਗੀਤ ਰਿਕਾਰਡ ਕਰਵਾਏ। ਉਹ ਜ਼ਿਆਦਾਤਰ ਕੰਮ ਦੇ ਸਿਲਸਿਲੇ ਵਿਚ ਪੰਜਾਬ ਤੋਂ ਬਾਹਰ ਹੀ ਰਹਿੰਦਾ। ਕਈ ਕਈ ਮਹੀਨਿਆਂ ਬਾਅਦ ਜਦੋਂ ਉਹ ਲੁਧਿਆਣਾ ਆਉਂਦਾ ਤਾਂ ਆਪਣਾ ਕੋਈ ਨਵਾਂ ਲਿਖਿਆ ਗੀਤ ਛਿੰਦੇ ਨੂੰ ਦੇ ਆਉਂਦਾ ਤੇ ਉਹ ਰਿਕਾਰਡ ਹੋ ਜਾਂਦਾ। ਜਦੋਂ ਛਿੰਦੇ ਨਾਲ ਉਸ ਦੀ ਵਧੀਆ ਨਿਭਣ ਲੱਗੀ ਤਾਂ ਉਸ ਨੇ ਕਿਸੇ ਹੋਰ ਕਲਾਕਾਰ ਵੱਲ ਨਾ ਵੇਖਿਆ।
ਮੱਖਣ ਟਿੱਬੇ ਵਾਲੀਏ ਦੇ ਚਰਚਿਤ ਗੀਤ ਹਨ:
* ਦਿੱਤਾ ਭੂੰਡ ਚਮੇੜ ਵਿਚੋਲੇ
* ਬਦਾਮਾਂ ਵਾਲੀ ਖੀਰ ਨੂੰ
* ਪੰਜਾਂ ’ਚੋਂ ਬਾਪੂ ਕਿਹੜਾ
* ਸ਼ੱਕ ਨਾ ਕਰੋ-ਪਤਾ ਕਰੋ ਸੱਚ ਦਾ
* ਤੇਰਾ ਨਸ਼ਾ…
* ਸਾਡੇ ਪਿਆਰ ਦੀ ਨਿਸ਼ਾਨੀ
* ਪਿੰਡ ਦਾ ਲੰਬੜਦਾਰ
ਸੱਤਰ ਸਾਲ ਦਾ ਮੱਖਣ ਅੱਜ ਵੀ ਲਿਖ ਰਿਹਾ ਹੈ, ਪਰ ਗੀਤਕਾਰੀ ਦੇ ਮੈਦਾਨ ਵਿਚ ਉਹ ਅੱਜ ਵੀ ਗੱਭਰੂ-ਜਵਾਨ ਹੈ। ਉਹ ਪਿਛਲੇ 60 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਲੁਧਿਆਣਾ ਵਿਖੇ ਰਹਿ ਰਿਹਾ ਹੈ, ਪਰ ਗੀਤਾਂ ਰਾਹੀਂ ਉਹ ਆਪਣੀ ਜਨਮ ਭੋਂਇ ਨਾਲ ਜੁੜਿਆ ਹੋਇਆ ਹੈ।
ਸੰਪਰਕ: 98146-07737